Sukirat7ਪਹਿਲੀ ਦਸੰਬਰ 2014 ਨੂੰ ਤੜਕੇ 5 ਵਜੇ ਜੱਜ ਲੋਇਆ ਦੇ ਪਰਿਵਾਰ ਨੂੰ ਫੋਨ ਆਉਣੇ ਸ਼ੁਰੂ ਹੋਏ ਕਿ ਬੀਤੀ ਰਾਤ ...
(29 ਨਵੰਬਰ 2017)

 

JudgeLoya1

 

On 1 December 2014, Brijgopal Harkishan Loya, the judge presiding over the Sohrabuddin trial in the CBI special court in Mumbai, died in Nagpur

 

ਪਿਛਲੇ ਕਈ ਦਿਨਾਂ ਤੋਂ ਮੈਂ ਅਖਬਾਰਾਂ ਵਿਚ ਇਕ ਖਬਰ ਲੱਭ ਰਿਹਾ ਹਾਂ, ਜੋ ਕਿਸੇ ਵੀ ਅਖਬਾਰ ਵਿਚ ਲੱਭ ਨਹੀਂ ਰਹੀ। ਮੈਂ ਉਨ੍ਹਾਂ ਲੋਕਾਂ ਵਿੱਚੋਂ ਹਾਂ ਜੋ ਰੋਜ਼ਾਨਾ ਇਕ ਦੋ ਨਹੀਂ ਅੱਠ-ਦਸ ਅਖਬਾਰ ਫਰੋਲਦੇ ਹਨ। ਪਰ ਇਹ ਖਬਰ ਕਿਸੇ ਨੇ ਨਹੀਂ ਚੁੱਕੀ, ਇਸ ਘਟਨਾ ਬਾਰੇ ਕਿਧਰੇ ਕੋਈ ਜ਼ਿਕਰ ਨਹੀਂ ਲੱਭਦਾ। ਜਿਵੇਂ ਸਾਰੀਆਂ ਅਖਬਾਰਾਂ ਨੂੰ ਸੱਪ ਸੁੰਘ ਗਿਆ ਹੋਵੇ।

ਇਹੋ ਅਖਬਾਰਾਂ, ਜੋ ਪਿਛਲੇ ਇਕ ਮਹੀਨੇ ਤੋਂ ‘ਪਦਮਾਵਤੀ’ ਨਾਂਅ ਦੀ ਅਣਦੇਖੀ ਫਿਲਮ ਦੇ ਪਾੜਛੇ ਲਾਹ ਲਾਹ ਸਫ਼ੇ ਭਰ ਰਹੀਆਂ ਹਨ, ਇਹੋ ਚੈਨਲ ਜੋ ਕਿਸੇ ਕੱਲ੍ਹ ਤਕ ਅਣਜਾਣੀ ‘ਕਰਨੀ ਸੈਨਾ’ ਦੇ ਨੁਮਾਇੰਦਿਆਂ ਨੂੰ ਰੋਜ਼ ਚੀਕ-ਚਿਹਾੜਾ ਪਾਉਣ ਦੀ ਸਟੇਜ ਮੁਹੱਈਆ ਕਰ ਰਹੇ ਹਨ, ਇਨ੍ਹਾਂ ਵਿੱਚੋਂ ਕਿਸੇ ਇਕ ਨੇ ਵੀ ਇਸ ਗੱਲ ਦਾ ਜ਼ਿਕਰ ਕਰਨਾ ਵੀ ਯੋਗ ਨਹੀਂ ਸਮਝਿਆ ਕਿ ਸੀ.ਬੀ.ਆਈ ਦੇ ਜੱਜ ਬ੍ਰਿਜਗੋਪਾਲ ਹਰੀਕਿਸ਼ਨ ਲੋਇਆ ਦੀ, ਉਸਦੇ ਪਰਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ, ਸ਼ੱਕੀ ਹਾਲਾਤ ਵਿਚ ਮੌਤ ਹੋਈ ਸੀ ਅਤੇ ਇਸ ਮੌਤ ਦੀ ਤਹਿਕੀਕਾਤ ਹੋਣੀ ਚਾਹੀਦੀ ਹੈ। ਸਿਰਫ਼ ਇੰਨਾ ਹੀ ਨਹੀਂ, ਉਨ੍ਹਾਂ ਨੇ ਇਹ ਵੀ ਦੱਸਿਆ ਹੈ ਆਪਣੀ ਮੌਤ ਤੋਂ ਪਹਿਲਾਂ ਜੱਜ ਲੋਇਆ ਦੇ ਹੱਥ ਇੱਕੋ ਇੱਕ ਕੇਸ ਸੀ, ਜਿਸ ਨੂੰ ਆਰੋਪੀ ਦੇ ਹੱਕ ਵਿਚ ਭੁਗਤਾਉਣ ਲਈ ਵੇਲੇ ਦੇ ਬੰਬਈ ਹਾਈ ਕੋਰਟ ਦੇ ਮੁੱਖ-ਨਿਆਂਧੀਸ਼ ਮੋਹਿਤ ਸ਼ਾਹ ਨੇ ਜੱਜ ਲੋਇਆ ਨੂੰ 100 ਕਰੋੜ ਦੁਆਉਣ ਦੀ ਪੇਸ਼ਕਸ਼ ਕੀਤੀ ਸੀ।

ਕਿਸੇ ਵੀ ਦੇਸ ਦੇ ਮੀਡੀਆ ਲਈ ਇਹੋ ਜਿਹੀ ਖਬਰ ਨਿਹਾਇਤ ਮਹੱਤਵਪੂਰਨ ਹੈ, ਅਤੇ ਸਾਧਾਰਣ ਹਾਲਾਤ ਵਿਚ ਹਰ ਅਖਬਾਰ, ਹਰ ਟੀ ਵੀ ਚੈਨਲ ਨੇ ਇਹੋ ਜਿਹੇ ਸਨਸਨੀਖੇਜ਼ ਖੁਲਾਸੇ ਦੀ ਤਹਿਕੀਕਾਤ ਕਰਨ ਲਈ ਦਿਨ ਰਾਤ ਇਕ ਕਰ ਦੇਣਾ ਸੀ। ਪਰ ਸਾਡਾ ਦੇਸ ਬਿਲਕੁਲ ‘ਅਸਾਧਾਰਣ’ ਹਾਲਾਤ ਵਿੱਚੋਂ ਲੰਘ ਰਿਹਾ ਹੈ ਅਤੇ ਕੇਸ ਅਸਲੋਂ ‘ਅਸਾਧਾਰਣ’ ਆਰੋਪੀ ਨਾਲ ਜੁੜਿਆ ਹੋਣ ਕਰਕੇ ਸਾਰਿਆਂ ਨੇ ਚੁੱਪੀ ਵੱਟ ਲਈ ਹੈ, ਆਪਣੇ ਬੁੱਲ੍ਹ ਸੀ ਲਏ ਹਨ।

ਵਿਸ਼ੇਸ਼ ਸੀ.ਬੀ. ਆਈ ਅਦਾਲਤ ਦਾ ਮਰਹੂਮ ਜੱਜ ਬ੍ਰਿਜਗੋਪਾਲ ਹਰੀਕਿਸ਼ਨ ਲੋਇਆ ਉਸ ਕੇਸ ਦੀ ਸੁਣਵਾਈ ਕਰ ਰਿਹਾ ਸੀ ਜਿਸਦਾ ਮੁੱਖ ਆਰੋਪੀ ਇਸ ਸਮੇਂ ਭਾਰਤ ਵਿਚ ਰਾਜ ਕਰ ਰਹੀ ਪਾਰਟੀ ਦਾ ਪਰਧਾਨ ਅਮਿਤ ਸ਼ਾਹ ਹੈ।

ਸਭ ਤੋਂ ਪਹਿਲੋਂ ਇਸ ਕੇਸ ਬਾਰੇ। ਇਹ ਮਾਮਲਾ ਨਵੰਬਰ 2005 ਵਿਚ ਗੁਜਰਾਤ ਪੁਲਿਸ ਰਾਹੀਂ ਮਾਰੇ ਗਏ ਸੋਹਰਾਬੂਦੀਨ ਦੀ ਕਥਿਤ ਤੌਰ ’ਤੇ ‘ਝੂਠੇ ਮੁਕਾਬਲੇ’ ਵਿਚ ਹੱਤਿਆ ਕੀਤੇ ਜਾਣ ਦਾ ਕੇਸ ਸੀ ਜਿਸ ਵਿਚ ਦਾਇਰ ਦੋਸ਼ਾਂ ਮੁਤਾਬਿਕ ਇਹ ਹੱਤਿਆ ਗੁਜਰਾਤ ਦੇ ਉਸ ਵੇਲੇ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰਿਆਂ ਉੱਤੇ ਕੀਤੀ ਗਈ। ਇਸ ਕੇਸ ਵਿਚ ਲਗਾਤਾਰ ਹੋ ਰਹੀ ਸਿਆਸੀ ਦਖਲਅੰਦਾਜ਼ੀ ਨੂੰ ਦੇਖਦਿਆਂ ਸੁਪਰੀਮ ਕੋਰਟ ਨੇ ਇਸ ਨੂੰ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਦੇ ਹੱਥ ਵਿਚ ਸੌਂਪ ਦਿੱਤਾ ਅਤੇ ਨਾਲ ਦੋ ਹਦਾਇਤਾਂ ਵੀ ਕੀਤੀਆਂ:

(1)-ਇਸ ਕੇਸ ਦੀ ਸੁਣਵਾਈ ਗੁਜਰਾਤ ਤੋਂ ਬਾਹਰ (ਮੁੰਬਈ) ਵਿਚ ਹੋਵੇਗੀ।
(2)-ਕੇਸ ਸ਼ੁਰੂ ਹੋਣ ਤੋਂ ਲੈ ਕੇ ਇਸਦੇ ਮੁੱਕਣ ਤੀਕ ਇਹ ਇੱਕੋ ਜੱਜ ਦੇ ਅਧੀਨ ਰਹੇਗਾ। ਇਸਦਾ ਜੱਜ ਸ੍ਰੀ ਉਤਪਤ ਨੂੰ ਥਾਪਿਆ ਗਿਆ।

ਪਰ ਲਗਾਤਾਰ ਪੈਂਦੀਆਂ ਅਤੇ ਮੁਲਤਵੀ ਹੁੰਦੀਆਂ ਤਰੀਕਾਂ ਦੇ ਬਾਵਜੂਦ ਅਮਿਤ ਸ਼ਾਹ ਇਕ ਵਾਰ ਵੀ ਅਦਾਲਤ ਸਾਹਮਣੇ ਪੇਸ਼ ਨਾ ਹੋਇਆ। ਅਮਿਤ ਸ਼ਾਹ ਦੇ ਇਸ ਵਰਤਾਰੇ ਨੂੰ ਦੇਖਦਿਆਂ ਜੱਜ ਉਤਪਤ ਨੇ 26 ਜੂਨ 2014 ਦੀ ਤਰੀਕ ਮਿਥ ਕੇ ਉਸ ਨੂੰ ਹਰ ਸੂਰਤ ਵਿਚ ਉਸ ਦਿਨ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ। ਅਮਿਤ ਸ਼ਾਹ ਨੇ ਤਾਂ ਕੀ ਪੇਸ਼ ਹੋਣਾ ਸੀ, ਇਸ ਮਿਥੀ ਪੇਸ਼ੀ ਤੋਂ ਐਨ ਇਕ ਦਿਨ ਪਹਿਲਾਂ ਜੱਜ ਉਤਪਤ ਨੂੰ ਹੀ ਤਬਦੀਲ ਕਰਕੇ ਪੁਨੇ ਭੇਜ ਦਿੱਤਾ ਗਿਆ। ਇਹ ਸੁਪਰੀਮ ਕੋਰਟ ਦੇ ਨਿਰਦੇਸ਼ ਦੀ ਸਰਾਸਰ ਉਲੰਘਣਾ ਸੀ, ਪਰ ਉਦੋਂ ਤਕ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਆ ਚੁੱਕੀ ਸੀ।

ਹੁਣ ਜੱਜ ਉਤਪਤ ਦੀ ਥਾਂ ਬ੍ਰਿਜਗੋਪਾਲ ਹਰੀਕਿਸ਼ਨ ਲੋਇਆ ਨੂੰ ਜੱਜ ਥਾਪਿਆ ਗਿਆ। ਪਰ ਅਮਿਤ ਸ਼ਾਹ ਇਸ ਨਵੇਂ ਜੱਜ ਅੱਗੇ ਵੀ ਪੇਸ਼ ਨਾ ਹੋਇਆ 31 ਅਕਤੂਬਰ ਨੂੰ ਜੱਜ ਲੋਇਆ ਨੇ ਅਮਿਤ ਸ਼ਾਹ ਦੇ ਲਗਾਤਾਰ ਗੈਰ-ਹਾਜ਼ਰ ਰਹਿਣ ਉੱਤੇ ਸਖਤ ਇਤਰਾਜ਼ ਉਠਾਉਂਦੇ ਹੋਏ ਮੁਕੱਦਮੇ ਦੀ ਸੁਣਵਾਈ ਦੀ ਅਗਲੀ ਤਰੀਕ 15 ਦਸੰਬਰ ਮਿਥੀ ਇਸੇ ਦੌਰਾਨ, ਦੀਵਾਲੀ ਦੇ ਦਿਨਾਂ ਵਿਚ, ਜੱਜ ਲੋਇਆ ਨੇ ਆਪਣੇ ਪਿਤਾ ਹਰੀਕਿਸ਼ਨ ਅਤੇ ਭੈਣ ਅਨੁਰਾਧਾ ਬਿਆਨੀ ਨੂੰ ਦੱਸਿਆ ਕਿ ਮੁੰਬਈ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਉਸ ਨੂੰ 100 ਕਰੋੜ ਅਤੇ ਸ਼ਹਿਰ ਵਿਚ ਇਕ ਫਲੈਟ ਦੁਆਉਣ ਦੀ ਪੇਸ਼ਕਸ਼ ਕੀਤੀ ਹੈ, ਬਸ਼ਰਤੇ ਉਹ ਅਮਿਤ ਸ਼ਾਹ ਦੇ ਹੱਕ ਵਿਚ ਫੈਸਲਾ ਦੇ ਕੇ ਉਸ ਨੂੰ ਬਰੀ ਕਰ ਦੇਵੇ। ਲੋਇਆ ਨੇ ਕਿਹਾ ਕੇ ਉਹ ਪਿੰਡ ਆ ਕੇ ਵਾਹੀ ਕਰਨ ਨੂੰ ਤਿਆਰ ਹੈ, ਪਰ ਇਹੋ ਜਿਹਾ ਜ਼ਮੀਰ-ਮਾਰੂ ਕੰਮ ਉਸ ਕੋਲੋਂ ਨਹੀਂ ਹੋ ਸਕਣਾ।

ਨਵੰਬਰ ਦੇ ਅੰਤ ਵਿਚ ਜੱਜ ਲੋਇਆ ਨੂੰ ਦੋ ਹੋਰ ਜੱਜਾਂ ਨੇ ਨਾਗਪੁਰ ਕਿਸੇ ਵਿਆਹ ’ਤੇ ਨਾਲ ਚੱਲਣ ਦਾ ਸਦਾ ਦਿੱਤਾ। ਲੋਇਆ ਅਨਮਨਾ ਜਿਹਾ ਸੀ ਪਰ ਉਨ੍ਹਾਂ ਦੇ ਇਸਰਾਰ ਕਰਨ ਉੱਤੇ ਜਾਣਾ ਮੰਨ ਗਿਆ। 30 ਨਵੰਬਰ 2014 ਦੀ ਰਾਤ, ਵਿਆਹ ਭੁਗਤਾ ਕੇ, ਰਾਤ ਦੇ 11 ਵਜੇ ਉਸਨੇ ਤਕਰੀਬਨ 40 ਮਿੰਟ ਆਪਣੀ ਪਤਨੀ ਸ਼ਰਮਿਲਾ ਨਾਲ ਮੋਬਾਈਲ ਉੱਤੇ ਗੱਲਬਾਤ ਕੀਤੀ। ਉਸਨੇ ਇਹ ਵੀ ਦੱਸਿਆ ਕਿ ਉਹ ਸਾਰੇ ਨਾਗਪੁਰ ਦੇ ਇਕ ਸਰਕਾਰੀ ਮਹਿਮਾਨ-ਘਰ ਰਵੀ ਭਵਨ ਵਿਚ ਠਹਿਰੇ ਹੋਏ ਹਨ। ਇਹ ਉਸਦੀ ਆਪਣੇ ਘਰਦਿਆਂ ਨਾਲ ਆਖਰੀ ਗੱਲਬਾਤ ਸੀ।

ਪਹਿਲੀ ਦਸੰਬਰ 2014 ਨੂੰ ਤੜਕੇ 5 ਵਜੇ ਜੱਜ ਲੋਇਆ ਦੇ ਪਰਿਵਾਰ ਨੂੰ ਫੋਨ ਆਉਣੇ ਸ਼ੁਰੂ ਹੋਏ ਕਿ ਬੀਤੀ ਰਾਤ ਉਸ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਦੋ ਹਸਪਤਾਲਾਂ ਵਿਚ ਲਿਜਾਣ ਦੇ ਬਾਵਜੂਦ ਉਸ ਨੂੰ ਬਚਾਇਆ ਨਾ ਜਾ ਸਕਿਆ ਅਤੇ ਉਸਦੀ ਮੌਤ ਹੋ ਗਈ ਹੈ। ਪਰਿਵਾਰ ਨੂੰ ਇਹ ਵੀ ਦੱਸਿਆ ਗਿਆ ਕਿ ਲਾਸ਼ ਨੂੰ ਉਨ੍ਹਾਂ ਦੇ ਜੱਦੀ ਪਿੰਡ ਗਾਟੇਗਾਓਂ ਪੁਚਾਉਣ ਦੇ ਇੰਤਜ਼ਾਮ ਕਰ ਦਿੱਤੇ ਗਏ ਹਨ ਅਤੇ ਸਾਰੇ ਉੱਥੇ ਹੀ ਪਹੁੰਚਣ। ਫੋਨ ਕਰਨ ਵਾਲਾ ਬੰਦਾ ਲਾਤੂਰ ਦਾ ਆਰ. ਐੱਸ. ਐੱਸ. ਵਰਕਰ ਈਸ਼ਵਰ ਬਹੇਤੀ ਸੀ। ਉਸ ਸਮੇਂ ਪਰਵਾਰ ਦੇ ਮੈਂਬਰ (ਮ੍ਰਿਤਕ ਦੀ ਪਤਨੀ ਅਤੇ ਪੁੱਤਰ, ਭੈਣਾਂ, ਪਿਤਾ) ਵੱਖੋ-ਵੱਖ ਥਾਂਈਂ ਖਿੰਡਰੇ ਹੋਏ ਸਨ ਅਤੇ ਸਾਰਿਆਂ ਨੇ ਗਾਟੇਗਾਓਂ ਪਹੁੰਚਣ ਦੇ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ। ਸੋਗ ਅਤੇ ਹਰਫ਼ਲ ਦੀ ਉਸ ਘੜੀ ਕਿਸੇ ਨੇ ਨਾ ਸੋਚਿਆ ਕਿ ਮ੍ਰਿਤਕ ਨੂੰ ਉਸਦੇ ਜੱਦੀ ਪਿੰਡ ਹੀ ਭੇਜਣ ਦਾ ਫੈਸਲਾ ਕਰਨ ਵਾਲਾ ਕੌਣ ਸੀ ਜਾਂ ਇਸ ਈਸ਼ਵਰ ਬਹੇਤੀ ਨੂੰ ਇਹ ਜ਼ਿੰਮੇਵਾਰੀ ਕਿਸ ਨੇ ਸੌਂਪੀ ਕਿ ਨਾਗਪੁਰ ਹੋਈ ਮੌਤ ਦੀ ਸੂਚਨਾ ਅਤੇ ਇੰਤਜ਼ਾਮਾਂ ਬਾਰੇ ਜਾਣਕਾਰੀ ਪਰਿਵਾਰ ਨੂੰ ਉਹੋ ਮੁਹੱਈਆ ਕਰੇ।

ਜੱਜ ਲੋਇਆ ਦੀ ਦੇਹ ਨੂੰ ਰਾਤ 11.30 ਵਜੇ ਐਂਬੂਲੈਂਸ ਡਰਾਈਵਰ ਗਾਟੇਗਾਓਂ ਪੁਚਾਉਣ ਆਇਆ, ਉਸਦੇ ਨਾਲ ਹੋਰ ਕੋਈ ਵੀ ਨਹੀਂ ਸੀ। ਉਸ ਸਮੇਂ ਪਹਿਲਾ ਸ਼ੱਕ ਉਸਦੀ ਭੈਣ ਅਨੁਰਾਧਾ ਬਿਯਾਨੀ ਨੂੰ ਹੋਇਆ ਜੋ ਪੇਸ਼ੇ ਤੋਂ ਖੁਦ ਡਾਕਟਰ ਹੈ। ਪਰਿਵਾਰ ਨੂੰ ਦੱਸਿਆ ਗਿਆ ਸੀ ਕਿ ਸਵੇਰੇ ਲਾਸ਼ ਦਾ ਪੋਸਟ-ਮਾਰਟਮ ਕਰਾ ਕੇ ਭੇਜਿਆ ਗਿਆ ਹੈ, ਜਿਸ ਤੋਂ ਸਿੱਧ ਹੋਇਆ ਹੈ ਕਿ ਮੌਤ ਦਾ ਕਾਰਨ ਦਿਲ ਫਿਹਲੀ ਸੀ। ਪਰ ਅਨੁਰਾਧਾ ਨੇ ਆਪਣੇ ਭਰਾ ਦੇ ਕੱਪੜਿਆਂ ਉੱਤੇ ਖੂਨ ਦੇ ਨਿਸ਼ਾਨ ਦੇਖੇ। ਬਤੌਰ ਡਾਕਟਰ ਉਹ ਇਸ ਤੱਥ ਤੋਂ ਵਾਕਿਫ ਸੀ ਕਿ ਮ੍ਰਿਤਕ ਦੇਹ ਦੀ ਚੀਰ-ਫਾੜ ਸਮੇਂ ਖੂਨ ਨਹੀਂ ਨਿਕਲਦਾ ਕਿਉਂਕਿ ਉਸ ਸਮੇਂ ਦਿਲ ਅਤੇ ਫੇਫੜੇ ਖੂਨ ਨੂੰ ਪੰਪ ਕਰਨਾ ਬੰਦ ਕਰ ਚੁੱਕੇ ਹੁੰਦੇ ਹਨ। ਫੇਰ ਇਹ ਖੂਨ ਕਿੱਥੋਂ ਆਇਆ? ਉਸਨੇ ਆਪਣਾ ਤੌਖਲਾ ਜ਼ਾਹਿਰ ਕੀਤਾ ਵੀ ਪਰ ਉਸਨੂੰ ਸਲਾਹ ਦਿੱਤੀ ਗਈ ਕਿ ਉਹ ਇਸ ਨਾਜ਼ੁਕ ਸਮੇਂ ਸਸਕਾਰ ਹੋ ਲੈਣ ਦੇਵੇ ਅਤੇ ਮਾਮਲੇ ਨੂੰ ਹੋਰ ਨਾ ਉਲਝਾਏ। ਦੂਜੇ ਪਾਸੇ, ਜਦੋਂ ਬ੍ਰਿਜ ਲੋਇਆ ਦੀ ਪਤਨੀ ਅਤੇ ਪੁੱਤਰ ਅਨੁਜ ਕੁਝ ਹੋਰ ਜੱਜਾਂ ਦੇ ਨਾਲ ਮੁੰਬਈ ਤੋਂ ਗਾਟੇਗਾਓਂ ਆ ਰਹੇ ਸਨ ਤਾਂ ਰਾਹ ਵਿਚ ਇਕ ਜੱਜ ਲਗਾਤਾਰ ਇਹ ਸਲਾਹ ਦੇਂਦਾ ਰਿਹਾ ਕਿ ਅਨੁਜ ਆਪਣੇ ਪਿਤਾ ਦੀ ਮੌਤ ਬਾਰੇ ਕਿਸੇ ਨਾਲ ਕੋਈ ਗੱਲ ਨਾ ਕਰੇ। ਇਸ ਕਾਰਨ ਅਨੁਜ ਦੇ ਮਨ ਅੰਦਰ ਕੁਝ ਭੈਅ ਜਿਹਾ ਵੀ ਪੈਦਾ ਹੋ ਗਿਆ।

ਸਸਕਾਰ ਹੋ ਗਿਆ, ਪਰਵਾਰ ਨੇ ਸ਼ੱਕੀ ਹਾਲਤਾਂ ਵਿਚ ਹੋਈ ਜਾਪਦੀ ਮੌਤ ਦੀ ਪੜਤਾਲ ਲਈ ਦਰਖਾਸਤ ਦਿੱਤੀ, ਪਰ ਉਨ੍ਹਾਂ ਦੀ ਕਿਸੇ ਨਾ ਸੁਣੀ।

ਦੂਜੇ ਪਾਸੇ ਬ੍ਰਿਜ ਲੋਇਆ ਦੀ ਥਾਂ ਅਮਿਤ ਸ਼ਾਹ ਵਾਲਾ ਕੇਸ ਫਟਾਫਟ ਨਵੇਂ ਜੱਜ ਗੋਸਾਵੀ ਨੂੰ ਸੌਪ ਦਿੱਤਾ ਗਿਆ। ਉਸਨੇ 15 ਦਸੰਬਰ ਨੂੰ ਸੁਣਵਾਈ ਸ਼ੁਰੂ ਕੀਤੀ, ਤਿੰਨ ਦਿਨ ਅਮਿਤ ਸ਼ਾਹ ਦੇ ਬਚਾਅ ਵਕੀਲਾਂ ਨੇ ਉਸਦੇ ਹੱਕ ਵਿਚ ਪੈਰਵੀ ਕੀਤੀ, ਪਰ ਸੀ.ਬੀ.ਆਈ. ਦੇ ਵਕੀਲ ਨੇ 15 ਮਿੰਟ ਵਿਚ ਹੀ ਆਪਣੀ ਗੱਲ ਸਮੇਟ ਦਿੱਤੀ ਅਤੇ ਕੋਈ ਜਿਰਾਹ ਨਾ ਕੀਤੀ।

17 ਦਿਸੰਬਰ ਨੂੰ ਨਵੇਂ ਜੱਜ ਨੇ ਮੁਕੱਦਮਾ ਸਮੇਟ ਦਿੱਤਾ ਅਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ। 30 ਦਸੰਬਰ ਨੂੰ, ਜੱਜ ਲੋਇਆ ਦੀ ਮੌਤ ਦੇ ਮਹੀਨੇ ਦੇ ਅੰਦਰ ਅੰਦਰ ਨਵੇਂ ਜੱਜ ਗੋਸਾਵੀ ਨੇ ਆਪਣਾ ਫੈਸਲਾ ਵੀ ਸੁਣਾ ਦਿੱਤਾ। ਉਸਨੇ ਕਿਹਾ ਕਿ ਉਹ ਬਚਾਅ ਵਕੀਲਾਂ ਦੀ ਇਸ ਦਲੀਲ ਤੋਂ ਕਾਇਲ ਹੈ ਕਿ ਅਮਿਤ ਸ਼ਾਹ ਦੇ ਵਿਰੁੱਧ ਸੀ.ਬੀ.ਆਈ. ਨੇ ਨਿਰੋਲ ਸਿਆਸੀ ਮੰਤਵਾਂ ਕਾਰਨ ਮੁਕੱਦਮਾ ਦਾਇਰ ਕੀਤਾ ਸੀ ਅਤੇ ਉਸ ਨੂੰ ਬਰੀ ਕਰ ਦਿੱਤਾ। ਸੀ.ਬੀ.ਆਈ. ਨੇ ਇਸ ਫੈਸਲੇ ਵਿਰੁੱਧ ਅਪੀਲ ਕਰਨ ਵਲ ਮੂੰਹ ਹੀ ਨਾ ਕੀਤਾ ਅਤੇ ਮਾਮਲਾ ਉੱਥੇ ਹੀ ਖਤਮ ਹੋ ਗਿਆ।

ਉਸੇ ਦਿਨ ਮਹੇਂਦਰ ਧੋਨੀ ਨੇ ਟੈਸਟ ਕ੍ਰਿਕਟ ਤੋਂ ਰਿਟਾਇਰ ਹੋਣ ਦਾ ਐਲਾਨ ਕੀਤਾ ਸੀਸੋ ਉਸ ਸਮੇਂ ਸਾਡੀ ਕ੍ਰਿਕੇਟ ਪ੍ਰੇਮੀ ਕੌਮ ਦੇ ਸਾਰੇ ਚੈਨਲ ਅਤੇ ਸਾਰੀਆਂ ਅਖਬਾਰੀ ਸੁਰਖੀਆਂ ਇਸ ਧਮਾਕੇਦਾਰ ਖਬਰ ਨੇ ਮੱਲੇ ਹੋਏ ਸਨਅਮਿਤ ਸ਼ਾਹ ਦੇ ਬਾਇੱਜ਼ਤ ਬਰੀ ਹੋ ਜਾਣ ਵਲ ਕਿਸੇ ਦਾ ਬਹੁਤਾ ਧਿਆਨ ਹੀ ਨਾ ਗਿਆ।

ਪਰ 48 ਸਾਲਾਂ ਦੇ ਸਿਹਤਮੰਦ ਜੱਜ ਲੋਇਆ, ਜਿਸ ਨੂੰ ਸ਼ੂਗਰ ਜਾਂ ਬਲਡ ਪ੍ਰੈਸ਼ਰ ਵਰਗੀ ਵੀ ਕੋਈ ਬੀਮਾਰੀ ਨਹੀਂ ਸੀ, ਦੀ ਅਚਾਨਕ ਮੌਤ ਉਸਦੇ ਪਰਵਾਰ ਦੇ ਮਨ ਵਿਚ ਕਈ ਸਵਾਲ ਖੜ੍ਹੇ ਕਰਦੀ ਸੀ। ਜਿਹੜੇ ਜੱਜ ਖੁਦ ਇਸਰਾਰ ਕਰਕੇ ਉਸ ਨੂੰ ਇਸ ਵਿਆਹ ਉੱਤੇ ਨਾਗਪੁਰ ਲੈ ਕੇ ਗਏ ਸਨ, ਉਹ ਮ੍ਰਿਤਕ ਦੀ ਦੇਹ ਦੇ ਨਾਲ ਕਿਉਂ ਨਾ ਆਏ? (ਸਗੋਂ ਉਹ ਪੂਰੇ 80 ਦਿਨ ਲੰਘਾ ਕੇ ਹੀ ਪਰਿਵਾਰ ਕੋਲ ਅਫ਼ਸੋਸ ਕਰਨ ਆਏ)। ਪੋਸਟ-ਮਾਰਟਮ ਕਰਾਉਣ ਲਈ ਪਰਵਾਰ ਦੇ ਕਿਸੇ ਮੈਂਬਰ ਕੋਲੋਂ ਮਨਜ਼ੂਰੀ ਕਿਉਂ ਨਾ ਮੰਗੀ ਗਈ, ਜਦਕਿ ਪੋਸਟ-ਮਾਰਟਮ ਦੀ ਰਿਪੋਰਟ ਦੇ ਹਰ ਸਫ਼ੇ ਉੱਤੇ ਕਿਸੇ ਨੇ ਮ੍ਰਿਤਕ ਦਾ ‘ਚਚੇਰਾ ਭਾਈ’ ਲਿਖ ਕੇ ਦਸਤਖਤ ਕੀਤੇ ਹੋਏ ਹਨ। (ਨਾਗਪੁਰ ਵਿਚ ਲੋਇਆ ਦਾ ਕੋਈ ‘ਚਚੇਰਾ ਭਾਈ’ ਨਹੀਂ ਰਹਿੰਦਾ)। ਪੋਸਟ-ਮਾਰਟਮ ਰਿਪੋਰਟ ਵਿਚ ਮੌਤ ਦਾ ਸਮਾਂ ਸਵੇਰ ਦੇ ਸਵਾ ਛੇ ਵਜੇ ਦਰਜ ਹੈ ਜਦਕਿ ਪਰਵਾਰ ਨੂੰ ਸਵੇਰੇ ਪੰਜ ਹੀ ਫੋਨ ਆ ਗਿਆ ਸੀ ਕਿ ਬੀਤੀ ਰਾਤ ਜੱਜ ਲੋਇਆ ਚੱਲ ਵਸੇ ਹਨ। ਮ੍ਰਿਤਕ ਦੀ ਦੇਹ ਨੂੰ ਗਾਟੇਗਾਓਂ ਭੇਜਣ ਦਾ ਫੈਸਲਾ ਜਾਂ ਇਸ ਬਾਰੇ ਇੰਤਜ਼ਾਮ ਕਰਨ ਵਾਲਾ ਈਸ਼ਵਰ ਬਹੇਤੀ ਕੌਣ ਹੈ ਅਤੇ ਉਸ ਨੂੰ ਲਾਤੂਰ ਬੈਠੇ ਨੂੰ ਨਾਗਪੁਰ ਤੋਂ ਕੌਣ ਨਿਰਦੇਸ਼ ਦੇ ਰਿਹਾ ਸੀ? ਅਤੇ ਮ੍ਰਿਤਕ ਦੇ ਕੱਪੜਿਆਂ ਉੱਤੇ ਖੂਨ ਦੇ ਨਿਸ਼ਾਨ ... ਸਵਾਲ ਅਣਗਿਣਤ ਹਨ ਤੇ ਹੈਨ ਵੀ ਇਹੋ ਜਿਹੇ ਕਿ ਕਿਸੇ ਕਾਲਪਨਿਕ ਜਾਸੂਸੀ ਨਾਵਲ ਦਾ ਪਲਾਟ ਸਿਰਜ ਸਕਦੇ ਹਨ।

ਜਦੋਂ ਪਰਿਵਾਰ ਨੂੰ ਕੋਈ ਸੁਣਵਾਈ ਨਾ ਹੁੰਦੀ ਦਿਸੀ, ਕਿਸੇ ਨੇ ਅਗਲੇਰੀ ਤਫ਼ਤੀਸ਼ ਕਰਾਉਣ ਦੀ ਉਨ੍ਹਾਂ ਦੀ ਦਰਖਾਸਤ ਵਲ ਕੰਨ ਨਾ ਧਰੇ ਤਾਂ ਉਨ੍ਹਾਂ ਨੇ ਪੱਤਰਕਾਰ ਨਿਰੰਜਨ ਟਾਕਲੇ ਨਾਲ ਸੰਪਰਕ ਕੀਤਾ। ਟਾਕਲੇ ਨੇ ਪਰਿਵਾਰਕ ਮੈਂਬਰਾਂ (ਬ੍ਰਿਜ ਲੋਇਆ ਦੇ ਪਿਤਾ, ਭੈਣਾਂ ਅਤੇ ਭਣੇਵੀਂ) ਨਾਲ ਕਈ ਮੁਲਾਕਾਤਾਂ ਕਰਕੇ ਉਨ੍ਹਾਂ ਦਿਨਾਂ ਦੀਆਂ ਘਟਨਾਵਾਂ ਬਾਰੇ ਸਾਰੀ ਜਾਣਕਾਰੀ ਇਕੱਤਰ ਅਤੇ ਸੂਤਰਬੱਧ ਕੀਤੀ। ਨਾਗਪੁਰ ਦੇ ਹਸਪਤਾਲਾਂ, ਜਿੱਥੇ ਲੋਇਆ ਨੂੰ ਪਹਿਲੋਂ ਖੜਿਆ ਗਿਆ, ਅਤੇ ਮਗਰੋਂ ਉਸਦਾ ਪੋਸਟ ਮਾਰਟਮ ਕੀਤਾ ਗਿਆ - ਵਿਚ ਜਾ ਕੇ ਕਈ ਅਹਿਮ ਸੁਰਾਗ ਲੱਭੇ। ਨਾਗਪੁਰ ਸਦਰ ਦੇ ਪੁਲਿਸ ਕਰਮਚਾਰੀਆਂ ਨੂੰ ਮਿਲਿਆ। ਉਸਨੇ ਚੀਫ਼-ਜਸਟਿਸ ਮੋਹਿਤ ਸ਼ਾਹ, ਈਸ਼ਵਰ ਬਹੇਤੀ ਤੇ ਖੁਦ ਅਮਿਤ ਸ਼ਾਹ ਤਕ ਨਾਲ ਸੰਪਰਕ ਕੀਤਾ ਤਾਂ ਜੋ ਪਰਵਾਰ ਦੇ ਇਨ੍ਹਾਂ ਕਥਨਾਂ ਜਾਂ ਸੰਸਿਆਂ ਬਾਰੇ ਉਹ ਵੀ ਆਪਣਾ ਪੱਖ ਪੇਸ਼ ਕਰ ਸਕਣ। ਇਨ੍ਹਾਂ ਵਿੱਚੋਂ ਕਿਸੇ ਵੱਲੋਂ ਅਜੇ ਤੀਕ ਕੋਈ ਜਵਾਬ ਨਹੀਂ ਆਇਆ। ਜੱਜ ਲੋਇਆ ਦੀ ਪਤਨੀ ਅਤੇ ਪੁੱਤਰ ਨੇ ਵੀ ਉਸ ਨਾਲ ਇਸ ਕੇਸ ਬਾਰੇ ਕੋਈ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਅਜੇ ਤਕ ਡਰੇ ਹੋਏ ਹਨ।

ਇਨ੍ਹਾਂ ਸਾਰੇ ਤੱਥਾਂ ਦੇ ਆਧਾਰ ਉੱਤੇ, ਕਈ ਅਹਿਮ ਸਵਾਲ ਖੜ੍ਹੇ ਕਰਦਾ ਨਿਰੰਜਨ ਟਾਕਲੇ ਦਾ ਲੰਮਾ ਲੇਖ 20 ਨਵੰਬਰ ਨੂੰ ਅੰਗਰੇਜ਼ੀ ਦੇ ਮਸ਼ਹੂਰ ਪੱਤਰ ‘ਦੀ ਕੈਰੇਵੈਨ’ ਨੇ ਨਸ਼ਰ ਕੀਤਾ। ਕਿਸੇ ਵੀ ਹੋਰ ਸਮੇਂ ਅਤੇ ਸਥਾਨ ਵਿਚ ਇੰਨੇ ਸਾਰੇ ਤੱਥ ਉਜਾਗਰ ਕਰਦਾ ਇਹੋ ਜਿਹਾ ਲੇਖ ਸਾਰੇ ਚੈਨਲਾਂ ਅਤੇ ਅਖਬਾਰਾਂ ਵਲੋਂ ਫੌਰਨ ਵਿਚਾਰਿਆ ਜਾਣਾ ਚਾਹੀਦਾ ਸੀ। ਅਖਬਾਰੀ ਸੁਰਖੀਆਂ ਵਿਚ ਤਰਥੱਲੀ ਮਚਣੀ ਚਾਹੀਦੀ ਸੀ। ਪਰ ਨਹੀਂ, ਇੱਥੇ ਤਾਂ ਸੰਪੂਰਨ ਸੰਨਾਟਾ ਛਾਇਆ ਹੋਇਆ ਹੈ: ਤਕਰੀਬਨ ਇਕ ਹਫ਼ਤਾ ਲੰਘ ਜਾਣ ਦੇ ਬਾਵਜੂਦ ਕਿਸੇ ਚੈਨਲ ਨੇ ( ਸਿਵਾਏ ਐਨ.ਡੀ.ਟੀ.ਵੀ. ਵਾਲੇ ਰਵੀਸ਼ ਕੁਮਾਰ ਦੇ) ਇਸ ਬਾਰੇ ਚੂੰ ਵੀ ਨਹੀਂ ਕੀਤੀ, ਕਿਸੇ ਅਖਬਾਰ ਨੇ (ਸਿਵਾਏ ਵੈੱਬ ਉੱਤੇ ਪੜ੍ਹੀਆਂ ਜਾਣ ਵਾਲੀਆਂ ਅਖਬਾਰਾਂ ਦੇ) ਇਸ ਖੁਲਾਸੇ ਨੂੰ ਸੁਰਖੀਆਂ/ਸੰਪਾਦਕੀਆਂ ਵਿਚ ਤਾਂ ਥਾਂ ਕੀ ਦੇਣੀ ਸੀ, ਕਿਸੇ ਆਖਰੀ ਸਫ਼ੇ ਉੱਤੇ ਵੀ ਥਾਂ ਨਹੀਂ ਦਿੱਤੀ।

ਇਹ ਕਿਹੋ ਜਿਹਾ ਦੌਰ ਹੈ, ਇਹ ਕਿਹੋ ਜਿਹਾ ਨਿਜ਼ਾਮ ਹੈ? ਮਹੀਨਿਆਂ ਬੱਧੀ ਚੈਨਲ ਅਤੇ ਅਖਬਾਰਾਂ ਕਿਸੇ ਮਿਥਹਾਸਕ ਰਾਣੀ ਦੀ ‘ਬੇਪਤੀ’ ਬਾਰੇ ਬਹਿਸਾਂ ਕਰ ਸਕਦੇ ਹਨ, ਕਿਸੇ ਨੌਜਵਾਨ ਸਿਆਸੀ ਆਗੂ ਦੀ ਅਖਾਉਤੀ ‘ਸੈਕਸ ਸੀਡੀ’ ਦਾ ਮਸਲਾ ਉਛਾਲ ਸਕਦੇ ਹਨ, ਕਿਸੇ ਸ਼ਹਿਰ ਵਿਚ ਗਊਆਂ ਦੀ ਤਸਕਰੀ ਦੇ ਹੌਲਨਾਕ ਤੱਥ ਪੇਸ਼ ਕਰ ਸਕਦੇ ਹਨ, ਯੂਨੀਵਰਸਟੀਆਂ ਵਿਚ ਜਾ ਜਾ ਕੇ ‘ਦੇਸ਼ਧਰੋਹੀਆਂ’ ਦੇ ਟੋਲੇ ਲੱਭ ਸਕਦੇ ਹਨ, ਅਤੇ ਇਹੋ ਜਿਹੇ ਮਸਲਿਆਂ ਉੱਤੇ ਇਕ ਨਹੀਂ, ਕਈ ਕਈ ਰਾਜਾਂ ਦੇ ਮੁੱਖ ਮੰਤਰੀ ਬਿਆਨ ਦਾਗ ਸਕਦੇ ਹਨ ਪਰ ਇਕ ਸੀ.ਬੀ.ਆਈ. ਜੱਜ ਦੀ ਸ਼ੱਕੀ ਹਾਲਾਤ ਵਿਚ ਹੋਈ ਮੌਤ ਬਾਰੇ ਕੋਈ ਮੂੰਹ ਵੀ ਖੋਲ੍ਹਣ ਲਈ ਤਿਆਰ ਨਹੀਂ।

ਸਵਾਲ ਇਹ ਨਹੀਂ ਕਿ ਅਸੀਂ ਡਰ ਗਏ ਹਾਂ ਜਾਂ ਡਰਾ ਦਿੱਤੇ ਗਏ ਹਾਂ। ਤੱਥ ਇਹ ਹੈ ਕਿ ਅਸੀਂ ਨਿਪੁੰਸਕ ਕੌਮ ਬਣਦੇ ਜਾ ਰਹੇ ਹਾਂ।

*****

(912)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author