Sukirat7ਝੂਠ ਨੂੰ ਸੱਚ ਅਤੇ ਸੱਚ ਨੂੰ ਝੂਠ ਕਹਿਣ ਦੇ ਇਸ ਦੌਰ ਵਿਚ ਜਾਂ ਬੰਦਾ ਖਿਝ ਸਕਦਾ ਹੈਜਾਂ ...
(17 ਜਨਵਰੀ 2018)

 

2 ਜਨਵਰੀ 2018 (2 ਵਜੇ ਦੁਪਹਿਰ)

BhimaKoreGaon2ਮੁੰਬਈ ਸ਼ਹਿਰ ਤੋਂ 100 ਕਿਲੋਮੀਟਰ ਦੱਖਣ-ਵੰਨੀ ਵਸਦੇ ਇਕ ਛੋਟੇ ਜਿਹੇ ਪਿੰਡ ਮੇਰੇ ਵਕਤੀ ਕਿਆਮ ਦੌਰਾਨ ਕਿਸੇ ਦਾ ਫੋਨ ਆਉਣ ’ਤੇ ਖਬਰ ਮਿਲਦੀ ਹੈ ਕਿ ਸ਼ਹਿਰ ਦੇ ਕਈ ਹਿੱਸਿਆਂ ਵਿਚ ਮੁਜ਼ਾਹਰੇ ਹੋ ਰਹੇ ਹਨ ਅਤੇ ਆਵਾਜਾਈ ਵੀ ਠੱਪ ਹੈ। ਫੌਰਨ ਟੀ.ਵੀ. ਚਾਲੂ ਕਰਨ ’ਤੇ ਸਥਾਨਕ ਮਰਾਠੀ ਚੈਨਲਾਂ ਤੋਂ ਪਤਾ ਲਗਦਾ ਹੈ ਕਿ ਇਕ ਦਿਨ ਪਹਿਲਾਂ ਪੁਣੇ ਦੇ ਨੇੜੇ ਕੁਝ ਝੜਪਾਂ ਹੋਈਆਂ ਸਨ ਜਿਨ੍ਹਾਂ ਵਿਚ ਇਕ ਦਲਿਤ ਨੌਜਵਾਨ ਮਾਰਿਆ ਗਿਆ। ਮੁਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ ਇਕ ਤਾਂ ਮੁੱਖ-ਧਾਰਾ ਦੇ ਟੀ ਵੀ ਚੈਨਲਾਂ ਨੇ ਦਲਿਤਾਂ ਉੱਤੇ ਹੋਏ ਇਸ ਸਪਸ਼ਟ ਹਮਲੇ ਨੂੰ ਨਿਰੋਲ ਝੜਪਾਂ ਕਹਿ ਕੇ ਪੋਚਾ-ਪਾਚੀ ਕਰ ਦਿੱਤੀ, ਅਤੇ ਦੂਜੇ ਇਸ ਗੱਲ ਦਾ ਜ਼ਿਕਰ ਤਕ ਨਾ ਕੀਤਾ ਕਿ ਇਸ ਹਿੰਸਾ ਦੌਰਾਨ ਇਕ ਦਲਿਤ ਮਾਰਿਆ ਵੀ ਗਿਆ। ਉਹ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਲੈ ਕੇ ਮੁੰਬਈ ਦੀਆਂ ਸੜਕਾਂ ਉੱਤੇ ਉਤਰ ਆਏ ਹਨ। ਉਨ੍ਹਾਂ ਦਾ ਇਹ ਰੋਸ ਪ੍ਰਗਟਾਵਾ ਟੀ ਵੀ ਚੈਨਲਾਂ ਅਤੇ ਸਰਕਾਰ, ਦੋਹਾਂ ਦੇ ਦਲਿਤ ਵਿਰੋਧੀ ਵਤੀਰੇ ਵਿਰੁੱਧ ਹੈ

ਅਜੇ ਕੱਲ੍ਹ ਹੀ ਤਾਂ ਮੈਂ ਮੁੰਬਈ ਤੋਂ ਆਇਆ ਹਾਂ, ਜਿੱਥੇ ਨਵੇਂ ਸਾਲ ਦੀ ਆਮਦ ਦੀਆਂ ਰੌਣਕਾਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਲੱਭਦਾ। ਪਰ ਹੁਣ 3 ਜਨਵਰੀ ਨੂੰ ਪੂਰੇ ਮਹਾਰਾਸ਼ਟਰ ਬੰਦ ਦਾ ਸੱਦਾ ਦੇ ਦਿੱਤਾ ਗਿਆ ਹੈ। ਸਮਝ ਨਹੀਂ ਆ ਰਹੀ ਕਿ ਅਚਾਨਕ ਸਥਿਤੀ ਵਿਗੜ ਕਿਉਂ ਗਈ।

**

2 ਜਨਵਰੀ 2018 (ਸ਼ਾਮ 8 ਵਜੇ)

ਹੁਣ ਤਕ ਇੰਟਰਨੈੱਟ ਉੱਤੇ ਖਬਰਾਂ ਫਰੋਲਣ ਅਤੇ ਕਈ ਚੈਨਲਾਂ ਦੇ ਬਟਨ ਦੱਬਣ ਤੋਂ ਬਾਅਦ ਇਹ ਸਮਝ ਪੈਣੀ ਸ਼ੁਰੂ ਹੋ ਗਈ ਹੈ ਕਿ ਪਿਛਲੇ ਦਿਨ ਪੁਣੇ ਵਿਚ ਭੀਮਾ-ਕੋਰੇਗਾਂਓਂ ਲੜਾਈ ਦੀ 200ਵੀਂ ਵਰ੍ਹੇ ਗੰਢ ਮਨਾਈ ਜਾ ਰਹੀ ਸੀ, ਜਿਸ ਨੂੰ ਦਲਿਤ ਸਮੂਹ ਕਈ ਸਾਲਾਂ ਤੋਂ ‘ਬਹਾਦਰੀ ਦਿਵਸ’ ਵਜੋਂ ਮਨਾਉਂਦੇ ਆ ਰਹੇ ਹਨ। ਇਸ ਲੜਾਈ ਵਿਚ ਬ੍ਰਾਹਮਣ ਜਾਤੀ ਦੇ ਪੇਸ਼ਵਾ ਸ਼ਾਸਕਾਂ ਦੀ ਹਾਰ ਹੋਈ ਸੀ ਅਤੇ ਅਖਾਉਤੀ ‘ਹੇਠਲੀਆਂ ਜਾਤਾਂ’ ਦੇ ਸਿਪਾਹੀਆਂ ਨਾਲ ਲੈਸ ਅੰਗਰੇਜ਼ ਫ਼ੌਜ ਦੀ ਜਿੱਤ। ਮਹਾਰਾਸ਼ਟਰ ਦੇ ਦਲਿਤ ਇਸ ਨੂੰ ਅੰਗਰੇਜ਼ਾਂ ਦੀ ਜਿੱਤ ਨਹੀਂ, ਆਪਣੇ ਉੱਤੇ ਜ਼ੁਲਮ ਕਰਨ ਵਾਲੇ ਪੇਸ਼ਵਾ ਸ਼ਾਸਕਾਂ ਦੀ ਹਾਰ ਵਜੋਂ ਯਾਦ ਕਰਦੇ ਹਨ। ਅਤੇ ਇਸੇ ਕਾਰਨ ਔਖੇ ਹੋਏ ਕੁਝ ਹਿੰਦੂਤਵਵਾਦੀ/ਬ੍ਰਾਹਮਣਵਾਦੀ ਅਨਸਰਾਂ ਨੇ ਪਿਛਲੇ ਦਿਨ ਇਸ ਦਿਨ ਨੂੰ ਮਨਾਉਣ ਲਈ ਜੁੜੇ ਦਲਿਤਾਂ ਉੱਤੇ ਹਮਲਾ ਕਰ ਦਿੱਤਾ ਸੀ। ਹਮਲਾਕਾਰਾਂ ਨੂੰ ਉਕਸਾਉਣ ਵਾਲੇ ਬਿਆਨ ਦੇਣ ਵਾਲੇ ਆਰ ਐੱਸ ਐੱਸ ਪਰਚਾਰਕਾਂ ਸ਼ੰਭਾਜੀ ਭਿਡੇ ਅਤੇ ਮਿਲਿੰਦ ਏਕਬੋਟੇ ਦੇ ਨਾਂਅ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤਸਵੀਰ ਮੈਨੂੰ ਕੁਝ ਸਪਸ਼ਟ ਹੋ ਰਹੀ ਹੈ ਕਿ ਅਚਾਨਕ ਇਹੋ ਜਿਹਾ ਟਕਰਾਅ ਕਿਵੇਂ ਪੈਦਾ ਹੋ ਸਕਿਆ।

ਇੰਨੇ ਨੂੰ ਮੇਰੇ ਮੇਜ਼ਬਾਨ ਦਾ ਕਾਮਾ ਪ੍ਰਮੋਦ ਕੁਝ ਸੌਦਾ-ਪੱਤਾ ਪੁਚਾਉਣ ਆਉਂਦਾ ਹੈ, ਅਤੇ ਨਾਲ ਹੀ ਇਹ ਖਬਰ ਵੀ: ‘ਇਹ ਸਾਰੀ ਗੜਬੜ ਗੁਜਰਾਤ ਵਿਚ ਨਵੇਂ ਬਣੇ ਆਮਦਾਰ (ਐੱਮ ਐੱਲ ਏ ਲਈ ਮਰਾਠੀ ਸ਼ਬਦ) ਜਿਗਨੇਸ਼ ਮੇਵਾਨੀ ਨੇ ਕਰਾਈ ਹੈ।’ ਮੈਂ ਇਸ ਅਫ਼ਵਾਹ ਉੱਤੇ ਯਕੀਨ ਕਰਨੋਂ ਇਨਕਾਰੀ ਹਾਂ, ਪਰ ਪ੍ਰਮੋਦ ਮੁਤਾਬਕ ਖਬਰ ਬਿਲਕੁਲ ਪੱਕੀ ਹੈ

**

3 ਜਨਵਰੀ 2018

ਪਿਛਲੀ ਰਾਤ ਮੈਂ ਪ੍ਰਮੋਦ ਦੀ ਲਿਆਂਦੀ ਖਬਰ ਨੂੰ ਸਥਾਨਕ ਅਫ਼ਵਾਹ ਸਮਝ ਕੇ ਰੱਦ ਕਰ ਦਿੱਤਾ ਸੀ ਪਰ ਹੁਣ ਇਹੋ ‘ਖਬਰ’ ਮੁੱਖ ਧਾਰਾ ਦੇ ਕੁਝ ਸਰਕਾਰ ਪ੍ਰਸਤ ਚੈਨਲਾਂ ਨੇ ਵੀ ਚੁੱਕ ਲਈ ਹੈ ਅਤੇ ਜਿਗਨੇਸ਼ ਮੇਵਾਨੀ ਦੇ ਨਾਲ ਨਾਲ ਜੇ.ਐੱਨ. ਯੂ. ਵਾਲੇ ਉਮਰ ਖਾਲਿਦ ਦਾ ਨਾਂਅ ਵੀ ਜੋੜ ਦਿੱਤਾ ਗਿਆ ਹੈ ਜੋ ‘ਦਲਿਤਾਂ ਨੂੰ ਉਕਸਾਉਣ ਅਤੇ ਗੜਬੜ ਕਰਾਉਣ ਲਈ ਮੌਕੇ ’ਤੇ ਮੌਜੂਦ ਸਨ।’ ਕੁਝ ਚਿਰ ਮਗਰੋਂ ਇਸ ‘ਖਬਰ’ ਵਿਚ ਹਲਕੀ ਜਿਹੀ ਸੋਧ ਕੀਤੀ ਜਾਂਦੀ ਹੈ। ਜਿਗਨੇਸ਼ ਅਤੇ ਖਾਲਿਦ ਭੀਮਾ-ਕੋਰੇਗਾਓਂ ਵਿਚ ਮੌਜੂਦ ਨਹੀਂ ਸਨ ਪਰ ਘਟਨਾ ਤੋਂ ਇਕ ਦਿਨ ਪਹਿਲਾਂ ਦਲਿਤਾਂ ਨੂੰ ਉਕਸਾਉਣ ਲਈ ਆਏ ਸਨ, ਜਿਸ ਕਾਰਨ ‘ਝੜਪਾਂ ਦਾ ਇਹੋ ਜਿਹਾ ਮਾਹੌਲ ਬਣ ਗਿਆ’। ਟੀ.ਵੀ. ਉੱਤੇ ਹੋ ਰਹੀ ਤੂੰ-ਤੂੰ, ਮੈਂ-ਮੈਂ ਵਿਚ ਇਸ ਸਵਾਲ ਦਾ ਜਵਾਬ ਕੋਈ ਨਹੀਂ ਦੇ ਰਿਹਾ ਕਿ ਦਲਿਤ ਸਮੂਹਾਂ ਦੇ ਇਸ ਸਮਾਰੋਹ ਵਿਚ ‘ਉਤਲੀਆਂ ਜਾਤਾਂ’ ਵਾਲੇ ਕਿਸ ਮਨਸ਼ਾ ਨਾਲ ਅਤੇ ਕਿਹੋ ਜਿਹੇ ਹਥਿਆਰਾਂ ਨਾਲ ਲੈਸ ਹੋ ਕੇ ਸ਼ਾਮਲ ਹੋਣ ਆਏ ਸਨ ਕਿ ਮਾਰਿਆ ਵੀ ਉੱਥੇ ਵੀ ਦਲਿਤ ਹੀ ਗਿਆ?

ਦੂਜੇ ਪਾਸੇ ਮਹਾਰਾਸ਼ਟਰ ਬੰਦ ਦੇ ਕਾਰਨ ਸੂਬੇ ਵਿਚ ਬਹੁਤ ਥਾਂਈਂ ਆਵਾਜਾਈ ਜ਼ਰੂਰ ਠੱਪ ਰਹੀ, ਪਰ ਸ਼ੁਕਰ ਹੈ ਦਿਨ ਕਿਸੇ ਵੀ ਕਿਸਮ ਦੀ ਹਿੰਸਾ ਤੋਂ ਬਿਨਾ ਲੰਘ ਗਿਆ।

**

4 ਜਨਵਰੀ 2018

ਜਿਗਨੇਸ਼ ਅਤੇ ਖਾਲਿਦ ਬਾਰੇ ਤਾਬੜਤੋੜ ਵਿਹੁਲਾ ਪਰਚਾਰ ਜਾਰੀ ਹੈ। ਮੁੱਖ ਧਾਰਾ ਦੇ ਕੁਝ ਸਰਕਾਰ ਪ੍ਰਸਤ ਚੈਨਲਾਂ ਰਾਹੀਂ ਸਿਰਫ਼ ਪ੍ਰਮੋਦ ਵਰਗੇ ਸਥਾਨਕ ਪੇਂਡੂ ਕਾਮਿਆਂ ਹੀ ਨਹੀਂ, ਦੇਸ ਭਰ ਦੇ ਸ਼ਹਿਰੀ ਦਰਸ਼ਕਾਂ ਨੂੰ ਵੀ ਭੰਬਲਭੂਸੇ ਵਿਚ ਪਾਇਆ ਜਾ ਰਿਹਾ ਜਿਵੇਂ ਇਹ ਦੋਵੇਂ ਹੀ ਮਹਾਰਾਸ਼ਟਰ ਦੇ ਮਾਹੌਲ ਨੂੰ ਖਰਾਬ ਕਰਨ ਆਏ ਹੋਣ। ਅਜਿਹੇ ਇਲਜ਼ਾਮਾਂ ਨੂੰ ਸਿੱਧ ਕਰਨ ਲਈ ਇਹ ਚੈਨਲ ਵਾਰ ਵਾਰ ਇੱਕੋ ਗੱਲ ਦੁਹਰਾ ਰਹੇ ਹਨ ਕਿ ਵਾਰਦਾਤ ਤੋਂ ਇਕ ਦਿਨ ਪਹਿਲਾਂ ਦਲਿਤਾਂ ਨੂੰ ਉਕਸਾਉਣ ਲਈ ਇਹ ਦੋਵੇਂ ਪੁਣੇ ਵਿਚ ਮੌਜੂਦ ਸਨ। ਸੋਸ਼ਲ ਮੀਡੀਆ ਉੱਤੇ ਵੀ ਇਨ੍ਹਾਂ ਦੋਹਾਂ ਨੂੰ ‘ਦੇਸ਼ ਧਰੋਹੀ’ ਗਰਦਾਨਣ ਲਈ ਪੂਰਾ ਤਾਣ ਲਾਇਆ ਜਾ ਰਿਹਾ ਹੈ।

ਨਾਲ ਹੀ ਇਹ ਖਬਰ ਵੀ ਵਾਰ-ਵਾਰ ਪਰਸਾਰੀ ਜਾ ਰਹੀ ਹੈ ਕਿ ਜਿਗਨੇਸ਼ ਮੇਵਾਨੀ ਨੂੰ ਮੁੰਬਈ ਵਿਚ ਰੈਲੀ ਕਰਨ ਦੀ ਇਜਾਜ਼ਤ ਦੇਣ ਤੋਂ ਮਹਾਰਾਸ਼ਟਰ ਸਰਕਾਰ ਨੇ ਨਾਂਹ ਕਰ ਦਿੱਤੀ ਹੈ।

**

5 ਜਨਵਰੀ 2018

ਉਮਰ ਖਾਲਿਦ ਇਕ ਲੇਖ ਰਾਹੀਂ ਸਪਸ਼ਟ ਕਰਦਾ ਹੈ ਕਿ 31 ਦਸੰਬਰ ਨੂੰ ਪੁਣੇ ਵਿਖੇ ਐਲਗਾਰ ਪਰਿਸ਼ਦ ਨਾਂਅ ਦੀ ਜਿਸ ਸਭਾ ਵਿਚ ਉਹ ਸ਼ਾਮਲ ਹੋਏ ਸਨ ਉਹ ਨਿਰੋਲ ਦਲਿਤਾਂ ਜਾਂ ਅੰਬੇਡਕਰਵਾਦੀਆਂ ਦਾ ਸਮਾਗਮ ਨਹੀਂ ਸੀ, ਉਸ ਵਿਚ ਖੱਬੀਆਂ ਧਿਰਾਂ, ਆਦਿਵਾਸੀਆਂ, ਔਰਤਾਂ ਦੀਆਂ ਸੰਸਥਾਵਾਂ, ਘੱਟ ਗਿਣਤੀਆਂ ਅਤੇ ਮਰਾਠਾ ਧਿਰਾਂ ਦੇ ਨੁਮਾਇੰਦੇ ਵੀ ਹਿੱਸਾ ਲੈ ਰਹੇ ਸਨ। ਉਹ ਦੱਸਦਾ ਹੈ ਕਿ ਇਹ ਕਾਨਫਰੰਸ ਦੇਸ ਦੇ ਅਜੋਕੇ ਹਾਲਾਤ ਵਿਚ ਲਿਤਾੜੀਆਂ ਜਾਂਦੀਆਂ ਧਿਰਾਂ ਦੇ ਨੁਮਾਇੰਦਿਆਂ ਦੇ ਆਪਸੀ ਵਿਚਾਰ ਵਟਾਂਦਰੇ ਅਤੇ ਭਵਿੱਖ ਵਿਚ ਉਨ੍ਹਾਂ ਦੇ ਏਕੇ ਲਈ ਰਾਹ ਤਲਾਸ਼ਣ ਦੀ ਮਨਸ਼ਾ ਨਾਲ ਬੁਲਾਈ ਗਈ ਸੀ ਅਤੇ ਇਸੇ ਲਈ ਸਰਕਾਰ ਅਤੇ ਸਰਕਾਰੀ ਚੈਨਲ ਇਸ ਤੋਂ ਏਡੇ ਔਖੇ ਸਨ।

ਓਧਰ ਜਿਗਨੇਸ਼ ਮੇਵਾਨੀ ਦਿੱਲੀ ਵਿਚ ਪ੍ਰੈੱਸ ਕਾਨਫਰੰਸ ਕਰਕੇ ਨਾ ਸਿਰਫ਼ ਆਪਣੇ ਵਿਰੁੱਧ ਹੋ ਰਹੇ ਝੂਠੇ ਪਰਚਾਰ ਦਾ ਖੰਡਨ ਕਰਦਾ ਹੈ ਸਗੋਂ ਪਰਧਾਨ ਮੰਤਰੀ ਮੋਦੀ ਕੋਲੋਂ ਤਿੰਨ ਸਵਾਲ ਵੀ ਪੁੱਛਦਾ ਹੈ:

1. ਮਹਾਰਾਸ਼ਟਰ ਵਿਚ ਹੋਈ ਜਾਤ-ਅਧਾਰਤ ਹਿੰਸਾ ਬਾਰੇ ਅਜੇ ਤਕ ਪਰਧਾਨ ਮੰਤਰੀ ਨੇ ਕੋਈ ਬਿਆਨ ਕਿਉਂ ਨਹੀਂ ਦਿੱਤਾ?

2. ਕੀ ਦਲਿਤ ਸਮੂਹਾਂ ਕੋਲ ਆਪਣੇ ਦੇਸ ਵਿਚ ਸ਼ਾਂਤੀਪੂਰਵਕ ਰੈਲੀਆਂ ਕਰਨ ਦਾ ਅਧਿਕਾਰ ਨਹੀਂ ਹੈ?

3. ਪਰਧਾਨ ਮੰਤਰੀ ਮਨੂੰ ਸਮ੍ਰਿਤੀ ਨੂੰ ਮੰਨਦੇ ਹਨ ਜਾਂ ਇਸ ਦੇਸ ਦੇ ਸੰਵਿਧਾਨ ਨੂੰ?

ਮੀਡੀਆ ਨਾ ਤਾਂ ਉਮਰ ਦੇ ਸਪਸ਼ਟੀਕਰਣ ਨੂੰ ਅਤੇ ਨਾ ਹੀ ਜਿਗਨੇਸ਼ ਮੇਵਾਨੀ ਦੀ ਪ੍ਰੈੱਸ ਕਾਨਫਰੰਸ ਨੂੰ ਪੇਸ਼ ਕਰਨ ਦੇ ਰੌਂ ਵਿਚ ਦਿਸਦਾ ਹੈ। ਭੀਮਾ-ਕੋਰੇਗਾਓਂ ਦੀਆਂ ਘਟਨਾਵਾਂ ਦਾ ਵੀਡੀਓ ਨਸ਼ਰ ਹੋ ਜਾਣ ਕਾਰਨ (ਜਿਸ ਵਿਚ ਹਮਲਾਕਾਰੀਆਂ ਦੇ ਹੱਥ ਫੜਿਆ ਭਗਵਾ ਝੰਡਾ ਸਪਸ਼ਟ ਦਿਸਦਾ ਹੈ) ਹੁਣ ਸਰਕਾਰੀ ਮੀਡੀਏ ਨੇ ਜਿਗਨੇਸ਼ ਅਤੇ ਉਮਰ ਦੇ ਮੌਕੇ ’ਤੇ ਮੌਜੂਦ ਹੋਣ ਵਾਲਾ ਝੂਠ ਪਰਚਾਰਨਾ ਤਾਂ ਬੰਦ ਕਰ ਦਿੱਤਾ ਹੈ ਪਰ ਜਿਗਨੇਸ਼ ਦੇ ਭਾਸ਼ਣ ਵਿੱਚੋਂ ਇਕ ਟੂਕ ਫੜ ਲਈ ਹੈ ਜਿਸ ਵਿਚ ਉਸਨੇ ‘ਲੜਾਈ ਹੁਣ ਸੜਕਾਂ ਤੇ ਉੱਤਰ ਕੇ ਲੜਨੀ ਪਵੇਗੀ’ ਜਿਹੇ ਸ਼ਬਦ ਵਰਤੇ ਸਨ। ਇਨ੍ਹਾਂ ਛੇ ਸ਼ਬਦਾਂ ਨੂੰ ਹਿੰਸਾ ਭੜਕਾਉਣ ਦੇ ਖੁੱਲ੍ਹੇ ਸੱਦੇ ਵਾਂਗ ਗਰਦਾਨਿਆ ਜਾ ਰਿਹਾ ਹੈ।

ਜਿਗਨੇਸ਼ ਮੇਵਾਨੀ 9 ਜਨਵਰੀ ਨੂੰ ਦਿੱਲੀ ਵਿਖੇ ਯੁਵਾ ਹੁੰਕਾਰ ਰੈਲੀ ਕਰਨ ਦਾ ਵੀ ਐਲਾਨ ਕਰਦਾ ਹੈ ਜਿਸ ਵਿਚ ਦੇਸ ਭਰ ਦੇ ਵਿਦਿਆਰਥੀ ਅਤੇ ਨੌਜਵਾਨ ਆਗੂ ਸ਼ਾਮਲ ਹੋਣਗੇ ਅਤੇ ਦਲਿਤਾਂ ਤੇ ਘੱਟ-ਗਿਣਤੀਆਂ ਉੱਤੇ ਹੋ ਰਹੇ ਤਸ਼ੱਦਦ ਬਾਰੇ ਗੱਲ ਕੀਤੀ ਜਾਵੇਗੀ।

**

7-8 ਜਨਵਰੀ 2018

ਦਿੱਲੀ ਦਾ ਪੁਲਿਸ ਮੁਖੀ ਇਕ ਟਵੀਟ ਰਾਹੀਂ ਐਲਾਨ ਕਰਦਾ ਹੈ ਕਿ ਯੁਵਾ ਹੁੰਕਾਰ ਰੈਲੀ ਨਹੀਂ ਹੋਵੇਗੀ ਕਿਉਂਕਿ ਜਿਸ ਥਾਂ (ਪਾਰਲੀਆਮੈਂਟ ਮਾਰਗ) ਉੱਤੇ ਜਿਗਨੇਸ਼ ਮੇਵਾਨੀ ਨੇ ਲੋਕਾਂ ਨੂੰ ਸੱਦਿਆ ਹੈ, ਉੱਥੇ ਅਜਿਹੀਆਂ ਰੈਲੀਆਂ ਕਰਨ ਦੀ ਮਨਾਹੀ ਹੈ। ਪੁਲਿਸ ਮੁਖੀ ਦੀ ਇਸ ਟਵੀਟ ਨੂੰ ਸਾਰੇ ਸਰਕਾਰ ਪ੍ਰਸਤ ਚੈਨਲ ਬਹੁਤ ਉਤਸ਼ਾਹ ਨਾਲ ਉਛਾਲਦੇ ਹਨ।

ਇਸ ਟਵੀਟ ਨੂੰ ਮਸ਼ਹੂਰ ਵਕੀਲ ਪ੍ਰਸ਼ਾਂਤ ਭੂਸ਼ਣ ਚੈਲੰਜ ਕਰਦੇ ਹਨ ਕਿ ਮਨਾਹੀ ਜੰਤਰ ਮੰਤਰ ਵਾਲੇ ਹਿੱਸੇ ਵਿਚ ਰੈਲੀਆਂ ਕਰਨ ਉੱਤੇ ਹੈ, ਸੜਕ ਦੇ ਜਿਸ ਹਿੱਸੇ ਵਿਚ ਇਹ ਰੈਲੀ ਵਿਉਂਤੀ ਗਈ ਹੈ, ਉੱਥੇ ਅਜਿਹੀ ਕੋਈ ਰੋਕ ਨਹੀਂ। ਸੋ ਇਹ ਰੈਲੀ ਮਿਥੇ ਸਮੇਂ ਉੱਤੇ ਜ਼ਰੂਰ ਹੋਵੇਗੀ।

ਨਾ ਪੁਲਿਸ ਮੁਖੀ ਇਸ ਬਾਰੇ ਕੋਈ ਸਪਸ਼ਟੀਕਰਨ ਦੇਣ ਦੀ ਲੋੜ ਸਮਝਦਾ ਹੈ ਅਤੇ ਨਾ ਹੀ ਚੈਨਲ ਪ੍ਰਸ਼ਾਂਤ ਭੂਸ਼ਣ ਦੀ ਇਸ ਟਵੀਟ ਵੱਲ ਕੋਈ ਧਿਆਨ ਦੇਣ ਜਾਂ ਦੁਆਉਣ ਵਾਲੇ ਪਾਸੇ ਵੱਲ ਕਿਸੇ ਕਿਸਮ ਦਾ ਉਤਸ਼ਾਹ ਜ਼ਾਹਿਰ ਕਰਦੇ ਹਨ। ਸੋ, ਕੁਝ ਸਪਸ਼ਟ ਨਹੀਂ ਹੋ ਰਿਹਾ ਕਿ ਰੈਲੀ ਹੋਵੇਗੀ ਜਾਂ ਨਹੀਂ।

**

9 ਜਨਵਰੀ 2018 (ਸਵੇਰ)

ਸੋਸ਼ਲ ਮੀਡੀਆ ਉੱਤੇ ਵਿਦਿਆਰਥੀ ਲੀਡਰ ਸ਼ੈਲਾ ਰਾਸ਼ਿਦ ਦੇ ਬਿਆਨ ਤੋਂ ਪਤਾ ਲਗਦਾ ਹੈ ਕਿ ਰੈਲੀ ਹੋ ਰਹੀ ਹੈ। ਸਬੱਬੀਂ ਮੈਂ ਵੀ ਉਸ ਦਿਨ ਦਿੱਲੀ ਵਿਚ ਹਾਂ ਅਤੇ 11 ਕੁ ਵਜੇ ਪਾਰਲੀਮੈਂਟ ਮਾਰਗ ਜਾਂਦੀ ਬੱਸ ਫੜ ਲੈਂਦਾ ਹਾਂ। ਸਾਰਾ ਰਾਹ ਦਿੱਲੀ ਦੀਆਂ ਸੜਕਾਂ ਦੇ ਗੋਲ ਚੱਕਰਾਂ ਉੱਤੇ ਪਰਧਾਨ ਮੰਤਰੀ ਦੀ ਤਸਵੀਰ ਵਾਲੇ ਵੱਡੇ ਵੱਡੇ ਬੋਰਡ ਲੱਗੇ ਦਿਸਦੇ ਹਨ ਜੋ ਅਗਲੇ ਦਿਨ ਹੋਣ ਵਾਲੇ ਭਾਰਤੀ ਮੂਲ ਦੇ ਪਰਵਾਸੀ ਪਾਰਲੀਮੈਂਟ ਮੈਂਬਰਾਂ ਦੇ ਸਮਾਗਮ ਦਾ ਐਲਾਨ ਕਰ ਰਹੇ ਹਨ। ਇਨ੍ਹਾਂ ਗੋਲ ਚੱਕਰਾਂ ਉੱਤੇ ਸਿਰਫ਼ ਸਰਕਾਰੀ ਸਮਾਗਮਾਂ ਜਾਂ ਐਲਾਨਾਂ ਦੇ ਬੋਰਡ ਹੀ ਲਾਏ ਜਾ ਸਕਦੇ ਹਨ। ਪਰ ਜਦੋਂ ਮੇਰੀ ਬੱਸ ਕੇਂਦਰੀ ਦਿੱਲੀ ਵਿਚ ਦਾਖਲ ਹੋਕੇ ਪਾਰਲੀਮੈਂਟ ਮਾਰਗ ਤੋਂ ਕੁਝ ਹੀ ਦੂਰ ਰਹਿ ਜਾਂਦੀ ਹੈ ਤਾਂ ਪਰਧਾਨ ਮੰਤਰੀ ਦੇ ਚਿਹਰੇ ਵਾਲੇ ਬੋਰਡਾਂ ਦੇ ਨਾਲ ਨਾਲ ਇਕ ਹੋਰ ਬੋਰਡ ਵੀ ਲੱਗਾ ਹੋਇਆ ਦਿਸਦਾ ਹੈ। ਇਸ ਉੱਤੇ ਜਿਗਨੇਸ਼ ਮੇਵਾਨੀ ਦਾ ਚਿਹਰਾ ਹੈ ਅਤੇ ਇਬਾਰਤ ਹੈ - ਭਗੌੜਾ ਜਿਗਨੇਸ਼ ਮੇਵਾਨੀ। ਤਿੰਨ ਗੋਲ ਚੱਕਰਾਂ ਉੱਤੇ ਇਸ ਅਜੀਬ ਵਰਤਾਰੇ ਨੂੰ ਦੇਖਕੇ ਮੈਂ ਹੈਰਾਨ ਹੁੰਦਾ ਹਾਂ। ਇਸ ਰਾਖਵੀਂ ਸਰਕਾਰੀ ਥਾਂ ਉੱਤੇ ਇਹ ਕਿਹੋ ਜਿਹੇ ਬੋਰਡ ਹਨ ਅਤੇ ਸਰਕਾਰ ਕਹਿਣਾ ਕੀ ਚਾਹੁੰਦੀ ਹੈ, ਕਿ ਜਿਗਨੇਸ਼ ਮੇਵਾਨੀ ਦੀ ਰੈਲੀ ਨਹੀਂ ਹੋ ਰਹੀ? ਸਰਕਾਰ ਨੇ ਕਦੋਂ ਤੋਂ ਇਹੋ ਜਿਹੀਆਂ ਸੂਚਨਾਵਾਂ ਦੇਣ ਦਾ ਕੰਮ ਫੜ ਲਿਆ ਹੈ ਕਿ ਰਾਤੋ-ਰਾਤ ਇਹ ਮਹਿੰਗੇ ਬੋਰਡ ਤਿਆਰ ਕਰਕੇ ਚੌਕਾਂ ਉੱਤੇ ਫਿਟ ਕਰ ਦਿੱਤੇ ਹਨ?

ਇੰਨੇ ਨੂੰ ਬੱਸ ਪਟੇਲ ਚੌਕ ਪਹੁੰਚ ਜਾਂਦੀ ਹੈ, ਰੈਲੀ ਸਥਲ ਦੇ ਐਨ ਨੇੜੇ ਬੱਸ ਤੋਂ ਉੱਤਰਦਿਆਂ ਹੀ ਸਖਤ ਬੰਦੋਬਸਤ ਨਜ਼ਰੀਂ ਪੈਂਦਾ ਹੈ: ਚਿਤਕਬਰੇ ਫੌਜੀ ਪਹਿਰਾਵੇ ਵਿਚ ਕਮਾਂਡੋ ਦਸਤੇ, ਹੰਝੂ ਗੈਸ ਛਡਣ ਵਾਲੀਆਂ ਗੱਡੀਆਂ, ਪਾਣੀ ਦੀ ਤੇਜ਼ ਬੌਛਾਰ ਰਾਹੀਂ ਭੀੜਾਂ ਖਦੇੜਨ ਵਾਲੇ ਬਖਤਰਬੰਦ ਟਰੱਕ, ਦਿੱਲੀ ਪੁਲਿਸ ਅਤੇ ਨੀਮ-ਫੌਜੀ ਦਸਤਿਆਂ ਦੀਆਂ ਬੱਸਾਂ। ਗੱਲ ਕੀ, ਇੱਥੇ ਸਿਰਫ਼ ਟੈਂਕਾਂ ਦੀ ਘਾਟ ਜਾਪਦੀ ਹੈ, ਬਾਕੀ ਸਾਰੀ ਤਿਆਰੀ ਇਵੇਂ ਹੈ ਜਿਵੇਂ ਲਾਮ ਲੱਗਣ ਵਾਲੀ ਹੋਵੇ। ਪਰ ਇਸ ਸਾਰੇ ਲਾਹੋ ਲਸ਼ਕਰ ਵਿਚ ਇਹ ਸਮਝ ਨਹੀਂ ਪੈਂਦੀ ਕਿ ਇਸ ਘੇਰਾਬੰਦੀ ਨੂੰ ਪਾਰ ਕਰਨ ਦਾ ਵੀ ਕੋਈ ਰਾਹ ਹੈ ਜਾਂ ਨਹੀਂ! ਹਰ ਪਾਸੇ ਬੈਰੀਕੇਡ, ਹਰ ਰਾਹ ਉੱਤੇ ਰੋਕਾਂ। ਸਰਕਾਰੀ ਬੰਦੋਬਸਤ ਦਾ ਇਹ ਸ਼ਕਤੀ ਪ੍ਰਦਰਸ਼ਨ ਇੰਨਾ ਦਿਲ ਘਬਰਾਊ ਹੈ ਕਿ ਹਾਂਈਂ-ਮਾਂਈਂ ਉੱਥੇ ਵੜਨ ਦੀ ਹਿੰਮਤ ਹੀ ਗੁਆ ਬੈਠੇ। ਇੰਨੇ ਨੂੰ ਕੰਧ ਦੇ ਨਾਲ ਨਾਲ, ਜਿੱਥੇ ਦੰਗਾ-ਪੁਲਿਸ ਦੇ ਸਿਪਾਹੀ ਹੱਥ ਵਿਚ ਪਾਰਦਰਸ਼ੀ ਢਾਲਾਂ ਅਤੇ ਧਾਤ ਦੇ ਬਣੇ ਡੰਡੇ ਲੈ ਕੇ ਪਾਲ ਬੰਨ੍ਹੀਂ ਖੜ੍ਹੇ ਹਨ, ਦੋ ਬੈਰੀਕੇਡਾਂ ਵਿਚਕਾਰ ਛੱਡੀ ਗਈ, ਮਸੀਂ ਇਕ ਬੰਦੇ ਦੇ ਲੰਘਣ ਜੋਗੀ ਵਿਥ ਮੈਨੂੰ ਦਿਸ ਜਾਂਦੀ ਹੈ। ਉਬਾਸੀਆਂ ਲੈ ਰਹੇ ਸਿਪਾਹੀਆਂ (ਜਿਹੜੇ ਸ਼ਾਇਦ ਪਹੁ ਫੁਟਾਲੇ ਤੋਂ ਉੱਥੇ ਤੈਨਾਤ ਹਨ) ਦੇ ਤਕਰੀਬਨ ਨਾਲ ਨਾਲ ਖਹਿਸਰਦਾ ਮੈਂ ਇਹੋ ਜਿਹੇ ਤਿੰਨ ਮਰਹਲੇ ਪਾਰ ਕਰਦਾ ਹਾਂ। ਹਰ ਦਸ-ਦਸ ਫੁੱਟ ਦੀ ਵਿਥ ਤੇ ਬੈਰੀਕੇਡਾਂ ਦੀ ਇਕ ਹੋਰ ਵਾੜ ਹੈ। ਨਾ ਚਾਹੁੰਦਿਆਂ ਵੀ ਮੇਰੀ ਮੁਸਕੜੀ ਨਿਕਲ ਜਾਂਦੀ ਹੈ: ਡਰਾਉਣ ਦੀ ਕੋਸ਼ਿਸ਼ ਕਰ ਰਹੀ ਸਰਕਾਰ ਸਗੋਂ ਆਪ ਡਰੀ ਹੋਈ ਜਾਪਦੀ ਹੈ।

ਹੁਣ ਮੈਂ ਸਟੇਜ ਵਾਲੇ ਪਾਸਿਓਂ ਰੈਲੀ ਵਾਲੀ ਥਾਂ ਦਾਖਲ ਹੋ ਗਿਆ ਹਾਂ। ਦੋ-ਢਾਈ ਸੌ ਬੰਦਾ ਏਧਰ ਓਧਰ ਫਿਰ ਰਿਹਾ ਹੈ, ਜਿਸ ਵਿਚ ਅੱਧੇ ਕੁ ਤਾਂ ਮੀਡੀਆ ਵਾਲੇ ਹਨ। ਰੈਲੀ ਨੇ ਬਾਰਾਂ ਵਜੇ ਸ਼ੁਰੂ ਹੋਣਾ ਸੀ ਪਰ ਅਜੇ ਸਟੇਜ ਵੀ ਖਾਲੀ ਹੈ ਅਤੇ ਸਾਹਮਣੇ ਪਈਆਂ ਪੰਦਰਾਂ ਕੁ ਸੌ ਕੁਰਸੀਆਂ ਦਾ ਬਹੁਤਾ ਹਿੱਸਾ ਵੀ। ਮੈਨੂੰ ਜਾਪਦਾ ਹੈ ਕਿ ਸਰਕਾਰੀ ਪਰਚਾਰ ਆਪਣੇ ਭੰਬਲਭੂਸਾ ਪਾਊ ਮਨਸੂਬਿਆਂ ਵਿਚ ਕਾਮਯਾਬ ਹੋ ਗਿਆ ਹੈ ਅਤੇ ਬਹੁਤੇ ਲੋਕਾਂ ਨੇ ਰੈਲੀ ਰੱਦ ਹੋ ਗਈ ਸਮਝ ਲਈ ਹੈ ਪਰ ਸਟੇਜ ਤੋਂ ਵਾਰ-ਵਾਰ ਸੂਚਨਾ ਦਿੱਤੀ ਜਾ ਰਹੀ ਹੈ ਕਿ ਜਿਗਨੇਸ਼ ਮੇਵਾਨੀ, ਉਮਰ ਖਾਲਿਦ, ਕਨ੍ਹਈਆ ਕੁਮਾਰ, ਗੋਗੋਈ, ਰਿਚਾ ਕੁਮਾਰ ਅਤੇ ਹੋਰ ਵਿਸ਼ਵਵਿਦਿਆਲਿਆਂ ਦੇ ਵਿਦਿਆਰਥੀ ਆਗੂ ਪਹੁੰਚ ਰਹੇ ਹਨ ਅਤੇ ਰਾਹ ਵਿਚ ਹਨ। (ਬਾਅਦ ਵਿਚ ਪਤਾ ਲਗਦਾ ਹੈ ਕਿ ਦਿੱਲੀ ਪੁਲਸ ਨੇ ਬਾਰਡਰ ਸੀਲ ਕਰਕੇ ਥਾਂ ਥਾਂ ਪੜਤਾਲ-ਨਾਕੇ ਲਾਏ ਹੋਏ ਸਨ, ਜਿਸ ਕਾਰਨ ਰੈਲੀ ਵਿਚ ਪਹੁੰਚਣ ਵਾਲਿਆਂ ਨੂੰ ਦੇਰ ਹੋਈ।)

ਜਿੰਨੇ ਕੁ ਲੋਕ ਇਸ ਵੇਲੇ ਪਹੁੰਚੇ ਹੋਏ ਹਨ, ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਦੇ ਹੱਥਾਂ ਵਿਚ ਭੀਮ ਸੈਨਾ ਦੇ ਆਗੂ ਚੰਦਰਸ਼ੇਖਰ ਦੀਆਂ ਤਸਵੀਰਾਂ ਹਨ। ਪਿਛਲੇ ਸਾਲ ਸਹਾਰਨਪੁਰ ਵਿਚ ਹੋਈ ਦਲਿਤ-ਵਿਰੋਧੀ ਹਿੰਸਾ ਤੋਂ ਬਾਅਦ ਚੰਦਰਸ਼ੇਖਰ ਨੂੰ ਕੇਂਦਰੀ ਸੁਰੱਖਿਆ ਐਕਟ ਤਹਿਤ ਗਿਰਫਤਾਰ ਕਰ ਲਿਆ ਗਿਆ ਸੀ। ਇਹ ਲੋਕ ‘ਜੈ ਭੀਮ’ ਅਤੇ ‘ਚੰਦਰ ਸ਼ੇਖਰ ਨੂੰ ਫੌਰਨ ਰਿਹਾ ਕਰੋ’ ਦੇ ਨਾਅਰੇ ਲਾ ਰਹੇ ਹਨ। ਮੀਡੀਏ ਵਾਲੇ ਇਨ੍ਹਾਂ ਮੁਜ਼ਾਹਰਾਕਾਰੀਆਂ ਨੂੰ ਫਿਲਮਾਉਣ ਲਈ ਨੇੜੇ ਆਉਂਦੇ ਹਨ ਤਾਂ ਅਰਨਬ ਗੋਸਵਾਮੀ ਦੇ ‘ਰਿਪਬਲਿਕ’ ਅਤੇ ਸੁਭਾਸ਼ ਚੰਦਰ ਦੇ ‘ਜ਼ੀ ਟੀ ਵੀ’ ਦੇ ਨੁਮਾਇੰਦਿਆਂ ਨੂੰ ਵੀ ਉਨ੍ਹਾਂ ਵਿਚ ਸ਼ਾਮਲ ਦੇਖਕੇ ਇਹ ਲੋਕ ਭੜਕ ਉੱਠਦੇ ਹਨ। ਹੁਣ ਨਾਅਰੇ ਇਨ੍ਹਾਂ ਦੋਹਾਂ ਸਰਕਾਰ ਪ੍ਰਸਤ ਚੈਨਲਾਂ ਦੇ ਵਿਰੁੱਧ ਸ਼ੁਰੂ ਹੋ ਜਾਂਦੇ ਹਨ। ਇਕ ਜਣਾ ਉੱਠ ਕੇ ਜ਼ੀ ਦੇ ਨੁਮਾਇੰਦੇ ਨੂੰ ਸਿੱਧਾ ਸਵਾਲ ਕਰਦਾ ਹੈ ਕਿ ਜਦ ਦੋ ਦਿਨ ਤੋਂ ਉਹ ਪਰਚਾਰ ਰਹੇ ਸਨ ਕਿ ਰੈਲੀ ਹੋ ਹੀ ਨਹੀਂ ਰਹੀ ਤਾਂ ਉਹ ਹੁਣ ਇੱਥੇ ਕੀ ਲੈਣ ਆਏ ਹਨ? ਚੰਦਰ ਸ਼ੇਖਰ ਦੇ ਹੱਕ ਵਿਚ, ਅਤੇ ਜ਼ੀ/ਰਿਪਬਲਿਕ ਚੈਨਲਾਂ ਦੇ ਵਿਰੋਧ ਵਿਚ ਨਾਅਰਿਆਂ ਦੀ ਸੁਰ ਉਚੇਰੀ ਹੁੰਦੀ ਜਾ ਰਹੀ ਹੈ।

ਇਕ ਵਜੇ ਦੇ ਕਰੀਬ ਕਾਫ਼ੀ ਲੋਕ ਪਹੁੰਚ ਜਾਂਦੇ ਹਨ ਅਤੇ ਛੇਤੀ ਹੀ ਜਿਗਨੇਸ਼ ਮੇਵਾਨੀ ਸਮੇਤ ਹੋਰ ਵਿਦਿਆਰਥੀ ਆਗੂ ਵੀ। ਸਟੇਜ ਤੋਂ ਸਾਰਿਆਂ ਨੂੰ ਨਾਅਰੇਬਾਜ਼ੀ ਬੰਦ ਕਰਨ ਅਤੇ ਬਹਿ ਜਾਣ ਦੀਆਂ ਅਪੀਲਾਂ ਵਾਰ-ਵਾਰ ਹੋ ਰਹੀਆਂ ਹਨ। ਸ਼ੈਲਾ ਰਾਸ਼ਿਦ ਇਕ ਅਹਿਮ ਸੂਚਨਾ ਦੇਂਦੀ ਹੈ - ਜਿਵੇਂ ਇਸ ਰੈਲੀ ਨੂੰ ਅਸਫ਼ਲ ਕਰਨ ਲਈ ਲਗਾਤਾਰ ਝੂਠ ਬੋਲਿਆ ਗਿਆ, ਉਸ ਨੂੰ ਦੇਖਦੇ ਹੋਏ ਭਵਿੱਖ ਵਿਚ ਤਾਲਮੇਲ ਰੱਖਣ ਲਈ ਇਕ ਮੋਬਾਈਲ ਨੰਬਰ ਮਿਥਿਆ ਗਿਆ ਹੈ। ਸ਼ੈਲਾ ਬੋਲ ਰਹੀ ਹੈ,ਸਾਡੇ ਕੋਲ ਝੂਠੇ ਪਰਚਾਰ ਦਾ ਖੰਡਨ ਕਰਦੀ ਇਸ਼ਤਿਹਾਰਬਾਜ਼ੀ ਕਰਨ ਲਈ ਆਰਥਕ ਵਸੀਲੇ ਨਹੀਂ, ਸੋ ਇਹ ਨੰਬਰ ਨੋਟ ਕਰ ਲਵੋ: 99599 02277. ਯੁਵਾ ਮੰਚ ਦੇ ਇਸ ਨੰਬਰ ਉੱਤੇ ਐੱਸ ਐੱਮ ਐੱਸ ਰਾਹੀਂ ਆਪਣਾ ਪਿਨ ਕੋਡ ਅਤੇ ਨਾਂਅ ਭੇਜ ਦੇਵੋ। ਅਸੀ ਆਪਣੀ ਹਰ ਕਾਰਵਾਈ ਜਾਂ ਰੈਲੀ ਦੀ ਜਾਣਕਾਰੀ ਇਸ ਜ਼ਰੀਏ ਤੁਹਾਨੂੰ ਭੇਜ ਦਿਆ ਕਰਾਂਗੇ।”

ਮੈਂ ਨੰਬਰ ਨੋਟ ਕਰਕੇ ਉਸੇ ਵੇਲੇ ਆਪਣਾ ਨਾਂਅ ਅਤੇ ਪਿਨਕੋਡ ਭੇਜ ਦੇਂਦਾ ਹਾਂ। ਸਟੇਜ ਤੋਂ ਵਿਦਿਆਰਥੀ ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲੀ ਪਾਲ ਵਿਚ ਬੈਠਾ ਮੈਂ ਪਿੱਛੇ ਵੱਲ ਝਾਤ ਮਾਰਦਾ ਹਾਂ: ਦੋ ਤੋਂ ਤਿੰਨ ਹਜ਼ਾਰ ਲੋਕ ਇਕੱਤਰ ਹੋ ਚੁੱਕੇ ਹਨ।

**

9 ਜਨਵਰੀ (ਸ਼ਾਮ)

ਤਿੰਨ ਵਜੇ, ਜਦੋਂ ਰੈਲੀ ਪੂਰੀ ਭਖੀ ਹੋਈ ਸੀ ਅਤੇ ਕਈ ਹੋਰਨਾਂ ਨੌਜਵਾਨ ਆਗੂਆਂ ਤੋਂ ਮਗਰੋਂ ਜਿਗਨੇਸ਼ ਮੇਵਾਨੀ ਬੋਲ ਰਿਹਾ ਸੀ। ਕੁਝ ਪਹਿਲੋਂ ਮਿਥੇ ਰੁਝੇਵਿਆਂ ਕਾਰਨ ਮੈਨੂੰ ਰੈਲੀ ਵਿੱਚੇ ਛੱਡ ਕੇ ਜਾਣਾ ਪਿਆ।

ਸ਼ਾਮ ਦੇ ਛੇ ਵੱਜ ਰਹੇ ਹਨ। ਮੈਂ ਟੀ ਵੀ ਚਾਲੂ ਕਰਦਾ ਹਾਂ। ਰੈਲੀ ਵਿਚ ਖਾਲੀ ਪਈਆਂ ਕੁਰਸੀਆਂ ਦੀ ਤਸਵੀਰ ਦਿਖਾਈ ਜਾ ਰਹੀ ਹੈ, ਜੋ ਸ਼ਾਇਦ 12 ਕੁ ਵਜੇ ਲੈ ਲਈ ਗਈ ਸੀ। ਨਾਲ ਹੀ ਇਸ ਨੂੰ ‘ਜਿਗਨੇਸ਼ ਮੇਵਾਨੀ ਦਾ ਫਲਾਪ ਸ਼ੋਅ’ ਗਰਦਾਨਿਆ ਜਾ ਰਿਹਾ ਹੈ ਜਿਸ ਵਿਚ ਮੁਸ਼ਕਲ ਨਾਲ ਡੇਢ-ਦੋ ਸੌ ਬੰਦਾ ਹੀ ਪਹੁੰਚਿਆ। ਕੁਝ ਖਿਝ, ਅਤੇ ਕੁਝ ਤ੍ਰਿਸਕਾਰ ਨਾਲ ਮੈਂ ਟੀ ਵੀ ਬੰਦ ਕਰ ਦੇਂਦਾ ਹਾਂ। ਡੇਢ-ਦੋ ਸੌ ਤਾਂ ਉੱਥੇ ਮੀਡੀਏ ਵਾਲੇ ਹੀ ਪਹੁੰਚੇ ਹੋਏ ਸਨ। ਝੂਠ ਨੂੰ ਸੱਚ ਅਤੇ ਸੱਚ ਨੂੰ ਝੂਠ ਕਹਿਣ ਦੇ ਇਸ ਦੌਰ ਵਿਚ ਜਾਂ ਬੰਦਾ ਖਿਝ ਸਕਦਾ ਹੈ, ਜਾਂ ਵਰਗਲਾਇਆ ਜਾ ਸਕਦਾ ਹੈ।

**

12 ਜਨਵਰੀ 2018

SupremeCJudges2ਦੁਪਹਿਰ ਦੇ ਇਕ ਵਜੇ ਲੰਡਨ ਤੋਂ ਮੇਰੇ ਬਜ਼ੁਰਗ ਮਿਤਰ ਸਰਵਣ ਜ਼ਫਰ ਦਾ ਫੋਨ ਆਉਂਦਾ ਹੈ। ਉਹ ਪੁੱਛ ਰਹੇ ਹਨ ਕਿ ਮੈਂ ਇਸ ਵੇਲੇ ਟੀ ਵੀ ਚਾਲੂ ਕੀਤਾ ਹੋਇਆ ਹੈ ਜਾਂ ਨਹੀਂ? ਟੀ ਵੀ ਤਾਂ ਮੈਂ ਦੇਖਦਾ ਹੀ ਨਹੀਂ, ਕਿਉਂਕਿ ਮੇਰਾ ਹੁਣ ਚੈਨਲਾਂ ਉੱਤੇ ਯਕੀਨ ਹੀ ਨਹੀਂ ਰਿਹਾ। ਪਰ ਜ਼ਫਰ ਜੀ ਕੁਝ ਘਬਰਾਏ ਹੋਏ ਹਨ ਕਿ ਕਿਤੇ ਐਮਰਜੰਸੀ ਤਾਂ ਨਹੀਂ ਲੱਗਣ ਵਾਲੀ। ਉਨ੍ਹਾਂ ਦੇ ਦੱਸਣ ਮੁਤਾਬਿਕ ਟੀ ਵੀ ਉੱਤੇ ਇਸ ਸਮੇਂ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਦੀ ਪ੍ਰੈੱਸ ਕਾਨਫ਼ਰੰਸ ਚੱਲ ਰਹੀ ਹੈ ਜੋ ਕਹਿ ਰਹੇ ਹਨ ਕਿ ਲੋਕਤੰਤਰ ਖਤਰੇ ਵਿਚ ਹੈ ਅਤੇ ਹੁਣ ਉਹ ਚੁੱਪ ਨਹੀਂ ਰਹਿ ਸਕਦੇ।

ਮੈਨੂੰ ਪਤਾ ਹੈ ਕਿ ਸੁਪਰੀਮ ਕੋਰਟ ਦੇ ਸਰਕਾਰ ਦੇ ਦਬਾਅ ਹੇਠ ਹੋਣ ਦੀਆਂ ਚਿਹਮਗੋਈਆਂ ਕੁਝ ਸਮੇਂ ਤੋਂ ਚੱਲ ਰਹੀਆਂ ਹਨ। ਅਜੇ ਕੱਲ੍ਹ ਹੀ ਮੈਂ ‘ਇੰਡੀਅਨ ਐਕਪ੍ਰੈੱਸ’ ਵਿਚ ਸੀਨੀਅਰ ਵਕੀਲ ਦੁਸ਼ਿਅੰਤ ਦਵੇ ਦਾ ਇਸੇ ਮਸਲੇ ਬਾਰੇ ਛਪਿਆ ਲੇਖ ਪੜ੍ਹਿਆ ਸੀ। ਪਰ, ਸੁਪਰੀਮ ਕੋਰਟ ਦੇ ਜੱਜਾਂ ਦੀ ਇਹੋ ਜਿਹੀ ਪ੍ਰੈੱਸ ਕਾਨਫ਼ਰੰਸ ਤਾਂ ਕਿਆਸੀ ਵੀ ਨਹੀਂ ਜਾ ਸਕਦੀ। ਕੋਈ ਬਹੁਤ ਗੰਭੀਰ ਗੱਲ ਹੋ ਗਈ ਹੈ। ਮਨ ਵਿੱਚੋਂ ਇਹ ਵੀ ਲੰਘਦਾ ਹੈ ਕਿ ਅੱਜ ਹੀ ਤਾਂ ਜਸਟਿਸ ਲੋਇਆ ਦੀ ਭੇਤ-ਭਰੇ ਹਾਲਾਤ ਵਿਚ ਹੋਈ ਮੌਤ ਬਾਰੇ ਬੈਂਚ ਥਾਪਿਆ ਜਾਣਾ ਸੀ।

ਪ੍ਰੈੱਸ ਕਾਨਫ਼ਰੰਸ ਖਤਮ ਹੋ ਚੁੱਕੀ ਹੈ ਪਰ ਇੰਟਰਨੈੱਟ ਫਰੋਲਿਆਂ ਇਹ ਪਤਾ ਲੱਗ ਜਾਂਦਾ ਹੈ ਕਿ ਮਾਣਯੋਗ ਚਾਰ ਜੱਜਾਂ ਨੇ ਪ੍ਰੈੱਸ ਵੱਲ ਸਿੱਧੇ ਮੁਖਾਤਬ ਹੋਣ ਦਾ ਇਹੋ ਜਿਹਾ ਕਦਮ ਕਿਉਂ ਚੁੱਕਿਆ। ਸੀਨੀਆਰਟੀ ਦੇ ਪੱਖੋਂ ਇਹ ਚਾਰੇ ਜੱਜ ਚੀਫ਼ ਜਸਟਿਸ ਮਿਸ਼ਰਾ ਤੋਂ ਬਾਅਦ ਸਭ ਤੋਂ ਉੱਪਰ ਆਉਂਦੇ ਹਨ ਅਤੇ ਇਨ੍ਹਾਂ ਵਿੱਚੋਂ ਇਕ, ਜਸਟਿਸ ਰੰਜਨ ਗੋਗੋਈ, ਦੀ ਇਸ ਸਾਲ ਅਕਤੂਬਰ ਵਿਚ ਖੁਦ ਚੀਫ਼ ਜਸਟਿਸ ਬਣਨ ਦੀ ਵਾਰੀ ਹੈ। ਅੱਜ ਸਵੇਰੇ ਇਹ ਚਾਰੇ ਆਪਣੇ ਮੁਖੀ ਜੱਜ ਮਿਸ਼ਰਾ ਨੂੰ ਮਿਲਣ ਉਸਦੇ ਘਰ ਗਏ ਅਤੇ ਸੁਪਰੀਮ ਕੋਰਟ ਦੀ ਕਾਰਗੁਜ਼ਾਰੀ ਅਤੇ ਸੁਤੰਤਰ ਹੋਂਦ ਬਾਰੇ ਆਪਣੇ ਗੰਭੀਰ ਖਦਸ਼ੇ ਸਾਂਝੇ ਕੀਤੇ ਅਤੇ ਕਿਹਾ ਕਿ ਇਸ ਵੇਲੇ ਜੇਕਰ ਨਿਆਂਪਾਲਕਾ ਨੂੰ ਨਾ ਬਚਾਇਆ ਗਿਆ ਤਾਂ ਦੇਸ ਵਿਚ ਲੋਕਤੰਤਰ ਹੀ ਨਹੀਂ ਬਚ ਸਕੇਗਾ। ਪਰ ਜਸਟਿਸ ਮਿਸ਼ਰਾ ਦੇ ਰਵਈਏ ਨੂੰ ਦੇਖਦੇ ਹੋਏ ਉਨ੍ਹਾਂ ਨੇ ਉਸ ਨੂੰ ਇਕ ਸਾਂਝਾ ਖਤ ਲਿਖ ਕੇ ਆਪਣੇ ਸਾਰੇ ਤੌਖਲੇ ਲਿਖਤੀ ਰੂਪ ਵਿਚ ਪੇਸ਼ ਕਰ ਦਿੱਤੇ ਹਨ ਅਤੇ ਇਹੋ ਜਿਹੀ ਪ੍ਰੈੱਸ ਕਾਨਫ਼ਰੰਸ ਸੱਦਣ ਉੱਤੇ ਮਜਬੂਰ ਹੋਏ ਹਨ।

ਸਿੱਧੀ ਦੂਸ਼ਣਬਾਜ਼ੀ ਤੋਂ ਰਹਿਤ, ਅਤੇ ਸੰਜਮ ਅਤੇ ਮਰਿਆਦਾ ਨਾਲ ਲਿਖੇ ਗਏ ਇਸ ਖਤ ਨੂੰ ਪੜ੍ਹ ਕੇ ਉਨ੍ਹਾਂ ਦੇ ਦੋ ਗੱਲਾਂ ਵੱਲ ਇਸ਼ਾਰੇ ਸਪਸ਼ਟ ਦਿਸਦੇ ਹਨ ਕਿ ਮਾਣਯੋਗ ਜੱਜਾਂ ਨੂੰ ਇਕ ਇਤਰਾਜ਼ ਤਾਂ ਇਸ ਗੱਲ ’ਤੇ ਹੈ ਕਿ ਪਿਛਲੇ ਕੁਝ ਸਮੇਂ ਤੋਂ ਜੱਜਾਂ ਦੀ ਨਿਯੁਕਤੀ ਵਿਚ ਰਾਜਨੀਤਕ ਦਖਲਅੰਦਾਜ਼ੀ ਅਤੇ ਦਬਾਅ ਚੱਲ ਰਿਹਾ ਹੈ, ਅਤੇ ਦੂਜੇ ਅਹਿਮ ਮੁੱਦਿਆਂ/ਲੋਕਾਂ ਨਾਲ ਜੁੜੇ ਮੁਕੱਦਮਿਆਂ ਸਮੇਂ ਨਿਆਂ ਕਰਨ ਵਾਲੇ ਬੈਂਚ ਨੂੰ ਥਾਪਣ ਵੇਲੇ ਸਥਾਪਤ ਨੇਮ ਤੋੜ ਕੇ ਇਹੋ ਜਿਹੇ ਮੁਕੱਦਮੇ ਮਨਮਰਜ਼ੀ ਦੇ ਜੱਜਾਂ ਦੇ ਹਵਾਲੇ ਕੀਤੇ ਜਾਂਦੇ ਹਨ।

ਜਸਟਿਸ ਲੋਇਆ ਦੀ ਮੌਤ ਦਾ ਮੁਕੱਦਮਾ ਸਿੱਧਾ ਭਾਜਪਾ ਪਰਧਾਨ ਅਮਿਤ ਸ਼ਾਹ ਨਾਲ ਜੁੜਦਾ ਹੋਣ ਕਾਰਨ ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਇਕ ਪੱਤਰਕਾਰ ਨੇ ਪੁੱਛ ਹੀ ਲਿਆ ਕਿ ਖਤ ਵਿਚਲਾ ‘ਮੁਕੱਦਮਿਆਂ ਨੂੰ ਮਨਮਰਜ਼ੀ ਦੇ ਜੱਜਾਂ ਦੇ ਹਵਾਲੇ’ ਕਰਨ ਵਾਲਾ ਇਸ਼ਾਰਾ ਜਸਟਿਸ ਲੋਇਆ ਦੀ ਭੇਦਭਰੇ ਹਾਲਾਤ ਵਿਚ ਹੋਈ ਮੌਤ ਦੀ ਤਫ਼ਤੀਸ਼ ਵਲ ਤਾਂ ਨਹੀਂ? ਜਸਟਿਸ ਰੰਜਨ ਗੋਗੋਈ ਨੇ ਇਸ ਦਾ ਜਵਾਬ ਸਪਸ਼ਟ ‘ਹਾਂ’ ਵਿਚ ਦਿੱਤਾ ਹੈ।

ਅੱਜ ਦਾ ਇਹ ਘਟਨਾਚੱਕਰ ਇੰਨਾ ਲਾਮਿਸਾਲ ਅਤੇ ਚੌਂਕਾਊ ਹੈ, ਅਤੇ ਸਾਡੇ ਦੇਸ ਦੇ ਭਵਿੱਖ ਬਾਰੇ ਇੰਨੇ ਵੱਡੇ ਸਵਾਲ ਖੜ੍ਹੇ ਕਰਦਾ ਹੈ ਕਿ ਇਸ ਬਾਰੇ ਬਹਿਸ ਲੰਮੀ ਚੱਲੇਗੀ ਅਤੇ ਗੰਭੀਰ ਰੁਖ ਅਖਤਿਆਰ ਕਰੇਗੀ। ਮੈਂ ਦੂਰ ਬੈਠੇ ਸਾਥੀ ਸਰਵਣ ਜ਼ਫ਼ਰ ਵਾਂਗ ਇਹ ਤਾਂ ਨਹੀਂ ਸੋਚ ਰਿਹਾ ਕਿ ਐਮਰਜੈਂਸੀ ਲੱਗਣ ਵਾਲੀ ਹੈ, ਪਰ ਪਿਛਲੇ ਦਸ ਦਿਨਾਂ ਦੀ ਆਪਣੀ ਡਾਇਰੀ ਵਲ ਦੇਖਦਿਆਂ ਇਹ ਜ਼ਰੂਰ ਮਹਿਸੂਸ ਕਰ ਰਿਹਾ ਹਾਂ ਕਿ ਲੜਾਈ ਲੰਮੀ ਵੀ ਹੋਵੇਗੀ ਅਤੇ ਸ਼ਾਇਦ ਸੜਕਾਂ ’ਤੇ ਵੀ ਉੱਤਰਨਾ ਪਵੇ।

*****

(974)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author