Sukirat7ਇਹ ਗੱਲ ਹੋਰ ਵੀ ਖਤਰਨਾਕ ਇਸ ਲਈ ਜਾਪਦੀ ਹੈ ਕਿਉਂਕਿ ਭਰਮ ਅਤੇ ਅੰਧ-ਵਿਸ਼ਵਾਸ ਸਦੀਆਂ ਤੋਂ ਸਾਡੀ ਖਸਲਤ ...
(7 ਮਈ 2018)

 

ਤ੍ਰਿਪੁਰਾ ਦੇ ਨਵੇਂ ਚੁਣੇ ਨੌਜਵਾਨ ਮੁੱਖ ਮੰਤਰੀ ਬਿਪਲਬ ਦੇਬ ਦੇ ਨਿੱਤ ਨਵੇਂ ਚਮਤਕਾਰੀ ਕਥਨ ਖਬਰਾਂ ਹੀ ਨਹੀਂ ਲਤੀਫ਼ਿਆਂ ਦਾ ਵੀ ਬਾਇਸ ਬਣ ਰਹੇ ਹਨ। ਉਸਦੇ ਇਸ ਦਾਅਵੇ ਨੇ ਕਿ ‘ਇੰਟਰਨੈੱਟ ਤਾਂ ਮਹਾਭਾਰਤ ਦੇ ਸਮੇਂ ਦੀ ਭਾਰਤੀ ਕਾਢ ਹੈ ਅਤੇ ਉਸ ਵੇਲੇ ਵੀ ਸਾਡੇ ਦੇਸ ਵਿਚ ਮੌਜੂਦ ਸੀ’ ਨੇ ਤਾਂ ਲੋਕਾਂ ਦਾ ਵਿਸ਼ੇਸ਼ ਧਿਆਨ ਖਿੱਚਿਆ ਕਿਉਂਕਿ ਸ਼ੰਕਾਲੂ ਹੋਣ ਜਾਂ ਸ਼ਰਧਾਲੂ, ਅਜਕਲ ਸਾਰੇ ਹੀ ਇੰਟਰਨੈੱਟ ਦੀ ਭਰਪੂਰ ਵਰਤੋਂ ਕਰਦੇ ਹਨ। ਪਰ ਦੇਖਿਆ ਜਾਵੇ ਤਾਂ ਕਿਸੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਇਹੋ ਜਿਹਾ ਬਿਆਨ ਆਉਣਾ ਕੋਈ ਏਡੀ ਹੈਰਾਨੀਜਨਕ ਗੱਲ ਵੀ ਨਹੀਂ; ਸਾਡੇ ਦੇਸ ਦਾ ਪਰਧਾਨ ਮੰਤਰੀ ਖੁਦ ਕੁਝ ਵਰ੍ਹੇ ਪਹਿਲਾਂ ਮੁੰਬਈ ਵਿਚ ਡਾਕਟਰਾਂ ਦੇ ਸਮੂਹ ਨੂੰ ਸੰਬੋਧਨ ਕਰਦਿਆਂ ਇਹ ਦਾਅਵਾ ਕਰ ਚੁੱਕਾ ਹੈ ਕਿ ਪਲਾਸਟਿਕ ਸਰਜਰੀ ਦੀ ਸ਼ੁਰੂਆਤ ਪ੍ਰਾਚੀਨ ਭਾਰਤ ਵਿਚ ਹੋਈ ਸੀ ਅਤੇ ਗਣੇਸ਼ ਭਗਵਾਨ ਦੇ ਚਿਹਰੇ ਉੱਤੇ ਲੱਗੀ ਹਾਥੀ ਦੀ ਸੁੰਡ ਇਸ ਦਾ ਪਰਮਾਣ ਹੈ। ਮਿਥਿਹਾਸ ਅਧਾਰਤ ਅੰਧ-ਵਿਸ਼ਵਾਸ ਵਿਚ ਗੜੁੱਚੇ, ਅਤੇ ਵਿਗਿਆਨਕ ਸੋਚ ਨੂੰ ਤਿਲਾਂਜਲੀ ਦੇਂਦੇ ਅਜਿਹੇ ਕਥਨਾਂ ਦੀਆਂ ਹੋਰ ਬਹੁਤ ਸਾਰੀਆਂ ਮਿਸਾਲਾਂ ਪਿਛਲੇ ਸਾਲਾਂ ਵਿਚ ਸਾਹਮਣੇ ਆਈਆਂ ਹਨ। ਕਦੇ ਕੋਈ ਡਾਰਵਿਨ ਦੇ ਸਿਧਾਂਤ ਨੂੰ ਇਸ ਲਈ ਝੂਠਾ ਸਾਬਤ ਕਰਨ ਤੁਰ ਪੈਂਦਾ ਹੈ ਕਿ ਬਾਂਦਰ ਤੋਂ ਬੰਦਾ ਬਣਦਾ ਕਿਸਨੇ ਦੇਖਿਆ ਹੈ, ਤੇ ਕੋਈ ਹੋਰ ਇਹ ਦਾਅਵਾ ਕਰ ਦੇਂਦਾ ਹੈ ਕਿ ਸਟੀਫ਼ਨ ਹਾਕਿੰਗ ਵਰਗੇ ਵਿਗਿਆਨੀ ਨੇ ਵੀ ਮੰਨਿਆ ਹੈ ਕਿ ਸਾਡੇ ਵੇਦ ਆਈਨਸਟਾਈਨ ਦੇ ਸਿਧਾਂਤਾਂ ਤੋਂ ਵੀ ਵੱਧ ਵਿਗਿਆਨਕ ਹਨ। ਇਹੋ ਜਿਹੇ ਕਥਨ ਦਰਅਸਲ ਸਾਡੇ ਦੇਸ ਵਿਚ ਸਿਰਜੇ ਜਾ ਰਹੇ ਉਸ ਮਾਹੌਲ ਅਤੇ ਉਸ ਵਿਚਾਰਧਾਰਾ ਦੀ ਪੈਦਾਇਸ਼ ਹਨ ਜੋ ਤੱਥਾਂ ਦੀ ਥਾਂ ਫੋਕੇ ਦਮਗਜ਼ਿਆਂ ਅਤੇ ਸੁਧੇ ਝੂਠਾਂ ਰਾਹੀਂ ਆਪਣੀ ‘ਸ੍ਰੇਸ਼ਟਤਾ’ ਸਾਬਤ ਕਰਨ ਦੀ ਕਾਹਲ ਵਿਚ ਹੈ।

ਇਹੋ ਜਿਹੇ ਦਾਅਵੇ ਪੇਤਲੀ ਨਜ਼ਰੇ ਦੇਖਿਆਂ ਭਾਵੇਂ ਹਾਸੋ-ਹੀਣੇ ਜਾਪਦੇ ਹੋਣ, ਪਰ ਇਨ੍ਹਾਂ ਨੂੰ ਵਕਤੀ ਲਤੀਫ਼ੇ ਸਮਝ ਕੇ ਅੱਖੋਂ ਪਰੋਖੇ ਕਰਨਾ ਬਹੁਤ ਮਹਿੰਗਾ ਪਵੇਗਾ। ਪਾਂਸਰੇ ਜਾਂ ਕਲਬੁਰਗੀ ਵਰਗੇ ਸਰਗਰਮ ਤਰਕਸ਼ੀਲਾਂ ਉੱਤੇ ਹਮਲਿਆਂ ਨੂੰ ਅਸੀਂ ਦੇਖ ਚੁੱਕੇ ਹਾਂ, ਹੁਣ ਇਹ ਹਮਲਾ ਤਰਕਸ਼ੀਲਤਾ ਉੱਤੇ ਹੈ, ਵਿਗਿਆਨਕ ਸੋਚ ਉੱਤੇ ਹੈ। ਮਿਥਿਹਾਸਕ ਐਨਕਾਂ ਰਾਹੀਂ ਵਿਗਿਆਨਕ ਤੱਥਾਂ ਨੂੰ ਜੋਖਣ ਵਾਲੇ ਲੋਕ ਜਦੋਂ ਪਰਧਾਨ ਮੰਤਰੀ/ ਮੁੱਖ ਮੰਤਰੀ ਅਤੇ ਹੋਰ ਉਚੇ ਅਹੁਦਿਆਂ ਉੱਤੇ ਬਿਰਾਜਮਾਨ ਹੋਣ ਤਾਂ ਇਸ ਗੱਲ ਦਾ ਖਦਸ਼ਾ ਵਧਦਾ ਹੀ ਜਾਵੇਗਾ ਕਿ ਕੱਲ੍ਹ ਨੂੰ ਕਾਲਜਾਂ/ਵਿਸ਼ਵਵਿਦਿਆਲਿਆਂ ਦੇ ਸਿਲੇਬਸ ਕੀ ਹੋਣਗੇ, ਖੋਜ ਦੇ ਕਿਹੜੇ ਵਿਸ਼ਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਕਿਹੋ ਜਿਹੇ ਸੂਡੋ-ਵਿਗਿਆਨ ਨੂੰ ਵਿਗਿਆਨ ਦੇ ਨਾਂਅ ਹੇਠ ਪਰਸਾਰਿਆ ਜਾਵੇਗਾ! ਇਹ ਗੱਲ ਹੋਰ ਵੀ ਖਤਰਨਾਕ ਇਸ ਲਈ ਜਾਪਦੀ ਹੈ ਕਿਉਂਕਿ ਭਰਮ ਅਤੇ ਅੰਧ-ਵਿਸ਼ਵਾਸ ਸਦੀਆਂ ਤੋਂ ਸਾਡੀ ਖਸਲਤ ਵਿਚ ਡੂੰਘੇ ਧਸੇ ਹੋਏ ਹਨ। ‘ਸ਼ੁਭ ਮਹੂਰਤ’ ਦੇਖ ਕੇ ਨਵੇਂ ਘਰਾਂ ਜਾਂ ਦਫ਼ਤਰਾਂ ਵਿਚ ਪ੍ਰਵੇਸ਼ ਕਰਨ ਵਾਲੇ ਡਾਕਟਰਾਂ ਜਾਂ ਨਾਰੀਅਲ ਭੰਨ ਕੇ ਪੁਲਾੜ ਵਿਚ ਰਾਕਟ ਛੱਡਣ ਵਾਲੇ ਵਿਗਿਆਨੀਆਂ ਦੀ ਇਸ ਦੇਸ ਵਿਚ ਘਾਟ ਪਹਿਲਾਂ ਵੀ ਨਹੀਂ ਸੀ। ਹੁਣ ਮੂੜ੍ਹ-ਮੱਤੀ ਫੈਲਾਉਣ ਦੇ ਇਸ ਦੌਰ ਵਿਚ ਉਨ੍ਹਾਂ ਗੈਰਵਿਗਿਆਨਕ ਭਾਵਨਾਵਾਂ, ਤਰਕਸ਼ੀਲਤਾ ਵਿਰੋਧੀ ਸੋਚ ਨੂੰ ਸਰਕਾਰੇ-ਦਰਬਾਰੇ ਬੈਠੇ ਅਹੁਦੇਦਾਰਾਂ ਵੱਲੋਂ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।

ਭਾਰਤ ਦੇ ਪਹਿਲੇ ਪਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੂੰ ਭੰਡਣ ਦਾ ਅਜੋਕੀ ਸਰਕਾਰ ਕੋਈ ਮੌਕਾ ਨਹੀਂ ਛਡਦੀ। ਨਾ ਨਹਿਰੂ ਦਾ ਸੈਕੂਲਰਵਾਦ ਉਨ੍ਹਾਂ ਨੂੰ ਰਾਸ ਆਉਂਦਾ ਹੈ, ਨਾ ਉਸਦੀ ਵਿਗਿਆਨਕ ਸੋਚ। ਪੰਡਤ ਨਹਿਰੂ ਨਾਲ ਖੱਬੀਆਂ ਧਿਰਾਂ ਜਾਂ ਹੋਰਨਾਂ ਤਰਕਸ਼ੀਲਾਂ ਦੇ ਸੌ ਸਿਧਾਂਤਕ ਮਤਭੇਦ ਹੋਣ, ਇਸ ਗੱਲ ਤੋਂ ਕੋਈ ਵੀ ਇਨਕਾਰੀ ਨਹੀਂ ਕਿ ਭਾਰਤੀ ਕੌਮ ਨੂੰ ਆਧੁਨਿਕ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਅਪਨਾਉਣ ਦੇ ਰਾਹ ਪਾਉਣ ਵਿਚ ਉਨ੍ਹਾਂ ਦਾ ਯੋਗਦਾਨ ਸਭ ਤੋਂ ਵੱਡਾ ਹੈ। ਨਵ-ਆਜ਼ਾਦ ਭਾਰਤ ਵਿਚ ਸੈਆਂ ਘਾਟਾਂ ਅਤੇ ਹਜ਼ਾਰਾਂ ਪਛੜੇਵਿਆਂ ਦੇ ਬਾਵਜੂਦ ਨਹਿਰੂ ਜੀ ਨੇ ਦੇਸ ਦਾ ਵਿਗਿਆਨਕ ਆਧਾਰ ਮਜ਼ਬੂਤ ਕਰਨ ਨੂੰ ਤਰਜੀਹ ਦਿੱਤੀ। ਤਕਨਾਲੋਜੀ ਇੰਸਟੀਚਿਊਟਾਂ ਅਤੇ ਭਾਬਾ ਐਟਮੀ ਖੋਜ ਕੇਂਦਰ ਵਰਗੇ ਸੰਸਥਾਨਾਂ ਦੀ ਨੀਂਹ ਰੱਖੀ ਗਈ। ਉਨ੍ਹਾਂ ਵਾਰ-ਵਾਰ ਆਪਣੀਆਂ ਲਿਖਤਾਂ ਅਤੇ ਭਾਸ਼ਣਾਂ ਵਿਚ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਤਰੱਕੀ ਕਰਨ ਲਈ ਭਾਰਤੀ ਜਨਤਾ ਨੂੰ ਆਪਣੇ ਅੰਧ-ਵਿਸ਼ਵਾਸ ਛੱਡ ਕੇ ਤਰਕਸ਼ੀਲ ਅਤੇ ਵਿਗਿਆਨ-ਮੁਖੀ ਸੋਚ ਅਪਨਾਉਣ ਦੀ ਲੋੜ ਹੈ।

ਅੱਜ ਜੇਕਰ ਪਰਧਾਨ ਮੰਤਰੀ ਮੋਦੀ ਭਾਰਤ ਦੇ ਪੁਲਾੜ ਮਿਸ਼ਨ, ਭਾਰਤ ਦੇ ਛੱਡੇ ਉਪਗ੍ਰਿਹਾਂ, ਸਾਡੇ ਵਿਗਿਆਨੀਆਂ ਦੀ ਸੰਸਾਰ ਖੇਤਰ ਵਿਚ ਮਾਰੀਆਂ ਮੱਲਾਂ ਦਾ ਥਾਂ ਪੁਰ ਥਾਂ ਬੜੇ ਮਾਣ ਨਾਲ ਜ਼ਿਕਰ ਕਰਦੇ ਹਨ, ਤਾਂ ਉਹ ਭਾਵੇਂ ਆਪਣੇ ਸਿਆਸੀ ਸੌੜੇਪਣ ਕਾਰਨ ਇਸ ਤੱਥ ਨੂੰ ਮੰਨਣੋ ਇਨਕਾਰੀ ਹੋਣ, ਪਰ ਇਹ ਗੱਲ ਭੁਲਾਈ ਨਹੀਂ ਜਾ ਸਕਦੀ ਕਿ ਇਨ੍ਹਾਂ ਪ੍ਰਾਪਤੀਆਂ ਦੀ ਨੀਂਹ ਭਾਰਤ ਦੇ ਪਹਿਲੇ ਪਰਧਾਨ ਮੰਤਰੀ ਦੀ ਦੂਰਦਰਸ਼ਿਤਾ ਵਿਚ ਹੀ ਲੱਭਦੀ ਹੈ। ਇਹ ਉਹ ਪਰਧਾਨ ਮੰਤਰੀ ਸੀ ਜਿਸਨੇ ਭਿਲਾਈਬੋਕਾਰੋ ਦੇ ਸਟੀਲ ਕਾਰਖਾਨਿਆਂ, ਭਾਖੜਾ ਵਰਗੇ ਡੈਮਾਂ ਦੀਆਂ ਉਸਾਰੀਆਂ ਨੂੰ ਭਾਰਤ ਦੇ ਨਵੇਂ ਮੰਦਰਾਂ ਦਾ ਦਰਜਾ ਦਿੱਤਾ ਸੀ। ਇਹ ਉਹ ਪਰਧਾਨ ਮੰਤਰੀ ਸੀ ਜਿਸ ਦੀ ਪੱਕੀ ਧਾਰਨਾ ਸੀ ਕਿ ਵਿਗਿਆਨਕ ਸੋਚ, ਨਵੀਆਂ ਲੱਭਤਾਂ ਨੂੰ ਵਰਤ ਕੇ ਹੀ ਨਵੇਂ ਅਤੇ ਅਗਾਂਹਵਧੂ ਭਾਰਤ ਦਾ ਨਿਰਮਾਣ ਕੀਤਾ ਜਾ ਸਕਦਾ ਹੈ।

ਪਰ ਨਹਿਰੂ ਜੀ ਦੀ ਅਗਾਂਹਵਧੂ ਸੋਚ ਤੋਂ ਉਲਟ ਅਜੋਕੀ ਸਰਕਾਰ ਪਿਛਲਮੁਖੀ ਨੀਝ ਵਾਲੇ ਪੈਂਡੇ ਪਈ ਹੋਈ ਹੈ। ਦੁਸ਼ਵਾਰੀਆਂ ਅਤੇ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਦਾ ਧਿਆਨ ਮੂਲ ਸਵਾਲਾਂ ਤੋਂ ਹਟਾਉਣ ਲਈ ਉਨ੍ਹਾਂ ਨੂੰ ਅਗਾਂਹ ਦੀ ਬਜਾਏ ਪਿਛਾਂਹ ਵਲ ਝਾਕਦੇ ਰਹਿਣ ਲਈ ਉਕਸਾ ਰਹੀ ਹੈ। ਰੋਜ਼ੀ-ਰੋਟੀ ਦੀਆਂ ਫੌਰੀ ਹੱਲ ਮੰਗਦੀਆਂ ਸਮੱਸਿਆਵਾਂ ਤੋਂ ਉਨ੍ਹਾਂ ਨੂੰ ਵਰਗਲਾਉਣ ਲਈ ਭਾਰਤ ਦੇ ਸੁਨਹਿਰੇ ਇਤਿਹਾਸ/ਮਿਥਿਹਾਸ ਵਲ ਉਨ੍ਹਾਂ ਦਾ ਮੂੰਹ ਮੋੜ ਰਹੀ ਹੈ। ਅਜੋਕੇ ਜੀਵਨ ਦੀਆਂ ਕੌੜੀਆਂ ਸੱਚਾਈਆਂ ਤੋਂ ਅੱਖਾਂ ਮੀਟਣ ਵਲ ਲੋਕਾਂ ਨੂੰ ਧੱਕਦੀ ਸਾਡੀ ਸਰਕਾਰ ਉਨ੍ਹਾਂ ਦੀਆਂ ਸਵਾਲੀਆ ਨਜ਼ਰਾਂ ਨੂੰ ਕਿਸੇ ਪੁਰਾਣੇ ਸੁਨਹਿਰੇ ਸਮੇਂ ਦੀਆਂ ਲਿਸ਼ਕੋਰਾਂ ਨਾਲ ਚੁੰਧਿਆ ਰਹੀ ਹੈ। ਲੋਕ ਵਿਦਰੋਹ ਦੀ ਉੱਭਰਦੀ ਕਾਂਗ ਨੂੰ ਡੱਕਣ ਲਈ ਗੌਰਵਮਈ ਵਿਰਸੇ ਦੇ ਬੰਨ੍ਹ ਉਸਾਰੇ ਜਾ ਰਹੇ ਹਨ।

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਸਾਡੇ ਵਿਰਸੇ ਵਿਚ ਬਹੁਤ ਕੁਝ ਗੌਰਵਮਈ ਹੈ। ਆਯੁਰਵੇਦ, ਯੋਗ, ਨਛੱਤਰ ਸ਼ਾਸਤਰ, ਗਣਿਤ ਦੇ ਵਿਗਿਆਨ ਭਾਰਤ ਵਿਚ ਵਧੇ ਅਤੇ ਪਰਫੁਲਤ ਹੋਏ। ਪਰ ਵਿਗਿਆਨ ਉਸ ਥਾਂ ਆ ਕੇ ਰੁਕ ਨਹੀਂ ਸੀ ਗਿਆ। ਉਸ ਵਿਚ ਲਗਾਤਾਰ ਸੋਧਾਂ ਅਤੇ ਵਾਧੇ ਹੁੰਦੇ ਰਹੇ। ਵਿਗਿਆਨ ਹੈ ਹੀ ਨਿਰੰਤਰ ਸੋਧਾਂ ਅਤੇ ਨਿਰੰਤਰ ਵਾਧਿਆਂ ਦਾ ਸਮੁੱਚ, ਜੋ ਨਿਰੋਲ ਜਿਗਿਆਸਾ ਅਤੇ ਸਵਾਲਾਂ ਹੀ ਨਹੀਂ, ਲਗਾਤਾਰ ਉਪਜਦੇ ਸ਼ੰਕਿਆਂ ਅਤੇ ਉਨ੍ਹਾਂ ਦੇ ਹੱਲ ਉੱਤੇ ਵੀ ਅਧਾਰਤ ਹੁੰਦਾ ਹੈ। ਇਸੇ ਨੂੰ ਵਿਗਿਆਨਕ ਸੋਚ ਜਾਂ ਤਰਕਸ਼ੀਲਤਾ ਕਿਹਾ ਜਾਂਦਾ ਹੈ। ਵਿਗਿਆਨ ਅੰਨ੍ਹੀ ਭਗਤੀ ਅਤੇ ਮੂਕ ਸ਼ਰਧਾ ਉੱਤੇ ਨਹੀਂ ਪਨਪ ਸਕਦਾ, ਉਹ ਹਰ ਕਿਸਮ ਦੇ ਕਿੰਤੂ-ਪ੍ਰੰਤੂ ਨਾਲ ਪਰਫੁਲਤ ਹੁੰਦਾ ਹੈ। ਇਸੇ ਕਾਰਨ ਅਜੋਕਾ ਰਾਜ-ਪਰਬੰਧ ਵਿਗਿਆਨਕ ਸੋਚ ਦੇ ਹੀ ਵਿਰੁੱਧ ਖੜ੍ਹਾ ਦਿਸਦਾ ਹੈ। ਵਿਗਿਆਨਕ ਸੋਚ ਸਵਾਲ ਕਰਨਾ ਸਿਖਾਉਂਦੀ ਹੈ, ਜਦੋਂ ਕਿ ਅਜੋਕਾ ਤੰਤਰ ਆਪਣੀ ਪਰਜਾ ਕੋਲੋਂ ਬਿਨਾ-ਸ਼ਰਤ ਸ਼ਰਧਾ ਦੀ ਮੰਗ ਕਰਦਾ ਹੈ, ਕਿਸੇ ਵੀ ਕਿਸਮ ਦੇ ਸਵਾਲ ਉਸਨੂੰ ਦੇਸ਼-ਧਰੋਹ ਦੇ ਤੁੱਲ ਜਾਪਦੇ ਹਨ। ਇਹੋ ਕਾਰਨ ਹੈ ਕਿ ਮੁੜ ਮੁੜ ਕੇ ਮਹਾਂਭਾਰਤ ਦੇ ਸਮੇਂ ਇੰਟਰਨੈੱਟ, ਜਾਂ ਪੁਸ਼ਪਕ ਵਿਮਾਨਾਂ, ਜਾਂ ਪਲਾਸਟਿਕ ਸਰਜਰੀਆਂ ਦੇ ਕਿੱਸੇ ਪੂਰੀ ਗੰਭੀਰਤਾ ਨਾਲ ਪਰਚਾਰੇ ਜਾਂਦੇ ਹਨ। ਇਹ ਸਭ ਚਾਲਾਂ ਭਾਰਤੀ ਮਾਨਸਕਤਾ ਦੀ ਸਵਾਲੀਆ ਸ਼ਕਤੀ ਨੂੰ ਖੁੰਢਿਆਂ ਕਰ ਕੇ ਪੂਰਨ ਤੌਰ ’ਤੇ ਖਤਮ ਕਰਨ ਦੀਆਂ ਹਨ।

ਇਸੇ ਲਈ ਇਹੋ ਜਿਹੇ ਬਿਆਨਾਂ ਨੂੰ ਹਾਸੋਹੀਣੇ ਸਮਝ ਕੇ ਹਊ-ਪਰ੍ਹੇ ਨਹੀਂ ਕਰਨਾ ਚਾਹੀਦਾ, ਇਨ੍ਹਾਂ ਦੀ ਖਤਰਨਾਕ ਖਸਲਤ ਨੂੰ ਪਛਾਨਣ ਅਤੇ ਉਸ ਨਾਲ ਜੂਝਣ ਦੀ ਲੋੜ ਹੈ। ਸਾਹਿਤ ਅਤੇ ਕਲਾਵਾਂ ਉੱਤੇ ਹਮਲਾ, ਪ੍ਰੈੱਸ ਅਤੇ ਨਿਆਂ ਪਾਲਕਾ ਦੀ ਆਜ਼ਾਦੀ ਉੱਤੇ ਬੰਦਿਸ਼ਾਂ ਬਾਰੇ ਗੱਲਾਂ ਹੋ ਚੁੱਕੀਆਂ ਹਨ, ਹੋ ਰਹੀਆਂ ਹਨ। ਸਮਾਂ ਆ ਗਿਆ ਹੈ ਕਿ ਤਰਕਸ਼ੀਲਤਾ ਅਤੇ ਵਿਗਿਆਨਕ ਸੋਚ ਉੱਤੇ ਹੋ ਰਹੇ ਹਮਲਿਆਂ ਵਲ ਵੀ ਧਿਆਨ ਦੇਈਏ। ਲੋਕ ਮਾਨਸਿਕਤਾ ਨੂੰ ਵਿਉਂਤਬੱਧ ਢੰਗ ਨਾਲ ਜਿਹੜਾ ਪੁੱਠਾ ਗੇੜਾ ਦਿੱਤਾ ਜਾ ਰਿਹਾ, ਸੋਸ਼ਲ ਮੀਡੀਏ ਰਾਹੀਂ ਅਫ਼ਵਾਹਾਂ ਫੈਲਾਉਣ ਦੇ ਇਸ ਦੌਰ ਵਿਚ ਉਹ ਘਾਤਕ ਸਾਬਤ ਹੋਵੇਗਾ। ਤਰਕਸ਼ੀਲਾਂ ਅਤੇ ਵਿਗਿਆਨਕ ਸੋਚ ਰੱਖਣ ਵਾਲੇ ਲੋਕਾਂ ਨੂੰ ਇਸ ਖਤਰੇ ਤੋਂ ਚੌਕਸ ਰਹਿਣਾ ਚਾਹੀਦਾ ਹੈ।

*****

(1143)

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author