Sukirat7

“ਕਿਸੇ ਵੀ ਦੇਸ ਵਿਚ ਸਭ ਤੋਂ ਉੱਤੇ ਸੰਵਿਧਾਨ ਹੁੰਦਾ ਹੈ ...”
(ਅਪਰੈਲ 30, 2016)

 

ਮੇਰੀ ਇਕ ਕਮਜ਼ੋਰੀ, ਜਾਂ ਔਗੁਣ ਹੀ ਕਹਿ ਲਉ, ਇਹ ਹੈ ਕਿ ਮੈਂ ਭਾਸ਼ਣ-ਸਭਾਵਾਂ ਤੋਂ ਬਹੁਤ ਤ੍ਰਹਿੰਦਾ ਹਾਂ। ਕਿਸੇ ਹੱਦ ਤਕ ਟੀ.ਵੀ. ਬਹਿਸਾਂ ਤੋਂ ਵੀ। ਬਹੁਤੀ ਵੇਰ ਉਹੀ ਚਿਹਰੇ, ਉਹੀ ਬੁਲਾਰੇ ਵਾਰ-ਵਾਰ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੂੰ ਪਹਿਲੋਂ ਵੀ ਕਈ ਵੇਰ ਸੁਣਿਆ ਹੁੰਦਾ ਹੈ, ਜਿਨ੍ਹਾਂ ਦੀ ਸੋਚ ਨਾਲ ਤੁਸੀਂ ਚੋਖੇ ਵਾਕਫ਼ ਹੋ ਚੁੱਕੇ ਹੁੰਦੇ ਹੋ, ਅਤੇ ਜਿਨ੍ਹਾਂ ਨੇ ਨਵਾਂ ਕੁਝ ਵੀ ਨਹੀਂ ਕਹਿਣਾ ਹੁੰਦਾ। ਜੇ ਇਕ ਪਾਸੇ ਟੀ.ਵੀ. ਬਹਿਸਾਂ ਦਾ ਪੱਧਰ ਅਮੂਮਨ ਕਾਂਵਾਂ-ਰੌਲੀ ਤਕ ਸੀਮਤ ਹੋ ਗਿਆ ਜਾਪਦਾ ਹੈ, ਤਾਂ ਸਿਆਸੀ ਭਾਸ਼ਣ-ਸਭਾਵਾਂ ਆਮ ਤੌਰ ’ਤੇ ਦੁਹਰਾ ਅਤੇ ਅਕਾ ਦਾ ਬਾਇਸ ਬਣਦੀਆਂ ਹਨ। ਬੁਲਾਰੇ ਨਾ ਸਿਰਫ਼ ਆਪਣੀਆਂ,ਸਗੋਂ ਹੋਰਨਾਂ ਬੁਲਾਰਿਆਂ ਦੀਆਂ ਗੱਲਾਂ ਨੂੰ ਵੀ ਦੁਹਰਾਈ ਜਾਂਦੇ ਹਨ। ਉੱਤੋਂ ਸਿਤਮ ਇਹ ਕਿ ਬਹੁਤੀ ਵੇਰ ਸਟੇਜ ਸਕੱਤਰੀ ਕਰਨ ਵਾਲਾ ਵੀ ਆਪਣੇ ਅਧਿਕਾਰ ਦੀ ਵਰਤੋਂ ਪਹਿਲੋਂ ਬੋਲ ਕੇ ਹਟੇ ਵਕਤੇ ਦੇ ਭਾਸ਼ਣ ਦਾ ਹੀ ਚਰਬਾ ਸੁਣਾ ਕੇ ਕਰਦਾ ਹੈ। ਯਾਨੀ, ਬੋਰੀਅਤ ਦੀ ਦੋਹਰ ਨਹੀਂ ਤੀਹਰ, ਚੌਹਰ ਪੈਣ ਤਕ ਦੀ ਨੌਬਤ ਆ ਜਾਂਦੀ ਹੈ।

ਪਰ  8 ਅਪ੍ਰੈਲ ਨੂੰ ਦਿੱਲੀ ਦੇ ਮਾਵਲੰਕਰ ਹਾਲ ਵਿਚ ਪ੍ਰਤੀਰੋਧ-2’ ਦੇ ਨਾਂਅ ਹੇਠ ਹੋਈ ਸਭਾ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜੋ ਯਾਦਗਾਰੀ ਹੋ ਨਿੱਬੜੀ। ਇਸ ਦੇ ਸੰਚਾਲਕ ਪ੍ਰੋ. ਅਪੂਰਵਾਨੰਦ, ਹਿੰਦੀ ਕਵੀ ਅਸ਼ੋਕ ਵਾਜਪੇਈ ਅਤੇ ਇਤਿਹਾਸਕਾਰ ਹਰਬੰਸ ਮੁਖੀਆ ਸਨ। ਪਿਛਲੇ ਸਾਲਜਦੋਂ ਸਾਡੀ ਸ਼ਬਦਾਵਲੀ ਵਿਚ ਅਸਹਿਣਸ਼ੀਲਤਾਦਾ ਸ਼ਬਦ ਰੋਜ਼ ਉੱਭਰਨ ਲੱਗ ਪਿਆ, ਦੇਸ ਦੇ ਹਰ ਕੋਨੇ ਤੋਂ ਘੱਟ-ਗਿਣਤੀਆਂ ਅਤੇ ਸਰਕਾਰ-ਵਿਰੋਧੀ ਵਿਚਾਰਾਂ ਵਾਲਿਆਂ ਨੂੰ ਲਿਤਾੜਣ ਦੀਆਂ ਖਬਰਾਂ ਆਉਣ ਲੱਗ ਪਈਆਂ, ਅਤੇ ਇਸ ਵਾਤਾਵਰਣ ਤੋਂ ਔਖੇ ਹੋਏ ਲੇਖਕਾਂ, ਕਲਾਕਾਰਾਂ ਨੇ ਰੋਸ-ਪ੍ਰਗਟਾਵੇ ਵਜੋਂ ਸਰਕਾਰੀ ਸਨਮਾਨ ਮੋੜਨੇ ਸ਼ੁਰੂ ਕਰ ਦਿੱਤੇ ਤਾਂ ਦਿੱਲੀ ਵਿਚ ਪ੍ਰਤੀਰੋਧਦੇ ਨਾਂਅ ਹੇਠ ਪਹਿਲੀ ਬੈਠਕ ਨਵੰਬਰ 2015 ਵਿਚ ਹੋਈ ਸੀ। ਸੰਚਾਲਕਾਂ ਦਾ ਵਿਚਾਰ ਸੀ ਕਿ ਖਿਆਲਾਂ ਦੀ ਆਜ਼ਾਦੀ ਦੇ ਦਮਨ ਦੇ ਇਸ ਦੌਰ ਵਿਚ ਤਰੱਕੀ-ਪਸੰਦ, ਆਜ਼ਾਦ ਖਿਆਲ ਅਤੇ ਜ਼ਮੀਰਵਾਨ ਸਿਰਜਕਾਂ ਅਤੇ ਬੁੱਧੀਜੀਵੀਆਂ ਲਈ ਆਪਣੀ ਆਵਾਜ਼ ਨੂੰ ਬੁਲੰਦ ਕਰਨਾ, ਆਪਣੇ ਪ੍ਰਤੀਰੋਧ ਦਾ ਇਜ਼ਹਾਰ ਕਰਨਾ ਬਹੁਤ ਜ਼ਰੂਰੀ ਹੋ ਗਿਆ ਸੀ। ਦੇਸ ਦੇ ਹਾਲਾਤ ਅਤੇ ਇਤਿਹਾਸ ਨੂੰ ਇਕ ਅਜਿਹੇ ਮੋੜ ਉੱਤੇ ਲੈ ਆਂਦਾ ਗਿਆ ਸੀ ਕਿ ਇਸ ਵੇਲੇ ਹਰ ਉਸ ਸ਼ਖਸ ਨੂੰ ਵੀ ਚੌਕੰਨੇ ਰਹਿ ਕੇ ਆਪੋ-ਆਪਣੇ ਥਾਂ ਜੱਦੋਜਹਿਦ ਕਰਨ ਦੀ ਲੋੜ ਸੀ, ਜੋ ਸਰਗਰਮ ਸਿਆਸਤਦਾਨ ਭਾਵੇਂ ਨਾ ਵੀ ਹੋਵੇ। ਇਸੇ ਭਾਵਨਾ ਨਾਲ ਪ੍ਰਤੀਰੋਧਦੇ ਉਨਵਾਨ ਹੇਠ ਹੋਣ ਵਾਲੀ ਪਹਿਲੀ ਇਕੱਤਰਤਾ ਵਿਚ ਦਿੱਲੀ ਦੇ ਬਹੁਤ ਸਾਰੇ ਤਰੱਕੀਪਸੰਦ ਬੁੱਧੀਜੀਵੀਆਂ ਨੇ ਹਿੱਸਾ ਲਿਆ। ਨਵੰਬਰ ਵਿਚ ਹੋਈ ਉਸ ਬੈਠਕ ਤੋਂ ਬਾਅਦ, ਯੂਨੀਵਰਸਟੀਆਂ ਵਿਚ ਦਖਲਅੰਦਾਜ਼ੀ ਦੇ ਆਧਾਰ ਉੱਤੇ ਜੋ ਕੁਝ ਵਾਪਰਿਆਜਿਵੇਂ ਹਿੰਦੂਤਵ ਦੇ ਸੰਘੀ ਏਜੰਡੇ ਨੂੰ ਖੋਖਲੇ ਨਾਅਰਿਆਂ ਅਤੇ ਨਕਲੀ ਦੇਸ਼-ਭਗਤੀ ਦੇ ਪਲੇਥਣ ਹੇਠ ਪਰੋਸਣ ਦੇ ਉਪਰਾਲੇ ਹੋਏ, ਜਿਵੇਂ ਸਰਕਾਰ ਨੇ ਆਪਣੇ ਫ਼ਾਸ਼ੀਵਾਦੀ ਫ਼ੰਨ੍ਹ ਨੂੰ ਖੁੱਲ੍ਹ ਕੇ ਫੈਲਾਉਣਾ ਸ਼ੁਰੂ ਕੀਤਾਉਸਨੇ ਪ੍ਰਤੀਰੋਧ-2’ ਨੂੰ ਛੇਤੀ ਤੋਂ ਛੇਤੀ ਵਿਉਂਤਣ ਦੀ ਲੋੜ ਉੱਤੇ ਜ਼ੋਰ ਦਿੱਤਾ।

8 ਅਪਰੈਲ ਵਾਲੀ ਇਕੱਤਰਤਾ ਦਾ ਮੰਚ ਸੰਚਾਲਨ ਪ੍ਰੋ. ਅਪੂਰਵਾਨੰਦ ਨੇ ਕੀਤਾ ਅਤੇ ਬੁਲਾਰਿਆਂ ਵਿਚ ਅਸ਼ੋਕ ਵਾਜਪੇਈ, ਪਰਮੁਖ ਦਲਿਤ ਚਿੰਤਕ ਕਾਂਚਾ ਇਲਾਹੀਆ, ‘ਹਿੰਦੂਦੇ ਸਾਬਕਾ, ਅਤੇ ਹੁਣ ਦ ਵਾਇਰਨੈੱਟ - ਅਖਬਾਰ ਦੇ ਸੰਪਾਦਕ ਸਿਧਾਰਥ ਵਰਦਰਾਜਨ, ਪ੍ਰਸਿੱਧ ਵਕੀਲ ਵਰਿੰਦਾ ਗ੍ਰੋਵਰ, ਪੱਤਰਕਾਰ ਸ਼ੋਮਾ ਚੌਧਰੀ, ਸ਼ਾਇਰ ਅਤੇ ਫਿਲਮਸਾਜ਼ ਗੌਹਰ ਰਜ਼ਾ, ਇਤਿਹਾਸਕਾਰ ਹਰਬੰਸ ਮੁਖੀਆ ਅਤੇ ਅਜੋਕੇ ਸਮਿਆਂ ਦੇ ਵਿਦਿਆਰਥੀ-ਨਾਇਕ ਕਨ੍ਹਈਆ ਕੁਮਾਰ ਅਤੇ ਉਮਰ ਖਾਲਿਦ ਸ਼ਾਮਲ ਸਨ। ਇਸ ਤੋਂ ਇਲਾਵਾ ਅਲਾਹਾਬਾਦ ਵਿਸ਼ਵਵਿਦਿਆਲੇ ਦੀ ਰਿਚਾ ਸਿੰਘ, ਹੈਦਰਾਬਾਦ ਕੇਂਦਰੀ ਯੂਨੀਵਰਸਟੀ ਤੋਂ ਦੋਂਤਾ ਪ੍ਰਸਾਦ, ਪੁਨੇ ਫ਼ਿਲਮ ਇੰਸਟੀਚਿਊਟ ਤੋਂ ਰਾਕੇਸ਼ ਸ਼ੁਕਲਾ ਅਤੇ ਜੇ.ਐੱਨ.ਯੂ. ਦੀ ਹੀ ਸ਼ੈਲਾ ਰਾਸ਼ਿਦ ਵੀ ਬੁਲਾਰਿਆਂ ਵਿਚ ਸ਼ਾਮਲ ਸਨ। ਇੰਨੇ ਸਾਰੇ ਬੁਲਾਰੇ ਸਨ, ਵਿਸ਼ਾ ਵੀ ਦੇਸ ਦੇ ਅਜੋਕੇ ਹਾਲਾਤ ਜੋ ਸਭ ਦੇ ਸਾਹਮਣੇ ਹਨ, ਪਰ ਮਜ਼ਾਲ ਹੈ ਕਿਤੇ ਵੀ ਕਿਸੇ ਕਿਸਮ ਦਾ ਦੁਹਰਾ ਮਹਿਸੂਸ ਹੋਇਆ ਹੋਵੇ। ਕਿਸੇ ਨੇ ਵੀ ਆਪਣੇ ਹਿੱਸੇ ਆਏ ਦਸ ਮਿੰਟਾਂ ਦੀ ਸੀਮਾ ਨੂੰ ਉਲੰਘਿਆ ਹੋਵੇ, ਜਾਂ ਕਿਸੇ ਨੂੰ ਵੀ ਉਸਦੇ ਰੁਤਬੇ ਕਾਰਨ ਕੋਈ ਛੋਟ ਦਿੱਤੀ ਗਈ ਹੋਵੇ। ਹੋਰ ਤਾਂ ਹੋਰ, ਪ੍ਰੋ. ਅਪੂਰਵਾਨੰਦ ਜੋ ਆਪ ਪ੍ਰਭਾਵਸ਼ਾਲੀ ਵਕਤਾ ਹਨ ਅਤੇ ਜਿਨ੍ਹਾਂ ਕੋਲ ਇਸ ਮਸਲੇ ਉੱਤੇ ਕਹਿਣ ਲਈ ਬਹੁਤ ਕੁਝ ਮੌਜੂਦ ਹੈ, ਨੇ ਸਿਰਫ਼ ਮੰਚ ਸੰਚਾਲਨ ਹੀ ਕੀਤਾ, ਵਕਤ ਦੀ ਘਾਟ ਦੇਖਦੇ ਹੋਏ ਖੁਦ ਭਾਸ਼ਣ ਦੇਣ ਤੋਂ ਗੁਰੇਜ਼ ਕੀਤਾ। ਤਿੰਨ ਘੰਟੇ ਚੱਲੀ ਇਸ ਸਭਾ ਵਿੱਚੋਂ ਨਾ ਕੋਈ ਉੱਠ ਕੇ ਗਿਆ, ਨਾ ਕਿਸੇ ਦਾ ਇਕ ਵੀ ਮਿੰਟ ਲਈ ਉੱਥੋਂ ਉੱਠਣ ਦਾ ਜੀਅ ਕੀਤਾ।

ਹੁਣ ਗੱਲ ਉਨ੍ਹਾਂ ਕੁਝ ਨੁਕਤਿਆਂ ਦੀ ਜੋ ਵਕਤਿਆਂ ਨੇ ਸਾਹਮਣੇ ਲਿਆਂਦੇ, ਅਤੇ ਵਿਚਾਰਨਯੋਗ ਹਨ।

ਇਸ ਸਭਾ ਦੀ ਸ਼ੁਰੂਆਤ ਹਿੰਦੀ ਦੀ ਬਜ਼ੁਰਗ ਅਤੇ ਸਨਮਾਨਤ ਲੇਖਕ ਕ੍ਰਿਸ਼ਨਾ ਸੋਬਤੀ ਦੇ ਰਾਸ਼ਟਰਪਤੀ ਨੂੰ ਲਿਖੇ ਪੱਤਰ ਨਾਲ ਹੋਈ। ਆਪਣੇ ਇਸ ਪੱਤਰ ਨੂੰ ਪੜ੍ਹ ਕੇ ਸੁਣਾਉਣ ਲਈ 92 ਸਾਲਾਂ ਦੇ ਕ੍ਰਿਸ਼ਨਾ ਜੀ ਖੁਦ ਮੰਚ ਉੱਤੇ ਆਏ। ਭਾਵੇਂ ਉਨ੍ਹਾਂ ਲਈ ਪੌੜ੍ਹੀਆਂ ਚੜ੍ਹਨੀਆਂ ਔਖੀਆਂ ਹੋਣ ਕਾਰਨ ਉਨ੍ਹਾਂ ਨੂੰ ਪਹੀਆ-ਕੁਰਸੀ ਉੱਤੇ ਬਿਠਾ ਕੇ ਲਿਆਂਦਾ ਗਿਆ, ਪਰ ਆਪਣੇ ਇਸ ਲੰਮੇ ਖਤ ਨੂੰ ਪੜ੍ਹਦਿਆਂ ਉਨ੍ਹਾਂ ਇਹ ਸਾਬਤ ਕਰ ਦਿੱਤਾ ਕਿ ਨਾ ਸਿਰਫ਼ ਉਨ੍ਹਾਂ ਦੀ ਆਵਾਜ਼ ਦੀ ਗੜ੍ਹਕ ਕਾਇਮ ਹੈ, ਉਨ੍ਹਾਂ ਦੀ ਕਲਮ ਦੀ ਧਾਰ ਦੀ ਤਿੱਖ ਵੀ ਓਨੀ ਹੀ ਕਾਇਮ ਹੈ। ਅਜੋਕੀ ਸਰਕਾਰ ਦੀਆਂ ਨਿੰਦਣਯੋਗ ਅਤੇ ਲੋਕ-ਪਾੜੂ ਨੀਤੀਆਂ ਦੀ ਚੀਰ-ਫਾੜ ਕਰਦਿਆਂ ਉਨ੍ਹਾਂ ਮੁਲਕ ਦੇ ਰਾਸ਼ਟਰਪਤੀ ਨੂੰ ਆਗਾਹ ਕੀਤਾ ਕਿ ਉਨ੍ਹਾਂ ਲਈ ਆਪਣੇ ਅਹੁਦੇ ਦੀ ਅਹਿਮੀਅਤ ਨੂੰ ਵਰਤ ਕੇ ਇਸ ਦੇਸ ਦੇ ਸਭਿਆਚਾਰ, ਇਤਿਹਾਸ ਅਤੇ ਤਾਣੇ-ਬਾਣੇ ਨੂੰ ਵਿਗੜਣ ਨਾ ਦੇਣ ਲਈ ਠੋਸ ਕਦਮ ਚੁੱਕਣ ਦਾ ਸਮਾਂ ਆ ਗਿਆ ਹੈ।

ਕਾਂਚਾ ਇਲਾਹੀਆ ਨੇ ਅਜੋਕੀ ਸਰਕਾਰ ਦੇ ਨਕਲੀ ਅੰਬੇਡਕਰਵਾਦੀ ਓਢਣ ਦੀ ਗੱਲ ਕੀਤੀ ਜੋ ਦਲਿਤ ਵੋਟ ਨੂੰ ਭਰਮਾਉਣ ਖਾਤਰ ਹੁਣ ‘ਬਾਬਾ ਸਾਹਿਬ, ਬਾਬਾ ਸਾਹਿਬ’ ਦੀ ਰਟ ਲਾਉਣ ਲੱਗ ਪਈ ਹੈ। ਉਨ੍ਹਾਂ ਨੇ ਸੰਘ ਪਰਵਾਰ ਦੇ ਇਤਿਹਾਸ ਨੂੰ ਨਸ਼ਰ ਕਰਦਿਆਂ ਇਸ ਗੱਲ ਦਾ ਖੁਲਾਸਾ ਕੀਤਾ ਕਿ ਇਹ ਉਹੋ ਲੋਕ ਹਨ ਜੋ ਡਾ. ਭੀਮਰਾਓ ਅੰਬੇਡਕਰ ਦੇ ਸਖਤ ਵਿਰੋਧੀ ਰਹੇ ਹਨ, ਅਤੇ ਅਸਲ ਵਿਚ ਉਨ੍ਹਾਂ ਵਿਸ਼ਵਾਸਾਂ ਦੇ ਅਲਮਬਰਦਾਰ ਹਨ, ਜਿਨ੍ਹਾਂ ਕਾਰਨ ਡਾ. ਅੰਬੇਡਕਰ ਨੇ ਹਿੰਦੂ ਧਰਮ ਤੋਂ ਕਿਨਾਰਾ ਕਰ ਕੇ ਬੁੱਧ ਧਰਮ ਨੂੰ ਅਪਣਾਇਆ। ਉਨ੍ਹਾਂ ਨੇ ਇਸ ਗੱਲ ਤੋਂ ਖਬਰਦਾਰ ਕੀਤਾ ਕਿ ਦਲਿਤਾਂ ਨੂੰ ਇਸ ਸਰਕਾਰ ਦੀਆਂ ਅਜਿਹੀਆਂ ਮੋਮੋਠਗਣੀਆਂ ਤੋਂ ਬੇਲਾਗ ਰਹਿਣਾ ਪਵੇਗਾ। ਕਾਂਚਾ ਇਲਾਹੀਆ ਦੇ ਇਸ ਭਾਸ਼ਣ ਦੀ ਸਾਰਥਿਕਤਾ 6 ਦਿਨ ਬਾਅਦ ਹੀ ਖੁੱਲ੍ਹ ਕੇ ਸਾਹਮਣੇ ਆ ਗਈ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ 14 ਅਪ੍ਰੈਲ ਨੂੰ ਬਾਬਾ ਸਾਹਿਬ ਦੇ ਜਨਮਦਿਨ ਉੱਤੇ ਉਨ੍ਹਾਂ ਦੇ ਸੋਹਿਲੇ ਗਾਉਣ ਦਾ ਸਵਾਂਗ ਰਚਿਆ।

ਸਿਧਾਰਥ ਵਰਦਰਾਜਨ ਨੇ ਇਸ ਗੱਲ ਦਾ ਇੰਕਸ਼ਾਫ਼ ਕੀਤਾ ਕਿ ਕਿਵੇਂ ਸਾਰੀਆਂ ਵੱਡੀਆਂ ਅਖਬਾਰਾਂ ਨੂੰ ਛੇ-ਛੇ ਮਹੀਨੇ ਪਹਿਲਾਂ ਹੀ ਹਿਦਾਇਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਕਿ ਤੁਸੀਂ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਵਿਰੁੱਧ ਕੋਈ ਖਬਰ ਨਹੀਂ ਛਾਪਣੀ ਅਤੇ ਸਰਕਾਰ ਦੀ ਆਲੋਚਨਾ ਵੇਲੇ ਵੀ ਨਰਮ ਰੁਖ ਅਖਤਿਆਰ ਕਰਨਾ ਹੈ, ਤਾਂ ਹੀ ਇਸ਼ਤਿਹਾਰੀ ਗੱਫੇ ਮਿਲਣਗੇ। ਇਸ ਤੋਂ ਇਲਾਵਾ ਉਨ੍ਹਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਕਿਵੇਂ ਸਰਕਾਰੀ ਸੂਹੀਏ ਅਜਕਲ ਸਰਕਾਰ ਦੀ ਆਲੋਚਨਾ ਕਰਨ ਵਾਲੇ ਵਿਚਾਰਕਾਂ ਦੇ ਆਲੇ-ਦੁਆਲੇ ਮੰਡਰਾਉਂਦੇ ਰਹਿੰਦੇ ਹਨ, ਅਤੇ ਉਨ੍ਹਾਂ ਸੈਮੀਨਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿੱਥੇ ਅਜਿਹੇ ਲੋਕਾਂ ਨੇ ਬੋਲਣਾ ਹੋਵੇ। ਸ੍ਰੀ ਵਰਦਰਾਜਨ ਨੇ ਅਜੋਕੇ ਸਮਿਆਂ ਨੂੰ ਅਣ-ਐਲਾਨੀ ਐਮਰਜੈਂਸੀ ਦਾ ਸਮਾਂ ਗਰਦਾਨਿਆ ਜਿਸ ਨਾਲ ਟੱਕਰ ਲੈਣ ਲਈ ਸਾਰੇ ਸੂਝਵਾਨ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ।

ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਲੜਨ ਵਾਲੀ ਵਕੀਲ ਵਰਿੰਦਾ ਗ੍ਰੋਵਰ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਆਪਣੇ ਅਧਿਕਾਰਾਂ ਦੀ ਰਾਖੀ ਨੂੰ ਨਿਰੋਲ ਅਦਾਲਤੀ ਰਹਿਮ ਉੱਤੇ ਨਹੀਂ ਛੱਡਿਆ ਜਾ ਸਕਦਾ; ਇਸ ਲਈ ਨਿਰੰਤਰ ਜੱਦੋਜਹਿਦ ਜਾਰੀ ਰੱਖਣੀ ਪੈਂਦੀ ਹੈ ਅਤੇ ਚੌਕੰਨੇ ਰਹਿਣਾ ਪੈਂਦਾ ਹੈ। ਉਨ੍ਹਾਂ ਬਤੌਰ ਵਕੀਲ ਸਪਸ਼ਟ ਕੀਤਾ ਕਿ ਅਦਾਲਤੀ ਫ਼ੈਸਲਿਆਂ ਬਾਰੇ ਜਾਣ ਬੁਝ ਕੇ ਇਕ ਭੰਬਲ-ਭੂਸਾ ਪੈਦਾ ਕੀਤਾ ਜਾ ਰਿਹਾ ਹੈ, ਕਿ ਕਿਸੇ ਵੀ ਫੈਸਲੇ ਦੀ ਵਾਜਬੀਅਤ ਉੱਤੇ ਸ਼ੰਕਾ ਪਰਗਟ ਕਰਨਾ ਵੀ ਅਦਾਲਤ ਦੀ ਤੌਹੀਨ ਹੈ। ਕਿਸੇ ਵੀ ਦੇਸ ਵਿਚ ਸਭ ਤੋਂ ਉੱਤੇ ਸੰਵਿਧਾਨ ਹੁੰਦਾ ਹੈ ਅਤੇ ਉਸਦੀ ਰੌਸ਼ਨੀ ਵਿਚ ਅਦਾਲਤੀ ਫੈਸਲਿਆਂ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ, ਦਿੱਤੀ ਜਾਂਦੀ ਰਹੀ ਹੈ ਅਤੇ ਹੁਣ ਦੇ ਸਮੇਂ ਹੋਰ ਵੀ ਚੌਕੰਨੇ ਹੋ ਕੇ ਦਿੱਤੀ ਜਾਣੀ ਚਾਹੀਦੀ ਹੈ, ਜਦੋਂ ਸਰਕਾਰ ਸਿੱਧੇ-ਅਸਿੱਧੇ ਢੰਗ ਨਾਲ ਜੱਜਾਂ/ਅਦਾਲਤਾਂ ਉੱਤੇ ਦਬਾ ਪਾਉਣੋਂ ਵੀ ਨਹੀਂ ਝਿਜਕਣ ਲੱਗੀ।

ਮਸ਼ਹੂਰ ਪੱਤਰਕਾਰ ਸ਼ੋਮਾ ਚੌਧਰੀ ਨੇ ਦੋ ਅਹਿਮ ਨੁਕਤਿਆਂ ਉੱਤੇ ਜ਼ੋਰ ਦਿੱਤਾ। ਪਹਿਲਾ ਇਹ, ਕਿ ਉਹ ਹਿੰਦੂ ਹਨ, ਪਰ ਅਜੋਕੀ ਸਰਕਾਰ ਰਾਹੀਂ ਪੇਸ਼ ਕੀਤੇ ਜਾ ਰਹੀ ਹਿੰਦੂ ਧਰਮ ਦੀ ਵਿਆਖਿਆ ਨਾਲ ਪੂਰੀ ਤਰ੍ਹਾਂ ਅਸਹਿਮਤ ਹਨ। ਉਨ੍ਹਾਂ ਮੁਤਾਬਕ ਇਹ ਹਿੰਦੂ ਧਰਮ ਨੂੰ ਸੰਕੀਰਣਤਾ ਦੀ ਨਲੀ ਵਿੱਚੋਂ ਲੰਘਾਕੇ ਇਸ ਵਿੱਚੋਂ ਉਹ ਸਭ ਕੁਝ ਖਾਰਜ ਕਰਨ ਦੀ ਕੋਸ਼ਿਸ਼ ਹੈ, ਜੋ ਇਸ ਦੇਸ ਦੇ ਕਰੋੜਾਂ ਆਮ ਹਿੰਦੂਆਂ ਨੂੰ ਆਪਣੇ ਧਰਮ ਨਾਲ ਜੋੜਦਾ ਹੈ। ਸੰਘ ਦੀ ਹਿੰਦੂਤਵਵਾਦੀ ਪਰੀਭਾਸ਼ਾ, ਹਿੰਦੂ ਧਰਮ ਦੀ ਪਰੀਭਾਸ਼ਾ ਨਹੀਂ ਹੋ ਸਕਦੀ ਅਤੇ ਆਪਣੇ ਧਰਮ ਦੇ ਉਦਾਰਵਾਦੀ ਪਹਿਲੂਆਂ ਉੱਤੇ ਪਹਿਰਾ ਦੇਣਾ ਹਰ ਸੋਚਵਾਨ ਹਿੰਦੂ ਦਾ ਫ਼ਰਜ਼ ਹੈ। ਦੇਸ ਭਰ ਦੀਆਂ ਯੂਨੀਵਰਸਟੀਆਂ ਵਿਚ ਚੱਲ ਰਹੀ ਜੱਦੋਜਹਿਦ ਦੇ ਪਰਥਾਏ ਦੂਜੀ ਗੱਲ ਉਨ੍ਹਾਂ ਨੇ ਇਹ ਕਹੀ ਕਿ ਇਨ੍ਹਾਂ ਵਿਦਿਆਰਥੀਆਂ ਦੇ ਸੰਘਰਸ਼ ਕਾਰਨ ਅਸੀਂ ਦੇਸ ਦੇ ਸਿਆਸੀ ਪਿੜ ਵਿਚ ਇਕ ਉਭਾਰ ਵੀ ਦੇਖ ਰਹੇ ਹਾਂ, ਇਕ ਖੁਮਾਰ ਵੀ। ਇਸ ਉਭਾਰ ਅਤੇ ਖੁਮਾਰ ਦੀ ਲਗਾਤਾਰਤਾ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਸਿਆਸੀ ਵਿਰੋਧ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਬ-ਭਾਰਤੀ ਪੱਧਰ ਉੱਤੇ ਢਾਂਚਾ ਵੀ ਤਿਆਰ ਕੀਤਾ ਜਾਵੇਇਸ ਪੈਦਾ ਹੋਏ ਜੋਸ਼ ਨੂੰ ਖਿੰਡਰ ਨਹੀਂ ਜਾਣ ਦਿੱਤਾ ਜਾ ਸਕਦਾ।

ਕਵੀ ਗੌਹਰ ਰਜ਼ਾ ਨੇ ਆਪਣੇ ਕਟਾਖਸ਼ ਭਰਪੂਰ ਵਿਦਰੋਹੀ ਸੁਰ ਵਿਚ ਸੰਘ ਅਤੇ ਸਰਕਾਰ ਦੀਆਂ ਫ਼ਿਰਕੂ ਚਾਲਾਂ ਉੱਤੇ ਤਿੱਖੇ ਵਾਰ ਕੀਤੇ ਅਤੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਇਸ ਸਮੇਂ ਸਰਕਾਰ ਦਾ ਨਹੀਂ, ਉਸਦੀ ਸ਼ਹਿ ’ਤੇ ਹੋ ਰਹੀ ਗੁੰਡਾਗਰਦੀ ਦਾ ਰਾਜ ਹੈ। ਆਰ.ਐੱਸ.ਐੱਸ. ਵੱਲੋਂ ਹੁਣੇ ਹੁਣੇ ਆਪਣੇ ਪਹਿਰਾਵੇ ਵਿੱਚੋਂ ਨਿੱਕਰ ਤਜ ਕੇ ਪੈਂਟ ਪਾਉਣ ਦੇ ਨਵੇਂ ਫੈਸਲੇ ਉੱਤੇ ਵਿਅੰਗ ਕੱਸਦਿਆਂ ਗੌਹਰ ਰਜ਼ਾ ਨੇ ਆਪਣੀ ਨਜ਼ਮ ਸੁਣਾਈ:

ਨਇਆ ਲਿਬਾਸ ਪਹਿਨ ਕੇ ਯਿਹ ਕਿਉਂ ਸਮਝਤੇ ਹੋ
ਕਿ ਸਾਰੇ ਖੂਨ ਕੇ ਧੱਬੋਂ ਕੋ ਤੁਮ ਛੁਪਾ ਲੋਗੇ

ਲਿਬਾਸ ਕੋਈ ਭੀ ਤਨ ਕੋ ਢਾਂਕ ਸਕਤਾ ਹੈ
ਯਿਹ ਜ਼ਿਹਨ, ਸੋਚ, ਤਰੀਕੇ ਛੁਪਾ ਨਹੀਂ ਸਕਤਾ

ਇਸ ਇਕੱਤਰਤਾ ਦਾ ਦੂਜਾ ਹਿੱਸਾ ਵਿਦਿਆਰਥੀ ਬੁਲਾਰਿਆਂ ਲਈ ਰਾਖਵਾਂ ਸੀ, ਜੋ ਨਾ ਸਿਰਫ਼ ਆਪੋ-ਆਪਣੇ ਵਿਸ਼ਵਵਿਦਿਆਲਿਆਂ ਵਿਚ ਭਗਵੇਂਕਰਣ ਦੇ ਹਮਲੇ ਦੇ ਵਿਰੋਧ ਵਿਚ ਸੰਘਰਸ਼ ਕਰ ਰਹੇ ਹਨ, ਸਗੋਂ ਜਿਨ੍ਹਾਂ ਨੇ ਇਸ ਵੇਲੇ ਹਰ ਉਸ ਸਿਆਸੀ ਪਾਰਟੀ ਨੂੰ ਵੀ ਸੋਚਣ ਲਈ ਹਲੂਣਿਆ ਹੈ, ਜੋ ਇਸ ਸਮੇਂ ਭਗਵੇਂਕਰਨ ਦੀ ਮਾਰ ਹੇਠ ਹੈ।

ਅਲਾਹਬਾਦ ਯੂਨੀਵਰਸਟੀ ਦੀ ਵਿਦਿਆਰਥੀ ਯੂਨੀਅਨ ਦੀ ਪਰਧਾਨ ਰਿਚਾ ਸਿੰਘ ਨੇ ਕਿਹਾ ਕਿ ਵਿਸ਼ਵਵਿਦਿਆਲਿਆਂ ਅਤੇ ਵਿਚਾਰ-ਪ੍ਰਗਟਾਵੇ ਉੱਤੇ ਹੋਏ ਇਨ੍ਹਾਂ ਹਮਲਿਆਂ ਕਾਰਨ ਚੰਗੀ ਗੱਲ ਇਹ ਹੋਈ ਹੈ ਕਿ ਅੱਜ ਅਸੀਂ ਸਾਰੇ ਇਕਮੁੱਠ ਹੋ ਗਏ ਹਾਂ। ਇਨ੍ਹਾਂ ਲਗਾਤਾਰ ਹੋ ਰਹੇ ਹਮਲਿਆਂ ਨੇ ਦੇਸ ਭਰ ਵਿਚ ਫੈਲੇ ਵਿਦਿਆਰਥੀ ਭਾਈਚਾਰੇ ਨੂੰ ਤਕੜਿਆਂ ਕਰ ਦਿੱਤਾ ਹੈ ਅਤੇ ਸਾਂਝੇ ਮੁਕਾਬਲੇ ਲਈ ਪ੍ਰੇਰਤ ਕੀਤਾ ਹੈ। ਇਸੇ ਗੱਲ ਨੂੰ ਅੱਗੇ ਤੋਰਦਿਆਂ ਉਮਰ ਖਾਲਿਦ ਨੇ ਕਿਹਾ ਕਿ ਭਾਵੇਂ ਸਬੱਬੀਂ ਨਿਸ਼ਾਨੇ ਉੱਤੇ ਕਨ੍ਹਈਆ, ਅਨਿਰਬਾਨ ਅਤੇ ਖੁਦ ਉਮਰ ਆ ਗਏ,ਪਰ ਇਹ ਹਮਲਾ ਦਰਅਸਲ ਹਰ ਉਸ ਮਨੁੱਖ ਉੱਤੇ ਸੀ ਜੋ ਸਰਕਾਰੀ ਨਹੀਂ ਸੁਤੰਤਰ ਸੋਚ ਦਾ ਮਾਲਕ ਹੈ,ਜੋ ਸਾਡੇ ਸਮਾਜ ਵਿਚ ਹੋ ਰਹੇ ਅਨਿਆਂ ਵਿਰੁੱਧ ਆਵਾਜ਼ ਉਠਾਉਣ ਦਾ ਆਪਣਾ ਹੱਕ ਕਾਇਮ ਰੱਖਣਾ ਚਾਹੁੰਦਾ ਹੈ। ਉਮਰ ਦਾ ਮੰਨਣਾ ਹੈ ਕਿ ਇਨ੍ਹਾਂ ਤਿੰਨਾਂ ਵਿਦਿਆਰਥੀਆਂ ਨੂੰ ਜਿਹਲ ਭੇਜ ਕੇ, ਦੇਸ਼-ਧਰੋਹੀ ਕਰਾਰ ਕੇ ਭਾਰਤ ਦੀ ਸਰਕਾਰ ਅਸਲ ਵਿਚ ਵਿਰੋਧੀ ਸੁਰ ਰੱਖਣ ਵਾਲੇ ਹਰ ਸ਼ਹਿਰੀ ਨੂੰ ਧਮਕਾਉਣਾ ਚਾਹੁੰਦੀ ਸੀ, ਕਿ ਜੇ ਸਾਡੇ ਖਿਲਾਫ਼ ਆਵਾਜ਼ ਉਠਾਓਗੇ ਤਾਂ ਤੁਹਾਡਾ ਹਸ਼ਰ ਵੀ ਇਹੋ ਹੋਵੇਗਾ। ਪਰ ਸਰਕਾਰ ਨੂੰ ਇਹ ਪੈਂਤੜਾ ਪੁੱਠਾ ਪਿਆ ਹੈ, ਵਿਦਿਆਰਥੀ ਸਗੋਂ ਹੋਰ ਇਕਮੁੱਠ ਹੋ ਕੇ ਨਿੱਤਰ ਪਏ ਹਨ। ਨਾ ਸਿਰਫ਼ ਸਰਕਾਰ ਨੌਜਵਾਨਾਂ ਨੂੰ ਡਰਾ ਸਕਣ ਵਿਚ ਨਾਕਾਮਯਾਬ ਰਹੀ ਹੈ, ਬਲਕਿ ਇਹੋ ਜਿਹੇ ਵਿਹਾਰ ਨੇ ਉਸਦੇ ਫ਼ਾਸ਼ੀਵਾਦੀ ਖਾਸੇ ਨੂੰ ਨੰਗਿਆਂ ਕੀਤਾ ਹੈ ਅਤੇ ਵਿਦਿਆਰਥੀਆਂ ਦੀ ਹਿੰਮਤ ਨੂੰ ਪਕੇਰਿਆਂ।

ਜੇ.ਐੱਨ.ਯੂ. ਵਿਦਿਆਰਥੀ ਯੂਨੀਅਨ ਦੀ ਉਪ-ਪਰਧਾਨ ਸ਼ੈਲਾ ਰਾਸ਼ਿਦ ਨੇ ਭਾਰਤ ਮਾਤਾ ਦੀ ਜੈਦੇ ਨਾਅਰੇ ਬਾਰੇ ਖਾਹਮਖਾਹ ਖੜ੍ਹੇ ਕੀਤੇ ਗਏ ਝੇੜੇ ਦਾ ਮੂੰਹ-ਤੋੜ ਜਵਾਬ ਦੇਂਦਿਆਂ ਕਿਹਾ ਕਿ ਭਾਰਤ ਮਾਤਾ ਦੀ ਜੈਕਹਿਣ ਵਿਚ ਉਸਨੂੰ ਕੋਈ ਇਤਰਾਜ਼ ਨਹੀਂ। ਸਵਾਲ ਤਾਂ ਇਹ ਹੈ ਕਿ ਭਾਰਤ ਮਾਤਾ ਹੈ ਕੌਣ, ਜਿਸਦੀ ਜੈ ਰਾਹੀਂ ਹੀ ਸੰਘ ਪਰਵਾਰ ਦੇਸ਼ ਭਗਤੀ ਦੇ ਬਿੱਲੇ ਵੰਡਣਾ ਚਾਹੁੰਦਾ ਹੈਜੇ ਇਹ ਭਾਰਤ ਮਾਤਾ ਰੋਹਿਤ ਵੇਮੁੱਲਾ ਦੀ ਮਾਂ ਰਾਧਿਕਾ ਵੇਮੁੱਲਾ ਹੈ, ਜੇ ਇਹ ਭਾਰਤ ਮਾਤਾ ਬਸਤਰ ਵਿਚ ਆਦਿਵਾਸੀਆਂ ਲਈ ਲੜ ਰਹੀ ਸੋਨੀ ਸੋਰੀ ਹੈ, ਜੇ ਇਹ ਭਾਰਤ ਮਾਤਾ ਮਨੀਪੁਰ ਵਿਚ ਸਰਕਾਰੀ ਅਤੇ ਫ਼ੌਜੀ ਵਧੀਕੀਆਂ ਵਿਰੁੱਧ 15 ਸਾਲਾਂ ਤੋਂ ਸੰਘਰਸ਼ ਕਰ ਰਹੀ ਇਰੋਮ ਸ਼ਰਮਿਲਾ ਹੈ ਤਾਂ ਉਹ ਬਾਖੁਸ਼ੀ ਅਤੇ ਵਾਰ-ਵਾਰ ਭਾਰਤ ਮਾਤਾ ਦੀ ਜੈਦੇ ਨਾਅਰੇ ਲਾਵੇਗੀ। ਪਰ ਪਹਿਲੋਂ ਸੰਘ ਪਰਵਾਰ ਸਾਫ਼ ਸਾਫ਼ ਦੱਸੇ ਕਿ ਕੀ ਉਹ ਇਨ੍ਹਾਂ ਵੀਰਾਂਗਣਾਵਾਂ ਨੂੰ ਭਾਰਤ ਮਾਤਾ ਦੇ ਸੰਕਲਪ ਵਿਚ ਸ਼ਾਮਲ ਕਰਨ ਨੂੰ ਤਿਆਰ ਹੈ? ਸ਼ੈਲਾ ਰਾਸ਼ਿਦ ਨੇ ਇਹ ਵੀ ਸਪਸ਼ਟ ਕੀਤਾ ਕਿ ਖੱਬੇ-ਪੱਖੀ ਅਤੇ ਉਦਾਰਵਾਦੀ ਵਿਦਿਆਰਥੀ ਯੂਨੀਅਨਾਂ ਵਿਚ ਕਈ ਕਿਸਮ ਦੇ ਵਿਚਾਰਧਾਰਕ ਮਤਭੇਦ ਹਨ, ਜਿਨ੍ਹਾਂ ਉੱਤੇ ਬਹਿਸਾਂ ਜਾਰੀ ਰਹਿੰਦੀਆਂ ਹਨ। ਵਿਚਾਰਾਂ ਦੇ ਵਖਰੇਵੇਂ ਅਤੇ ਟਕਰਾ ਵਿੱਚੋਂ ਹੀ ਸੰਘਰਸ਼ ਦੇ ਨਵੇਂ ਰਾਹ ਨਿਕਲਦੇ ਹਨ, ਪਰ ਤਾਨਾਸ਼ਾਹੀ ਏਕਲਵਾਦੀ ਰਾਸ਼ਟਰ ਦੀ ਸਥਾਪਨਾ ਵਿਚ ਜੁਟੀ ਸਰਕਾਰ ਇਹ ਨਾ ਸਮਝੇ ਕਿ ਸਾਡੇ ਇਹ ਵਖਰੇਵੇਂ ਸਾਡੀ ਏਕਤਾ ਦੀ ਰਾਹ ਵਿਚ ਰੁਕਾਵਟ ਹਨ। ਸਗੋਂ ਸਾਡੀਆਂ ਅੰਦਰੂਨੀ ਬਹਿਸਾਂ ਸਾਨੂੰ ਹੋਰ ਤਕੜਿਆਂ ਕਰਦੀਆਂ ਹਨ; ਵਿਚਾਰਧਾਰਕ ਬਹਿਸਾਂ ਨੂੰ ਦਬਾਉਣ ਵਾਲੀ ਇਸ ਸਰਕਾਰ ਨਾਲ ਟੱਕਰ ਲੈਣ ਲਈ ਸਾਡੀ ਏਕਤਾ ਨੂੰ ਹੋਰ ਮਜ਼ਬੂਤ ਕਰਦੀਆਂ ਹਨ।

ਦਿਨ ਦਾ ਆਖਰੀ ਵਕਤਾ ਕਨ੍ਹਈਆ ਕੁਮਾਰ ਸੀ। ਸ਼ੈਲਾ ਰਾਸ਼ਿਦ ਦੀ ਏਕੇ ਬਾਰੇ ਗੱਲ ਕਹੀ ਗੱਲ ਦੀ ਤਾਈਦ ਕਰਦਿਆਂ ਆਪਣੇ ਵਿਲੱਖਣ ਅਤੇ ਰੌਚਕ ਅੰਦਾਜ਼ ਵਿਚ ਉਸਨੇ ਮੋਦੀ ਸਰਕਾਰ ਅਤੇ ਇਸਦੇ ਇਰਾਦਿਆਂ ਉੱਤੇ ਤਿਖੇ ਵਾਰ ਕੀਤੇ। ਉਸਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਜਿਵੇਂ ਇਸ ਦੇਸ ਵਿਚ ਜਬਰ ਅਤੇ ਖੌਫ਼ ਦਾ ਵਾਤਾਵਰਣ ਪੈਦਾ ਕੀਤਾ ਜਾ ਰਿਹਾ ਹੈ, ਉਸ ਨੂੰ ਰੋਕਣਾ ਇਸ ਸਮੇਂ ਸਾਡੀ ਸਾਰਿਆਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਜੇ ਅਸੀਂ ਦੇਸ ਵਿਚ ਜਨਤਕ ਘੋਲ ਜਾਰੀ ਰੱਖਣ ਦੇ ਆਪਣੇ ਜਮਹੂਰੀ ਅਧਿਕਾਰ ਉੱਤੇ ਪਹਿਰਾ ਦੇਣਾ ਹੈ ਤਾਂ ਤਾਨਾਸ਼ਾਹੀ ਵਲ ਵਧ ਰਹੀ ਸਰਕਾਰ ਨੂੰ ਨੱਥ ਪਾਉਣ ਨੂੰ ਪਹਿਲ ਦੇਣੀ ਪਵੇਗੀ। ਨਹੀਂ ਤਾਂ ਇਹ ਸਰਕਾਰ ਲੋਕ-ਸੰਘਰਸ਼ਾਂ ਵਿਚ ਜੁਟੀ ਹਰ ਧਿਰ ਨੂੰ ਦਰੜ ਕੇ ਰੱਖ ਦੇਵੇਗੀ। ਕਨ੍ਹਈਆ ਨੇ ਕਿਹਾ ਕਿ ਅਜੋਕੀ ਸਰਕਾਰ ਸਾਬਤ-ਕਦਮੀਂ, ਵਿਉਂਤਬੱਧ ਢੰਗ ਨਾਲ ਦੇਸ ਉੱਤੇ ਆਪਣੀ ਜਕੜ ਮਜ਼ਬੂਤ ਕਰਦੀ ਜਾ ਰਹੀ ਹੈ, ਜਿਸ ਨੂੰ ਰੋਕਣ ਲਈ ਸਾਰੀਆਂ ਜਮਹੂਰੀਅਤ ਪਸੰਦ ਜਥੇਬੰਦੀਆਂ ਨੂੰ ਇਕਮੁੱਠ ਹੋ ਕੇ ਲੜਨਾ ਪਵੇਗਾ। ਹਾਲ ਵਿਚ ਬੈਠੇ ਬੁੱਧੀਜੀਵੀ ਸਰੋਤਿਆਂ, ਲੇਖਕਾਂ, ਕਲਾਕਾਰਾਂ, ਅਧਿਆਪਕਾਂ, ਪੱਤਰਕਾਰਾਂ ਵੱਲ ਸਿੱਧਾ ਮੁਖਾਤਬ ਹੁੰਦਿਆਂ ਉਸ ਨੇ ਕਿਹਾ, “ਬੜੀ ਕੁੱਟ ਖਾ ਲੈਣ ਤੋਂ ਬਾਅਦ ਸਾਨੂੰ, ਵਿਦਿਆਰਥੀਆਂ ਨੂੰ, ਇਸ ਗੱਲ ਦੀ ਸਮਝ ਪਈ ਹੈ ਕਿ ਪਿਛਾਂਹ-ਖਿੱਚੂ ਤਾਕਤਾਂ ਵਿਚ ਫੌਜੀ ਕਿਸਮ ਦਾ ਏਕਾ ਹੈ, ਜਿਸ ਨਾਲ ਸਿੱਝਣ ਲਈ ਸਾਨੂੰ ਵੀ ਸਫ਼ਬੰਦੀ ਕਰਨ ਦੀ ਲੋੜ ਹੈ। ਪਰ ਇਕ ਗਿਲਾ ਮੇਰਾ ਆਪਣੇ ਸਾਹਮਣੇ ਬੈਠੀ ਬਜ਼ੁਰਗ ਪੀੜ੍ਹੀ ਨਾਲ ਵੀ ਹੈ: “ਤੁਸੀਂ ਆਪਣੇ ਅੰਦਰਲੀਆਂ ਵੰਡੀਆਂ ਨੂੰ ਇੰਨਾ ਪੱਕਾ ਕਰ ਲਿਆ ਹੋਇਆ ਹੈ ਕਿ ਸਾਨੂੰ ਵੀ ਵੰਡ ਕੇ ਰੱਖ ਛੱਡਿਆ ਸੀ ਅਸੀਂ ਤਾਂ ਮਾਰ ਖਾ ਖਾ ਕੇ ਇਸ ਨਤੀਜੇ ’ਤੇ ਪਹੁੰਚ ਗਏ ਹਾਂ ਕਿ ਅੱਜ ਅਹਿਮ ਅਤੇ ਫ਼ੌਰੀ ਲੋੜ ਸਾਡੇ ਇਕਮੁੱਠ ਹੋਣ ਦੀ ਹੈ, ਨਹੀਂ ਤਾਂ ਤਾਨਾਸ਼ਾਹੀ ਦੇ ਹੜ੍ਹ ਵਿਚ ਸਭ ਕੁਝ ਹੀ ਰੁੜ੍ਹ ਜਾਵੇਗਾ। ਇਸੇ ਲਈ, ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਵੀ ਸਮੇਂ ਦੀ ਗੰਭੀਰਤਾ ਨੂੰ ਪਛਾਣਦੇ ਹੋਏ ਸਭ ਤੋਂ ਪਹਿਲਾਂ, ਹਰ ਅੰਦਰੂਨੀ ਮਤਭੇਦ ਨੂੰ ਲਾਂਭੇ ਰੱਖ ਕੇ, ਇਸ ਵੇਲੇ ਏਕੇ ਨਾਲ ਸੰਘਰਸ਼ ਕਰਨ ਦੇ ਰਾਹ ਤੁਰੋ।

ਕੀ ਬਜ਼ੁਰਗ ਪੀੜ੍ਹੀ ਇਸ ਸੁਨੇਹੇ ਨੂੰ ਸੁਣ ਰਹੀ ਹੈ?

*****

(272)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author