Sukirat7KanayaA2ਆਰ ਐੱਸ ਐੱਸ ਦੇ ਖਿਲਾਫ਼ ਲੜਨ ਦਾ ਸਵਾਲ ਨਹੀਂ ਹੈਸਵਾਲ ਦੇਸ ਨੂੰ ਬਚਾਉਣ ਦਾਲੋਕਤੰਤਰ ਨੂੰ ਬਚਾਉਣ ਦਾ ਹੈਸੰਵਿਧਾਨ ਨੂੰ ਬਚਾਉਣ ਦਾ ਹੈ ...
(ਮਾਰਚ 21, 2016)


Sukirat Kanahya2?
ਕਨ੍ਹਈਆ, ਪਿਛਲੇ ਡੇਢ ਮਹੀਨੇ ਦੀਆਂ ਘਟਨਾਵਾਂ ਨੇ ਤੁਹਾਡੇ ਨਾਂਅ ਨਾਲ ਦੇਸ ਭਰ ਦੇ ਲੋਕਾਂ ਨੂੰ ਜਾਣੂੰ ਕਰਾ ਦਿੱਤਾ ਹੈ। ਤੁਹਾਡੇ ਪਹਿਲੇ ਭਾਸ਼ਣ ਦਾ ਉਤਾਰਾ ਅਸੀਂ ਅਖਬਾਰ ਵਿਚ ਛਾਪਿਆ ਵੀ ਸੀ। ਰਿਹਾਈ ਤੋਂ ਬਾਅਦ ਤੁਹਾਡੇ ਕੀਤੇ ਭਾਸ਼ਣ ਦੀ ਵੀ ਏਨੀ ਚਰਚਾ ਹੋਈ ਹੈ ਕਿ ਅਖਬਾਰਾਂ ਪੜ੍ਹਨ ਵਾਲਾ ਜਾਂ ਸੋਸ਼ਲ ਮੀਡੀਆ ਉੱਤੇ ਨਜ਼ਰ ਮਾਰਨ ਵਾਲਾ ਹਰ ਕੋਈ ਤੁਹਾਡੇ ਵਿਚਾਰਾਂ ਨਾਲ ਵਾਕਫ਼ ਹੋ ਚੁੱਕਾ ਹੈ। ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਕਿਸ ਮਾਹੌਲ ਵਿਚ ਪਲੇ,ਪੜ੍ਹੇ? ਜਿਸ ਕਨ੍ਹਈਆ ਨੂੰ ਅੱਜ ਅਸੀਂ ਦੇਖ ਰਹੇ ਹਾਂ, ਉਹ ਬਣਿਆ ਕਿਵੇਂ?

: ਮੇਰੇ ਉੱਤੇ ਸਭ ਤੋਂ ਵੱਡੀ ਛਾਪ ਮੇਰੀ ਮਾਂ ਦੀ ਹੈ। ਜਦੋਂ ਮੈਂ ਕਹਿੰਦਾ ਹਾਂ ਕਿ ਮੇਰੀ ਮਾਂ ਮੇਰਾ ਪ੍ਰੇਰਨਾ ਸ੍ਰੋਤ ਰਹੀ ਹੈ ਤਾਂ ਮੈਂ ਕੋਈ ਫਿਲਮੀ ਡਾਇਲਾਗ ਨਹੀਂ ਕਹਿ ਰਿਹਾ। ਮੇਰੀ ਮਾਂ ਛੇਵੀਂ ਜਮਾਤ ਤਕ ਪੜ੍ਹੀ ਸੀ, ਤੇ ਫੇਰ ਉਸਦਾ ਵਿਆਹ ਹੋ ਗਿਆ, ਜਿਵੇਂ ਬਿਹਾਰ ਦੇ ਪਿੰਡਾਂ ਵਿਚ ਹੁੰਦਾ ਹੈ। ਮੇਰੇ ਦਾਦਾ ਜੀ ਕਮਿਊਨਿਸਟ ਵਿਚਾਰਾਂ ਦੇ ਪਰਭਾਵ ਹੇਠ ਸਨ ਜਿਸ ਕਾਰਨ ਸਾਡੇ ਪਰਵਾਰ ਵਿਚ ਇਕ ਅਗਾਂਹਵਧੂ ਮਾਹੌਲ ਸੀ, ਹਾਲਾਂਕਿ ਬਹੁਤ ਸਾਰੀਆਂ ਰੂੜ੍ਹੀਆਂ ਵੀ ਮੌਜੂਦ ਸਨ, ਜਿਵੇਂ ਧਾਰਮਕ ਰੀਤੀ ਰਿਵਾਜਾਂ, ਕੁਝ ਦਕਿਆਨੂਸੀ ਪਰੰਪਰਾਵਾਂ ਦੀ ਪਾਲਣਾ। ਪਰ ਸਾਡੇ ਪਿੰਡ ਉੱਤੇ ਕਮਿਊਨਿਸਟ ਨੇਤਾ ਚੰਦਰਸ਼ੇਖਰ ਸਿੰਘ ਜੀ ਦਾ ਬਹੁਤ ਪਰਭਾਵ ਸੀ, ਜਿਨ੍ਹਾਂ ਦੇ ਨਾਂਅ ਉੱਤੇ ਉੱਥੇ ਪੁਸਤਕਾਲਾ ਵੀ ਹੈ। ਉਸ ਕਿਸਮ ਦੇ ਮਾਹੌਲ ਵਿਚ ਮੇਰੇ ਦਾਦਾ ਜੀ ਨੇ ਮੇਰੀ ਮਾਂ ਨੂੰ ਅੱਗੇ ਵੀ ਪੜ੍ਹਾਇਆ, ਦਸਵੀਂ ਤਕ। ਘਰ ਦੀ ਆਰਥਕਤਾ ਠੀਕ ਠੀਕ ਸੀ, ਪਰ ਪਿੱਛੋਂ ਜਾਕੇ ਮੇਰੇ ਪਿਤਾ ਜੀ ਨੂੰ ਲਕਵਾ ਮਾਰ ਗਿਆ ਅਤੇ ਉਹ ਕੰਮ ਕਰਨ ਜੋਗੇ ਨਾ ਰਹੇ। ਘਰ ਸੰਭਾਲਣ ਦੀ ਸਾਰੀ ਜ਼ਿੰਮੇਵਾਰੀ ਮਾਂਤੇ ਆਣ ਪਈ।

? ਤੁਸੀਂ ਛੋਟੇ ਸੋ ਅਜੇ?

: ਨਹੀਂ, ਮੈਂ ਬੱਚਾ ਵੀ ਨਹੀਂ ਸਾਂ। ਵੈਸੇ ਅਸੀਂ ਚਾਰ ਬੱਚੇ ਹਾਂ, ਮੈਂ ਤੀਜੇ ਥਾਂ ਹਾਂ। ਮੇਰੇ ਤੋਂ ਇਕ ਵੱਡਾ ਭਰਾ ਅਤੇ ਭੈਣ ਹਨ ਅਤੇ ਇਕ ਭਰਾ ਮੇਰੇ ਤੋਂ ਬਾਅਦ ਹੈ। ਪਿਤਾ ਜੀ ਦੀ ਬੀਮਾਰੀ ਅਤੇ ਘਰ ਵਿਚ ਆਰਥਕ ਤੰਗੀ ਦੇ ਬਾਵਜੂਦ ਸਾਡੀ ਮਾਂ ਨੂੰ ਸਪਸ਼ਟ ਸੀ ਕਿ ਬੱਚਿਆਂ ਨੂੰ ਪੜ੍ਹਾਉਣਾ ਜ਼ਰੂਰ ਹੈ। ਉਹ ਹਰ ਹੀਲੇ ਸਾਨੂੰ ਸਕੂਲ ਭੇਜਦੀ ਰਹੀ। ਸਕੂਲ ਵਿਚ ਮੈਂ ਠੀਕ ਠਾਕ ਸੀ, ਅਧਿਆਪਕਾਂ ਦਾ ਦਬਾਅ ਸੀ ਕਿ ਇਸ ਨੂੰ ਕਿਸੇ ਚੰਗੇ ਸਕੂਲ ਵਿਚ ਭੇਜੋ ਪਰ ਆਰਥਕ ਹਾਲਤ ਇਸਦੀ ਇਜਾਜ਼ਤ ਨਹੀਂ ਸੀ ਦੇਂਦੀ। ਫੇਰ ਮੈਨੂੰ ਤਿੰਨ ਸਾਲ ਲਈ ਪਿੰਡ ਦੇ ਹੀ ਨਿੱਜੀ ਸਕੂਲ ਵਿਚ ਦਾਖਲ ਕਰਾਇਆ ਗਿਆ। ਪੰਜਵੀਂ, ਛੇਵੀਂ ਅਤੇ ਸੱਤਵੀਂ ਮੈਂ ਉਸ ਸਕੂਲ ਵਿਚ ਪੜ੍ਹਿਆ ਤੇ ਬਾਅਦ ਵਿਚ ਮੁੜ ਸਰਕਾਰੀ ਸਕੂਲ ਵਿਚ ਆ ਗਿਆ। ਨਿੱਜੀ ਸਕੂਲ ਵਿਚ ਫੀਸ ਦੇ ਸਕਣ ਦੀ ਹਾਲਤ ਨਹੀਂ ਸੀ ਪ੍ਰਾਇਮਰੀ ਸਕੂਲ ਵਿਚ ਤੁਸੀਂ ਕੋਚਿੰਗ ਨਾ ਵੀ ਲਓ ਤਾਂ ਕੰਮ ਚੱਲ ਜਾਂਦਾ ਹੈ। ਓਨੀ ਕੁ ਤਾਂ ਮੇਰੀ ਮਾਂ ਵੀ ਪੜ੍ਹੀ-ਲਿਖੀ ਸੀ ... ਰੋਟੀ ਪਕਾਉਂਦੀ ਰਹਿੰਦੀ ਸੀ ਤੇ ਮੈਂ ਚੁੱਲ੍ਹੇ ਕੋਲ ਬੈਠਾ ਰਹਿੰਦਾ ਸਾਂ। ਉਹ ਕਹਿੰਦੀ ਸੀ ਕਿ ਬੋਲ ਬੋਲ ਕੇ ਪੜ੍ਹਿਆ ਕਰ, ਜੇ ਮੈਂ ਗਲਤ ਬੋਲਦਾ ਸਾਂ ਤਾਂ ਉਹ ਟੋਕ ਦੇਂਦੀ ਸੀਮੇਰੇ ਦਾਦਾ ਜੀ ਨੇ ਮੇਰੀ ਮਾਂ ਨੂੰ ਪੜ੍ਹਾਉਣ ਦਾ ਜਿਹੜਾ ਫੈਸਲਾ ਲਿਆ ਸੀ, ਉਸਦਾ ਫ਼ਾਇਦਾ ਮੈਨੂੰ ਇਹ ਹੋਇਆ ਕਿ ਪ੍ਰਾਇਮਰੀ ਦੀ ਪੱਧਰ ਤਕ ਸਾਡੀ ਮਾਂ ਆਪਣੇ ਬੱਚਿਆ ਨੂੰ ਖੁਦ ਪੜ੍ਹਾ ਸਕਣ ਦੇ ਸਮਰੱਥ ਸੀ। ਪਰ ਇਸ ਤੋਂ ਮਗਰੋਂ ਜਦੋਂ ਤੁਸੀਂ ਸੈਕੰਡਰੀ ਸਕੂਲ ਵਿਚ ਜਾਂਦੇ ਹੋ ਤਾਂ ਤੁਹਾਨੂੰ ਟਿਊਸ਼ਨ ਦੀ ਲੋੜ ਪੈਂਦੀ ਹੈ। ਮੇਰੀ ਮਾਂ ਤਾਂ ਦਸਵੀਂ ਪਾਸ ਹੀ ਸੀ, ਜਦੋਂ ਮੈਂ ਅੱਠਵੀਂ ਵਿਚ ਚਲਾ ਗਿਆ ਤਾਂ ਨਵਾਂ ਸਿਲੇਬਸ, ਨਵੀਆਂ ਚੀਜ਼ਾਂ ਉਹ ਪੜ੍ਹਾ ਨਹੀਂ ਸੀ ਸਕਦੀ, ਟਿਊਸ਼ਨ ਜੋਗੀ ਵੁੱਕਤ ਨਹੀਂ ਸੀਉਦੋਂ ਇਸ ਮੁਫ਼ਲਿਸੀ ਕਾਰਨ ਮੇਰਾ ਦਿਮਾਗ ਸਾਇੰਸ ਦੀ ਥਾਂ ਸਾਹਿਤ ਵਲ ਮੁੜਨਾ ਸ਼ੁਰੂ ਹੋਇਆ, ਮੈਂ ਸਾਇੰਸ ਤੋਂ ਹਿਊਮੈਨਟੀ ਵਲ ਮੋੜਾ ਕੱਟਿਆ। ਉਦੋਂ ਤਕ ਮੈਂ ਸਾਇੰਸ, ਹਿਸਾਬ, ਅੰਗਰੇਜ਼ੀ ਜ਼ਿਆਦਾ ਪੜ੍ਹਦਾ ਸਾਂ। ਪਰ ਦੇਖੋ, ਮੁਫ਼ਲਿਸੀ, ਜਾਂ ਆਲੇ ਦੁਆਲੇ ਦੇ ਹਾਲਾਤ ਇਨਸਾਨ ਨੂੰ ਕਿਵੇਂ ਤਿਆਰ ਕਰਦੇ ਹਨ। ਹੁਣ ਸਾਇੰਸ ਤੋਂ ਲਾਂਭੇ ਹੋ ਕੇ ਆਰਟਸ ਵਲ ਜਾਣ ਨਾਲ ਹੋਇਆ ਇਹ ਕਿ ਮੇਰੇ ਵਿਚ ਪੜ੍ਹਨ ਦੀ ਸਮਰੱਥਾ ਤਾਂ ਬਹੁਤ ਸੀ, ਪਰ ਸਿਲੇਬਸ ਬਹੁਤ ਘਟ ਸੀ। ਮੈਂ ਖੇਡਣ-ਕੁੱਦਣ ਵਿਚ ਵੀ ਦਿਲਚਸਪੀ ਨਹੀਂ ਸੀ ਰੱਖਦਾ। ਮੇਰੇ ਪਰਵਾਰ ਵਿਚ ਮੇਰੇ ਭਰਾ, ਜੋ ਫੌਜ ਵਿਚ ਹਨ, ਚੋਖੇ ਹੱਟੇ ਕੱਟੇ ਹਨ, ਸ਼ੁਰੂ ਤੋਂ ਖੇਡਣ ਵਿਚ ਅੱਗੇ ਰਹੇ ਹਨ, ਪਰ ਮੈਂ ਖੇਡਦਾ-ਸ਼ੇਡਦਾ ਨਹੀਂ ਸਾਂ, ਸ਼ੁਰੂ ਤੋਂ ਹੀ ਪੜ੍ਹਦੇ ਰਹਿਣ ਦੀ ਆਦਤ ਸੀ। ਸੋ ਇਮਤਿਹਾਨ ਮੁੱਕਣ ਅਤੇ ਅਗਲੇ ਦਾਖਲਿਆਂ ਵਿਚਲੇ ਵਕਫ਼ੇ ਦੌਰਾਨ ਮੈਂ ਹਿੰਦੀ ਦੀ ਕਹਾਣੀ, ਕਵਿਤਾ ਪੜ੍ਹਦਾ ਰਹਿੰਦਾ ਸਾਂ। ਕਲਾਸਾਂ ਸ਼ੁਰੂ ਹੋਣ ਤੇ ਮੁੱਢਲੇ ਮਹੀਨਿਆਂ ਵਿਚ ਹੀ ਸਮਾਜਕ ਵਿਗਿਆਨ ਦੀਆਂ, ਇਤਿਹਾਸ ਦੀਆਂ ਕਿਤਾਬਾਂ ਮੈਂ ਪੜ੍ਹ ਜਾਂਦਾ ਸਾਂ। ਤਿੰਨ ਚਾਰ ਮਹੀਨੇ ਬਾਅਦ ਮੇਰੇ ਕੋਲ ਪੜ੍ਹਨ ਲਈ ਕੁਝ ਨਹੀਂ ਸੀ ਬਚਦਾ। ਸੋ ਹਾਈ ਸਕੂਲ ਤੋਂ ਹੀ ਮੈਂ ਹੀ ਸਾਹਿਤ ਪੜ੍ਹਨ ਲੱਗ ਪਿਆ। ਪ੍ਰੇਮ ਚੰਦ, ਗੋਰਕੀ ... ਜੋ ਕੁਝ ਵੀ ਉਸ ਵੇਲੇ ਹੱਥ ਆਇਆ ਬਲਕਿ ਮੈਨੂੰ ਚੇਤੇ ਹੈ ਕਿ ਮੈਂ ਨੌਵੀਂ ਵਿਚ ਸਾਂ ਤਾਂ ਲੋਲਿਤਾ ਵੀ ਪੜ੍ਹ ਲਿਆ।

? ਲੋਲਿਤਾ ਜ਼ਰੂਰ ਨੌਵੀਂ ਦੇ ਬੱਚੇ ਦੇ ਹੱਥ ਲੱਗਣ ਤੋਂ ਰਤਾ ਪਰੇ ਰੱਖਣ ਵਾਲਾ ਨਾਵਲ ਹੈ ...

: ਪਰ ਮੈਂ ਪੜ੍ਹ ਲਿਆ। ਤੇ ਮੇਰੇ ਚੰਗੇ ਭਾਗੀਂ, ਕਿਉਂਕਿ ਮੇਰੇ ਪਿੰਡ ਦਾ ਮਾਹੌਲ ਅਗਾਂਹਵਧੂ ਸੀ, ਮੇਰੇ ਮੁਹੱਲੇ ਵਿਚ ਹੀ ਪੁਸਤਕਾਲਾ ਸੀ।

? ਤੁਹਾਡੇ ਪਿੰਡ ਦਾ ਨਾਂਅ ਕੀ ਹੈ

: ਬੀਹਟ, ਤੋਲਾ ਮਸਨਦਪੁਰ। ਤੇ ਉੱਥੇ ਚੰਦਰਸ਼ੇਖਰ ਯਾਦਗਾਰੀ ਪੁਸਤਕਾਲਾ ਹੈ। ਉਹੀ ਚੰਦਰਸ਼ੇਖਰ ਸਿੰਘ ਜੋ ਬਿਹਾਰ ਵਿਚ ਮੰਤਰੀ ਵੀ ਰਹੇ, ਸੀ ਪੀ ਆਈ ਵਲੋਂ।

? ਸੋ ਪਿੰਡ ਵਿਚ ਕਿਤਾਬਾਂ ਦੀ ਘਾਟ ਨਹੀਂ ਸੀ?

: ਬਿਲਕੁਲ ਕੋਈ ਘਾਟ ਨਹੀਂ ਸੀ, ਖਰੀਦਣੀਆਂ ਨਹੀਂ ਸੀ ਪੈਂਦੀਆਂ। ਪੁਸਤਕਾਲੇ ਵਿਚ ਅਖਬਾਰ ਆਉਂਦਾ ਸੀ। ਸਵੇਰੇ ਜਾਣਾ, ਨਾਸ਼ਤਾ ਕਰਕੇ ਪੁਸਤਕਾਲੇ ਵਿਚ ਅਖਬਾਰ ਪੜ੍ਹਨਾ। ਫੇਰ ਰੋਟੀ ਖਾਣ ਘਰ ਆਉਣਾ, ਤੇ ਵਾਪਸ ਜਾ ਕੇ ਮੁੜ ਕਿਤਾਬਾਂ ਪੜ੍ਹਨ ਬਹਿ ਜਾਣਾ। ਇਹੀ ਮੇਰਾ ਨਿਤਨੇਮ ਸੀ। ਸਾਹਿਤ ਪੜ੍ਹਨ ਨਾਲ ਕੀ ਹੋਇਆ ਕਿ ਮੇਰੀ ਸੰਵੇਦਨਾ ਬਦਲਣ ਲੱਗੀ। ਹੁਣ ਮੇਰੇ ਭਰਾਵਾਂ ਨੂੰ ਲਓ: ਕੋਈ ਜੇਕਰ ਦੂਜੀ ਜਾਤ ਦਾ ਆਦਮੀ ਸਾਡੇ ਘਰ ਆਂਦਾ ਸੀ ਤਾਂ ਉਹ ਗੱਲਬਾਤ ਕਰਦਿਆਂ ਮਾਲਿਕ ਕਹਿ ਕੇ ਸੰਬੋਧਨ ਕਰਦਾ ਸੀ, ਜਾਂ ਫੇਰ ਬਰਾਬਰ ਦੀ ਕੁਰਸੀ ਤੇ ਨਹੀਂ ਸੀ ਬਹਿੰਦਾ, ਮੈਨੂੰ ਇਹ ਮੰਦਾ ਲੱਗਣ ਲੱਗ ਪਿਆ। ਮੈਂ ਵੱਡਾ ਹੋ ਰਿਹਾ ਸਾਂ, ਮੇਰੀ ਦਾਦੀ ਨਾਲ ਜੇਕਰ ਕਿਸੇ ਦੂਜੀ ਜਾਤ ਦੀ ਵੀ ਬੁੱਢੀ ਹੁੰਦੀ ਤਾਂ ਮੈਂ ਉਸਨੂੰ ਪਰਣਾਮ ਕਰਦਾ ਸਾਂ। ਪਰ ਮੇਰੇ ਭਰਾ ਇਸ ਗੱਲ ਤੇ ਹੱਸਦੇ ਸਨ। ਤੂੰ ਉਸ ਬੁੜ੍ਹੀ ਨੂੰ ਪਰਣਾਮ ਕਿਉਂ ਕਰਦਾ ਹੈਂ?’ ਪਰ ਮੇਰਾ ਮਨ ਕਹਿੰਦਾ ਸੀ ਕਿ ਉਹ ਮੇਰੀ ਦਾਦੀ ਦੇ ਹਾਣ ਦੀ ਹੈ, ਉਹ ਵੀ ਤਾਂ ਦਾਦੀ ਹੋਈ ਨਾ, ਜਾਤ ਭਾਵੇਂ ਕੋਈ ਵੀ ਹੋਵੇ।

     ? ਸੋ ਤੁਹਾਡੇ ਮੁਤਾਬਕ ਇਹ ਸੰਵੇਦਨਾ ਘਰ ਦੇ ਮਾਹੌਲ ਤੋਂ ਵੀ ਵੱਧ ਸਾਹਿਤ ਰਾਹੀਂ ਪੈਦਾ ਹੋਈ?

      : ਬਿਲਕੁਲ। ਅਤੇ ਜਦੋਂ ਇਹੋ ਜਿਹੀ ਸੰਵੇਦਨਾ ਪੈਦਾ ਹੋ ਜਾਂਦੀ ਹੈ ਤਾਂ ਉਹ ਬਾਹਰ ਵੀ ਫੁੱਟ ਨਿਕਲਦੀ ਹੈ। ਦੂਜਿਆਂ ਨਾਲ ਉੱਠਣਾ ਬਹਿਣਾ, ਪਰਣਾਮ ਕਰਨਾ, ਉਨ੍ਹਾਂ ਨੂੰ ਆਪਣੇ ਵਰਗਾ ਸਮਝਣਾ, ਇਹ ਸਭ ਵਿਹਾਰ ਦੀਆਂ ਗੱਲਾਂ ਹਨ। ਪਰ ਸਿਰਫ਼ ਇੰਨੇ ਨਾਲ ਤੁਹਾਡੇ ਅੰਦਰ ਪੈਦਾ ਹੋਈ ਬੇਚੈਨੀ ਨੂੰ ਠੱਲ੍ਹ ਨਹੀਂ ਪੈਂਦੀ। ਮੈਂ ਆਪਣੇ ਵਰਗੇ ਲੋਕ ਭਾਲਦਾ ਸਾਂ, ਤੇ ਫੇਰ ਮੇਰਾ ਮੇਲ ਇਪਟਾ ਨਾਲ ਹੋਇਆਮੈਂ ਇੰਡੀਅਨ ਪੀਪਲਜ਼ ਥੀਏਟਰ ਨਾਲ ਜੁੜ ਕੇ ਨਾਟਕ ਕਰਨ ਲੱਗਾ। ਨਾਟਕ ਕਰਨਾ, ਗਾਣਾ, ਚੋਣ-ਮੁਹਿੰਮਾਂ ਵਿਚ ਜਾ ਕੇ ਡਫ਼ਲੀ ਵਜਾਉਣਾ

      ? ਇਹ ਨਾਤਾ ਕਾਲਜ ਪਹੁੰਚ ਕੇ ਬਣਿਆ?

      : ਨਹੀਂ ਨਹੀਂ, ਅਜੇ ਮੈਂ ਸਕੂਲ ਵਿਚ ਹੀ ਸਾਂ। ਨੌਵੀਂ ਦਸਵੀਂ ਦੇ ਸਮੇਂ ਦੀ ਗੱਲ ਹੈ। ਅੱਜਕਲ ਸੋਸ਼ਲ ਮੀਡੀਆ ਤੇ ਇਕ ਤਸਵੀਰ ਚਲ ਰਹੀ ਹੈ: ਬਰਧਨ ਜੀ ਇਨਾਮ ਵਜੋਂ ਮੈਨੂੰ ਇਕ ਬੈਗ ਦੇ ਰਹੇ ਹਨ। ਉਹ ਇਕ ਨਾਟਕ ਵਿਚ ਹਿੱਸਾ ਲੈਣ ਕਾਰਨ ਮਿਲਿਆ ਸੀ। ਮੈਂ ਭਾਸ਼ਣ ਮੁਕਾਬਲਿਆਂ ਵਿਚ ਹਿੱਸਾ ਲੈਣ ਲੱਗ ਪਿਆ: ਕਦੇ ਮਦਰ ਟੇਰੇਸਾ ਤੇ ਬੋਲਣਾ, ਕਦੇ ਭਗਤ ਸਿੰਘ ਤੇ ਬੋਲਣਾ, ਇਨ੍ਹਾਂ ਕੰਮਾਂ ਵਿਚ ਮੇਰੀ ਸ਼ਮੂਲੀਅਤ ਵਧਦੀ ਗਈ। ਇਹ ਜਿਹੜਾ ਮੈਂ ਸਾਇੰਸ ਤਜ ਕੇ ਹਿਊਮੈਨਿਟੀਜ਼ ਦੇ ਵਿਸ਼ੇ ਲੈ ਲਏ, ਇਹ ਗੱਲ ਮੈਟਰਿਕ ਕਰਦਿਆਂ ਮੇਰੇ ਪਹਿਲੇ ਦਰਜੇ ਵਿਚ ਪਾਸ ਹੋਣ ਬਹੁਤ ਸਹਾਈ ਹੋਈ। ਮੈਨੂੰ ਚੋਖੇ ਨੰਬਰ ਮਿਲੇ: ਹਿੰਦੀ ਵਿਚ, ਜੁਗਰਾਫ਼ੀਏ ਵਿਚ, ਇਤਿਹਾਸ ਵਿਚ, ਨਾਗਰਿਕ ਸ਼ਾਸਤਰ ਵਿਚ ਬਹੁਤ ਨੰਬਰ ਮਿਲੇ। ਪਰ ਸਾਇੰਸ ਦੇ ਵਿਸ਼ਿਆਂ ਵਿਚ ਹਾਲਤ ਪਤਲੀ ਸੀ: ਗਣਿਤ ਵਿਚ ਸਿਰਫ਼ 47 ਨੰਬਰ ਆਏ। ਤਾਂ ਵੀ ਕੁਲ ਮਿਲਾ ਕੇ ਪਹਿਲੇ ਦਰਜੇ ਵਿਚ ਪਾਸ ਹੋਇਆ। ਪਹਿਲੇ ਦਰਜੇ ਵਿਚ ਪਾਸ ਹੋਣਤੇ ਬਿਹਾਰ ਵਿਚ ਇਕ ਕਲਚਰ ਹੈ ਕਿ ਬੱਚਾ ਜਾਂ ਤਾਂ ਡਾਕਟਰੀ ਕਰੇ ਜਾਂ ਇੰਜੀਨੀਅਰ ਬਣੇ, ਕਿਸੇ ਹੋਰ ਤੀਜੇ ਵਿਕਲਪ ਬਾਰੇ ਬਿਹਾਰ ਵਿਚ ਨਹੀਂ ਸੋਚਦੇ ...

      ? ਬਿਹਾਰ ਤਾਂ ਕੀ, ਸਾਰੇ ਹਿੰਦੁਸਤਾਨ ਵਿਚ ਇਹੋ ਕਲਚਰ ਹੈ ...

      : ਉਨ੍ਹੀਂ ਦਿਨੀਂ ਹੀ ਮੇਰੇ ਨਾਨਕੇ ਰਿਸ਼ਤੇਦਾਰਾਂ ਵਿੱਚੋਂ ਇਕ ਨੇ ਆਈ ਆਈ ਟੀ ਦਾ ਇਮਤਿਹਾਨ ਦਿੱਤਾਉਨ੍ਹਾਂ ਦਿਨਾਂ ਵਿਚ ਕੰਪਿਊਟਰ ਦਾ ਬੜਾ ਕਰੇਜ਼ ਸੀਉਸ ਨੂੰ ਦਿੱਲੀ ਵਿਚ ਦਾਖਲਾ ਮਿਲਿਆ ਤਾਂ ਪਿਤਾ ਜੀ ਨੂੰ ਜਾਪਿਆ ਕਿ ਮੇਰੇ ਮੁੰਡੇ ਨੂੰ ਵੀ ਆਈ ਆਈ ਟੀ ਲਈ ਤਿਆਰੀ ਕਰਨੀ ਚਾਹੀਦੀ ਹੈ। ਖੈਰ ਮੈਨੂੰ ਪਟਨਾ ਭੇਜ ਦਿੱਤਾ ਗਿਆ, ਇਕੇਰਾਂ ਮੁੜ ਮੇਰਾ ਸਾਇੰਸ ਵਲ ਮੋੜਾ ਕਟਾਉਣ ਲਈ। ਪਰ ਜੇ ਤੁਸੀਂ ਅੱਠਵੀਂ, ਨੌਵੀਂ ਦਸਵੀਂ ਵਿਚ ਵਿਗਿਆਨ ਦੇ ਵਿਸ਼ੇ ਨਾ ਪੜ੍ਹੇ ਹੋਣ ਤਾਂ ਤੁਹਾਡੇ ਕੋਲੋਂ ਬਹੁਤਾ ਕੁਝ ਹੁੰਦਾ ਨਹੀਂ। ਵਿਗਿਆਨ ਦੀਆਂ ਮੂਲ ਧਾਰਨਾਵਾਂ ਸਮਝਣ ਵਿਚ ਹੀ ਤੁਹਾਡੇ ਦੋ ਵਰ੍ਹੇ ਲੰਘ ਜਾਣਗੇ। ਇਕ ਸਾਲ ਵਿਚ ਹੀ ਮੈਨੂੰ ਅੰਦਾਜ਼ਾ ਹੋ ਗਿਆ ਕਿ ਇੱਥੇ ਮੈਂ ਸਮਾਂ ਬਰਬਾਦ ਕਰ ਰਿਹਾ ਹਾਂ। ਡੋਨੇਸ਼ਨ ਦੇ ਕੇ ਇੰਜੀਨੀਅਰ ਦੀ ਡਿਗਰੀ ਹਾਸਲ ਕਰਨ ਦਾ ਕੋਈ ਮਤਲਬ ਨਹੀਂ, ਅਤੇ ਨਾ ਹੀ ਸਮਰੱਥਾ ਹੈ। ਇਹ 2004 ਦੀ ਗੱਲ ਹੈ। ਮੈਂ ਇਸ ਖਿਆਲ ਨੂੰ ਤਜ ਦਿੱਤਾ। ਪਰ ਸੋਚਿਆ ਕਿ ਕਿਤੇ ਕੋਈ ਚੰਗੀ ਨੌਕਰੀ ਤਾਂ ਕਰਨੀ ਪਵੇਗੀ। ਬਿਹਾਰ ਵਿਚ ਚੰਗੀ ਨੌਕਰੀ ਦਾ ਮਤਲਬ ਹੈ ਕਲਕਟਰ ਬਣਨਾ। ਸੋ ਯੂ ਪੀ ਐੱਸ ਸੀ ਦੀ ਤਿਆਰੀ ਲਈ ਮੈਂ ਬੀ. ਏ. ਵਾਸਤੇ ਜੁਗਰਾਫ਼ੀਆ, ਇਤਿਹਾਸ ਅਤੇ ਸਮਾਜ ਸ਼ਾਸਤਰ ਵਿਸ਼ੇ ਚੁਣੇ। ਜੁਗਰਾਫ਼ੀਆ ਮੇਰਾ ਔਨਰਜ਼ ਦਾ ਵਿਸ਼ਾ ਸੀ ਅਤੇ ਹਿੰਦੀ ਸਾਹਿਤ ਆਪਸ਼ਨਲ। ਸੋ ਇਹ ਮੇਰੀ ਸਾਹਿਤ ਵਲ ਮੁੜ ਵਾਪਸੀ ਦਾ ਮੋੜ ਸੀਇਸੇ ਦੌਰਾਨ ਕਾਲਜ ਵਿਚ ਮੇਰੀ ਮੁਲਾਕਾਤ ਏ. ਆਈ. ਐੱਸ. ਐੱਫ਼. ਵਾਲਿਆਂ ਨਾਲ ਹੋਈ। ਮੈਂ ਉਸਦਾ ਮੈਂਬਰ ਬਣਿਆ ਅਤੇ ਕਾਲਜ ਦੇ ਨਿੱਕੇ ਨਿੱਕੇ ਸਵਾਲਾਂ ਉੱਤੇ; ਜਿਵੇਂ ਕਿਸੇ ਮੁੰਡੇ ਦਾ ਕਿਸੇ ਕੁੜੀ ਨੂੰ ਛੇੜਨਾ, ਲਾਇਬਰੇਰੀ ਵਿਚ ਕਿਤਾਬਾਂ ਨਹੀਂ ਹਨ, ਲੋੜੀਂਦਾ ਟਾਇਲਟ ਨਹੀਂ ਹੈ, ਪਾਣੀ ਦੀ ਵਿਵਸਥਾ ਨਹੀਂ ਹੈ, ਕੰਟੀਨ ਨਹੀਂ ਹੈ, ਕਾਲਜ ਦੀ ਪਾਰਕਿੰਗ ਵਿੱਚੋਂ ਸਾਈਕਲ ਚੋਰੀ ਹੋ ਜਾਂਦੇ ਹਨ, ਇਹੋ ਜਿਹੇ ਨਿੱਕੇ ਨਿੱਕੇ ਸਵਾਲਾਂ ਉੱਤੇ ਏ. ਆਈ. ਐੱਸ. ਐੱਫ਼. ਕਾਲਜ ਵਿਚ ਜੋ ਮੁਹਿੰਮਾਂ ਵਿੱਢਦੀ ਸੀ, ਮੈਂ ਉਨ੍ਹਾਂ ਵਿਚ ਸ਼ਾਮਲ ਹੋਣ ਲੱਗਾ। ਉਨ੍ਹੀਂ ਹੀ ਦਿਨੀਂ, ਕਾਫ਼ੀ ਸਮੇਂ ਬਾਦ ਪਟਨਾ ਵਿਚ ਕੁਝ ਇਹੋ ਜਿਹੇ ਹਾਲਾਤ ਮੁੜ ਬਣੇ ਕਿ ਏ. ਆਈ. ਐੱਸ. ਐੱਫ਼. ਕਿਸੇ ਕਾਲਜ ਵਿਚ ਕਾਨਫ਼ਰੰਸ ਕਰਾ ਸਕਣ ਦੇ ਸਮਰੱਥ ਹੋਈ। ਉਸ ਕਾਨਫਰੰਸ ਵਿਚ ਮੈਨੂੰ ਯੂਨਿਟ ਦਾ ਪਰਧਾਨ ਥਾਪ ਦਿੱਤਾ ਗਿਆ। ਮੇਰਾ ਕਹਿਣਾ ਸੀ ਕਿ ਮੈਂ ਜ਼ਿਆਦਾ ਅਤੇ ਲਗਾਤਾਰ ਸਮਾਂ ਨਹੀਂ ਦੇ ਸਕਾਂਗਾ ਕਿਉਂਕਿ ਮੈਂ ਪੜ੍ਹਨ ਵਲ ਵੀ ਧਿਆਨ ਦੇਣਾ ਹੈ, ਪਰ ਮੈਂ ਮੀਟਿੰਗਾਂ ਵਿਚ ਆਵਾਂਗਾ ਅਤੇ ਰੋਸ-ਮੁਜ਼ਾਹਰਿਆਂ ਵਿਚ ਸ਼ਾਮਲ ਹੋਵਾਂਗਾ। ਏ. ਆਈ. ਐੱਸ. ਐੱਫ਼. ਵਿਚ ਮੁਖ ਅਹੁਦਾ ਸਕੱਤਰ ਦਾ ਹੁੰਦਾ ਹੈ, ਪਰਧਾਨ ਦਾ ਕੰਮ ਮੀਟੰਗਾਂ ਵਿਚ ਪਰਧਾਨਗੀ ਕਰਨ ਦਾ ਹੁੰਦਾ ਹੈ। ਉਨ੍ਹਾਂ ਨੇ ਦੋ ਟਰਮਾਂ ਤਕ ਮੈਨੂੰ ਇਹ ਅਹੁਦਾ ਦੇਈ ਰੱਖਿਆ ਉਸੇ ਦੌਰ ਵਿਚ ਮੈਂ ਕਾਲਜ ਵਲੋਂ ਡਿਬੇਟ, ਭਾਸ਼ਣ ਮੁਕਾਬਲਿਆਂ, ਕਵਿਤਾ ਪਾਠ ਵਿਚ ਹਿੱਸਾ ਲੈਂਦਾ ਰਿਹਾ ਅਤੇ ਇਵੇਂ ਦੋਵੇਂ ਕੰਮ ਨਾਲੋ ਨਾਲ ਜਾਰੀ ਰਹੇ। ਇਕ ਪਾਸਿਓਂ ਨੌਕਰੀ ਦੀ ਮਨਸ਼ਾ ਨਾਲ ਪੜ੍ਹਾਈ, ਤੇ ਦੂਜੇ ਪਾਸੇ ਸਮਾਜ ਨੂੰ ਦੇਖਣ ਸਮਝਣ ਲਈ ਮਨੁੱਖਵਾਦੀ ਨਜ਼ਰ ਦਾ ਵਿਕਾਸ, ਸਾਹਿਤ, ਕਲਾ ਅਤੇ ਸਭਿਆਚਾਰ ਨਾਲ ਜੁੜਨਾ। ਦਿੱਲੀ ਵੀ ਮੈਂ ਯੂ. ਪੀ. ਐੱਸ. ਸੀ. ਦੇ ਖਿਆਲ ਨਾਲ ਹੀ ਆਇਆ ਸਾਂ। ਮੇਰੇ ਇੱਥੇ ਆਣ ਤੋਂ ਬਾਦ ਯੂ. ਪੀ. ਐੱਸ. ਸੀ ਵਿਚ ਇਕ ਵੱਡੀ ਤਬਦੀਲੀ ਆਈ। ਉਸ ਸਮੇਂ ਤਕ ਸੀ-ਸੈਟ ਨਹੀਂ ਸੀ: ਸੀ ਸੈਟ ਐਪਟਿਚਿਊਡ ਟੈਸਟ ਬਾਦ ਵਿਚ ਸ਼ੁਰੂ ਕੀਤਾ ਗਿਆ। ਦੂਜੇ ਪਾਸੇ ਮੇਰੇ ਅੰਦਰ ਵੀ ਇਕ ਟੁੱਟ-ਭੱਜ ਸ਼ੁਰੂ ਹੋ ਚੁੱਕੀ ਸੀ। ਜਦੋਂ ਤੁਸੀਂ ਵਿਵਸਥਾ ਨੂੰ ਜਾਨਣ ਸਮਝਣ ਲਗਦੇ ਹੋ; ਇਹ ਤੈਅ ਨਹੀਂ ਕਰ ਪਾਉਂਦੇ ਕਿ ਗੱਡੀ ਵਿਚ ਹਾਰਨ ਵੱਧ ਮਹੱਤਵ ਰੱਖਦਾ ਹੈ ਜਾਂ ਗਿਅਰ ਪਰ ਫੇਰ ਲੱਗਣ ਲਗਦਾ ਹੈ ਕਿ ਸਭ ਦਾ ਆਪੋ-ਆਪਣਾ ਮਹੱਤਵ ਹੁੰਦਾ ਹੈ। ਅਤੇ ਮੇਰਾ ਅਕਾਦਮਿਕਤਾ ਵਲ ਝੁਕਾਅ ਵਧਣ ਲੱਗਾ। ਇਕ ਸੰਸਥਾ ਹੈ ਆਲ ਇੰਡੀਆ ਪ੍ਰੋਗ੍ਰੈੱਸਿਵ ਫੋਰਮ, ਜਿਸ ਨਾਲ ਇਸ ਸਮੇਂ ਦੌਰਾਨ ਮੇਰਾ ਰਾਬਤਾ ਬਣਿਆ। ਹਰ ਮਹੀਨੇ ਦੇ ਇਕ ਸਨਿੱਚਰਵਾਰ ਉਹ ਸੈਮੀਨਾਰ ਕਰਦੇ ਸਨ। ਮੈਂ ਉੱਥੇ ਹਾਜ਼ਰੀ ਲੁਆਉਣੀ ਸ਼ੁਰੂ ਕੀਤੀ। ਮੈਨੂੰ ਲਗਦਾ ਹੈ ਅਕਾਦਮਿਕ ਖੇਤਰ ਵਿਚ ਇਹ ਮੇਰੇ ਪਰਵੇਸ਼ ਦਾ ਬਾਇਸ ਬਣਿਆ, ਜਦੋਂ ਮੈਂ ਬੇਰੁਜ਼ਗਾਰੀ ਉੱਤੇ ਉੱਥੇ ਇਕ ਪੇਪਰ ਪੜ੍ਹਿਆ। ਉੱਥੇ ਹੀ ਜੇ ਐੱਨ ਯੂ ਦੇ ਇਕ ਪ੍ਰੋਫੈੱਸਰ ਐੱਸ. ਐੱਨ. ਮਾਲਾਕਾਰ ਨਾਲ ਮੁਲਾਕਾਤ ਹੋਈ, ਜਿਨ੍ਹਾਂ ਦੇ ਬੋਲਣ ਢੰਗ ਨੇ ਮੈਨੂੰ ਬਹੁਤ ਪਰਭਾਵਤ ਕੀਤਾ। ਮੈਂ ਦਿੱਲੀ ਵਿਚ ਸਾਂ ਪਰ ਜੇ ਐੱਨ ਯੂ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਖੱਬੇ ਪੱਖੀ ਲਹਿਰ ਨਾਲ ਜੁੜਿਆ ਸਾਂ, ਅਜਿਹੇ ਪਰਵਾਰ ਵਿੱਚੋਂ ਸਾਂ ਪਰ ਜੇ ਐੱਨ ਯੂ ਦੇ ਬਾਰੇ ਨਹੀਂ ਸੀ ਜਾਣਦਾ। ਦੋ ਸਾਲ ਤੋਂ ਦਿੱਲੀ ਰਹਿੰਦਿਆਂ ਹੋਣ ਦੇ ਬਾਵਜੂਦ ਕਦੇ ਜੇ ਐੱਨ ਯੂ ਆ ਕੇ ਨਹੀਂ ਸੀ ਦੇਖਿਆ। ਉਹ ਪਲੈਟਫਾਰਮ ਮੇਰੇ ਜੇ ਐੱਨ ਯੂ ਵਿਚ ਪਹਿਲੇ ਦਾਖਲੇ ਦਾ ਬਾਇਸ ਬਣਿਆ, ਕਿ ਜੇ ਮੈਂ ਅਕਾਦਮਿਕ ਖੇਤਰ ਵਿਚ ਜਾਣਾ ਹੈ ਤਾਂ ਮੈਨੂੰ ਜੇ ਐੱਨ ਯੂ ਵਿਚ ਹੀ ਹੋਣਾ ਚਾਹੀਦਾ ਹੈ। ਉਹ ਜਿਹੜਾ ਬੇਰੁਜ਼ਗਾਰੀ ਬਾਰੇ ਪੇਪਰ ਮੈਂ ਪੇਸ਼ ਕੀਤਾ ਸੀ ਉਸਨੇ ਬਹੁਤ ਸਾਰੇ ਕਲਾਸਕੀ ਮਾਰਕਸੀ ਵਿਚਾਰਧਾਰਾ ਰੱਖਣ ਵਾਲੇ ਲੋਕਾਂ ਨੂੰ ਕੁਝ ਬੇਆਰਾਮ ਵੀ ਕੀਤਾ ਸੀ ਉਸ ਵਿਚ ਮੈਂ ਜਨਸੰਖਿਆ ਅਤੇ ਪਰਿਆਵਰਣ ਦੇ ਸਵਾਲਾਂ ਨੂੰ ਜੋੜ ਰਿਹਾ ਸਾਂ। ਮੇਰੀ ਧਾਰਨਾ ਸੀ ਕਿ ਇਕ ਪੱਧਰ ਤੇ ਜਾ ਕੇ ਵਧਦੀ ਜਨਸੰਖਿਆ ਵੀ ਸਮੱਸਿਆ ਬਣ ਕੇ ਉੱਭਰ ਸਕਦੀ ਹੈ ਕਿਉਂਕਿ ਤੁਸੀਂ ਪਰਿਆਵਰਣ ਉੱਤੇ ਉਸਦਾ ਅਸਰ ਦੇਖ ਰਹੇ ਹੋ। ਜਾਂ ਸਨਅਤੀ ਇਨਕਲਾਬ ਦੇ ਬਾਅਦ ਪੂੰਜੀਵਾਦ ਦਾ ਜਿਹੜਾ ਵਿਕਾਸ ਹੋਇਆ ਹੈ, ਉਸਦੇ ਮਾਡਲ ਦੇ ਆਧਾਰ ਉੱਤੇ ਹੀ ਅਸੀਂ ਦੁਨੀਆ ਨੂੰ ਦੇਖਦੇ ਹਾਂ। ਪਰ ਅੱਜ ਪੋਸਟ ਇੰਡਸਟਰੀਅਲ ਸੁਸਾਇਟੀ ਦਾ ਵੀ ਵਿਕਾਸ ਹੋ ਰਿਹਾ ਹੈ, ਉਸਦੇ ਨਾਲ ਹੁਣ ਤੁਸੀਂ ਦੁਨੀਆ ਵਿਚ ਕਿਹੜੀਆਂ ਹੋਰ ਤਬਦੀਲੀਆਂ ਨੂੰ ਦੇਖ ਰਹੇ ਹੋ। ਸੋ ਇਹ ਸਾਰੀਆਂ ਕੁਝ ਕੁਝ ਚੀਜ਼ਾਂ ਸਨ ਜਿਨ੍ਹਾਂ ਉੱਤੇ ਗੱਲਬਾਤ ਹੋਈ। ਖੈਰ, ਮੈਂ ਜੇ ਐੱਨ ਯੂ ਵਿਚ ਦੋ ਸੈਂਟਰਾਂ ਵਿਚ ਦਾਖਲੇ ਲਈ ਇਮਤਿਹਾਨ ਦਿੱਤਾ, ਦੋਹਾਂ ਵਿਚ ਸਿਲੈਕਟ ਹੋ ਗਿਆ। ਪਰ ਮੇਰੀ ਤਰਜੀਹ ਅਫ਼ਰੀਕਨ ਸਟਡੀਜ਼ ਦੇ ਵਿਭਾਗ ਨੂੰ ਸੀ, ਸੋ ਮੈਂ ਇਸ ਵਿਚ ਹੀ ਦਾਖਲਾ ਲਿਆ।

      ? ਅਫ਼ਰੀਕਾ ਬਹੁਤ ਅਣਗੌਲਿਆ ਮਹਾਂਦੀਪ ਹੈ। ਇਸ ਵਿਸ਼ੇਸ਼ ਦਿਲਚਸਪੀ ਪਿੱਛੇ ਕੀ ਕਾਰਣ ਸੀ?

      : ਇਸ ਖੇਤਰ ਨੂੰ ਚੁਣਨ ਵਿਚ ਦੋ ਗੱਲਾਂ ਜੁੜ ਗਈਆਂ। ਇਕ ਤਾਂ ਜਿਹੜੇ ਪ੍ਰੋਫੈਸਰ ਮਾਲਾਕਾਰ ਦਾ ਮੈਂ ਜ਼ਿਕਰ ਕੀਤਾ ਹੈ, ਉਹ ਅਫ਼ਰੀਕਨ ਸਟਡੀਜ਼ ਦੇ ਸਨ। ਉਨ੍ਹਾਂ ਨੇ ਆਪਣੇ ਵਿਭਾਗ ਵਿਚ ਆਉਣ ਦੀ ਸਲਾਹ ਦਿੱਤੀ। ਪਰ ਹਰ ਪ੍ਰੋਫੈੱਸਰ ਵਿਦਿਆਰਥੀਆਂ ਨੂੰ ਆਪਣੇ ਵਿਭਾਗ ਵਲ ਖਿੱਚਣ ਦੀ ਚਾਹਨਾ ਰੱਖਦਾ ਹੈ, ਸੋ ਇਹ ਇਕਮਾਤਰ ਕਾਰਨ ਨਹੀਂ ਹੋ ਸਕਦਾ। ਗ੍ਰੈਜੁਏਸ਼ਨ ਦੇ ਸਮੇਂ ਤੋਂ ਹੀ ਮੇਰੀ ਦਿਲਚਸਪੀ ਅਫ਼ਰੀਕੀ ਮਹਾਂਦੀਪ ਵਿਚ ਰਹੀ ਹੈ। ਤੁਹਾਡਾ ਇਹੋ ਸਵਾਲ ਦਾਖਲੇ ਸਮੇਂ ਮੇਰੀ ਇੰਟਰਵਿਊ ਕਮੇਟੀ ਨੇ ਵੀ ਕੀਤਾ ਸੀ। ਬਿਹਾਰ ਵਿਚ ਜੁਗਰਾਫ਼ੀਏ ਆਨਰਜ਼ ਵਿਚ ਬਾਕਾਇਦਾ ਇਕ ਪੇਪਰ ਹੁੰਦਾ ਹੈ: ਤਿੰਨ ਦਖਣੀ ਮਹਾਂਦੀਪ। ਉਨ੍ਹਾਂ ਵਿੱਚੋਂ ਅਫ਼ਰੀਕਾ ਮੈਨੂੰ ਸਭ ਤੋਂ ਵਧ ਦਿਲਚਸਪ ਮਹਾਂਦੀਪ ਲਗਦਾ ਸੀ। ਇਕ ਤਾਂ ਜੁਗਰਾਫ਼ੀਏ ਦੀਆਂ ਤਿੰਨੇ ਰੇਖਾਵਾਂ ਅਫ਼ਰੀਕੀ ਮਹਾਂਦੀਪ ਵਿੱਚੋਂ ਲੰਘਦੀਆਂ ਹਨ। ਸੋ ਮੌਸਮ ਦੇ ਹਿਸਾਬ ਨਾਲ ਅਫਰੀਕਾ ਵਿਚ ਇਕ ਜ਼ਬਰਦਸਤ ਵਿਵਿਧਤਾ ਹੈ। ਦੂਸਰੇ, ਮੈਂ ਸਮਾਜ ਸ਼ਾਸਤਰ ਦਾ ਵਿਦਿਆਰਥੀ ਹਾਂ, ਮੰਨਿਆ ਜਾਂਦਾ ਹੈ ਕਿ ਮਨੁੱਖ ਜਾਤੀ ਦਾ ਵਿਕਾਸ ਅਫ਼ਰੀਕਾ ਤੋਂ ਹੀ ਸ਼ੁਰੂ ਹੋਇਆ। ਫੇਰ ਜੇ ਤੁਸੀਂ ਸਮਾਜ ਸ਼ਾਸਤਰ ਪੜ੍ਹ ਰਹੇ ਹੋ ਤਾਂ ਦੁਨੀਆਂ ਦੀਆਂ ਸਭ ਤੋਂ ਪੁਰਾਣੀਆਂ ਸਭਿਅਤਾਵਾਂ ਵਿੱਚੋਂ ਇਕ ਅਫ਼ਰੀਕਾ ਦੀ ਮਿਸਰ ਦੀ ਸਭਿਅਤਾ ਹੈ। ਭਾਵੇਂ ਹੋਵੇ ਇਤਿਹਾਸ, ਭਾਵੇਂ ਜੁਗਰਾਫ਼ੀਆ, ਤੇ ਭਾਵੇਂ ਸਮਾਜ ਸ਼ਾਸਤਰ, ਹਰ ਪੱਖੋਂ ਅਫ਼ਰੀਕਾ ਬਹੁਤ ਦਿਲਚਸਪ ਹੈ। ਬਾਦ ਵਿਚ ਜਾ ਕੇ ਯੂ. ਪੀ. ਐੱਸ. ਸੀ. ਦੀ ਤਿਆਰੀ ਦੌਰਾਨ ਜਦੋਂ ਸੁਤੰਤਰਤਾ ਸੰਗਰਾਮ ਦਾ ਇਤਿਹਾਸ ਪੜ੍ਹਿਆ, ਗਾਂਧੀ ਜੀ ਬਾਰੇ ਪੜ੍ਹਿਆ, ਉਸ ਸਮੇਂ ਵੀ ਦਖਣੀ ਅਫ਼ਰੀਕਾ ਦਾ ਜ਼ਿਕਰ ਆਇਆ। ਦਖਣੀ ਅਫ਼ਰੀਕਾ ਦੀਆਂ ਭਾਰਤੀ ਸਮਾਜ ਨਾਲ ਬਹੁਤ ਸਮਾਨਤਾਵਾਂ ਹਨ। ਫੇਰ ਜਦੋਂ ਮੈਂ ਐੱਮ.ਫਿਲ. ਕਰਨੀ ਸ਼ੁਰੂ ਕੀਤੀ ਤਾਂ ਮੇਰੇ ਅਧਿਆਪਕ ਨੇ ਪੁੱਛਿਆ ਕਿ ਕਿਸ ਖੇਤਰ ’ਤੇ ਕੰਮ ਕਰਨਾ ਚਾਹੇਂਗਾ। ਮੈਂ ਫਰਾਂਸੀਸੀ ਅਧਿਕਾਰ ਹੇਠ ਰਹਿ ਚੁੱਕੇ ਤਕਰੀਬਨ 29 ਅਫਰੀਕੀ ਦੇਸ, ਜਿਨ੍ਹਾਂ ਦੀ ਗਿਣਤੀ ਅਫ਼ਰੀਕਾ ਵਿਚ ਸਭ ਤੋਂ ਵੱਧ ਹੈ ਅਤੇ ਅਫ਼ਰੀਕਾ ਦਾ ਵਡਾ ਖੇਤਰ ਅਜਿਹੇ ਦੇਸਾਂ ਹੇਠ ਪੈਂਦਾ ਹੈ, ਉਸ ਖਿੱਤੇ ਨੂੰ ਚੁਣਿਆ। ਇਨ੍ਹਾਂ ਵਿੱਚੋਂ ਪਛਮੀ ਅਫ਼ਰੀਕਾ ਦੇ ਦੇਸ ਸੇਨੇਗਾਲ ਵਿਚ ਸਮਾਜਕ ਤਬਦੀਲੀ ਮੇਰੀ ਖੋਜ ਦਾ ਕੇਂਦਰੀ ਧੁਰਾ ਸੀ। ਇਸ ਸਮੇਂ ਮੈਂ ਆਪਣੀ ਪੁਰਾਣੀ ਦਿਲਚਸਪੀ ਕਾਰਨ ਦੱਖਣੀ ਅਫ਼ਰੀਕਾ ਉੱਤੇ ਕੰਮ ਕਰ ਰਿਹਾ ਹਾਂ, ਅਤੇ ਇਸ ਤਰ੍ਹਾਂ ਅਫ਼ਰੀਕੀ ਮਹਾਂਦੀਪ ਦਾ ਚੋਖਾ ਵੱਡਾ ਹਿੱਸਾ ਕਵਰ ਹੋ ਜਾਂਦਾ ਹੈ। ਨਾਲੇ ਦੱਖਣੀ ਅਫ਼ਰੀਕਾ ਦਾ ਸਮਾਂ ਕਾਲ ਕਈ ਪੱਖਾਂ ਤੋਂ ਬਹੁਤ ਦਿਲਚਸਪ ਦਿਸਦਾ ਹੈ ਇਕ ਪਾਸੇ, 1991 ਵਿਚ ਪੂਰੀ ਦੁਨੀਆ ਵਿਚ ਨਵ-ਉਦਾਰਵਾਦ ਨੂੰ ਲਿਆਂਦਾ ਜਾ ਰਿਹਾ ਹੈ, ਤੇ ਐਨ ਉਸੇ ਵੇਲੇ ਦੱਖਣੀ ਅਫ਼ਰੀਕਾ ਵਿਚ ਨਸਲੀ ਵਿਤਕਰੇ ਦੇ ਆਪਾਰਥਾਈਡ ਆਧਾਰਤ ਸ਼ਾਸਨ ਦਾ ਅੰਤ ਹੋ ਰਿਹਾ ਹੈ ਅਤੇ ਉੱਥੇ ਜਿਸ ਸਟੇਟ ਦੀ ਉਸਾਰੀ ਹੋ ਰਹੀ ਹੈ, ਉਹ ਵੈਲਫ਼ੇਅਰ ਸਟੇਟ ਹੈ। ਵੈਲਫ਼ੇਅਰ ਸਟੇਟ ਅਤੇ ਨਵ-ਉਦਾਰਵਾਦ ਦਾ ਆਪਸ ਵਿਚ ਸਖਤ ਅੰਤਰ-ਵਿਰੋਧ ਹੈ। ਉਸ ਦੇਸ ਵਿਚ ਕਾਲੇ ਲੋਕਾਂ ਦਾ ਪੱਧਰ ਉਤਾਂਹ ਚੁੱਕਣ ਲਈ ਹਾਂ-ਪੱਖੀ ਸਰਗਰਮੀਆਂ ਦੀ ਸ਼ੁਰੂਆਤ ਵੀ ਕਰਨੀ ਹੈ। ਸੋ ਰਾਜਨੀਤਕ, ਸਮਾਜਕ ਅਤੇ ਆਰਥਕ ਲਿਹਾਜ਼ ਨਾਲ ਉੱਥੇ ਬਹੁਤ ਦਿਲਚਸਪ ਤਬਦੀਲੀਆਂ ਵਾਪਰ ਰਹੀਆਂ ਸਨ। ਸੋ ਇਸੇ ਸੰਦਰਭ ਵਿਚ ਮੈਂ ਅਪਣੀ ਪੀਐੱਚ. ਡੀ. ਲਈ ਸਮਾਜਕ ਤਬਦੀਲੀ ਦੇ ਵਿਸ਼ੇ ਉੱਤੇ ਕੰਮ ਕਰ ਰਿਹਾ ਹਾਂ।

     ? ਤੁਹਾਡੀ ਪਿਛਲੇ ਕੁਝ ਦਿਨਾਂ ਵਿਚ ਏਨੀ ਤਾਰੀਫ਼ ਹੋ ਚੁੱਕੀ ਹੈ ਕਿ ਹੁਣ ਤੁਹਾਡੀ ਤਾਰੀਫ਼ ਕਰਦਿਆਂ ਡਰ ਜਿਹਾ ਲਗਦਾ ਹੈ। ਕਿਤੇ ਸਿਰ ਨੂੰ ਨਾ ਚੜ੍ਹਦੀ ਹੋਵੇ। ਪਰ ਤੁਹਾਡੇ ਨਾਲ ਗੱਲਾਂ ਕਰਕੇ ਤਾਰੀਫ਼ ਕਰਨੋਂ ਰਹਿ ਵੀ ਨਹੀਂ ਹੁੰਦਾ ਕਿਉਂਕਿ ਏਨੀ ਘੱਟ ਉਮਰ ਵਿਚ ਏਨੀ ਸੁਲਝੀ ਹੋਈ ਸੋਝੀ ਅਤੇ ਸੂਝ ਦਾ ਅਜਿਹਾ ਪ੍ਰਗਟਾਵਾ ਕਿਸੇ ਵਿਰਲੇ ਵਿਚ ਹੀ ਦਿਸਦਾ ਹੈ। ਆਪਣੀ ਰਿਹਾਈ ਤੋਂ ਬਾਅਦ ਵਾਲੇ ਆਪਣੇ ਭਾਸ਼ਣ ਵਿਚ ਲਾਲ ਅਤੇ ਨੀਲੀ ਕਟੋਰੀ ਵਾਲੀ ਗੱਲ ਤੁਸੀਂ ਜਿਸ ਖੂਬਸੂਰਤੀ ਨਾਲ ਕਹੀ, ਉਸ ਵਿਚ ਭਾਰਤੀ ਰਾਜਨੀਤੀ ਦੀ ਅਹਿਮ ਲੋੜ ਲੁਕੀ ਹੋਈ ਹੈ। ਭਾਰਤ ਵਿਚ ਬੁਨਿਆਦੀ ਸਮਾਜਕ ਤਬਦੀਲੀ ਲਿਆਉਣ ਦੇ ਸੰਦਰਭ ਵਿਚ ਅੰਬੇਡਕਰਵਾਦੀ ਅਤੇ ਮਾਰਕਸਵਾਦੀ ਤਾਕਤਾਂ ਦੇ ਰਲ ਕੇ ਤੁਰਨ ਦੀ ਅਹਿਮੀਅਤ ਦੀ ਗੱਲ। ਇਸ ਪ੍ਰਗਟਾਵੇ ਪਿੱਛੇ ਤੁਹਾਡੀ ਮਾਨਸਿਕ ਉਥਲ ਪੁਥਲ ਜ਼ਰੂਰ ਪਹਿਲਾਂ ਤੋਂ ਚੱਲ ਰਹੀ ਹੋਵੇਗੀ ਜਿਸਨੇ ਇੰਨੇ ਥੋੜ੍ਹੇ ਸ਼ਬਦਾਂ ਰਾਹੀਂ ਇਕ ਸਿਆਸੀ ਪੈਂਤੜੇ ਨੂੰ ਸੂਤਰਬੱਧ ਕਰਨ ਵਿਚ ਤੁਹਾਡੀ ਮਦਦ ਕੀਤੀ। ਇਸ ਨਿਰਣੇਤੇ ਪੁੱਜਣ ਦੇ ਆਪਣੇ ਸਫ਼ਰ ਬਾਰੇ ਦੱਸੋ।

: ਜਦੋਂ ਮੈਂ ਬਿਹਾਰ ਵਿਚ ਸੀ ਤਾਂ ਬਿਲਕੁਲ ਕਲਾਸਕੀ ਮਾਰਕਸਵਾਦ ਪੜ੍ਹ ਰਿਹਾ ਸਾਂ; ਕਲਾਸ, ਕ੍ਰਾਂਤੀ। ਤੇ ਕਈ ਵਾਰ ਬੜੀ ਮੁਸ਼ਕਲ ਆਉਂਦੀ ਸੀ ਕਿਉਂਕਿ ਸਮਾਜ ਵਿਚ ਜਾ ਕੇ ਹਰ ਗੱਲ ਨੂੰ ਹਾਲਾਤ ਨਾਲ ਜੋੜ ਕੇ ਦੇਖਣ ਵਿਚ ਦਿੱਕਤ ਆਉਂਦੀ ਸੀ। ਜਦੋਂ ਦਿੱਲੀ ਆਇਆ ਤਾਂ ਮੇਰਾ ਵਾਹ ਉਨ੍ਹਾਂ ਧਾਰਨਾਵਾਂ ਅਤੇ ਵਿਚਾਰਾਂ ਨਾਲ ਪਿਆ ਜਿਨ੍ਹਾਂ ਨੂੰ ਨਵ-ਮਾਰਕਸਵਾਦ ਕਹਿੰਦੇ ਹਨ, ਜਿਹੜਾ ਆਲੋਚਨਾਤਮਕ ਕ੍ਰਿਟੀਕਲ ਥਾਟ ਦਾ ਸਕੂਲ ਹੈ ਅਤੇ ਮੈਂ ਦੇਖਿਆ ਕਿ ਸਾਰੀਆਂ ਕਲਾਸਕੀ ਧਾਰਨਾਵਾਂ ਬਦਲ ਰਹੀਆਂ ਹਨ। ਕਮਿਊਨਿਸਟ ਪਾਰਟੀ ਦੀ ਕਲਾਸਕੀ ਧਾਰਨਾ ਇਹੋ ਸੀ ਕਿ ਸਮਾਜ ਵਿਚ ਜਮਾਤਾਂ ਹਨ। ਇੱਥੇ ਆਕੇ ਮੈਂ ਜਾਤ ਦੇ ਸਵਾਲ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕੀਤਾ, ਅੰਬੇਡਕਰ ਨੂੰ ਪੜ੍ਹਿਆ, ਬਹਿਸਾਂ-ਮੁਬਾਹਸਿਆਂ ਵਿਚ ਸ਼ਾਮਲ ਹੋਣਾ ਸ਼ੁਰੂ ਕੀਤਾ। ਪਰ ਪੜ੍ਹਨ ਤੋਂ ਵੀ ਵੱਧ, ਜਦੋਂ ਮੈਂ ਜੇ ਐਨ ਯੂ ਆਇਆ ਤਾਂ ਮੈਨੂੰ ਕੁਝ ਚੀਜ਼ਾਂ ਅਮਲੀ ਤੌਰ ’ਤੇ ਮਹਿਸੂਸ ਹੋਈਆਂ। ਮੈਂ ਮਹਿਸੂਸ ਕੀਤਾ ਕਿ ਜੇ ਐੱਨ ਯੂ ਦੇ ਅੰਦਰ ਸਾਰੇ ਖੱਬੇ ਪੱਖੀ ਆਪਸ ਵਿਚ ਵੰਡੇ ਹੋਏ ਹਨ, ਅੰਬੇਡਕਰਵਾਦੀ ਅੱਡ ਹਨ, ਮੁਸਲਮਾਨ ਸੰਗਠਨ ਅੱਡ ਹਨ। ਅੰਬੇਡਕਰਵਾਦੀਆਂ ਦੇ ਅੰਦਰ ਵੀ ਵਖਰੇਵੇਂ ਹਨ; ਇਕ ਉਹ ਜੋ ਚੋਣਾਂ ਲੜਦੇ ਹਨ, ਦੂਜੇ ਜੋ ਚੋਣਾਂ ਨਹੀਂ ਲੜਦੇ। ਏਨੀਆਂ ਵੰਡੀਆਂ ਮੈਂ ਦੇਖੀਆਂ ਪਰ ਇਨ੍ਹਾਂ ਸਾਰਿਆਂ ਦੇ ਖਿਲਾਫ਼ ਇਕ ਤਾਕਤ ਇਕਮੁੱਠ ਹੋ ਕੇ ਖੜ੍ਹੀ ਦਿਸਦੀ ਸੀ: ਏ ਬੀ ਵੀ ਪੀ। ਇਹ ਗੱਲ ਮੈਨੂੰ ਦਿਸ ਰਹੀ ਸੀ, ਅਤੇ ਇਹ ਚੀਜ਼ਾਂ ਲਗਾਤਾਰ ਚੱਲ ਰਹੀਆਂ ਸਨ। ਮੈਂ ਦੇਖ ਰਿਹਾ ਸੀ ਕਿ ਬਿਹਾਰ ਅੰਦਰ ਕਿਵੇਂ ਜਾਤੀਵਾਦ ਨੂੰ ਖਤਮ ਕਰਨ ਵਾਲੀਆਂ ਤਾਕਤਾਂ ਏ ਬੀ ਵੀ ਪੀ ਨਾਲ ਯਾਨੀ ਭਾਜਪਾ ਨਾਲ ਗਠਬੰਧਨ ਕਰ ਰਹੀਆਂ ਹਨ। ਕਿਵੇਂ ਕਸ਼ਮੀਰ ਨੂੰ ਆਜ਼ਾਦ ਕਰਾਉਣ ਵਾਲੀ ਪਾਰਟੀ ਪੀਡੀਪੀ ਭਾਜਪਾ ਨਾਲ ਗਠਬੰਧਨ ਕਰ ਰਹੀ ਹੈ, ਕਿਵੇਂ ਕਦੇ ਖਾਲਿਸਤਾਨ ਦੀ ਗੱਲ ਕਰਣ ਵਾਲਾ ਅਕਾਲੀ ਦਲ ਹਿੰਦੂ ਰਾਸ਼ਟਰ ਮੰਗਣ ਵਾਲੀ ਭਾਜਪਾ ਨਾਲ ਗਠਬੰਧਨ ਕਰ ਰਿਹਾ ਹੈ, ਕਿਵੇਂ ਸ਼ਿਵ ਸੇਨਾ ਜਿਹੜੀ ਬਿਹਾਰੀਆਂ ਨਾਲ ਕੁੱਟ-ਮਾਰ ਕਰਦੀ ਹੈ ਭਾਜਪਾ ਨਾਲ ਮਹਾਰਾਸ਼ਟਰ ਵਿਚ ਗਠਬੰਧਨ ਕਰ ਰਹੀ ਹੈ, ਕਿਵੇਂ ਬਿਹਾਰੀ ਸਵੈ-ਮਾਣ ਦੇ ਨਾਂਅ ਉੱਤੇ ਵੋਟ ਮੰਗਣ ਵਾਲੀ ਨਿਤੀਸ਼ ਜੀ ਦੀ ਪਾਰਟੀ ਬਿਹਾਰ ਵਿਚ ਭਾਜਪਾ ਨਾਲ ਗਠਬੰਧਨ ਕਰ ਰਹੀ ਹੈਮੈਂ ਇਹ ਸਭ ਦੇਖ ਸਕਣ ਦੇ ਦੌਰ ਵਿੱਚੋਂ ਲੰਘ ਰਿਹਾ ਸਾਂ ਕਿ ਹਿੰਦੂ ਰਾਸ਼ਟਰ ਬਣਾਉਣ ਦਾ ਜਿਹੜਾ ਆਰ ਐੱਸ ਐੱਸ ਦਾ ਏਜੰਡਾ ਹੈ, ਉਸਨੂੰ ਸਿਆਸੀ ਤੌਰ ਉੱਤੇ ਉਹ ਕਿਵੇਂ ਅਗਾਂਹ ਵਧਾ ਰਹੇ ਹਨ। ਭਾਜਪਾ ਦੀ ਸਟ੍ਰੈਟਿਜੀ ਕਿੰਨੀ ਤੇਜ਼ੀ ਨਾਲ ਬਦਲ ਰਹੀ ਹੈ। ਉਨ੍ਹਾਂ ਵਿਚ ਕਿਤੇ ਵੀ ਕੋਈ ਖੜੋਤ ਨਹੀਂ ਹੈ, ਲੋੜ ਮੁਤਾਬਕ ਉਹ ਹਰ ਥਾਂ ਆਪਣੇ ਆਪ ਨੂੰ ਬਦਲ ਰਹੇ ਹਨ, ਬਦਲ ਲੈਂਦੇ ਹਨ। ਜਿੱਥੇ ਵੀ ਸੱਤਾ ਤਕ ਪਹੁੰਚਣ ਲਈ ਢੁੱਕਵਾਂ ਭਾਗੀਦਾਰ ਮਿਲ ਰਿਹਾ ਹੈ, ਜੋ ਉਨ੍ਹਾਂ ਨੂੰ ਸੱਤਾ ਤਕ ਪੁਚਾ ਸਕਦਾ ਹੈ, ਉਸ ਨਾਲ ਹੋ ਜਾਂਦੇ ਹਨ ਪਰ ਟੀਚਾ ਸਭ ਕੁਝ ਆਪਣੇ ਕੰਟਰੋਲ ਹੇਠ ਕਰਨ ਦਾ ਹੈ। ਦੂਜੇ ਪਾਸੇ, ਜੋ ਇਨ੍ਹਾਂ ਨਾਲ ਲੜਨ ਦਾ ਦਾਅਵਾ ਕਰਨ ਵਾਲੀਆਂ ਤਾਕਤਾਂ ਹਨ, ਉਹ ਕੀ ਕਰ ਰਹੀਆਂ ਹਨ? ਜਦੋਂ ਵੀ ਕੋਈ ਅਗਾਂਹਵਧੂ ਆਦਮੀ ਬੋਲਣਾ ਸ਼ੁਰੂ ਕਰਦਾ ਹੈ, ਤਾਂ ਉਹ ਭਾਜਪਾ ਦੀ ਆਲੋਚਨਾ ਤੋਂ ਗੱਲ ਸ਼ੁਰੂ ਨਹੀਂ ਕਰਦਾ, ਉਹ ਕਾਂਗਰਸ ਦੀ ਆਲੋਚਨਾ ਤੋਂ ਗੱਲ ਕਰਨੀ ਸ਼ੁਰੂ ਕਰਦਾ ਹੈ, ਅਤੇ ਪਿੱਛੋਂ ਜਾ ਕੇ ਭਾਜਪਾ ਦੀ ਆਲੋਚਨਾ ਵਲ ਮੁੜਦਾ ਹੈ। ਫੇਰ ਆਪਣੀ ਹੀ ਧਾਰਾ ਦੇ ਅੰਦਰ ਜੋ ਅੱਡੋ-ਅੱਡ ਤਾਕਤਾਂ ਹਨ, ਸੰਗਠਨ ਹਨ, ਉਨ੍ਹਾਂ ਦੀ ਆਲੋਚਨਾ ਕਰਦਾ ਹੈ। ਅਕਾਦਮਿਕ ਤੌਰ ’ਤੇ ਇਹ ਠੀਕ ਹੈ, ਅੰਦਰੂਨੀ ਬਹਿਸਾਂ ਹੋਣ ਦੇ ਪੱਖੋਂ ਵੀ ਇਹ ਗੱਲ ਠੀਕ ਹੈ, ਪਰ ਸਿਆਸੀ ਤੌਰ ’ਤੇ, ਅਮਲੀ ਸਿਆਸਤ ਦੇ ਪਿੜ ਵਿਚ ਜੇ ਇਹ ਕਰ ਰਹੇ ਹੋ ਤਾਂ ਰਤਾ ਸੋਚੋ ਕਿ ਇਸ ਆਪਸੀ ਛਿੱਟਾਕਸ਼ੀ, ਇਨ੍ਹਾਂ ਮਤਭੇਦਾਂ ਦਾ ਫ਼ਾਇਦਾ ਕਿਸ ਨੂੰ ਹੋ ਰਿਹਾ ਹੈ? ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਇਸ ਨਜ਼ਰੀਏ ਨਾਲ ਦੇਖਣਾ-ਪੜਚੋਲਣਾ ਸ਼ੁਰੂ ਕੀਤਾ। ਹੁਣ ਵੀ ਮੋਦੀ ਸ਼ਾਸਨ ਨੂੰ ਕਈ ਵਾਰ ਇੰਦਰਾ ਗਾਂਧੀ ਦੇ ਨਾਲ ਜੋੜਿਆ ਜਾਂਦਾ ਹੈ। ਪਰ ਦੁਹਾਂ ਵਿਚ ਇਕ ਬੁਨਿਆਦੀ ਫ਼ਰਕ ਹੈ ਅਤੇ ਉਹ ਇਹ ਕਿ ਇੰਦਰਾ ਗਾਂਧੀ ਦੇ ਸਮੇਂ ਵਿਚ ਜੇ ਮੈਂ ਆਲੋਚਨਾ ਕੀਤੀ, ਸ਼ਾਸਨ ਦੇ ਨਜ਼ਰੀਏ ਨਾਲ ਗ਼ਲਤੀ ਕੀਤੀ ਤਾਂ ਮੈਨੂੰ ਜੇਲ ਵਿਚ ਸੁੱਟਿਆ ਜਾਵੇਗਾ, ਮੇਰੇ ਨਾਲ ਫੋਟੋ ਖਿਚਾਉਣ ਵਾਲੀ ਲੜਕੀ ਦੇ ਚਰਿੱਤਰ ਉੱਤੇ ਹਮਲਾ ਨਹੀਂ ਕੀਤਾ ਜਾਵੇਗਾ (ਇੱਥੇ ਕਨ੍ਹਈਆ ਦਾ ਇਸ਼ਾਰਾ ਪਿਛਲੇ ਦਿਨੀ ਸੋਸ਼ਲ ਮੀਡੀਆ ਉੱਤੇ ਕੀਤੇ ਗਏ ਲਗਭਗ ਅਸ਼ਲੀਲ ਪਰਚਾਰ ਵਲ ਹੈ। ਕਨ੍ਹਈਆ ਅਤੇ ਉਸਦੀ ਇਕ ਔਰਤ ਦੋਸਤ ਦੀ ਸਧਾਰਨ ਜਿਹੀ ਤਸਵੀਰ ਨੂੰ ਲੈ ਕੇ ਬਹੁਤ ਘਟੀਆ ਟਿਪਣੀਆਂ ਹੋਈਆਂ ਹਨ - ਸੁਕੀਰਤ)ਇਹ ਇਕ ਬੁਨਿਆਦੀ ਫ਼ਰਕ ਹੈ ਕਿਉਂਕਿ ਇਨ੍ਹਾਂ ਨੇ ਤਹੱਈਆ ਕੀਤਾ ਹੋਇਆ ਹੈ ਕਿ ਅਗਾਂਹਵਧੂ ਵਿਚਾਰਾਂ ਨੂੰ ਜੜ੍ਹੋਂ ਪੁੱਟ ਕੇ ਹਟਣਾ ਹੈ। ਇਸ ਦੇਸ ਦੀ ਮੂਲ ਧਾਰਨਾ ਦਾ, ਇਸ ਦੇਸ ਵਿਚ ਕੌਮ ਦੀ ਪਰਿਭਾਸ਼ਾ ਦੀ ਧਾਰਨਾ ਨੂੰ ਬੁਨਿਆਦੀ ਤੌਰ ’ਤੇ ਖਤਮ ਕਰਕੇ ਛੱਡਣਾ ਹੈ।

? ਤੁਹਾਡੀ ਇਸ ਗੱਲ ਤੋਂ ਮੈਨੂੰ ਸਭ ਤੋਂ ਪਹਿਲਾਂ ਸਾਹਿਤ ਅਕਾਦਮੀ ਦਾ ਪੁਰਸਕਾਰ ਵਾਪਸ ਕਰਨ ਵਾਲੀ ਲੇਖਕ ਨਯਨਤਾਰਾ ਸਹਿਗਲ ਦਾ ਕਥਨ ਚੇਤੇ ਆਉਂਦਾ ਹੈ। ਉਸਦੀ ਟਿੱਪਣੀ ਸੀ: “ਇੰਦਰਾ ਜਮਹੂਰੀਅਤਵਾਦੀ ਜੋ ਬੁਰੀ ਤਰ੍ਹਾਂ ਭਟਕ ਗਈ, ਪਰ ਮੋਦੀ ਜਮਾਂਦਰੂ ਫ਼ਾਸ਼ੀਵਾਦੀ ਹੈ।

: ਮੈਨੂੰ ਲਗਦਾ ਹੈ ਕਿ ਮੋਦੀ ਜੀ ਤੇ ਇੰਦਰਾ ਜੀ ਵਿਚ ਇਕ ਹੋਰ ਫਰਕ ਵੀ ਹੈ ਜਿਸਨੂੰ ਸਮਝਣ ਦੀ ਲੋੜ ਹੈ। ਇੰਦਰਾ ਜੀ ਦੇ ਸਮੇਂ ਵਿਚ ਜਿਹੜਾ ਪੂੰਜੀਵਾਦ ਸੀ, ਉਸ ਵਿਚ ਜੋ ਸਰਪਲਸ ਪੈਦਾ ਹੋ ਰਿਹਾ ਸੀ ਉਹ ਵਾਪਸ ਉਤਪਾਦਨ ਵਿਚ ਲੱਗ ਰਿਹਾ ਸੀ। ਪਰ ਹੁਣ ਜਿਹੜਾ ਪੂੰਜੀਵਾਦ ਹੈ, ਇਸ ਵਿਚ ਜੋ ਸਰਪਲਸ ਪੈਦਾ ਹੋ ਰਿਹਾ ਹੈ, ਉਹ ਤਾਂ ਫ਼ਿਕਟੀਸ਼ਿਅਸ ਸਰਮਾਇਆ ਹੈ, ਹਵਾਈ ਹੈ ਕਿਉਂਕਿ ਉਹ ਸੱਟਾ ਬਾਜ਼ਾਰ ਵਿਚ ਜਾ ਰਿਹਾ ਹੈ, ਇਹ ਯਾਰੀ-ਬਾਸ਼ੀ ਦਾ ਯਾਨੀ ਕਰੋਨੀ ਪੂੰਜੀਵਾਦ ਹੈ, ਸਾਰਾ ਸਰਮਾਇਆ ਗਿਣਵੇਂ ਹੱਥਾਂ ਵਿਚ ਇਕੱਤਰ ਹੋ ਰਿਹਾ ਹੈ ਇਸ ਰਾਹੀਂ ਸਰਪਲਸ ਨਹੀਂ ਜਨਰੇਟ ਹੋ ਰਿਹਾ। ਇਨ੍ਹਾਂ ਹਾਲਾਤ ਵਿਚ ਸਮਾਜ ਨੇ ਅੱਗੇ ਤਾਂ ਕੀ ਵਧਣਾ ਹੈ, ਸਗੋਂ ਇਹ ਸਮਾਜ ਨੂੰ ਪਿਛਾਂਹ ਵਲ ਧੱਕਣ ਦੀ ਸਥਿਤੀ ਹੈ। ਆਰਥਕ ਆਧਾਰ ਉੱਤੇ ਦੋਨਾਂ ਵਿਚ ਇਹ ਵਖਰੇਵਾਂ ਹੈ; ਭਾਵੇਂ ਦੋਨੋ ਪੂੰਜੀਵਾਦੀ ਹਨ, ਦੋਵੇਂ ਬੁਰਜੂਆ ਪਾਰਟੀਆਂ ਹਨ। ਨਾਲ ਹੀ ਇਸ ਗੱਲ ਵਲ ਵੀ ਧਿਆਨ ਦੇਣ ਦੀ ਲੋੜ ਹੈ ਕਿ ਦੋਹਾਂ ਦੇ ਖਾਸੇ ਅਤੇ ਏਜੰਡੇ ਵਿਚ ਫਰਕ ਹੈ। ਇਸੇ ਲਈ ਇਹ ਪ੍ਰਸ਼ਾਸਨ ਇੰਨਾ ਹਮਲਾਵਰੀ ਸੁਰ ਵਾਲਾ ਹੈ, ਕਿਉਂਕਿ ਇਸ ਪੂੰਜੀਵਾਦ ਨੇ ਆਪਣੇ ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਲਾਗੂ ਕਰਨਾ ਹੈ। 2025 ਵਿਚ ਆਰ ਐੱਸ ਐੱਸ ਦੇ ਸੌ ਸਾਲ ਪੂਰੇ ਹੋ ਰਹੇ ਹਨ। ਇਹ 2025 ਵਿਚ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਦੀ ਤਿਆਰੀ ਵਿਚ ਹਨ। ਇਸੇ ਲਈ ਮੇਰਾ ਮੰਨਣਾ ਹੈ ਕਿ ਜੇਕਰ ਸਾਰੇ ਲੋਕ ਇਕਮੁੱਠ ਨਹੀਂ ਹੁੰਦੇ, ਦੇਸ ਨੂੰ ਬਚਾਉਣ ਦੇ ਸਵਾਲ ਉੱਤੇ ਆਰ ਐੱਸ ਐੱਸ ਦੇ ਖਿਲਾਫ਼ ਲੜਨ ਦਾ ਸਵਾਲ ਨਹੀਂ ਹੈ, ਸਵਾਲ ਦੇਸ ਨੂੰ ਬਚਾਉਣ ਦਾ, ਲੋਕਤੰਤਰ ਨੂੰ ਬਚਾਉਣ ਦਾ ਹੈ, ਸੰਵਿਧਾਨ ਨੂੰ ਬਚਾਉਣ ਦਾ ਹੈ ਇਹ ਇਕਮੁੱਠਤਾ ਬਹੁਤ ਜ਼ਰੂਰੀ ਹੈ। ਜਿਵੇਂ ਹੁਣ ਰਾਸ਼ਟਰ-ਵਿਰੋਧੀ ਸ਼ਬਦ ਦੀ ਵਰਤੋਂ ਕੀਤੀ ਜਾ ਰਹੀ ਹੈ ਪੂਰੇ ਸੰਵਿਧਾਨ ਵਿਚ ਕਿਤੇ ਨੈਸ਼ਨਲ ਸ਼ਬਦ ਦੀ ਵਰਤੋਂ ਹੀ ਨਹੀਂ, ਅਤੇ ਸਿਰਫ਼ ਇਕ ਥਾਂ ਹੀ ਨੇਸ਼ਨ ਸ਼ਬਦ ਵਰਤਿਆ ਗਿਆ ਹੈ, ਬਾਕੀ ਹਰ ਥਾਂ ਇੰਡੀਅਨ ਸਟੇਟ ਸ਼ਬਦ ਵਰਤਿਆ ਗਿਆ ਹੈ। ਜੇ ਇੰਡੀਅਨ ਸਟੇਟ ਦੇ ਖਿਲਾਫ਼ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਉਹ ਸੈਡੀਸ਼ਨ ਹੁੰਦਾ ਹੈ, ਐਂਟੀ ਨੈਸ਼ਨਲ ਨਹੀਂ। ਨੈਸ਼ਨਲਿਜ਼ਮ ਦਾ ਇਹ ਏਜੰਡਾ ਤਾਂ ਦੇਸ ਨੂੰ ਹੋਲੋਕਾਸਟ ਦੀ ਸਥਿਤੀ ਵੱਲ ਧੱਕਣ ਦਾ ਹੈ। ਮੈਨੂੰ ਜਾਪਦਾ ਹੈ ਕਿ ਜੇ ਅਸੀਂ ਦ੍ਰਿੜ੍ਹਤਾ ਨਾਲ ਇਸਦਾ ਮੁਕਾਬਲਾ ਨਹੀਂ ਕਰਦੇ ਤਾਂ ਜੋ ਕੁਝ ਯੋਰਪ ਵਿਚ ਹੋਇਆ ਸੀ, ਜਿਵੇਂ ਤਾਨਾਸ਼ਾਹਾਂ ਨੇ ਇਕ ਇਕ ਕਰਕੇ, ਵਾਰੋ-ਵਾਰੀ ਆਪਣੇ ਦੁਸ਼ਮਣਾਂ ਨੂੰ ਖਤਮ ਕੀਤਾ ਸੀ, ਉਹੋ ਕੁਝ ਹੁਣ ਸਾਡੇ ਦੇਸ ਵਿਚ ਵਾਪਰ ਸਕਦਾ ਹੈ।

? ਤੁਸੀਂ ਆਪਸੀ ਵੰਡੀਆਂ ਦੀ ਗੱਲ ਕੀਤੀ ਹੈ। ਇਹ ਵਖਰੇਵੇਂ ਵਿਚਾਰਧਾਰਕ ਹਨ ਜਾਂ ਆਗੂਆਂ ਦੀ ਹਉਮੈ ਕਾਰਨ? ਤੇ ਤੁਹਾਡੇ ਖਿਆਲ ਵਿਚ ਕੀ ਦਿੱਕਤ ਹੈ ਜੋ ਸਾਰਿਆਂ ਨੂੰ ਇਕਮੁੱਠ ਕਰਨ ਦੇ ਰਾਹ ਵਿਚ ਅੜਿੱਕਾ ਬਣੀ ਹੋਈ ਹੈ?

: ਮੈਂ ਸਮਝਦਾ ਹਾਂ ਕਿ ਵਿਚਾਰਧਾਰਾ ਦੀ ਹੀ ਦਿੱਕਤ ਹੈ। ਭਾਵੇਂ ਮਾਰਕਸਵਾਦੀ ਹੋਣ, ਭਾਵੇਂ ਅੰਬੇਡਕਰਵਾਦੀ ਤੇ ਭਾਵੇਂ ਸਮਾਜਵਾਦੀ ... ਦਿੱਕਤ ਵਿਚਾਰਧਾਰਾ ਨੂੰ ਲੈ ਕੇ ਹੀ ਹੈ। ਸਾਰੇ ਇਕ ਸੈਕਟੇਰੀਅਨ ਲਾਈਨ ਨੂੰ ਲੈ ਕੇ ਤੁਰਦੇ ਹਨ। ਮੇਰੀ ਜਾਚੇ ਸੈਕਟੇਰੀਅਨ ਲਾਈਨ, ਵਿਚਾਰਧਾਰਕ ਸ਼ੁੱਧਤਾ ਦੀ ਇਹ ਅੜੀ, ਇਕ ਪਿਓਰਿਸਟਿਕ ਐਟੀਚਿਊਡ ਵਿੱਚੋਂ ਪੈਦਾ ਹੁੰਦੀ ਹੈ ਕਿ ਜੋ ਕੁਝ ਅਸੀਂ ਕਹਿ ਰਹੇ ਹਾਂ ਉਹੀ ਖਾਲਸ ਹੈ, ਇਸ ਤੋਂ ਰਤਾ ਲਾਂਭੇ ਹੋ ਕੇ ਜੋ ਗੱਲ ਕਹੀ ਜਾ ਰਹੀ ਹੈ, ਉਹ ਗ਼ਲਤ ਹੈ, ਅਸ਼ੁੱਧ ਹੈ। ਭਾਰਤ ਦੀ ਰਾਜਨੀਤੀ ਦੇ ਅੰਦਰਲੇ ਵਿਚਾਰਧਾਰਾਕ ਮਤਭੇਦ ਇਕ ਕਿਸਮ ਨਾਲ ਛੂਆ-ਛੂਤ ਦਾ ਸ਼ਿਕਾਰ ਹਨ। ਮੈਂ ਇਕ ਗੱਲ ਸਿੱਧੀ ਜਿਹੀ ਕਹਿਣਾ ਚਾਹੁੰਦਾ ਹਾਂ ਕਿ ਭਾਰਤੀ ਸਮਾਜ ਵਿਚ ਕਿਸੇ ਵੀ ਕਿਸਮ ਦਾ ਅੱਤਵਾਦ ਨਹੀਂ ਚੱਲ ਸਕਦਾ ਭਾਵੇਂ ਉਹ ਵਾਮਪੰਥੀ ਅੱਤਵਾਦ ਹੋਵੇ ਤੇ ਭਾਵੇ ਦਖਣਪੰਥੀ, ਭਾਵੇਂ ਉਹ ਦਲਿਤ ਅੱਤਵਾਦ ਹੋਵੇ ਭਾਵੇਂ ਉਹ ਪਛੜਿਆਂ ਦਾ, ਜਾਂ ਫੇਰ ਘੱਟਗਿਣਤੀਆਂ ਦਾ ਅੱਤਵਾਦ। ਭਾਵੇਂ ਉਹ ਉੇਵੈਸੀ ਹੋਵੇ, ਜਾਂ ਫੇਰ ਮੋਦੀ ਤੇ ਭਾਵੇਂ ਉਹ ਕੋਈ ਨਕਸਲੀ ਆਗੂ ਹੋਵੇ ਦਰਅਸਲ ਇਹ ਸਾਰੇ ਇਕ ਦੂਜੇ ਦੀ ਮਦਦ ਕਰਦੇ ਹਨ। ਇਨ੍ਹਾਂ ਦੀ ਬੋਲ-ਬਾਣੀ ਨਾਲ ਇਕ ਦੂਜੇ ਦੇ ਕੰਮਾਂ ਨੂੰ ਹੁਲਾਰਾ ਮਿਲਦਾ ਹੈ ਸਗੋਂ। ਕਿਉਂਕਿ ਇਸ ਬੋਲ-ਬਾਣੀ, ਆਪਣੇ ਵਿਰੋਧੀਆਂ ਦੇ ਇਨ੍ਹਾਂ ਅੱਤਵਾਦੀ ਕਥਨਾਂ ਨੂੰ ਉਹ ਆਪੋ-ਆਪਣੇ ਪੈਰੋਕਾਰਾਂ ਜਾਂ ਭਗਤਾਂ ਨੂੰ ਚਾਰਨ ਲਈ ਵਰਤਦੇ ਹਨ। ਪਰ ਇਨ੍ਹਾਂ ਸਭਨਾਂ ਦੇ ਵਿਚਕਾਰ ਵੱਡੀ ਗਿਣਤੀ ਆਮ ਜਨਤਾ ਦੀ ਹੈ, ਜੋ ਉਦਾਰਵਾਦੀ ਹੈ, ਜੋ ਦੋ ਡੰਗ ਦੀ ਰੋਟੀ ਚਾਹੁੰਦੀ ਹੈ, ਆਪਣੇ ਬਾਲਾਂ ਨੂੰ ਸਕੂਲੀ ਸਿੱਖਿਆ ਦੇਣਾ ਚਾਹੁੰਦੀ ਹੈ, ਸ਼ਾਂਤੀ ਨਾਲ ਜ਼ਿੰਦਗੀ ਬਸਰ ਕਰਨਾ ਚਾਹੁੰਦੀ ਹੈ, ਕਿਸੇ ਕਿਸਮ ਦਾ ਅੱਤਵਾਦ ਨਹੀਂ ਚਾਹੁੰਦੀ। ਉਹ ਜੇ ਧਰਮ ਨੂੰ ਮੰਨਦੀ ਹੈ ਤਾਂ ਅੱਤਵਾਦ ਤੋਂ ਬਿਨਾਂ। ਉਹ ਆਪਣੇ ਰੱਬ ਨੂੰ ਮੰਨਦੀ ਹੈ, ਪਰ ਦੂਜੇ ਰੱਬ ਨੂੰ ਮੰਨਣ ਵਾਲਿਆਂ ਦੇ ਖਿਲਾਫ਼ ਤਲਵਾਰ ਨਹੀਂ ਚੁੱਕੀ ਫਿਰਦੀ। ਭਾਰਤੀ ਸਮਾਜ ਵਿਚ ਜਿੰਨੀਆਂ ਵੀ ਅੱਤਵਾਦੀ ਵਿਚਾਰਧਾਰਾਵਾਂ ਹਨ, ਜੋ ਸੰਕੀਰਣਤਾ ਹੈ, ਉਸਨੇ ਲਿਬਰਲ ਲੋਕਾਂ ਨੂੰ ਇਕਮੁੱਠ ਨਹੀਂ ਹੋਣ ਦਿੱਤਾ ਕਿਉਂਕਿ ਲਿਬਰਲ ਲੋਕ ਕਨਫ਼ਿਊਜ਼ਡ ਰਹੇ ਹਨ। ਜੋ ਖੱਬੇਪੱਖੀ ਲਿਬਰਲ ਹਨ ਉਹ ਕਨਫ਼ਿਊਜ਼ਡ ਰਹੇ ਹਨ ਕਾਂਗਰਸ ਅਤੇ ਭਾਜਪਾ ਵਿਚਕਾਰ, ਜੋ ਕਾਂਗਰਸੀ ਹੈ ਉਹ ਕਨਫ਼ਿਊਜ਼ਡ ਰਿਹਾ ਹੈ ਦੋ ਧਾਰਾਵਾਂ ਦੇ ਵਾਮ-ਪੰਥ ਵਿਚਕਾਰ। ਸੋ ਇਹ ਜਿਹੜਾ ਉਦਾਰਵਾਦੀ ਲੋਕਾਂ ਦਾ ਵੱਡਾ ਹਿੱਸਾ ਹੈ, ਉਸ ਅੰਦਰ ਇਕ ਭ੍ਰਮ ਦੀ ਸਥਿਤੀ ਹੈ ਇਸ ਆਪਸੀ ਵੰਡਾਰੇ ਕਾਰਨ, ਜਿਹੜਾ-ਪਹਿਲੇ ਨੰਬਰ-ਤੇ- ਉਹੋ -ਜੇਤੂ ਵਾਲੀ ਚੋਣ-ਪ੍ਰਣਾਲੀ ਕਾਰਨ ਸਿਰਫ਼ ਇਕ ਵੋਟ ਵੱਧ ਲਿਜਾਣ ਵਾਲਾ ਜੇਤੂ ਹੋ ਜਾਂਦਾ ਹੈ, ਨਾਇਕ ਬਣ ਜਾਂਦਾ ਹੈ। ਜੇਕਰ ਅੱਜ ਇਸ ਦੇਸ ਵਿਚ ਅਨੁਪਾਤੀ ਨੁਮਾਇੰਦਗੀ ਦੀ ਲੜਾਈ ਲੜੀ ਜਾਏ, ਚੋਣ-ਸੁਧਾਰਾਂ ਦੀ ਲੜਾਈ ਲੜੀ ਜਾਏ, ਤਾਂ ਵੀ ਇਸ ਦੇਸ ਵਿਚ ਫ਼ਾਸ਼ਿਜ਼ਮ ਨੂੰ ਰੋਕਿਆ ਜਾ ਸਕਦਾ ਹੈ, ਕਿਉਂਕਿ ਇਸ ਦੇਸ ਵਿਚ ਅਗਾਂਹਵਧੂ ਤਬਕਾ ਬਹੁਤ ਵੱਡਾ ਹੈ ਅਤੇ ਅੱਜ ਵੀ ਬਹੁਗਿਣਤੀ ਵਿਚ ਹੈ। ਸੋ ਕਿਸੇ ਵੀ ਬੁਨਿਆਦੀ ਸੁਧਾਰ ਨੂੰ ਲੈ ਕੇ ਜੇਕਰ ਸਾਡੇ ਦੇਸ ਦੀ ਜਨਤਾ ਇਕ ਸੰਘਰਸ਼ ਵਿੱਢ ਲਵੇ, ਭਾਵੇਂ ਉਹ ਸਿੱਖਿਆ ਵਿਚ ਬਰਾਬਰ ਅਧਿਕਾਰਾਂ ਦੀ ਗੱਲ ਹੋਵੇ ਕਿ ਜੇ ਸਾਡਾ ਤੇ ਤੁਹਾਡਾ ਵੋਟ ਬਰਾਬਰ ਹੈ ਤਾਂ ਤੁਹਾਡੇ ਅਤੇ ਮੇਰੇ ਬੱਚੇ ਲਈ ਸਿੱਖਿਆ ਦੇ ਮੌਕੇ ਬਰਾਬਰ ਕਿਉਂ ਨਹੀਂ? ਸਿਰਫ਼ ਇਸ ਸਵਾਲ ਉੱਤੇ, ਜਾਂ ਫੇਰ ਚੋਣ-ਪ੍ਰਣਾਲੀ ਵਿਚ ਬੁਨਿਆਦੀ ਸੁਧਾਰਾਂ ਲਈ ਇਕ ਲੜਾਈ ਛੇੜ ਦਿੱਤੀ ਜਾਵੇ ਤਾਂ ਦੇਸ ਵਿਚ ਇਕ ਵੱਡੀ ਤਬਦੀਲੀ ਸੰਭਵ ਹੈ। ਅਜੋਕੇ ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਸਮੇਂ ਪਹਿਲ ਇਕਮੁੱਠ ਹੋ ਕੇ ਇਹੋ ਜਿਹੇ ਸਾਂਝੇ ਸੰਘਰਸ਼ ਵਿੱਢਣ ਨੂੰ ਦਿੱਤੀ ਜਾਣੀ ਚਾਹੀਦੀ ਹੈ, ਬਾਕੀ ਗੱਲਾਂ ਬਾਅਦ ਵਿਚ ਵੀ ਹੋ ਸਕਦੀਆਂ ਹਨ, ਹੋਣਗੀਆਂ।

 - ਤੁਹਾਡੇ ਸਾਥੀ ਮੈਨੂੰ ਮੁੜ ਮੁੜ ਇਸ਼ਾਰਾ ਕਰ ਰਹੇ ਹਨ ਕਿ ਮੈਂ ਆਪਣੀ ਗੱਲ ਮੁਕਾਵਾਂ ਕਿਉਂਕਿ ਮੇਰੇ ਤੋਂ ਇਲਾਵਾ ਕਈ ਹੋਰ ਲੋਕ ਤੁਹਾਡੇ ਨਾਲ ਗੱਲਬਾਤ ਕਰਨ ਲਈ ਪਾਲ ਵਿਚ ਹਨ। ਤੁਹਾਡੇ ਹੀ ਇਕ ਕਥਨ ਨਾਲ ਗੱਲ ਮੁਕਾਉਂਦਾ ਹਾਂ। ਰਿਹਾਈ ਮਗਰੋਂ ਰਵੀਸ਼ ਕੁਮਾਰ ਦੇ ਪੁੱਛਣ ਉੱਤੇ ਕਿ ਜੇਲ੍ਹ ਵਿਚ ਡਰ ਤਾਂ ਨਹੀਂ ਸੀ ਲਗਦਾ, ਤੁਹਾਡਾ ਜਵਾਬ ਸੀ ਡਰ ਤਾਂ ਲਗਦਾ ਹੈ, ਪਰ ਉਹੋ ਡਰ ਲੜਾਈ ਲੜਨ ਦੀ ਤਾਕਤ ਵੀ ਬਖਸ਼ਦਾ ਹੈ: ਡਰਾਂਗੇ, ਤਾਂ ਹੀ ਲੜਾਂਗੇਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਜੋ ਕੁਝ ਤੁਹਾਡੇ ਨਾਲ ਹੋਇਆ, ਉਮਰ ਖਾਲਿਦ ਅਤੇ ਹੋਰਨਾਂ ਨਾਲ ਹੋ ਰਿਹਾ ਹੈ, ਜੋ ਕੁਝ ਭਾਰਤ ਦੀਆਂ ਯੂਨੀਵਰਸਟੀਆਂ ਵਿਚ ਹੋ ਰਿਹਾ ਹੈ, ਉਸਨੇ ਦੇਸ ਵਿਚਲੇ ਹਾਲਾਤ ਪ੍ਰਤੀ ਸਭ ਖੱਬੇ-ਪੱਖੀਆਂ ਨੂੰ ਸੁਚੇਤ ਕੀਤਾ ਹੈ, ਝੰਜੋੜਿਆ ਹੈ। ਮੇਰੇ ਸ਼ਹਿਰ ਜਲੰਧਰ ਵਿਚ ਪਿਛਲੇ ਦਿਨੀਂ ਹਰ ਵਿਚਾਰਧਾਰਕ ਮਤਭੇਦ ਨੂੰ ਲਾਂਭੇ ਰੱਖ ਕੇ ਪੰਜਾਬ ਦੇ ਸਾਰੇ ਖੱਬੇ ਦਲਾਂ ਨੇ ਸਾਂਝੀ ਰੈਲੀ ਕੀਤੀ। ਸਾਨੂੰ ਸਾਰਿਆਂ ਨੂੰ ਝੰਜੋੜਨ ਲਈ, ਇਕ ਪਲੈਟਫਾਰਮ ’ਤੇ ਇਕੱਤਰ ਕਰਨ ਦਾ ਬਾਇਸ ਬਣਨ ਲਈ ਤੁਹਾਡਾ ਧੰਨਵਾਦ।

*****

(227)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author