Sukirat7ਬੰਗਾਲੀ ਸਭਿਆਚਾਰ ਬਾਰੇ ਪੇਤਲੀ ਜਿਹੀ ਜਾਣਕਾਰੀ ਰੱਖਣ ਵਾਲੇ ਲੋਕ ਵੀ ਜਾਣਦੇ ਹਨ ਕਿ ...
(2 ਅਪਰੈਲ 2018)

 

ਕਈ ਦਹਾਕੇ ਪੁਰਾਣਾ ਇਕ ਮਸ਼ਹੂਰ ਗੀਤ ਹੈ: ‘ਦੇਖੋ ਓ ਦੀਵਾਨੋ ਤੁਮ ਯਿਹ ਕਾਮ ਨਾ ਕਰੋ, ਰਾਮ ਕਾ ਨਾਮ ਬਦਨਾਮ ਨਾ ਕਰੋ’। ਆਪਣੇ ਵੇਲਿਆਂ ਦੀ ਮਕਬੂਲ ਫਿਲਮ ‘ਹਰੇ ਰਾਮ ਹਰੇ ਕ੍ਰਿਸ਼ਨ’ ਦੇ ਹੀਰੋ ਨੇ ਰਾਮ ਦੇ ਨਾਂਅ ਦੀ ਓਟ ਵਿਚ ਨਸ਼ਾ ਪੱਤਾ ਫੂਕਣ ਵਾਲਿਆਂ ਨੂੰ ਸਮਝਾਉਂਦਿਆਂ ਇਹ ਗੀਤ ਗਾਇਆ ਸੀ ਜੋ ਅਜ ਤੀਕ ਲੋਕਾਂ ਨੂੰ ਚੇਤੇ ਹੈ। ਹੁਣ ਦੇ ਹਾਲਾਤ ਵਲ ਨਜ਼ਰ ਮਾਰੀਏ ਤਾਂ ਇਹ ਗੀਤ ਹੋਰ ਵੀ ਤਿੱਖੜ ਫਿਟਕਾਰ ਵਾਂਗ ਸੁਣਾਈ ਦੇਂਦਾ ਹੈ। ਰਾਮ ਦੇ ਨਾਂਅ ਨੂੰ ਉਸਦੇ ਹੀ ਅਖਾਉਤੀ ਭਗਤਾਂ ਵਲੋਂ ਸਿਆਸੀ ਧਮੱਚੜ ਮਚਾਉਣ ਅਤੇ ਹਿੰਸਾ ਫੈਲਾਉਣ ਲਈ ਮੁੜ ਮੁੜ ਵਰਤਿਆ ਜਾ ਰਿਹਾ ਹੈ। ਰਾਮ ਜਨਮ-ਭੂਮੀ ਅਤੇ ਉਸ ਥਾਂ ਉੱਤੇ ਮੰਦਰ ਉਸਾਰੀ ਦਾ ਮੁੱਦਾ ਤਾਂ ਕਈ ਦਹਾਕਿਆਂ ਤੋਂ ਵੋਟਾਂ ਖਾਤਰ ਸਿਆਸੀ ਚੁੱਲ੍ਹੇ ਉੱਤੇ ਕਾੜ੍ਹਿਆ ਜਾ ਹੀ ਰਿਹਾ ਸੀ, ਪਰ ਹੁਣ ਰਾਮ ਨੌਮੀ ਦੇ ਸਾਲਾਨਾ ਤਿਉਹਾਰ ਨੂੰ ਵੀ ਆਪਣੇ ਸ਼ਕਤੀ ਪ੍ਰਦਰਸ਼ਨ ਦੇ ਹਥਿਆਰ ਵਜੋਂ ਵਰਤਿਆ ਜਾਣ ਲੱਗ ਪਿਆ ਹੈ।

ਚੇਤ ਦੇ ਦੇਸੀ ਮਹੀਨੇ ਦੇ ਚਾਨਣੇ ਪੱਖ ਦੇ ਨੌਂਵੇਂ ਦਿਨ ਨੂੰ ਵਿਸ਼ਨੂ ਦੇ ਸਤੱਵੇਂ ਅਵਤਾਰ ਰਾਮ ਦੇ ਰੂਪ ਵਿਚ ਜਨਮ ਲੈਣ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ। ਸਦੀਆਂ ਤੋਂ ਤੁਰੀਆਂ ਆਉਂਦੀਆਂ ਰਵਾਇਤਾਂ ਮੁਤਾਬਿਕ ਇਸ ਦਿਨ ਰਾਮ ਕਥਾ ਪੜ੍ਹੀ ਅਤੇ ਗਾਈ ਜਾਂਦੀ ਹੈ, ਭਗਵਾਨ ਰਾਮ ਚੰਦਰ ਦੀ ਯਾਦ ਵਿਚ ਭਜਨ ਗਾਏ ਜਾਂਦੇ ਹਨ ਅਤੇ ਆਰਤੀ ਕੀਤੀ ਜਾਂਦੀ ਹੈ। ਸਾਂਝੇ ਭੰਡਾਰੇ (ਲੰਗਰ) ਵਿਉਂਤ ਕੇ ਲੋਕਾਂ ਨੂੰ ਭੋਜਨ ਛਕਾਇਆ ਜਾਂਦਾ ਹੈ ਅਤੇ ਸ਼ੋਭਾ-ਯਾਤਰਾਵਾਂ ਰਾਹੀਂ ਰਾਮ ਜੀਵਨ ਦੀਆਂ ਝਾਕੀਆਂ ਕੱਢੀਆਂ ਜਾਂਦੀਆਂ ਹਨ। ਭਾਵੇਂ ਇਸ ਦਿਨ ਨੂੰ ਹਰ ਛੋਟੇ ਵੱਡੇ ਭਾਰਤੀ ਸ਼ਹਿਰ ਵਿਚ ਮਨਾਇਆ ਜਾਂਦਾ ਹੈ ਪਰ ਜਸ਼ਨ ਲਈ ਸਭ ਤੋਂ ਮਸ਼ਹੂਰ ਥਾਂਵਾਂ ਅਯੋਧਿਆ, ਸੀਤਾਮੜ੍ਹੀ (ਬਿਹਾਰ), ਜਨਕਪੁਰਧਾਮ (ਨੇਪਾਲ), ਭਦਰਾਚਲਮ (ਤੇਲੰਗਾਨਾ) ਅਤੇ ਰਾਮੇਸ਼ਵਰਮ (ਤਾਮਿਲ ਨਾਡ) ਵਿਚ ਹਨ।

ਸਥਾਨਕ ਰਵਾਇਤਾਂ ਅਤੇ ਸਭਿਆਚਾਰਕ ਰੀਤਾਂ ਕਾਰਨ ਬੰਗਾਲ ਵਿਚ ਇਸ ਤਿਉਹਾਰ ਨੂੰ ਉਹ ਦਰਜਾ ਪ੍ਰਾਪਤ ਨਹੀਂ ਜੋ ਉੱਥੇ ਦੁਰਗਾ ਪੂਜਾ ਦਾ ਹੈ। ਬੰਗਾਲੀ ਸਭਿਆਚਾਰ ਬਾਰੇ ਪੇਤਲੀ ਜਿਹੀ ਜਾਣਕਾਰੀ ਰੱਖਣ ਵਾਲੇ ਲੋਕ ਵੀ ਜਾਣਦੇ ਹਨ ਕਿ ਬੰਗਾਲੀਆਂ ਲਈ ਸਭ ਤੋਂ ਵੱਡਾ ਤਿਉਹਾਰ ਦੁਰਗਾ ਪੂਜਾ ਹੈ, ਜਦੋਂ ਨਾ ਸਿਰਫ਼ ਸਾਰਾ ਬੰਗਾਲ ਹੀ ਇਸ ਕਈ ਦਿਨਾਂ ਉੱਤੇ ਫੈਲੇ ਇਸ ਤਿਉਹਾਰ ਨੂੰ ਮਨਾਉਣ ਜੁਟਦਾ ਹੈ, ਸਗੋਂ ਬਾਹਰਲੇ ਸੂਬਿਆਂ ਜਾਂ ਦੇਸਾਂ ਵਿਚ ਰਹਿੰਦੇ ਬੰਗਾਲੀ ਵੀ ਇਸ ਨੂੰ ਪੂਰੇ ਜੋਸ਼ ਨਾਲ ਮਨਾਉਂਦੇ ਹਨ। ਪਰ ਹੁਣ ਰਾਮ ਦਾ ਨਾਂਅ ਵਰਤ ਕੇ ਸਾਰੇ ਭਾਰਤੀਆਂ ਨੂੰ ‘ਇਕਸਾਰ ਅਤੇ ਪੱਧਰਾ’ ਕਰਨ ਦੇ ਮਨਸੂਬੇ ਵਾਲੀਆਂ ਹਿੰਦੂਤਵਵਾਦੀ ਤਾਕਤਾਂ ਨੂੰ ਬੰਗਾਲ ਵਿਚ ਵੀ ਰਾਮ ਨੌਮੀ ਮਨਾਉਣ ਦਾ ਉਬਾਲਾ ਚੜ੍ਹਿਆ ਹੈ। ‘ਉਬਾਲਾ’ ਇਸ ਲਈ ਕਹਿਣਾ ਪੈ ਰਿਹਾ ਹੈ ਕਿ ਰਵਾਇਤੀ ਢੰਗ ਨਾਲ ਸ਼ੋਭਾ ਯਾਤਰਾਵਾਂ ਕੱਢਣ ਜਾਂ ਭੰਡਾਰੇ ਲਾਉਣ ਦੇ ਖੇੜੇ ਭਰਪੂਰ ਕੰਮ ਕਰਨ ਦੀ ਥਾਂ ਬਜਰੰਗ ਦਲੀਆਂ ਅਤੇ ਵਿਸ਼ਵ ਹਿੰਦੂ ਪਰੀਸ਼ਦ ਵਾਲਿਆਂ (ਜੋ ਦਰਅਸਲ ਭਾਜਪਾ ਦੇ ਸਿਆਸੀ ਮਨਸੂਬਿਆਂ ਨੂੰ ਨੇਪਰੇ ਚਾੜ੍ਹਣ ਲਈ ‘ਧਾਰਮਕ’ ਮੁਖੌਟੇ ਦਾ ਕੰਮ ਕਰਦੇ ਹਨ) ਨੂੰ ਰਾਮ ਨੌਮੀ ਦਾ ਜਲੂਸ ਕੱਢਣ ਲਈ ਹਥਿਆਰਾਂ ਨਾਲ ਲੈਸ ਹੋ ਕੇ, ਜਾਣ ਬੁੱਝ ਕੇ ਉਨ੍ਹਾਂ ਇਲਾਕਿਆਂ ਵਿੱਚੋਂ ਗੱਜ-ਵੱਜ ਕੇ ਲੰਘਣ ਦੀ ਲੋੜ ਭਾਸੀ ਹੈ, ਜਿੱਥੇ ਘੱਟ-ਗਿਣਤੀਆਂ ਵਾਲੇ ਲੋਕ ਵਸਦੇ ਹਨ। ਬੰਗਾਲ ਦੀ ਸੂਬਾਈ ਸਰਕਾਰ ਵੱਲੋਂ ਕਿਸੇ ਵੀ ਕਿਸਮ ਦੇ ਹਥਿਆਰ ਚੁੱਕ ਕੇ ਜਲੂਸ ਕੱਢਣ ਉੱਤੇ ਮਨਾਹੀ ਦੇ ਬਾਵਜੂਦ ‘ਸ਼ਸਤਰ-ਪੂਜਾ’ ਦੇ ਬਹਾਨੇ ਥਾਂ-ਥਾਂ ਹਥਿਆਰਬੰਦ ਮਾਰਚ ਕੀਤੇ ਗਏ।

ਨਤੀਜਾ ਕੀ ਹੋਇਆ? ਕਈ ਥਾਂਵਾਂ ਉੱਤੇ ਫਸਾਦ ਹੋਏ ਅਤੇ ਹੁਣ ਤਕ ਪੰਜ ਮੌਤਾਂ ਹੋ ਚੁੱਕੀਆਂ ਹਨ।ਪੁਲਸ ਨਾਲ ਹੋਈਆਂ ਝੜਪਾਂ ਵਿਚ ਕਈ ਸਿਪਾਹੀਆਂ ਨੂੰ ਫੇਟ ਆਈ ਅਤੇ ਆਸਨਸੋਲ-ਦੁਰਗਾਪੁਰ ਦਾ ਡਿਪਟੀ ਪੁਲਿਸ ਕਮਿਸ਼ਨਰ ਗੰਭੀਰ ਰੂਪ ਵਿਚ ਜ਼ਖਮੀ ਹੋਇਆ। ਰਾਮਚੰਦਰ ਜੀ ਦੇ ਜਨਮ ਦਿਨ ਦੀਆਂ ਸ਼ੋਭਾ ਯਾਤਰਾਵਾਂ ਮਾਤਮ ਦੇ ਸੁਨੇਹਿਆਂ ਅਤੇ ਮਾਰਨ ਦੀਆਂ ਧਮਕੀਆਂ ਵਿਚ ਤਬਦੀਲ ਹੋ ਗਈਆਂ। ਹੁਣ ਜ਼ਰਾ ਇਨ੍ਹਾਂ ਘਟਨਾਵਾਂ ਦੇ ਮਗਰੋਂ ਦਿੱਤੇ ਗਏ ਬਿਆਨਾਂ ਵਲ ਧਿਆਨ ਮਾਰੀਏ।

ਬੰਗਾਲ ਵਿਚ ਭਾਜਪਾ ਦਾ ਸੂਬਾਈ ਪਰਧਾਨ ਦਿਲੀਪ ਘੋਸ਼ ਖੁਦ ਅਜਿਹੀ ਇਕ ਰੈਲੀ ਵਿਚ ਸ਼ਾਮਲ ਸੀ, ਅਤੇ ਸਿਰਫ਼ ਸ਼ਾਮਲ ਹੀ ਨਹੀਂ ਸੀ ਉਸਨੇ ਇਕ ਹੱਥ ਵਿਚ ਨੰਗੀ ਤਲਵਾਰ ਅਤੇ ਦੂਜੇ ਵਿਚ ਗਦਾ ਫੜੇ ਹੋਏ ਸਨ। ਆਪਣੀ ਇਹੋ ਜਿਹੀ ਜੁਝਾਰੂ ਤਸਵੀਰ ਦੇ ਨਸ਼ਰ ਹੋ ਜਾਣ ਮਗਰੋਂ ਉਸਦਾ ਬਿਆਨ ਆਇਆ, “ਰਾਮ ਨੌਮੀ ਦੇ ਦਿਨ ਅਸਤਰ-ਪੂਜਾ ਕਰਨਾ ਸਦੀਆਂ ਪੁਰਾਣੀ ਹਿੰਦੂ ਰਵਾਇਤ ਹੈ। ... ਸਾਡੀਆਂ ਇਹ ਰੈਲੀਆਂ ਸੂਬੇ ਦੇ ਸਾਰੇ ਹਿੰਦੂਆਂ ਨੂੰ ‘ਹਿੰਦੂ ਵਿਰੋਧੀ ਤ੍ਰਿਣਮੂਲ ਸਰਕਾਰ’ ਵਿਰੁੱਧ ਇਕਜੁੱਟ ਕਰਨ ਵੱਲ ਪਹਿਲਾ ਕਦਮ ਹਨ”।

ਮਮਤਾ ਸਰਕਾਰ ਵੱਲੋਂ ਹਥਿਆਰਬੰਦ ਰੈਲੀਆਂ ਕਰਨ ਉੱਤੇ ਮਨਾਹੀ ਦੇ ਹੁਕਮ ਨੂੰ ਚੁਣੌਤੀ ਦੇਂਦਿਆਂ ਵਿਸ਼ਵ ਹਿੰਦੂ ਪਰੀਸ਼ਦ ਦੇ ਕੌਮੀ ਬੁਲਾਰੇ ਵਿਨੋਦ ਬੰਸਲ ਨੇ ਕਿਹਾ, “ਕੀ ਬੰਗਾਲ ਵਿਚ ਹਿੰਦੂ ਦੂਜੇ ਦਰਜੇ ਦੇ ਨਾਗਰਕ ਹਨ? ਜਾਂ ਮਮਤਾ ਪੱਛਮੀ ਬੰਗਾਲ ਨੂੰ ਬਾਂਗਲਾਦੇਸ਼ ਬਣਾ ਦੇਣਾ ਚਾਹੁੰਦੀ ਹੈ, ਜਿੱਥੇ ਹਿੰਦੂਆਂ ਨੂੰ ਇਸਲਾਮ ਦੇ ਭੈਅ ਹੇਠ ਆਪਣੇ ਤਿਉਹਾਰ ਮਨਾਉਣੇ ਪੈਂਦੇ ਹਨ? ਵਿਸ਼ਵ ਹਿੰਦੂ ਪਰੀਸ਼ਦ ਮਮਤਾ ਬੈਨਰਜੀ ਨੂੰ ਚੇਤਾਵਨੀ ਦੇਂਦੀ ਹੈ ਕਿ ਜੇਕਰ ਹਿੰਦੂਆਂ ਵਿਰੁੱਧ ਜ਼ੁਲਮ ਇਸੇ ਤਰ੍ਹਾਂ ਜਾਰੀ ਰਹੇ ਤਾਂ ਬੰਗਾਲੀ ਹਿੰਦੂ ਆਪਣੀ ਅਤੇ ਆਪਣੇ ਧਰਮ ਦੀ ਰੱਖਿਆ ਲਈ ਮਾਮਲਾ ਆਪਣੇ ਹੱਥੀਂ ਲੈਣ ਲਈ ਮਜਬੂਰ ਹੋ ਜਾਣਗੇ।”

ਸ਼ਸਤਰਾਂ ਨਾਲ ਲੈਸ ਹੋ ਕੇ ਰਾਮ ਨੌਮੀ ਮਨਾਉਣ ਵਾਲਿਆਂ ਦੇ ਅਸਲੀ ਮਨਸੂਬਿਆਂ ਦਾ ਇਹੋ ਜਿਹੇ ਬਿਆਨ ਇੰਨਾ ਸਪਸ਼ਟ ਖੁਲਾਸਾ ਕਰਦੇ ਹਨ ਕਿ ਕਿਸੇ ਕਿਸਮ ਦੀ ਟਿੱਪਣੀ ਦੇ ਮੁਹਤਾਜ ਹੀ ਨਹੀਂ।

ਬੰਗਾਲ ਦੇ ਨਾਲ ਲਗਦੇ ਵੱਡੇ ਸੂਬੇ ਬਿਹਾਰ ਵਿਚ ਵੀ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਜ਼ਿਮਨੀ ਚੋਣਾਂ ਦਾ ਨਤੀਜਾ ਆਉਣ ਦੇ ਦੋ ਹੀ ਦਿਨ ਬਾਅਦ ਭਾਜਪਾ ਨੇ ਉੱਥੇ ਆਪਣਾ ਫਿਰਕੂ ਮੋਰਚਾ ਸੰਭਾਲ ਲਿਆ। ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਦੇ ਪੁੱਤਰ ਅਰੀਜੀਤ ਸ਼ਾਸਵਤ ਨੇ ਮਨਜ਼ੂਰੀ ਲਏ ਬਿਨਾਂ ਭਾਗਲਪੁਰ ਦੇ ਨਾਥਨਗਰ ਹਲਕੇ ਵਿਚ ਧਾਰਮਕ ਜਲੂਸ ਕੱਢਿਆ ਜਿਸ ਦੌਰਾਨ ਭੜਕੀ ਹਿੰਸਾ ਕਾਰਨ 35 ਤੋਂ ਵਧ ਲੋਕ ਜ਼ਖਮੀ ਹੋਏ ਅਤੇ ਦਰਜਨਾਂ ਦੁਕਾਨਾਂ ਅਤੇ ਵਾਹਨਾਂ ਨੂੰ ਫੂਕ ਦਿੱਤਾ ਗਿਆ। ਅਰੀਜੀਤ ਸ਼ਾਸਵਤ ਦੇ ਵਿਰੁੱਧ ਕੇਸ ਦਰਜ ਹੈ ਪਰ ਅਜੇ ਤਕ ਉਸਦੀ ਗਿਰਫ਼ਤਾਰੀ ਨਹੀਂ ਹੋਈ। ਅਸ਼ਵਨੀ ਕੁਮਾਰ ਚੌਬੇ ਨੇ ਕੇਂਦਰੀ ਮੰਤਰੀ ਵਜੋਂ ਆਪਣਾ ਰਸੂਖ ਵਰਤਦੇ ਹੋਏ ਆਪਣੇ ਪੁੱਤਰ ਵਿਰੁੱਧ ਦਰਜ ਹੋਏ ਐਫ਼. ਆਈ. ਆਰ. ਨੂੰ ‘ਰੱਦੀ ਕਾਗਜ਼ ਦਾ ਟੁਕੜਾ’ ਗਰਦਾਨਿਆ ਹੈ। ਨਿਤੀਸ਼ ਸਰਕਾਰ ਦੀ ਇਸ ਨਿਤਾਣੀ ਅਵਸਥਾ ਨੂੰ ਦੇਖਦਿਆਂ ਦੰਗਾਈਆਂ ਦੇ ਹੌਸਲੇ ਹੋਰ ਬੁਲੰਦ ਹੋਏ ਹਨ ਅਤੇ ਪਿਛਲੇ ਦਸ ਦਿਨਾਂ ਵਿਚ ਬਿਹਾਰ ਦੇ 38 ਜ਼ਿਲਿਆਂ ਵਿੱਚੋਂ 11 ਫਿਰਕੂ ਹਿੰਸਾ ਦੀ ਮਾਰ ਹੇਠ ਆ ਗਏ ਹਨ। ਰਾਮ ਨੌਮੀ ਤੋਂ ਇਕ ਦਿਨ ਪਹਿਲਾਂ ਭਾਗਲਪੁਰ ਵਿਚ ਭੜਕੀ ਹਿੰਸਾ ਹੁਣ ਔਰੰਗਾਬਾਦ, ਨਾਲੰਦਾ, ਮੁੰਗੇਰ, ਆਰਾ, ਨਵਾਡਾ ਅਤੇ ਸਮਸਤੀਪੁਰ ਵਿਚ ਵੀ ਆਪਣਾ ਜ਼ਹਿਰ ਫੈਲਾ ਰਹੀ ਹੈ

ਓਧਰ, ਰਾਜਸਥਾਨ ਦੇ ਸ਼ਹਿਰ ਜੋਧਪੁਰ ਵਿਚ ਰਾਮ ਨੌਮੀ ਦੇ ਦਿਨ ਹਿੰਦੂਤਵਵਾਦੀ ਅਨਸਰਾਂ ਨੇ ਸ਼ੋਭਾ ਯਾਤਰਾ ਦੌਰਾਨ ਸ਼ੰਭੂਲਾਲ ਰੈਗੜ ਦੀ ਉਸਤਤ ਵਿਚ ਵੀ ਇਕ ਝਾਕੀ ਕੱਢੀ। ਇਹ ਉਹੋ ਸ਼ੰਭੂਲਾਲ ਰੈਗੜ ਹੈ ਜਿਸਨੇ ਰਾਜਸਥਾਨ ਦੇ ਸ਼ਹਿਰ ਰਾਜਸਮੰਦ ਵਿਖੇ ਦਸੰਬਰ ਵਿਚ ਇਕ ਮੁਸਲਮਾਨ ਮਜ਼ਦੂਰ ਮੁਹੰਮਦ ਅਫ਼ਰਾਜ਼ੁਲ ਨੂੰ ਪਹਿਲੋਂ ਵਹਿਸ਼ੀਆਨਾ ਢੰਗ ਨਾਲ ਵੱਢਿਆ ਅਤੇ ਫੇਰ ਅਧਮੋਏ ਨੂੰ ਹੀ ਸਾੜ ਦਿੱਤਾ ਸੀ ਕਿਉਂਕਿ ਉਸ ਮੁਤਾਬਿਕ ਕਤਲ ਕੀਤਾ ਜਾਣ ਵਾਲਾ ਆਦਮੀ ‘ਲਵ ਜਿਹਾਦੀ’ ਸੀ ਜਿਸਦੇ ਕਿਸੇ ਹਿੰਦੂ ਔਰਤ ਨਾਲ ਸਬੰਧ ਸਨ। ਸ਼ੰਭੂਲਾਲ ਇਸ ਵੇਲੇ ਜੋਧਪੁਰ ਜੇਲ੍ਹ ਵਿਚ ਬੰਦ ਹੈ ਪਰ ਇਹੋ ਜਿਹੇ ਕਾਤਲ ਨੂੰ ‘ਲਵ ਜਿਹਾਦ ਨਾਲ ਟੱਕਰ ਲੈਣ ਵਾਲੇ ਯੋਧੇ’ ਦੇ ਰੂਪ ਵਿਚ ਪੇਸ਼ ਕਰਨ ਲਈ ਰਾਮ ਨੌਮੀ ਦੀ ਇਕ ਝਾਕੀ ਉਸ ਨੂੰ ਸਨਮਾਨਣ ਲਈ ਵੀ ਕੱਢੀ ਗਈ। ਇਹ ਪੇਸ਼ਕਾਰੀ ਕੁਰਸੀ ਉੱਤੇ ਬੈਠੇ ਸ਼ੰਭੂਲਾਲ ਰੈਗੜ ਦੇ ਸਰੂਪ ਦੀ ਸੀ, ਜਿਸਦੇ ਹੱਥ ਵਿਚ ਗੈਂਤੀ ਫੜੀ ਹੋਈ ਸੀ ਅਤੇ ਬੈਨਰ ਉੱਤੇ ਲਿਖਿਆ ਹੋਇਆ ਸੀ, “ਹਿੰਦੂ ਭਾਈਓ ਜਾਗੋ, ਅਪਨੀ ਬਹਿਨ ਬੇਟੀਓਂ ਕੋ ਬਚਾਓ।”

ਭਾਰਤੀ ਸਭਿਆਚਾਰਕ ਅਤੇ ਧਾਰਮਕ ਰਵਾਇਤਾਂ ਵਿਚ ਜਿਸ ਨਾਂਅ ਨੂੰ ਮਰਿਯਾਦਾ ਪੁਰਸ਼ੋਤਮ ਰਾਮ ਕਹਿ ਕੇ ਯਾਦ ਕੀਤਾ ਜਾਂਦਾ ਹੈ, ਅੱਜ ਉਸਦੇ ਅਵਤਾਰ ਧਾਰਨ ਦੇ ਜਸ਼ਨਾਂ ਨੂੰ ਹਿੰਸਾ ਭੜਕਾਉਣ ਦਾ ਸੱਦਾ ਦੇਂਦੇ ਜਲੂਸਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਅਖਾਉਤੀ ਰਾਮ ਭਗਤਾਂ ਨੂੰ ‘ਰਾਮ ਕਾ ਨਾਮ ਬਦਨਾਮ ਨਾ ਕਰੋ’ ਵਾਲੀ ਮੱਤ ਕੌਣ ਦੇਵੇਗਾ!!!

*****

(1091)

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author