“ਅੱਜ ਇਹ ਸਾਰੀਆਂ ਗੱਲਾਂ ਮੈਨੂੰ ਇਕੱਠੀਆਂ ਹੋ ਕੇ ਮੁੜ ਚੇਤੇ ਇਸ ਲਈ ਵੀ ਆ ਰਹੀਆਂ ਹਨ ਕਿਉਂਕਿ ...”
(20 ਫਰਬਰੀ 2018)
ਸਵਾ ਕੁ ਸਾਲ ਪਹਿਲਾਂ ਦੀ ਗੱਲ ਹੈ, ਮੈਂ ਇਕ ਬਜ਼ੁਰਗ ਫਰਾਂਸੀਸੀ ਦੋਸਤ ਨੂੰ ਮਿਲਣ ਦਿਲੀ ਗਿਆ ਸਾਂ ਜੋ ਆਪਣੀ ਸਾਲਾਨਾ ਭਾਰਤ ਫੇਰੀ ਉੱਤੇ ਆਈ ਹੋਈ ਸੀ। ਭਾਰਤ ਵਿਚ ਕਈ ਲੋਕਾਰਥੀ ਕੰਮ ਵਿੱਢਣ ਵਾਲੀ ਇਕ ਸੰਸਥਾ ਨਾਲ ਜੁੜੀ ਇਹ ਬੀਬੀ ਨਾ ਸਿਰਫ਼ ਸਾਡੇ ਦੇਸ ਬਾਰੇ ਡੂੰਘਾ ਗਿਆਨ ਰੱਖਦੀ ਹੈ, ਬਹੁਤ ਸਾਰੇ ਸਰਕਰਦਾ ਭਾਰਤੀਆਂ ਨੂੰ ਨੇੜਿਓਂ ਵੀ ਜਾਣਦੀ ਹੈ। ਉਸਦੀ ਇਸ ਭਾਰਤ ਫੇਰੀ ਤੋਂ ਕੁਝ ਹੀ ਸਮਾਂ ਪਹਿਲਾਂ ਪਰਧਾਨ ਮੰਤਰੀ ਮੋਦੀ ਫਰਾਂਸ ਹੋ ਕੇ ਮੁੜਿਆ ਸੀ ਜਿੱਥੇ ਉਸਨੇ ਪੈਰਿਸ ਰਹਿੰਦੇ ਭਾਰਤੀਆਂ ਅਤੇ ਭਾਰਤ-ਹਿਤੈਸ਼ੀਆਂ ਨੂੰ ਵੀ ਸੰਬੋਧਨ ਕੀਤਾ ਸੀ। ਉਸ ਖਾਸ ਸਮਾਗਮ ਵਿਚ ਸ਼ਮੂਲੀਅਤ ਦਾ ਸੱਦਾ ਮੇਰੀ ਇਸ ਮਿੱਤਰ ਨੂੰ ਵੀ ਮਿਲਿਆ ਸੀ। ਉਹ ਮੈਨੂੰ ਦੱਸ ਰਹੀ ਸੀ ਕਿ ਉਸ ਸਮਾਗਮ ਨੂੰ ਦੇਖਕੇ ਉਸ ਨੂੰ ਫਾਸ਼ਿਜ਼ਮ ਦੇ ਦਿਨ ਚੇਤੇ ਆ ਗਏ ਜਦੋਂ ਬੁਲਾਰਿਆਂ ਦੇ ਭਾਸ਼ਣਾਂ ਵਿਚ ਆਪਣੀ ਕੌਮ ਦੀ ਵਡਿਆਈ ਦੇ ਸ਼ਬਦਾਂ ਵਿਚ ਵਲੇਟ ਕੇ ਪਰੋਸੀ ਗਈ ਨਿਰੋਲ ਸਵੈ-ਪ੍ਰਸੰਸਾ ਹੁੰਦੀ ਸੀ, ਅਤੇ ਚੋਣਵੇਂ ਸਰੋਤਿਆਂ ਵੱਲੋਂ ਮਿਥੇ ਸਮੇਂ ਉੱਤੇ ਤਾੜੀਆਂ ਮਾਰਨ ਦਾ ਤਾਲਮੇਲ, ਜੋ ਬਾਕੀਆਂ ਨੂੰ ਗੂੰਜਵੀਆਂ ਤਾੜੀਆਂ ਮਾਰਨ ਲਈ ਉਕਸਾਉਂਦਾ ਜਾਂ ਇਸ਼ਾਰਾ ਕਰਦਾ ਸੀ। ਮੇਰੀ ਮਿੱਤਰ ਦਾ ਮੰਨਣਾ ਸੀ ਕਿ ਮੋਦੀ ਨੂੰ ‘ਸੁਪਰੀਮ ਲੀਡਰ’ ਵਜੋਂ ਸਥਾਪਤ ਕਰਨ ਦੇ ਉਪਰਾਲੇ ਹੋ ਰਹੇ ਹਨ ਜੋ ਭਾਰਤੀ ਸ਼ਹਿਰੀਆਂ ਨੂੰ ਅਜੇ ਨਾ ਵੀ ਦਿਸਦੇ ਹੋਣ, ਫਾਸ਼ੀਵਾਦ ਦੇ ਇਤਿਹਾਸ ਨਾਲ ਜੁੜੇ ਯੋਰਪੀਨ ਬਾਸ਼ਿੰਦਿਆਂ ਨੂੰ ਸਪਸ਼ਟ ਦਿਸਦੇ ਸਨ।
ਹੁਣ ਲੰਘੇ ਹਫ਼ਤੇ ਹਾਲੈਂਡ ਤੋਂ ਆਏ ਮਿੱਤਰ ਜੋਗਿੰਦਰ ਬਾਠ ਰਾਹੀਂ ਉਸਦੇ ਦੋ ਜਰਮਨ/ਡੱਚ ਸਾਥੀਆਂ ਨਾਲ ਮੁਲਾਕਾਤ ਹੋਈ। ਸੱਤਰਾਂ ਨੂੰ ਟੱਪ ਚੁੱਕੀ ਇਸ ਫਿਰੰਤੂ ਜੋੜੀ ਦਾ ਤਜ਼ਰਬਾ ਵੀ ਵਿਸ਼ਾਲ ਹੈ; ਬੜੀ ਦੁਨੀਆ ਉਨ੍ਹਾਂ ਨੇ ਗਾਹੀ ਹੋਈ ਹੈ। ਜਦੋਂ ਉਹ ਮੈਨੂੰ ਮਿਲੇ, ਵਾਹਗਾ ਬਾਰਡਰ ਦੀ ਝੰਡਾ ਰਸਮ ਦੇਖ ਕੇ ਮੁੜੇ ਸਨ ਅਤੇ ਬਹੁਤ ਪਸ਼ੇਮਾਨ ਸਨ। ਜਿਸ ਕਿਸਮ ਦਾ ‘ਰਾਸ਼ਟਰਵਾਦੀ’ ਉਭਾਰ, ਅਤੇ ਗੁਆਂਢੀ ਦੇਸ ਲਈ ਨਫ਼ਰਤ ਦਾ ਇਜ਼ਹਾਰ ਉਨ੍ਹਾਂ ਨੂੰ ਉਸ ਦਿਨ, ਇਸ ਰਸਮ ਦੇ ਪਰਥਾਏ ਦੇਖਣ ਨੂੰ ਮਿਲਿਆ, ਉਨ੍ਹਾਂ ਨੂੰ ਫਾਸ਼ਿਜ਼ਮ ਦੇ ਦਿਨਾਂ ਦੀ ਯਾਦ ਕਰਾਉਂਦਾ ਜਾਪਿਆ। “ਇਹੋ ਜਿਹੀ ਹਿੰਸਾਤਮਕ ਮਾਨਸਿਕਤਾ ਕਿਸੇ ਵੀ ਦਿਨ ਸੱਚਮੁੱਚ ਦੀ ਹਿੰਸਾ ਵਿਚ ਤਬਦੀਲ ਹੋ ਸਕਦੀ ਹੈ ... ਅਸੀਂ ਫ਼ਾਸ਼ਿਜ਼ਮ ਦੇਖਿਆ ਹੋਇਆ ਹੈ, ਤੁਹਾਨੂੰ ਲੋਕਾਂ ਨੂੰ ਇਸ ਖਤਰੇ ਬਾਰੇ ਸੁਚੇਤ ਹੋਣ ਦੀ ਲੋੜ ਹੈ।” ਇਨ੍ਹਾਂ ਸੁਹਿਰਦ ਮਿਤਰਾਂ ਦੀ ਤੌਖਲੇ ਭਰਪੂਰ ਚਿਤਾਵਨੀ ਸੀ।
ਉਨ੍ਹਾਂ ਦੀ ਇਹ ਟਿੱਪਣੀ ਸੁਣ ਕੇ ਮੈਨੂੰ ਆਪਣੀ ਫਰਾਂਸੀਸੀ ਮਿੱਤਰ ਦੀ ਹੀ ਨਹੀਂ, ਕਨ੍ਹਈਆ ਕੁਮਾਰ ਦੀ ਕਹੀ ਇਕ ਗੱਲ ਵੀ ਚੇਤੇ ਆ ਗਈ। ਦੋ ਸਾਲ ਪਹਿਲਾਂ, ਜਦੋਂ ਉਸ ਦੀ ਗ੍ਰਿਫ਼ਤਾਰੀ ਅਤੇ ਉਸ ਉੱਪਰ ਅਦਾਲਤ ਵਿਚ ਹੋਏ ਹਮਲੇ ਤੋਂ ਬਾਅਦ ਮੈਂ ਉਸ ਨਾਲ ਮੁਲਾਕਾਤ ਕਰਨ ਗਿਆ ਸਾਂ ਤਾਂ ਉਸਨੇ ਕਿਹਾ ਸੀ, “ਇਹ ਰਾਸ਼ਟਰਵਾਦ ਜਾਂ ਦੇਸ-ਪ੍ਰੇਮ ਨਹੀਂ, ਰਾਸ਼ਟਰਵਾਦ ਦੀ ਆੜ ਵਿਚ ਦੇਸ ਵਿਚ ਤਾਨਾਸ਼ਾਹੀ ਲਿਆਉਣ ਦਾ ਉਪਰਾਲਾ ਹੈ।”
ਅੱਜ ਇਹ ਸਾਰੀਆਂ ਗੱਲਾਂ ਮੈਨੂੰ ਇਕੱਠੀਆਂ ਹੋ ਕੇ ਮੁੜ ਚੇਤੇ ਇਸ ਲਈ ਵੀ ਆ ਰਹੀਆਂ ਹਨ ਕਿਉਂਕਿ ਜਿਉਂ ਜਿਉਂ ਅਜੋਕੀ ਸਰਕਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਹੋਣ ਦੇ ਆਸਾਰ ਨਜ਼ਰ ਆਉਣੇ ਸ਼ੁਰੂ ਹੋਏ ਹਨ, ਰਾਜ ਕਰਨ ਵਾਲਿਆਂ ਵੱਲੋਂ ਆਪਣੇ ਪੈਰ ਪਟਕ ਪਟਕ ਕੇ ਜ਼ਮੀਨ ਵਿਚ ਧੱਸ ਕੇ ਰੱਖਣ ਦੇ ਉਪਰਾਲੇ ਹੋਰ ਤੇਜ਼ ਹੋਏ ਹਨ। ਗੁਜਰਾਤ ਅਤੇ ਰਾਜਸਥਾਨ ਤੋਂ ਆਏ ਚੋਣ ਨਤੀਜਿਆਂ ਨੇ ਹੁਣ ਉਨ੍ਹਾਂ ਨੂੰ ਆਪਣੇ ਭੱਥੇ ਵਿਚਲਾ ਹਰ ਤੀਰ, ਆਪਣੀ ਸੈਨਾ ਵਿਚਲੇ ਹਰ ਜਰਨੈਲ ਨੂੰ ਖੁੱਲ੍ਹ ਕੇ ਵਰਤਣ ਵਲ ਧੱਕਿਆ ਹੈ।
ਇਕ ਪਾਸੇ ਪਰਧਾਨ ਮੰਤਰੀ ਮੋਦੀ ਹੈ ਜੋ ਪਿਛਲੇ ਚਾਰ ਸਾਲਾਂ ਦੀ ਆਪਣੀ ਕਾਰਗੁਜ਼ਾਰੀ ਬਾਰੇ ਤਾਂ ਸਿਰਫ਼ ਭਰਮਾਊ ਦਮਗਜ਼ੇ ਹੀ ਮਾਰ ਸਕਦਾ ਹੈ, ਕਿਉਂਕਿ ਜ਼ਮੀਨੀ ਹਕੀਕਤਾਂ ਉਸ ਦਾ ਸਾਥ ਨਹੀਂ ਦੇ ਰਹੀਆਂ। ਇਸ ਲਈ ਉਹ ਆਪਣੇ ਰਾਜ-ਪਰਬੰਧ ਦੀ ਨੁਕਤਾਚੀਨੀ ਤੋਂ ਧਿਆਨ ਹਟਾਉਣ ਲਈ ਭਾਰਤ ਦੇ ਪਹਿਲੇ ਪਰਧਾਨ ਮੰਤਰੀ ਵਿਰੁੱਧ ਮੋਰਚਾ ਖੋਲ੍ਹ ਬੈਠਾ ਹੈ। ਭਾਰਤ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਲਈ ਜਵਾਬੀ ਰਸਮੀ ਭਾਸ਼ਣ ਨੂੰ ਕਿਸੇ ਪਰਧਾਨ ਮੰਤਰੀ ਨੇ ਚੋਣ-ਰੈਲੀ ਦੇ ਬੇਮੁਹਾਰੇ ਬੱਕੜਵਾਹ ਵਾਂਗ ਵਰਤਿਆ ਹੈ। ਪਹਿਲੀ ਵਾਰ ਹੋਇਆ ਹੈ ਕਿ ਇਸ ਭਾਸ਼ਣ ਵਿਚ ਆਪਣੀ ਸਰਕਾਰ ਦੇ ਸਾਰਥਕ ਪਹਿਲੂ ਗਿਣਾਉਣ ਦੀ ਥਾਂ ਪਰਧਾਨ ਮੰਤਰੀ ਨੇ ਪੂਰਾ ਟਿੱਲ ਅੱਧੀ ਸਦੀ ਤੋਂ ਵੀ ਪਹਿਲਾਂ ਜਾ ਚੁੱਕੇ ਭਾਰਤ ਦੇ ਪਹਿਲੇ ਪਰਧਾਨ ਮੰਤਰੀ ਨੂੰ ਛੁਟਿਆਉਣ ਵਿਚ ਲਾ ਦਿੱਤਾ। ਅਨਿੰਨ ਭਗਤਾਂ ਨੂੰ ਇਹੋ ਜਿਹਾ ਭਾਸ਼ਣ ਭਾਵੇਂ ਮੰਤਰ-ਮੁਗਧ ਕਰਦਾ ਹੋਵੇ, ਹਰ ਸੋਚਵਾਨ ਭਾਰਤੀ ਨੂੰ ਇਹੋ ਜਿਹਾ ਭਾਸ਼ਣ ਪਰਧਾਨ ਮੰਤਰੀ ਦੇ ਅਹੁਦੇ ਨੂੰ ਹੀ ਛੁਟਿਆਉਂਦਾ ਜਾਪਿਆ ਹੈ ਅਤੇ ਇਸ ਦੀ ਕਰੜੀ ਆਲੋਚਨਾ ਹੋਈ ਹੈ। ਨਹਿਰੂ ਦਾ ਸਥਾਨ ਤਾਂ ਇਤਿਹਾਸ ਵਿਚ ਜੋ ਹੈ ਸੋ ਹੈ, ਅਜੋਕੇ ਪਰਧਾਨ ਮੰਤਰੀ ਨੇ ਇਕੇਰਾਂ ਫੇਰ ਆਪਣਾ ਕੱਦ ਹੋਰ ਘਟਾ ਲਿਆ ਹੈ। ਨਾਲ ਹੀ ਇਸ ਭਾਸ਼ਣ ਦੀ ਸੁਰ ਅਤੇ ਸੇਧ ਨੇ ਇਹ ਗੱਲ ਵੀ ਸਾਹਮਣੇ ਲੈ ਆਂਦੀ ਹੈ ਕਿ 2019 ਦੀਆਂ ਚੋਣਾਂ ਵੀ ਸੁਖਾਵੇਂ ਮਾਹੌਲ ਵਿਚ ਨਹੀਂ ਲੜੀਆਂ ਜਾਣਗੀਆਂ।
ਦੂਜੇ ਪਾਸੇ, ਰਾਸ਼ਟਰੀ ਸੋਇਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਮੁਜ਼ੱਫਰਪੁਰ ਵਿਚ ਇਹ ਬਿਆਨ ਦੇ ਮਾਰਿਆ ਕਿ ਦੇਸ ਨੂੰ ਲੋੜ ਪੈਣ ਦੀ ਹਾਲਤ ਵਿਚ ਆਰ.ਐੱਸ.ਐੱਸ. ਸਿਰਫ਼ ਤਿੰਨ ਦਿਨਾਂ ਵਿਚ ਆਪਣੀ ‘ਸੈਨਾ” ਖੜ੍ਹੀ ਕਰ ਸਕਦੀ ਹੈ, ਜਦਕਿ ਫੌਜ ਨੂੰ ਇਹੋ ਕੰਮ ਕਰਨ ਵਿਚ ਛੇ ਤੋਂ ਸੱਤ ਮਹੀਨੇ ਲੱਗ ਜਾਣਗੇ। ਜਦੋਂ ਫੌਜ ਨੂੰ ਛੁਟਿਆਉਂਦੇ ਜਾਪਦੇ ਇਸ ਬਿਆਨ ਦੀ ਤਿੱਖੀ ਆਲੋਚਨਾ ਹੋਈ ਤਾਂ ਇਹ ਸਪਸ਼ਟੀਕਰਨ ਵੀ ਨਾਲ ਹੀ ਆ ਗਿਆ ਕਿ ਮੋਹਨ ਭਾਗਵਤ ਦਾ ਕਹਿਣ ਤੋਂ ਭਾਵ ਇਹ ਸੀ ਕਿ ਫੌਜ ਨੂੰ ਆਮ ਲੋਕਾਂ ਨੂੰ ਟਰੇਨਿੰਗ ਦੇਣ ਵਿਚ ਇੰਨਾ ਸਮਾਂ ਲੱਗ ਜਾਵੇਗਾ ਜਦਕਿ ਆਰ.ਐੱਸ.ਐੱਸ. ਤਿੰਨ ਦਿਨਾਂ ਵਿਚ ਇਹ ਕੰਮ ਕਰਨ ਲਈ ਤਿਆਰ ਹੈ। ਜੇ ਪਹਿਲੀ ਨਜ਼ਰੇ ਇਸ ਬਿਆਨ ਵਿੱਚੋਂ ਫੌਜ ਦੇ ਮਹੱਤਵ ਨੂੰ ਘਟਾ ਕੇ ਪੇਸ਼ ਕਰਨ ਦੀ ਸੋਂਘ ਆਉਂਦੀ ਸੀ, ਤਾਂ ਇਸ ਸਪਸ਼ਟੀਕਰਨ ਵਿੱਚੋਂ ਸਗੋਂ ਸਿੱਧੇ ਫ਼ਾਸ਼ੀਵਾਦ ਦੀ ਧਮਕੀ ਨਜ਼ਰ ਆਉਂਦੀ ਹੈ। ਜਿਵੇਂ ਮੋਹਨ ਭਾਗਵਤ ਇਸ ਗੱਲ ਦਾ ਇੰਕਸ਼ਾਫ਼ ਕਰ ਰਿਹਾ ਹੋਵੇ ਕਿ ‘ਲੋੜ ਪੈਣ ਤੇ’ ਆਰ.ਐੱਸ.ਐੱਸ. ਸਿਰਫ਼ ਤਿੰਨ ਦਿਨਾਂ ਵਿਚ ਆਪਣੇ ਨੀਮ ਫੌਜੀ ਦਸਤੇ ਤਿਆਰ ਕਰਨ ਦੇ ਸਮਰੱਥ ਹੈ। ਜਿਸ ਪੱਖੋਂ ਵੀ ਵਿਚਾਰਿਆ ਜਾਵੇ, ਇਹ ਬਿਆਨ ਡਾਢਾ ਬੇਚੈਨੀ ਉਪਜਾਊ ਹੈ। ਜੇ ਆਰ.ਐੱਸ.ਐੱਸ. ਸਿਰਫ਼ ਸਮਾਜਕ-ਸਭਿਆਚਾਰਕ ਸੰਸਥਾ ਹੈ, ਜਿਵੇਂ ਕਿ ਉਸਦਾ ਹਮੇਸ਼ਾ ਦਾਅਵਾ ਰਿਹਾ ਹੈ, ਤਾਂ ਮੋਹਨ ਭਾਗਵਤ ਦਾ ਇਹ ਬਿਆਨ ਅੰਦਰਖਾਤੇ ਹੋਣ ਵਾਲੀਆਂ ਤਿਆਰੀਆਂ ਬਾਰੇ ਸੋਚ ਸਮਝ ਕੇ ਦਿੱਤਾ ਗਿਆ ਇਕਬਾਲੀਆ ਬਿਆਨ ਹੈ। ਅਤੇ ਜੇ ਇਹ ਅਣਭੋਲ ਮੂੰਹੋਂ ਕਿਰੀ ਸੂਚਨਾ ਹੈ, ਤਾਂ ਵੀ ਇਹ ਘੱਟ ਚਿੰਤਾ-ਕਰਾਊ ਨਹੀਂ। ਇਹ ਕੋਈ ਲੁਕੀ ਛੁਪੀ ਗੱਲ ਨਹੀਂ ਕਿ ਆਰ.ਐੱਸ.ਐੱਸ. ਨਾ ਸਿਰਫ਼ ਰਾਜ ਕਰ ਰਹੀ ਧਿਰ ਦੀ ਮਾਰਗ-ਦਰਸ਼ਕ ਵਿਚਾਰਧਾਰਾ ਹੈ, ਉਸਦੇ ਰਾਜ-ਪਾਟ ਦੀ ਅਸਲੀ ਤਾਕਤ ਵੀ ਹੈ। ਸਿਰਫ਼ ਸਰਕਾਰੇ ਦਰਬਾਰੇ ਹੀ ਉਸਦੀ ਪਹੁੰਚ ਨਹੀਂ, ਮੰਤਰੀ ਮੰਡਲ ਦੇ ਫੈਸਲਿਆਂ ਨੂੰ ਪਰਭਾਵਤ ਕਰਨ (ਬਲਕਿ ਉਲਟਾਉਣ ਤਕ ਦਾ ਵੀ) ਰਸੂਖ ਹੈ। ਬਹੁ-ਸ਼ਾਖਾਈ ਰਵਾਇਤੀ ਹਿੰਦੂ ਧਰਮ ਨੂੰ ਸੌੜੇ ਹਿੰਦੂਤਵ ਵਿਚ ਤਬਦੀਲ ਕਰਨ, ਅਤੇ ਸੈਕੂਲਰ ਦੇਸ-ਪ੍ਰੇਮ ਨੂੰ ਸੰਕੀਰਣ ਰਾਸ਼ਟਰਵਾਦ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਕਰਨ ਵਿਚ ਇਹ ਸੰਸਥਾ ਮੋਹਰੀ ਰਹੀ ਹੈ। ਜਦੋਂ ਦੇਸ ਵਿਚ ਅਜਿਹੀ ਸੰਸਥਾ ਨੂੰ ਮੱਥਾ ਟੇਕਣ ਵਾਲੀ ਧਿਰ ਰਾਜ ਕਰ ਰਹੀ ਹੋਵੇ ਤਾਂ ਉਸ ਵੱਲੋਂ ਆਪਣੇ ਕੋਲ ਨੀਮ ਫੌਜੀ ਦਸਤਿਆਂ ਜਿਹੀ ਸਮਰੱਥਾ ਹੋਣ ਦਾ ਇੰਕਸ਼ਾਫ਼ ਕਰਨਾ ਧਮਕੀ ਨਹੀਂ ਤਾਂ ਹੋਰ ਕੀ ਸਮਝਿਆ ਜਾਵੇ।
ਇਹ ਗੱਲ ਹੁਣ ਕਿਸੇ ਕੋਲੋਂ ਵੀ ਲੁਕੀ ਨਹੀਂ ਕਿ ਹਰ ਮੰਤਰਾਲੇ ਵਿਚ ਆਰ.ਐੱਸ.ਐੱਸ. ਦੇ ਨੁਮਾਇੰਦੇ ਬਿਠਾਏ ਗਏ ਹਨ। ਭਾਜਪਾ ਦੇ ਰਾਜ ਵਾਲੇ ਸੂਬਿਆਂ ਵਿਚ ਮੁੱਖ ਮੰਤਰੀਆਂ ਦੀ ਚੋਣ ਸਮੇਂ ਪਹਿਲ ਆਰ.ਐੱਸ.ਐੱਸ. ਦੇ ਪਰਚਾਰਕਾਂ ਨੂੰ ਦਿੱਤੀ ਜਾਂਦੀ ਹੈ। ਖੁਦ ਪਰਧਾਨ ਮੰਤਰੀ ਤੋਂ ਲੈ ਕੇ ਲਾਗਲੇ ਸੂਬੇ ਹਰਿਆਣੇ ਦੇ ਮੁੱਖ ਮੰਤਰੀ ਖੱਟਰ ਤਕ ਸਭ ਇਸੇ ਤੰਤਰ-ਜਾਲ ਦੀਆਂ ਉਦਾਹਰਣਾਂ ਹਨ। ਹੁਣ ਰੈਲੀਆਂ ਵੀ ਮੋਟਰ ਸਾਈਕਲਾਂ ਉੱਤੇ ਕੀਤੀਆਂ ਜਾਂਦੀਆਂ ਹਨ। ਕਾਸਗੰਜ ਵਿਚ ਮੋਟਰ-ਸਾਈਕਲ ਸਵਾਰ ਰਾਸ਼ਟਰਵਾਦੀਆਂ ਦੀਆਂ ਟੋਲੀਆਂ ਕਾਰਨ ਵਾਪਰੀ ਹਿੰਸਾ ਦਾ ਅੰਜਾਮ ਅਸੀਂ ਦੇਖ ਚੁੱਕੇ ਹਾਂ; ਹੁਣ ਜੀਂਦ ਵਿਚ ਵਿਸ਼ਾਲ ਮੋਟਰਸਾਈਕਲ ਰੈਲੀ ਦੀਆਂ ਵਿਉਂਤਬੰਦੀਆਂ ਲਈ ਮੁੱਖ ਮੰਤਰੀ ਨੇ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। ਇਕ ਲੱਖ ਮੋਟਰਸਾਈਕਲ ਸਵਾਰਾਂ ਨੂੰ ਇਕੱਤਰ ਕਰਕੇ ਕੀਤਾ ਜਾਣ ਵਾਲਾ ਇਹ ਸ਼ਕਤੀ ਪ੍ਰਦਰਸ਼ਨ ਕਿਸ ਵਾਸਤੇ ਲੋੜੀਂਦਾ ਸੀ? ਕਿਉਂ ਕੀਤਾ ਗਿਆ? ਆਮ ਲੋਕਾਂ ਨੂੰ ਇਹ ਕਿਸਮ ਦਾ ਸੁਨੇਹਾ ਹੈ? ਉਹ ਵੀ ਹਰਿਆਣਾ ਵਰਗੇ ਰਾਜ ਵਿਚ ਜਿੱਥੇ ਅਜੇ ਕੁਝ ਹੀ ਚਿਰ ਪਹਿਲਾਂ ਵੱਡੇ ਪੱਧਰ ਉੱਤੇ ਹਿੰਸਾ ਹੋਈ ਸੀ।
ਓਧਰ ਲੰਘੇ ਹਫ਼ਤੇ ਲਖਨਊ ਤੋਂ ਵਿਸ਼ਵ ਹਿੰਦੂ ਪਰੀਸ਼ਦ ਦੀ ਛਤਰ-ਛਾਇਆ ਹੇਠ ਰਾਮ ਰਾਜ ਰਥ ਯਾਤਰਾ ਸ਼ੁਰੂ ਕੀਤੀ ਗਈ ਹੈ। ਅਯੋਧਿਆ ਵਿਚ ਰਾਮ ਮੰਦਰ ਦੀ ਉਸਾਰੀ ਦਾ ਮੁੱਦਾ ਇਸ ਵੇਲੇ ਸੁਪ੍ਰੀਮ ਕੋਰਟ ਦੇ ਵਿਚਾਰ ਅਧੀਨ ਹੋਣ ਕਾਰਨ ਭਾਜਪਾ ਸਿੱਧੇ ਤੌਰ ਉੱਤੇ ਇਸ ਨੂੰ ਚੁੱਕਣ ਤੋਂ ਅਸਮਰਥ ਹੈ, ਪਰ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਢਾਲ ਹੇਠ ਉਸਨੇ ਮੁੜ ਫਿਰਕੂ ਭਾਵਨਾਵਾਂ ਉਭਾਰਨ ਅਤੇ ਹਿੰਦੂਤਵ ਦੇ ਨਾਂਅ ਉੱਤੇ ਵੋਟਾਂ ਬਟੋਰਨ ਦਾ ਉਪਰਾਲਾ ਅਸਿੱਧੇ ਤੌਰ ਉੱਤੇ ਵਿੱਢ ਲਿਆ ਹੈ।
ਜੇ ਅਜੇ ਵੀ ਕੋਈ ਕਸਰ ਬਾਕੀ ਸੀ ਤਾਂ ‘ਮਹਾਂਸ਼ਿਵਰਾਤਰੀ’ ਦੇ ਮੌਕੇ ਉੱਤੇ ਦੇਸ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਜਧਾਨੀ ਵਿਚ ਇੰਡੀਆ ਗੇਟ ਤੋਂ ‘ਜਲ ਮਿੱਟੀ ਰਥ ਯਾਤਰਾ’ ਨੂੰ ਹਰੀ ਝੰਡੀ ਦਿਖਾਈ ਹੈ। ਇਹ ਯਾਤਰਾ ਦੇਸ ਦੇ ਵੱਖੋ-ਵੱਖ ਹਿਸਿਆਂ ਤੋਂ ਮਿੱਟੀ ਅਤੇ ਜਲ ਇਕੱਠਾ ਕਰੇਗੀ ਤਾਂ ਜੋ ਰਾਜਧਾਨੀ ਵਿਚ ‘ਮਹਾਂਯੱਗ’ ਲਈ 108 ਹਵਨ ਕੁੰਡ ਬਣਾਏ ਜਾ ਸਕਣ। ਭਾਜਪਾ ਸਾਂਸਦ ਮਹੇਸ਼ ਗਿਰੀ ਦੀ ਅਗਵਾਈ ਹੇਠ 18 ਤੋਂ 25 ਮਾਰਚ ਤਕ ਲਾਲ ਕਿਲੇ ਵਿਖੇ ਅੱਠ ਦਿਨਾਂ ‘ਰਾਸ਼ਟਰ ਰਕਸ਼ਾ ਮਹਾਯੱਗ’ ਕਰਾਇਆ ਜਾ ਰਿਹਾ ਹੈ ਜਿਸ ਲਈ ਇਹ ਸਭ ਹਵਨ ਕੁੰਡ ਲੋੜੀਂਦੇ ਹਨ। ਇਸ ‘ਮਹਾਂਯੱਗ’ ਵਿਚ ਪਹਿਲੀ ਆਹੂਤੀ ਦੇਸ ਦਾ ਪਰਧਾਨ ਮੰਤਰੀ ਨਰੇਂਦਰ ਮੋਦੀ ਦੇਵੇਗਾ ਅਤੇ 51,000 ਪੁਰੋਹਿਤ ਇਸ ਵਿਚ ਹਿੱਸਾ ਲੈਣਗੇ। ਪਰਚਾਰਿਆ ਜਾ ਰਿਹਾ ਹੈ ਕਿ ਇਹ ਮਹਾਂਯਗ ਦੇਸ ਦੀ ਰੱਖਿਆ ਲਈ ਅਤੇ ਸਮਾਜ ਵਿਚ ਨਵੀਂ ਊਰਜਾ ਦੇ ਸੰਚਾਰ ਲਈ ਹੈ। ਸ਼ਾਇਦ ਆਰ.ਐੱਸ.ਐੱਸ. ਦੇ ਨੀਮ ਫੌਜੀ ਦਸਤੇ (ਅਤੇ ਸਾਡੀਆਂ ਫੌਜਾਂ) ਦੇਸ ਦੀ ਸੁਰੱਖਿਆ ਲਈ ਕਾਫ਼ੀ ਨਹੀਂ ਹਨ, ਇਸ ਲਈ ਇਹ ਮਹਾਂਯੱਗ ਕਰਾਉਣਾ ਜ਼ਰੂਰੀ ਹੋ ਗਿਆ ਜਾਪਦਾ ਹੈ। ‘ਸਭ ਕੇ ਵਿਕਾਸ’ ਦਾ ਦਾਅਵਾ ਖੋਖਲਾ ਪੈ ਗਿਆ ਹੋਣ ਕਾਰਨ ਇਸ ਮਹਾਂਯਗ ਰਾਹੀਂ ਨਵੀਂ ਊਰਜਾ ਦਾ ਸੰਚਾਰ ਕਰਨਾ ਪੈ ਰਿਹਾ ਹੈ।
ਕੁਝ ਦਿਨ ਪਹਿਲਾਂ ਸ਼ਤਰੂਘਨ ਸਿਨਹਾ ਨੇ ਆਪਣੇ ਤਨਜ਼ ਭਰਪੂਰ ਅੰਦਾਜ਼ ਵਿਚ ਭਾਜਪਾ ਨੂੰ ‘ਇਕ ਆਦਮੀ ਦਾ ਸ਼ੋਅ’ ਅਤੇ ‘ਦੋ ਬੰਦਿਆਂ ਦੀ ਫੌਜ’ ਵਾਲੀ ਪਾਰਟੀ ਗਰਦਾਨਿਆ ਸੀ। ਉਸਦੇ ਕਥਨ ਨਾਲ ਅਸਹਿਮਤੀ ਨਹੀਂ, ਪਰ ਇਸ ਤੋਂ ਵੀ ਖਤਰਨਾਕ ਗੱਲ ਇਹ ਹੈ ਕਿ ਇਸ ‘ਵੱਨ ਮੈਨ ਸ਼ੋਅ’ ਨੂੰ ਕਾਇਮ ਰੱਖਣ ਲਈ ਸਾਡੇ ਦੇਸ ਵਿਚ ਹੁਣ ਨਵੀਂ ਕਿਸਮ ਦਾ ਫ਼ਾਸ਼ੀਵਾਦ ਸਿਰਜਿਆ ਜਾ ਰਿਹਾ ਹੈ। ਹਿੰਦੂਤਵ ਅਧਾਰਤ ਰਾਸ਼ਟਰਵਾਦ ਅਤੇ ਸਮਾਜ ਦੇ ਫੌਜੀਕਰਣ ਦਾ ਸਹਾਰਾ ਲਿਆ ਜਾ ਰਿਹਾ ਹੈ। ਇਨ੍ਹਾਂ ਦੋ ਗੱਲਾਂ ਦਾ ਇਹੋ ਜਿਹਾ ਰਲੇਵਾਂ ਅੰਧਵਿਸ਼ਵਾਸਾਂ ਭਰਪੂਰ ਧਾਰਮਿਕਤਾ ਅਤੇ ਵਿਚਾਰਧਾਰਕ ਵਿਰੋਧੀਆਂ ਵਲ ਹਿੰਸਾਤਮਕ ਰੁਖ ਰੱਖਣ ਵਾਲੇ ਇਸ ਮਾਹੌਲ ਵਿਚ ਵਿਸਫੋਟਕ ਹੀ ਸਾਬਤ ਹੋਵੇਗਾ।
*****
(1021)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)







































































































