Sukirat7ਸਮਾਂ ਆ ਗਿਆ ਹੈ ਕਿ ਹਰ ਨਿਗੂਣੇ ਵਿਚਾਰਧਾਰਕ ਵਿਰੋਧ ਨੂੰ ਲਾਂਭੇ ਰੱਖ ਕੇ ...
(ਮਾਰਚ 1, 2016)

 

ਪਿਛਲੇ ਦਿਨਾਂ ਦੀਆਂ ਘਟਨਾਵਾਂ ਸਭ ਦੇ ਸਾਹਮਣੇ ਹਨ, ਪਰ ਕੁਝ ਵਿਕਾਊ ਟੀ ਵੀ ਚੈਨਲਾਂ ਦੇ ਸ਼ੁਰੂਆਤੀ ਚੀਕ-ਚਿਹਾੜੇ, ਅਤੇ ਸਰਕਾਰ ਦੇ ਗਿਰਗਿਟੀ ਬਿਆਨਾਂ ਨੇ ਇੰਨਾ ਭੰਬਲਭੂਸਾ ਪੈਦਾ ਕਰ ਦਿੱਤਾ ਕਿ ਆਮ ਲੋਕਾਂ ਲਈ ਸੱਚ-ਝੂਠ ਵਿਚ ਨਿਖੇੜਾ ਕਰ ਸਕਣਾ ਹੀ ਸੰਭਵ ਨਾ ਰਿਹਾ। ਇਸ ਲਈ ਆਓ ਸਭ ਤੋਂ ਪਹਿਲਾਂ ਇਕ ਝਾਤ ਸਮੁੱਚੇ ਘਟਨਾਕ੍ਰਮ ਉੱਤੇ ਮਾਰ ਲਈਏ।

ਜਵਾਹਰਲਾਲ ਨਹਿਰੂ ਵਿਸ਼ਵਵਿਦਿਆਲੇ (ਜੇ.ਐਨ.ਯੂ.) ਵਿਚ ਸਾਰੇ ਹੋਰਨਾਂ ਵਿਸ਼ਵਵਿਦਿਆਲਿਆਂ ਵਾਂਗ ਕਈ ਵਿਚਾਰਧਾਰਾਵਾਂ ਦੇ ਵਿਦਿਆਰਥੀ ਹਨ, ਅਤੇ ਉਨ੍ਹਾਂ ਦੇ ਆਪੋ ਆਪਣੇ ਗੁੱਟ ਹਨ। ਯੂਨੀਅਨ ਦੀਆਂ ਚੋਣਾਂ ਹੁੰਦੀਆਂ ਹਨ ਅਤੇ ਪਈਆਂ ਵੋਟਾਂ ਦੇ ਆਧਾਰ ਉੱਤੇ ਸਮੁੱਚੀ ਵਿਦਿਆਰਥੀ ਯੂਨੀਅਨ ਦੇ ਅਹੁਦੇਦਾਰ ਚੁਣੇ ਜਾਂਦੇ ਹਨ। ਇਸ ਸਮੇਂ ਯੂਨੀਅਨ ਦਾ ਪਰਧਾਨ ਕਨ੍ਹਈਆ ਕੁਮਾਰ ਹੈ, ਜੋ ਭਾਰਤੀ ਕਮਿਊਨਿਸਟ ਪਾਰਟੀ ਨਾਲ ਜੁੜੀ ਏ.ਆਈ. ਐੱਸ.ਐੱਫ ਵਿੱਚੋਂ ਹੈ। ਕੁਝ ਹੇਠਲੇ ਅਹੁਦਿਆਂ ਉੱਤੇ ਭਾਜਪਾ ਨਾਲ ਜੁੜੀ ਏ.ਬੀ.ਵੀ.ਪੀ. ਦੇ ਵਿਦਿਆਰਥੀ ਵੀ ਹਨ, ਪਰ ਇਸ ਵਿਸ਼ਵਵਿਦਿਆਲੇ ਵਿਚ ਉਨ੍ਹਾਂ ਦਾ ਪੱਲੜਾ ਹਮੇਸ਼ਾ ਕਮਜ਼ੋਰ ਹੀ ਰਿਹਾ ਹੈ। ਕਿਸੇ ਵੀ ਹੋਰ ਵਿਸ਼ਵਵਿਦਿਆਲੇ ਵਾਂਗ ਇੱਥੇ ਵੀ ਕਿਸੇ ਨਾ ਕਿਸੇ ਧਿਰ ਦੀਆਂ ਨੀਮ-ਸਿਆਸੀ ਸਰਗਰਮੀਆਂ ਜਾਰੀ ਰਹਿੰਦੀਆਂ ਹਨ। ਆਪੋ-ਆਪਣੇ ਗੁੱਟਾਂ ਦੇ ਵਿਦਿਆਰਥੀ ਉਨ੍ਹਾਂ ਵਿਚ ਹਿੱਸਾ ਲੈਂਦੇ ਹਨ, ਅਤੇ ਹੋਰਨਾਂ ਨੂੰ ਵੀ ਹਿੱਸਾ ਲੈਣ ਦਾ ਸੱਦਾ ਦੇਂਦੇ ਹਨ। ਇਨ੍ਹਾਂ ਵਿੱਚੋਂ ਹੀ ਇਕ ਗੁੱਟ ਡੈਮੋਕਰੈਟਿਕ ਸਟੂਡੈਂਟ ਯੂਨੀਅਨਹੈ, ਜਿਸਨੇ 9 ਫਰਵਰੀ 2016 ਨੂੰ ਅਫਜ਼ਲ ਗੁਰੂ ਅਤੇ ਮਕਬੂਲ ਬੱਟ ਦੇ ਕਾਨੂੰਨ ਰਾਹੀਂ ਕਤਲ ਦੇ ਵਿਰੋਧ ਅਤੇ ਕਸ਼ਮੀਰੀ ਲੋਕਾਂ ਦੇ ਸੰਘਰਸ਼ ਦੇ ਹੱਕ ਵਿਚਵਿਚਾਰ ਚਰਚਾ ਕਰਨ ਲਈ ਮੀਟਿੰਗ ਸੱਦੀ। ਇਸ ਵਿਚ ਕੈਂਪਸ ਅੰਦਰਲੇ ਅਤੇ ਕੈਂਪਸ ਤੋਂ ਬਾਹਰਲੇ ਬਹੁਤ ਸਾਰੇ ਕਸ਼ਮੀਰੀ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਗਿਆ। ਡੈਮੋਕਰੈਟਿਕ ਸਟੂਡੈਂਟ ਯੂਨੀਅਨਅਲਟਰਾ-ਖੱਬੇਪੱਖੀ ਵਿਦਿਆਰਥੀਆਂ ਦਾ ਗਰੁੱਪ ਹੈ ਅਤੇ ਮਾਓਵਾਦੀ ਵਿਚਾਰਧਾਰਾ ਦਾ ਧਾਰਨੀ ਹੈ। ਆਪਣੀ ਮੀਟਿੰਗ ਕਰਨ ਲਈ ਉਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਬਾਕਾਇਦਾ ਇਜਾਜ਼ਤ ਲਈ, ਅਤੇ ਜਿਵੇਂ ਕਿ ਵਿਸ਼ਵਵਿਦਿਆਲੇ ਦੀ ਰਵਾਇਤ ਹੈ, ਕੈਂਪਸ ਅੰਦਰ ਥਾਂ ਥਾਂ ਪੋਸਟਰ ਲਾ ਕੇ ਹੋਰਨਾਂ ਨੂੰ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿਤਾ। ਮੀਟਿੰਗ ਲਈ ਸੱਦੇ ਅਤੇ ਇਸਦੇ ਏਜੰਡੇ ਬਾਰੇ ਇਹ ਪੋਸਟਰ ਕਈ ਵਿਸ਼ਵਵਿਦਿਆਲੇ ਵਿਚ ਕਈ ਦਿਨ ਲੱਗੇ ਰਹੇ ਪਰ ਮੀਟਿੰਗ ਸ਼ੁਰੂ ਹੋਣ ਤੋਂ 20 ਮਿੰਟ ਪਹਿਲਾਂ ਏ.ਬੀ.ਵੀ.ਪੀ. ਨੇ ਪ੍ਰਸ਼ਾਸਨ ਨੂੰ ਖਤ ਲਿਖ ਕੇ ਇਸ ਮੀਟਿੰਗ ਉੱਤੇ ਫੌਰੀ ਰੋਕ ਲਾਉਣ ਦੀ ਮੰਗ ਕੀਤੀ, ਜੋ ਪ੍ਰਸ਼ਾਸਨ ਨੇ ਮੰਨ ਲਈ। ਇਸ ਰੋਕਦੇ ਫਰਮਾਨ ਨੂੰ ਲੈ ਕੇ ਏ.ਬੀ.ਵੀ.ਪੀ. ਵਾਲੇ ਮੀਟਿੰਗ ਦੀ ਥਾਂ ਪਹੁੰਚ ਗਏ। ਦੋਹਾਂ ਧਿਰਾਂ ਵਿਚ ਬਹਿਸ-ਮੁਬਾਹਿਸਾ ਸ਼ੁਰੂ ਹੋ ਗਿਆ।

ਯੂਨੀਅਨ ਦਾ ਪਰਧਾਨ ਕਨ੍ਹਈਆ ਕੁਮਾਰ ਉੱਥੇ ਮੌਜੂਦ ਨਹੀਂ ਸੀ, ਕਿਉਂਕਿ ਡੈਮੋਕਰੈਟਿਕ ਸਟੂਡੈਂਟ ਯੂਨੀਅਨਦੀ ਇਸ ਮੀਟਿੰਗ ਵਿਚ ਸ਼ਾਮਲ ਹੋਣਾ ਉਸਨੇ ਮਿਥਿਆ ਹੀ ਨਹੀਂ ਸੀ ਹੋਇਆ।

ਪਰ ਰੋਕਦੇ ਫਰਮਾਨ ਨੂੰ ਮੰਨਣ ਤੋਂ ਇਨਕਾਰ ਕਰਦਿਆਂ, ਕਿਉਂਕਿ ਆਪਣੀ ਵਿਚਾਰਧਾਰਾ ਮੁਤਾਬਕ ਪਹਿਲੋਂ ਮਿਲ ਚੁੱਕੀ ਇਜਾਜ਼ਤ ਤਹਿਤ ਮੀਟਿੰਗ ਕਰਨਾ ਡੈਮੋਕਰੈਟਿਕ ਸਟੂਡੈਂਟ ਯੂਨੀਅਨਵਾਲੇ ਵੀ ਆਪਣਾ ਜਮਹੂਰੀ ਅਧਿਕਾਰ ਸਮਝਦੇ ਸਨ, ਉਨ੍ਹਾਂ ਨੇ ਯੂਨੀਅਨ ਦੇ ਪਰਧਾਨ ਕਨ੍ਹਈਆ ਕੁਮਾਰ ਤੇ ਹੋਰ ਵਿਦਿਆਰਥੀ ਗੁੱਟਾਂ (ਐੱਸ.ਐੱਫ. ਆਈ. ਅਤੇ ਏ.ਆਈ.ਐੱਸ.ਏ.) ਨੂੰ ਸਮਰਥਨ ਲਈ ਸੱਦਿਆ। ਆਪਣੀ ਵਿਚਾਰਾਧਾਰਾ ਦੇ ਸਮਰਥਨ ਲਈ ਨਹੀਂ, ਮੀਟਿੰਗ ਕਰ ਸਕਣ ਦੇ ਆਪਣੇ ਜਮਹੂਰੀ ਹੱਕ ਦੇ ਸਮਰਥਨ ਲਈ। ਫੈਸਲਾ ਇਹ ਹੋਇਆ ਕਿ ਮੀਟਿੰਗ ਹੋਏਗੀ, ਪਰ ਮਾਈਕਰੋਫੋਨ ਨਹੀਂ ਵਰਤੇ ਜਾਣਗੇ। ਪਰ ਏ.ਬੀ.ਵੀ.ਪੀ. ਵਾਲਿਆਂ ਨੇ ਇੰਨੇ ਨੂੰ ਆਪਣੇ ਕਾਡਰ ਇਕੱਤਰ ਕਰ ਲਏ ਅਤੇ ਬੁਲਾਰਿਆਂ ਦੀ ਆਵਾਜ਼ ਦਬਾਉਣ ਲਈ ਉੱਚੀ ਉੱਚੀ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ “ਯਿਹ ਕਸ਼ਮੀਰ ਹਮਾਰਾ ਹੈ, ਸਾਰਾ ਕਾ ਸਾਰਾ ਹੈ

ਓਧਰੋਂ ਜਵਾਬੀ ਨਾਅਰੇ ਸ਼ੁਰੂ ਹੋ ਗਏ, “ਹਮ ਕਿਆ ਚਾਹਤੇ? ਆਜ਼ਾਦੀ!ਅਤੇ ਫੇਰ, “ਤੁਮ ਕਿਤਨੇ ਅਫਜ਼ਲ ਮਾਰੋਗੇ, ਹਰ ਘਰ ਸੇ ਅਫਜ਼ਲ ਨਿਕਲੇਗਾ।

ਦੁਵੱਲੀ ਨਾਅਰੇਬਾਜ਼ੀ ਦੇ ਇਸ ਭਖਦੇ ਜਾ ਰਹੇ ਮਾਹੌਲ ਵਿਚ ਬਾਹਰੋਂ ਆਏ ਕੁਝ ਲੋਕਾਂ ਨੇ ਇਹੋ ਜਿਹੇ ਨਾਅਰੇ ਵੀ ਲਾਏ, “ਭਾਰਤ ਕੀ ਬਰਬਾਦੀ ਤਕ, ਜੰਗ ਰਹੇਗੀ, ਜੰਗ ਰਹੇਗੀ।’ (ਬਾਹਰੋਂ ਆਏ ਮੈਂ ਇਸ ਆਧਾਰ ਉੱਤੇ ਕਹਿ ਰਿਹਾ ਹਾਂ ਕਿਓਂਕਿ ਵੀਡੀਓਗ੍ਰਾਫੀ ਮੌਜੂਦ ਹੋਣ ਦੇ ਬਾਵਜੂਦ ਇਹੋ ਜਿਹੇ ਨਾਅਰੇ ਲਾਉਣ ਵਾਲੇ ਕਿਸੇ ਇਕ ਵੀ ਚਿਹਰੇ ਦੀ ਅਜੇ ਤਕ ਬਤੌਰ ਜੇ.ਐਨ.ਯੂ. ਵਿਦਿਆਰਥੀ ਸ਼ਨਾਖਤ ਨਹੀਂ ਹੋ ਸਕੀ।)

ਕਨ੍ਹਈਆ ਕੁਮਾਰ ਨੇ ਨਾ ਤਾਂ ਇਹੋ ਜਿਹੇ ਨਾਹਰੇ ਲਾਏ, ਅਤੇ ਨਾ ਹੀ ਇਸ ਨਾਹਰੇਬਾਜ਼ੀ ਦਾ ਸਮਰਥਨ ਕੀਤਾ। ਸਗੋਂ ਦੋ ਧਿਰਾਂ ਵਿਚ ਪੈਦਾ ਹੋਈ ਭੜਕਾਹਟ ਤੋਂ ਬਾਅਦ ਉਸਨੇ ਸਮੁੱਚੇ ਵਿਦਿਆਰਥੀਆਂ ਨੂੰ ਜਦੋਂ ਸੰਬੋਧਨ ਕੀਤਾ ਤਾਂ ਇਨ੍ਹਾਂ ਨਾਹਰਿਆਂ ਦੀ ਨਿੰਦਾ ਕੀਤੀ। (ਕਨ੍ਹਈਆ ਕੁਮਾਰ ਦੇ ਭਾਸ਼ਣ ਦਾ ਉਤਾਰਾ ਅਸੀਂ ਕੱਲ੍ਹ (2 ਮਾਰਚ) ਨੂੰ ‘ਸਰੋਕਾਰ’ ਵਿਚ ਛਾਪ ਰਹੇ ਹਾਂ ਤਾਂ ਜੋ ਪਾਠਕ ਆਪੇ ਨਿਤਾਰਾ ਕਰ ਸਕਣ ਕਿ ਦੇਸ਼-ਧ੍ਰੋਹਦੇ ਸੰਗੀਨ ਜੁਰਮ ਦਾ ਦੋਸ਼ੀ ਠਹਿਰਾਇਆ ਗਿਆ ਇਹ ਵਿਦਿਆਰਥੀ ਉਸ ਦਿਨ ਕੀ ਕਹਿ ਰਿਹਾ ਸੀ --- ਸੰਪਾਦਕ)

ਪਰ ਇਸ ਭਾਸ਼ਣ ਤੋਂ ਬਾਅਦ ਜੇ.ਐਨ.ਯੂ. ਵਿਚ ਪੁਲਸ ਹਰਲ ਹਰਲ ਕਰਨ ਲੱਗ ਪਈ। ਕਨ੍ਹਈਆ ਕੁਮਾਰ ਨੂੰ ਪੁਲਸ ਫੜ ਕੇ ਲੈ ਗਈ। ਟੀ.ਵੀ. ਦੇ ਦੋ ਵਿਕਾਊ ਚੈਨਲਾਂ ਨੇ ਉੱਤੇ ਦਰਜ ਨਾਅਰੇਬਾਜ਼ੀ ਦੀ ਫੁਟੇਜ ਮੁੜ ਮੁੜ ਇਵੇਂ, ਅਤੇ ਅਜਿਹੀਆਂ ਸੁਰਖੀਆਂ ਹੇਠ ਦਿਖਾਉਣੀ ਸ਼ੁਰੂ ਕਰ ਦਿੱਤੀ, ਜਿਵੇਂ ਜੇ.ਐਨ.ਯੂ. ਤੋਂ ਭਾਰਤ ਵਿਰੁੱਧ ਬਗਾਵਤ ਸ਼ੁਰੂ ਹੋ ਚੁੱਕੀ ਹੋਵੇ। ਕਨ੍ਹਈਆ ਕੁਮਾਰ ਨੂੰ ਦੇਸ਼ ਦਰੋਹੀ ਸਾਬਤ ਕਰਨ ਦੀ ਹਾਬੜ ਵਿਚ ਇਨ੍ਹਾਂ ਚੈਨਲਾਂ ਵੱਲੋਂ ਉਸਦੇ ਆਪਣੇ ਭਾਸ਼ਣ ਨੂੰ ਤਾਂ ਦਬ ਦਿੱਤਾ ਗਿਆ (ਇਹ ਤਾਂ 4 ਦਿਨ ਬਾਅਦ ਯੂ ਟਿਊਬ ਉੱਤੇ ਲੱਭਣਾ ਸ਼ੁਰੂ ਹੋਇਆ) ਪਰ ਹੋਰਨਾਂ ਦੇ ਨਾਅਰੇ ਉਸਦੇ ਮੂੰਹ ਵਿਚ ਪਾ ਦਿੱਤੇ ਗਏ।

ਭਾਰਤ ਦੇ ਗ੍ਰਹਿ ਮੰਤਰੀ ਨੇ ਪਿੱਛੋਂ ਝੂਠੀ ਨਿਕਲੀ ਇਕ ਟਵੀਟ ਦੇ ਆਧਾਰ ਉੱਤੇ ਤੱਤਫਟ ਬਿਆਨ ਦੇ ਦਿੱਤਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਹਾਫ਼ਿਜ਼ ਸਈਦ ਦਾ ਸਮਰਥਨ ਪ੍ਰਾਪਤ ਹੈ ਅਤੇ ਜੇ.ਐਨ.ਯੂ ਦੀਆਂ ਕੌਮ ਵਿਰੋਧੀ ਸਰਗਰਮੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। (ਇਹ ਵੱਖਰੀ ਗੱਲ ਹੈ ਕਿ ਝੂਠੀ ਟਵੀਟ ਦੇ ਆਧਾਰ ਉੱਤੇ ਭੁੜਕ ਪਏ ਗ੍ਰਹਿ-ਮੰਤਰੀ ਜੀ ਹੁਣ ਮੂੰਹ ਵਿਚ ਘੁੰਗਣੀਆਂ ਪਾ ਕੇ ਬਹਿ ਗਏ ਹਨ, ਪਰ ਉਨ੍ਹਾਂ ਵਰਗੇ ਜ਼ਿੰਮੇਵਾਰ ਅਹੁਦੇ ਉੱਤੇ ਬਿਰਾਜਮਾਨ ਬੰਦੇ ਦੇ ਇਸ ਗੈਰ-ਜ਼ਿੰਮੇਵਾਰ ਬਿਆਨ ਨੇ ਆਪਣਾ ਕਾਰਾ ਕਰ ਦਿੱਤਾ ਅਤੇ ਲੋਕ-ਮਨਾਂ ਵਿਚ ਇੱਕ ਵਿੱਦਿਅਕ ਅਦਾਰੇ ਪ੍ਰਤੀ ਜ਼ਹਿਰ ਭਰ ਦਿੱਤਾ।)ਦੇਸ ਵਿਚ ਸਿੱਖਿਆ ਸੰਸਥਾਵਾਂ ਦੀ ਨਿਗਰਾਨ ਸਮ੍ਰਿਤੀ ਇਰਾਨੀ ਨੇ ਕਿਸੇ ਨੂੰ ਵੀ ਨਾ ਬਖਸ਼ਣਦਾ ਬਿਆਨ ਦਾਗ ਦਿੱਤਾ।’ (ਜਿਵੇਂ ਗੱਲ ਕੁਝ ਭੜਕੇ ਹੋਏ ਵਿਦਿਆਰਥੀਆਂ ਦੀ ਨਹੀਂ, ਪਠਾਨਕੋਟ ਵਿਚ ਹਮਲਾ ਕਰਨ ਵਾਲੇ ਘੁਸਪੈਠੀਆਂ ਦੀ ਹੋਵੇ।) ਨਤੀਜਾ ਇਹੋ ਜਿਹੇ ਬਿਆਨਾਂ ਦਾ ਇਹ ਹੋਇਆ ਕਿ ਯੂਨੀਵਰਸਟੀ ਦੇ ਕੁਝ ਵਿਦਿਆਰਥੀ ਜੋ ਲਾਗਲੇ ਪਿੰਡ ਮੁਨੀਰਕਾ ਵਿਚ ਕਿਰਾਏ ਦੇ ਕਮਰਿਆਂ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਭੜਕੇ ਹੋਏ ਮਕਾਨ ਮਾਲਕਾਂ ਨੇ ਕਮਰੇ ਖਾਲੀ ਕਰਨ ਦਾ ਹੁਕਮ ਦੇ ਦਿੱਤਾ।

ਕਨ੍ਹਈਆ ਕੁਮਾਰ ਉੱਤੇ ਲਾਏ ਗਏ ਦੋਸ਼ (ਜੋ ਸਾਬਤ ਹੋ ਹੀ ਨਹੀਂ ਸਕਣੇ) ਦੀ ਸਾਡੇ ਦੇਸ ਦੇ ਹਰ ਕਾਨੂੰਨੀ ਮਾਹਰ ਨੇ ਸਖਤ ਆਲੋਚਨਾ ਕੀਤੀ, ਅਤੇ ਦੇਸ਼-ਧ੍ਰੋਹਦੀ ਧਾਰਾ 124 ਅ ਦੀ ਅਜਿਹੀ ਵਰਤੋਂ ਦੇ ਖਿਲਾਫ ਰੋਸ ਜ਼ਾਹਰ ਕੀਤਾ। 15 ਫਰਵਰੀ ਨੂੰ ਅਦਾਲਤ ਵਿਚ ਕਨ੍ਹਈਆ ਕੁਮਾਰ ਦੀ ਪੇਸ਼ੀ ਸਮੇਂ ਭਾਜਪਾਈ ਵਕੀਲਾਂ ਨੇ ਉੱਥੇ ਹਾਜ਼ਰ ਪੱਤਰਕਾਰਾਂ ਅਤੇ ਜੇ.ਐਨ.ਯੂ. ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਕੁੱਟ ਮਾਰ ਕੀਤੀ, ਪਰ ਇਸ ਦੌਰਾਨ ਉੱਥੇ ਤਾਇਨਾਤ ਪੁਲਸ ਮੂਕ ਦਰਸ਼ਕ ਬਣਕੇ ਵਾਚਦੀ ਰਹੀ। ਜ਼ਾਹਰ ਹੈ ਤਾਇਨਾਤ ਸਿਪਾਹੀਆਂ ਨੂੰ ਕੁਝ ਵੀ ਨਾ ਕਰਨ ਦੇ ਹੁਕਮ ਜਾਰੀ ਹੋਏ ਹੋਏ ਸਨ। ਭਾਜਪਾ ਦੇ ਐੱਮ ਐੱਲ ਏ ਓ ਪੀ ਸ਼ਰਮਾ ਨੇ ਪੱਤਰਕਾਰ ਅਕੀਲ ਜਮਾਈ ਨੂੰ ਲੰਮਿਆਂ ਪਾ ਕੇ ਕੁੱਟਿਆ। ਇਸ ਕੁੱਟਮਾਰ ਦੀਆਂ ਤਸਵੀਰਾਂ ਨਸ਼ਰ ਹੋਈਆਂ ਤਾਂ ਕੇਂਦਰੀ ਸਰਕਾਰ ਦੇ ਮੰਤਰੀਆਂ ਤਕ ਨੇ ਇਨ੍ਹਾਂ ਨਿਹਾਇਤ ਨਿੰਦਣਯੋਗ ਘਟਨਾਵਾਂ ਨੂੰ ਰਾਸ਼ਟਰਪ੍ਰੇਮ ਨੂੰ ਲੱਗੀ ਠੇਸ ਤੋਂ ਭੜਕੀਆਂ ਭਾਵਨਾਵਾਂ ਦਾ ਪ੍ਰਗਟਾਵਾਕਹਿ ਕੇ ਹਊ-ਪਰ੍ਹੇ ਕਰ ਦਿੱਤਾ। ਅਦਾਲਤ ਵਿਚ ਭਾਜਪਾਈ ਵਕੀਲਾਂ ਰਾਹੀਂ ਕੀਤੀ ਕੁੱਟਮਾਰ ਸਮੇਂ ਪੁਲਸ ਨੇ ਕੋਈ ਐਕਸ਼ਨ ਕਿਊਂ ਨਾ ਲਿਆ, ਇਸ ਸਵਾਲ ਦੇ ਜਵਾਬ ਵਿਚ ਕੇਂਦਰੀ ਮੰਤਰੀ ਕਿਰੇਨ ਰਿਜਿਜੂ ਦਾ ਬਿਆਨ ਸੀ, “ਤੇ ਉੱਥੇ ਕਿਹੜਾ ਕਤਲ ਹੋ ਗਿਆ?” ਯਾਨੀ ਜੇਕਰ ਨੌਬਤ ਕਤਲ ਤਕ ਨਾ ਪਹੁੰਚੇ ਤਾਂ ਪੁਲਸ ਨੂੰ ਚੁੱਪਚਾਪ ਕੁਟਮਾਰ ਹੁੰਦੇ ਦੇਖਦੇ ਰਹਿਣਾ ਚਾਹੀਦਾ ਹੈ। ਜੇ ਇਹੋ ਗੱਲ ਹੈ ਤਾਂ ਜੇ.ਐਨ.ਯੂ ਵਿਚ ਕਿਹੜਾ ਕਤਲ ਹੋ ਗਿਆ ਸੀ ਕਿ ਫਟਾਫਟ ਪੁਲਸ ਭੇਜ ਦਿੱਤੀ ਗਈਉੱਥੇ ਤਾਂ ਵਿਦਿਆਰਥੀਆਂ ਵਿਚ ਝੜਪਾਂ ਵੀ ਬਹਿਸ-ਮੁਬਾਹਸੇ ਅਤੇ ਨਾਅਰੇਬਾਜ਼ੀ ਤਕ ਹੀ ਸੀਮਤ ਰਹੀਆਂ, ਕਿਸੇ ਨੇ ਹਥਿਆਰ ਨਹੀਂ ਸੀ ਚੁੱਕਿਆ ਹੋਇਆ।

15 ਫਰਵਰੀ ਨੂੰ ਅਦਾਲਤ ਵਿਚ ਹੋਈਆਂ ਇਨ੍ਹਾਂ ਸ਼ਰਮਨਾਕ ਘਟਨਾਵਾਂ ਦੇ ਬਾਵਜੂਦ 17 ਨੂੰ ਇੱਕ ਵਾਰ ਫੇਰ ਉਹੋ ਕੁੱਟਮਾਰ ਹੋਈ। ਪੁਲਸ ਦੀ ਹਾਜ਼ਰੀ ਵਿਚ ਕਨ੍ਹਈਆ ਕੁਮਾਰ ਤੇ ਵਾਰ ਹੋਇਆ, 15 ਨੂੰ ਕੁੱਟਮਾਰ ਕਰਨ ਵਾਲੇ ਉਹੋ ਵਕੀਲ, ਜਿਨ੍ਹਾਂ ਦੀ ਪਿਛਲੇ ਦਿਨ ਮੀਡੀਆਂ ਰਾਹੀਂ ਸ਼ਨਾਖਤ ਹੋ ਚੁੱਕੀ ਸੀ, ਅਜੇ ਵੀ ਖੁੱਲ੍ਹੇ ਆਮ ਘੁੰਮ ਰਹੇ ਸਨ ਪਰ ਇਸ ਵਾਰ ਹੱਥ ਵਿਚ ਤਿਰੰਗਾਢਾਲ ਵਾਂਗ ਫੜਿਆ ਹੋਇਆ ਸੀ। “ਗੁੰਡਿਆਂ ਦੀ ਆਖਰੀ ਸ਼ਰਣ ਦੇਸ਼ਭਗਤੀ ਦਾ ਦਾਅਵਾ ਹੁੰਦਾ ਹੈ।ਇਨ੍ਹਾਂ ਝੰਡੇ ਫੜੀ ਪਰ ਗੁੰਡਾਗਰਦੀ ਉੱਤੇ ਉੱਤਰੇ ਵਕੀਲਾਂ ਦੀ ਇਹ ਤਸਵੀਰ ਇਸ ਕਥਨ ਨੂੰ ਇੰਨਬਿੰਨ ਸਾਬਤ ਕਰਦੀ ਹੈ।

ਪਰ ਇਨ੍ਹਾਂ ਸਰਕਾਰੀ ਟਾਊਟਾਂ ’ਤੇ ਹੀ ਨਹੀਂ, ਇਹ ਕਥਨ ਅਜੋਕੀ ਸਰਕਾਰ ਤੇ ਵੀ ਇੰਨਬਿੰਨ ਢੁੱਕਦਾ ਹੈ। ਅੱਛੇ ਦਿਨਾਂ ਦੀ ਥਾਂ ਹੋਰ ਤੋਂ ਹੋਰ ਬਦਤਰ ਹੁੰਦੇ ਜਾ ਰਹੇ ਦਿਨਾਂ ਨਾਲ ਜੂਝ ਰਹੀ ਇਸ ਸਰਕਾਰ ਦੀ ਆਖਰੀ ਸ਼ਰਣ ਵੀ ਦੇਸ਼ਭਗਤੀ ਹੈ। ਭ੍ਰਿਸ਼ਟਾਚਾਰ ਮੁਕਾਉਣ ਤੋਂ ਲੈ ਕੇ ਹਰ ਖਾਤੇ ਵਿਚ ਵਿਦੇਸ਼ੀ ਕਾਲੇ ਧਨ ਦੇ 15 15 ਲੱਖ ਪੁਆਉਣ ਦੇ ਦਾਅਵੇ ਤਾਂ ਧਰੇ ਰਹਿ ਹੀ ਜਾਣੇ ਸਨ, ਗੋ-ਮਾਤਾ ਜਾਂ ਰਾਮ ਮੰਦਰ ਵਾਲੇ ਮੁੱਦੇ ਵੀ ਹੁਣ ਲੋਕਾਂ ਨੂੰ ਭਰਮਾਉਂਦੇ ਨਹੀਂ। ਹੁਣ ਦੇਸ਼ਭਗਤੀ ਜਾਂ ਰਾਸ਼ਟਰਵਾਦ ਦੇ ਨਾਂਅ ਉੱਤੇ ਲੋਕਾਂ ਨੂੰ ਭੜਕਾਉਣ ਦਾ ਸਮਾਂ ਹੈ। ਵਧਦੀ ਜਾ ਰਹੀ ਮਹਿੰਗਾਈ, ਲੋਕਾਂ ਵਿਚ ਵਧ ਰਹੇ ਆਰਥਕ ਪਾੜੇ, ਦੇਸ ਅੰਦਰ ਅਤੇ ਹੁਣ ਵਿਦੇਸ਼ ਵਿਚ ਵੀ ਘਟ ਰਹੀ ਸਾਖ ਕਾਰਨ ਛਿੱਥੀ ਪਈ ਸਰਕਾਰ ਨੂੰ ਤਾਨਾਸ਼ਾਹੀ ਹਰਬੇ ਵਰਤਣ ਦੀ ਲੋੜ ਹੈਉਸਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾਪਣ ਲਗ ਪਈ ਹੈ, ਇਸ ਲਈ ਸਭ ਤੋਂ ਪਹਿਲਾਂ ਬੁੱਧੀਜੀਵੀਆਂ (ਲੇਖਕਾਂ, ਕਲਾਕਾਰਾਂ, ਪੱਤਰਕਾਰਾਂ, ਅਧਿਆਪਕਾਂ) ਨੂੰ ਕਾਬੂ ਕਰਨ ਦੀ ਲੋੜ ਹੈ: ਫੁਸਲਾ ਕੇ, ਭਰਮਾ ਕੇ, ਖਰੀਦ ਕੇ ਅਤੇ ਨਹੀਂ ਮੰਨਦੇ ਤਾਂ ਡਰਾ-ਧਮਕਾ ਕੇ।

ਜੋ ਕੁਝ ਕਨ੍ਹਈਆ ਕੁਮਾਰ ਨਾਲ ਹੋਇਆ, ਜਿਸ ਢੰਗ ਨਾਲ ਜੇ.ਐਨ.ਯੂ. ਨੂੰ ਹੀ ਦੇਸ਼-ਵਿਰੋਧੀ ਵਿਸ਼ਵਵਿਦਿਆਲਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਸਭ ਕੁਝ ਗੁੱਝੀ ਸਾਜ਼ਿਸ਼ ਤਹਿਤ ਹੋ ਰਿਹਾ ਹੈ। ਜੋ ਕੁਝ ਸਾਹਮਣੇ ਆ ਰਿਹਾ ਹੈ ਉਹ ਸਾਜ਼ਿਸ਼ ਹੀ ਨਹੀਂ ਯੋਜਨਾਬੱਧ ਢੰਗ ਨਾਲ ਕਰਾਈ ਜਾਣ ਵਾਲੀ ਗੁੰਡਾ ਗਰਦੀ ਹੈ, ਜਿਸਦੀ ਪਹੁੰਚ ਨਿਰੋਲ ਜੇ.ਐਨ.ਯੂ. ਤਕ ਹੀ ਸੀਮਤ ਨਹੀਂ ਸਮਝੀ ਜਾਣੀ ਚਾਹੀਦੀ।

ਜਦੋਂ ਦੀ ਇਹ ਸਰਕਾਰ ਆਈ ਹੈ, ਹਰ ਸੰਸਥਾ ਵਿਚ ਇਹ ਆਪਣੀ ਵਿਚਾਰਧਾਰਾ ਦੇ ਬੰਦੇ ਸਥਾਪਤ ਕਰ ਰਹੀ ਹੈ। ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਹਰ ਸਰਕਾਰ ਇਵੇਂ ਹੀ ਕਰਦੀ ਹੈ। ਪਰ ਪਿਛਲੀਆਂ ਸਰਕਾਰਾਂ ਨਾਲੋਂ ਇਸ ਸਰਕਾਰ ਦੀਆਂ ਕਾਰਗੁਜ਼ਾਰੀਆਂ ਵਿਚ ਬੁਨਿਆਦੀ ਫਰਕ ਇਹ ਹੈ ਕਿ ਮਹੱਤਵਪੂਰਨ ਸੰਸਥਾਵਾਂ ਵਿਚ ਅਹੁਦਾ ਦੇਣ ਵੇਲੇ ਨਿਰੋਲ ਵਿਚਾਰਧਾਰਕ ਸਾਂਝ ਹੀ ਨਹੀਂ, ਉਸ ਅਹੁਦੇਦਾਰ ਦੀ ਦੇਣ ਅਤੇ ਸਮਰੱਥਾ ਨੂੰ ਵੀ ਧਿਆਨ ਵਿਚ ਰੱਖਿਆ ਜਾਂਦਾ ਹੈ। ਜਿੰਨਾ ਵੱਡਾ ਕੋਈ ਬੁੱਧੀਵਾਨ ਹੁੰਦਾ ਹੈ, ਉੰਨਾ ਹੀ ਉਹ ਸੁਤੰਤਰ-ਵਿਚਾਰਕ ਵੀ ਹੁੰਦਾ ਹੈ ਅਤੇ ਵੇਲੇ ਦੀ ਸਰਕਾਰ ਨੂੰ ਪਤਾ ਹੁੰਦਾ ਹੈ ਕਿ ਅਜਿਹੇ ਮਨੁੱਖ ਨੂੰ ਕਠਪੁਤਲੀ ਵਾਂਗ ਨਹੀਂ ਵਰਤਿਆ ਜਾ ਸਕਦਾ। ਪਰ ਭਾਜਪਾ ਸਰਕਾਰ ਇਨ੍ਹਾਂ ਸੰਸਥਾਵਾਂ ਵਿਚ ਨਿਰੋਲ ਨਿਗੂਣੇ ਮਹੱਤਵ ਵਾਲੇ ਲੋਕਾਂ ਨੂੰ ਫਿੱਟ ਕਰ ਰਹੀ ਹੈ, ਤਾਂ ਜੋ ਉਹ ਸਰਕਾਰੀ ਇਸ਼ਾਰਿਆਂ ਤੇ ਨੱਚਣ ਲਈ ਹਮੇਸ਼ਾ ਤਿਆਰ ਰਹਿਣ। ਫਿਲਮ ਅਤੇ ਟੈਲੀਵੀਜ਼ਨ ਇੰਸਟੀਚਿਊਟ ਵਿਚ ਗਜੇਂਦਰ ਚੌਹਾਨ ਵਰਗੇ ਨਿਗੂਣੇ ਕਲਾਕਾਰ ਨੂੰ ਮੁਖੀ ਥਾਪਣਾ ਇਸ ਪਾਲਸੀ ਦੀ ਉੱਘੜਵੀਂ ਮਿਸਾਲ ਹੈ।

ਸੋ ਪਿਛਲੇ 18 ਮਹੀਨਿਆਂ ਵਿਚ ਹੌਲੀ ਹੌਲੀ ਹਰ ਥਾਂ ਇਹੋ ਜਿਹੇ ਬੰਦੇ ਥਾਪੇ ਗਏ ਜੋ ਆਪੋ-ਆਪਣੇ ਖੇਤਰ ਦੇ ਮੁਕਾਬਲਤਨ ਅਣਜਾਣੇ ਜਿਹੇ ਲੋਕ ਹਨ। ਉਨ੍ਹਾਂ ਕੋਲੋਂ ਸਰਕਾਰ ਇਹ ਆਸ ਰੱਖਦੀ ਹੈ ਕਿ ਉਹ ਬਿਨਾਂ ਕਿੰਤੂ-ਪ੍ਰੰਤੂ ਉਸਦੇ ਹੁਕਮਾਂ ਦੀ ਪਾਲਣਾ ਕਰਨਗੇ। (ਜੇ.ਐਨ.ਯੂ. ਵਿਚ ਅਜੇ ਪਹਿਲੀ ਫਰਵਰੀ ਨੂੰ ਹੀ ਆਰ ਐਸ ਐਸ ਦੇ ਪਿਛੋਕੜ ਵਾਲੇ ਪ੍ਰੋ. ਜਗਦੇਸ਼ ਕੁਮਾਰ ਨੂੰ ਵੀ.ਸੀ. ਥਾਪਿਆ ਗਿਆ ਹੈ)। ਇਸ ਤੋਂ ਅਗਲਾ ਕਦਮ ਇਹ ਚੁੱਕਿਆ ਜਾਂਦਾ ਹੈ ਕਿ ਸੰਸਥਾ ਵਿਚ ਕਿਸੇ ਐਸੇ ਗਰੁੱਪ ਉੱਤੇ ਨਜ਼ਰ ਰੱਖੀ ਜਾਂਦੀ ਹੈ ਜੋ ਅਜੋਕੀ ਸਰਕਾਰ ਦੀ ਵਿਚਾਰਾਧਾਰਾ ਦਾ ਵਿਰੋਧੀ ਹੋਵੇ। ਇਹ ਗਰੁੱਪ ਭਾਵੇਂ ਅੰਬੇਦਕਰਵਾਦੀ ਹੋਵੇ, ਭਾਵੇਂ ਮਾਓਵਾਦੀ, ਭਾਵੇਂ ਮਨੁੱਖੀ- ਅਧਿਕਾਰਵਾਦੀ ਹੋਵੇ, ਭਾਵੇਂ ਪੂੰਜੀਵਾਦ-ਵਿਰੋਧੀ, ਬਸ ਇਹ ਸੰਘੀ ਵਿਚਾਰਧਾਰਾ ਤੋਂ ਇਨਕਾਰੀ ਗਰੁੱਪ ਹੋਣਾ ਚਾਹੀਦਾ ਹੈ। ਸਥਾਨਕ ਏ.ਬੀ.ਵੀ.ਪੀ. ਮੈਂਬਰਾਂ ਨੂੰ ਇਸ ਗਰੁੱਪ ਦੀਆਂ ਸਰਗਰਮੀਆਂ ਉੱਤੇ ਨਜ਼ਰ ਰੱਖਣ ਲਈ ਕਿਹਾ ਜਾਂਦਾ ਹੈ ਅਤੇ ਜਦੋਂ ਵੀ ਮੌਕਾ ਮਿਲੇ ਉਨ੍ਹਾਂ ਨਾਲ ਝਗੜਾ ਪੈਦਾ ਕਰਨ ਦੇ ਹਾਲਾਤ ਬਣਾਉਣ ਲਈ ਕਿਹਾ ਜਾਂਦਾ ਹੈ। ਇਉਂ ਪੈਦਾ ਕਰਾਈ ਗਈ ਝੜਪ ਦੌਰਾਨ ਏ.ਬੀ.ਵੀ.ਪੀ. ਕੋਲ ਉਨ੍ਹਾਂ ਉੱਤੇ ਹਮਲਾ ਹੋਏ ਹੋਣ ਦਾ ਦਾਅਵਾ ਕਰਨ ਦਾ ਆਧਾਰ ਬਣ ਜਾਂਦਾ ਹੈ ਉਹ ਕਿਸੇ ਪਹਿਲੋਂ ਹੀ ਮਿੱਥੇ ਹੋਏ ਲੋਕਲ ਭਾਜਪਾ ਆਗੂ ਕੋਲ ਸ਼ਿਕਾਇਤ ਰੱਖਦੇ ਹਨ, ਜੋ ਇਸ ਸ਼ਿਕਾਇਤ ਨੂੰ ਕੇਂਦਰੀ ਮੰਤਰੀ ਤਕ ਪੁਚਾਉਂਦਾ ਹੈ। ਹੁਣ ਕੇਂਦਰੀ ਮੰਤਰੀ ਉਸ ਵਿਦਿਅਕ ਸੰਸਥਾ ਦੇ ਹੱਡੀ-ਰਹਿਤ ਮੁਖੀ ਨੂੰ ਇਨ੍ਹਾਂ ਆਰੋਪੀਵਿਦਿਆਰਥੀਆਂ ਨੂੰ ਕੱਢਣ/ਸਸਪੈਂਡ ਕਰਨ ਜਾਂ ਕੈਂਪਸ ਵਿਚ ਪੁਲਸ ਬੁਲਾਉਣ ਦੇ ਨਿਰਦੇਸ਼ ਦੇਂਦਾ ਹੈ, ਅਤੇ ਇਸ ਫਰਮਾਨ ਉੱਤੇ ਵੀ.ਸੀ. ਫੌਰਨ ਅਮਲ ਕਰਦਾ ਹੈ।

ਇਹੋ ਕੁਝ ਹੈਦਰਾਬਾਦ ਵਿਸ਼ਵਵਿਦਿਆਲੇ ਵਿਚ ਰੋਹਿਤ ਵੇਮੁਲਾ ਨਾਲ ਹੋਇਆ, ਇਹੋ ਅੱਜ ਕਨ੍ਹਈਆ ਕੁਮਾਰ ਨਾਲ ਹੋ ਰਿਹਾ ਹੈ, ਅਤੇ ਇਹੋ ਕੁਝ ਕੱਲ੍ਹ ਨੂੰ ਕਿਸੇ ਵੀ ਹੋਰ ਕੈਂਪਸ, ਕਿਸੇ ਵੀ ਹੋਰ ਸੰਸਥਾ ਵਿਚ ਵਾਪਰ ਸਕਦਾ ਹੈ। ਇਹ ਦੇਸ਼ ਵਿਚ ਭੈਅ ਦਾ ਮਾਹੌਲ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਹਨ, ਗੁੰਡਾਗਰਦੀ ਰਾਹੀਂ ਤਾਨਾਸ਼ਾਹੀ ਸ਼ਾਸਨ ਸਥਾਪਤ ਕਰਨ ਦੀਆਂ ਤਿਆਰੀਆਂ ਹਨ, ‘ਰਾਸ਼ਟਰਵਾਦਦੀ ਪਰਿਭਾਸ਼ਾ ਬਦਲ ਕੇ ਸਰਕਾਰ-ਵਾਦ ਨੂੰ ਲਾਗੂ ਕਰਨ ਦੇ ਉਪਰਾਲੇ ਹਨ।

ਗੱਲ ਨਿਰੋਲ ਕਨ੍ਹਈਆ ਕੁਮਾਰ ਦੀ ਨਹੀਂ, ਜੇ.ਐਨ.ਯੂ. ਦੀ ਨਹੀਂ, ਰਾਸ਼ਟਰਵਾਦਦੀ ਤਲਵਾਰ ਨਾਲ ਹੁਣ ਹਰ ਉਸ ਸਿਰ ਨੂੰ ਕਲਮ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਹਨ, ਜੋ ਅਜੋਕੀ ਸਰਕਾਰ ਨਾਲ, ਉਸਦੀ ਸੰਘੀ ਕਿਸਮ ਦੀ ਦੇਸ਼ਭਗਤੀ ਦੀ ਪਰਿਭਾਸ਼ਾ ਨਾਲ ਸਹਿਮਤ ਨਹੀਂ।

ਸਮਾਂ ਆ ਗਿਆ ਹੈ ਕਿ ਹਰ ਨਿਗੂਣੇ ਵਿਚਾਰਧਾਰਕ ਵਿਰੋਧ ਨੂੰ ਲਾਂਭੇ ਰੱਖ ਕੇ ਉਹ ਸਭ ਤਾਕਤਾਂ ਅੱਜ ਇੱਕਮੁੱਠ ਹੋਣ ਜੋ ਇਸ ਦੇਸ ਦੀ ਹੋਣੀ ਨੂੰ ਤਾਨਾਸ਼ਾਹੀ ਹੱਥਾਂ ਵਿਚ ਜਾਣ ਤੋਂ ਬਚਾਉਣਾ ਚਾਹੁੰਦੀਆਂ ਹਨ। ਅੱਜ ਉਹ ਨਿਰਣਈ ਘੜੀ ਆ ਚੁੱਕੀ ਹੈ।

(ਨੋਟ: ਕਨ੍ਹਈਆ ਕੁਮਾਰ ਦੇ ਭਾਸ਼ਣ ਦਾ ਉਤਾਰਾ ਕੱਲ੍ਹ (2 ਮਾਰਚ) ਨੂੰ ‘ਸਰੋਕਾਰ’ ਵਿਚ ਛਪ ਜਾਵੇਗਾ, ਪਾਠਕ ਪੜ੍ਹਨਾ ਨਾ ਭੁੱਲਣ --- ਸੰਪਾਦਕ)

*****

(203)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਸੁਕੀਰਤ

ਸੁਕੀਰਤ

Jalandhar, Punjab, India.
Email: (sukirat.anand@gmail.com)

More articles from this author