“ਜਦੋਂ ਅਸੀਂ ਪੰਜਾਬ ਦੀ ਹਾਲਤ ਕੀ ਤੋਂ ਕੀ ਬਣ ਗਈ ਵੱਲ ਗਹਿਰਾਈ ਨਾਲ ਵਾਚਦੇ ਹਾਂ ਤਾਂ ਅਨੇਕਾਂ ਕਾਰਨ ਉੱਭਰ ਕੇ ...”
(25 ਅਗਸਤ 2024)
ਸਪਤ ਸਿੰਧੂ ਅਤੇ ਪੰਜ ਦਰਿਆਵਾਂ ਦੀ ਧਰਤ ਪੰਜਾਬ ਅੱਜ ਢਾਈ ਕੁ ਦਰਿਆਵਾਂ ਦਾ ਇੱਕ ਛੋਟਾ ਜਿਹਾ ਟੁਕੜਾ ਮਾਤਰ ਰਹਿ ਗਈ ਹੈ। ਇਸ ’ਤੇ ਸਦਾ ਗਰਮ ਹਵਾਵਾਂ ਦਾ ਪ੍ਰਵਾਹ ਚਲਦਾ ਰਿਹਾ। ਸਿਕੰਦਰ, ਗੌਰੀ, ਗਜ਼ਨਵੀ, ਨਾਦਰ, ਤੈਮੂਰ, ਅਬਦਾਲੀ ਅਤੇ ਬਾਬਰ ਇਸ ਨੂੰ ਲੁੱਟਦੇ-ਮਾਰਦੇ ਰਹੇ। ਪੰਜਾਬੀਆਂ ਨੇ ਇਨ੍ਹਾਂ ਹਮਲਾਵਰਾਂ ਨੂੰ ਡਟ ਕੇ ਟੱਕਰ ਦਿੱਤੀ। ਮਹਾਂਪੁਰਖਾਂ, ਪੈਗੰਬਰਾਂ, ਸੂਫ਼ੀਆਂ, ਸੰਤਾਂ ਅਤੇ ਬਹਾਦਰ ਯੋਧਿਆਂ ਦਾ ਪੰਜਾਬ ਹਰਿਆਲੀ, ਜੋਸ਼, ਉਤਸ਼ਾਹ, ਸਿਰੜੀ, ਮਿਹਨਤ, ਕਿਰਤ ਕਰਨ ਤੇ ਵੰਡ ਛਕਣ ਵਾਲਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਰਿਹਾ ਹੈ। ਇੱਥੋਂ ਦੇ ਨੌਜਵਾਨਾਂ ਨੇ ਜ਼ੰਜੀਰਾਂ ਵਿੱਚ ਜਕੜੀ ਧਰਤੀ ਮਾਂ ਲਈ ਫਾਂਸੀ ਦੇ ਰੱਸਿਆ ਨੂੰ ਹੱਸ ਕੇ ਚੁੰਮਿਆ ਤੇ ਸ਼ਹਾਦਤਾਂ ਦੇ ਜਾਮ ਪੀਤੇ। ਦੇਸ਼ ਦੀ ਆਜ਼ਾਦੀ ਨੇ ਪੰਜਾਬ ਦੇ ਲੱਖਾਂ ਪੰਜਾਬੀਆਂ ਦੇ ਵਢਾਂਗੇ ਅਤੇ ਇਸ ਧਰਤੀ ਦੀ ਦੋਂਹ ਟੁਕੜਿਆਂ ਵਿੱਚ ਵੰਡ ਨੇ ਪੰਜਾਬੀਆਂ ਨੂੰ ਕਦੇ ਨਾ ਭਰਨ ਵਾਲੇ ਜ਼ਖ਼ਮ ਦਿੱਤੇ। ਪੰਜਾਬ ਦੇ ਸਾਹ ਰਗ ਮੁਕੱਦਸ ਅਸਥਾਨ ਵੀ ਇਸ ਤੋਂ ਵਿਛੜ ਗਏ। ਦੇਸ਼ ਦੇ ਹਾਕਮਾਂ ਨੇ ਅੰਗਰੇਜ਼ਾਂ ਵੱਲੋਂ ਦਿੱਤੇ ਪ੍ਰਸਤਾਵ ਕਲਕੱਤਾ ਜਾਂ ਲਾਹੌਰ ਵਿੱਚੋਂ ਇੱਕ ਚੁਣਨ ਵਿੱਚੋਂ ਕਲਕੱਤਾ ਤਾਂ ਚੁਣ ਲਿਆ ਪਰ ਪੰਜਾਬ ਦਾ ਦਿਲ ਲਾਹੌਰ ਇਸ ਤੋਂ ਦੂਰ ਹੋ ਗਿਆ। ਪੰਜਾਬ ਇਨ੍ਹਾਂ ਤੂਫਾਨਾਂ, ਗਰਮ ਹਾਵਾਵਾਂ ਅਤੇ ਰੋੜ੍ਹੂ ਲਹਿਰਾਂ ਦੇ ਬਾਵਜੂਦ ਵੀ ਉੱਠ ਖੜ੍ਹਾ ਹੋਇਆ ਪਰ ਇਸਦੀ ਵੰਡ ਤੋਂ ਬਾਅਦ ਵੀ ਇਸ ਉੱਤੇ ਹਮਲੇ ਜਾਰੀ ਰਹੇ, ਕਿਉਂਕਿ ਪੈਰ ਵੱਢਣ ਵਾਲੇ ਇਸਦੇ ਵਿੱਚ ਹੀ ਬੈਠੇ ਸਨ। ਜਿਵੇਂ ਪੰਜਾਬ ਨੂੰ ਹਮੇਸ਼ਾ ਬਲਦੀ ਅੱਗ ਵਿੱਚ ਰੱਖਣ ਵਾਲੀ ਹੋਣੀ ਕਹਿ ਰਹੀ ਹੋਵੇ ਕਿ ਤੂੰ ਕਿਵੇਂ ਸੁਖ ਦਾ ਸਾਹ ਲੈ ਸਕਦਾ ਹੈਂ! ਅਜੇ ਤਾਂ ਮੈਂ ਤੇਰਾ ਇੰਨਾ ਲਹੂ ਪੀਣਾ ਹੈ ਕਿ ਤੇਰੇ ਵਿੱਚ ਕੋਈ ਸਾਹ ਬਾਕੀ ਨਾ ਰਹੇ!
ਫਿਰ ਪੰਜਾਬ ਨੂੰ ਲੁੱਟਣ ਵਾਲੇ ਇਸਦੇ ਵਿੱਚੋਂ ਹੀ ਉੱਠੇ। ਇਸਦੀ ਅਗਵਾਈ ਕਰਨ ਵਾਲਿਆਂ ਨੇ ਕੇਂਦਰੀ ਸਿਆਸਤ ਨਾਲ ਮਿਲਕੇ ਇਸ ਨੂੰ ਇੱਕ ਵਾਰ ਫਿਰ ਕਤਲੋਗਾਰਤ ਦੀ ਧਰਤੀ ਬਣਾ ਛੱਡਿਆ। ਪੰਜਾਬ ਫਿਰ ਉੱਜੜਿਆ ਅਤੇ ਲੰਘੇ ਮਾੜੇ ਸਮੇਂ ਤੋਂ ਅਜੇ ਉੱਭਰਨ ਲੱਗਾ ਹੀ ਸੀ ਕਿ ਵੈਰੀਆਂ ਨੇ ਨਸ਼ੇ ਦਾ ਦਰਿਆ ਚਲਾ ਦਿੱਤਾ। ਬਹੁਤ ਸਾਰੇ ਨੌਜਵਾਨ ਇਸ ਵਹਿਣ ਵਿੱਚ ਵਹਿਣ ਲੱਗੇ। ਫਿਰ ਪੰਜਾਬ ਨੂੰ ਨਾ ਦਿੱਤਾ ‘ਉੜਤਾ ਪੰਜਾਬ।’ ਜਿਹੜੇ ਸ਼ੇਰ ਦਾ ਸ਼ਿਕਾਰ ਕਰਨ ਵਾਲੇ ਸਨ, ਉਨ੍ਹਾਂ ਦੇ ਵਾਰਿਸ ਨਸ਼ੇ ਕਾਰਨ ਮੌਤ ਦਾ ਸ਼ਿਕਾਰ ਹੋਣ ਲੱਗੇ। ਇਨ੍ਹਾਂ ਦੀਆਂ ਲਾਸ਼ਾਂ ਸੜਕਾਂ ਦੇ ਕੰਢਿਆਂ, ਖੋਲ਼ਿਆਂ ਤੇ ਕਦੇ ਕਿਤੇ ਝਾੜੀਆਂ ਵਿੱਚ ਪਈਆਂ ਮਿਲਦੀਆਂ। ਕਈ ਮਾਪੇ ਤਾਂ ਨਸ਼ਈ ਪੁੱਤਾਂ ਤੋਂ ਅਜਿਹੇ ਤੰਗ ਆਏ ਕਿ ਉਹ ਕਾਮਨਾ ਕਰਦੇ ਕਿ ਅਜਿਹੀ ਨਰਕ ਭਰੀ ਜ਼ਿੰਦਗੀ ਨਾਲੋਂ ਤਾਂ ਉਹ ਮਰ ਜਾਣ ਤਾਂ ਚੰਗਾ ਹੈ! ਨਸ਼ੇ ਦੇ ਛੇਵੇਂ ਦਰਿਆ ਵਿੱਚ ਵਹਿ ਰਹੇ ਪੰਜਾਬ ਦਾ ਭਵਿੱਖ ਲੂਣ ਦੀ ਡਲੀ ਵਾਂਗ ਖੁਰਨ ਲੱਗਾ।
ਨਸ਼ੇ ਵਰਗੀ ਅਲਾਮਤ ਤੋਂ ਦੂਰ ਰਹਿਣ ਵਾਲੇ ਨੌਜਵਾਨ ਵਿਦੇਸ਼ੀ ਉਡਾਰੀਆਂ ਮਾਰਨ ਲੱਗੇ। ਵਿਦੇਸ਼ ਜਾਣ ਦੀ ਅਜਿਹੀ ਹੋੜ ਲੱਗੀ ਕਿ ਆਰਥਿਕਤਾ ਪੱਖੋਂ ਕਮਜ਼ੋਰ ਤੇ ਮਜ਼ਬੂਤ ਦੋਨੋਂ ਵਰਗਾਂ ਦੇ ਪਰਿਵਾਰਾਂ ਦੇ ਬੱਚਿਆਂ ਨੇ ਬਾਹਰ ਰੁਖ਼ ਕਰ ਲਿਆ। ਜਿਹੜੇ ਸਧਾਰਨ ਪਰਿਵਾਰ ਹਨ, ਉਨ੍ਹਾਂ ਆਪਣੀਆਂ ਜ਼ਮੀਨਾਂ ਵੇਚ ਜਾਂ ਕਰਜ਼ਾ ਚੁੱਕ, ਬੱਚਿਆਂ ਨੂੰ ਪੰਜਾਬ ਦੀ ਨਿੱਘਰ ਰਹੀ ਹਾਲਤ ਕਾਰਨ ਆਪਣੀਆਂ ਅੱਖਾਂ ਤੋਂ ਦੂਰ ਭੇਜਣ ਵਿੱਚ ਹੀ ਭਲਾ ਸਮਝਿਆ। ਅਟਕ ਦਾ ਕਿਲ੍ਹਾ ਬਣਾ ਕੇ ਹਮਲਾਵਰਾਂ ਤੋਂ ਪੰਜਾਬ ਨੂੰ ਬਚਾਉਣ ਅਤੇ ਅਬਦਾਲੀ ਨੂੰ ਅੱਗੇ ਲਗਾ ਕੇ ਭਜਾਉਣ ਵਾਲਿਆਂ ਦੀ ਪੀੜ੍ਹੀ ਅੱਜ ਪੰਜਾਬ ਛੱਡ ਦੌੜਨ ਲੱਗੀ ਹੈ! ਵਿਦੇਸ਼ੀ ਦੌੜ ਨੇ ਬਹੁਤ ਸਾਰੇ ਠੱਗ ਏਜੰਟਾਂ ਦਾ ਵਪਾਰ ਚਲਦਾ ਕਰ ਦਿੱਤਾ, ਜੋ ਨੌਜਵਾਨਾਂ ਨੂੰ ਹਨੇਰੇ ਰਾਹਾਂ ਦੇ ਪਾਂਧੀ ਬਣਾ ਆਪ ਐਸ਼ ਕਰਦੇ ਹਨ। ਬਹੁਤ ਸਾਰੇ ਨੌਜਵਾਨ ਵਿਦੇਸ਼ੀ ਸਰਹੱਦਾਂ ਤਕ ਪਹੁੰਚਣ ਲਈ ਸਮੁੰਦਰ ਵਿੱਚ ਸਮਾਂ ਗਏ, ਜਿਨ੍ਹਾਂ ਨੇ ਜੰਗਲਾਂ ਨੂੰ ਰਾਹ ਬਣਾਇਆ, ਉਹ ਭੁੱਖ-ਪਿਆਸ ਤੇ ਬਿੱਖੜੇ ਪੈਂਡੇ ਨਾ ਸਹਾਰਦੇ ਹੋਏ ਮਰ-ਖਪ ਗਏ ਜਾਂ ਜੰਗਲੀ ਜਾਨਵਰਾਂ ਦੀ ਖੁਰਾਕ ਬਣ ਗਏ। ਵਿਦੇਸ਼ੀ ਤੁਰ ਗਿਆ ਦੇ ਘਰਾਂ ਵਿੱਚ ਸੁਨ ਪਸਰ ਗਈ। ਬਜ਼ੁਰਗ ਮਾਂ-ਬਾਪ ਇਕੱਲੇ ਘਰਾਂ ਵਿੱਚ ਰਹਿ ਗਏ, ਜਿਨ੍ਹਾਂ ਲਈ ਘਰ, ਘਰ ਨਾ ਰਹਿ ਕੇ ਮਕਾਨ ਬਣ ਗਏ ਹਨ। ਚਹਿਲ-ਪਹਿਲ ਤੋਂ ਸੱਖਣੇ ਘਰਾਂ ਦੇ ਖਾਲੀ ਕਮਰੇ ਵੱਢ ਖਾਣ ਨੂੰ ਆਉਂਦੇ ਹਨ। ਬਾਪੂ ਖੇਤ ਦੀਆਂ ਪੈਲੀਆਂ ਨੂੰ ਲੱਗੇ ਵਢਾਂਗੇ ਕਾਰਨ ਵੀ ਦੁਖੀ ਹੁੰਦਾ ਹੈ। ਉਸਦੀ ਮਿਹਨਤ ਨਾਲ ਬਣਾਏ ਕਿੱਲੇ ਸੁੰਗੜ ਗਏ, ਅੱਜ ਉਹਦੀ ਇਕੱਲਤਾ ਤੇ ਵਿਰਾਨ ਖੇਤ ਉਸ ਲਈ ਹਉਕਿਆਂ ਤੋਂ ਸਿਵਾਏ ਕੁਝ ਨਹੀਂ।
ਜਿਨ੍ਹਾਂ ਦੇ ਧੀਆਂ-ਪੁੱਤ ਵਿਦੇਸ਼ਾਂ ਵਿੱਚ ਪਹੁੰਚ ਕੇ ਕਮਾਉਣ ਲੱਗੇ ਹਨ, ਉਨ੍ਹਾਂ ਲਈ ਆਸ ਦੀ ਕਿਰਨ ਹੋ ਸਕਦੀ ਹੈ ਪ੍ਰੰਤੂ ਜਿਹੜੇ ਪਹੁੰਚਣ ਦੇ ਬਾਵਜੂਦ ਧੱਕੇ ਖਾ ਰਹੇ ਹਨ ਜਾਂ ਰਸਤੇ ਵਿੱਚ ਹੀ ਮੁੱਕ ਗਏ ਉਨ੍ਹਾਂ ਦੇ ਸੁੰਨੇ ਵਿਹੜਿਆਂ ਵਿੱਚ ਘਾਹ ਉੱਗ ਆਇਆ ਹੈ। ਮਾਂ-ਪਿਓ ਦੀਆਂ ਅੱਖਾਂ ਨੀਰ ਦੀ ਨਦੀ ਬਣ ਵਿਰਾਨ ਹੋ ਗਈਆਂ ਹਨ।
ਜਦੋਂ ਮੈਂ ਕਿਸਾਨ, ਮਜ਼ਦੂਰ ਦੀ ਹਾਲਤ ਵੇਖਦੇ ਹਾਂ ਤਾਂ ਮਨ ਦੁਖੀ ਹੁੰਦਾ ਹੈ ਕਿ ਮਿਹਨਤ ਦਾ ਮੁੱਲ ਕੀ ਮਿਲ ਰਿਹਾ ਹੈ। ਫਸਲਾਂ ਲਈ ਹੱਦੋਂ ਵੱਧ ਕੀਟ ਤੇ ਨਦੀਨ ਨਾਸ਼ਕ ਦਵਾਈਆਂ ਦੀ ਵਰਤੋਂ ’ਤੇ ਖਰਚ, ਫਸਲ ਪਾਲਣ ਲਈ ਮਿਹਨਤ, ਕੁਦਰਤੀ ਆਫ਼ਤਾਂ ਕਾਰਨ ਨੁਕਸਾਨ ਅਤੇ ਫਸਲ ਦੇ ਨਿਗੂਣੇ ਮੁੱਲ ਕਾਰਨ ਕਿਸਾਨ ਦੀ ਹਾਲਤ ਦਿਨ-ਬ-ਦਿਨ ਨਿੱਘਰ ਰਹੀ ਹੈ। ਮਹਿੰਗਾਈ ਤੇ ਕਾਰਪਰੇਟ ਪੱਖੀ ਕਾਨੂੰਨਾਂ ਕਾਰਨ ਮਜ਼ਦੂਰ ਹਰ ਰੋਜ਼ ਪਿਸ ਰਿਹਾ ਹੈ। ਲੰਮੀ ਦਿਹਾੜੀ ਦੇ ਬਾਵਜੂਦ ਵੀ ਘੱਟ ਮਜ਼ਦੂਰੀ ਕਾਰਨ ਉਸਦੇ ਦੇ ਬੱਚੇ ਸਿੱਖਿਆ ਅਤੇ ਸਿਹਤ ਪੱਖੋਂ ਵਾਂਝੇ ਰਹਿ ਜਾਂਦੇ ਹਨ। ਇਸ ਤੋਂ ਅੱਗੇ ਰੁਜ਼ਗਾਰ ਦੀ ਗੱਲ ਕਰੀਏ ਤਾਂ ਅੱਜਕੱਲ੍ਹ ਠੇਕਾ ਪ੍ਰਣਾਲੀ ਚੱਲ ਪਈ ਹੈ, ਜਿਸ ਕਾਰਨ ਘੱਟ ਤਨਖਾਹ ’ਤੇ ਕਿਰਤੀ ਕਾਮਿਆਂ ਨੂੰ ਕੰਮ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਬੇਰੁਜ਼ਗਾਰ ਰੁਜ਼ਗਾਰ ਖਾਤਰ ਹਰ ਰੋਜ਼ ਸੜਕਾਂ ’ਤੇ ਰੁਲਦੇ ਅਤੇ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੁੰਦੇ ਹਨ। ਵਾਰ-ਵਾਰ ਮੀਟਿੰਗਾਂ ਕਰਕੇ ਅਤੇ ਫਿਰ ਵਾਅਦੇ ਤੋਂ ਮੁੱਕਰ ਕੇ ਸਰਕਾਰ ਬੇਰੁਜ਼ਗਾਰਾਂ ਨਾਲ ਮਜ਼ਾਕ ਕਰ ਰਹੀ ਹੈ।
ਉੱਧਰ ਸੋਨਾ ਉਗਲਣ ਵਾਲੀ ਪੰਜਾਬ ਦੀ ਮਿੱਟੀ ਜ਼ਹਿਰ ਉਗਲਣ ਲੱਗੀ ਹੈ। ਫੈਕਟਰੀਆਂ ਦੇ ਗੰਦੇ ਪਾਣੀ, ਹਵਾ ਪ੍ਰਦੂਸ਼ਣ ਅਤੇ ਫਸਲਾਂ ਲਈ ਅੰਨ੍ਹੇਵਾਹ ਰਸਾਇਣਕ ਦਵਾਈਆਂ ਦੀ ਵਰਤੋਂ ਕਾਰਨ ਪੰਜਾਬ ਦੀ ਮਿੱਟੀ ਅਤੇ ਆਬੋ-ਹਵਾ ਖਰਾਬ ਹੋਣ ਕਾਰਨ ਲੋਕ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਹਸਪਤਾਲਾਂ ਵਿੱਚ ਵੀ ਮਹਿੰਗਾ ਇਲਾਜ ਕਰਵਾਉਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਸਰਕਾਰੀ ਹਸਪਤਾਲਾਂ ਵਿੱਚ ਪ੍ਰਾਈਵੇਟ ਵਾਲੀਆਂ ਸਹੂਲਤਾਂ ਨਹੀਂ। ਫਿਰ ਆਮ ਬੰਦਾ ਕੀ ਕਰੇ? ਦੁੱਧ ਮੱਖਣਾਂ ਨਾਲ ਪਲਣ ਤੇ ਰੁਸਤਮ-ਏ-ਹਿੰਦ ਦਾ ਖਿਤਾਬ ਪ੍ਰਾਪਤ ਕਰਨ ਵਾਲੇ ਛੋਟੀਆਂ ਉਮਰਾਂ ਵਿੱਚ ਹੀ ਹਾਈ ਬਲੱਡ ਪ੍ਰੈੱਸ਼ਰ, ਕੈਂਸਰ, ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋਣ ਲੱਗੇ ਹਨ।
ਜਦੋਂ ਅਸੀਂ ਪੰਜਾਬ ਦੀ ਹਾਲਤ ਕੀ ਤੋਂ ਕੀ ਬਣ ਗਈ ਵੱਲ ਗਹਿਰਾਈ ਨਾਲ ਵਾਚਦੇ ਹਾਂ ਤਾਂ ਅਨੇਕਾਂ ਕਾਰਨ ਉੱਭਰ ਕੇ ਸਾਡੇ ਸਾਹਮਣੇ ਆਉਂਦੇ ਹਨ। ਸਭ ਤੋਂ ਪਹਿਲਾ ਕਾਰਨ ਤਾਂ ਸਾਡੀ ਰਾਜਨੀਤਕ ਵਿਵਸਥਾ ਹੈ। ਪੰਜ ਸਾਲ ਬਾਅਦ ਸਰਕਾਰਾਂ ਬਦਲ ਜਾਂਦੀਆਂ ਪਰ ਲੋਕਾਂ ਦੀ ਹੋਣੀ ਨਹੀਂ ਬਦਲਦੀ। ਉਨ੍ਹਾਂ ਦੀ ਹਾਲਤ ਸਾਲ-ਦਰ-ਸਾਲ ਨਿੱਘਰਦੀ ਜਾਂਦੀ ਹੈ। ਨੇਤਾਵਾਂ ਦੇ ਮੀਨਾਰ ਉੱਚੇ ਅਤੇ ਦੌਲਤ ਦੇ ਅੰਬਾਰ ਵਧਦੇ ਜਾਂਦੇ ਹਨ, ਪ੍ਰੰਤੂ ਮਿਹਨਤਕਸ਼ ਲੋਕਾਂ ਦੀਆਂ ਕੰਧਾਂ ਢਹਿੰਦੀਆਂ ਤੇ ਦੌਲਤ ਸੁਪਨਾ ਬਣਕੇ ਰਹਿ ਜਾਂਦੀ ਹੈ। ਮਿਹਨਤੀ ਲੋਕ ਸਾਰਾ ਦਿਨ ਪਸੀਨਾ ਵਹਾਉਂਦੇ, ਹੱਡ ਤੋੜਵੀਂ ਮੁਸ਼ਕਤ ਕਰਦੇ ਅਤੇ ਔਖੇ ਕੰਮਾਂ ਲਈ ਖਤਰੇ ਸਹੇੜਦੇ ਹਨ ਪਰ ਵਿਹਲੜ ਰਾਜਨੇਤਾ ਲੋਕਾਂ ਦੇ ਹੱਕ ਅਧਿਕਾਰ ਖੋਹ, ਦੇਸ਼ਾਂ-ਵਿਦੇਸ਼ਾਂ ਵਿੱਚ ਵੱਡੇ ਫਾਰਮ ਤੇ ਆਲੀਸ਼ਾਨ ਹੋਟਲ ਤੇ ਬੰਗਲੇ ਉਸਾਰਦੇ ਹਨ। ਲੋਕਾਂ ਨੂੰ ਭਰਮਉਣ ਲਈ ਇੱਕ ਬੰਨੇ ਮੁਫ਼ਤ ਸਹੂਲਤਾਂ ਦਿੰਦੇ ਹਨ, ਦੂਸਰੇ ਹੱਥ ਦੁੱਗਣਾ ਲੁੱਟਦੇ। ਜਿਨ੍ਹਾਂ ਵੋਟਾਂ ਦਿੱਤੀਆਂ ਉਨ੍ਹਾਂ ਨੂੰ ਹੱਕਾਂ ਲਈ ਸੰਘਰਸ਼ ਕਰਨੇ ਪੈਂਦੇ ਹਨ ਪਰ ਪੂੰਜੀਪਤੀਆਂ ਨੂੰ ਬਿਨ ਮੰਗਿਆ ਹੀ ਲੋਕਾਂ ਦੀ ਮਿਹਨਤ ਦਾ ਸਰਮਾਇਆ ਕੌਡੀਆਂ ਦੇ ਭਾਅ ਲੁਟਾਇਆ ਜਾਂਦਾ ਹੈ। ਆਰਥਿਕ ਨਾ-ਬਰਾਬਰੀ ਕਾਰਨ ਲੋਕਾਂ ਦੀ ਹਾਲਤ ਬਦਤਰ ਹੋ ਗਈ ਹੈ। ਪੰਜਾਬੀਆਂ ਨੂੰ ਆਰਥਿਕ ਮੁਸ਼ਕਿਲਾਂ ਵਿੱਚ ਪਾ, ਨਸ਼ਿਆਂ ਵਿੱਚ ਰੋੜ੍ਹਨ ਅਤੇ ਵਿਦੇਸ਼ ਭੇਜਣ ਪਿੱਛੇ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਨੂੰ ਹੜੱਪਣ ਦੀਆਂ ਗਹਿਰੀਆਂ ਸਾਜ਼ਿਸ਼ਾਂ ਹਨ।
ਗੁਰਬਾਣੀ ਵਿੱਚ ਦਰਜ ਹੈ- “ਇਹ ਸਰੀਰ ਸਭੁ ਧਰਮ ਹੈ, ਜਿਸ ਅੰਦਰਿ ਸੱਚੇ ਕੀ ਵਿਚਿ ਜੋਤਿ” ਭਾਵ ਸਰੀਰ ਹੀ ਧਰਮ ਹੈ ਜਿਸ ਅੰਦਰ ਸੱਚ ਦੀ ਜੋਤ ਹੈ। ਲੋਕ ਭਲਾਈ ਦੇ ਕਾਰਜ, ਨੈਤਿਕਤਾ, ਸਹਿਣਸ਼ੀਲਤਾ, ਮਨੁੱਖਤਾ ਪ੍ਰਤੀ ਸਨੇਹ ਆਦਿ ਸਭ ਸੱਚੇ ਧਰਮ ਦੇ ਅੰਗ ਹਨ। ਸੱਚਾ ਧਰਮ ਮਨੁੱਖ ਦੀਆਂ ਜ਼ੰਜੀਰਾਂ ਤੋੜ ਕੇ ਗਹਿਰੇ ਤੇ ਵਿਸ਼ਾਲ ਜੀਵਨ ਸਾਗਰ ਦੀ ਯਾਤਰਾ ਕਰਵਾਉਂਦਾ ਹੈ ਪਰ ਸਾਡੇ ਸਮਾਜ ਵਿੱਚ ਰਾਜਨੀਤੀ ਤੋਂ ਬਾਅਦ ਜੇਕਰ ਲੁੱਟਣ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਅਖੌਤੀ ਧਰਮੀ ਆਗੂ ਹੀ ਹਨ ਜਿਨ੍ਹਾਂ ਸਮਾਜ ਨੂੰ ਅੰਧ ਵਿਸ਼ਵਾਸਾਂ ਵਿੱਚ ਜਕੜ ਕੇ ਲੋਕਾਂ ਦੀ ਆਰਥਿਕ ਤੇ ਮਾਨਸਿਕ ਲੁੱਟ ਕੀਤੀ ਹੈ। ਕਿਰਤ ਕਰਨ ਤੇ ਵੰਡ ਛਕਣ ਦਾ ਸੰਦੇਸ਼ ਛੱਡ ਇਨ੍ਹਾਂ ਡੇਰਾਵਾਦੀਆਂ ਨੇ ਲੋਕਾਂ ਤੋਂ ਸੇਵਾ ਦੇ ਨਾਂ ’ਤੇ ਧੰਨ ਇਕੱਠਾ ਕਰਕੇ ਮਹਿੰਗੀਆਂ ਕਾਰਾਂ, ਖੁੱਲ੍ਹੀਆਂ ਜ਼ਮੀਨਾਂ, ਆਲੀਸ਼ਾਨ ਇਮਾਰਤਾਂ ਬਣਾਈਆਂ ਹਨ। ਲੋਕਾਂ ਦੀ ਮਿਹਨਤ ਦੀ ਕਮਾਈ ਵੱਡੇ-ਵੱਡੇ ਧਾਰਮਿਕ ਸਥਾਨ ਉਸਾਰਨ ਲਈ ਸੇਵਾ ਦੇ ਨਾਂ ’ਤੇ ਇਕੱਤਰ ਕੀਤੀ ਜਾਂਦੀ ਹੈ। ਅੱਜਕੱਲ੍ਹ ਪਿੰਡਾਂ ਤੇ ਸ਼ਹਿਰਾਂ ਵਿੱਚ ਇੱਕ ਧਰਮ ਦੇ ਦੋ ਜਾਂ ਚਾਰ ਸਥਾਨ ਬਣ ਚੁੱਕੇ ਹਨ। ਜਣਾ ਖਣਾ ਬਾਬੇ ਦਾ ਰੂਪ ਧਾਰ ਡੇਰਾ ਚਲਾਉਣ ਲਗਦਾ ਹੈ ਅਤੇ ਕੁਝ ਸਮੇਂ ਵਿੱਚ ਹੀ ਦੌਲਤ ਦੇ ਅੰਬਾਰ ਇਕੱਠੇ ਕਰ ਲੈਂਦਾ ਹੈ। ਕਈ ਲੋਕਾਂ ਕੋਲ ਰਹਿਣ ਲਈ ਘਰ ਨਹੀਂ ਪਰ ਰੱਬ ਦੇ ਘਰ ਉਸਾਰਨ ਲਈ ਅੰਨ੍ਹਾ ਪੈਸਾ ਵਹਾਇਆ ਜਾਂਦਾ ਹੈ। ਫਿਰ ਸਭ ਸਥਾਨਾਂ ’ਤੇ ਮੇਲੇ ਮਨਾਉਣ ਦਾ ਦੌਰ ਚੱਲ ਪੈਂਦਾ ਹੈ ਤੇ ਲੋਕਾਂ ਨੂੰ ਉਗਰਾਹੀਆਂ ਵੀ ਦੇਣੀਆਂ ਪੈਂਦੀਆਂ ਹਨ। ਦੂਜੇ ਪਾਸੇ ਇਨ੍ਹਾਂ ਬਾਬਿਆਂ ਦੇ ਕਾਫਲੇ ਮੰਤਰੀਆਂ ਨੂੰ ਵੀ ਮਾਤ ਪਾਉਂਦੇ ਹਨ। ਕਦੇ ਕਿਸੇ ਲੋੜਵੰਦ ਦੀ ਮਦਦ ਇਨ੍ਹਾਂ ਵੱਲੋਂ ਨਹੀਂ ਕੀਤੀ ਜਾਂਦੀ। ਅੱਜ ਦੇ ਬਾਬੇ “ਗੁਰੂ ਦੀ ਗੋਲਕ ਗਰੀਬ ਦਾ ਮੂੰਹ” ਦੇ ਵਿਚਾਰ ਤੋਂ ਬੇਮੁੱਖ ਹਨ। ਦੂਜਾ, ਜਿਸ ਸਰੀਰ ਨੂੰ ਅਸਲ ਧਰਮ ਦੱਸਿਆ ਗਿਆ ਹੈ, ਉਸ ਨੂੰ ਹੀ ਇਨ੍ਹਾਂ ਆਗੂਆਂ ਨੇ ਜਾਤ-ਧਰਮ ਦੀਆਂ ਵੰਡੀਆਂ ਪਾ, ਧਰਮ-ਕਰਮ ਦੇ ਨਾਂ ’ਤੇ ਕਤਲੇਆਮ, ਦੰਗੇ, ਬਲਾਤਕਾਰ, ਗੁੰਡਾਗਰਦੀ, ਨਾ-ਇਨਸਾਫ਼ੀ ਕਾਰਨ ਮਨੁੱਖਤਾ ਦਾ ਘਾਣ ਕੀਤਾ ਹੈ। ਪਤਾ ਨਹੀਂ ਕਿੰਨੇ ਲੋਕਾਂ ਦੀਆਂ ਲਾਸ਼ਾਂ, ਆਹਾਂ, ਤੜਪਾਂ, ਚੀਕਾਂ ਇਨ੍ਹਾਂ ਦੇ ਮਹਿਲਾਂ ਦੀਆਂ ਨੀਹਾਂ ਵਿੱਚ ਦੱਬੀਆਂ ਹਨ। ਇਨ੍ਹਾਂ ਵਿੱਚੋਂ ਅੱਜ ਬਹੁਤੇ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਸਾਡੀ ਸ਼ਰਧਾ ਇਨ੍ਹਾਂ ਪ੍ਰਤੀ ਨਹੀਂ ਘਟਦੀ। ਇਨ੍ਹਾਂ ਨੇ ਜਨਮ-ਮਰਨ ਤੇ ਹੋਰ ਮਨਘੜਤ ਰਸਮਾਂ ਇੰਨੀਆਂ ਖਰਚੀਲੀਆਂ ਬਣਾ ਦਿੱਤੀਆਂ ਗਈਆਂ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਫਿਰ ਵੀ ਲੋਕ ਕਰਜ਼ ਚੁੱਕ ਕੇ ਅਜਿਹੀਆਂ ਰਸਮਾਂ ਕਰਦੇ ਹਨ। ਕੋਈ ਵੀ ਸ਼ੁਭ ਕੰਮ ਇਨ੍ਹਾਂ ਲੋਕਾਂ ਦੇ ਹੱਥ ਛੁਹਾਉਣ ਤੋਂ ਬਿਨਾਂ ਨੇਪਰੇ ਨਾ ਚੜ੍ਹਨ ਦਾ ਡਰ ਲੋਕਾਂ ਅੰਦਰ ਘਰ ਕਰ ਗਿਆ ਹੈ। ਫਿਰ ਸ਼ੁਭ ਹੱਥ ਲਵਾਉਣ ਦੀ ਪੂਜਾ-ਭੇਟਾ ਵੀ ਮੋਟੀ ਹੁੰਦੀ ਹੈ। ਇਨ੍ਹਾਂ ਦੇ ਮਨਘੜਤ ਅਖੌਤੀ ਸਿਧਾਂਤਾਂ ਦੀ ਸੰਪੂਰਨਤਾ ਕਾਰਨ ਡਰੇ ਲੋਕ ਕਰਜ਼ ਦੇ ਜ਼ਾਲ ਵਿੱਚ ਫਸ ਰਹੇ ਹਨ। ਆਪ ਭਾਵੇਂ ਖਾਣ ਨੂੰ ਰੋਟੀ ਨਾ ਮਿਲੇ ਪਰ ਧਰਮ-ਕਰਮ ਦੇ ਆਗੂਆਂ ਲਈ ਔਖੇ-ਸੌਖੇ ਹੋ ਕੇ ਪੂਜਾ ਜ਼ਰੂਰ ਦਿੱਤੀ ਜਾਂਦੀ ਹੈ। ਅੱਜਕੱਲ੍ਹ ਤਾਂ ਰਾਜਨੀਤਕ ਆਗੂ ਵੀ ਧਰਮ ਗੁਰੂਆਂ ਦੀ ਮਦਦ ਨਾਲ ਚੁਣੇ ਜਾਣ ਲੱਗੇ ਹਨ। ਇਸ ਤਰ੍ਹਾਂ ਧਰਮ ਅਤੇ ਸਿਆਸਤ ਮਿਲ ਕੇ ਲੋਕਤੰਤਰ ਦਾ ਘਾਣ ਕਰ ਰਹੇ ਹਨ।
ਸਾਡਾ ਸੱਭਿਆਚਾਰ ਬੜਾ ਅਮੀਰ ਰਿਹਾ ਹੈ। ਸੱਭਿਆਚਾਰ ਦੀ ਝਲਕ ਪੇਸ਼ ਕਰਦੇ ਗੀਤ, ਫਿਲਮਾਂ ਅਤੇ ਨਾਟਕ ਸਮਾਜਿਕ ਵਿਵਸਥਾ ਨਾਲ ਨੇੜਿਓ ਜੁੜੇ ਹੁੰਦੇ ਸਨ। ਪਰ ਅੱਜ ਸੱਭਿਆਚਾਰ ਨੂੰ ਵਿਗਾੜਨ ਵਾਲੇ ਕਲਾਕਾਰਾਂ ਅਤੇ ਗੀਤਕਾਰਾਂ ਦੀ ਭਰਮਾਰ ਹੈ। ਕੁਝ ਚੰਗੇ ਗੀਤਕਾਰ ਤੇ ਕਲਾਕਾਰਾਂ ਨੂੰ ਛੱਡ ਗਹਿਰੀ ਸਾਜ਼ਿਸ਼ ਅਧੀਨ ਬਹੁਗਿਣਤੀ ਤੱਤ ਸੱਭਿਆਚਾਰ ਨੂੰ ਖੋਰਾ ਲਗਾ ਰਹੇ ਹਨ, ਜੋ ਜੀਵਨ ਜਾਚ ਦੇ ਨੇੜੇ-ਤੇੜੇ ਵੀ ਨਹੀਂ ਢੁਕਦੇ। ਇਹ ਹਰਿਆਵਲ ਤੇ ਖੂਬਸੂਰਤ ਧਰਤੀ ਦੇ ਮਿਹਨਤੀ ਤੇ ਸਿਰੜੀ ਲੋਕਾਂ ਨੂੰ ਅਯਾਸ਼, ਗੈਂਗਸਟਰ, ਨਸ਼ੇ, ਹਥਿਆਰ, ਗੁੰਡਾਗਰਦੀ ਅਤੇ ਅਸ਼ਲੀਲਤਾ ਵੱਲ ਆਕਰਸ਼ਤ ਕਰ ਰਹੇ ਹਨ। ਅਜਿਹੇ ਗੁਮਰਾਹਕੁੰਨ ਲੋਕ ਪੰਜਾਬ ਦੀ ਫਿਜ਼ਾ ਵਿੱਚ ਜ਼ਹਿਰ ਘੋਲਦੇ ਹਨ। ਇਨ੍ਹਾਂ ਅਖੌਤੀ ਗੀਤਕਾਰਾਂ ਉੱਤੇ ਲੱਖਾਂ ਪੈਸਾ ਵਹਾਇਆ ਜਾਂਦਾ ਹੈ। ਨੌਜਵਾਨਾਂ ਨੂੰ ਅਜਿਹੇ ਭੜਕਾਊ ਤੱਤਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਅਸੀਂ ਉਨ੍ਹਾਂ ਕਲਾਕਾਰਾਂ ਤੇ ਗੀਤਕਾਰਾਂ ਨੂੰ ਸਿਜਦਾ ਕਰਦੇ ਹਾਂ, ਜੋ ਸਾਡੀ ਵਿਰਾਸਤ ਦੀ ਸਹੀ ਤਸਵੀਰ ਪੇਸ਼ ਕਰ ਸੱਭਿਆਚਾਰ ਵਿੱਚ ਪੈਦਾ ਕੀਤੇ ਜਾ ਰਹੇ ਭੱਦੇਪਣ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅੱਜ ਲੋੜ ਹੈ ਨੌਜਵਾਨਾਂ ਨੂੰ ਸਹੀ ਸੇਧ ਦੇਣ ਦੀ, ਕਿਉਂਕਿ ਆਰਥਿਕਤਾ ਤੇ ਬੇਰੁਜ਼ਗਾਰੀ ਦੇ ਝੰਬੇ ਨੌਜਵਾਨਾਂ ਦੇ ਚਿਹਰਿਆਂ ਉੱਤੇ ਪਤਝੜ ਛਾਈ ਹੋਈ ਹੈ। ਉਨ੍ਹਾਂ ਦੇ ਚਿਹਰਿਆਂ ’ਤੇ ਫੁੱਲਾਂ ਵਰਗੀ ਟਹਿਕ ਨਹੀਂ। ਸਵੇਰ ਦਾ ਸੂਰਜ ਤੇ ਰਾਤ ਦੀ ਚਾਨਣੀ ਉਨ੍ਹਾਂ ਤੋਂ ਦੂਰ ਜਾ ਰਹੀ। ਉਨ੍ਹਾਂ ਨੂੰ ਪੰਜਾਬ ਵਿੱਚ ਰੌਸ਼ਨੀ ਦੀ ਕਿਰਨ ਕਿਧਰੇ ਨਜ਼ਰ ਨਹੀਂ ਆ ਰਹੀ, ਇਸ ਲਈ ਪ੍ਰਵਾਸ ਉਨ੍ਹਾਂ ਲਈ ਮਜਬੂਰੀ ਬਣ ਚੁੱਕਾ ਹੈ। ਮਹਾਨ ਯੋਧਿਆਂ ਨੇ ਇਸ ਧਰਤੀ ਨੂੰ ਆਜ਼ਾਦ ਕਰਵਾਉਣ ਲਈ ਅੱਸੀ ਫ਼ੀਸਦੀ ਕੁਰਬਾਨੀਆਂ ਦਿੱਤੀਆਂ। ਹੈਰਤਅੰਗੇਜ਼ ਹੈ ਕਿ ਜਿਨ੍ਹਾਂ ਤੋਂ ਧਰਤੀ ਆਜ਼ਾਦ ਕਰਵਾਈ ਅੱਜ ਉਨ੍ਹਾਂ ਦੀ ਸ਼ਰਨ ਵਿੱਚ ਜਾਣਾ ਪੈ ਰਿਹਾ ਹੈ। ਸੋਚਣਾ ਬਣਦਾ ਹੈ ਕਿ ਜੇਕਰ ਦਰਖਤ ਦੇ ਮੁੱਢ ਦੀਆਂ ਜੜ੍ਹਾਂ ਬੇਜਾਨ ਹੋ ਗਈਆਂ ਤਾਂ ਪੰਜਾਬ ਦਾ ਭਵਿੱਖ ਕੀ ਹੋਵੇਗਾ।
ਅੱਜ ਸਾਡੇ ਕੋਲ ਅਜਾਈਂ ਗਵਾਉਣ ਲਈ ਸਮਾਂ ਨਹੀਂ। ਇਹ ਸਾਡੀ ਅਣਸਰਦੀ ਲੋੜ ਬਣ ਗਈ ਹੈ ਕਿ ਤਿੱਖੀ ਧੁੱਪ ਵਿੱਚ ਬਰਫ ਵਾਂਗ ਖੁਰ ਰਹੇ ਪੰਜਾਬ ਨੂੰ ਬਚਾਉਣ ਲਈ ਹੰਭਲਾ ਮਾਰੀਏ। ਲੋੜ ਹੈ ਸਮਾਜ ਵਿਚਲੇ ਸਾਜ਼ਿਸ਼ੀ ਤੱਤਾਂ ਨੂੰ ਪਛਾਣਨ ਦੀ, ਇਸ ਧਰਤੀ ਨੂੰ ਲੁੱਟਣ ਵਾਲੇ ਲੋਕਾਂ ਨੂੰ ਸਬਕ ਸਿਖਉਣ ਦੀ। ਕਿਸਾਨ-ਮਜ਼ਦੂਰ ਜਥੇਬੰਦੀਆਂ, ਲੇਖਕਾਂ, ਰੰਗਕਰਮੀਆਂ, ਤਰਕਸ਼ੀਲ, ਬੁੱਧੀਜੀਵੀ, ਸੱਚੇ ਤੇ ਸੁਹਿਰਦ ਧਰਮੀ ਲੋਕਾਂ ਦਾ ਫਰਜ਼ ਬਣਦ ਹੈ ਕਿ ਹੜ੍ਹ ਰਹੇ ਪੰਜਾਬ ਨੂੰ ਬੰਨ੍ਹ ਮਾਰ ਡੱਕੀਏ। ਗੁਰੂਆਂ, ਭਗਤਾਂ, ਫਕੀਰਾਂ ਅਤੇ ਫਾਂਸੀ ’ਤੇ ਝੂਲਣ ਵਾਲੇ ਮਹਾਨ ਯੋਧਿਆਂ ਦੀ ਧਰਤੀ ਨੂੰ ਪਵਿੱਤਰ ਤੇ ਹਰਿਆਵਲ ਭਰਪੂਰ ਬਣਾਈਏ। ਜਿਸ ਤਰ੍ਹਾਂ ਦਾ ਸਮਾਜ ਸਿਰਜਣ ਲਈ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ, ਉਨ੍ਹਾਂ ਦੇ ਰਾਹਾਂ ’ਤੇ ਚੱਲ ਕੇ ਉਨ੍ਹਾਂ ਦੀ ਸੋਚ ਵਾਲਾ ਸਮਾਜ ਸਿਰਜੀਏ। ਇੱਕ ਵਾਰ ਫਿਰ ਸਾਡੀ ਧਰਤੀ ਭਾਂਤ-ਭਾਂਤ ਦੇ ਫੁੱਲਾਂ ਤੇ ਫਲਾਂ ਨਾਲ ਮਹਿਕਣ ਲੱਗ ਜਾਵੇ। ਇਸ ’ਤੇ ਛਾਈ ਪਤਝੜ ਬਹਾਰ ਬਣ ਝੂਲਣ ਲੱਗੇ। ਆਓ ਸਭ ਰਲਕੇ ਆਪਣੇ ਫਰਜ਼ ਪਛਾਣ ਪੰਜਾਬ ਦਾ ‘ਸੋਨੇ ਦੀ ਚਿੜੀ’ ਵਾਲਾ ਗੁਆਚ ਚੁੱਕਾ ਅਕਸ ਫਿਰ ਬਹਾਲ ਕਰੀਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5244)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.