“ਵੱਡੇ-ਵੱਡੇ ਹਥਿਆਰਾਂ ਦੇ ਜ਼ਖੀਰੇ ਕਾਇਮ ਕਰਨਾ, ਮਿਜ਼ਾਇਲਾਂ ਤਿਆਰ ਕਰਨਾ ...”
(11 ਜਨਵਰੀ 2019)
ਵਾਤਾਵਰਨ, ਜਿਸ ਵਿੱਚ ਫੁੱਲ ਆਪਣੀ ਖੁਸ਼ਬੂ ਤੇ ਸੁੰਦਰਤਾ ਪੱਖੋਂ ਇਨਸਾਨ ਨੂੰ ਆਕਰਸ਼ਤ ਕਰਦੇ ਹਨ, ਮੁਹੱਬਤ ਭਰਿਆ ਵਾਤਾਵਰਨ ਵੀ ਉਸ ਲਈ ਕਿਸੇ ਜੰਨਤ ਤੋਂ ਘੱਟ ਨਹੀਂ। ਜਿੱਥੇ ਕਿਤੇ ਵੀ ਮੁਹੱਬਤ ਦਾ ਵਾਸਾ ਹੈ, ਉੱਥੇ ਨਫ਼ਰਤ ਭਰੀਆਂ ਭਾਵਨਾਵਾਂ ਨੂੰ ਕਿਤੇ ਠਹਿਰਨ ਲਈ ਜਗ੍ਹਾ ਨਹੀਂ ਮਿਲਦੀ। ਮੁਹੱਬਤ ਸਮਾਜ ਨੂੰ ਦੁੱਖ-ਦਰਦ ਅਤੇ ਚਿੰਤਾ ਰਹਿਤ ਵੀ ਕਰਦੀ ਹੈ। ਧਰਤੀ ’ਤੇ ਵਸਦੀਆਂ ਸਾਰੀਆਂ ਕੌਮਾਂ ਨੂੰ ਚਾਹੀਦਾ ਹੈ ਕਿ ਉਹ ਨਫ਼ਰਤ ਅਤੇ ਯੁੱਧ ਖਤਮ ਕਰਕੇ ਮੁਹੱਬਤ ਰੂਪੀ ਲਾਟ ਜਗਾਉਣ। ਉਹ ਦੇਸ਼ ਜਿਨ੍ਹਾਂ ਵਿੱਚ ਮੁਹੱਬਤ ਰੂਪੀ ਲਾਟ ਜਗਦੀ ਹੈ, ਕਦੇ ਵੀ ਨਫ਼ਰਤ ਦੇ ਬੀਜ ਨਹੀਂ ਬੀਜਦੇ ਅਤੇ ਹਮੇਸ਼ਾ ਹੀ ਆਪਣੇ ਮੁਲਕ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਪਹੁੰਚਾਉਂਦੇ ਹਨ। ਅਜਿਹੇ ਦੇਸ਼ ਨਫ਼ਰਤ ਦੇ ਬੀਜ ਬੀਜਣ ਵਾਲਿਆਂ ਨੂੰ ਵੀ ਮੁਹੱਬਤ ਦਾ ਰਾਹੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਨਫ਼ਰਤ ਅਤੇ ਜੰਗਾਂ-ਯੁੱਧਾਂ ਵਿੱਚ ਉਲਝਿਆ ਦੇਸ਼ ਕਦੇ ਵੀ ਮਾਨਵ ਹਿਤੈਸ਼ੀ ਨਹੀਂ ਹੁੰਦਾ। ਅਜਿਹੇ ਦੇਸ਼ ਧਰਮ ਅਤੇ ਜਾਤ-ਪਾਤ ਦੇ ਨਾਂ ’ਤੇ ਆਪਸ ਵਿੱਚ ਉਲਝੇ ਰਹਿੰਦੇ ਹਨ ਅਤੇ ਬੁਨਿਆਦੀ ਸਹੂਲਤਾਂ ਮੰਗਣ ਦੇ ਨਿਸਬਤ ਆਪਣੇ ਧਾਰਮਿਕ ਪੈਗੰਬਰਾਂ ਦੀਆਂ ਮੂਰਤੀਆਂ ਅਤੇ ਮੰਦਰ ਉਸਾਰਨ ਲਈ ਸੰਘਰਸ਼ ਕਰਦੇ ਰਹਿੰਦੇ ਹਨ। ਇਸ ਸਭ ਦੇ ਪਿੱਛੇ ਰਾਜਨੀਤਿਕ ਚਾਲਾਂ ਹੁੰਦੀਆਂ ਹਨ ਜੋ ਲੋਕਾਂ ਨੂੰ ਅਜਿਹੇ ਮਸਲਿਆਂ ਵਿੱਚ ਉਲਝਾ ਕੇ ਉਨ੍ਹਾਂ ਉੱਤੇ ਪੀੜ੍ਹੀ-ਦਰ ਪੀੜ੍ਹੀ ਰਾਜ ਕਰਦੇ ਹਨ ਅਤੇ ਖੁਦ ਸ਼ਾਨ ਓ-ਸ਼ੌਕਤ ਦਾ ਜੀਵਨ ਜਿਊਂਦੇ ਹਨ। ਅਜਿਹੇ ਦੇਸ਼ ਨਿਵਾਸੀ ਅਕਸਰ ਹੀ ਗ਼ਰੀਬੀ, ਭੁੱਖਮਰੀ ਅਤੇ ਬੇਰੁਜ਼ਗਾਰੀ ਆਦਿ ਸਮੱਸਿਆਵਾਂ ਨਾਲ ਜੂਝਦੇ ਰਹਿੰਦੇ ਹਨ।
ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਦੋਨਾਂ ਦੇਸ਼ਾਂ ਵਿੱਚ ਉਪਰੋਕਤ ਹਾਲਾਤ ਦੇਖੇ ਜਾ ਸਕਦੇ ਹਨ। ਦੋਹਾਂ ਵਿੱਚਕਾਰ ਆਪਸੀ ਨਫ਼ਰਤ ਕਾਰਨ ਕਈ ਜੰਗਾਂ ਹੋ ਚੱਕੀਆਂ ਹਨ, ਦੋਨਾਂ ਦੇਸ਼ਾਂ ਦੀ ਅਬਾਦੀ ਜ਼ਿਆਦਾਤਰ ਗ਼ਰੀਬੀ, ਬੇਰੁਜ਼ਗਾਰੀ, ਭੁੱਖਮਰੀ, ਕਪੋਸ਼ਨ ਅਤੇ ਕੰਗਾਲੀ ਦਾ ਸ਼ਿਕਾਰ ਹੈ, ਪਰੰਤੂ ਆਪਸੀ ਨਫ਼ਰਤ ਹਮੇਸ਼ਾ ਬਰਕਰਾਰ ਰਹੀ ਹੈ। ਭਾਰਤ ਅਤੇ ਪਾਕਿਸਤਾਨ ਦੀ ਬਹੁਗਿਣਤੀ ਅਕਸਰ ਹੀ ਘੱਟ ਗਿਣਤੀ ਨੂੰ ਆਪਣੀ ਨਫ਼ਰਤ ਦਾ ਸ਼ਿਕਾਰ ਬਣਾਉਂਦੀ ਹੈ। ਭਾਰਤ ਵਿੱਚ ਭੀੜਤੰਤਰ ਵੱਲੋਂ ਰੋਜ਼ਾਨਾ ਹੀ ਘੱਟ ਗਿਣਤੀਆਂ ’ਤੇ ਤਸ਼ੱਦਦ ਕਰਨ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਦੋਨਾਂ ਦੇਸ਼ਾਂ ਵਿੱਚਕਾਰ ਜੇਕਰ ਆਪਸੀ ਮੁਹੱਬਤ ਭਰੀ ਵਿਚਾਰ ਹੋਣ ਲੱਗਦੀ ਹੈ ਤਾਂ ਮੁਹੱਬਤ ਵਿਰੋਧੀ ਤੱਤ ਕਿਸੇ ਅਜਿਹੀ ਘਟਨਾ ਨੂੰ ਅੰਜਾਮ ਦੇ ਦਿੰਦੇ ਹਨ ਕਿ ਦੋਨਾਂ ਮੁਲਕਾਂ ਵਿੱਚ ਫਿਰ ਆਪਸੀ ਖਿੱਚੋਤਾਣ ਵਧ ਜਾਂਦੀ ਹੈ ਅਤੇ ਗੱਲ ਕਿਸੇ ਤਣ-ਪੱਤਣ ਨਹੀਂ ਲੱਗਦੀ।
ਹੁਣ ਇੱਕ ਵਾਰ ਫਿਰ ਆਪਸੀ ਮੁਹੱਬਤ ਦਾ ਮਾਹੌਲ ਬਣਿਆ ਹੈ। ਇਹ ਸਥਿਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹ ਸਾਲਾ ਗੁਰਪੁਰਬ ਦੌਰਾਨ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਨਾਂ ’ਤੇ ਬਣੀ ਹੈ। ਦੋ ਯਾਰ ਮੁਹੱਬਤ ਭਰਿਆ ਵਾਤਾਵਰਨ ਸਿਰਜਣ ਲਈ ਮੈਦਾਨ ਵਿੱਚ ਉੱਤਰੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਜੋ ਕਿਸੇ ਸਮੇਂ ਕ੍ਰਿਕਟ ਦੀ ਦੁਨੀਆ ਦੇ ਬੇਤਾਜ-ਬਾਦਸ਼ਾਹ ਰਹੇ ਹਨ, ਇਸ ਗੱਲਬਾਤ ਦਾ ਜ਼ਰਈਆ ਬਣੇ ਹਨ। ਆਪਣੀ ਪਹਿਲੀ ਪਾਕਿਸਤਾਨੀ ਫੇਰੀ ਦੌਰਾਨ ਨਵਜੋਤ ਸਿੰਘ ਸਿੱਧੂ ਦੁਆਰਾ ਪਾਕਿਸਤਾਨੀ ਫੌਜ ਮੁਖੀ ਨੂੰ ਪਾਈ “ਮੁਹੱਬਤ ਭਰੀ ਜੱਫੀ” ਦੀ ਕਾਫੀ ਚਰਚਾ ਹੋਈ ਸੀ। ਦੋਨਾਂ ਵਿੱਚਕਾਰ ਚੱਲੀ ਕਰਤਾਰਪੁਰ ਲਾਂਘੇ ਦੀ ਗੱਲਬਾਤ ਤੋਂ ਬਾਅਦ ਇਹ ਲਾਂਘਾ ਕਾਫੀ ਵਿਚਾਰ-ਚਰਚਾ ਦਾ ਵਿਸ਼ਾ ਬਣ ਗਿਆ। ਬਾਅਦ ਵਿੱਚ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਇਸਦੀ ਸਹਿਮਤੀ ਦੇ ਦਿੱਤੀ। ਫਿਰ ਇਮਰਾਨ ਖਾਨ ਅਤੇ ਨਵਜੋਤ ਸਿੱਧੂ ਦੀ ਯਾਰੀ ਰੰਗ ਲਿਆਈ ਅਤੇ ਹੁਣ ਦੋਨਾਂ ਪਾਸਿਆਂ ਤੋਂ ਉਦਘਾਟਨ ਵੀ ਹੋ ਚੁੱਕੇ ਹਨ।
ਨਫ਼ਰਤ ਫੈਲਾਉਣ ਵਾਲਿਆਂ ਨੇ ਦੋਨਾਂ ਯਾਰਾਂ ਦੀ ਯਾਰੀ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਹੈ। ਇੱਥੋਂ ਤੱਕ ਕਿ ਕਈ ਸੌੜੀ ਸੋਚ ਵਾਲਿਆਂ ਨੇ ਸਿੱਧੂ ਦੇ ਸਿਰ ਦਾ ਮੁੱਲ ਵੀ ਰੱਖ ਦਿੱਤਾ ਅਤੇ ਉਸਨੂੰ ਦੇਸ਼-ਧਰੋਹੀ ਕਰਾਰ ਦਿੱਤਾ। ਪਰੰਤੂ ਇਨ੍ਹਾਂ ਸੌੜੀ ਸਿਆਸਤ ਕਰਨ ਵਾਲਿਆਂ ਨੇ ਕਦੇ ਇਹ ਨਹੀਂ ਸੋਚਿਆ ਕਿ ਦੋਨਾਂ ਦੇਸ਼ਾਂ ਨੇ ਆਪਿਸ ਵਿੱਚ ਜੰਗਾਂ ਲੜ ਕੇ ਵੇਖ ਲਈਆਂ, ਅਨੇਕਾਂ ਲੋਕਾਂ ਦਾ ਖੂਨ ਵਹਾ ਕੇ ਵੇਖ ਲਿਆ, ਨਤੀਜਾ ਕੋਈ ਨਹੀਂ ਨਿਕਲਿਆ।
ਇਸ ਨਫ਼ਰਤ ਨੇ ਕਈ ਬੱਚਿਆਂ ਦੇ ਮੂੰਹਾਂ ਵਿੱਚੋਂ ਰੋਟੀ ਖੋਹੀ, ਕਈਆਂ ਦੇ ਸੁਹਾਗ ਉਜਾੜੇ, ਮਾਵਾਂ ਦੇ ਪੁੱਤ ਖੋਹੇ, ਪਿਉ ਦੀ ਲਾਠੀ ਖੋਹੀ ਅਤੇ ਭਰਾ ਦੀਆਂ ਬਾਹਾਂ ਤੋਂੜੀਆਂ। ਜਿਸ ਮਿੱਟੀ ਵਿੱਚ ਫ਼ਸਲਾਂ ਲਹਿਰਾਉਂਦੀਆਂ ਹਨ, ਉਸਨੂੰ ਖੂਨ ਵਿੱਚ ਰੰਗਿਆ। ਇੱਕ ਦੂਜੇ ਨੂੰ ਨੀਵਾਂ ਵਿਖਾਉਣ ਖਾਤਰ ਆਪਣੇ ਲੋਕਾਂ ਦੀ ਬਲੀ ਦੇਣਾ ਕਿੱਥੋਂ ਦੀ ਸਿਆਣਪ ਹੈ। ਵੱਡੇ-ਵੱਡੇ ਹਥਿਆਰਾਂ ਦੇ ਜ਼ਖੀਰੇ ਕਾਇਮ ਕਰਨਾ, ਮਿਜ਼ਾਇਲਾਂ ਤਿਆਰ ਕਰਨਾ, ਮਹਿੰਗੇ ਹਥਿਆਰ ਖਰੀਦਣੇ, ਨਿਊਕਲੀਅਰ ਬੰਬਾਂ ਦਾ ਨਿਰਮਾਣ ਕਰਨਾ ਆਦਿ ਕੀ ਇਹ ਲੋਕ ਪੱਖੀ ਵਿਕਾਸ ਮਾਡਲ ਹੈ? ਲੋਕਾਂ ਦੇ ਮੂੰਹ ਵਿੱਚ ਰੋਟੀ ਪਾਉਣ ਦੀ ਥਾਂ ਬਾਰੂਦ ਦਿੱਤਾ ਜਾ ਰਿਹਾ ਹੈ, ਰੁਜ਼ਗਾਰ ਦੀ ਜਗ੍ਹਾ ਹਥਿਆਰ ਦਿੱਤੇ ਜਾ ਰਹੇ ਹਨ, ਕੀ ਇਸ ਵਿੱਚ ਹੀ ਲੋਕਾਂ ਦੀ ਖੁਸ਼ਹਾਲੀ ਹੈ?
ਮਹਿੰਗੇ ਹਥਿਆਰ ਵੇਚਣ ਵਾਲੇ ਦੇਸ਼ ਦੋਨਾਂ ਦੇਸ਼ਾਂ ਦੀ ਚੱਲ ਰਹੀ ਦੋਸਤੀ ਦੀ ਗੱਲਬਾਤ ’ਤੇ ਚੁੱਪ ਧਾਰੀ ਬੈਠੇ ਹਨ। ਇਹ ਉਹੀ ਦੇਸ਼ ਹਨ ਜੋ ਲੜਾਈ ਦੇ ਆਸਾਰ ਬਣਨ ’ਤੇ ਸ਼ਾਂਤੀ ਦਾ ਸੰਦੇਸ਼ ਦੇਣ ਲਈ ਢੋਂਗ ਕਰਦੇ ਨਜ਼ਰੀਂ ਪੈਂਦੇ ਹਨ। ਇੱਕ ਪਾਸੇ ਮਹਿੰਗੇ ਹਥਿਆਰਾਂ ਦਾ ਨਿਰਮਾਣ ਕਰਕੇ ਵੇਚਣਾ ਅਤੇ ਦੂਸਰੇ ਪਾਸੇ ਤਣਾਅ ਦੌਰਾਨ ਸ਼ਾਂਤੀ ਦਾ ਸੰਦੇਸ਼ ਦੇਣਾ, ਪਰੰਤੂ ਮੁਹੱਬਤ ਭਰੀ ਗੱਲਬਾਤ ਦੌਰਾਨ ਚੁੱਪ-ਵੱਟ ਜਾਣੀ।
ਪਿਛਲੇ ਸਮੇਂ ਵਿਸ਼ਵ ਸ਼ਾਂਤੀ ਦੇ ਮਿਲੇ ਕੁਝ ਸੰਦੇਸ਼ਾਂ ਤੋਂ ਸਾਨੂੰ ਸਬਕ ਸਿੱਖਣਾ ਚਾਹੀਦਾ ਹੈ। ਜਿਵੇਂ ਕਿ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਨੇ ਨਫ਼ਰਤ ਭੁਲਾ ਕੇ ਮੁਹੱਬਤ ਭਰੀ ਜੱਫੀ ਪਾ ਲਈ ਹੈ। ਡੌਨਾਲਡ ਟਰੰਪ ਅਤੇ ਕਿਮ-ਯੋਗ-ਉਨ ਨੇ ਵੀ ਗਲਵੱਕੜੀ ਪਾ ਕੇ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ। ਹੁਣ ਸਾਡੀਆਂ ਬਰੂਹਾਂ ’ਤੇ ਵੀ ਮੁਹੱਬਤ ਨੇ ਦਸਤਕ ਦਿੱਤੀ ਹੈ। ਆਓ ! ਦੋਨੋਂ ਦੇਸ਼ ਇਸਦਾ ਦਿਲ ਖੁੱਲ੍ਹ ਕੇ ਸਵਾਗਤ ਕਰੀਏ। ਸਾਡਾ ਯਾਰ ਪਾਕਿਸਤਾਨ ਜੇਕਰ ਦੋ ਕਦਮ ਸਾਡੇ ਵੱਲ ਵਧਾਉਂਦਾ ਹੈ ਤਾਂ ਅਸੀਂ ਚਾਰ ਕਦਮ ਅੱਗੇ ਵਧੀਏ। ਅੱਜ ਦੋਨਾਂ ਦੇਸ਼ਾਂ ਦੇ ਲੋਕ ਇੱਕ ਦੂਸਰੇ ਨੂੰ ਪੁਕਾਰ ਰਹੇ ਹਨ ਕਿ, ਆ ਯਾਰ! ਮੁਹੱਬਤਾਂ ਪਾ ਲਈਏ।
*****
(1457)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)