HarnandSBhullar7ਜਦੋਂ ਕਿਤਾਬਾਂ ਜ਼ਰੀਏ ਅਸੀਂ ਇਤਿਹਾਸ ਦੇ ਪ੍ਰਮੁੱਖ ਨਾਇਕਾਂ ਦੁਆਰਾ ਜਿੰਦਗੀ ਵਿੱਚ ਕੀਤੇ ਸੰਘਰਸ਼ ...
(6 ਮਾਰਚ 2023)
ਇਸ ਸਮੇਂ ਪਾਠਕ: 212.

 

ਅੱਜ ਦੀ ਨੌਜਵਾਨ ਪੀੜ੍ਹੀ ਅਣਗਿਣਤ ਮੁਸ਼ਕਿਲ ਹਾਲਾਤ ਨਾਲ ਜੂਝ ਰਹੀ ਹੈ। ਇਨ੍ਹਾਂ ਹਾਲਾਤ ਨਾਲ ਜੂਝਦੇ ਨੌਜਵਾਨ ਜਿੰਦਗੀ ਦੀ ਮੁੱਖ ਧਾਰਾ ਤੋਂ ਭਟਕ ਕੇ ਨਸ਼ਾ, ਖ਼ੁਦਕੁਸ਼ੀ, ਗੈਂਗਸਟਰ ਜਾਂ ਕੋਈ ਹੋਰ ਗਲਤ ਰਾਹ ਚੁਣ ਲੈਂਦੇ ਹਨ। ਇਹ ਹਾਲਾਤ ਬੇਰੁਜ਼ਗਾਰੀ, ਗ਼ਰੀਬੀ, ਪਰਿਵਾਰਕ ਤਣਾਅ, ਹੱਢ ਭੰਨਵੀ ਮਿਹਨਤ ਦੇ ਬਾਵਜੂਦ ਉਸਦਾ ਮੁੱਲ ਨਾ ਮਿਲਣਾ, ਅੱਤ ਦੀ ਮਹਿੰਗਾਈ ਵਿੱਚ ਲੋੜਾਂ ਦੀ ਅਪੂਰਤੀ ਹੋ ਸਕਦੇ ਹਨ। ਅਜੋਕੇ ਸਮੇਂ ਬਿਜਲਈ ਤੇ ਸੋਸ਼ਲ ਮੀਡੀਆ ਦੁਆਰਾ ਪਰੋਸੇ ਜਾਂਦੇ ਗੁਮਰਾਹਕੁਨ ਗੀਤ ਅਤੇ ਫਿਲਮਾਂ ਵੀ ਨੌਜਵਾਨਾਂ ਨੂੰ ਗਲਤ ਰਾਹੇ ਪਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ। ਗੀਤਾਂ ਵਿੱਚ ਅਸ਼ਲੀਲਤਾ, ਨਸ਼ੇ ਅਤੇ ਹਥਿਆਰਾਂ ਦਾ ਪ੍ਰਦਰਸ਼ਨ ਨੌਜਵਾਨਾਂ ਉੱਤੇ ਮਾੜਾ ਪ੍ਰਭਾਵ ਪਾਉਂਦੇ ਹਨ। ਦਰਅਸਲ ਅਜਿਹੇ ਗ਼ੈਰ ਸੱਭਿਆਚਾਰਕ ਗੀਤ ਅਤੇ ਫਿਲਮਾਂ ਕਿਸੇ ਸਮਾਜ ਨੂੰ ਖਤਮ ਕਰਨ ਲਈ ਗਹਿਰੀ ਸਾਜ਼ਿਸ਼ ਅਧੀਨ ਲੋਕਾਂ ਸਾਹਮਣੇ ਪਰੋਸੇ ਜਾਂਦੇ ਹਨ, ਤਾਂ ਜੋ ਸਮਾਜ ਨੂੰ ਜ਼ਿੰਦਗੀ ਦੀ ਮੁੱਖ ਧਾਰਾ ਤੋਂ ਅਲੱਗ ਕੀਤਾ ਜਾ ਸਕੇ।

ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਸਹੀ ਰਾਹ ਅਪਨਾਉਣ ਲਈ ਜ਼ਿੰਦਗੀ ਦੇ ਅਰਥਾਂ ਨੂੰ ਸਮਝਣ। ਜਿੰਦਗੀ ਕੇਵਲ ਆਪਣੇ ਆਪ ਤੱਕ ਸੀਮਤ ਨਹੀਂ, ਇਸ ਵਿੱਚ ਪਰਿਵਾਰ ਤੇ ਸਮਾਜ ਵੀ ਆਉਂਦਾ ਹੈਪਰੰਤੂ ਜਦੋਂ ਕਿਸੇ ਦਾ ਮਿਹਨਤ ਨਾਲ ਪਾਲਿਆ ਪੁੱਤ ਗਲਤ ਰਾਹ 'ਤੇ ਚੱਲ ਕੇ ਆਪਣਾ ਜੀਵਨ ਖਤਮ ਕਰ ਲੈਂਦਾ ਹੈ ਤਾਂ ਉਸ ਪਰਿਵਾਰ ਦੀ ਕੀ ਹਾਲਤ ਹੁੰਦੀ ਹੋਵੇਗੀ, ਉਸ ਦਾ ਪਰਵਾਰ ਹੀ ਜਾਣਦਾ ਹੈ। ਸਮਾਜ ਲਈ ਹਰ ਮਨੁੱਖ ਕੀਮਤੀ ਹੈ; ਮਨੁੱਖਾਂ ਦਾ ਸਮੂਹ ਹੀ ਸਮਾਜ ਸਿਰਜਦਾ ਹੈ। ਨੌਜਵਾਨ ਸਮਾਜ ਦੀ ਰੀੜ੍ਹ ਹਨ, ਕਿਉਂਕਿ ਜਵਾਨੀ ਹੀ ਸਮਾਜ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਇਸ ਲਈ ਨੌਜਵਾਨਾਂ ਨੂੰ ਅਜਿਹੀ ਅਣਮੁੱਲੀ ਜ਼ਿੰਦਗੀ ਨੂੰ ਗ਼ਲਤ ਰਾਹ ’ਤੇ ਪਾ ਕੇ ਅਜਾਈ ਨਹੀਂ ਗਵਾਉਣਾ ਚਾਹੀਦਾ, ਉਨ੍ਹਾਂ ਨੂੰ ਪਰਿਵਾਰ ਅਤੇ ਸਮਾਜ ਦੀ ਭਲਾਈ ਲਈ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ।

ਦਰਅਸਲ ਜ਼ਿੰਦਗੀ ਸੰਘਰਸ਼ ਦਾ ਨਾਂ ਹੈ, ਜਿਸਦਾ ਜ਼ਿਆਦਾਤਰ ਹਿੱਸਾ ਮੁਸ਼ਕਲਾਂ ਭਰਿਆ ਹੁੰਦਾ ਹੈ। ਇਸ ਦਾ ਸਾਹਮਣਾ ਕਰਨ ਲਈ ਅਥਾਹ ਹਿੰਮਤ, ਸਹਿਣਸ਼ੀਲਤਾ, ਸਿਰੜ ਅਤੇ ਦ੍ਰਿੜ੍ਹਤਾ ਚਾਹੀਦੀ ਹੈ। ਇਹ ਸਾਰੇ ਗੁਣ ਹੀ ਅਸਲੀ ਮਨੁੱਖ ਦੀ ਪਹਿਚਾਣ ਕਰਾਉਂਦੇ ਹਨ ਕਿ ਉਹ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਿਸ ਪ੍ਰਕਾਰ ਕਰਦਾ ਹੈ। ਡੇਲ ਕਾਰਨੇਗੀ ਦਾ ਕਥਨ ਹੈ- “ਕੁਦਰਤ ਵੱਲੋਂ ਤੁਹਾਡੇ ਅੰਦਰ ਇੱਕ ਕਮਾਲ ਦੀ ਯੋਗਤਾ ਮੌਜੂਦ ਹੈ। ਉਹ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਤਕੜਾ ਕਰਨ ਵਾਲੇ ਵਿਚਾਰ ਆਪਣੇ ਮਨ ’ਤੇ ਕਦੋਂ ਵੀ ਭਾਰੂ ਕਰ ਸਕਦੇ ਹੋ, ਸਿਰਫ਼ ਇਨ੍ਹਾਂ ਉੱਤੇ ਧਿਆਨ ਕੇਂਦਰਤ ਕਰਨ ਦੀ ਜ਼ਰੂਰਤ ਹੈ।”

ਕਿਹਾ ਜਾਂਦਾ ਹੈ ਕਿ ਵੀਹਵੀਂ ਸਦੀ ਦੇ ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ ਸ਼ੁਰੂ ਵਿਚ ਪੜ੍ਹਾਈ ਪੱਖੋਂ ਕਮਜ਼ੋਰ ਸੀ ਪ੍ਰੰਤੂ ਉਸਦੇ ਅੰਦਰ ਪੈਦਾ ਹੋਏ ਤਕੜੇ ਵਿਚਾਰਾਂ ਨੇ ਹੀ ਉਸ ਨੂੰ ਦੁਨੀਆਂ ਦਾ ਮਹਾਨ ਵਿਗਿਆਨੀ ਬਣਾ ਦਿੱਤਾ। ਦੂਜਾ, ਬੋਰਿਸ ਪੋਲੇਵੋਈ ਦੇ ਨਾਵਲ ‘ਅਸਲੀ ਇਨਸਾਨ ਦੀ ਕਹਾਣੀ’ ਦਾ ਨਾਇਕ ਮਾਰੇਸੇਯੇਵ ਅਲੈਕਸੇਈ ਪਿਤਰੋਵਿਚ ਦੂਸਰੇ ਵਿਸ਼ਵ ਯੁੱਧ ਵਿੱਚ ਦੋਵੇਂ ਪੈਰਾਂ ਦੇ ਵੱਢੇ ਜਾਣ ਦੇ ਬਾਵਜੂਦ ਵੀ ਹਿੰਮਤ ਨਹੀਂ ਹਾਰਦਾ ਅਤੇ ਅੰਤ ਆਪਣੇ ਨਿਸਚਿਤ ਕੀਤੇ ਟੀਚੇ ’ਤੇ ਪਹੁੰਚ ਕੇ ਦੁਬਾਰਾ ਜੰਗੀ ਜਹਾਜ਼ ਉਡਾਉਂਦਾ ਹੈ। ਅਜਿਹੇ ਕੰਮ ਹਿੰਮਤ ਅਤੇ ਜਜ਼ਬੇ ਨਾਲ ਹੀ ਨੇਪਰੇ ਚੜ੍ਹਦੇ ਹਨ। ਇਸ ਲਈ ਜੇਕਰ ਅਧੂਰੇ ਅੰਗਾਂ ਵਾਲੇ ਆਪਣੇ ਉਦੇਸ਼ ਨੂੰ ਸਰ ਕਰ ਸਕਦੇ ਹਨ ਫਿਰ ਸਲਾਮਤ ਹੱਥਾਂ-ਪੈਰਾਂ ਵਾਲੇ ਵਿਅਕਤੀ ਲਈ ਹਰ ਕੰਮ ਸੰਭਵ ਹੈ।

ਅਕਸਰ ਸੁਣਨ ਨੂੰ ਮਿਲਦਾ ਹੈ ਕਿ ਜਿਨ੍ਹਾਂ ਨੇ ਗਲਤ ਰਸਤਾ ਅਪਣਾ ਲਿਆ, ਉਨ੍ਹਾਂ ਲਈ ਜ਼ਿੰਦਗੀ ਦੀ ਮੁੱਖ ਧਾਰਾ ਵਿਚ ਆਉਣਾ ਮੁਸ਼ਕਿਲ ਹੁੰਦਾ ਹੈ। ਲੇਕਿਨ ਅਜਿਹਾ ਨਹੀਂ ਹੈ। ਜੇਕਰ ਕੋਈ ਇਨਸਾਨ ਜ਼ਿੰਦਗੀ ਨੂੰ ਨਵੇਂ ਸਿਰਿਓਂ ਜਿਊਣ ਦਾ ਸੰਕਲਪ ਕਰ ਲਵੇ ਤਾਂ ਉਸ ਲਈ ਕੁਝ ਵੀ ਅਸੰਭਵ ਨਹੀਂ ਹੁੰਦਾ। ਸਭ ਤੋਂ ਪਹਿਲਾਂ ਸਾਨੂੰ ਜ਼ਿੰਦਗੀ ਵਿੱਚ ਪੈਦਾ ਹੋਏ ਮਾੜੇ ਹਾਲਾਤ ਦੇ ਕਾਰਨਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਸਮਝਣ ਤੋਂ ਬਾਅਦ ਉਨ੍ਹਾਂ ਦਾ ਹੱਲ ਲੱਭਣਾ ਚਾਹੀਦਾ ਹੈ। ਸਾਡਾ ਦੇਸ਼ ਕਈ ਦਹਾਕਿਆਂ ਤੋਂ ਗ਼ਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਮਹਿੰਗਾਈ, ਬੀਮਾਰੀ, ਖਰਾਬ ਵਾਤਾਵਰਨ ਅਤੇ ਆਰਥਿਕ ਨਾ-ਬਰਾਬਰੀ ਜਿਹੀਆਂ ਰੋਗਾਂ ਦਾ ਸ਼ਿਕਾਰ ਹੈ। ਜਦੋਂ ਨੌਜਵਾਨ ਸੁਪਨੇ ਸਜਾਉਣ ਲਈ ਘਰ ਦੀਆਂ ਦਹਿਲੀਜ਼ਾਂ ਤੋਂ ਬਾਹਰ ਪੈਰ ਧਰਦਾ ਹੈ ਤਾਂ ਉਸਦਾ ਸਾਹਮਣਾ ਅਜਿਹੀ ਬਦਨਸੀਬੀ ਨਾਲ ਹੁੰਦਾ ਹੈ, ਜੋ ਉਸ ਨੂੰ ਨਿਰਾਸ਼ ਕਰ ਦਿੰਦੀ ਹੈ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ਅਜਿਹੇ ਢਾਂਚੇ ਦੀ ਤਬਦੀਲੀ ਲਈ ਅੱਗੇ ਆਉਣ।

ਰਾਜਨੀਤਕ ਇੱਛਾ ਸ਼ਕਤੀ ਦੀ ਘਾਟ ਕਾਰਨ ਪੈਦਾ ਹੋਏ ਅਜਿਹੇ ਹਾਲਾਤਾਂ ਲਈ ਇਨਕਲਾਬੀ ਬਦਲਾਅ ਦੀ ਲੋੜ ਹੈ। ਦੇਸ਼ ਦੀ ਆਜ਼ਾਦੀ ਦੇ ਨਾਇਕ ਸ਼ਹੀਦ ਭਗਤ ਸਿੰਘ ਕਹਿੰਦੇ ਹਨ, “ਇੱਕ ਇਨਕਲਾਬੀ ਨੂੰ ਚਾਹੀਦਾ ਹੈ ਕਿ ਉਹ ਅਧਿਐਨ ਅਤੇ ਚਿੰਤਨ ਨੂੰ ਆਪਣੀ ਪਵਿੱਤਰ ਜ਼ਿੰਮੇਵਾਰੀ ਬਣਾ ਲਵੇ।" ਅਧਿਐਨ ਅਤੇ ਚਿੰਤਨ ਕਾਰਨ ਹੀ ਅਸੀਂ ਰਾਜਨੀਤਕ, ਆਰਥਿਕ ਅਤੇ ਸਮਾਜਿਕ ਗੁੰਝਲਾਂ ਨੂੰ ਸਮਝਣ ਦੇ ਯੋਗ ਹੋ ਸਕਦੇ ਹਾਂ। ਕਿਤਾਬਾਂ ਗਿਆਨ ਦਾ ਸੋਮਾ ਹਨ ਜੋ ਮਨੁੱਖੀ ਜਿੰਦਗੀ ਦੀ ਅਸਲੀਅਤ ਨੂੰ ਸਮਝਣ ਵਿੱਚ ਸਹਾਈ ਹੁੰਦੀਆਂ ਹਨ। ਇਹ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਚਾਨਣ ਵੰਡਦੀਆਂ ਹਨ।

ਜਦੋਂ ਕਿਤਾਬਾਂ ਜ਼ਰੀਏ ਅਸੀਂ ਇਤਿਹਾਸ ਦੇ ਪ੍ਰਮੁੱਖ ਨਾਇਕਾਂ ਦੁਆਰਾ ਜਿੰਦਗੀ ਵਿੱਚ ਕੀਤੇ ਸੰਘਰਸ਼ ਨੂੰ ਪੜ੍ਹਦੇ ਹਾਂ ਤਾਂ ਸਾਡੇ ਅੰਦਰ ਵੀ ਅਥਾਹ ਸ਼ਕਤੀ ਪੈਦਾ ਹੁੰਦੀ ਹੈ। ਇੱਕ ਕਿਤਾਬ ਪੜ੍ਹਨ ਨਾਲ ਹੀ ਅਸੀਂ ਆਪਣੇ ਆਪ ਵਿੱਚ ਆਏ ਬਦਲਾਅ ਨੂੰ ਮਹਿਸੂਸ ਕਰ ਸਕਦੇ ਹਾਂ। ਅਧਿਐਨ ਦੁਆਰਾ ਅਸੀਂ ਜਿੰਦਗੀ ਦੇ ਹਰ ਮਸਲੇ ਨੂੰ ਅਸਾਨੀ ਨਾਲ ਸਮਝਣ ਦੇ ਕਾਬਲ ਹੋ ਸਕਦੇ ਹਾਂ। ਇਸ ਜ਼ਰੀਏ ਅਸੀਂ ਅਜੋਕੇ ਕਾਰਪੋਰੇਟ ਦੁਆਰਾ ਪੈਦਾ ਕੀਤੀ ਚਮਕ-ਦਮਕ ਵਾਲੀ ਜਿੰਦਗੀ ਨੂੰ ਤਿਲਾਜਲੀ ਦੇ ਕੇ ਸਾਦਗੀ ਭਰੇ ਜੀਵਨ ਨੂੰ ਤਰਜੀਹ ਦੇਣਾ ਸ਼ੁਰੂ ਕਰ ਦਿੰਦੇ ਹਾਂ। ਸਾਹਿਤ ਨਾਲ ਜੁੜ ਕੇ ਅਸੀਂ ਆਰਥਿਕ ਮੁਸ਼ਕਿਲਾਂ ਨਾਲ ਦੋ-ਚਾਰ ਹੁੰਦਿਆਂ ਹੋਇਆਂ ਵੀ ਜ਼ਿੰਦਗੀ ਵਿੱਚ ਕਦੇ ਨਿਰਾਸ਼ ਨਹੀਂ ਹੁੰਦੇ। ਸਾਡਾ ਮਕਸਦ ਬਣ ਜਾਂਦਾ ਹੈ ਕਿ ਅਸੀਂ ਸਮਾਜਿਕ ਤੇ ਰਾਜਨੀਤਕ ਬੁਰਾਈਆਂ ਨੂੰ ਦੂਰ ਕਰਕੇ ਇੱਕ ਕੁਦਰਤ ਪੱਖੀ ਤੇ ਖੁਸ਼ਹਾਲ ਸਮਾਜ ਦਾ ਨਿਰਮਾਣ ਕਰੀਏ ਅਜਿਹੇ ਸਮਾਜ ਦੀ ਸਿਰਜਣਾ ਲਈ ਅਸੀਂ ਮੁਸ਼ਕਿਲਾਂ ਦਾ ਹੋਰ ਵੱਧ ਜੋਸ਼ ਨਾਲ ਸਾਹਮਣਾ ਕਰਨ ਲੱਗਦੇ ਹਾਂ। ਇਸ ਲਈ ਜੀਵਨ ਨੂੰ ਸਾਰਥਕ ਬਣਾਉਣ ਲਈ ਨੌਜਵਾਨਾਂ ਨੂੰ ਅਧਿਐਨ ਦਾ ਰਾਹ ਚੁਣਨਾ ਚਾਹੀਦਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3834)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਹਰਨੰਦ ਸਿੰਘ ਬੱਲਿਆਂਵਾਲਾ

ਹਰਨੰਦ ਸਿੰਘ ਬੱਲਿਆਂਵਾਲਾ

Balleyan Wala, Tarn Taran, Punjab, India.
Phone: (91 - 70870 - 70050)
Email: (harnandbhullar124@gmail.com)

More articles from this author