“ਸਾਡੀ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਅਜਿਹੇ ਸੰਗਠਨਾਂ ’ਤੇ ਲਗਾਮ ਲਗਾਈ ਜਾਵੇ ਅਤੇ ਉਨ੍ਹਾਂ ਨੂੰ ਪੁੱਛਿਆ ਜਾਵੇ ...”
(20 ਅਗਸਤ 2018)
ਵਿਸ਼ਵ ਦੇ ਬਹੁਤ ਸਾਰੇ ਦੇਸ਼ ਇਸ ਸਮੇਂ ਆਤੰਕਵਾਦ ਨਾਲ ਪੀੜਤ ਹਨ। ਆਤੰਕਵਾਦੀਆਂ ਵੱਲੋਂ ਕਿਸੇ ਵੀ ਦੇਸ਼ ਵਿਚ ਕਿਸੇ ਵੀ ਸਮੇਂ ਪਬਲਿਕ ਸਥਾਨਾਂ ’ਤੇ ਆਤੰਕੀ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹੀਆਂ ਆਤੰਕਵਾਦੀ ਕਾਰਵਾਈਆਂ ਕਾਰਨ ਬਹੁਤ ਸਾਰੇ ਨਿਹੱਥੇ ਲੋਕ ਮਾਰੇ ਜਾਂਦੇ ਹਨ। ਇਰਾਕ, ਸੀਰੀਆ, ਪਾਕਿਸਤਾਨ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਵਿਚ ਆਤੰਕਵਾਦ ਆਪਣੇ ਪੈਰ ਪਸਾਰ ਕੇ ਅੱਜ ਵਿਸ਼ਵ ਦੇ ਹਰੇਕ ਕੋਨੇ ਵਿੱਚ ਪਹੁੰਚ ਚੁੱਕਾ ਹੈ। ਅੱਜ ਇਸ ਆਤੰਕਵਾਦ ਨੂੰ ਪੈਦਾ ਕਰਨ ਵਾਲਾ ਖੁਦ ਅਮਰੀਕਾ ਵੀ ਇਸ ਦੇ ਸਾਏ ਤੋਂ ਬਚ ਨਹੀਂ ਸਕਿਆ। ਭਾਰਤ, ਫਰਾਂਸ, ਇੰਗਲੈਂਡ, ਜਰਮਨੀ ਅਤੇ ਵਿਸ਼ਵ ਦੇ ਬਹੁਤ ਸਾਰੇ ਦੇਸ਼ ਡਰ ਅਤੇ ਸਹਿਮ ਦੇ ਵਾਤਾਵਰਨ ਹੇਠ ਜੀਅ ਰਹੇ ਹਨ।
ਉਪਰੋਕਤ ਆਤੰਕਵਾਦ ਤੋਂ ਇਲਾਵਾ ਕਈ ਦੇਸ਼ਾਂ ਵਿਚ ਧਰਮ ਅਤੇ ਜਾਤ-ਪਾਤ ਦੇ ਨਾਂ ’ਤੇ ਬਹੁਗਿਣਤੀ ਭਾਈਚਾਰੇ ਵੱਲੋਂ ਘੱਟ ਗਿਣਤੀਆਂ ਉੱਤੇ ਅੱਤਿਆਚਾਰ ਕਰਕੇ ਅਸਹਿਣਸ਼ੀਲਤਾ ਦਾ ਮਾਹੌਲ ਪੈਦਾ ਕੀਤਾ ਜਾਂਦਾ ਹੈ ਜਿਸ ਨੂੰ ਅਸੀਂ ਕਿਸੇ ਆਤੰਕਵਾਦ ਤੋਂ ਘੱਟ ਨਹੀਂ ਕਹਿ ਸਕਦੇ। ਦੂਸਰੇ ਪਾਸੇ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਵੋਟਾਂ ਖਾਤਿਰ ਦੇਸ਼ ਦੇ ਲੋਕਾਂ ਵਿਚ ਧਰਮ ਅਤੇ ਜਾਤ ਪਾਤ ਦੇ ਨਾਂ ’ਤੇ ਵੰਡੀਆਂ ਪਾ ਕੇ ਆਪਸ ਵਿਚ ਲੜਾਇਆ ਜਾਂਦਾ ਹੈ ਅਤੇ ਉਨ੍ਹਾਂ ਉੱਤੇ ਰਾਜ ਕੀਤਾ ਜਾਂਦਾ ਹੈ। ਅਜਿਹੇ ਦੇਸ਼ ਦੇ ਲੋਕਾਂ ਨੂੰ ਦੋਹਰੇ ਅੱਤਿਆਚਾਰ ਦਾ ਸਾਹਮਣਾ ਕਰਨਾ ਪੈਦਾ ਹੈ।
ਇਸ ਤਰ੍ਹਾਂ ਦੇ ਹੀ ਦੋਹਰੇ ਅੱਤਿਆਚਾਰ ਦਾ ਸਾਹਮਣਾ ਅੱਜ ਸਾਡੇ ਦੇਸ਼ ਦੇ ਲੋਕ ਕਰ ਰਹੇ ਹਨ। ਖਾਸ ਕਰਕੇ ਜਦੋਂ ਤੋਂ ਭਾਜਪਾ ਸਰਕਾਰ ਸੱਤਾ ਵਿਚ ਆਈ ਹੈ, ਉਦੋਂ ਤੋਂ ਹੀ ਬਹੁਗਿਣਤੀ ਧਾਰਮਿਕ ਕੱਟੜਵਾਦੀ ਫ਼ਿਰਕਿਆਂ ਵੱਲੋਂ ਘੱਟ ਗਿਣਤੀਆਂ ਅਤੇ ਦਲਿਤ ਭਾਈਚਾਰੇ ’ਤੇ ਅੱਤਿਆਚਾਰ ਵਧ ਗਿਆ ਹੈ। ਗਊ ਰੱਖਿਆ ਦੇ ਨਾਂ ’ਤੇ ਲੋਕਾਂ ਦੇ ਕਤਲ ਕੀਤੇ ਜਾ ਰਹੇ ਹਨ। ਕਦੇ ਕਿਸੇ ਨੂੰ ਗਊ ਮਾਸ ਰਿਮਨ੍ਹਣ ਦੇ ਸ਼ੱਕ ਹੇਠ ਕਤਲ ਕੀਤਾ ਜਾਂਦਾ ਹੈ, ਕਦੇ ਕਿਸੇ ਨੂੰ ਮਰੀ ਹੋਈ ਗਾਂ ਦੀ ਖੱਲ ਉਤਾਰਨ ’ਤੇ ਅਤੇ ਕਦੇ ਗਊ ਤਸਕਰੀ ਦੇ ਸ਼ੱਕ ਅਧੀਨ। ਲਵ ਜਿਹਾਦ ਦੇ ਨਾਂ ’ਤੇ ਲੋਕਾਂ ਦਾ ਕਤਲ ਕਰਕੇ ਵੀਡੀਓ ਸ਼ੋਸਲ ਮੀਡੀਆ ’ਤੇ ਅੱਪਲੋਡ ਕੀਤੀਆਂ ਜਾਂਦੀਆਂ ਹਨ। ਜੇਕਰ ਕੋਈ ਮਾਨਵੀ ਅਧਿਕਾਰਾ ਦੇ ਘਾਣ ਦੀ ਗੱਲ ਕਰਦਾ ਹੈ ਤਾਂ ਉਸਨੂੰ ਕੌਮ ਵਿਰੋਧੀ ਗਰਦਾਨ ਕੇ ਪਾਕਿਸਤਾਨ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਵਿਗਿਆਨਕ ਸੋਚ ਦੇ ਧਾਰਨੀ ਲੋਕਾਂ ਤੋਂ ਕੱਟੜਵਾਦੀਆਂ ਨੂੰ ਜ਼ਿਆਦਾ ਖ਼ਤਰਾ ਦਿਖਾਈ ਦਿੰਦਾ ਹੈ ਅਤੇ ਅਜਿਹੇ ਸੰਗਠਨਾਂ ਵੱਲੋਂ ਗੌਰੀ ਲੰਕੇਸ਼, ਗੋਵਿੰਦ ਪਨਸਾਰੇ ਅਤੇ ਐੱਮ ਐੱਮ ਕਲਬੁਰਗੀ ਵਰਗੇ ਵਿਗਿਆਨਕ ਸੋਚ ਦੇ ਧਾਰਨੀ ਲੋਕਾਂ ਦਾ ਕਤਲ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਸਮਾਜਿਕ ਹਿੱਤ ਵਾਲੀ ਜਥੇਬੰਦੀ ਇਨ੍ਹਾਂ ਖਿਲਾਫ ਅਵਾਜ਼ ਉਠਾਉਂਦੀ ਹੈ ਤਾਂ ਉਸਦੇ ਖਿਲਾਫ ਮੁਕੱਦਮੇ ਦਰਜ ਕਰਨ ਤੋਂ ਬਾਅਦ ਕਈ ਸਰਕਾਰੀ ਦਲਾਲਾਂ ਵੱਲੋਂ ਸੋਸ਼ਲ ਮੀਡੀਅ ਵਿਚ ਬੇਸ਼ਰਮੀ ਭਰੇ ਸ਼ਬਦ ਵਰਤ ਕੇ ਬਦਨਾਮ ਕੀਤਾ ਜਾਂਦਾ ਹੈ।
ਇਸ ਤਰ੍ਹਾਂ ਧਾਰਮਿਕ ਕੱਟੜਪੰਥੀਆਂ ਦੇ ਇਹ ਨਿਗਰਾਨ ਟੋਲੇ ਜਦੋਂ ਜਬਰ ਤੇ ਜ਼ੁਲਮ ਦੇ ਖੂਨ ਦੀ ਸਿਆਹੀ ਨਾਲ ਦੇਸ਼ ਅਤੇ ਧਰਮ ਨੂੰ ਬਚਾਉਣ ਦੇ ਨਾਂ ’ਤੇ ਲਿਖਤ ਲਿਖਣ ਦੀ ਕੋਸ਼ਿਸ਼ ਕਰਦੇ ਹਨ ਤਾਂ ਇਸ ਨੂੰ ਧਾਰਮਿਕ ਆਤੰਵਾਦ ਕਿਹਾ ਜਾਂਦਾ ਹੈ। ਉਦਾਹਰਨ ਦੇ ਤੌਰ ’ਤੇ ਅਮਰੀਕਾ ਦੀ ਕੇਂਦਰੀ ਖੁਫੀਆ ਏਜੰਸੀ (ਸੀ.ਆਈ.ਏ) ਨੇ ਆਰ.ਐੱਸ.ਐੱਸ ਦੀ ਇਕ ਸ਼ਾਖਾ ਇਕਾਈ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਨੂੰ ਧਾਰਮਿਕ ਅੱਤਵਾਦੀ ਸੰਗਠਨ ਦੱਸਿਆ ਹੈ। ਏਜੰਸੀ ਨੇ ਮੋਹਨ ਭਗਵਤ ਦੀ ਅਗਵਾਈ ਵਾਲੀ ਆਰ.ਐੱਸ.ਐੱਸ ਨੂੰ ਇਕ ਰਾਸ਼ਟਰਵਾਦੀ ਸੰਗਠਨ ਅਤੇ ਮੁਹੰਮਦ ਮਦਨੀ ਦੀ ਅਗਵਾਈ ਵਾਲੀ ਜਮਾਤ ਉਲੇਮਾ ਨੂੰ ਧਾਰਮਿਕ ਸੰਗਠਨ ਕਰਾਰ ਦਿੱਤਾ ਹੈ। ਏਜੰਸੀ ਦਾ ਕਹਿਣਾ ਹੈ ਕਿ ਇਹ ਜਥੇਬੰਦੀਆਂ ਸਿਆਸਤ ਵਿਚ ਸ਼ਾਮਲ ਹੁੰਦੀਆਂ ਹਨ ਜਾਂ ਫਿਰ ਬਹੁਤ ਜ਼ਿਆਦਾ ਸਿਆਸੀ ਦਬਾਅ ਬਣਾਉਂਦੀਆਂ ਹਨ। ਪਰ ਇਨ੍ਹਾਂ ਜਥੇਬੰਦੀਆਂ ਦੇ ਆਗੂ ਚੋਣਾਂ ਨਹੀਂ ਲੜਦੇ।
ਅੱਜ ਅਸੀਂ ਆਰ.ਐੱਸ.ਐੱਸ ਦੀ ਜੇਕਰ ਗੱਲ ਕਰੀਏ ਤਾਂ ਇਸ ਸੰਗਠਨ ਦਾ ਪ੍ਰਭਾਵ ਪੂਰੀ ਤਰ੍ਹਾਂ ਭਾਜਪਾ ਉੱਪਰ ਦਿਖਾਈ ਦਿੰਦਾ ਹੈ। ਭਾਜਪਾ ਦੇ ਪ੍ਰਮੁੱਖ ਆਹੁਦਿਆਂ ’ਤੇ ਆਰ.ਐੱਸ.ਐੱਸ ਦੇ ਪਿਛੋਕੜ ਵਾਲੇ ਵਿਅਕਤੀ ਹੀ ਨਾਮਜ਼ਦ ਕੀਤੇ ਗਏ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ਦਾ ਹਰ ਕਦਮ ਆਰ.ਐੱਸ.ਐੱਸ ਦੇ ਇਸ਼ਾਰੇ ’ਤੇ ਹੀ ਅੱਗੇ ਵਧਦਾ ਹੈ।
ਭਾਜਪਾ ਨੇ ਅਮਰੀਕਾ ਦੀ ਏਜੰਸੀ ਦੁਆਰਾ ਦਿੱਤੀ ਸੀ.ਆਈ.ਏ ਦੀ ਰਿਪੋਰਟ ਨੂੰ ਖਾਰਜ ਕੀਤਾ ਹੈ। ਜੇਕਰ ਅਸੀਂ ਸੀ.ਆਈ.ਏ. ਦੀ ਰਿਪੋਰਟ ਨੂੰ ਖਾਰਜ ਵੀ ਸਮਝੀਏ ਤਾਂ ਵੀ ਆਰਐੱਸ.ਐੱਸ ਅਤੇ ਭਾਜਪਾ ਦੁਆਰਾ ਦੇਸ਼ ਵਿਚ ਜੋ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਇਹ ਆਤੰਕਵਾਦ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਕਿਹਾ ਜਾ ਸਕਦਾ।
ਦੂਸਰਾ ਜੋ ਸਭ ਤੋਂ ਅਹਿਮ ਕਾਰਨ, ਜੋ ਸ਼ਾਇਦ ਹੀ ਕਿਸੇ ਹੋਰ ਦੇਸ਼ ਵਿਚ ਹੋਵੇ, ਕਿ ਆਰਐੱਸ.ਐੱਸ ਦੁਆਰਾ ਆਪਣੀ ਫੌਜ ਤਿਆਰ ਕੀਤੀ ਜਾ ਰਹੀ ਹੈ। ਕਿਸੇ ਵੀ ਦੇਸ਼ ਦੀ ਰੱਖਿਆ ਲਈ ਫੌਜੀ ਟੁਕੜੀਆਂ ਅਤੇ ਪੁਲਿਸ ਮਹਿਕਮੇ ਹੁੰਦੇ ਹਨ ਜੋ ਦੇਸ਼ ਦੇ ਅੰਦਰੂਨੀ ਅਤੇ ਬਾਹਰੀ ਖਤਰਿਆਂ ਤੋਂ ਦੇਸ਼ ਦੀ ਰੱਖਿਆ ਕਰਦੇ ਹਨ। ਕਿਸੇ ਵੀ ਦੇਸ਼ ਵਿਚ ਫੌਜ ਜਾਂ ਪੁਲਿਸ ਤੋਂ ਬਿਨਾਂ ਕੋਈ ਵੀ ਗੈਰ-ਕਾਨੂੰਨੀ ਸੈਨਾਂ ਨਹੀਂ ਹੋ ਸਕਦੀ। ਇਸ ਲਈ ਫੌਜ ਅਤੇ ਪੁਲਿਸ ਤੋਂ ਬਿਨਾਂ ਸਾਨੂੰ ਕਿਸੇ ਹੋਰ ਜਥੇਬੰਦਕ ਫੌਜ ਦੀ ਜ਼ਰੂਰਤ ਨਹੀਂ।
ਸਾਡੀ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਅਜਿਹੇ ਸੰਗਠਨਾਂ ’ਤੇ ਲਗਾਮ ਲਗਾਈ ਜਾਵੇ ਅਤੇ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਉਹ ਫੌਜ ਕਿਸ ਲਈ ਤਿਆਰ ਕਰ ਰਹੇ ਹਨ? ਆਖਿਰ ਉਹ ਕਿਹੜੇ ਯੁੱਧ ਦੀ ਤਿਆਰੀ ਕਰ ਰਹੇ ਹਨ, ਜਦੋਂ ਕਿ ਸਾਡੇ ਦੇਸ਼ ਦੀ ਸੈਨਾ ਵਿਸ਼ਵ ਦੀਆਂ ਪ੍ਰਮੁੱਖ ਸੈਨਾਵਾਂ ਵਿੱਚੋਂ ਇੱਕ ਹੈ।
ਦਰਅਸਲ ਆਰ.ਐੱਸ.ਐੱਸ. ਮੁਖੀ ਸ੍ਰੀ ਮੋਹਨ ਭਾਗਵਤ, ਉਸਦੀ ਸੈਨਾ ਅਤੇ ਉਸ ਦੁਆਰਾ ਚਲਾਈ ਜਾ ਰਹੀ ਸਰਕਾਰ ਇਕ ਪੁਰਾਣੀ ਮੰਨੂਵਾਦੀ ਵਿਵਸਥਾ ਨੂੰ ਮੁੜ ਸੁਰਜੀਤ ਕਰਨ ਦੀ ਆੜ ਵਿਚ ਹਨ। ਸੰਘ ਮੁਖੀ ਅਤੇ ਉਸਦੀ ਸਰਕਾਰ ਲੋਕਾਂ ਨੂੰ ਭੁੱਖੇ-ਪਿਆਸੇ, ਗਰੀਬ ਅਤੇ ਬੇਰੁਜ਼ਗਾਰ ਰੱਖ ਕੇ ਇਕ ਕੱਟੜਵਾਦੀ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਹਨ।
ਅਜੋਕੇ ਅਗਾਂਹਵਧੂ ਸਮੇਂ ਵਿਚ ਸਾਨੂੰ ਆਰ.ਐੱਸ.ਐੱਸ ਅਤੇ ਇਸਦੀ ਸਰਕਾਰ ਦੀਆਂ ਅਜਿਹੀਆਂ ਆਤੰਕੀ ਕਾਰਵਾਈਆਂ ਖ਼ਤਮ ਕਰਨ ਲਈ ਅੱਗੇ ਆਉਣਾ ਪਵੇਗਾ। ਸਮਾਂ ਮੰਗ ਕਰਦਾ ਹੈ ਕਿ ਅਸੀਂ ਫਿਰਕੂ ਵਿਚਾਰਧਾਰਾ ਦੇ ਉਲਟ ਇਕ ਅਗਾਂਹਵਧੂ ਨਵੀਂ ਚੇਤਨਾ ਵਾਲੇ ਸਮਾਜ ਦਾ ਨਿਰਮਾਣ ਕਰੀਏ, ਜਿਸ ਦੀ ਸਾਡੇ ਸਮਾਜ ਨੂੰ ਅੱਜ ਬਹੁਤ ਜ਼ਰੂਰਤ ਹੈ। ਸਾਨੂੰ ਧਰਮ ਅਤੇ ਜਾਤ ਦੇ ਨਾਂ ’ਤੇ ਵੰਡ ਕੇ ਵੋਟਾਂ ਬਟੋਰਨ ਵਾਲੇ ਨੇਤਾਵਾਂ ਅਤੇ ਆਰ.ਐੱਸ.ਐੱਸ ਵਰਗੀਆਂ ਜਥੇਬੰਦੀਆਂ, ਜੋ ਅਸਹਿਣਸ਼ੀਲਤਾ ਦਾ ਮਾਹੌਲ ਪੈਦਾ ਕਰਦੀਆਂ ਹਨ, ਦੇ ਖਿਲਾਫ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਜੇਕਰ ਅਸੀਂ ਦ੍ਰਿੜ੍ਹ ਇਰਾਦੇ ਨਾਲ ਚਾਨਣ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਹਨੇਰਾ ਸਾਡੇ ਕਦਮਾਂ ਵਿਚ ਦਮ ਤੋੜ ਦੇਵੇਗਾ।
*****
(1270)