“ਬੇਟੀ-ਬਚਾਓ ਅਤੇ ਬੇਟੀ ਪੜ੍ਹਾਓ ਦਾ ਨਾਅਰਾ ਲਗਾਉਣ ਵਾਲੇ ਕੇਂਦਰੀ ਹਾਕਮਾਂ ਨੇ ...”
(26 ਅਗਸਤ 2019)
ਬੇਟੀ ਬਚਾਉਣ ਦਾ ਦਾਅਵਾ ਕਰਨ ਵਾਲੇ ਤਿੰਨ ਤਲਾਕ ਦਾ ਬਿੱਲ ਪਾਸ ਕਰਵਾ ਕੇ ਆਪਣੀ ਪਿੱਠ ਥੱਪ-ਥਪਾ ਰਹੇ ਹਨ। ਇਹ ਲੋਕ ਆਪਣੇ ਆਪ ਨੂੰ ਬੇਟੀ ਦੇ ਰਖਵਾਲੇ ਹੋਣ ਦਾ ਦਾਅਵਾ ਕਰ ਰਹੇ ਹਨ। ਦੂਸਰੇ ਪਾਸੇ ਇਹੀ ਹਾਕਮ ਸਬਰੀਮਾਲਾ ਮੰਦਿਰ ਵਿੱਚ ਬੇਟੀ ਨੂੰ ਪ੍ਰਵੇਸ਼ ਕਰਨ ਅੱਗੇ ਰੁਕਾਵਟ ਪਾਉਂਦੇ ਹਨ ਅਤੇ ਆਪਣੇ ਮੰਦਿਰ ਨੂੰ ਬੇਟੀ ਦੇ ਅੰਦਰ ਜਾਣ ਨਾਲ ਅਪਵਿੱਤਰ ਹੋਇਆ ਸਮਝਦੇ ਹਨ। ਇਸ ਤੋਂ ਵੀ ਅੱਗੇ ਉਨਾਵ ਕਾਂਢ ਵਿੱਚ ਹਾਕਮ ਧਿਰ ਦਾ ਵਿਧਾਇਕ ਬੇਟੀ ਉੱਤੇ ਅੱਤਿਆਚਾਰ ਕਰਦਾ ਤੇ ਉਸ ਨਾਲ ਦੁਸ਼ ਕਰਮ ਕਰਦਾ ਹੈ। ਜੇਕਰ ਲੜਕੀ ਦਾ ਪਰਿਵਾਰ ਉਸ ਖਿਲਾਫ ਅਵਾਜ਼ ਉਠਾਉਂਦਾ ਹੈ ਤਾਂ ਕੁਲਦੀਪ ਸ਼ੇਂਗਰ ਨਾਂ ਦਾ ਇਹ ਵਿਧਾਇਕ ਲੜਕੀ ਦੇ ਪਰਿਵਾਰ ਨੂੰ ਖਤਮ ਕਰਨ ਤੱਕ ਚਲਿਆ ਜਾਂਦਾ ਹੈ। ਇੱਕ ਹੋਰ ਘਟਨਾ, ਜੋ ਕਠੂਆ ਵਿੱਚ ਵਾਪਰੀ ਸੀ, ਵਿੱਚ ਭਾਜਪਾ ਦੇ ਵਿਧਾਇਕ ਬੱਚੀ ਨਾਲ ਦੁਸ਼-ਕਰਮ ਕਰਨ ਵਾਲਿਆਂ ਦੇ ਹੱਕ ਵਿੱਚ ਖੜ੍ਹਦੇ ਹਨ। ਇਨ੍ਹਾਂ ਘਟਨਾਵਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਮੌਜੂਦਾ ਹਾਕਮ ਧਿਰ ਬੇਟੀਆਂ ਨੂੰ ਬਚਾਊਣ ਪ੍ਰਤੀ ਕਿੰਨੀ ਕੁ ਸੁਹਿਰਦ ਹੈ।
ਸਰਕਾਰ ਵੱਲੋਂ ਕਸ਼ਮੀਰ ਵਿੱਚ ਧਾਰਾ 370 ਹਟਾਉਣ ਤੋਂ ਬਾਅਦ ਉੱਥੋਂ ਦੇ ਲੋਕਾਂ ਲਈ ਜੇਲ ਵਰਗਾ ਵਾਤਾਵਰਨ ਪੈਦਾ ਕਰ ਦਿੱਤਾ ਗਿਆ ਹੈ। ਉੱਥੋਂ ਦੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਕਠਿਨ ਹੋ ਗਿਆ ਅਤੇ ਟੈਲੀਫੋਨ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਕਸ਼ਮੀਰੀ ਲੋਕਾਂ ਦਾ ਦੂਸਰੇ ਰਾਜਾਂ ਨਾਲੋ ਸੰਪਰਕ ਟੁੱਟਣ ਕਾਰਨ ਉਨ੍ਹਾਂ ਦੇ ਦੂਸਰੇ ਰਾਜਾਂ ਵਿੱਚ ਪੜ੍ਹਨ ਵਾਲੇ ਧੀਆਂ-ਪੁੱਤਾਂ ਨਾਲ ਗੱਲਬਾਤ ਕਰਨਾ ਮੁਸ਼ਿਕਲ ਹੋ ਗਿਆ। ਦੂਸਰੇ ਪਾਸੇ ਕਸ਼ਮੀਰੀ ਵਿਦਿਆਰਥੀਆਂ ਪ੍ਰਤੀ ਕੁਝ ਸੰਗਠਨ ਨਫ਼ਰਤ ਭਰੀਆਂ ਟਿੱਪਣੀਆਂ ਕਰ ਰਹੇ ਹਨ। ਸੋਸ਼ਲ ਮੀਡੀਆ ਉੱਪਰ ਤਰ੍ਹਾਂ-ਤਰ੍ਹਾਂ ਦੇ ਨਫਰਤ ਫੈਲਾਉਣ ਵਾਲੇ ਕੁਮੈਂਟ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਅਜਿਹੇ ਮਾਹੌਲ ਵਿੱਚ ਕਸ਼ਮੀਰੀ ਵਿਦਿਆਰਥੀਆਂ ਵਿੱਚ ਸਹਿਮ ਫੈਲਿਆ ਹੋਇਆ ਹੈ।
ਇਸ ਤਰ੍ਹਾਂ ਦੇ ਮਾਹੌਲ ਵਿੱਚ ਕਸ਼ਮੀਰੀ ਵਿਦਿਆਰਥਣਾਂ ਦਾ ਰਹਿਣਾ ਤਾਂ ਬੇਹੱਦ ਨਾਜ਼ੁਕ ਹੋ ਗਿਆ ਹੈ ਕਿਉਂਕਿ ਧਾਰਾ 370 ਹਟਾਉਣ ਤੋਂ ਬਾਅਦ ਘੱਟ ਮਾਨਸਿਕਤਾ ਵਾਲੇ ਲੋਕਾਂ ਅਤੇ ਸਰਕਾਰੀ ਕਾਰਕੁੰਨਾਂ ਨੇ ਕਸ਼ਮੀਰੀ ਔਰਤਾਂ ਪ੍ਰਤੀ ਬੜੀ ਭੈੜੀ ਸ਼ਬਦਾਵਲੀ ਵਰਤੀ ਹੈ। ਬੇਟੀ-ਬਚਾਓ ਅਤੇ ਬੇਟੀ ਪੜ੍ਹਾਓ ਦਾ ਨਾਅਰਾ ਲਗਾਉਣ ਵਾਲੇ ਕੇਂਦਰੀ ਹਾਕਮਾਂ ਨੇ ਅਜਿਹੀ ਘਟੀਆ ਬੋਲੀ-ਬੋਲਣ ਵਾਲਿਆਂ ਵਿਰੁੱਧ ਇੱਕ ਸ਼ਬਦ ਤੱਕ ਨਹੀਂ ਕਿਹਾ। ਇਸ ਤਰ੍ਹਾਂ ਅਜਿਹੀ ਘਟੀਆ ਮਾਨਸਿਕਤਾ ਵਾਲਿਆਂ ਦਾ ਹੌਸਲਾ ਹੋਰ ਵੀ ਵਧ ਜਾਂਦਾ ਹੈ ਜੋ ਇਸ ਤੋਂ ਵੀ ਚਾਰ ਕਦਮ ਅੱਗੇ ਵਧ ਕੇ ਕਿਸੇ ਵੀ ਮਾੜੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ।
ਅਜਿਹੀ ਮਾਨਵਤਾ ਵਿਰੋਧੀ ਮਾਨਸਿਕਤਾ ਖਿਲਾਫ ਜਿੱਥੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਾਅ ਦਾ ਨਾਅਰਾ ਮਾਰਿਆ, ਉੱਥੇ ਹੀ ਦਿੱਲੀ ਦੇ ਕੁਝ ਸਿੱਖ ਨੌਜਵਾਨਾਂ ਨੇ ਆਪਣੇ ਸ਼ਾਨਾਮੱਤੇ ਇਤਿਹਾਸ ਤੋਂ ਸੇਧ ਲੈਂਦਿਆਂ ਉਸ ਉੱਤੇ ਪਹਿਰਾ ਦੇਣ ਦੀ ਸਫਲ ਕੋਸ਼ਿਸ਼ ਕੀਤੀ। ਇਹ ਜੋਖਮ ਭਰਿਆ ਕੰਮ ਹਰਮਿੰਦਰ ਸਿੰਘ, ਬਲਜੀਤ ਸਿੰਘ ਤੇ ਹਰਮੀਤ ਸਿੰਘ, ਆਦਿ ਨੌਜਵਾਨਾਂ ਨੇ ਕੀਤਾ। ਇਨ੍ਹਾਂ ਸਿੱਖ ਨੌਜਵਾਨਾ ਨੇ ਉਸ ਇਤਿਹਾਸ ਨੂੰ ਮੁੜ ਦੁਹਰਾਇਆ ਜਦੋਂ ਅਹਿਮਦ ਸਾਹ ਅਬਦਾਲੀ ਹਿੰਦੂਆਂ ਦੀਆਂ ਬਹੂ-ਬੇਟੀਆਂ ਨੂੰ ਕੈਦ ਕਰਕੇ ਆਪਣੇ ਨਾਲ ਲੈ ਜਾਂਦਾ ਸੀ ਤਾਂ ਰਸਤੇ ਵਿੱਚ ਸਿੱਖ ਉਸਦਾ ਮੁਕਾਬਲਾ ਕਰਕੇ ਬਹੂ ਬੇਟੀਆਂ ਨੂੰ ਅਬਦਾਲੀ ਦੀ ਕੈਦ ਤੋਂ ਛੁਡਾ ਕੇ ਉਨ੍ਹਾਂ ਦੇ ਘਰੀਂ ਪਹੁੰਚਾ ਕੇ ਆਉਂਦੇ ਸਨ।
ਹਰਮਿੰਦਰ ਸਿੰਘ ਨੇ ਫੇਸਬੁੱਕ ਉੱਤੇ ਇੱਕ ਪੋਸਟ ਪਾ ਕੇ ਕਿਹਾ ਸੀ ਕਿ ਜੇਕਰ ਕੋਈ ਕਸ਼ਮੀਰੀ ਔਰਤ ਜਾਂ ਮਰਦ ਮੁਸ਼ਕਿਲ ਵਿੱਚ ਹੈ ਉਹ ਉਸ ਨਾਲ ਸੰਪਰਕ ਕਰ ਸਕਦੇ ਹਨ। ਇਸ ਪੋਸਟ ਤੋਂ ਬਾਅਦ ਪੂਨੇ ਤੋਂ ਰੁਕੱਈਆ ਕਿਰਮਾਨੀ ਨਾਂ ਦੀ ਕਸ਼ਮੀਰੀ ਸਮਾਜਿਕ ਕਾਰਕੁੰਨ ਔਰਤ ਦਾ ਉਸਨੂੰ ਫੋਨ ਆਇਆ ਕਿ ਉਸ ਨਾਲ 32 ਕਸ਼ਮੀਰੀ ਕੁੜੀਆਂ ਹਨ ਜੋ ਸੋਸ਼ਲ ਮੀਡੀਆ ਉੱਤੇ ਕਸ਼ਮੀਰੀ ਲੜਕੀਆਂ ਬਾਰੇ ਆ ਰਹੀਆਂ ਮਾੜੀਆਂ ਟਿੱਪਣੀਆਂ ਕਾਰਨ ਪਰੇਸ਼ਾਨ ਹਨ। ਹਰਮਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੇ ਲੜਕੀ ਨੂੰ ਫੇਸਬੁੱਕ ਉੱਤੇ ਕੋਈ ਆਪਣਾ ਬੈਂਕ ਖਾਤਾ ਦੇਣ ਬਾਰੇ ਕਿਹਾ। ਜਦੋਂ ਲੜਕੀ ਨੇ ਕਿਸੇ ਜਾਣਕਾਰ ਦਾ ਖਾਤਾ ਹਰਮਿੰਦਰ ਸਿੰਘ ਦੀ ਪੋਸਟ ਉੱਤੇ ਪਾ ਦਿੱਤਾ ਤੇ ਹਰਮਿੰਦਰ ਸਿੰਘ ਨੇ ਮਨੁੱਖਤਾ ਦਾ ਭਲਾ ਚਾਹੁਣ ਵਾਲੇ ਲੋਕਾਂ ਅੱਗੇ ਫਰਿਆਦ ਕੀਤੀ ਕਿ ਇਨ੍ਹਾਂ ਬੱਚੀਆਂ ਦੀ ਮਦਦ ਕੀਤੀ ਜਾਵੇ। ਕੁਝ ਲੋਕਾਂ ਨੇ ਉਸ ਬੈਂਕ ਖਾਤੇ ਵਿੱਚ ਪੈਸੇ ਪਾ ਦਿੱਤੇ ਜਿਨ੍ਹਾਂ ਵਿੱਚ ਸਭ ਤੋਂ ਵਧ ਮਦਦ ਜਗਤਾਰ ਸਿੰਘ ਨਾਂ ਦੇ ਸਿੱਖ ਵਿਅਕਤੀ ਨੇ ਕੀਤੀ।
ਪੈਸਿਆਂ ਦਾ ਇੰਤਜ਼ਾਮ ਹੋਣ ਤੋਂ ਬਾਅਦ ਹਰਮਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਾਰੀਆਂ ਕਸ਼ਮੀਰੀ ਲੜਕੀਆਂ ਨੂੰ ਹਵਾਈ ਜਹਾਜ਼ ਦੁਆਰਾ ਸ੍ਰੀ ਨਗਰ ਲੈ ਕੇ ਪਹੁੰਚ ਗਏ। ਸ੍ਰੀ ਨਗਰ ਪਹੁੰਚਣ ਤੋਂ ਬਾਅਦ ਇਨ੍ਹਾਂ ਬਹਾਦਰ ਜਵਾਨਾਂ ਨੇ ਫੌਜ ਦੀ ਮਦਦ ਨਾਲ ਇਨ੍ਹਾਂ ਬੱਚੀਆਂ ਨੂੰ ਘਰ-ਘਰ ਪਹੁੰਚਾਉਣਾ ਸ਼ੁਰੂ ਕੀਤਾ। ਰਸਤੇ ਵਿੱਚ ਇਨ੍ਹਾਂ ਨੂੰ ਕਈਆਂ ਮੁਸ਼ਿਕਲਾਂ ਦਾ ਸਾਹਮਣਾ ਕਰਨ ਪਿਆ ਪ੍ਰੰਤੂ ਨਿਡਰ ਹੋ ਕੇ ਇਨ੍ਹਾਂ ਇਹ ਜੋਖਮ ਭਰਿਆ ਕੰਮ ਸਿਰੇ ਚਾੜ੍ਹਿਆ ਅਤੇ ਗੁਰੂ ਦੇ ਸੱਚੇ ਸਿੱਖ ਹੋਣ ਦਾ ਸਬੂਤ ਦਿੱਤਾ।
ਸੋਪਿਆ ਇੱਕ ਅਜਿਹਾ ਸਥਾਨ ਹੈ ਜਿੱਥੇ ਹਰ ਕੋਈ ਜਾਣ ਤੋਂ ਡਰਦਾ ਹੈ। ਪ੍ਰੰਤੂ ਇਨ੍ਹਾਂ ਬਹਾਦਰਾਂ ਅੱਗੇ ਸਿਰ ਝੁਕਦਾ ਹੈ ਜਦੋਂ ਇਹ ਵੀਰ ਬਹਾਦਰ ਅਜਿਹੇ ਸਥਾਨ ਉੱਤੇ ਵੀ ਬੇਟੀਆਂ ਨੂੰ ਆਪਣੇ ਮਾਂ-ਪਿਓ ਕੋਲ ਛੱਡ ਕੇ ਆਏ। ਕਈ ਸਥਾਨਾਂ ਉੱਤੇ ਲੋਕ ਪੱਥਰ ਹੱਥ ਵਿੱਚ ਲੈ ਕੇ ਖੜ੍ਹੇ ਸਨ ਪ੍ਰੰਤੂ ਉਨ੍ਹਾਂ ਲੋਕਾਂ ਨੂੰ ਇਨ੍ਹਾਂ ਸਿੱਖ ਨੌਜਵਾਨਾਂ ਨੇ ਕਿਹਾ ਕਿ ਅਸੀਂ ਇਨ੍ਹਾਂ ਬੇਟੀਆਂ ਨੂੰ ਇਨ੍ਹਾਂ ਦੇ ਘਰ ਪਹੁੰਚਾਉਣ ਆਏ ਹਾਂ ਤਾਂ ਉਨ੍ਹਾਂ ਪੱਥਰ ਫੜੀ ਵਿਅਕਤੀਆਂ ਨੇ ਇਨ੍ਹਾਂ ਦੀ ਗੱਡੀ ਨੂੰ ਸੁਰੱਖਿਅਤ ਜਾਣ ਦਿੱਤਾ।
ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਜਿੱਥੇ ਇੱਕ ਪਾਸੇ ਕੇਂਦਰੀ ਹਾਕਮ ਬੇਟੀ ਬਚਾਓ ਦੇ ਨਾਹਰੇ ਤਹਿਤ ਵੀ ਬੇਟੀਆਂ ਦੀ ਰੱਖਿਆ ਨਹੀਂ ਕਰ ਪਾਉਂਦੇ, ਦੂਸਰੇ ਪਾਸੇ ਅਜਿਹੇ ਨੌਜਵਾਨ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਵੀ ਬੇਟੀਆਂ ਬਚਾਉਣ ਦਾ ਅਸਲੀ ਫਰਜ਼ ਨਿਭਾਉਂਦੇ ਹਨ। ਸਾਡੇ ਸਮਾਜ ਦੀ ਤਰਾਸਦੀ ਇਹ ਹੈ ਕਿ ਇਨ੍ਹਾਂ ਨੌਜਵਾਨਾਂ ਦੇ ਕੀਤੇ ਕੰਮ ਨੂੰ ਸਲਾਮ ਕਰਨ ਦੀ ਬਜਾਏ ਘੱਟ ਮਾਨਸਿਕਤਾ ਵਾਲੇ ਲੋਕ ਇਨ੍ਹਾਂ ਨੂੰ ਆਤੰਕਵਾਦੀਆਂ ਦੇ ਏਜੰਟ ਕਹਿ ਰਹੇ ਹਨ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਧਮਕੀਆਂ ਦੇ ਰਹੇ ਹਨ। ਅਜਿਹੇ ਸਮਾਜ ਵਿਰੋਧੀ ਤੱਤ ਹੀ ਲੋਕ ਭਲਾਈ ਦੇ ਕੰਮਾਂ ਵਿੱਚ ਰੁਕਾਵਟਾਂ ਪਾਉਂਦੇ ਹਨ, ਜੋ ਸਮਾਜ ਦੇ ਨਾਂ ਉੱਤੇ ਕਲੰਕ ਹਨ। ਪ੍ਰੰਤੂ ਸਾਡੀਆਂ ਹਾਕਮ ਧਿਰਾਂ ਤਾਂ ਅਜਿਹੇ ਵਿਰੋਧੀ ਤੱਤਾਂ ਨੂੰ ਸਨਮਾਨਿਤ ਕਰਦੀਆਂ ਹਨ। ਅੰਤ ਵਿੱਚ ਅਸੀਂ ਅਜਿਹੇ ਬਹਾਦਰਾਂ ਨੂੰ ਸਲਾਮ ਕਰਦੇ ਹਾਂ ਜੋ ਸਰਵ-ਸਾਂਝੀਵਾਲਤਾ ਦੇ ਸੰਦੇਸ਼ ਨੂੰ ਫੈਲਾਉਂਦੇ ਹਨ ਅਤੇ ਲਿਤਾੜੇ ਜਾ ਰਹੇ ਘੱਟ ਗਿਣਤੀਆਂ ਦੇ ਹੱਕਾਂ ਵਿੱਚ ਖੜ੍ਹ ਕੇ ਹਾਕਮ ਧਿਰ ਦੇ ਕੀਤੇ ਲੋਕ ਵਿਰੋਧੀ ਕੰਮਾਂ ਨੂੰ ਵੰਗਾਰਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1712)
(ਸਰੋਕਾਰ ਨਾਲ ਸੰਪਰਕ ਲਈ: