HarnandSBhullar7ਅੱਜ ਯੁਕਰੇਨ ਵਾਸੀ ਤਬਾਹ ਹੋ ਰਹੇ ਹਨ, ਦੇਸ਼ ਦੇ ਕੁਦਰਤੀ ਸੋਮੇ ਬਰਬਾਦ ...
(7 ਮਾਰਚ 2022)
ਇਸ ਸਮੇਂ ਮਹਿਮਾਨ: 138.


ਦੋ ਵਿਸ਼ਵ ਸ਼ਕਤੀਆਂ
, ਅਮਰੀਕਾ ਅਤੇ ਰੂਸ ਦੀ ਹੈਂਕੜਬਾਜ਼ੀ ਦਾ ਸ਼ਿਕਾਰ ਯੁਕਰੇਨ ਅੱਜ ਅੱਗ ਵਿੱਚ ਸੜ ਰਿਹਾ ਹੈ। ਜੰਗ ਕਾਰਨ ਲੱਖਾਂ ਲੋਕ ਘਰ-ਬਾਰ ਛੱਡ ਕੇ ਗੁਆਂਢੀ ਮੁਲਕ ਰੋਮਾਨੀਆ, ਹੰਗਰੀ, ਪੋਲੈਂਡ ਅਤੇ ਸਲੋਵਾਕੀਆ ਦੀਆਂ ਸਰਹੱਦਾਂ ਪਾਰ ਕਰਕੇ ਸ਼ਰਨਾਰਥੀਆਂ ਦੇ ਰੂਪ ਵਿੱਚ ਪਨਾਹ ਲੈਣ ਲਈ ਮਜਬੂਰ ਹਨ। ਹੁਣ ਤਕ ਜੰਗ ਵਿੱਚ ਬਹੁਤ ਸਾਰੇ ਸੈਨਿਕ ਅਤੇ ਆਮ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਹਨ। ਸਾਡੇ ਦੇਸ਼ ਦੇ ਵੀ ਵੀਹ ਹਜ਼ਾਰ ਦੇ ਲਗਭਗ ਲੋਕ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਐੱਮਬੀਬੀਐੱਸ ਦੇ ਵਿਦਿਆਰਥੀ ਹਨ, ਯੁਕਰੇਨ ਵਿੱਚ ਫਸੇ ਹੋਏ ਹਨ। ਇਨ੍ਹਾਂ ਵਿੱਚੋਂ ਕੁਝ ਤਾਂ ਗੁਆਂਢੀ ਮੁਲਕਾਂ ਦੀਆਂ ਸਰਹੱਦਾਂ ਤਕ ਪਹੁੰਚ ਕਰਨ ਵਾਲਿਆਂ ਨੂੰ ਭਾਰਤ ਲਿਆਂਦਾ ਜਾ ਚੁੱਕਾ ਹੈ ਪ੍ਰੰਤੂ ਬਹੁਤ ਸਾਰੇ ਵਿਦਿਆਰਥੀ ਅਜੇ ਵੀ ਮੌਤ ਦੇ ਸਾਏ ਹੇਠ ਬੰਕਰਾਂ ਜਾਂ ਜ਼ਮੀਨਦੋਜ਼ ਮੈਟਰੋ ਸਟੇਸ਼ਨਾਂ ਵਿੱਚ ਪਨਾਹ ਲਈ ਬੈਠੇ ਹਨ। ਇਨ੍ਹਾਂ ਕੋਲ ਪਾਣੀ ਅਤੇ ਖਾਣ ਵਾਲੀਆਂ ਵਸਤੂਆਂ ਦੀ ਕਮੀ ਹੋ ਰਹੀ ਹੈ। ਯੁਕਰੇਨ ਦੇ ਸ਼ਹਿਰ ਖਾਰਕੀਵ ਵਿੱਚ ਹੋਈ ਰੂਸੀ ਗੋਲਾਬਾਰੀ ਦੌਰਾਨ ਕਰਨਾਟਕ ਰਾਜ ਦੇ ਨਵੀਨ ਸ਼ੇਖਰੱਪਾ ਨਾਂ ਦੇ ਵਿਦਿਆਰਥੀ ਦੀ ਮੌਤ ਵੀ ਹੋ ਚੁੱਕੀ ਹੈ।

ਹੱਸਦੇ-ਵਸਦੇ ਯੁਕਰੇਨ ਦੇ ਤਬਾਹ ਹੋ ਰਹੇ ਘਰਾਂ ਅਤੇ ਇਮਾਰਤਾਂ ਦੀਆਂ ਤਸਵੀਰਾਂ ਡਰਾਉਣ ਵਾਲੀਆਂ ਹਨ। ਜਿਨ੍ਹਾਂ ਲੋਕਾਂ ਨੇ ਸਾਲਾਂ ਦੀ ਮਿਹਨਤ ਨਾਲ ਘਰ ਬਣਾਏ, ਉਹ ਘਰ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਤਬਾਹ ਹੋ ਰਹੇ ਹਨ ਪਰ ਉਹ ਬੇਵੱਸ ਹਨ। ਬੇਗੁਨਾਹ ਲੋਕਾਂ ਦੀਆਂ ਲਹੂ ਭਿੱਜੀਆਂ ਤਸਵੀਰਾਂ ਹੰਕਾਰੀ ਮਾਨਸਿਕਤਾ ਦੇ ਡੰਗੇ ਹਾਕਮਾਂ ਨੂੰ ਸਵਾਲ ਕਰਦੀਆਂ ਹਨ ਕਿ ਸਾਡਾ ਗੁਨਾਹ ਕੀ ਹੈ? ਜ਼ਖਮੀ ਹੋਏ ਨੰਨ੍ਹੇ-ਮੁੰਨ੍ਹੇ ਬੱਚਿਆਂ ਦੇ ਕੁਰਲਾਉਣ ਦੀਆਂ ਅਵਾਜ਼ਾਂ ਵੀ ਸਾਮਰਾਜੀ ਸੋਚ ਵਾਲਿਆਂ ਦੇ ਦਿਲਾਂ ’ਤੇ ਅਸਰ ਨਹੀਂ ਕਰ ਰਹੀਆਂ।

ਜੰਗ ਦੇ ਵਪਾਰੀ ਯੁੱਧ ਨੂੰ ਇੱਕ ਖੇਡ ਦੀ ਤਰ੍ਹਾਂ ਸਮਝਦੇ ਹਨ। ਪਰ ਉਹ ਇਹ ਨਹੀਂ ਸੋਚਦੇ ਕਿ ਇਹ ਖੇਡ ਲੱਖਾਂ ਲੋਕਾਂ ਦਾ ਕਬਰਸਤਾਨ ਪੈਦਾ ਕਰਦੀ ਹੈ। ਉਨ੍ਹਾਂ ਦਾ ਮਕਸਦ ਕੇਵਲ ਬਾਰੂਦੀ ਹਥਿਆਰਾਂ ਦਾ ਵਪਾਰ ਕਰਨਾ ਹੈ। ਇੱਥੇ ਯੁੱਧ ਦਾ ਵਪਾਰ ਕਰਨ ਵਾਲਿਆਂ ਨੂੰ ਸਵਾਲ ਹੈ ਕਿ ਕੁਦਰਤ ਦੁਆਰਾ ਪੈਦਾ ਕੀਤੀ ਖ਼ਲਕਤ ਦੀ ਹੋਣੀ ਲਿਖਣ ਵਾਲੇ ਇਹ ਲੋਕ ਕੌਣ ਹੁੰਦੇ ਹਨ? ਮਨੁੱਖ ਦੀ ਜ਼ਿੰਦਗੀ ਨੂੰ ਇੰਨੀ ਸਸਤੀ ਕਰਨ ਦਾ ਹੱਕ ਇਨ੍ਹਾਂ ਲੋਕਾਂ ਨੂੰ ਕਿਸ ਨੇ ਦਿੱਤਾ ਹੈ? ਕੀ ਅਮਰੀਕਾ ਵਰਗੇ ਦੇਸ਼ ਜਪਾਨ ਦੇ ਹੀਰੋਸ਼ੀਮਾ ਅਤੇ ਨਾਗਸਾਕੀ ਸ਼ਹਿਰਾਂ ਦੀ ਤਬਾਹੀ ਨੂੰ ਭੁੱਲ ਚੁੱਕੇ ਹਨ ਜਿੱਥੇ ਪਲਾਂ ਵਿੱਚ ਹੀ ਮਨੁੱਖ ਤੇ ਰੁੱਖ ਸੁਆਹ ਬਣ ਗਏ ਸਨ? ਦਰਅਸਲ, ਅੱਜ ਪਰਮਾਣੂ ਹਥਿਆਰਾਂ ਦੀ ਤਕਨਾਲੋਜੀ ਹੀਰੋਸ਼ੀਮਾ ਤੇ ਨਾਗਾਸਾਕੀ ਤੋਂ ਕਿਤੇ ਵੱਧ ਵਿਕਸਤ ਹੋ ਚੁੱਕੀ ਹੈ। 2019 ਵਿੱਚ ਅਮਰੀਕੀ ਯੂਨੀਵਰਸਿਟੀ ਕੋਲੋਰਾਡੋ ਤੇ ਹਿਊਟਗਰੇਜ ਵੱਲੋਂ ਭਾਰਤ ਤੇ ਪਾਕਿਸਤਾਨ ਵਿੱਚ ਸੰਭਾਵੀ ਯੁੱਧ ਸੰਬੰਧੀ ਕੀਤੇ ਗਏ ਇੱਕ ਅਧਿਐਨ ਵਿੱਚ ਦਰਸਾਇਆ ਸੀ ਕਿ ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ 5 ਕਰੋੜ ਤੋਂ ਲੈ ਕੇ 12.50 ਕਰੋੜ ਲੋਕਾਂ ਦੀ ਜਾਨ ਜਾ ਸਕਦੀ ਹੈ। ਖੋਜਾਰਥੀਆਂ ਅਨੁਸਾਰ ਜੰਗ ਨਾਲ ਸਿਰਫ ਉਨ੍ਹਾਂ ਥਾਂਵਾਂ ਨੂੰ ਹੀ ਨੁਕਸਾਨ ਨਹੀਂ ਹੋਵੇਗਾ ਜਿੱਥੇ ਪਰਮਾਣੂ ਬੰਬ ਡਿੱਗਣਗੇ, ਸਗੋਂ ਪੂਰੀ ਦੁਨੀਆ ਪ੍ਰਭਾਵਿਤ ਹੋਵੇਗੀ। ਇਸ ਨਾਲ ਹੀ ਇਹ ਜੰਗ ਪੂਰੀ ਦੁਨੀਆਂ ਨੂੰ ਜਲਵਾਯੂ ਪਰਿਵਰਤਨ ਨਾਲ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਵੱਲ ਲੈ ਜਾਵੇਗੀ। ਇਸ ਤਰ੍ਹਾਂ ਅਜੋਕੇ ਹਥਿਆਰ ਲਗਾਤਾਰ ਵਿਕਸਤ ਹੋ ਰਹੇ ਹਨ, ਜਿਨ੍ਹਾਂ ਨੂੰ ਪਿਛਲਿਆਂ ਨਾਲੋਂ ਵੀ ਵੱਧ ਮਾਰੂ ਬਣਾਉਣ ਦੀ ਦੌੜ ਲੱਗੀ ਹੋਈ ਹੈ। ਅਜੋਕੀ ਜੰਗ ਦੀ ਭਿਆਨਕ ਤਸਵੀਰ ਕੀ ਹੋਵੇਗੀ, ਇਹ ਸਾਰੇ ਚੰਗੀ ਤਰ੍ਹਾਂ ਸਮਝ ਸਕਦੇ ਹਨ।

ਅਸੀਂ ਰੂਸ ਦੁਆਰਾ ਯੁਕਰੇਨ ਵਿੱਚ ਕੀਤੀ ਫੌਜੀ ਕਾਰਵਾਈ ਦੀ ਕਦੇ ਵੀ ਹਿਮਾਇਤ ਨਹੀਂ ਕਰ ਸਕਦੇ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਇਸ ਪਿੱਛੇ ਜ਼ਿੰਮੇਵਾਰ ਕਿਹੜੀ ਤਾਕਤ ਹੈ? ਇਤਿਹਾਸ ’ਤੇ ਪੰਛੀ ਝਾਤ ਮਾਰਿਆ ਪਤਾ ਲੱਗਦਾ ਹੈ ਕਿ ਯੁਕਰੇਨ ਜ਼ਾਰਸ਼ਾਹੀ ਸਮੇਂ ਤੋਂ ਰੂਸ ਦਾ ਹਿੱਸਾ ਰਿਹਾ ਸੀ, ਪ੍ਰੰਤੂ 1991 ਵਿੱਚ ਸੋਵੀਅਤ ਸੰਘ ਦੇ ਟੁੱਟਣ ਮਗਰੋਂ ਉਹ ਆਜ਼ਾਦ ਦੇਸ਼ ਵਜੋਂ ਹੋਂਦ ਵਿੱਚ ਆਇਆ। ਸੋਵੀਅਤ ਸੰਘ ਤੋਂ ਵੱਖ ਹੋਏ ਦੇਸ਼ਾਂ ਨੂੰ ਅਮਰੀਕਾ ਤੇ ਯੂਰਪੀ ਦੇਸ਼ਾਂ ਨੇ ਨਾਟੋ ਦਾ ਹਿੱਸਾ ਬਣਾਉਣਾ ਸ਼ੁਰੂ ਕਰ ਦਿੱਤਾ। ਇਹ ਦੇਸ਼ ਯੁਕਰੇਨ ਨੂੰ ਵੀ ਉਸਦੀ ਭਲਾਈ ਦੇ ਨਾਂ ’ਤੇ ਰੂਸ ਖ਼ਿਲਾਫ਼ ਭੜਕਾਉਂਦੇ ਰਹੇ। ਉਹ ਯੁਕਰੇਨ ਨੂੰ ਨਾਟੋ ਵਿੱਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਹੁਣ ਰੂਸ 1991 ਵਾਲਾ ਦੇਸ਼ ਨਹੀਂ ਰਿਹਾ। ਵਲਾਦੀਮੀਰ ਪੁਤਿਨ ਤੋਂ ਬਾਅਦ ਉਹ ਵੀ ਸਾਮਰਾਜੀ ਸੋਚ ਦਾ ਮਾਲਕ ਬਣ ਗਿਆ ਹੈ। ਰੂਸ ਯੁਕਰੇਨ ਨੂੰ ਨਾਟੋ ਦਾ ਹਿੱਸਾ ਬਣਦਾ ਨਹੀਂ ਵੇਖਣਾ ਚਾਹੁੰਦਾ। ਪ੍ਰੰਤੂ ਯੁਕਰੇਨ ਦਾ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ’ਤੇ ਰੂਸ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ। ਉਹ ਲਗਾਤਾਰ ਨਾਟੋ ਦੇਸ਼ਾਂ ਦਾ ਹਿੱਸਾ ਬਣਨ ਦੇ ਨੇੜੇ ਜਾ ਰਿਹਾ ਸੀ। ਇਸ ਤਰ੍ਹਾਂ ਜਦੋਂ ਯੁਕਰੇਨ ਕਿਸੇ ਵੀ ਪੱਖੋਂ ਮੰਨਣ ਲਈ ਤਿਆਰ ਨਹੀਂ ਸੀ ਤਾਂ ਰੂਸ ਨੇ ਯੁਕਰੇਨ ’ਤੇ ਹਮਲਾ ਕਰ ਦਿੱਤਾ।

ਦਰਅਸਲ, ਅਮਰੀਕਾ ਦੀ ਨੀਤੀ ਹਮੇਸ਼ਾ ਹੀ ਛੋਟੇ ਦੇਸ਼ਾਂ ਨੂੰ ਅੱਗ ਵਿੱਚ ਝੋਕਣ ਵਾਲੀ ਰਹੀ ਹੈ। ਇਸ ਤੋਂ ਪਹਿਲਾਂ ਦੀ ਤਸਵੀਰ ਅਫਗਾਨਿਸਤਾਨ, ਇਰਾਕ, ਸੀਰੀਆ ਅਤੇ ਦੱਖਣੀ ਅਮਰੀਕਾ ਦੇ ਚਿੱਲੀ ਵਰਗੇ ਦੇਸ਼ਾਂ ਤੋਂ ਲਈ ਜਾ ਸਕਦੀ ਹੈ। ਇਸਦਾ ਮੁੱਖ ਮਕਸਦ ਛੋਟੇ ਦੇਸ਼ਾਂ ਵਿੱਚ ਆਪਣੀਆਂ ਕਠਪੁਤਲੀ ਸਰਕਾਰਾਂ ਬਣਾ ਕੇ ਕੇਵਲ ਉੱਥੋਂ ਦੇ ਕੁਦਰਤੀ ਸੋਮਿਆਂ ਦੀ ਲੁੱਟ ਖਸੁੱਟ ਕਰਨ ਤੋਂ ਵੱਧ ਹੋਰ ਕੁਝ ਨਹੀਂ। ਅੱਜ ਯੁਕਰੇਨ ਵਰਗੇ ਦੇਸ਼ਾਂ ਨੂੰ ਕੂਟਨੀਤੀ ਤੋਂ ਕੰਮ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਰੂਸ ਉਸ ਦਾ ਗੁਆਂਢੀ ਦੇਸ਼ ਹੈ ਅਤੇ ਜ਼ਿਆਦਾਤਰ ਰੂਸ ਪੱਖੀ ਸੱਭਿਆਚਾਰ ਦੇ ਲੋਕ ਹੀ ਉਸ ਦੇ ਵਾਸੀ ਹਨ। ਇਸ ਸਮੇਂ ਅਮਰੀਕਾ ਤੇ ਉਸ ਦੇ ਭਾਈਵਾਲ ਦੇਸ਼ਾਂ ਨੇ ਯੁਕਰੇਨ ਨੂੰ ਇਕੱਲਾ ਲੜਾਈ ਵਿੱਚ ਛੱਡ ਦਿੱਤਾ ਹੈ। ਯੁਕਰੇਨ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਣੀ ਚਾਹੀਦੀ ਹੈ ਕਿ ਕੱਲ੍ਹ ਤਕ ਜਿਹੜਾ ਅਮਰੀਕਾ ਉਸ ਨਾਲ ਖੜ੍ਹੇ ਹੋਣ ਦਾ ਦਾਅਵਾ ਕਰਦਾ ਸੀ, ਉਹ ਅੱਜ ਆਪਣੀ ਫ਼ੌਜ ਭੇਜਣ ਤੋਂ ਕਿਉਂ ਇਨਕਾਰੀ ਹੋ ਰਿਹਾ ਹੈ?

ਕੁਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਜੰਗ ਬੰਦ ਕਰਨ ਦਾ ਇੱਕੋ ਇੱਕ ਹੱਲ ਯੁਕਰੇਨ ਦੁਆਰਾ ਰੂਸ ਨਾਲ ਸਮਝੌਤਾ ਕਰਨ ਦਾ ਹੈ। ਅੱਜ ਯੁਕਰੇਨ ਵਾਸੀ ਤਬਾਹ ਹੋ ਰਹੇ ਹਨ, ਦੇਸ਼ ਦੇ ਕੁਦਰਤੀ ਸੋਮੇ ਬਰਬਾਦ ਹੋ ਰਹੇ ਹਨ, ਉਸ ਦੀਆਂ ਮਿਹਨਤ ਨਾਲ ਤਿਆਰ ਕੀਤੀਆਂ ਇਮਾਰਤਾਂ ਢਹਿ ਢੇਰੀ ਹੋ ਰਹੀਆਂ ਹਨ। ਇਸ ਲਈ ਆਪਣੇ ਲੋਕਾਂ ਦਾ ਅਤੇ ਦੇਸ਼ ਦਾ ਕਬਰਸਤਾਨ ਬਣਨ ਤੋਂ ਰੋਕਣ ਲਈ ਜ਼ਰੂਰੀ ਹੈ ਕਿ ਯੁਕਰੇਨ ਰੂਸ ਨਾਲ ਸ਼ਾਂਤੀ ਸਮਝੌਤਾ ਕਰੇ। ਰੂਸ ਨੂੰ ਵੀ ਆਪਣੀ ਹੰਕਾਰੀ ਅਤੇ ਸਾਮਰਾਜ ਪੱਖੀ ਸੋਚ ਛੱਡ ਕੇ ਯੁਕਰੇਨ ਨਾਲ ਸ਼ਾਂਤੀ ਸਮਝੌਤੇ ਵੱਲ ਹੱਥ ਵਧਾਉਣਾ ਚਾਹੀਦਾ ਹੈ। ਇਸਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਯੁਕਰੇਨ ਦੇ ਲੋਕ ਕਿਸੇ ਸਮੇਂ ਰੂਸ ਦਾ ਹੀ ਹਿੱਸਾ ਰਹੇ ਹਨ ਅਤੇ ਅੱਜ ਵੀ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਰੂਸ ਵਾਲੀਆਂ ਹੀ ਹਨ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3412)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਹਰਨੰਦ ਸਿੰਘ ਬੱਲਿਆਂਵਾਲਾ

ਹਰਨੰਦ ਸਿੰਘ ਬੱਲਿਆਂਵਾਲਾ

Balleyan Wala, Tarn Taran, Punjab, India.
Phone: (91 - 70870 - 70050)
Email: (harnandbhullar124@gmail.com)

More articles from this author