HarnandSBhullar7ਪੂੰਜੀਵਾਦ ਦੇ ਫੈਲਾਅ ਨੇ ਸਾਡੇ ਸਾਹਮਣੇ ਛੋਟੀਆਂ ਵਸਤਾਂ ਤੋਂ ਲੈ ਕੇ ਵੱਡੀਆਂ ਵਸਤਾਂ ਦੇ ਅੰਬਾਰ ...
(15 ਜੁਲਾਈ 2020)

 

ਕੁਦਰਤੀ ਦੀ ਗੋਦ ਵਿੱਚ ਵਿਚਰਦਿਆਂ ਅਸੀਂ ਦਿਨ-ਰਾਤ, ਗਰਮੀ-ਸਰਦੀ, ਬਹਾਰ-ਪੱਤਝੜ ਆਦਿ ਵਰਤਾਰਿਆਂ ਵਿੱਚ ਜਿੰਦਗੀ ਗੁਜ਼ਾਰਦੇ ਹਾਂ। ਮੀਂਹ, ਹਨੇਰੀ, ਝੱਖੜ, ਤੂਫਾਨ, ਹੜ੍ਹ ਆਦਿ ਕੁਦਰਤੀ ਆਫ਼ਤਾਂ ਦਾ ਵੀ ਸਾਹਮਣਾ ਇਨਸਾਨ ਨੂੰ ਕਰਨਾ ਪੈਂਦਾ ਹੈ। ਜਿਸ ਤਰ੍ਹਾਂ ਕੁਦਰਤ ਆਪਣੇ ਰੰਗ ਬਦਲਦੀ ਹੈ, ਇਸੇ ਤਰ੍ਹਾਂ ਹੀ ਮਨੁੱਖੀ ਜੀਵਨ ਕਈ ਰੰਗਾਂ ਨਾਲ ਭਰਿਆ ਹੋਇਆ ਹੈ। ਇਹ ਰੰਗ ਹਨ: ਦੁੱਖ-ਸੁੱਖ, ਖੁਸ਼ੀ-ਗ਼ਮੀ, ਹਾਰ-ਜਿੱਤ, ਫੇਲ-ਪਾਸ ਅਤੇ ਵਪਾਰਕ ਘਾਟਾ-ਵਾਧਾ। ਜ਼ਿੰਦਗੀ ਦੇ ਇਨ੍ਹਾਂ ਰੰਗਾਂ ਵਿੱਚੋਂ ਗੁਜ਼ਰਦਾ ਹੋਇਆ ਇਨਸਾਨ ਆਪਣਾ ਜੀਵਨ ਪੰਧ ਮੁਕਾਉਂਦਾ ਜਾਂਦਾ ਹੈ। ਮਾਨਸਿਕ ਪੱਖੋਂ ਮਜ਼ਬੂਤ ਲੋਕ ਔਖੇ ਰਾਹਾਂ ਨੂੰ ਆਪਣੇ ਦ੍ਰਿੜ੍ਹ ਇਰਾਦੇ ਨਾਲ ਆਸਾਨ ਬਣਾ ਲੈਂਦੇ ਹਨ, ਜਦੋਂਕਿ ਕਿ ਕਮਜ਼ੋਰ ਲੋਕ ਰਾਹਾਂ ਤੋਂ ਭਟਕਣ ਅਤੇ ਰਸਤਾ ਲੱਭ ਸਕਣ ਦੀ ਸਮਰੱਥਾ ਨਾ ਹੋਣ ਕਾਰਨ ਖ਼ੁਦਕੁਸ਼ੀ ਦੇ ਰਾਹ ਤੁਰ ਪੈਂਦੇ ਹਨ। ਅਜੋਕੇ ਸਮੇਂ ਹਰ ਰੋਜ਼ ਕਈ ਮਜ਼ਦੂਰ, ਕਿਸਾਨ, ਪੜ੍ਹੇ-ਲਿਖੇ ਬੇਰੋਜ਼ਗਾਰ ਨੌਜਵਾਨ ਅਤੇ ਪੜ੍ਹ ਰਹੇ ਵਿਦਿਆਰਥੀ ਖ਼ੁਦਕੁਸ਼ੀਆਂ ਕਰ ਰਹੇ ਹਨ।

ਖੁਦਕੁਸ਼ੀ ਕਰਨ ਪਿੱਛੇ ਬਹੁਤ ਸਾਰੇ ਕਾਰਨ ਛਿਪੇ ਹੋਏ ਹਨ। ਇਹ ਕਾਰਨ ਕਰਜ਼ਾ, ਬੇਰੁਜ਼ਗਾਰੀ, ਨਸ਼ਾ, ਚਿੰਤਾ, ਤਣਾਅ, ਵਪਾਰਕ ਘਾਟਾ, ਘਰੇਲੂ ਝਗੜੇ, ਹਾਰ ਦੀ ਪ੍ਰੇਸ਼ਾਨੀ ਅਤੇ ਪੇਪਰਾਂ ਵਿੱਚੋਂ ਨੰਬਰ ਘੱਟ ਆਉਣ ਜਾਂ ਫੇਲ ਹੋ ਜਾਣਾ ਆਦਿ। ਅੱਜ ਕਰਜ਼ੇ ਕਾਰਨ ਕਈ ਖੁਦਕੁਸ਼ੀ ਦੀਆਂ ਘਟਨਾਵਾਂ ਵਾਪਰਦੀਆਂ ਹਨ। ਆਖਿਰ ਸਾਨੂੰ ਕਰਜ਼ਾ ਕਿਉਂ ਚੁੱਕਣਾ ਪੈਂਦਾ ਹੈ? ਕੁਝ ਲੋਕ ਤਾਂ ਕਿਸੇ ਵੱਡੀ ਮਜ਼ਬੂਰੀ ਕਾਰਨ ਕਰਜ਼ਾ ਚੁੱਕਦੇ ਹਨ, ਪਰੰਤੂ ਕਈ ਆਪਣੀਆਂ ਖਾਹਿਸ਼ਾਂ ਪੂਰੀਆਂ ਕਰਨ ਲਈ ਕਰਜ਼ਾ ਚੁੱਕਦੇ ਹਨ। ਦਰਅਸਲ ਪੂੰਜੀਵਾਦ ਦੇ ਫੈਲਾਅ ਨੇ ਸਾਡੇ ਸਾਹਮਣੇ ਛੋਟੀਆਂ ਵਸਤਾਂ ਤੋਂ ਲੈ ਕੇ ਵੱਡੀਆਂ ਵਸਤਾਂ ਦੇ ਅੰਬਾਰ ਖੜ੍ਹੇ ਕਰ ਦਿੱਤੇ ਹਨ, ਜਿਨ੍ਹਾਂ ਨੂੰ ਖਰੀਦਣ ਲਈ ਜਿਆਦਾਤਰ ਅਸੀਂ ਆਮਦਨੀ ਤੋਂ ਵੱਧ ਖਰਚ ਕਰਦੇ ਹਾਂ। ਮਿਸਾਲ ਦੇ ਤੌਰ ’ਤੇ ਜਿਵੇਂ ਅੱਜ ਕਿਸੇ ਕੋਲ ਮੋਟਰਸਾਈਕਲ ਹੈ, ਪ੍ਰੰਤੂ ਕਿਸੇ ਯਾਰ ਦੋਸਤ ਜਾਂ ਆਂਢ-ਗੁਆਂਢ ਨੇ ਕਾਰ ਲੈ ਲਈ ਤਾਂ ਉਸਦਾ ਮਨ ਵੀ ਕਾਰ ਖਰੀਦਣ ਨੂੰ ਕਰੇਗਾ ਜੇਕਰ ਅਸੀਂ ਕਿਸੇ ਸੋਹਣੀ ਕੋਠੀ ਵੱਲ ਤੱਕਦੇ ਹਾਂ ਤਾਂ ਸਾਡਾ ਮਨ ਵੀ ਉਸ ਦੇ ਬਰਾਬਰ ਕੋਠੀ ਖੜ੍ਹੀ ਕਰਨ ਨੂੰ ਕਰਦਾ ਹੈ ਜਦੋਂ ਤੱਕ ਬੱਚਿਆਂ ਦੇ ਅਸੀਂ ਵਿਆਹ ਵਿੱਚ ਵਿੱਤੋਂ ਬਾਹਰਾ ਖਰਚ ਨਹੀਂ ਕਰਦੇ, ਉਦੋਂ ਤੱਕ ਸਾਡੇ ਮਨ ਨੂੰ ਚੈਨ ਨਹੀਂ ਆਉਂਦਾ। ਆਪਣੀਆਂ ਇੱਛਾਵਾਂ ਦੀ ਪੂਰਤੀ ਅਤੇ ਸਮਾਜਕ ਵਿਖਾਵੇ ਲਈ ਅਸੀਂ ਹਰ ਹਰਬਾ ਵਰਤਦੇ ਹਾਂ। ਕਹਿਣ ਦਾ ਭਾਵ ਕਿ ਬਾਜ਼ਾਰ ਵਿੱਚ ਆਈ ਹਰ ਨਵੀਂ ਵਸਤੂ ਨੂੰ ਅਸੀਂ ਆਪਣੇ ਘਰ ਦਾ ਸ਼ਿੰਗਾਰ ਬਣਿਆ ਦੇਖਣਾ ਚਾਹੁੰਦੇ ਹਾਂ, ਜਿਸ ਕਾਰਨ ਅਸੀਂ ਚਾਦਰ ਤੋਂ ਵੱਧ ਪੈਰ ਪਸਾਰਨ ਦੀ ਕੋਸ਼ਿਸ਼ ਕਰਦੇ ਹਾਂ। ਜੇਕਰ ਇਹ ਸਭ ਸਖ਼ਤ ਮਿਹਨਤ ਨਾਲ ਪ੍ਰਾਪਤ ਕੀਤਾ ਜਾਵੇ ਤਾਂ ਇਸਦਾ ਫਲ ਵੀ ਮਿੱਠਾ ਹੁੰਦਾ ਹੈ। ਸੱਚ ਤਾਂ ਇਹ ਹੈ ਕਿ ਜਿੰਨੀਆਂ ਵੱਡੀਆਂ ਇੱਛਾਵਾਂ ਅਸੀਂ ਪੈਦਾ ਕਰਦੇ ਹਾਂ, ਉੰਨੀਆਂ ਹੀ ਵੱਡੀਆਂ ਉਲਝਣਾਂ ਵਿੱਚ ਅਸੀਂ ਫਸਦੇ ਜਾਂਦੇ ਹਾਂ।

ਦੂਸਰਾ ਕਾਰਨ ਘਰੇਲੂ ਝਗੜੇ ਹਨ, ਜਿਨ੍ਹਾਂ ਪਿੱਛੇ ਵੀ ਜ਼ਿਆਦਾਤਰ ਲਾਲਚੀ ਭਾਵਨਾ ਕੰਮ ਕਰਦੀ ਹੈ। ਜਿਵੇਂ ਪੈਸੇ ਦੀ ਵੰਡ, ਜਮੀਨ ਦੀ ਵੰਡ, ਵਸਤੂਆਂ ਦੀ ਵੰਡ ਵਿੱਚ ਵਾਧਾ ਘਾਟਾ ਹੋਣਾ ਆਦਿ। ਜੇਕਰ ਲਾਲਚ ਛੱਡ ਅਸੀਂ ਮਿਲ ਜੁਲ ਕੇ ਰਹੀਏ ਤਾਂ ਅਜਿਹੀ ਨੌਬਤ ਕਦੇ ਵੀ ਨਹੀਂ ਆਉਂਦੀ। ਤੀਸਰਾ ਕਾਰਨ ਨਸ਼ਾ ਹੈ, ਜੋ ਸਾਡੇ ਸਮਾਜ ਨੂੰ ਕੋਹੜ ਵਾਂਗ ਚਿੰਬੜਿਆ ਹੋਇਆ ਹੈ। ਨਸ਼ਾ ਨਾ ਮਿਲਣ ਜਾਂ ਟੀਕਾ ਲਗਾਉਣ ਲੱਗੇ ਓਵਰਡੋਜ਼ ਹੋ ਜਾਣ ਕਾਰਨ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਨਸ਼ਾ ਕਰਨ ਦੇ ਕਾਰਨ ਮਾਨਸਿਕ ਪ੍ਰੇਸ਼ਾਨੀ, ਬੇਰੁਜ਼ਗਾਰੀ, ਆਰਥਿਕ ਪ੍ਰੇਸ਼ਾਨੀਆਂ ਹਨ। ਕਈ ਲੋਕ ਸ਼ੌਕੀਆ ਤੌਰ ’ਤੇ ਛੋਟਾ-ਮੋਟਾ ਨਸ਼ਾ ਕਰਦੇ ਕਰਦੇ ਖ਼ਤਰਨਾਕ ਨਸ਼ਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਨਸ਼ਿਆਂ ਦਾ ਵੱਡਾ ਕਾਰਨ ਨਸ਼ਿਆਂ ਤਕ ਆਸਾਨ ਪਹੁੰਚ ਵੀ ਹੈ ਨਸ਼ਿਆਂ ਤਕ ਪਹੁੰਚ ਆਸਾਨ ਹੋਣ ਕਰਕੇ ਕੋਈ ਵੀ ਰਾਹੋਂ ਭਟਕਿਆ ਇਸ ਵੱਲ ਜਲਦੀ ਆਕਰਸ਼ਤ ਹੋ ਸਕਦਾ ਹੈ। ਚੌਥਾ, ਵਪਾਰਕ ਘਾਟੇ ਕਾਰਨ ਵੀ ਖ਼ੁਦਕੁਸ਼ੀਆਂ ਹੋ ਜਾਂਦੀਆਂ ਹਨ। ਇੱਥੇ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਰੂਰੀ ਨਹੀਂ ਕਿ ਵਪਾਰਕ ਪੱਖੋਂ ਸਾਨੂੰ ਹਰ ਵਾਰ ਮੁਨਾਫਾ ਹੀ ਹੋਵੇ, ਇਸ ਵਿੱਚ ਘਾਟਾ ਵੀ ਸਹਿਣਾ ਪੈਂਦਾ ਹੈ ਕਿਉਂਕਿ ਵਪਾਰ ਕਿੱਤਾ ਹੀ ਅਜਿਹਾ ਹੈ, ਜੋ ਘਾਟੇ-ਵਾਧੇ ਨਾਲ ਜੁੜਿਆ ਹੋਇਆ ਹੈ।

ਪੰਜਵਾਂ ਕਾਰਨ ਵਿਦਿਆਰਥੀਆਂ ਵੱਲੋਂ ਪੇਪਰਾਂ ਵਿੱਚੋਂ ਨੰਬਰ ਘੱਟ ਆਉਣ ਜਾਂ ਫੇਲ ਹੋ ਜਾਣ ਕਾਰਨ ਖੁਦਕੁਸ਼ੀਆਂ ਕਰ ਜਾਣ ਦਾ ਹੈ। ਦਰਅਸਲ ਸਿੱਖਿਆ ਦਾ ਅਸਲ ਮਕਸਦ ਸਿਰਫ ਅੰਕ ਪ੍ਰਾਪਤੀ ਤੱਕ ਨਹੀਂ ਹੁੰਦਾ, ਬਲਕਿ ਮਾਨਸਿਕਤਾ ਦਾ ਵਿਕਾਸ ਕਰਕੇ ਗਿਆਨ ਵਿੱਚ ਵਾਧਾ ਕਰਨਾ, ਹੱਥਾਂ ਨਾਲ ਕੰਮ ਕਰਨ ਦਾ ਹੁਨਰ ਤੇ ਸਮਰੱਥਾ ਪ੍ਰਾਪਤ ਕਰਨਾ, ਜੀਵਨ ਅਨੁਭਵ ਅਤੇ ਵਿਹਾਰਕ ਗਿਆਨ ਨੂੰ ਵਧਾਉਣਾ ਹੈ। ਸਾਡੇ ਸਿੱਖਿਅਤ ਢਾਂਚੇ ਵਿੱਚ ਹੀ ਅਜਿਹੀ ਤਬਦੀਲੀ ਹੋਣੀ ਚਾਹੀਦੀ ਹੈ ਤਾਂ ਜੋ ਸਿੱਖਿਆ ਨੂੰ ਕੇਵਲ ਅੰਕ ਪ੍ਰਾਪਤੀ ਤੱਕ ਸੀਮਤ ਨਾ ਰੱਖਿਆ ਜਾਵੇ। ਕਹਿਣ ਦਾ ਭਾਵ ਸਿੱਖਿਆ ਦਾ ਮੁੱਖ ਮਕਸਦ ਸਿੱਖਿਅਕ ਗੁਣ ਗ੍ਰਹਿਣ ਕਰਨਾ ਹੋਣਾ ਚਾਹੀਦਾ ਹੈ ਨਾ ਕਿ ਵੱਧ ਤੋਂ ਵੱਧ ਨੰਬਰਾਂ ਦੀ ਪ੍ਰਾਪਤੀ।

ਖੁਦਕੁਸ਼ੀ ਰੋਕਣ ਲਈ ਸਾਡੇ ਦੇਸ਼ ਵਿੱਚ ਮਨੋਵਿਗਿਆਨਕ ਮਾਹਿਰਾਂ ਦੀ ਘਾਟ ਵੀ ਰੜਕਦੀ ਹੈ। ਲੋਕਾਂ ਨੂੰ ਮਾਨਸਿਕ ਪੀੜਾ ਵਿੱਚੋਂ ਕੱਢਣ ਲਈ ਮਨੋਵਿਗਿਆਨਕ ਮਾਹਿਰ ਜਾਂ ਡਾਕਟਰ ਪੈਦਾ ਕਰਨੇ ਜ਼ਰੂਰੀ ਹਨ। ਸਾਡੇ ਦੇਸ਼ ਦੇ ਲੋਕ ਤੰਗੀਆਂ ਤੁਰਸ਼ੀਆਂ ਵਿੱਚ ਜੀਵਨ ਬਤੀਤ ਕਰਦੇ ਹੋਏ ਕਈ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ, ਜਿਸ ਦਾ ਨਤੀਜਾ ਕਈ ਵਾਰ ਖੁਦਕੁਸ਼ੀਆਂ ਵਿੱਚ ਨਿਕਲਦਾ ਹੈ। ਮਨੋਵਿਗਿਆਨਕ ਮਾਹਿਰਾਂ ਦੀ ਘਾਟ ਕਾਰਨ ਲੋਕੀਂ ਮਾਨਸਿਕ ਪੀੜਾ ਨੂੰ ਕੋਈ ਸਰੀਰਕ ਬਿਮਾਰੀ ਸਮਝਦੇ ਹੋਏ ਆਮ ਡਾਕਟਰਾਂ ਕੋਲ ਇਲਾਜ ਕਰਵਾਉਣ ਲਈ ਚਲੇ ਜਾਂਦੇ ਹਨ, ਜੋ ਕੇਵਲ ਲੱਛਣਾਂ ਦਾ ਇਲਾਜ ਕਰਦੇ ਹਨ, ਜਦੋਂ ਕਿ ਬੀਮਾਰੀ ਦੇ ਅਸਲ ਕਾਰਨਾਂ ਨੂੰ ਸਮਝਦੇ ਨਹੀਂ। ਡਾਕਟਰ ਸ਼ਿਆਮ ਸੁੰਦਰ ਦੀਪਤੀ ਦੇ ਇੱਕ ਲੇਖ ਅਨੁਸਾਰ ਡਾਕਟਰ ਉਦਾਸੀ ਦਾ ਕਾਰਨ ਜਾਣਨ ਦੀ ਬਜਾਏ ਉਦਾਸੀ ਨੂੰ ਠੀਕ ਕਰਨ ਵਾਲੀ ਦਵਾਈ ਦਿੰਦੇ ਹਨ, ਨਾ ਕਿ ਰੋਕਣ ਵਾਲੀ। ਉਨ੍ਹਾਂ ਅਨੁਸਾਰ ਇਸ ਲਗਾਤਾਰਤਾ ਵਿੱਚ ਆਪਣੀ ਹੋਂਦ ਨੂੰ ਬੇਮਤਲਬ ਸਮਝਣਾ, ਕਿਸੇ ਤਰ੍ਹਾਂ ਦੀ ਕੋਈ ਆਸ-ਉਮੀਦ ਨਾ ਹੋਣੀ ਤੇ ਫਿਰ ‘ਜੀਣ ਦਾ ਕੀ ਫਾਇਦਾ’ ਵਰਗੇ ਖ਼ਿਆਲ ਹੀ ਖ਼ੁਦਕੁਸ਼ੀ ਵੱਲ ਜਾਣ ਦੀ ਨਿਸ਼ਾਨਦੇਹੀ ਕਰਦੇ ਹਨ।

ਖੁਦਕੁਸ਼ੀ ਕਰਨ ਪਿੱਛੇ ਉਪਰੋਕਤ ਦਰਸਾਏ ਮੁੱਖ ਕਾਰਨਾਂ ਤੋਂ ਛੁਟਕਾਰਾ ਪਾ ਕੇ ਸਾਨੂੰ ਜ਼ਿੰਦਗੀ ਜਿਊਣ ਦੇ ਅਸਲ ਮਕਸਦ ਨੂੰ ਸਮਝਣਾ ਚਾਹੀਦਾ ਹੈ। ਜ਼ਿੰਦਗੀ ਜਿਊਣ ਦੇ ਅਸਲ ਅਰਥ ਕਿ ਇਹ ਸੌਖਿਆਂ ਬਤੀਤ ਨਹੀਂ ਹੁੰਦੀ, ਇਸ ਦੇ ਰਾਹ ਸਿੱਧੇ ਤੇ ਪੱਧਰੇ ਨਹੀਂ ਹੁੰਦੇ, ਬਲਕਿ ਉੱਭੜ-ਖਾਬੜ ਹੁੰਦੇ ਹਨ। ਇਸ ਨੂੰ ਪਾਰ ਕਰਦਿਆਂ ਔਖੀਆਂ ਘਾਟੀਆਂ, ਉੱਚੀਆਂ ਪਹਾੜੀਆਂ, ਕੰਡਿਆਂ ਵਾਲੇ ਰਸਤੇ ਤੇ ਵਿਸ਼ਾਲ ਸਮੁੰਦਰ ਵੀ ਰਸਤੇ ਵਿੱਚ ਆਉਂਦੇ ਹਨ। ਜਿਹੜਾ ਨਿੱਡਰਤਾ ਨਾਲ ਹੱਸਦੇ ਹੋਏ ਇੱਕ-ਇੱਕ ਕਦਮ ਅੱਗੇ ਵਧਦਾ ਜਾਂਦਾ ਹੈ ਉਹ ਅਸਾਨੀ ਨਾਲ ਜੀਵਨ ਰੂਪੀ ਕਿਸ਼ਤੀ ਨੂੰ ਪਾਰ ਕਰ ਜਾਂਦਾ ਹੈ। ਜੋ ਇਸ ਤੋਂ ਡਰ ਕੇ ਢੇਰੀ ਢਾਹ ਲੈਂਦਾ ਹੈ, ਉਸ ਨੂੰ ਕਾਮਯਾਬੀ ਨਹੀਂ ਮਿਲਦੀ, ਜਿਸ ਕਾਰਨ ਉਹ ਖ਼ੁਦਕੁਸ਼ੀ ਦੇ ਰਾਹ ਵੀ ਤੁਰ ਸਕਦਾ ਹੈ।

ਜ਼ਿੰਦਗੀ ਨੂੰ ਜੀਣ ਲਈ ਘੱਟ ਤੋਂ ਘੱਟ ਚਿੰਤਾ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਇੱਕ ਯੁੱਧ ਵਾਂਗ ਨਹੀਂ, ਬਲਕਿ ਖੇਡ ਵਾਂਗ ਜਿਊਣਾ ਚਾਹੁੰਦਾ ਹੈ। ਜਿਵੇਂ ਖਿਡਾਰੀਆਂ ਦੀ ਟੀਮ ਖੇਡ ਨੂੰ ਰਲ-ਮਿਲ ਕੇ ਜਿੱਤਣ ਲਈ ਚੰਗੀ ਭਾਵਨਾ ਨਾਲ ਖੇਡਦੀ ਹੈ, ਇਸ ਤਰ੍ਹਾਂ ਜ਼ਿੰਦਗੀ ਵਿੱਚ ਕਾਮਯਾਬੀ ਹਾਸਿਲ ਕਰਨ ਅਤੇ ਜਿੱਤ ਪ੍ਰਾਪਤ ਕਰਨ ਲਈ ਇਸ ਨੂੰ ਚੰਗੀ ਭਾਵਨਾ ਨਾਲ ਖੇਡਣਾ ਚਾਹੀਦਾ ਹੈ ਅਤੇ ਰਲ-ਮਿਲ ਕੇ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਵੇਂ ਖਿਡਾਰੀ ਹਾਰ ਤੋਂ ਬਾਅਦ ਵੱਧ ਮਿਹਨਤ ਕਰਕੇ ਇਸ ਨੂੰ ਦੁਬਾਰਾ ਜਿੱਤਣ ਦੀ ਆਸ ਕਰਦੇ ਹਨ; ਇਸ ਤਰ੍ਹਾਂ ਆਪਣੀ ਮੰਜ਼ਿਲ ਹਾਸਲ ਕਰਨ ਲਈ ਵੀ ਵੱਧ ਤੋਂ ਵੱਧ ਮਿਹਨਤ ਕਰਕੇ ਕਾਮਯਾਬ ਹੋਣ ਦੀ ਆਸ ਰੱਖਣੀ ਚਾਹੀਦੀ ਹੈ।

ਸੱਚ ਤਾਂ ਇਹ ਹੈ ਕਿ ਇਨਸਾਨ ਇਸ ਧਰਤੀ ’ਤੇ ਇੱਕ ਵਾਰ ਜੰਮਦਾ ਹੈ ਅਤੇ ਇੱਕ ਵਾਰ ਮਰਦਾ ਹੈ। ਮਨੁੱਖ ਇਸ ਧਰਤੀ ਤੇ ਕੁਝ ਸਾਲ ਬਤੀਤ ਕਰਨ ਆਇਆ ਹੈ। ਇਸ ਲਈ ਜ਼ਿੰਦਗੀ ਨੂੰ ਜਿਊਣ ਲਈ ਕੁਦਰਤ ਨਾਲ ਨਾਤਾ ਜੋੜਨਾ ਚਾਹੀਦਾ ਹੈ। ਜੇਕਰ ਤੁਸੀਂ ਉਦਾਸ ਹੋ ਤਾਂ ਕੁਝ ਸਮਾਂ ਕਿਸੇ ਸੁੰਦਰ ਪਹਾੜੀ ਜਾਂ ਝੀਲ ਕਿਨਾਰੇ ਚਲੇ ਜਾਓ, ਤੁਹਾਨੂੰ ਕਾਫੀ ਹੱਦ ਤੱਕ ਰਾਹਤ ਮਿਲੇਗੀ ਕਿਸੇ ਸੋਹਣੇ ਪਾਰਕ ਵਿੱਚ ਜਾ ਕੇ ਰੰਗ ਬਰੰਗੇ ਫੁੱਲਾਂ ਦੀ ਮਹਿਕ ਤੇ ਖੂਬਸੂਰਤੀ ਨੂੰ ਨਿਹਾਰ ਕੇ ਵੀ ਆਪਣੀ ਪੀੜਾ ਨੂੰ ਘੱਟ ਕੀਤਾ ਜਾ ਸਕਦਾ ਹੈ ਆਪਣੇ ਪਰਿਵਾਰ ਵਿੱਚ ਬੈਠ ਕੇ, ਦੋਸਤਾਂ ਨਾਲ ਗੱਪ-ਸ਼ੱਪ ਮਾਰ ਕੇ ਜਾਂ ਚੰਗੀਆਂ ਅਖ਼ਬਾਰਾਂ ਤੇ ਪੁਸਤਕਾਂ ਪੜ੍ਹ ਕੇ ਵੀ ਰਾਹਤ ਮਿਲਦੀ ਹੈ। ਪੁਸਤਕਾਂ ਦੁਆਰਾ ਅਸੀਂ ਜ਼ਿੰਦਗੀ ਨੂੰ ਗਹਿਰਾਈ ਨਾਲ ਸਮਝਦੇ ਹਾਂ ਅਤੇ ਮਹਾਨ ਲੋਕਾਂ ਦੀਆਂ ਜੀਵਨੀਆਂ ਪੜ੍ਹ ਕੇ ਇਸ ਨੂੰ ਚੰਗੀ ਤਰ੍ਹਾਂ ਜਿਊਣਾ ਸਿੱਖ ਸਕਦੇ ਹਾਂ। ਆਪਣੇ ਆਪ ਨੂੰ ਘਰੇਲੂ ਕੰਮਾਂ ਵਿੱਚ ਰੁਝਾਈ ਰੱਖਣ ਨਾਲ ਵੀ ਮਾਨਸਿਕ ਪੀੜਾ ਤੋਂ ਅਸੀਂ ਛੁਟਕਾਰਾ ਪਾ ਸਕਦੇ ਹਾਂ। ਸੋ, ਜ਼ਿੰਦਗੀ ਜਿਊਣ ਲਈ ਹੈ; ਆਓ, ਜ਼ਿੰਦਗੀ ਨੂੰ ਜਿੰਦਾਦਿਲੀ ਨਾਲ ਜਿਉਣਾ ਸਿੱਖੀਏ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2252)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਹਰਨੰਦ ਸਿੰਘ ਬੱਲਿਆਂਵਾਲਾ

ਹਰਨੰਦ ਸਿੰਘ ਬੱਲਿਆਂਵਾਲਾ

Balleyan Wala, Tarn Taran, Punjab, India.
Phone: (91 - 70870 - 70050)
Email: (harnandbhullar124@gmail.com)

More articles from this author