“ਕਿਸਾਨ ਅਤੇ ਮਜ਼ਦੂਰ, ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਪੰਜਾਬ ਨੂੰ ...”
(6 ਜੂਨ 2019)
ਕੋਈ ਸਮਾਂ ਸੀ ਜਦੋਂ ਪੰਜਾਂ ਪਾਣੀਆਂ ਦੀ ਧਰਤੀ ਕਹਾਉਣ ਵਾਲਾ ਪੰਜਾਬ ਪਿਆਰ-ਮੁਹੱਬਤਾਂ ਵੰਡਣ ਵਾਲਾ, ਅਣਖੀ ਯੋਧੇ ਪੈਦਾ ਕਰਨ ਵਾਲਾ, ਧੀਆਂ-ਭੈਣਾਂ ਦੀਆਂ ਇੱਜ਼ਤਾਂ ਬਚਾਉਣ ਵਾਲਾ, ਗੁਰੂਆਂ-ਪੀਰਾਂ ਦੀ ਧਰਤੀ ਨੂੰ ਪਿਆਰ ਕਰਨ ਵਾਲਾ ਅਤੇ ਸਖ਼ਤ ਮਿਹਨਤ ਸਦਕਾ ਇੱਥੋਂ ਦੀ ਧਰਤੀ ਨੂੰ ਹਰੀ-ਭਰੀ ਬਣਾਉਣ ਵਾਲਾ ਸੀ। ਇੱਥੋਂ ਦੇ ਲੋਕ ਹਰ ਧਰਮ ਦੇ ਲੋਕਾਂ ਦੀ ਇੱਜ਼ਤ ਕਰਨ ਵਾਲੇ ਅਤੇ ਉਨ੍ਹਾਂ ਦੀ ਹਰ ਪੱਖੋਂ ਰੱਖਿਆ ਵੀ ਕਰਦੇ ਸਨ। ਅਹਿਮਦ ਸ਼ਾਹ ਅਬਦਾਲੀ ਭਾਰਤ ’ਤੇ ਹਮਲਿਆਂ ਦੌਰਾਨ ਜਦੋਂ ਹਿੰਦੂਆਂ ਦੀਆਂ ਬਹੂ-ਬੇਟੀਆਂ ਨੂੰ ਚੁੱਕ ਕੇ ਲੈ ਜਾਂਦਾ ਸੀ ਤਾਂ ਪੰਜਾਬ ਪਹੁੰਚਣ ’ਤੇ ਸਿੱਖ ਉਸ ਉੱਤੇ ਹਮਲਾ ਕਰਕੇ, ਬਹੂ-ਬੇਟੀਆਂ ਨੂੰ ਛੁਡਾ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਘਰੀਂ ਪਹੁੰਚਾ ਕੇ ਆਉਂਦੇ ਸਨ।
ਖੇਤਾਂ ਵਿੱਚ ਸਖਤ ਮਿਹਨਤ ਕਰਨ ਪੱਖੋਂ ਵੀ ਪੰਜਾਬੀ ਪਹਿਲੇ ਸਥਾਨ ’ਤੇ ਸਨ। ਲੋਕਾਂ ਦਾ ਖਾਣ-ਪੀਣ ਖੁੱਲ੍ਹਾ-ਡੁੱਲ੍ਹਾ ਸੀ, ਜਿਸ ਕਾਰਨ ਲੋਕ ਸਰੀਰ ਪੱਖੋਂ ਮਜ਼ਬੂਤ ਅਤੇ ਮਿਹਨਤੀ ਸਨ। ਪਿੰਡਾਂ ਦੇ ਲੋਕਾਂ ਦੀ ਆਪਸੀ ਸਾਂਝ ਅਤੇ ਮਿਲਵਰਤਣ ਕਾਫੀ ਗੂੜ੍ਹਾ ਸੀ। ਵੈਰ-ਵਿਰੋਧ ਜਾਂ ਈਰਖਾਬਾਜੀ ਦੂਰ-ਦੂਰ ਤੱਕ ਵੀ ਨਜ਼ਰੀਂ ਨਹੀਂ ਸੀ ਪੈਂਦੀ। ਆਂਢ-ਗਵਾਂਢ ਅਤੇ ਪਿੰਡ ਵਿੱਚ ਵਸਤੂਆਂ ਦਾ ਅਦਾਨ-ਪ੍ਰਦਾਨ ਆਮ ਹੀ ਚਲਦਾ ਸੀ। ਕਿਸੇ ਵੀ ਘਰ ਵਿੱਚ ਖੁਸ਼ੀ-ਗਮੀ ਉੱਤੇ ਸਾਰੇ ਪਿੰਡ ਨਿਵਾਸੀ ਮਿਲ ਕੇ ਪੂਰੀ ਜ਼ਿੰਮੇਵਾਰੀ ਨਾਲ ਸਾਥ ਦਿੰਦੇ ਸਨ। ਇੱਕ ਦੂਸਰੇ ਦੇ ਦੁੱਖ-ਦਰਦ ਨੂੰ ਆਪਣਾ ਸਮਝ ਕੇ ਆਪਸ ਵਿੱਚ ਵੰਡਿਆ ਜਾਂਦਾ ਸੀ। ਚਿੰਤਾ ਕਾਰਨ ਹੋਣ ਵਾਲੀਆਂ ਬੀਮਾਰੀਆਂ ਕਿਧਰੇ ਦਿਖਾਈ ਨਹੀਂ ਸਨ ਦਿੰਦੀਆਂ। ਪਰਿਵਾਰਾਂ ਦੀਆਂ ਸਾਂਝਾ ਦਿਲਾਂ ਦੀ ਗਹਿਰਾਈ ਤੱਕ ਜੁੜੀਆਂ ਹੋਈਆਂ ਸਨ।
ਕੁਦਰਤ ਪ੍ਰਤੀ ਲੋਕਾਂ ਦਾ ਅਥਾਹ ਪਿਆਰ ਵੇਖਣ ਨੂੰ ਮਿਲਦਾ ਸੀ। ਕੁਦਰਤੀ ਚੀਜ਼ਾਂ ਦੀ ਸਾਂਭ-ਸੰਭਾਲ ਕਰਨਾ, ਵੱਧ ਤੋਂ ਵੱਧ ਰੁੱਖ ਲੱਗਾ ਕੇ ਉਨ੍ਹਾਂ ਦੀ ਦੇਖਭਾਲ ਕਰਨਾ ਆਮ ਵਰਤਾਰਾ ਸੀ। ਪਿੰਡਾਂ ਦੀਆਂ ਸੱਥਾਂ ਵਿੱਚ, ਪਿੱਪਲ ਤੇ ਬੋਹੜ ਦੇ ਦਰਖਤਾਂ ਦੀਆਂ ਠੰਢੀਆਂ ਛਾਂਵਾਂ ਹੇਠ ਬਜੁਰਗਾਂ ਅਤੇ ਨੌਜਵਾਨਾਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਲੋਕ ਧਰਤੀ ਦੇ ਪਾਣੀ ਨੂੰ ਅਮ੍ਰਿਤ ਸਮਝ ਕੇ ਇਸਦੀ ਸੰਜ਼ਮ ਨਾਲ ਵਰਤੋਂ ਕਰਦੇ ਸਨ ਅਤੇ ਵਗਦੇ ਪਾਣੀ ਵਿੱਚ ਕਦੇ ਵੀ ਗੰਦਗੀ ਨਹੀਂ ਸੀ ਸੁੱਟੀ ਜਾਂਦੀ। ਇਸ ਤਰ੍ਹਾਂ ਉਪਰੋਕਤ ਕਾਰਜਾਂ ਕਾਰਨ ਹਵਾ ਵੀ ਸ਼ੁੱਧ ਰਹਿੰਦੀ ਤੇ ਵਾਤਾਵਰਣ ਸਿਹਤਮੰਦ ਅਤੇ ਹਰਿਆ-ਭਰਿਆ ਰਹਿੰਦਾ ਸੀ।
ਫਿਰ ਸਮੇਂ ਨੇ ਕਰਵਟ ਬਦਲੀ, ਕਈ ਰੁੱਤਾਂ ਬਤੀਤ ਹੋਈਆਂ ਅਤੇ ਇੱਕ ਐਸੀ ਰੁੱਤ ਆਈ ਜਦੋਂ ਪੰਜ ਦਰਿਆਵਾਂ ਦੀ ਧਰਤੀ ਵਿੱਚ ਕਿਸੇ ਕੈਦੋ ਨੇ ਜ਼ਹਿਰ ਮਿਲਾ ਦਿੱਤਾ ਅਤੇ ਹੱਸਦੀ-ਵੱਸਦੀ ਧਰਤੀ ਮਾਂ ਦੋ ਟੁਕੜਿਆਂ ਵਿੱਚ ਵੰਡੀ, ਗਈ ਜਿਸ ਵਿੱਚ ਸਭ ਧਰਮਾਂ ਨੂੰ ਬਰਾਬਰ ਸਮਝਣ ਅਤੇ ਇਕੱਠੇ ਰਹਿਣ ਵਾਲੇ ਲੋਕ ਇੱਕ-ਦੂਸਰੇ ਦੇ ਦੁਸ਼ਮਣ ਬਣ ਗਏ। ਇਨ੍ਹਾਂ ਹਾਲਤਾਂ ਨੂੰ ਬਿਆਨ ਕਰਦੀਆਂ ਗੁਰਦਾਸ ਮਾਨ ਜੀ ਦੇ ਗੀਤ ਦੀਆਂ ਇਹ ਲਾਈਨਾਂ ਕਾਫੀ ਢੁੱਕਵੀਆਂ ਹਨ।
ਜਿਵੇਂ-ਹਿੰਦੂ, ਮੁੱਲਾ, ਸਿੱਖ ਨਾ ਸਮਝਣ ਇੱਕ ਦੂਜੇ ਨੂੰ ਭਾਈ,
ਜੋ ਸਾਰੇ ਧਰਮਾਂ ਨੂੰ ਮੰਨੇ, ਉਸਨੂੰ ਕਹਿਣ ਸੁਦਾਈ,
ਇਹ ਕੈਸੀ ਰੁੱਤ ਆਈ ਨੀ ਮਾਂ, ਇਹ ਕੈਸੀ ਰੁੱਤ ਆਈ।
1947 ਦੇ ਸੰਤਾਪ ਤੋਂ ਲੈ ਕੇ ਅੱਜ ਤੱਕ ਵੀ ਜਿੱਥੇ ਪੰਜਾਬੀ ਇੱਕ ਦੂਜੇ ਦੀਆਂ ਧੀਆਂ-ਭੈਣਾਂ ਦੀ ਰਖਵਾਲੀ ਕਰਦੇ ਸਨ, ਅੱਜ ਦੇ ਮਾਹੌਲ ਵਿੱਚ, ਕੁਝ ਚੰਗੀ ਸੋਚ ਵਾਲਿਆਂ ਨੂੰ ਛੱਡ ਕੇ, ਜ਼ਿਆਦਾਤਰ ਆਪਣੇ ਹੀ ਪਿੰਡਾਂ ਦੀਆਂ ਧੀਆਂ-ਭੈਣਾਂ ਤੇ ਬੁਰੀਆਂ ਨਜ਼ਰਾਂ ਰੱਖਣ ਲੱਗ ਪਏ। ਅੱਜ ਅਸੀਂ ਹਰ ਰੋਜ਼ ਅਖਬਾਰਾਂ ਵਿੱਚ ਛੋਟੀਆਂ ਬੱਚੀਆਂ ਤੱਕ ਨੂੰ ਵੀ ਹੈ ਵਾਨੀਅਤ ਦਾ ਸ਼ਿਕਾਰ ਹੋਇਆ ਵੇਖਦੇ ਹਾਂ।
ਨਫ਼ਰਤ ਐਨੀ ਵਧ ਗਈ ਹੈ ਕਿ ਪਿਛਲੀਆਂ ਪਿਆਰ ਭਰੀਆਂ ਸਾਂਝਾਂ ਕਿਤੇ ਖੰਭ ਲਾ ਕੇ ਉਡ ਗਈਆਂ ਜਾਪਦੀਆਂ ਹਨ। ਪੁੱਤਰ-ਪਿਓ ਦਾ ਰਿਸ਼ਤਾ ਪਹਿਲਾ ਵਾਲਾ ਨਹੀਂ ਰਿਹਾ। ਅੱਜ ਅਸੀਂ ਅਕਸਰ ਪੁੱਤਰ ਵੱਲੋਂ ਪਿਓ ਜਾਂ ਪਿਓ ਵੱਲੋਂ ਪੁੱਤਰ ਦਾ ਕਤਲ ਹੋਣ ਵਾਲੀਆਂ ਘਟਨਾਵਾਂ ਪੜ੍ਹਦੇ-ਸੁਣਦੇ ਹਾਂ। ਮਾਂ-ਪੁੱਤਰ ਦਾ ਰਿਸ਼ਤਾ ਜੋ ਸਭ ਤੋਂ ਉੱਤਮ ਸਮਝਿਆ ਜਾਂਦਾ ਸੀ ਉਸ ਵਿੱਚ ਵੀ ਕਿਤੇ ਨਾ ਕਿਤੇ ਦਰਾੜ ਆ ਗਈ ਹੈ। ਕਈ ਘਟਨਾਵਾਂ ਵਿੱਚ ਤਾਂ ਭੈਣ-ਭਰਾ ਦੇ ਰਿਸ਼ਤੇ ਵੀ ਅਪਵਿੱਤਰ ਹੋ ਗਏ ਜਾਪਦੇ ਹਨ। ਅੱਜ ਭਰਾ ਆਪਣੇ ਸ਼ਕੇ ਭਰਾ ਨੂੰ ਜਮੀਨ ਦੇ ਟੁਕੜੇ ਬਦਲੇ ਜਾਂ ਕਿਸੇ ਘਰੇਲੂ ਝਗੜੇ ਕਾਰਨ ਕਤਲ ਕਰ ਦਿੰਦਾ ਹੈ।
ਆਪਸੀ ਸਾਂਝਾਂ ਨੂੰ ਖੋਰਾ ਲਾਉਣ ਵਿੱਚ ਰਾਜਨੀਤੀ ਨੇ ਵੀ ਬਹੁਤ ਭੂਮਿਕਾ ਨਿਭਾਈ ਹੈ। ਅਸੀਂ ਵੇਖਦੇ ਹਾਂ ਕਿ ਪਿੰਡਾਂ-ਜਾਂ ਸ਼ਹਿਰਾਂ ਵਿੱਚ ਲੋਕ ਪਾਰਟੀਬਾਜ਼ੀ ਦੇ ਜ਼ੰਜਾਲ ਵਿੱਚ ਫਸ ਕੇ ਇੱਕ-ਦੂਸਰੇ ਪ੍ਰਤੀ ਨਫ਼ਰਤ ਉਗਲਦੇ ਹਨ। ਇਹ ਨਫਰਤ ਭਰੀ ਸਥਿਤੀ ਕਈ ਵਾਰ ਵੱਡੀ ਘਟਨਾ ਦਾ ਰੂਪ ਵੀ ਧਾਰਨ ਕਰ ਲੈਂਦੀ ਹੈ। ਚੋਣਾਂ ਦੌਰਾਨ ਅਕਸਰ ਲੋਕ ਇੱਕ-ਦੂਜੇ ਨੂੰ ਨਫ਼ਤਰ ਭਰੀਆਂ ਨਜ਼ਰਾਂ ਨਾਲ ਵੇਖਦੇ ਹਨ ਅਤੇ ਆਪਸੀ ਬੋਲਚਾਲ ਬਿਲਕੁਲ ਬੰਦ ਹੋ ਜਾਂਦੀ ਹੈ। ਹੈਰਾਨੀ ਦੀ ਗੱਲ ਹੈ ਕਿ ਕਈ ਵਾਰ ਇੱਕੋ ਪਰਿਵਾਰ ਰਾਜਨੀਤੀ ਕਾਰਨ ਦੋ ਹਿੱਸਿਆਂ ਵਿੱਚ ਵੰਡਿਆ ਨਜ਼ਰ ਆਉਂਦਾ ਹੈ।
ਸਾਡਾ ਭਵਿੱਖ, ਨੌਜਵਾਨ ਪੀੜ੍ਹੀ ਅੱਜ ਮਿਹਨਤ ਤੋਂ ਮੁੱਖ ਮੋੜਦੀ ਜਾ ਰਹੀ ਹੈ। ਅੱਜ ਦੇ ਨੌਜਵਾਨ ਸਖਤ ਮਿਹਨਤ ਦੀ ਬਜਾਏ ਅਸਾਨ ਕੰਮ ਨੂੰ ਤਰਜ਼ੀਹ ਦਿੰਦੇ ਹਨ। ਨੌਜਵਾਨਾਂ ਨੂੰ ਨਸ਼ਿਆਂ ਅਤੇ ਗੈਂਗਸਟਰਾਂ ਵਰਗੀਆਂ ਬਿਮਾਰੀਆਂ ਨੇ ਵੀ ਘੇਰ ਰੱਖਿਆ ਹੈ। ਰਾਜਨੀਤਕ ਹਾਕਮਾਂ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਨੌਜਵਾਨ ਅਜੋਕੀ ਸਥਿਤੀ ਤੋਂ ਬੇਮੁੱਖ ਹੋ ਕੇ ਬਾਹਰਲੇ ਦੇਸ਼ਾਂ ਨੂੰ ਪ੍ਰਵਾਸ ਕਰ ਰਿਹਾ ਹੈ। ਜੇਕਰ ਇਹ ਵਰਤਾਰਾ ਇਸ ਤਰ੍ਹਾਂ ਹੀ ਜਾਰੀ ਰਿਹਾ ਤਾਂ ਸਾਡਾ ਆਉਣ ਵਾਲਾ ਸਮਾਜ ਨੌਜਵਾਨਾਂ ਤੋਂ ਸੱਖਣਾ ਹੋ ਜਾਵੇਗਾ।
ਕਿਸਾਨ ਅਤੇ ਮਜ਼ਦੂਰ, ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਪੰਜਾਬ ਨੂੰ ਖੁਸ਼ਹਾਲੀ ਬਖਸ਼ੀ, ਅੱਜ ਉਹ ਮੰਦਹਾਲੀ ਦੇ ਦੌਰ ਵਿੱਚ ਖੁਦਕੁਸ਼ੀਆਂ ਕਰ ਰਹੇ ਹਨ। ਹਰ ਰੋਜ਼ ਦੋ ਜਾਂ ਤਿੰਨ ਖਬਰਾਂ ਅਜਿਹੀਆਂ ਪੜ੍ਹਨ ਨੂੰ ਮਿਲਦੀਆਂ ਹਨ ਜਿਨ੍ਹਾਂ ਵਿੱਚ ਕੋਈ ਨਹਿਰ ਵਿੱਚ ਛਾਲ ਮਾਰ ਜਾਂਦਾ ਹੈ, ਕੋਈ ਜ਼ਹਿਰੀਲੀ ਦਵਾਈ ਨਿਗਲ ਲੈਂਦਾ ਹੈ ਜਾਂ ਫਾਹਾ ਲੇ ਲੈਂਦਾ ਹੈ। ਜੇਕਰ ਅਨਾਜ ਪੈਦਾ ਕਰਨ ਵਾਲਿਆਂ ਅਤੇ ਉੱਚੀਆਂ-ਉੱਚੀਆਂ ਇਮਾਰਤਾਂ ਖੜ੍ਹੀਆਂ ਕਰਨ ਵਾਲਿਆਂ ਦਾ ਇਹ ਹਾਲ ਹੋਣ ਲੱਗਾ ਹੈ ਤਾਂ ਰੋਟੀ ਅਤੇ ਮਕਾਨ ਵਰਗੀਆਂ ਬੁਨਿਆਦੀ ਲੋੜਾਂ ਦਾ ਕੀ ਹੋਵੇਗਾ, ਇਹ ਸਭ ਚੰਗੀ ਤਰ੍ਹਾਂ ਜਾਣਦੇ ਹਨ।
ਜੇਕਰ ਅੱਜ ਦੇ ਵਾਤਾਵਰਣ ਦੀ ਪਿਛਲੇਰੇ ਸਮੇਂ ਨਾਲ ਤੁਲਨਾ ਕਰੀਏ ਤਾਂ ਇਸ ਵਿੱਚ ਵੀ ਨਿਘਾਰ ਆ ਚੁੱਕਾ ਹੈ। ਅੱਜ ਅਸੀਂ ਪਵਿੱਤਰ ਸਮਝੇ ਜਾਂਦੇ ਜਲ ਵਿੱਚ ਗੰਦਗੀ ਸੁੱਟਣੀ ਸ਼ੁਰੂ ਕਰ ਦਿੱਤੀ ਹੈ। ਪਾਣੀ ਵਿੱਚ ਘੁਲੇ ਜ਼ਹਿਰ ਕਾਰਨ ਅਨੇਕਾਂ ਮੱਛੀਆਂ ਅਤੇ ਹੋਰ ਪਾਣੀ ਵਾਲੇ ਜੀਵ ਜੰਤੂ ਤੜਫਦੇ ਮਰ ਜਾਂਦੇ ਹਨ। ਸੰਜਮ ਨਾਲ ਪਾਣੀ ਵਰਤਣ ਨੂੰ ਵੀ ਅਸੀਂ ਤਰਜ਼ੀਹ ਦੇਣੀ ਬੰਦ ਕਰ ਦਿੱਤੀ ਹੈ। ਜੇਕਰ ਰੁੱਖਾਂ ਦੀ ਗੱਲ ਕਰੀਏ ਤਾਂ ਅਖੌਤੀ ਵਿਕਾਸ ਨੇ ਪੰਜਾਬ ਦੀ ਹਰਿਆਵਲ ਧਰਤੀ ਨੂੰ ਰੁੰਡ-ਮਰੁੰਡ ਕਰ ਦਿੱਤਾ ਹੈ। ਅੱਜ ਹਵਾ ਵੀ ਪ੍ਰਦੂਸ਼ਣ ਕਾਰਨ ਜ਼ਹਿਰੀਲੀ ਹੋ ਗਈ ਹੈ, ਜਿਸ ਕਾਰਨ ਅਨੇਕਾਂ ਲੋਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਅੱਜ ਦਾ ਸਾਰਾ ਕੰਮ ਮਸ਼ੀਨੀ ਹੋਣ ਅਤੇ ਕਈ ਪ੍ਰਕਾਰ ਦੀਆਂ ਸੁਖ ਸਹੂਲਤਾਂ ਹੋਣ ਕਾਰਨ ਚਾਹੀਦਾ ਤਾਂ ਇਹ ਸੀ ਕਿ ਅਸੀਂ ਆਪਸੀ ਸਾਂਝ ਹੋਰ ਵਧਾਉਂਦੇ ਅਤੇ ਵਾਤਾਵਰਣ ਦੇ ਸੁੰਦਰੀਕਰਨ ਅਤੇ ਸ਼ੁੱਧੀਕਰਨ ਵਿੱਚ ਵੱਧ ਤੋਂ ਵੱਧ ਭੂਮਿਕ ਨਿਭਾਉਂਦੇ ਪ੍ਰੰਤੂ ਹੋਇਆਂ ਇਸਦੇ ਉਲਟ। ਮਨੁੱਖ ਦਾ ਜੀਵਨ ਬਹੁਤ ਛੋਟਾ ਹੈ, ਉਸਨੇ ਜ਼ਿਆਦਾ ਸਮੇਂ ਇਸ ਧਰਤੀ ’ਤੇ ਨਹੀਂ ਰਹਿਣਾ ਪ੍ਰੰਤੂ ਉਹ ਵਿਵਹਾਰ ਇਸ ਤਰ੍ਹਾਂ ਕਰ ਰਿਹਾ ਜਿਵੇਂ ਇਹ ਧਰਤੀ ਉਸਨੇ ਪੱਕੀ ਖਰੀਦ ਲਈ ਹੋਵੇ ਅਤੇ ਸਦਾ ਉਸਦੇ ਕੋਲ ਹੀ ਰਹੇਗੀ। ਮਨੁੱਖ ਹੀ ਇੱਕ ਅਜਿਹਾ ਪ੍ਰਾਣੀ ਹੈ ਜੋ ਸਭ ਪ੍ਰਾਣੀਆਂ ਤੋਂ ਸੂਝਵਾਨ ਹੈ। ਇਸ ਲਈ ਆਓ, ਸਭ ਮਿਲ ਕੇ ਇੱਕ ਸਰਵ-ਸਾਂਝੀਵਾਲਤਾ ਵਾਲੇ ਸਮਾਜ ਦਾ ਨਿਰਮਾਣ ਕਰੀਏ ਅਤੇ ਜਿਸ ਪੰਜਾਬ ਦੀ ਸ਼ਾਨ ਨੂੰ ਸਾਡੇ ਵੱਡੇ-ਵਡੇਰਿਆਂ ਨੇ ਬਣਾਈ ਰੱਖਿਆ, ਉਸਦੀ ਉੱਚੀ ਸ਼ਾਨ ਨੂੰ ਹੋਰ ਉੱਚੀ ਕਰੀਏ। ਅੱਜ ਦੀ ਜਿਹੜੀ ਮਾੜੀ ਰੁੱਤ ਸਾਡੇ ’ਤੇ ਚੱਲ ਰਹੀ ਹੈ ਇਸ ਨੂੰ ਇੱਕ ਵਾਰ ਫਿਰ ਪਿਆਰ-ਮੁਹੱਬਤ ਨਾਲ ਸ਼ਿੰਗਾਰਨ ਦਾ ਯਤਨ ਕਰੀਏ ਤਾਂ ਜੋ ਪੰਜਾਬ ਦੀਆਂ ਰੁੱਤਾਂ ਪਿਆਰ ਰੂਪੀ ਖਿੜੇ ਹੋਏ ਫੁੱਲਾਂ ਵਾਂਗ ਆਕਰਸ਼ਤ ਬਣ ਜਾਣ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1621)
(ਸਰੋਕਾਰ ਨਾਲ ਸੰਪਰਕ ਲਈ: