“ਜੇਕਰ ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਇੱਥੇ ...”
(5 ਜੂਨ 2020)
ਖੁਸ਼ਹਾਲ ਜ਼ਿੰਦਗੀ ਦੀ ਤਲਾਸ਼ ਵਿੱਚ ਅਮਰੀਕਾ ਗਏ ਨੌਜਵਾਨ ਉੱਥੋਂ ਦੀਆਂ ਜੇਲਾਂ ਵਿੱਚ ਰਹਿਣ ਤੋਂ ਬਾਅਦ 19 ਮਈ ਨੂੰ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੋਮਾਂਤਰੀ ਹਵਾਈ ਅੱਡੇ ਪਰਤ ਆਏ। ਪੰਜਾਬ ਅਤੇ ਦੂਸਰੇ ਰਾਜਾਂ ਦੇ 167 ਨੌਜਵਾਨਾਂ ਅੰਮ੍ਰਿਤਸਰ ਪਹੁੰਚੇ ਹਨ, ਜਿਨ੍ਹਾਂ ਦੀ ਦਾਸਤਾਨ ਸੁਣ ਕੇ ਪੈਰਾਂ ਥੱਲਿਉਂ ਜ਼ਮੀਨ ਨਿਕਲ ਜਾਂਦੀ ਹੈ। ਇਹ ਨੌਜਵਾਨ ਲੱਖਾਂ ਰੁਪਏ ਖਰਚ ਕਰ ਕੇ ਏਜੰਟਾਂ ਰਾਹੀਂ ਅਮਰੀਕਾ ਵਿੱਚ ਖੁਸ਼ਹਾਲ ਜ਼ਿੰਦਗੀ ਜਿਊਣ ਅਤੇ ਆਪਣੇ ਘਰਾਂ ਦੀ ਜੂਨ ਸੁਧਾਰਨ ਦਾ ਸੁਪਨਾ ਲੈ ਕੇ ਗਏ ਸਨ। ਅਮਰੀਕਾ ਪਹੁੰਚਣ ਲਈ ਇਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਹ ਵੱਖਰੋ-ਵੱਖਰੇ ਢੰਗ ਨਾਲ ਅਲੱਗ-ਅਲੱਗ ਦੇਸ਼ਾਂ ਦੀਆਂ ਸਰਹੱਦਾਂ ਪਾਰ ਕਰਦੇ ਅਤੇ ਖਤਰਨਾਕ ਜੰਗਲਾਂ ਵਿੱਚੋਂ ਦੀ ਲੰਘਦੇ ਹੋਏ ਮੈਕਸੀਕੋ ਦੀ ਸਰਹੱਦ ਪਾਰ ਕਰਦੇ ਸਮੇਂ ਅਮਰੀਕਾ ਵੱਲੋਂ ਫੜ ਲਏ ਗਏ। ਉਨ੍ਹਾਂ ਅਮਰੀਕਾ ਦੇ ਪੱਕੇ ਵਸਨੀਕ ਬਣਨ ਲਈ ਵਕੀਲਾਂ ਰਾਹੀਂ ਲੱਖਾਂ ਰੁਪਏ ਖਰਚ ਕਰਕੇ ਕਾਨੂੰਨੀ ਲੜਾਈ ਲੜੀ, ਪ੍ਰੰਤੂ ਅੰਤ ਨੂੰ ਕੇਸ ਹਾਰਨ ਤੋਂ ਬਾਅਦ ਵਾਪਸ ਆਪਣੇ ਵਤਨ ਪਰਤ ਆਏ ਹਨ।
ਇਹ ਦਾਸਤਾਨ ਇਕੱਲੇ ਇਨ੍ਹਾਂ ਨੌਜਵਾਨਾਂ ਦੀ ਹੀ ਨਹੀਂ, ਇਸ ਤੋਂ ਪਹਿਲਾਂ ਵੀ ਪਰਵਾਸ ਕਰ ਰਹੇ ਬਹੁਤ ਸਾਰੇ ਨੌਜਵਾਨ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓ ਅਤੇ ਹੱਡੀਂ ਸੰਤਾਪ ਹੰਢਾ ਚੁੱਕੇ ਨੌਜਵਾਨ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਜੰਗਲਾਂ ਵਿੱਚ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਦਿਨਾਂ ਤਕ ਉਨ੍ਹਾਂ ਨੂੰ ਭੁੱਖਣ-ਭਾਣੇ ਰਹਿਣਾ ਪੈਂਦਾ ਹੈ, ਜਿਸ ਕਾਰਨ ਕਈ ਨੌਜਵਾਨ ਤਾਂ ਇਨ੍ਹਾਂ ਜੰਗਲਾਂ ਦੀ ਭੇਟ ਚੜ੍ਹ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਚੁੱਕਣ ਵਾਲਾ ਵੀ ਕੋਈ ਨਹੀਂ ਹੁੰਦਾ। ਅਸੀਂ ਇੱਕ ਦੇਸ਼ ਤੋਂ ਦੂਸਰੇ ਦੇਸ਼ ਤਕ ਪਹੁੰਚਣ ਲਈ ਸਮੁੰਦਰੀ ਰਸਤੇ ਪਾਰ ਕਰਦੀਆਂ ਕਿਸ਼ਤੀਆਂ ਡੁੱਬ ਜਾਣ ਦੀ ਘਟਨਾਵਾਂ ਸੁਣ ਚੁੱਕੇ ਹਾਂ, ਜਿਹੜੀਆਂ ਡੁੱਬ ਜਾਂਦੀਆਂ ਹਨ ਜਾਂ ਡੁਬੋ ਦਿੱਤੀਆਂ ਜਾਂਦੀਆਂ ਹਨ, ਜਿਸ ਕਾਰਨ ਬਹੁਤ ਸਾਰੇ ਨੌਜਵਾਨ ਸਮੁੰਦਰ ਵਿੱਚ ਕਿਧਰੇ ਸਮਾ ਜਾਂਦੇ ਹਨ। ਸਵਾਲ ਹੈ ਕਿ ਆਖਿਰ ਕਦੋਂ ਤਕ ਸਾਡੇ ਨੌਜਵਾਨਾਂ ਨੂੰ ਅਜਿਹੀਆਂ ਪ੍ਰਸਥਿਤੀਆਂ ਵਿੱਚੋਂ ਗੁਜ਼ਰਨਾ ਪਵੇਗਾ? ਕਦੋਂ ਤਕ ਉਹ ਮੌਤ ਦੇ ਮੂੰਹ ਵਿੱਚ ਜਾਂਦੇ ਰਹਿਣਗੇ? ਕਦੋਂ ਤਕ ਇਹ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਵਿਦੇਸ਼ਾਂ ਨੂੰ ਜਾਂਦੇ ਅਤੇ ਆਪਣਾ ਸਭ ਕੁਝ ਲੁਟਾ ਕੇ ਖਾਲੀ ਹੱਥ ਵਾਪਸ ਆਉਂਦੇ ਰਹਿਣਗੇ?
ਅਕਸਰ ਕਿਹਾ ਜਾਂਦਾ ਹੈ ਕਿ ਹਿੰਦੁਸਤਾਨ ਪਿਛਲੇ ਸਮੇਂ ਵਿੱਚ ਸੋਨੇ ਦੀ ਚਿੜੀ ਸੀ। ਪ੍ਰੰਤੂ ਅਸੀਂ ਕਹਿੰਦੇ ਹਾਂ ਕਿ ਇਹ ਅੱਜ ਵੀ ਸੋਨੇ ਦੀ ਚਿੜੀ ਹੈ। ਅੱਜ ਸਾਡਾ ਦੇਸ਼ ਜੰਗੀ ਹਥਿਆਰਾਂ ਅਤੇ ਬਾਰੂਦ ਖਰੀਦਣ ਲਈ ਦੂਸਰੇ ਦੇਸ਼ਾਂ ਨਾਲ ਅਰਬਾਂ ਰੁਪਏ ਦੇ ਸੌਦੇ ਕਰ ਸਕਦਾ ਹੈ, ਇਸ ਤੋਂ ਵੀ ਵੱਧ ਪੈਸਾ ਬੁਲਟ ਟਰੇਨ, ਬ੍ਰਹਿਮੰਡ ਦੀਆਂ ਖੋਜਾਂ ਅਤੇ ਬੁੱਤ ਬਣਾਉਣ ਲਈ ਲਗਾਇਆ ਜਾਂਦਾ ਹੈ। ਅੱਜ ਸਾਡੇ ਦੇਸ਼ ਦੀ ਅੱਧਿਓਂ ਵੱਧ ਦੌਲਤ ਇੱਕ ਫ਼ੀਸਦੀ ਲੋਕਾਂ ਦੇ ਹੱਥਾਂ ਵਿੱਚ ਇਕੱਠੀ ਹੋ ਚੁੱਕੀ ਹੈ। ਬਹੁਤ ਸਾਰੇ ਪੂੰਜੀਪਤੀ ਭਗੌੜੇ ਸਰਕਾਰੀ ਬੈਂਕਾਂ ਤੋਂ ਕਰਜ਼ਾ ਲੈ ਕੇ ਰਫੂ ਚੱਕਰ ਹੋ ਜਾਂਦੇ ਹਨ ਤੇ ਉਨ੍ਹਾਂ ਦਾ ਅਰਬਾਂ ਰੁਪਇਆ ਦਾ ਕਰਜ਼ ਸਰਕਾਰ ਦੁਆਰਾ ਵੱਟੇ ਖਾਤੇ ਪਾ ਦਿੱਤਾ ਜਾਂਦਾ ਹੈ। ਮਨੁੱਖਤਾ ਦੀ ਭਲਾਈ ਕਰਨ ਦਾ ਸੁਨੇਹਾ ਦੇਣ ਵਾਲੇ ਪੈਗੰਬਰਾਂ ਦੇ ਨਾਵਾਂ ’ਤੇ ਵੱਡੇ-ਵੱਡੇ ਸਥਾਨ ਬਣਾ ਕੇ ਉਨ੍ਹਾਂ ਦੇ ਸ਼ਰਧਾਲੂਆਂ ਤੋਂ ਸ਼ਰਧਾ ਦੇ ਨਾਂ ’ਤੇ ਪੈਸਾ ਇਕੱਠਾ ਕਰ ਕੇ ਜਮ੍ਹਾਂ ਕੀਤਾ ਜਾਂਦਾ ਹੈ। ਉਨ੍ਹਾਂ ਦੇ ਧਾਰਮਿਕ ਸਥਾਨ ਖੜ੍ਹੇ ਕਰਨ ਲਈ ਅਰਬਾਂ ਰੁਪਇਆ ਪਾਣੀ ਦੀ ਤਰ੍ਹਾਂ ਵਹਾ ਦਿੱਤਾ ਜਾਂਦਾ ਹੈ। ਕੋਈ ਵੀ ਰਾਜਨੀਤਕ ਵਿਧਾਇਕ ਜਾਂ ਸਾਂਸਦ ਜਿੰਨੀ ਵਾਰ ਵੀ ਚੋਣ ਜਿੱਤਦਾ ਹੈ, ਉੰਨੀਆਂ ਹੀ ਪੈਨਸ਼ਨਾਂ ਦਾ ਉਹ ਹੱਕਦਾਰ ਬਣ ਜਾਂਦਾ ਹੈ। ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਵਿਦੇਸ਼ਾਂ ਦੀਆਂ ਯਾਤਰਾਵਾਂ ਦੇ ਨਾਂਅ ’ਤੇ ਅਰਬਾਂ ਰੁਪਏ ਰੋੜ੍ਹੇ ਜਾਂਦੇ ਹਨ, ਜਿਸ ਵਿੱਚ ਉਨ੍ਹਾਂ ਦਾ ਸ਼ਾਨੋ-ਸ਼ੌਕਤ ਵਾਲਾ ਮਹਿੰਗਾ ਰਹਿਣ-ਸਹਿਣ ਤੇ ਖਾਣ ਪੀਣ ਵੀ ਸਰਕਾਰੀ ਖ਼ਰਚ ਵਿੱਚ ਸ਼ਾਮਲ ਹੁੰਦਾ ਹੈ।
ਦਰਅਸਲ, ਕੋਈ ਵੀ ਚੰਗੀ ਸਰਕਾਰ ਸਭ ਤੋਂ ਪਹਿਲਾਂ ਮਨੁੱਖਤਾ ਦੇ ਭਲੇ ਲਈ ਸੋਚਦੀ ਹੈ ਅਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀ ਹੈ। ਜਦੋਂ ਦੇਸ਼ ਦੇ ਸਾਰੇ ਲੋਕਾਂ ਨੂੰ ਰੁਜ਼ਗਾਰ ਪ੍ਰਾਪਤ ਹੋ ਜਾਂਦਾ ਹੈ ਅਤੇ ਉਹ ਖ਼ੁਸ਼ਹਾਲੀ ਭਰਿਆ ਜੀਵਨ ਜਿਊਣ ਲੱਗਦੇ ਹਨ ਤਾਂ ਹੀ ਸਰਕਾਰਾਂ ਬ੍ਰਹਿਮੰਡੀ ਖੋਜਾਂ ਤੇ ਮਨੁੱਖਤਾ ਲਈ ਹੋਰ ਕਈ ਪ੍ਰਕਾਰ ਦੇ ਸੁਰੱਖਿਅਤ ਕੰਮਾਂ ’ਤੇ ਅੰਨ੍ਹਾ ਖਰਚ ਕਰਦੀ ਹੈ। ਇਸ ਤੋਂ ਸਾਨੂੰ ਪਤਾ ਲਗਦਾ ਹੈ ਕਿ ਚੰਗੀਆਂ ਸਰਕਾਰਾਂ ਮਨੁੱਖਤਾ ਨੂੰ ਪਹਿਲ ਦੇ ਆਧਾਰ ’ਤੇ ਆਪਣੇ ਏਜੰਡੇ ਵਿੱਚ ਰੱਖਦੀਆਂ ਹਨ।
ਜੇਕਰ ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਇੱਥੇ ਮਨੁੱਖਤਾ ਦੇ ਭਲੇ ਤੋਂ ਪਹਿਲਾਂ ਇੱਟਾਂ ਤੇ ਸੀਮੈਂਟ ਦੀਆਂ ਦੀਵਾਰਾਂ ਖੜ੍ਹੀਆਂ ਕਰਨ, ਜੰਗੀ ਹਥਿਆਰ ਖਰੀਦਣ, ਬੁੱਤ ਬਣਾਉਣ, ਬ੍ਰਹਿਮੰਡ ਦੀਆਂ ਖੋਜਾਂ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ। ਇਨ੍ਹਾਂ ਸਭ ਕਾਰਨਾਂ ਕਰਕੇ ਮਨੁੱਖਤਾ ਦੀ ਭਲਾਈ ਬਾਰੇ ਸੋਚਣਾ ਦੂਰ ਦੀ ਗੱਲ ਹੈ। ਅਜਿਹੀ ਹਾਲਤ ਕਾਰਨ ਲੋਕਾਂ ਦੀਆਂ ਦੁੱਖ ਭਰੀਆਂ ਕਹਾਣੀਆਂ ਦਾ ਦੌਰ ਸ਼ੁਰੂ ਹੁੰਦਾ ਹੈ, ਜਿਸ ਵਿੱਚ ਬੇਰੁਜ਼ਗਾਰੀ, ਗ਼ਰੀਬੀ, ਕੁਪੋਸ਼ਣ, ਬਿਮਾਰੀਆਂ, ਭੁੱਖਮਰੀ, ਖ਼ੁਦਕੁਸ਼ੀਆਂ ਤੇ ਵਿਦੇਸ਼ਾਂ ਨੂੰ ਪ੍ਰਵਾਸ ਸ਼ਾਮਲ ਹੈ।
ਵਿਦੇਸ਼ਾਂ ਨੂੰ ਪਰਵਾਸ ਕਰਨ ਵਾਲੇ ਨੌਜਵਾਨਾਂ ਦੇ ਮਾਪੇ ਲੱਖਾਂ ਰੁਪਇਆ ਕਰਜ਼ਾ ਚੁੱਕ ਜਾਂ ਜਾਇਦਾਦਾਂ ਵੇਚ ਕੇ ਉਨ੍ਹਾਂ ਨੂੰ ਬਾਹਰ ਭੇਜਦੇ ਹਨ। ਪਰ ਜਦੋਂ ਉਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਫੜੇ ਜਾਂਦੇ ਹਨ ਜਾਂ ਜੰਗਲ ਪਾਰ ਕਰਦੇ ਸਮੇਂ ਮਾਰੇ ਜਾਂਦੇ ਹਨ ਤਾਂ ਉਨ੍ਹਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਜੇਲਾਂ ਵਿੱਚ ਬੰਦ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਵੀ ਵਕੀਲਾਂ ਨੂੰ ਲੱਖਾਂ ਰੁਪਏ ਦੇਣੇ ਪੈਂਦੇ ਹਨ, ਜਿਸ ਕਾਰਨ ਉਨ੍ਹਾਂ ਦਾ ਕਰਜ਼ਾ ਪਹਿਲਾਂ ਨਾਲੋਂ ਵੀ ਦੁੱਗਣਾ, ਤਿੱਗਣਾ ਹੋ ਜਾਂਦਾ ਹੈ। ਜ਼ਿੰਦਗੀ ਬਣਾਉਣ ਦੀ ਤਲਾਸ਼ ਵਿੱਚ, ਦੁੱਖਾਂ ਵਿੱਚ ਘਿਰੇ ਸਾਡੇ ਬੇਰੁਜ਼ਗਾਰ ਨੌਜਵਾਨਾਂ ਦੀ ਹਾਲਤ ਸੁਧਾਰਨ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਹੀ ਰੁਜ਼ਗਾਰ ਮੁਹਈਆ ਕਰਵਾਇਆ ਜਾਵੇ, ਤਾਂ ਜੋ ਉਹ ਵਿਦੇਸ਼ਾਂ ਵਿੱਚ ਧੱਕੇ ਖਾਣ, ਕਰਜ਼ਾਈ ਹੋਣ ਅਤੇ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚ ਸਕਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2178)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)