“ਫਿਰ ਵੀ ਹਨੇਰੇ ਵਿੱਚ ਰੌਸ਼ਨੀ ਦੀ ਕਿਰਨ ਦਿਖਾਈ ਦਿੰਦੀ ਹੈ, ਕਿਉਂਕਿ ਵਾਤਾਵਰਣ ਬਚਾਉਣ ਲਈ ...”
(17 ਮਈ 2022)
ਮਹਿਮਾਨ: 49.
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਗੁਰਬਾਣੀ ਦੇ ਇਹ ਸ਼ਬਦ ਸਾਨੂੰ ਕੁਦਰਤ ਨਾਲ ਸਾਂਝ ਪਾਉਣ ਅਤੇ ਇਸਦੀ ਸਾਂਭ-ਸੰਭਾਲ ਕਰਨ ਦਾ ਸੰਦੇਸ਼ ਦਿੰਦੇ ਹਨ। ਹੋਰ ਵੀ ਗ੍ਰੰਥਾਂ, ਬੁੱਧੀਜੀਵੀਆਂ, ਲੇਖਕਾਂ, ਵਿਦਵਾਨਾਂ ਅਤੇ ਸਮਾਜ ਭਲਾਈ ਲਈ ਕੰਮ ਕਰਦੀਆਂ ਸੰਸਥਾਵਾਂ ਵੱਲੋਂ ਕੁਦਰਤੀ ਖਜ਼ਾਨੇ ਦੀ ਰੱਖਿਆ ਦੀ ਗੱਲ ਕੀਤੀ ਜਾਂਦੀ ਹੈ। ਇਸਦਾ ਕਾਰਨ; ਮਨੁੱਖੀ ਹੋਂਦ ਕੁਦਰਤ ਨਾਲ ਹੀ ਜੁੜੀ ਹੈ। ਕਰੋੜਾਂ ਸਾਲਾਂ ਦੀਆਂ ਕੁਦਰਤੀ ਪ੍ਰਕਿਰਿਆਵਾਂ ਕਾਰਨ ਧਰਤੀ ’ਤੇ ਜੀਵਨ ਧੜਕਿਆ। ਧਰਤੀ ’ਤੇ ਪਾਣੀ ਦੀ ਹੋਂਦ ਨਾਲ ਬਨਸਪਤੀ ਪੈਦਾ ਹੋਈ। ਇਸ ਤੋਂ ਬਾਅਦ ਰੁੱਖਾਂ ਦੁਆਰਾ ਪੈਦਾ ਕੀਤੀ ਆਕਸੀਜਨ ਦੁਆਰਾ ਸੂਖਮ ਜੀਵਾਂ ਤੋਂ ਲੈ ਕੇ ਵੱਡੇ ਜਾਨਵਰ ਅਤੇ ਪੰਛੀ ਧਰਤੀ ’ਤੇ ਪੈਦਾ ਹੋਏ। ਫਿਰ ਜਾਨਵਰਾਂ ਤੋਂ ਵਿਕਸਤ ਹੁੰਦਾ ਅਜੋਕਾ ਮਨੁੱਖ ਹੋਂਦ ਵਿੱਚ ਆਇਆ। ਮਨੁੱਖੀ ਦਿਮਾਗ ਦੀ ਸਿਰਜਣਾ ਨੇ ਲੋਕਾਂ ਦੇ ਖਾਣ ਲਈ ਕੁਦਰਤੀ ਰਹਿਮਤਾਂ ਵਿੱਚੋਂ ਖੁਸ਼ਹਾਲ ਜ਼ਿੰਦਗੀ ਜਿਊਣ ਲਈ ਅਨੇਕ ਪਦਾਰਥ ਖੋਜੇ। ਇਨ੍ਹਾਂ ਅਨਮੋਲ ਖਜ਼ਾਨਿਆ ਜ਼ਰੀਏ ਹੀ ਮਨੁੱਖ, ਪਸ਼ੂ ਅਤੇ ਪੰਛੀ ਜੀਵਿਤ ਰਹਿੰਦੇ ਹਨ। ਇਸ ਤਰ੍ਹਾਂ ਜਿਉਂਦੇ ਰਹਿਣ ਲਈ ਉਪਜਾਊ ਭੂਮੀ, ਪਾਣੀ ਅਤੇ ਸਾਹ ਲੈਣ ਲਈ ਬਨਸਪਤੀ ਦਾ ਹੋਣਾ ਜ਼ਰੂਰੀ ਹੈ।
ਪਰ ਕੀ ਮਨੁੱਖ ਕੁਦਰਤ ਦੇ ਇਸ ਅਨਮੋਲ ਖਜ਼ਾਨੇ ਪ੍ਰਤੀ ਜਾਗਰੂਕ ਹੈ? ਕੀ ਅਸੀਂ ਰੁੱਖ, ਪਾਣੀ, ਹਵਾ ਅਤੇ ਭੂਮੀ ਦੀ ਸਾਂਭ-ਸੰਭਾਲ ਕਰ ਰਹੇ ਹਾਂ? ਇਸ ਸਵਾਲ ਦਾ ਜਵਾਬ ਨਾਂਹ ਵਿੱਚ ਹੈ। ਅੱਜ ਦਾ ਮਨੁੱਖ ਧਰਤੀ ਦੀ ਕੁੱਖ ਪਾਣੀ ਖੁਣੋ ਬਾਂਝ ਕਰ ਰਿਹਾ ਹੈ। ਹਵਾ ਨੂੰ ਪਲੀਤ ਕਰ ਰਿਹਾ ਹੈ। ਅਖੌਤੀ ਵਿਕਾਸ ਲਈ ਧਰਤੀ ਨੂੰ ਰੁੱਖਾਂ ਤੋਂ ਵਾਝਿਆਂ ਕੀਤਾ ਜਾ ਰਿਹਾ ਹੈ ਅਤੇ ਉਪਜਾਊ ਭੂਮੀ ’ਤੇ ਪੈਦਾ ਹੁੰਦੀਆਂ ਫਸਲਾਂ ਦੀ ਰਹਿੰਦ-ਖੂੰਧ ਨੂੰ ਅੱਗ ਲਾ ਕੇ ਇਸ ਨੂੰ ਬੰਜਰ ਬਣਾਇਆ ਜਾ ਰਿਹਾ ਹੈ। ਜਦੋਂ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਬਹੁਤ ਸਾਰੇ ਦਰਖ਼ਤ ਵੀ ਅੱਗ ਦੀ ਲਪੇਟ ਵਿੱਚ ਆ ਜਾਂਦੇ ਹਨ, ਜੋ ਸਾਡੇ ਸਾਹ ਲੈਣ ਦਾ ਮੁੱਖ ਜ਼ਰੀਆ ਹਨ। ਇਸ ਨਾਲ ਦਰਖ਼ਤਾਂ ’ਤੇ ਰੈਣ ਬਸੇਰਾ ਬਣਾ ਕੇ ਬੈਠੇ ਪੰਖੇਰੂ ਵੀ ਉੱਜੜ ਜਾਂਦੇ ਹਨ। ਦੂਜਾ, ਅੱਗ ਲੱਗਣ ਨਾਲ ਸੜਕਾਂ ਦੀ ਆਵਾਜਾਈ ’ਤੇ ਵੀ ਬੁਰਾ ਅਸਰ ਪੈਂਦਾ ਹੈ। ਬਟਾਲਾ ਨੇੜੇ ਬੱਚਿਆਂ ਦੀ ਸਕੂਲ ਵੈਨ ਨਾੜ ਨੂੰ ਲਾਈ ਅੱਗ ਕਾਰਨ ਹੀ ਲਪੇਟ ਵਿੱਚ ਆ ਗਈ ਸੀ, ਜਿਸ ਕਾਰਨ ਸੱਤ ਬੱਚੇ ਝੁਲਸ ਗਏ ਸਨ। ਇਹ ਘਟਨਾ ਸਭ ਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਇਹ ਸਿਲਸਿਲਾ ਆਖਿਰ ਕਦੋਂ ਤਕ ਚੱਲੇਗਾ।
ਉਪਜਾਊ ਭੂਮੀ ਅੱਗ ਲਗਾਉਣ ਦੇ ਰੁਝਾਨ, ਰਸਾਇਣਕ ਅਤੇ ਕੀਟਨਾਸ਼ਕ ਦਵਾਈਆਂ ਦੀ ਅੰਨ੍ਹੀ ਵਰਤੋਂ ਨਾਲ ਆਪਣਾ ਕੁਦਰਤੀ ਉਪਜਾਊਪਣ ਗਵਾ ਰਹੀ ਹੈ। ਦੂਸਰੀ ਸਭ ਤੋਂ ਵੱਡੀ ਮੁਸੀਬਤ, ਜੋ ਆਉਣ ਵਾਲੇ ਸਮੇਂ ਵਿੱਚ ਮੂੰਹ ਅੱਡੀ ਖੜ੍ਹੀ ਹੈ, ਉਹ ਹੈ ਪਾਣੀ ਦੀ ਦੁਰਵਰਤੋਂ। ਮਾਹਿਰਾਂ ਅਨੁਸਾਰ ਲਗਭਗ 20 ਤੋਂ 25 ਸਾਲਾਂ ਤਕ ਪੰਜਾਬ ਦੀ ਭੂਮੀ ਪਾਣੀ ਖਤਮ ਹੋਣ ਕਾਰਨ ਬੰਜਰ ਬਣ ਜਾਵੇਗੀ। ਸੋਚੋ, ਫਿਰ ਕਿੱਧਰ ਨੂੰ ਰੁਖ਼ ਕਰਾਂਗੇ? ਤੀਸਰਾ, ਸਾਡੀ ਸਾਹ ਰਗ ਬਣਾਈ ਰੱਖਣ ਵਾਲੇ ਰੁੱਖਾਂ ਦੀ ਅੰਨ੍ਹੇਵਾਹ ਕਟਾਈ। ਸ਼ਾਇਦ ਇਨਸਾਨ ਰੁੱਖ ਲਾਉਣੇ ਭੁੱਲ ਹੀ ਗਿਆ ਹੈ ਪਰ ਅਖੌਤੀ ਵਿਕਾਸ ਲਈ ਬਿਨਾਂ ਸੋਚ ਵਿਚਾਰ ਕੀਤਿਆਂ ਰੁੱਖਾਂ ਦਾ ਉਜਾੜਾ ਕਰੀ ਜਾ ਰਿਹਾ ਹੈ। ਧਰਤੀ ’ਤੇ ਹਰਿਆਲੀ ਖਤਮ ਕਰਕੇ ਇਸ ਨੂੰ ਰੁੰਡ ਮਰੁੰਡ ਕਰ ਰਿਹਾ ਹੈ। ਚੌਥਾ, ਪ੍ਰਦੂਸ਼ਣ ਕਾਰਨ ਪੈਦਾ ਹੋ ਰਹੀਆਂ ਜ਼ਹਿਰੀਲੀਆਂ ਗੈਸਾਂ, ਹਵਾ, ਮਨੁੱਖ, ਪਸ਼ੂ ਅਤੇ ਪੰਛੀਆਂ ਲਈ ਮਾਰੂ ਸਾਬਿਤ ਹੋ ਰਹੀਆਂ ਹਨ।
ਸੋਚਣ ਵਾਲੀ ਗੱਲ ਇਹ ਹੈ ਕਿ ਸਵੇਰ ਦੀ ਸ਼ੁਰੂਆਤ ਅਸੀਂ ਗੁਰਬਾਣੀ ਪੜ੍ਹ ਕੇ ਕਰਦੇ ਹਾਂ, ਕੋਈ ਵੇਦ, ਕੁਰਾਨ ਤੇ ਬਾਈਬਲ ਆਦਿ ਪੜ੍ਹ ਕੇ ਕਰਦਾ ਹੈ, ਜਿਨ੍ਹਾਂ ਵਿੱਚ ਵਾਤਾਵਰਣ ਪ੍ਰਤੀ ਲਗਾਵ ਦੀ ਗੱਲ ਕੀਤੀ ਜਾਂਦੀ ਹੈ। ਕੁਝ ਲੋਕ ਸਵੇਰੇ ਚੜ੍ਹਦੇ ਸੂਰਜ ਨੂੰ ਸਲਾਮ ਕਰਨ ਅਤੇ ਹਰੇ ਭਰੇ ਕੁਦਰਤੀ ਵਾਤਾਵਰਣ ਵਿੱਚ ਸੈਰ ਕਰਨ ਨਿਕਲਦੇ ਹਨ। ਕੋਈ ਲੇਖਕ ਸੂਰਜ ਦੀਆਂ ਹਰੇ ਭਰੇ ਰੁੱਖਾਂ ’ਤੇ ਪੈ ਰਹੀਆਂ ਕਿਰਨਾਂ ਨੂੰ ਵੇਖ ਕੇ ਮੰਤਰ ਮੁਘਧ ਹੋਇਆ ਰਚਨਾ ਲਿਖ ਪਾਠਕਾਂ ਦੀ ਝੋਲੀ ਪਾ ਦਿੰਦਾ ਹੈ। ਕਿਸਾਨ ਹਰੇ ਖੇਤਾਂ ਨੂੰ ਵੇਖ ਕੇ ਖੁਸ਼ ਹੁੰਦਾ ਹੈ। ਕੋਈ ਦਿਨ-ਰਾਤ ਦੇ ਕੁਦਰਤੀ ਵਰਤਾਰੇ ਤੋਂ ਬਲਿਹਾਰੇ ਜਾਂਦਾ ਹੈ। ਕਹਿਣ ਤੋਂ ਭਾਵ ਹਰ ਕੋਈ ਕੁਦਰਤੀ ਪਰਸਾਰੇ ਦੇ ਰੰਗ ਵੇਖ ਕੇ ਖੁਸ਼ ਵੀ ਹੁੰਦਾ ਹੈ ਅਤੇ ਹੈਰਾਨ ਵੀ, ਪਰ ਬੜੇ ਦੁੱਖ ਦੀ ਗੱਲ ਹੈ ਕਿ ਅਸੀਂ ਗੁਰਬਾਣੀ ਜਾਂ ਕੋਈ ਹੋਰ ਸੰਦੇਸ਼ ਪੜ੍ਹਨ ਜਾਂ ਸੁਣਨ ਦੇ ਬਾਵਜੂਦ ਕੁਦਰਤ ਤੋਂ ਮੂੰਹ ਮੋੜਦੇ ਹਾਂ। ਜ਼ਰਾ ਸੋਚ ਕੇ ਵੇਖੋ, ਜੇ ਕੁਦਰਤ ਦੀਆਂ ਇਹ ਦਾਤਾਂ ਨਾ ਰਹੀਆਂ ਤਾਂ ਸਾਡੀ ਹੋਂਦ ਵੀ ਨਹੀਂ ਰਹੇਗੀ!
ਫਿਰ ਵੀ ਹਨੇਰੇ ਵਿੱਚ ਰੌਸ਼ਨੀ ਦੀ ਕਿਰਨ ਦਿਖਾਈ ਦਿੰਦੀ ਹੈ, ਕਿਉਂਕਿ ਵਾਤਾਵਰਣ ਬਚਾਉਣ ਲਈ ਸੁਹਿਰਦ ਲੋਕ ਅੱਗੇ ਆ ਰਹੇ ਹਨ। ਅੱਜ ਸੋਸ਼ਲ, ਪ੍ਰਿੰਟ ਅਤੇ ਬਿਜਲੀ ਮੀਡੀਆ ਜ਼ਰੀਏ ਵਾਤਾਵਰਣ ਬਚਾਓ ਲਈ ਪ੍ਰਚਾਰ ਕੀਤਾ ਜਾਂਦਾ ਹੈ। ਕਈ ਧਾਰਮਿਕ ਤੇ ਵਾਤਾਵਰਣ ਸੰਸਥਾਵਾਂ ਕੁਦਰਤ ਦੀ ਰਾਖੀ ਲਈ ਕੰਮ ਕਰ ਰਹੀਆਂ ਹਨ। ਸੰਤ ਸੀਚੇਵਾਲ ਅਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵੱਲੋਂ ਵੀ ਦ੍ਰਖ਼ਤ ਲਗਾਉਣ ਅਤੇ ਪਾਣੀ ਬਚਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਭਗਤ ਪੂਰਨ ਸਿੰਘ ਪਿੰਗਲਵਾੜਾ ਵੱਲੋਂ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕੁਝ ਲੋਕਾਂ ਵੱਲੋਂ ਮੁਫ਼ਤ ਬੂਟੇ ਵੰਡੇ ਜਾਂਦੇ ਹਨ। ਇਸ ਤਰ੍ਹਾਂ ਦੇ ਉਪਰਾਲੇ ਹੋਰ ਲੋਕਾਂ ਵੱਲੋਂ ਵੀ ਵੱਡੇ ਪੱਧਰ ’ਤੇ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਵਿੱਚ ਕੁਦਰਤੀ ਸੋਮਿਆਂ ਦੀ ਸੰਭਾਲ ਪ੍ਰਤੀ ਜਾਗਰੂਕਤਾ ਦੀ ਘਾਟ ਹੈ। ਵਾਤਾਵਰਣ ਪ੍ਰਤੀ ਸੁਹਿਰਦ ਲੋਕਾਂ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ ਇਸ ਮੁਹਿੰਮ ਨਾਲ ਜੋੜਿਆ ਜਾਵੇ। ਸ਼ਹਿਰਾਂ ਤੋਂ ਲੈ ਕੇ ਪਿੰਡਾਂ ਦੇ ਕੋਨੇ-ਕੋਨੇ ਤਕ ਇਸਦੀ ਪਹੁੰਚ ਕਰਨ ਦੀ ਲੋੜ ਹੈ। ਖਾਸ ਕਰਕੇ ਪਿੰਡਾਂ ਵਿੱਚ ਵਾਤਾਵਰਣ ਬਚਾਓ ਮੁਹਿੰਮ ਦੀ ਘਾਟ ਰੜਕਦੀ ਹੈ। ਪਛੜੇ ਇਲਾਕਿਆਂ ਦੇ ਪਿੰਡਾਂ ਵਿੱਚ ਲੋਕ ਵਾਤਾਵਰਣ ਬਚਾਓ ਸੰਬੰਧੀ ਬਹੁਤ ਘੱਟ ਜਾਗਰੂਕ ਹਨ। ਸਮੇਂ ਦੀ ਸਰਕਾਰ ਨੂੰ ਵੀ ਵਾਤਾਵਰਣ ਦੀ ਸਾਂਭ ਸੰਭਾਲ ਲਈ ਵੱਡੇ ਪੱਧਰ ’ਤੇ ਕੰਮ ਕਰਨਾ ਚਾਹੀਦਾ ਹੈ। ਨਰੇਗਾ ਸਕੀਮ ਤਹਿਤ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਰੁੱਖ ਲਗਾਉਣ ਦੇ ਉਪਰਾਲੇ ਕੀਤੇ ਜਾ ਸਕਦੇ ਹਨ। ਇਸ ਨਾਲ ਰੁਜ਼ਗਾਰ ਵੀ ਪੈਦਾ ਹੋਵੇਗਾ। ਇਸ ਤੋਂ ਇਲਾਵਾ ਮੀਂਹ ਦੇ ਪਾਣੀ ਨੂੰ ਬਚਾ ਕੇ ਇਸਦੀ ਵਰਤੋਂ ਫਸਲਾਂ ਅਤੇ ਪਸ਼ੂਆਂ ਨੂੰ ਪਿਲਾਉਣ ਲਈ ਕੀਤੀ ਜਾ ਸਕਦੀ ਹੈ। ਸੋ, ਆਓ! ਸਭ ਰਲ ਕੇ ਕੁਦਰਤ ਦੇ ਇਸ ਅਨਮੋਲ ਖ਼ਜਾਨੇ ਨੂੰ ਬਚਾਈਏ। ਸਮਾਂ ਤੁਹਾਡੇ ਹੱਥਾਂ ਵਿੱਚ ਹੈ, ਕਿਉਂਕਿ ਡੁੱਲ੍ਹੇ ਬੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3570)
(ਸਰੋਕਾਰ ਨਾਲ ਸੰਪਰਕ ਲਈ: