“ਇਸ ਲਈ ਜਾਗੋ ਪੰਜਾਬੀਓ, ਉੱਠੋ ਅਤੇ ਆਪਣੇ ਖੇਤਾਂ ਵਿੱਚ, ਆਪਣੇ ਘਰਾਂ ਵਿੱਚ ...”
(18 ਸਤੰਬਰ 2026)
ਪਾਣੀ ਕੇਵਲ ਇੱਕ ਤਰਲ ਨਹੀਂ ਹੁੰਦਾ, ਪਾਣੀ ਜੀਵਨ ਹੁੰਦਾ ਹੈ, ਪਾਣੀ ਸੱਭਿਅਤਾ ਹੁੰਦਾ ਹੈ, ਪਾਣੀ ਇਤਿਹਾਸ ਹੁੰਦਾ ਹੈ। ਪੰਜਾਬ ਦਾ ਨਾਮ ਹੀ ਪੰਜਾਂ ਪਾਣੀਆਂ (ਦਰਿਆਵਾਂ) ਤੋਂ ਪਿਆ ਹੈ ਪਰ ਅੱਜ ਉਸੇ ਪੰਜਾਬ ਦੀ ਧਰਤੀ ਹੇਠੋਂ ਪਾਣੀ ਮੁੱਕ ਰਿਹਾ ਹੈ, ਜੀਵਨ ਖਿਸਕ ਰਿਹਾ ਹੈ, ਭਵਿੱਖ ਖਿਸਕ ਰਿਹਾ ਹੈ। ਅੱਜ ਤੋਂ ਚਾਰ ਦਹਾਕੇ ਪਹਿਲਾਂ ਜਿੱਥੇ ਵੀਹ ਫੁੱਟ ’ਤੇ ਪਾਣੀ ਆ ਜਾਂਦਾ ਸੀ, ਉੱਥੇ ਅੱਜ ਦੋ ਸੌ ਫੁੱਟ ’ਤੇ ਵੀ ਪਾਣੀ ਨਹੀਂ। ਜਿੱਥੇ ਖੂਹਾਂ ਵਿੱਚ ਪਾਣੀ ਛਲਕਦਾ ਸੀ, ਉੱਥੇ ਅੱਜ ਖੂਹਾਂ ਦੀਆਂ ਮੁੰਡੇਰਾਂ ’ਤੇ ਕਾਂ ਬੈਠੇ ਹਨ। ਜਿੱਥੇ ਨਲਕੇ ’ਤੇ ਹੱਥ ਮਾਰਿਆਂ ਪਾਣੀ ਦੀ ਧਾਰ ਨਿਕਲਦੀ ਸੀ, ਉੱਥੇ ਅੱਜ ਮੋਟਰ ਦਿਨ-ਰਾਤ ਚੱਲਣ ’ਤੇ ਵੀ ਹਵਾ ਮਾਰਦੀ ਹੈ। ਇਹ ਤ੍ਰਾਸਦੀ ਕਿਵੇਂ ਵਾਪਰੀ? ਇਹ ਤ੍ਰਾਸਦੀ ਇੱਕ ਦਿਨ ਵਿੱਚ ਨਹੀਂ ਵਾਪਰੀ, ਇਹ ਤ੍ਰਾਸਦੀ ਹਰੇ ਇਨਕਲਾਬ ਦੀ ਕੀਮਤ ਹੈ। ਹਰੇ ਇਨਕਲਾਬ ਨੇ ਸਾਨੂੰ ਅੰਨ ਦਿੱਤਾ, ਪਰ ਸਾਡਾ ਪਾਣੀ ਪੀ ਲਿਆ। ਅਸੀਂ ਕਣਕ ਅਤੇ ਝੋਨੇ ਦੇ ਚੱਕਰ ਵਿੱਚ ਉਲਝ ਗਏ। ਝੋਨਾ ਉਹ ਫਸਲ ਹੈ ਜੋ ਇੱਕ ਕਿੱਲੋ ਪੈਦਾ ਹੋਣ ਲਈ ਚਾਰ ਹਜ਼ਾਰ ਲੀਟਰ ਪਾਣੀ ਪੀਂਦਾ ਹੈ। ਅਸੀਂ ਉਹ ਫਸਲ ਉਸ ਧਰਤੀ ’ਤੇ ਬੀਜ ਦਿੱਤੀ ਜਿੱਥੇ ਪਾਣੀ ਦਾ ਕੁਦਰਤੀ ਭੰਡਾਰ ਹੀ ਨਹੀਂ। ਅਸੀਂ ਸਰਕਾਰੀ ਨੀਤੀ ਦੇ ਦਬਾਅ ਵਿੱਚ, ਘੱਟੋ-ਘੱਟ ਸਮਰਥਨ ਮੁੱਲ ਦੇ ਲਾਲਚ ਵਿੱਚ, ਆਪਣੀ ਧਰਤੀ ਦਾ ਸਭ ਤੋਂ ਵੱਡਾ ਦੁਸ਼ਮਣ ਆਪ ਬਣ ਗਏ। ਦੂਜਾ ਕਾਰਨ ਬੇਲਗਾਮ ਨਲਕੂਪ ਹੈ। ਅੱਜ ਸੂਬੇ ਵਿੱਚ ਚੌਦਾਂ ਲੱਖ ਤੋਂ ਵੱਧ ਨਲਕੂਪ ਹਨ। ਹਰ ਨਲਕੂਪ ਦਿਨ-ਰਾਤ ਧਰਤੀ ਦਾ ਲਹੂ ਚੂਸ ਰਿਹਾ ਹੈ। ਸਰਕਾਰ ਨੇ ਮੁਫਤ ਬਿਜਲੀ ਦਿੱਤੀ, ਚੰਗੇ ਮੰਤਵ ਨਾਲ ਦਿੱਤੀ, ਪਰ ਉਸ ਮੁਫਤ ਬਿਜਲੀ ਨੇ ਪਾਣੀ ਦੀ ਬਰਬਾਦੀ ਨੂੰ ਜਨਮ ਦਿੱਤਾ। ਕਿਸਾਨ ਨੇ ਸੋਚਿਆ ਬਿਜਲੀ ਮੁਫਤ ਹੈ, ਪਾਣੀ ਕੱਢੀ ਜਾਓ, ਜਿੰਨਾ ਕੱਢੋਗੇ ਉੰਨਾ ਝੋਨਾ ਹੋਵੇਗਾ, ਉੰਨਾ ਪੈਸਾ ਆਵੇਗਾ, ਪਰ ਕਿਸਾਨ ਭੁੱਲ ਗਿਆ ਕਿ ਪਾਣੀ ਦੀ ਕੋਈ ਫੈਕਟਰੀ ਨਹੀਂ, ਪਾਣੀ ਕੁਦਰਤ ਦੀ ਅਮਾਨਤ ਹੈ।
ਤੀਜਾ ਕਾਰਨ ਸ਼ਹਿਰੀਕਰਨ ਹੈ, ਪਿੰਡ-ਪਿੰਡ ਵਿੱਚ ਕੰਕਰੀਟ ਦੇ ਜੰਗਲ ਬਣ ਗਏ ਹਨ। ਜਿੱਥੇ ਪਹਿਲਾਂ ਪਾਣੀ ਜ਼ਮੀਨ ਵਿੱਚ ਜਜ਼ਬ ਹੁੰਦਾ ਸੀ, ਉੱਥੇ ਅੱਜ ਸੜਕਾਂ, ਗਲੀਆਂ, ਮਕਾਨਾਂ ਨੇ ਪਾਣੀ ਦਾ ਰਸਤਾ ਰੋਕ ਦਿੱਤਾ, ਮੀਂਹ ਦਾ ਪਾਣੀ ਨਾਲੀਆਂ ਰਾਹੀਂ ਨਾਲੇ ਵਿੱਚ, ਅਤੇ ਨਾਲੇ ਰਾਹੀਂ ਦਰਿਆ ਵਿੱਚ ਚਲਾ ਜਾਂਦਾ ਹੈ, ਜ਼ਮੀਨ ਵਿੱਚ ਨਹੀਂ ਜਾਂਦਾ। ਚੌਥਾ ਕਾਰਨ ਜਲਵਾਯੂ ਪਰਿਵਰਤਨ ਹੈ। ਮੀਂਹ ਘਟ ਗਿਆ, ਮੀਂਹ ਦਾ ਸਮਾਂ ਬਦਲ ਗਿਆ, ਪਹਿਲਾਂ ਸਾਉਣ ਵਿੱਚ ਮੀਂਹ ਪੈਂਦਾ ਸੀ, ਹੁਣ ਹਾੜ੍ਹ ਵਿੱਚ ਪੈਂਦਾ ਹੈ। ਕਦੇ ਬਹੁਤ ਜ਼ਿਆਦਾ ਪੈਂਦਾ ਹੈ, ਕਦੇ ਬਿਲਕੁਲ ਨਹੀਂ ਪੈਂਦਾ। ਇਸ ਨਾਲ ਜ਼ਮੀਨੀ ਪਾਣੀ ਦਾ ਪੱਧਰ ਹੋਰ ਹੇਠਾਂ ਚਲਾ ਗਿਆ। ਇਸ ਡਿਗਦੇ ਪੱਧਰ ਦਾ ਨਤੀਜਾ ਕੀ ਹੈ, ਨਤੀਜਾ ਇਹ ਹੈ ਕਿ ਪਾਣੀ ਵਿੱਚ ਜ਼ਹਿਰ ਘੁਲ ਗਿਆ। ਜਦੋਂ ਪਾਣੀ ਡੂੰਘਾ ਜਾਂਦਾ ਹੈ ਤਾਂ ਉਸ ਵਿੱਚ ਫਲੋਰਾਈਡ, ਆਰਸੈਨਿਕ, ਯੂਰੇਨੀਅਮ ਵਰਗੇ ਜ਼ਹਿਰੀਲੇ ਤੱਤ ਘੁਲ ਜਾਂਦੇ ਹਨ। ਉਹ ਪਾਣੀ ਪੀਣ ਨਾਲ ਕੈਂਸਰ, ਜੋੜਾਂ ਦਾ ਦਰਦ, ਦੰਦਾਂ ਦਾ ਸੜਨਾ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਅੱਜ ਸੂਬੇ ਦੇ ਦੱਖਣੀ ਹਿੱਸੇ ਵਿੱਚ ਕੈਂਸਰ ਗੱਡੀ ਚਲਦੀ ਹੈ। ਉਹ ਗੱਡੀ ਕਿਸੇ ਹੋਰ ਕਾਰਨ ਨਹੀਂ, ਇਸੇ ਜ਼ਹਿਰੀਲੇ ਪਾਣੀ ਕਾਰਨ ਚਲਦੀ ਹੈ।
ਇੱਕ ਹੋਰ ਪੱਖ ਇਹ ਹੈ ਕਿ ਖੇਤੀ ਦੀ ਲਾਗਤ ਵਧ ਗਈ। ਪਹਿਲਾਂ ਵੀਹ ਫੁੱਟ ਵਾਲੀ ਮੋਟਰ ਦੋ ਘੋੜੇ ਦੀ ਹੁੰਦੀ ਸੀ, ਅੱਜ ਦੋ ਸੌ ਫੁੱਟ ਵਾਲੀ ਮੋਟਰ ਵੀਹ ਘੋੜੇ ਦੀ ਲਗਦੀ ਹੈ। ਬਿਜਲੀ ਦਾ ਬਿੱਲ ਵਧਿਆ, ਕਰਜ਼ਾ ਵਧਿਆ, ਕਿਸਾਨਾਂ ਦੀਆਂ ਆਤਮ-ਹੱਤਿਆਵਾਂ ਵਧ ਗਈ। ਇਸ ਤੋਂ ਅੱਗੇ ਪੀਣ ਵਾਲੇ ਪਾਣੀ ਦੀ ਲੜਾਈ ਸ਼ੁਰੂ ਹੋ ਗਈ। ਇੱਕੋ ਖੂਹ ’ਤੇ ਦੋ ਭਰਾ ਲੜਦੇ ਹਨ, ਇੱਕੋ ਨਲਕੇ ’ਤੇ ਦੋ ਗੁਆਂਢੀ ਲੜਦੇ ਹਨ। ਜਿੱਥੇ ਪਾਣੀ ਸਾਂਝ ਦਾ ਪ੍ਰਤੀਕ ਸੀ, ਉੱਥੇ ਪਾਣੀ ਲੜਾਈ ਦਾ ਕਾਰਨ ਬਣ ਗਿਆ।
ਹੱਲ ਕੀ ਹੈ? ਹੱਲ ਸਰਕਾਰ ਕੋਲ ਨਹੀਂ, ਹੱਲ ਸਾਡੇ ਕੋਲ ਹੈ। ਪਹਿਲਾ ਹੱਲ ਫਸਲੀ ਵਿਭਿੰਨਤਾ ਹੈ। ਝੋਨੇ ਨੂੰ ਛੱਡੋ, ਮੱਕੀ ਵੱਲ ਆਉ। ਦਾਲਾਂ ਵੱਲ ਆਉ, ਤੇਲ-ਬੀਜਾਂ ਵੱਲ ਆਉ, ਜਿਹੜੀਆਂ ਫਸਲਾਂ ਘੱਟ ਪਾਣੀ ਪੀਂਦੀਆਂ ਹਨ। ਦੂਜਾ ਹੱਲ ਪਾਣੀ ਦੀ ਸੰਭਾਲ ਹੈ। ਹਰ ਖੇਤ ਵਿੱਚ ਤਲਾਅ ਬਣਾਓ, ਹਰ ਪਿੰਡ ਵਿੱਚ ਛੱਪੜਾਂ ਨੂੰ ਡੂੰਘੇ ਕਰੋ। ਹਰ ਘਰ ਵਿੱਚ ਮੀਂਹ ਦੇ ਪਾਣੀ ਨੂੰ ਇਕੱਠਾ ਕਰੋ। ਮੀਂਹ ਦਾ ਇੱਕ-ਇੱਕ ਕਤਰਾ ਜ਼ਮੀਨ ਵਿੱਚ ਪਾਓ। ਤੀਜਾ ਹੱਲ ਤਕਨੀਕ ਹੈ, ਡਰਿੱਪ ਸਿੰਜਾਈ ਲਾਓ, ਫੁਹਾਰਾ ਸਿੰਜਾਈ ਲਾਓ। ਜਿੱਥੇ ਇੱਕ ਏਕੜ ਵਿੱਚ ਸੌ ਲੀਟਰ ਪਾਣੀ ਲਗਦਾ ਸੀ, ਉੱਥੇ ਦਸ ਲੀਟਰ ਵਿੱਚ ਕੰਮ ਚਲਾਓ। ਚੌਥਾ ਹੱਲ ਚੇਤਨਾ ਹੈ, ਹਰ ਬੱਚੇ ਨੂੰ ਸਿਖਾਓ ਕਿ ਪਾਣੀ ਦੀ ਇੱਕ ਬੂੰਦ ਵੀ ਬਰਬਾਦ ਨਾ ਕਰੇ। ਜਿਵੇਂ ਅਸੀਂ ਪੈਸੇ ਦੀ ਬੱਚਤ ਸਿਖਾਉਂਦੇ ਹਾਂ, ਉਵੇਂ ਪਾਣੀ ਦੀ ਬੱਚਤ ਸਿਖਾਈਏ।
ਪੰਜਾਬ ਦੀ ਧਰਤੀ ਹੇਠੋਂ ਪਾਣੀ ਨਹੀਂ ਖਿਸਕ ਰਿਹਾ, ਪੰਜਾਬ ਦੀ ਧਰਤੀ ਹੇਠੋਂ ਸਾਡਾ ਭਵਿੱਖ ਖਿਸਕ ਰਿਹਾ ਹੈ, ਸਾਡੇ ਬੱਚਿਆਂ ਦਾ ਭਵਿੱਖ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ। ਜੇ ਅੱਜ ਵੀ ਨਾ ਜਾਗੇ ਤਾਂ ਆਉਣ ਵਾਲੇ ਵੀਹ ਸਾਲਾਂ ਵਿੱਚ ਪੰਜਾਬ ਰੇਗਿਸਤਾਨ ਬਣ ਜਾਵੇਗਾ। ਉਹ ਰੇਗਿਸਤਾਨ, ਜਿੱਥੇ ਕਣਕ ਨਹੀਂ, ਰੇਤ ਉੱਡੇਗੀ। ਜਿੱਥੇ ਪਾਣੀ ਨਹੀਂ, ਹੰਝੂ ਹੋਣਗੇ। ਇਸ ਲਈ ਜਾਗੋ ਪੰਜਾਬੀਓ, ਉੱਠੋ ਅਤੇ ਆਪਣੇ ਖੇਤਾਂ ਵਿੱਚ, ਆਪਣੇ ਘਰਾਂ ਵਿੱਚ ਅਤੇ ਆਪਣੇ ਪਿੰਡ ਵਿੱਚ ਪਾਣੀ ਦੀ ਇੱਕ-ਇੱਕ ਬੂੰਦ ਨੂੰ ਬਚਾਓ, ਕਿਉਂਕਿ ਬੂੰਦ-ਬੂੰਦ ਨਾਲ ਹੀ ਸਾਗਰ ਬਣਦਾ ਹੈ, ਤੇ ਬੂੰਦ-ਬੂੰਦ ਨਾਲ ਹੀ ਸਾਗਰ ਸੁੱਕਦਾ ਵੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































