“ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਸਤਨਾਮ ਢਾਹ ਦਾ ਇਹ ਯਤਨ ...”
(29 ਜੂਨ 2026)
ਸਾਹਿਤਕ ਮੁਲਾਕਾਤਾਂ ਆਧੁਨਿਕ ਸਮੇਂ ਵਿੱਚ ਵਿਕਸਿਤ ਹੋ ਰਿਹਾ ਰੂਪਾਕਾਰ ਹੈ, ਭਾਵੇਂ ਇਹ ਥੋੜ੍ਹੇ ਬਦਲਵੇਂ ਰੂਪ ਵਿੱਚ ਸਾਡੇ ਕੋਲ ਪਹਿਲਾਂ ਤੋਂ ਮੌਜੂਦ ਵੀ ਹੈ। ਕੋਈ ਵੀ ਰੂਪਾਕਾਰ ਵਿਸ਼ੇਸ਼ ਪਰਿਸਥਿਤੀਆਂ ਅਤੇ ਕਾਲਖੰਡ ਦੀ ਉਪਜ ਹੁੰਦਾ ਹੈ। ਕਿਸੇ ਖਾਸ ਕਾਲਖੰਡ ਦੇ ਅੰਤਰ-ਵਿਰੋਧਾਂ, ਸੰਵੇਦਨਾਵਾਂ ਜਾ ਝੁਕਾਵਾਂ ਨੂੰ ਪ੍ਰਤਿਬਿੰਬਤ ਕਰਨ ਲਈ ਕੋਈ ਨਾ ਕੋਈ ਰੂਪਾਕਾਰ ਵਿਕਸਿਤ ਹੁੰਦਾ ਹੈ ਜਾਂ ਪਹਿਲਾਂ ਤੋਂ ਬੀਜ ਰੂਪ ਵਿੱਚ ਪਏ ਰੂਪਾਕਾਰ ਵਿੱਚ ਪਰਿਵਰਤਨ ਆ ਜਾਣਾ ਸੁਭਾਵਿਕ ਹੈ। ਉਂਝ ਤਾਂ ਮੁਲਾਕਾਤਾਂ ਦਾ ਸੁਭਾਅ ਉਚਾਰ-ਮੁੱਖ ਹੀ ਹੈ ਪਰ ਲਿਖਤੀ ਮੁਲਾਕਾਤਾਂ ਦੀ ਭਾਸ਼ਾ ਵੀ ਉਹਨਾਂ ਨੂੰ ਉਚਾਰ-ਮੁਖਤਾ ਦੇ ਨੇੜੇ ਲੈ ਜਾਂਦੀ ਹੈ। ਮੁਲਾਕਾਤ ਕਰਨ ਵਾਲੇ ਦਾ ਉਦੇਸ਼ ਅਤੇ ਅਧਿਐਨ, ਮੁਲਾਕਾਤ ਵਿੱਚ ਉੱਤਰ ਦੇਣ ਵਾਲੇ ਦਾ ਗਿਆਨ ਅਤੇ ਸਪਸ਼ਟਤਾ ਮੁਲਾਕਾਤ ਦੀ ਜਿੰਦ-ਜਾਨ ਹੁੰਦਾ ਹੈ। ਡਾ. ਗੁਰਮੁਖ ਸਿੰਘ ਲਿਖਦੇ ਹਨ, “ਪੰਜਾਬੀ ਸਾਹਿਤਿਕ ਮੁਲਾਕਾਤ ਦੇ ਪ੍ਰਸੰਗ ਵਿੱਚ ਇਨ੍ਹਾਂ ਸਬੰਧਾਂ ਦੇ ਦੋ ਪਸਾਰ ਉੱਭਰ ਕੇ ਸਾਹਮਣੇ ਆਉਂਦੇ ਹਨ। ਪਹਿਲੇ ਪਸਾਰ ਵਿੱਚ ਇੱਕ ਧਿਰ ਸ਼ਕਤੀਹੀਣ ਅਤੇ ਦੂਜੀ ਸ਼ਕਤੀਸ਼ਾਲੀ ਹੁੰਦੀ ਹੈ। ਜਦੋਂ ਮੁਲਾਕਾਤ ਕਰਤਾ ਸਾਹਿਤਕ ਜਗਤ ਦੀ ਸ਼ਕਤੀ ਦਾ ਧਾਰਨੀ ਨਹੀਂ ਹੁੰਦਾ ਸਗੋਂ ਇਸਦਾ ਇੱਛਕ ਹੁੰਦਾ ਹੈ ਤਾਂ ਮੁਲਾਕਾਤ ਦੀ ਇਹ ਵਿਧਾ ਕਿਸੇ ਹੋਰ ਦਿਸ਼ਾ ਵੱਲ ਸਫਰ ਕਰਦੀ ਹੈ। ਅਜਿਹੀ ਸਥਿਤੀ ਵਿੱਚ ਮੁਲਾਕਾਤ-ਕਰਤਾ ਮੁਲਾਕਾਤ ਨੂੰ ਸ਼ਕਤੀ ਪ੍ਰਾਪਤੀ ਦੇ ਮਾਧਿਅਮ ਵਜੋਂ ਵਰਤਣ ਲਗਦਾ ਹੈ।” 1 (ਹਵਾਲਾ) ਲੰਮੇ, ਅਕਾਊ ਅਤੇ ਦੁਹਰਾਵ ਵਾਲੇ ਸਵਾਲ ਮੁਲਾਕਾਤ ਨੂੰ ਰਸਹੀਣ ਕਰ ਦਿੰਦੇ ਹਨ। ਮੁਲਾਕਾਤ ਦਾ ਸੱਚ ਅਧੂਰਾ ਸੱਚ ਹੋ ਕੇ ਵੀ ਸਾਹਿਤ ਦੇ ਖੇਤਰ ਵਿੱਚ ਗੌਲਣਯੋਗ ਹੈ। ਮੁਲਾਕਾਤ ਕਰਨਾ ਆਪਣੇ ਆਪ ਵਿੱਚ ਇੱਕ ਕਲਾ ਹੈ। ਇਹ ਸਿਰਫ ਸਾਹਮਣੇ ਵਾਲੇ ਦੇ ਨਿੱਜ ਨੂੰ ਜਾਣਨ, ਉਸਦੇ ਸਾਹਿਤਿਕ ਜਾਂ ਕਿਸੇ ਵੀ ਖਾਸ ਖੇਤਰ ਦੇ ਅਨੁਭਵ ਨੂੰ ਸਮਝਣ ਦਾ ਵਸੀਲਾ ਹੀ ਨਹੀਂ ਹੁੰਦੀ ਸਗੋਂ ਸੰਬੰਧਤ ਸ਼ਖਸੀਅਤ ਦੁਆਲੇ ਉੱਸਰੇ ਸਮੁੱਚੇ ਆਭਾ-ਮੰਡਲ ਨੂੰ ਉਜਾਗਰ ਕਰਕੇ ਪਾਠਕ ਲਈ ਉਸ ਖੇਤਰ ਦੇ ਅੰਤਰ-ਵਿਰੋਧਾਂ ਨੂੰ ਸਮਝਣ ਦਾ ਰਾਹ ਵੀ ਖੋਲ੍ਹਦੀ ਹੈ। ਇਸ ਨਾਲ ਸੰਬੰਧਤ ਵਿਅਕਤੀ ਵਿਸ਼ੇਸ਼ ਦੀ ਜ਼ਿੰਦਗੀ ਦੇ ਅਣਗੌਲੇ ਪੱਖਾਂ ਨੂੰ ਪਾਠਕ ਸਾਹਮਣੇ ਲਿਆਂਦਾ ਜਾਂਦਾ ਹੈ ਤਾਂ ਜੋ ਨਵੀਂ ਪੀੜ੍ਹੀ ਉਸਦੇ ਅਮਲ ਨੂੰ ਸਮਝ ਕੇ ਨਵੀਂਆਂ ਰਾਹਾਂ ’ਤੇ ਪੁਖਤਗੀ ਨਾਲ ਤੁਰ ਸਕੇ।
‘ਰੰਗ ਆਪੋ ਆਪਣੇ’ ਸਤਨਾਮ ਸਿੰਘ ਢਾਹ ਦੀ ਮੁਲਾਕਾਤਾਂ ਦੀ ਤੀਸਰੀ ਪੁਸਤਕ ਹੈ, ਜਿਸ ਵਿੱਚ ਉਸਨੇ ਵੱਖ-ਵੱਖ ਖੇਤਰਾਂ ਦੀਆਂ ਗੌਲਣਯੋਗ ਹਸਤੀਆਂ ਨੂੰ ਚੁਣ ਕੇ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਜੀਵਨ ਸਫਰ ਨੂੰ ਕਲਾਤਮਕ ਰੂਪ ਵਿੱਚ ਉਘਾੜਿਆ। ਇਸ ਤੋਂ ਪਹਿਲਾਂ ਸਤਨਾਮ ਢਾਹ ਦੀਆਂ ਦੋ ਪੁਸਤਕਾਂ ‘ਡੂੰਘੇ ਵਹਿਣਾਂ ਦੇ ਭੇਤ’ ਸਿਰਲੇਖ ਅਧੀਨ ਭਾਗ-1 ਅਤੇ ਭਾਗ-2 ਪ੍ਰਕਾਸ਼ਿਤ ਹੋ ਚੁੱਕੀਆਂ ਹਨ। ‘ਰੰਗ ਆਪੋ ਆਪਣੇ’ ਪੁਸਤਕ ਵਿੱਚ ਸਤਨਾਮ ਢਾਹ ਨੇ ਪੰਜਾਬ ਦੀ ਹਾਕੀ ਦੇ ਮਾਣ ਬਲਵੀਰ ਸਿੰਘ ਸੀਨੀਅਰ, ਕਵੀ ਜੋਗਿੰਦਰ ਅਮਰ, ਸੰਤੋਖ ਸਿੰਘ ਸੰਤੋਖ, ਖੋਜੀ ਅਤੇ ਸਮੀਖਿਅਕ ਪ੍ਰੀਤਮ ਸਿੰਘ ਕੈਂਬੋ, ਸੂਫ਼ੀ ਅਮਰਜੀਤ, ਗੁਰਨਾਮ ਢਿੱਲੋਂ, ਇਕਬਾਲ ਸਿੰਘ ਪੰਨੂ, ਕਹਾਣੀਕਾਰ ਜਰਨੈਲ ਸਿੰਘ, ਕੀਟ ਵਿਗਿਆਨ ਦੀ ਮਾਹਿਰ ਸ਼ਖਸੀਅਤ ਡਾ. ਪੁਸ਼ਪਿੰਦਰ ਜੈ ਰੂਪ ਅਤੇ ਬੇਬਾਕ ਪੱਤਰਕਾਰ ਜਤਿੰਦਰ ਪੰਨੂ ਨਾਲ ਮੁਲਾਕਾਤਾਂ ਕੀਤੀਆਂ ਹਨ। ਸਤਨਾਮ ਢਾਹ ਦਾ ਮੰਤਵ ਇਨ੍ਹਾਂ ਸ਼ਖਸੀਅਤਾਂ ਨਾਲ ਸਿਰਫ ਰਸਮੀ ਮੁਲਾਕਾਤਾਂ ਤਕ ਸੀਮਿਤ ਨਹੀਂ ਸਗੋਂ ਉਸ ਸਮੇਂ ਦੇ ਵਿਭਿੰਨ ਪਸਾਰਾਂ ਨੂੰ ਸਮਝਣ ਦਾ ਵੀ ਹੈ। ਇਸ ਪੁਸਤਕ ਨੂੰ ਪੜ੍ਹਨ ਤੋਂ ਇਹ ਅਹਿਸਾਸ ਹੁੰਦਾ ਹੈ ਕਿ ਸਤਨਾਮ ਢਾਹ ਨੇ ਹਰ ਸ਼ਖਸੀਅਤ ਬਾਰੇ ਸਿਰਫ ਲੋੜੀਂਦਾ ਅਧਿਐਨ ਹੀ ਨਹੀਂ ਕੀਤਾ ਸਗੋਂ ਉਸਦੇ ਸਮਾਜਿਕ, ਰਾਜਨੀਤਿਕ ਸਾਹਿਤਿਕ ਅਤੇ ਖੇਡ ਜਗਤ ਦੇ ਨਾਲ-ਨਾਲ ਸਮਾਜ ਅੰਦਰ ਪਈ ਰਾਜਨੀਤੀ ਦੀ ਥਾਹ ਪਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਸਤਨਾਮ ਢਾਹ ਖ਼ੁਦ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਪ੍ਰਸਾਰ ਹਿਤ ਲਗਾਤਾਰ ਯਤਨਸ਼ੀਲ ਹੈ। ਇਸੇ ਉਦੇਸ਼ ਤਹਿਤ ਉਸਨੇ ਇਨ੍ਹਾਂ ਵੱਖ-ਵੱਖ ਖੇਤਰਾਂ ਦੇ ਕਰਮਸ਼ੀਲ ਯੋਧਿਆਂ ਨੂੰ ਪਾਠਕਾਂ ਦੇ ਸਨਮੁਖ ਲਿਆ ਖਲ੍ਹਾਰਿਆ ਹੈ। ਸਤਨਾਮ ਢਾਹ ਆਪਣੇ ਅਧਿਐਨ ਦੀ ਬਦੌਲਤ ਇਨ੍ਹਾਂ ਸ਼ਖਸੀਅਤਾਂ ਦੇ ਅਜਿਹੇ ਪੱਖ ਉਹਨਾਂ ਦੇ ਜਵਾਬਾਂ ਵਿੱਚੋਂ ਸਾਹਮਣੇ ਲੈ ਆਉਂਦਾ ਹੈ ਜੋ ਸ਼ਾਇਦ ਇਸ ਤੋਂ ਬਿਨਾਂ ਕਿਸੇ ਵੀ ਜ਼ਰੀਏ ਸਾਹਮਣੇ ਨਾ ਆਉਂਦੇ। ਉਹ ਬੜੀ ਸਾਦੀ ਅਤੇ ਸਰਲ ਭਾਸ਼ਾ ਵਿੱਚ ਸਵਾਲ ਕਰਦਾ ਹੈ ਪਰ ਉਸ ਸਵਾਲ ਦੀ ਬਿੜਕ ਬੜੀ ਗਹਿਰੀ ਹੁੰਦੀ ਹੈ, ਜਿਸਦਾ ਉੱਤਰ ਦੇਣ ਵਾਲਾ ਅਚੇਤ ਹੀ ਵਹਾਅ ਵਿੱਚ ਵਹਿ ਕੇ ਆਪਣੀ ਜ਼ਿੰਦਗੀ ਦੇ ਅਣ-ਫਰੋਲੇ ਪੱਖਾਂ ਨੂੰ ਸਾਹਮਣੇ ਲਿਆ ਧਰਦਾ ਹੈ। ਇਹ ਮੁਲਾਕਾਤ ਕਰਨ ਵਾਲੇ ਦੀ ਜੁਗਤ ਵੀ ਹੈ ਕਿ ਉਹ ਅਣਗੌਲੇ ਪੱਖਾਂ ਨੂੰ ਕਿਸੇ ਨਾ ਕਿਸੇ ਸਵਾਲ ਦੇ ਮਾਧਿਅਮ ਰਾਹੀਂ ਪੇਸ਼ ਕਰ ਸਕਿਆ ਹੈ। ਜੇਕਰ ਮੁਲਾਕਾਤੀ ਸਤਨਾਮ ਢਾਹ ਨਾ ਹੁੰਦਾ ਤਾਂ ਕੁਝ ਸਵਾਲ, ਕੁਝ ਨੁਕਤੇ ਸੱਚਮੁੱਚ ਅਣਛੋਹੇ ਰਹਿ ਜਾਂਦੇ। ਮੁਲਾਕਾਤਾਂ ਦੀ ਇੱਕ ਸੀਮਾ ਵੀ ਹੁੰਦੀ ਹੈ ਕਿ ਮੁਲਾਕਾਤੀ ਸਾਹਮਣੇ ਬੈਠੀ ਸ਼ਖਸੀਅਤ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਪੇਸ਼ ਨਹੀਂ ਕਰ ਸਕਦਾ ਕਿਉਂਕਿ ਉਸਨੂੰ ਸਾਹਮਣੇ ਵਾਲੇ ਦੇ ਉੱਤਰ ’ਤੇ ਨਿਰਭਰ ਹੋਣਾ ਪੈਂਦਾ ਹੈ ਪਰ ਸਵਾਲ ਕਰਨਾ ਵਾਲਾ ਸੂਝਵਾਨ ਹੋਵੇ ਤਾਂ ਸਾਹਮਣੇ ਵਾਲੇ ਤੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਦੀ ਜੁਰਅਤ ਰੱਖਦਾ ਹੈ। ਮੁਲਾਕਾਤ ਦੇ ਸੱਚ ਝੂਠ ਹੋਣ ਪ੍ਰਤੀ ਜਾਂ ਮੁਲਾਕਾਤਾਂ ਵਿੱਚ ਪੇਸ਼ ਕੀਤੇ ਜਾਣ ਵਾਲੇ ਤੱਥਾਂ ਨੂੰ ਕਿੰਨਾ ਕੁ ਸੱਚ ਮੰਨਿਆ ਜਾਵੇ, ਬਾਰੇ ਡਾ. ਗੁਰਮੁਖ ਸਿੰਘ ਲਿਖਦੇ ਹਨ, “ਮੁਲਾਕਾਤ ਦੀ ਵਿਧਾ ਦਾ ਯਥਾਰਥ ਨਾਲ ਰਿਸ਼ਤਾ ਸਿੱਧਾ ਅਤੇ ਇਕਹਿਰਾ ਹੋਣ ਦੀ ਬਜਾਏ ਕਲਾਤਮਕ, ਟੇਢਾ ਅਤੇ ਸੁਹਜਾਤਮਕ ਗੁਣਾਂ ਵਾਲਾ ਬਣ ਜਾਂਦਾ ਹੈ। ਇਸ ਵਿਧਾ ਵਿਚਲੀ ਵੱਥ ਬਾਕੀ ਸਾਹਿਤ ਵਿਧਾਵਾਂ ਦੀ ਤੁਲਨਾ ਵਿੱਚ ਸੱਚ ਹੋਣ ਦਾ ਅਹਿਸਾਸ ਤਾਂ ਵਧੇਰੇ ਦਿੰਦੀ ਹੈ ਪਰ ਅਸਲ ਵਿੱਚ ਉਹ ਸੱਚ ਹੁੰਦੀ ਨਹੀਂ। ਇਸ ਵਿਧਾ ਦੀ ਇਹ ਵਿਧਾਗਤ ਖਾਸੀਅਤ ਹੈ ਕਿ ਇਹ ਪੂਰਨ ਸੱਚ ਨਾ ਹੁੰਦੀ ਹੋਈ ਵੀ ਸੱਚੀ ਪ੍ਰਤੀਤ ਹੁੰਦੀ ਹੈ।”
ਸਤਨਾਮ ਢਾਹ ਦੇ ਫਿਕਰਾਂ ਵਿੱਚ ਸਭ ਤੋਂ ਵੱਡਾ ਫਿਕਰ ਪੰਜਾਬੀਆਂ ਦੀ ਨਵੀਂ ਪੀੜ੍ਹੀ ਅਤੇ ਭਾਸ਼ਾ ਬਾਰੇ ਉਸਦੇ ਸਵਾਲਾਂ ਵਿੱਚੋਂ ਜ਼ਾਹਿਰ ਹੁੰਦਾ ਹੈ। ਵਿਸ਼ਵ ਪੱਧਰ ’ਤੇ ਸਥਾਨਕ ਭਾਸ਼ਾਵਾਂ ਨੂੰ ਹਾਸ਼ੀਏ ’ਤੇ ਧੱਕਣ ਦੇ ਮਨਸੂਬਿਆਂ ਕਰਕੇ ਬੁੱਧੀਜੀਵੀਆਂ ਦੇ ਮਨਾਂ ਵਿੱਚ ਇਹੋ ਜਿਹੇ ਸਵਾਲ ਜਨਮ ਲੈਂਦੇ ਹਨ। ਸਤਨਾਮ ਢਾਹ ਸਵਾਲਾਂ ਦੇ ਜ਼ਰੀਏ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਪਰਿਵਾਰਾਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਪੰਜਾਬੀ ਭਾਸ਼ਾ ਪ੍ਰਤੀ ਰੁਝਾਨਾਂ ਨੂੰ ਵਾਚਣ ਦੀ ਕੋਸ਼ਿਸ਼ ਕਰਦਾ ਹੈ। ਉਹ ਇਹ ਸਵਾਲ ਚਾਹੇ ਜੋਗਿੰਦਰ ਅਮਰ ਨੂੰ ਕਰੇ, ਪ੍ਰੀਤਮ ਸਿੰਘ ਕੈਂਥੋਂ ਨੂੰ ਕਰੇ ਜਾਂ ਸੂਫ਼ੀ ਅਮਰਜੀਤ ਨੂੰ, ਉਸਦੀ ਸਿੱਕ ਬਾਹਰ ਬੈਠੇ ਪੰਜਾਬੀਆਂ ਦੀ ਨਵੀਂ ਪੀੜ੍ਹੀ ਦੀ ਮਾਨਸਿਕਤਾ ਨੂੰ ਸਮਝਣ ਵੱਲ ਹੈ। ਉਹ ਸਾਹਮਣੇ ਵਾਲੇ ਦੁਆਰਾ ਦਿੱਤੇ ਉੱਤਰ ਤੋਂ ਅਗਾਂਹ ਜਾ ਕੇ ਉਸਦੀਆਂ ਪਰਤਾਂ ਫਰੋਲਣ ਦਾ ਯਤਨ ਕਰਦਾ ਹੈ। ਉਹ ਇਸ ਗੱਲ ਦੀ ਤਲਾਸ਼ ਵਿੱਚ ਹੈ ਕਿ ਵਿਦੇਸ਼ਾਂ ਵਿੱਚ ਪੰਜਾਬੀਆਂ ਦਾ ਵਸਣਾ ਉਹਨਾਂ ਨੂੰ ਭਾਸ਼ਾ ਅਤੇ ਸੱਭਿਆਚਾਰ ਤੋਂ ਕਿਸ ਹੱਦ ਤਕ ਦੂਰ ਕਰ ਰਿਹਾ ਹੈ, ਅਤੇ ਇਸਦੇ ਦੂਰ-ਰਸੀ ਸਿੱਟੇ ਕੀ ਹੋਣਗੇ, ਲਈ ਅਵਾਮ ਨੂੰ ਸੋਚਣ ਲਈ ਮਜਬੂਰ ਕਰਦਾ ਹੈ। ਇਸਦੇ ਨਾਲ ਉਸਦੀ ਰੁਚੀ ਨਵੀਂ ਪੀੜ੍ਹੀ ਦੇ ਸੋਚਣ, ਸਮਝਣ ਅਤੇ ਨਵੇਂ ਨਾਲ ਵਰ ਮੇਚਣ ਦੇ ਅਮਲ ਨਾਲ ਵੀ ਜੁੜਦੀ ਹੈ। ਉਹ ਇਸ ਗੱਲ ਦਾ ਵੀ ਮੁਦਈ ਨਹੀਂ ਕਿ ਨਵੀਂ ਪੀੜ੍ਹੀ, ਜੋ ਵਿਦੇਸ਼ਾਂ ਵਿੱਚ ਪੈਦਾ ਹੋਈ, ਪਲੀ ਅਤੇ ਵੱਡੀ ਹੋਈ, ਉਹ ਉੱਥੋਂ ਦੇ ਤੌਰ ਤਰੀਕਿਆਂ ਨੂੰ ਨਾ ਅਪਣਾਵੇ। ਉਹ ਸਿਰਫ ਆਪਣੇ ਅਤੀਤ ਨਾਲ ਕਿਸ ਹੱਦ ਤਕ ਅਤੇ ਕਿਸ ਨਜ਼ਰੀਏ ਤੋਂ ਜੁੜੇ ਹੋਏ ਹਨ, ਇਸਦਾ ਫਿਕਰ ਜ਼ਰੂਰ ਕਰਦਾ ਹੈ। ਉਹ ਉੱਥੋਂ ਦੀਆਂ ਸਰਕਾਰਾਂ ਜਾਂ ਸਿੱਖਿਆ ਪ੍ਰਬੰਧ ਦਾ ਵੀ ਲੇਖਾ ਜੋਖਾ ਕਰਦਾ ਨਜ਼ਰ ਆਉਂਦਾ ਹੈ ਕਿ ਉਹ ਹੋਰ ਭਾਸ਼ਾਵਾਂ ਨਾਲ ਜੁੜੇ ਲੋਕਾਂ, ਜੋ ਉਹਨਾਂ ਦੇ ਨਾਗਰਿਕ ਬਣ ਚੁੱਕੇ ਹਨ, ਲਈ ਕਿੰਨੇ ਕੁ ਫਿਕਰਮੰਦ ਹਨ? ਉਹ ਉਨ੍ਹਾਂ ਦੀਆਂ ਭਾਸ਼ਾਈ ਨੀਤੀਆਂ ਦੀ ਪੁਣ-ਛਾਣ ਵੀ ਕਰਦਾ ਜਾਪਦਾ ਹੈ। ਇਸ ਪੁਣ-ਛਾਣ ਵਿੱਚੋਂ ਉਹ ਸਕਾਰਾਤਮਕ ਅਤੇ ਨਕਾਰਾਤਮਕ ਦੋਵਾਂ ਪਹਿਲੂਆਂ ਨੂੰ ਅਗਰਭੂਮਿਤ ਕਰਨ ਦਾ ਯਤਨ ਕਰਦਾ ਹੈ
ਸਤਨਾਮ ਢਾਹ ਆਪਣੇ ਸਵਾਲਾਂ ਦੌਰਾਨ ਕਿਤੇ ਵੀ ਪਾਪੂਲਰ ਕਿਸਮ ਦੀ ਭਾਸ਼ਾ ਜਾਂ ਸਵਾਲਾਂ ਦਾ ਸਹਾਰਾ ਨਹੀਂ ਲੈਂਦਾ ਅਤੇ ਨਾ ਹੀ ਤਲਖ ਜਾਂ ਉਤੇਜਤ ਕਰਨ ਵਾਲੀ ਭਾਸ਼ਾ ਦਾ ਪ੍ਰਯੋਗ ਕਰਦਾ ਹੈ। ਉਹ ਵੇਖਣਾ ਚਾਹੁੰਦਾ ਹੈ ਕਿ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਅਤੇ ਉਸਦਾ ਮਿਆਰ ਕਿਹੋ ਜਿਹਾ ਹੈ ਜਾਂ ਪੰਜਾਬੀ ਸਾਹਿਤ ਦੀ ਗੌਲਣਯੋਗਤਾ ਕਿੰਨੀ ਕੁ ਹੈ? ਉਹ ਪ੍ਰੀਤਮ ਸਿੰਘ ਕੈਂਬੋ ਨੂੰ 1962-63 ਤੋਂ ਵਿਦੇਸ਼ਾਂ ਵੱਲ ਆ ਰਹੇ ਪੰਜਾਬੀਆਂ ਬਾਰੇ ਪੁੱਛਦਾ ਹੋਇਆ ਹੁਣ ਤਕ ਦੇ ਪੰਜਾਬੀ ਸਾਹਿਤ ਦੇ ਇਤਿਹਾਸ ਅਤੇ ਮਿਆਰ ਬਾਰੇ ਜਾਣਨ ਲਈ ਸਵਾਲ ਕਰਦਾ ਹੈ। ਜਰਨੈਲ ਸਿੰਘ ਨੂੰ ਇਹੀ ਸਵਾਲ ਕਰਦੇ ਹੋਏ ਉਹ ਇਸ ਵਿੱਚ ਇੱਕ ਗੱਲ ਪੰਜਾਬੀ ਆਲੋਚਕਾਂ ਵਾਲੀ ਵੀ ਜੋੜ ਦਿੰਦਾ ਹੈ ਕਿ ਪੰਜਾਬੀ ਆਲੋਚਨਾ ਨੇ ਪ੍ਰਵਾਸੀ ਸਾਹਿਤ ਵੱਲ ਬਹੁਤਾ ਧਿਆਨ ਨਹੀਂ ਦਿੱਤਾ, ਇਸਦਾ ਕਾਰਨ ਪ੍ਰਵਾਸੀ ਸਹਿਤ ਦੀ ਕਮਜ਼ੋਰੀ ਵਿੱਚ ਪਿਆ ਹੈ ਜਾਂ ਪੰਜਾਬੀ ਆਲੋਚਨਾ ਦੀ ਟੇਢੀ ਨਜ਼ਰ ਵਿੱਚ। ਇਸਦੇ ਉੱਤਰ ਤਾਂ ਉਸ ਨੂੰ ਰਲੇ-ਮਿਲੇ ਮਿਲਦੇ ਹਨ ਪਰ ਇਹ ਗੱਲ ਸਪਸ਼ਟ ਹੋਣ ਲਗਦੀ ਹੈ ਕਿ ਸਾਹਿਤ ਚਾਹੇ ਪੰਜਾਬ ਤੋਂ ਬਾਹਰ ਲਿਖਿਆ ਜਾ ਰਿਹਾ ਹੋਵੇ, ਚਾਹੇ ਪੰਜਾਬ ਵਿੱਚ, ਜੇਕਰ ਉਸ ਵਿੱਚ ਸਾਹਿਤਿਕ ਮੱਸ, ਭਾਸ਼ਾ ਦੀ ਪੁਖਤਗੀ ਅਤੇ ਖ਼ਿਆਲ ਦੀ ਅਮੀਰੀ ਹੈ ਤਾਂ ਉਸਦਾ ਨੋਟਿਸ ਪੰਜਾਬੀ ਆਲੋਚਨਾ ਵੱਲੋਂ ਲਿਆ ਗਿਆ ਹੈ। ਹਾਂ, ਸਾਹਿਤ ਵਿੱਚ ਸਾਹਿਤਿਕਤਾ ਨਾ ਹੋਵੇ ਤਾਂ ਉਹ ਚਾਹੇ ਪੰਜਾਬ ਵਿੱਚ ਹੈ, ਭਾਵੇਂ ਬਾਹਰ, ਉਹ ਅਣਗੌਲਿਆ ਰਹਿ ਹੀ ਜਾਂਦਾ ਹੈ। ਇਸਦੇ ਨਾਲ ਮਿਲਦਾ ਜੁਲਦਾ ਸਵਾਲ ਜਦੋਂ ਸਤਨਾਮ ਢਾਹ, ਜੋਗਿੰਦਰ ਅਮਰ ਨੂੰ ਕਰਦਾ ਹੈ ਤਾਂ ਪਹਿਲਾਂ ਤਾਂ ਜੋਗਿੰਦਰ ਅਮਰ ਪੰਜਾਬੀ ਆਲੋਚਕਾਂ ਦੇ ਗਿਆਨ ’ਤੇ ਕਿੰਤੂ ਕਰਦਾ ਹੈ ਪਰ ਬਾਅਦ ਵਿੱਚ ਡਾ. ਹਰਭਜਨ ਸਿੰਘ, ਡਾ. ਅਤਰ ਸਿੰਘ ਡਾ. ਸਤਿੰਦਰ ਸਿੰਘ ਨੂਰ, ਡਾ. ਗੁਰਚਰਨ ਸਿੰਘ ਅਰਸ਼ੀ ਅਤੇ ਡਾ. ਅਮਰੀਕ ਸਿੰਘ ਪੂਨੀ ਦੇ ਹਵਾਲੇ ਨਾਲ ਪੰਜਾਬੀ ਆਲੋਚਨਾ ਦੇ ਉੱਚ ਪੱਧਰ ਨੂੰ ਸਵੀਕਾਰਦਾ ਨਜ਼ਰ ਆਉਂਦਾ ਹੈ। ਸਤਨਾਮ ਇਨ੍ਹਾਂ ਸਵਾਲਾਂ ਨਾਲ ਸਿਰਫ ਪੰਜਾਬੀ ਆਲੋਚਨਾ ਦੀ ਵਿਦੇਸ਼ੀ ਸਾਹਿਤ ਬਾਰੇ ਰਾਇ ਨੂੰ ਹੀ ਸਾਡੇ ਸਾਹਮਣੇ ਨਹੀਂ ਲਿਆਉਂਦਾ ਸਗੋਂ ਵਿਦੇਸ਼ੀ ਲੇਖਕਾਂ ਦੀ ਪੰਜਾਬੀ ਆਲੋਚਨਾ ਬਾਰੇ ਕੀ ਸਮਝ ਹੈ, ਨੂੰ ਵੀ ਜ਼ਾਹਿਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਸੰਤੋਖ ਸਿੰਘ ਸੰਤੋਖ ਤਾਂ ਇਸਦਾ ਬੜਾ ਤਿੱਖਾ ਉੱਤਰ ਦਿੰਦਾ ਹੈ। ਡਾ. ਹਰਿਭਜਨ ਸਿੰਘ ਬਾਰੇ ਤਾਂ ਉਹ ਇੱਥੋਂ ਤਕ ਕਹਿੰਦਾ ਹੈ ਕਿ ਉਹ ਜਦੋਂ ਇੰਗਲੈਂਡ ਆਇਆ ਤਾਂ ਉਸਨੇ ਲੇਖਕ ਬਾਰੇ ਲਿਖਣ ਦਾ ਰੇਟ ਤਕ ਰੱਖਿਆ ਹੋਇਆ ਸੀ।
ਸਤਨਾਮ ਢਾਹ ਸਾਹਿਤ ਦਾ ਸੁਹਿਰਦ ਪਾਠਕ ਹੋਣ ਨਾਤੇ ਸਾਹਿਤ ਦੀ ਹਰ ਇੱਕ ਰਮਜ਼ ਜਾਣਨੀ ਚਾਹੁੰਦਾ ਹੈ। ਉਹ ਇੱਕੋ ਵੇਲੇ ਜਿੱਥੇ ਨਵੀਂ ਪੀੜ੍ਹੀ, ਵਿਦੇਸ਼ੀ ਸਾਹਿਤ, ਸਾਹਿਤ ਆਲੋਚਕਾਂ ਅਤੇ ਸਾਹਿਤਕਾਰਾਂ ਦੀ ਗੱਲ ਕਰਦਾ ਹੈ ਉਸਦੇ ਨਾਲ ਹੀ ਉਹ ਸਾਹਿਤ-ਸਭਾਵਾਂ ਦੇ ਯੋਗਦਾਨ ਸਾਹਿਤਕ ਕਾਨਫਰੰਸਾਂ ਅਤੇ ਸਾਹਿਤਿਕ ਸਰਗਰਮੀਆਂ ਦੀ ਵੀ ਗੱਲ ਕਰਦਾ ਹੈ। ਉਹ ਪਬਲਿਸ਼ਰਾਂ ਦੇ ਕਾਰਜੀ ਵਿਹਾਰ ਬਾਰੇ ਵੀ ਸਵਾਲ ਕਰਦਾ ਹੈ। ਉਹ ਇਸ ਗੱਲ ਨੂੰ ਵੀ ਜਾਣਨਾ ਜਾਂ ਪਾਠਕਾਂ ਸਾਹਮਣੇ ਪੇਸ਼ ਕਰਨ ਦਾ ਇੱਛਕ ਹੈ ਕਿ ਪ੍ਰਵਾਸੀ ਲੇਖਕ ਦੀ ਲਿਖਤ ਵਿੱਚ ਭੂ-ਹੇਰਵੇ ਦਾ ਰੁਦਨ ਕਿੰਨਾ ਕੁ ਹੈ? ਕਦੋਂ ਕੁ ਤਕ ਰਿਹਾ ਅਤੇ ਹੁਣ ਇਸਦੀ ਕੀ ਸਥਿਤੀ ਹੈ? ਕੀ ਇਹ ਸਥਿਤੀ ਨਿੱਜੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੀ ਹੈ ਜਾਂ ਸਿਰਫ ਸਾਹਿਤ ਦੀ ਇੱਕ ਜੁਗਤ ਬਣ ਕੇ ਰਹਿ ਗਈ ਹੈ। ਕੀ ਪੁਰਾਣੇ ਸਾਹਿਤਕਾਰ ਜਿਨ੍ਹਾਂ ਦੇ ਪਰਿਵਾਰ ਅਤੇ ਸਮੁੱਚਾ ਰਹਿਣ ਸਹਿਣ ਵਿਕਸਿਤ ਦੇਸ਼ਾਂ ਦੇ ਅਨੁਕੂਲ ਹੋ ਚੁੱਕਾ ਹੈ ਅਤੇ ਅਗਲੀ ਪੀੜ੍ਹੀ ਉੱਥੋਂ ਦੀ ਜੀਵਨ ਵਿਉਂਤ ਵਿੱਚ ਸੈੱਟ ਹੋ ਕੇ ਖੁਸ਼ ਹੈ, ਉਹ ਵੀ ਇਸ ਭੂ-ਹੇਰਵੇ ਦਾ ਵਰਨਣ ਕਰ ਰਹੇ ਹਨ ਜਾਂ ਨਹੀਂ? ਇਹ ਸਵਾਲ ਉਹ ਸੰਤੋਖ ਸਿੰਘ ਸੰਤੋਖ ਨੂੰ ਕਰਦਾ ਹੈ ਤੇ ਪ੍ਰੀਤਮ ਸਿੰਘ ਕੈਂਬੋਂ ਨੂੰ ਵੀ। ਉਹ ਭੂ-ਹੇਰਵੇ, ਤਿੜਕਦੇ ਰਿਸ਼ਤੇ ਅਤੇ ਕਾਮੁਕਤਾ ਦੇ ਵਿਸ਼ਿਆਂ ਨਾਲ ਸੰਬੰਧਿਤ ਕਹਾਣੀਆਂ ਦੀ ਸਿਰਜਣਾ ਤੋਂ ਇਨਕਾਰੀ ਨਹੀਂ ਪਰ ਬਦਲਦੇ ਬਰਤਾਨਵੀ ਸਮਾਜ ਦੀ ਬਣਤਰ ਤੋਂ ਵੀ ਜਾਣੂ ਹੈ। ਉਸਨੂੰ ਪਤਾ ਹੈ ਕਿ ਭੂ-ਹੇਰਵਾ ਸਿਰਫ ਪਹਿਲੀ ਪੀੜ੍ਹੀ ਹੰਡਾਉਂਦੀ ਹੈ। ਅਗਲੀ ਪੀੜ੍ਹੀ ਤਕ ਇਸਦਾ ਅਹਿਸਾਸ ਬਹੁਤ ਫਿੱਕਾ ਹੋ ਜਾਂਦਾ ਹੈ। ਸਤਨਾਮ ਢਾਹ ਵਿਦੇਸ਼ਾਂ ਵਿੱਚ ਲਿਖੇ ਜਾ ਰਹੇ ਸਾਹਿਤ ਉਸਦੀ ਆਲੋਚਨਾ ਅਤੇ ਉਸਦੇ ਮਹੱਤਵ ਦੀ ਹੀ ਚਰਚਾ ਨਹੀਂ ਕਰਦਾ ਸਗੋਂ ਵਿਦੇਸ਼ਾਂ ਵਿੱਚ ਹੁੰਦੀ ਪ੍ਰਵਾਸੀਆਂ ਨਾਲ ਨਸਲੀ ਵਿਤਕਰੇ ਦੀ ਗੱਲ ਵੀ ਕਰਦਾ ਹੈ। ਉਹ ਪੰਜਾਬੀ ਮੂਲ ਦੇ ਲੋਕਾਂ ਨੂੰ ਸ਼ੁਰੂਆਤੀ ਦੌਰ ਵਿੱਚ ਆਈਆਂ ਰੁਜ਼ਗਾਰ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਵਿਤਕਰੇ ਸਹਿਣ ਤੇ ਉਸ ਨਾਲ ਨਜਿੱਠਣ ਦੀਆਂ ਤਾਰਾਂ ਵੀ ਛੇੜਦਾ ਹੈ, ਜਿਸ ਨੂੰ ਪੰਜਾਬੀਆਂ ਨੇ ਸਬਰ, ਹਿੰਮਤ ਅਤੇ ਰਾਜਨੀਤੀ ਵਿੱਚ ਜਾ ਕੇ ਨਜਿੱਠਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਮੁਲਾਕਾਤਾਂ ਵਿੱਚ ਸਤਨਾਮ ਢਾਹ ਪੰਜਾਬੀਆਂ ਦੀ ਉਸ ਜ਼ਰੂਰਤ ਦੇ ਦਰਸ਼ਨ ਕਰਵਾਉਣ ਦਾ ਅਭਿਲਾਸ਼ੀ ਹੈ ਜਿਸ ਜੁਰਅਤ ਨੂੰ ਅਜੋਕੀ ਰਾਜਨੀਤੀ ਦਰਕਿਨਾਰ ਕਰਦੀ ਹੈ ਅਤੇ ਬੱਚੇ ਵਿਦੇਸ਼ ਜਾਣ ਲਈ ਮਜਬੂਰ ਹੁੰਦੇ ਹਨ। ਭਾਵੇਂ ਵਿਦੇਸ਼ ਜਾਣ ਵਿੱਚ ਸਭ ਦੀ ਮਜਬੂਰੀ ਇੱਕੋ ਜਿਹੀ ਨਹੀਂ, ਇਸਦੀਆਂ ਅਨੇਕ ਪਰਤਾਂ ਲਾਲਸਾ, ਭਾਵੁਕਤਾ ਜਾਂ ਦਬਾਅ ਵਿੱਚੋਂ ਵੀ ਖੁੱਲ੍ਹਦੀਆਂ ਹਨ ਪਰ ਫਿਰ ਵੀ ਜੁਰਅਤ ਦੇ ਦਰਸ਼ਨ ਜ਼ਰੂਰ ਹੁੰਦੇ ਹਨ।
ਸਤਨਾਮ ਢਾਹ ਸਿਰਫ ਪੰਜਾਬ ਜਾਂ ਭਾਰਤ ਹੀ ਨਹੀਂ, ਕਿਸੇ ਵੀ ਦੇਸ਼ ਦੀਆਂ ਸਰਕਾਰਾਂ ਦੇ ਆਪਣੇ ਨਾਗਰਿਕਾਂ ਪ੍ਰਤੀ ਵਰਤਾਅ ਅਤੇ ਵਿਵਹਾਰ ਨੂੰ ਵੀ ਨੀਝ ਨਾਲ ਵੇਖਣਾ ਚਾਹੁੰਦਾ ਹੈ। ਅਜਿਹੇ ਸਵਾਲ ਉਹ ਉਲੰਪਿਕ ਗੋਲਡ ਮੈਡਲਿਸਟ ਬਲਵੀਰ ਸਿੰਘ ਸੀਨੀਅਰ ਨੂੰ ਵੀ ਕਰਦਾ ਹੈ, ਕੀਟ ਵਿਗਿਆਨੀ ਪੁਸ਼ਪਿੰਦਰ ਜੈ ਰੂਪ ਨੂੰ ਵੀ ਤੇ ਜਤਿੰਦਰ ਪੰਨੂ ਨੂੰ ਵੀ ਕਿਉਂਕਿ ਇਨ੍ਹਾਂ ਪੁਜੀਸ਼ਨਾਂ, ਅਹੁਦਿਆਂ ਜਾਂ ਵਰਤੋਂ ਵਿਹਾਰ ਵਿੱਚ ਰਾਜਨੀਤੀ ਨਾਲ ਵਾਹ ਪੈਣ ਦੀਆਂ ਸੰਭਾਵਨਾਵਾਂ ਜ਼ਿਆਦਾ ਹੁੰਦੀਆਂ ਹਨ। ਉਹ ਸੱਤਾ ਅਤੇ ਸਿਆਸਤ ਦੀ ਨੀਤ ਅਤੇ ਨੀਤੀਆਂ ਵਿਚਲੇ ਫਰਕ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਉਹ ਬਲਵੀਰ ਸਿੰਘ ਤੋਂ ਕਿਸੇ ਅਧੂਰੀ ਰਹਿ ਗਈ ਤਮੰਨਾ ਬਾਰੇ ਪੁੱਛਦਾ ਹੈ ਤਾਂ ਬਲਵੀਰ ਸਿੰਘ ਆਖਦਾ ਹੈ, “1961 ਵਿੱਚ ਮੈਂ ਖੇਡ ਡਾਇਰੈਕਟਰ ਪੰਜਾਬ ਸੀ, ਮੇਰੀ ਕੋਸ਼ਿਸ਼ ਸੀ ਕਿ ਇੱਕ ਹਾਕੀ ਸਟੇਡੀਅਮ ਬਣਾਇਆ ਜਾਵੇ, ਪਰ ਇਹ ਨਹੀਂ ਹੋ ਸਕਿਆ। ਤੁਹਾਨੂੰ ਪਤਾ ਹੈ ਕਿ ਸਾਡੇ ਗੰਦੀ ਸਿਆਸਤ ਬਹੁਤ ਚਲਦੀ ਹੈ।” (3) ਪੁਸ਼ਪਿੰਦਰ ਜੈ ਰੂਪ ਦਾ ਅਜੋਕੀ ਸਿਆਸਤ ਅਤੇ ਸਿੱਖਿਆ ਪ੍ਰਤੀ ਨਜ਼ਰੀਆ ਇਨ੍ਹਾਂ ਦੋ ਗੱਲਾਂ ਤੋਂ ਦੇਖਿਆ ਜਾ ਸਮਝਿਆ ਜਾ ਸਕਦਾ ਹੈ ਜਦੋਂ ਉਹ ਕਹਿੰਦੀ ਹੈ, “ਅੱਜ ਕੱਲ੍ਹ ਤਾਂ ਸਰਕਾਰ ਨੇ ਯੂਨੀਵਰਸਿਟੀਆਂ ਦੀ ਮਦਦ ਕਰਨੀ ਵੀ ਬੰਦ ਜਾਂ ਘਟਾ ਦਿੱਤੀ ਹੈ, ਉੱਥੇ ਵੀ ਬੁਰਾ ਹੈ। ਬਾਕੀ ਪ੍ਰੈਕਟੀਕਲਾਂ ਦੇ ਬਿਨਾਂ ਡਿਗਰੀਆਂ ਤਾਂ ਜ਼ਰੂਰ ਦਿੱਤੀਆਂ ਜਾ ਰਹੀਆਂ ਹਨ ਪਰ ਬੱਚੇ ਖਾਸ ਕਰਕੇ ਵਿਗਿਆਨ ਦੀਆਂ ਡਿਗਰੀਆਂ ਦੇ ਕਾਬਲ ਨਹੀਂ ਹੁੰਦੇ ਅਤੇ ਉਹਨਾਂ ਦਾ ਗਿਆਨ ਅਧੂਰਾ ਹੁੰਦਾ ਹੈ।” (4) ਸਿੱਖਿਆ ਦੇ ਡਿਗਦੇ ਮਿਆਰ ਬਾਰੇ ਇੱਕ ਥਾਂ ਉਹ ਆਖਦੀ ਹੈ, “ਬਜ਼ਾਰ ਵਿੱਚ ਬੇਕਾਰ, ਨਕਲੀ ਅਤੇ ਵਿਕਾਊ ਡਿਗਰੀਆਂ ਬਹੁਤ ਹੋ ਗਈਆਂ ਹਨ। ਲੋਕਾਂ ਦੀ ਸੋਚ ਅਤੇ ਫਿਤਰਤ ਦਾ ਮਿਆਰ ਬਹੁਤ ਥੱਲੇ ਦੇ ਪੱਧਰ ’ਤੇ ਪਹੁੰਚ ਗਿਆ ਹੈ। ਡਿਗਰੀਆਂ ਸਿਰਫ ਨੌਕਰੀਆਂ ਲੈਣ ਦਾ ਜ਼ਰੀਆ ਬਣ ਗਈਆਂ ਹਨ।” (5) ਇਹ ਗੱਲਬਾਤ ਸੱਚਮੁੱਚ ਪੰਜਾਬ ਦੀ ਸਿਆਸਤ, ਸਿੱਖਿਆ ਦੀ ਨਿੱਘਰਦੀ ਹੋਈ ਸਥਿਤੀ ਅਤੇ ਵਿਦਿਆਰਥੀਆਂ ਦੀ ਤ੍ਰਾਸਦੀ ਨੂੰ ਪੇਸ਼ ਕਰਦੀ ਹੈ।
ਜਤਿੰਦਰ ਪੰਨੂ ਵੀ ਅਜੋਕੇ ਸਿੱਖਿਆ ਪ੍ਰਬੰਧਾਂ ਦੇ ਕਾਫੀ ਹਿੱਸੇ ਨੂੰ ਵਪਾਰਕ ਕੇਂਦਰਾਂ ਵਜੋਂ ਸਥਾਪਿਤ ਹੋਏ ਕੇਂਦਰ ਆਖਦਾ ਹੈ। ਇੱਦਾਂ ਕਰਦਿਆਂ ਸਤਨਾਮ ਢਾਹ ਸਿਰਫ ਪੰਜਾਬੀ ਭਾਸ਼ਾ ਰਾਜਨੀਤੀ ਜਾਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਹੀ ਝਾਤ ਨਹੀਂ ਪਵਾਉਂਦਾ ਸਗੋਂ ਉਹ ਪੰਜਾਬ ਦੇ ਲੋਕਾਂ ਦੀ ਗਿਆਨ ਤੋਂ ਸੱਖਣੀ ਡਿਗਰੀਆਂ ਨਾਲ ਲੈਸ ਜਮਾਤ ਵਜੋਂ ਨਿਸ਼ਾਨਦੇਹੀ ਕਰਦਾ ਵੀ ਨਜ਼ਰ ਆਉਂਦਾ ਹੈ। ਹਾਂ ਇਸ ਵਿੱਚ ਜ਼ਿਆਦਾ ਕਸੂਰ ਰਾਜਨੀਤਿਕ ਦ੍ਰਿਸ਼ ਦਾ ਹੈ ਜਿਸ ਕਰਕੇ ਕਿਸੇ ਵੀ ਸੰਸਥਾ ਜਾਂ ਵਿਦਿਆਰਥੀਆਂ ਨੂੰ ਉਸ ਪੱਧਰ ’ਤੇ ਪਹੁੰਚਾ ਦਿੱਤਾ ਜਾਂਦਾ ਹੈ ਜਿੱਥੇ ਉਹ ਸਿਰਫ ਕਾਠ ਦੇ ਘੋੜੇ ਬਣ ਕੇ ਰਹਿ ਜਾਂਦੇ ਹਨ ਅਤੇ ਗਿਆਨ ਕਿਤੇ ਪਾਸੇ ਪਿਆ ਰਹਿ ਜਾਂਦਾ ਹੈ।
ਸਤਨਾਮ ਢਾਹ ਦੀਆਂ ਕੀਤੀਆਂ ਇਨ੍ਹਾਂ ਮੁਲਾਕਾਤਾਂ ਦਾ ਇੱਕ ਹੋਰ ਮਹੱਤਵਪੂਰਨ ਨੁਕਤਾ ਇਹ ਵੀ ਹੈ ਕਿ ਉਹ ਰਚਨਾਕਾਰ ਤੋਂ ਉਸਦੇ ਜੀਵਨ ਅਤੇ ਉਸਦੀ ਸਿਰਜਣ ਪ੍ਰਕਿਰਿਆ ਬਾਰੇ ਸਵਾਲ ਜ਼ਰੂਰ ਕਰਦਾ ਹੈ। ਉਹ ਉਨ੍ਹਾਂ ਸਥਿਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ, ਜਿਨ੍ਹਾਂ ਵਿੱਚ ਕੋਈ ਰਚਨਾਕਾਰ ਐਥਲੀਟ, ਵਿਗਿਆਨੀ. ਪੱਤਰਕਾਰ ਜਾਂ ਕਿਸੇ ਵੀ ਖੇਤਰ ਦਾ ਵਿਸ਼ੇਸ਼ੱਗ ਬਣ ਕੇ ਸਾਹਮਣੇ ਆਉਂਦਾ ਹੈ। ਸਤਨਾਮ ਢਾਹ ਉਹਨਾਂ ਲੋਕਾਂ ਦੀਆਂ ਪਦਾਰਥਕ, ਸਮਾਜਿਕ ਅਤੇ ਪ੍ਰਕਿਰਤਿਕ ਹਾਲਤਾਂ ਦਾ ਜਾਇਜ਼ਾ ਲੈਂਦਾ ਹੈ ਅਤੇ ਉਸਦੇ ਜਿਸ ਮੁਕਾਮ ਵਿੱਚੋਂ ਉਸਦੀ ਸ਼ਖਸੀਅਤ ਨਿਰਮਤ ਹੋਈ ਹੈ, ਦੀ ਬਾਰੀਕੀ ਨਾਲ ਪੁਣ-ਛਾਣ ਕਰਦਾ ਹੈ। ਇਹ ਪੁਣ-ਛਾਣ ਜਿੱਥੇ ਸਾਹਮਣੇ ਵਾਲੇ ਦੀ ਮਿਹਨਤ ਅਤੇ ਸਿਦਕ ਦਾ ਸਬੂਤ ਬਣਦੀ ਹੈ ਉੱਥੇ ਉਸ ਵੇਲੇ ਦੇ ਸਮਾਜਿਕ-ਇਤਿਹਾਸਿਕ ਪ੍ਰਸੰਗਾਂ ਨੂੰ ਸਮਝਣ ਦਾ ਵਸੀਲਾ ਵੀ ਬਣਦੀ ਹੈ। ਬਲਵੀਰ ਸਿੰਘ ਸੀਨੀਅਰ ਕਿਵੇਂ ਧਿਆਨ ਚੰਦ ਤੋਂ ਪ੍ਰਭਾਵਿਤ ਅਤੇ ਪ੍ਰੇਰਿਤ ਹੋ ਕੇ ਹਾਕੀ ਦਾ ਚਮਕਦਾ ਸਿਤਾਰਾ ਬਣਦਾ ਹੈ, ਉਸਦੇ ਪਿੰਡ ਅਤੇ ਆਲੇ ਦੁਆਲੇ ਦੇ ਪੈਦਾ ਕੀਤੇ ਕਿੰਨੇ ਹੀ ਨੌਜਵਾਨ ਹਾਕੀ ਦੀ ਸ਼ਾਨ ਬਣਦੇ ਹਨ, ਨੂੰ ਸਤਨਾਮ ਪਾਠਕਾਂ ਸਾਹਮਣੇ ਲਿਆ ਧਰਦਾ ਹੈ। ਸਮਾਂ ਅਤੇ ਹਾਲਾਤ ਇਨਸਾਨ ਦੇ ਮਿਹਨਤ ਕੀਤਿਆਂ ਬਦਲ ਸਕਦੇ ਹਨ। ਇਸਦਾ ਅੰਦਾਜ਼ਾ ਬਲਵੀਰ ਸਿੰਘ ਸੀਨੀਅਰ ਦੀ ਮੁਲਾਕਾਤ ਪੜ੍ਹ ਕੇ ਲਗਦਾ ਹੈ।
ਡਾ. ਪੁਸ਼ਪਿੰਦਰ ਜੈ ਰੂਪ ਨੂੰ ਪੜ੍ਹਿਆਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਸਦੀ ਪੜ੍ਹਨ ਰੁਚੀ ਅਤੇ ਪਰਿਵਾਰ ਦੀ ਹੱਲਾਸ਼ੇਰੀ ਸਦਕਾ ਹੀ ਉਹ ਮੁਕਾਮ ਹਾਸਲ ਕਰਦੀ ਹੈ ਪਰ ਮਰਦ ਪ੍ਰਧਾਨ ਸੱਤਾ ਛੇਤੀ ਕੀਤਿਆਂ ਉਸਨੂੰ ਸਵੀਕਾਰ ਨਹੀਂ ਕਰਦੀ। ਉਹ ਦੱਸਦੀ ਹੈ, “ਜਦੋਂ ਕਿਸੇ ਖੇਤਰ ਵਿੱਚ ਕੋਈ ਵੜਦਾ ਹੈ ਤਾਂ ਚੀਕ ਚਿਹਾੜਾ ਤਾਂ ਪੈਂਦਾ ਹੀ ਹੈ। ਇਸ ਤਰ੍ਹਾਂ ਜਦੋਂ ਕੁੜੀਆਂ ਵਿੱਚ ਜਾਗਰੂਕਤਾ ਆਈ ਅਤੇ ਉਨ੍ਹਾਂ ਨੇ ਆਦਮੀਆਂ ਦੀਆਂ ਰਾਖਵੀਆਂ ਜਗੀਰਾਂ ’ਤੇ ਹਮਲਾ ਕੀਤਾ ਤਾਂ ਉਨ੍ਹਾਂ ਮਰਦਾਂ ਨੂੰ ਤਕਲੀਫ ਤਾਂ ਹੋਣੀ ਹੀ ਹੁੰਦੀ ਹੈ। … ਆਦਮੀ ਇਹ ਮੰਨਣ ਨੂੰ ਤਿਆਰ ਹੀ ਨਹੀਂ ਸਨ ਕਿ ਔਰਤਾਂ ਉਨ੍ਹਾਂ ਦਾ ਕੰਮ ਕਈ ਵਾਰ ਉਨ੍ਹਾਂ ਤੋਂ ਛੇਤੀ ਅਤੇ ਵਧੀਆ ਕਰ ਸਕਦੀਆਂ ਹਨ। ਮੈਨੂੰ ਵੀ ਆਪਣੀ ਥਾਂ ਬਣਾਉਣ ਲਈ ਤਿੰਨ ਤੋਂ ਚਾਰ ਗੁਣਾ ਮਿਹਨਤ ਜ਼ਿਆਦਾ ਕਰਨੀ ਪਈ ਅਤੇ ਬਹੁਤ ਕੁਝ ਸਹਿਣਾ ਵੀ ਪਿਆ।” (6)
ਸਤਨਾਮ ਢਾਹ ਪੱਤਰਕਾਰੀ ਦੇ ਦਾਅ-ਪੇਚ, ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਜਤਿੰਦਰ ਪੰਨੂ ਨਾਲ ਨਿੱਠ ਕੇ ਸਵਾਲ ਜਵਾਬ ਕਰਦਾ ਹੈ। ਉਹ ਪੱਤਰਕਾਰੀ ਦੀ ਸਮਾਜ ਵਿੱਚ ਬਣਦੀ ਭੂਮਿਕਾ ਤੇ ਯੋਗਦਾਨ ਤੋਂ ਲੈ ਕੇ ਉਸ ਵਿੱਚ ਫੈਲੇ ਗੰਧਲੇਪਣ, ਰਾਜਨੀਤੀ ਅਤੇ ਡੇਰਿਆਂ ਦੀ ਸਿਆਸਤ ਕਿਸਮ ਦੀ ਦਖਲ-ਅੰਦਾਜ਼ੀ ਤਕ ਦੀਆਂ ਪਰਤਾਂ ਉਧੇੜਦਾ ਹੈ। ਪੱਤਰਕਾਰੀ ਦੇ ਯੋਗਦਾਨ ਦੇ ਨਾਲ ਨਾਲ ਇਸਦੇ ਡਿਗਦੇ ਮਿਆਰ ਅਤੇ ਇਸਦੇ ਸਿਆਸੀ ਧੁੰਦਲਕੇ ਵਿੱਚ ਕੁਝ ਪ੍ਰਤਿਬੱਧ ਕਿਸਮ ਦੇ ਪੱਤਰਕਾਰਾਂ ਦੀ ਗੱਲ ਕਰਦੇ ਹੋਏ ਉਹਨਾਂ ਲੋਕਾਂ ’ਤੇ ਮਾਣ ਵੀ ਹੁੰਦਾ ਹੈ ਜਿਹੜੇ ਆਪਣੇ ਪੈਰ ਜਮਾਈ ਰੱਖਣ ਵਿੱਚ ਸਿਸਟਮ ਨਾਲ ਦਸਤਪੰਜਾ ਲੈ ਰਹੇ ਹਨ। ਜਿਸ ਵਕਤ ਸੰਪਾਦਕ, ਪੱਤਰਕਾਰ ਜਾਂ ਰੇਡੀਓ ਟੀ.ਵੀ. ਸੰਚਾਲਕ ਸਰਕਾਰੀ ਇਸ਼ਤਿਹਾਰ ਲੈਣ ਲਈ ਚਾਪਲੂਸੀਆਂ ਕਰਦੇ ਹਨ ਅਤੇ ਲੋਕਤੰਤਰ ਦੇ ਇਸ ਥੰਮ੍ਹ ਨੂੰ ਜੜ੍ਹੋਂ ਹਿਲਾਉਣ ਲੱਗੇ ਹਨ, ਨੂੰ ਉਘਾੜਨ ਦਾ ਵੀ ਬਖੂਬੀ ਯਤਨ ਕਰਦਾ ਹੈ। ਇਹ ਸਭ ਕੁਝ ਵਿੱਚੋਂ ਜਤਿੰਦਰ ਪੰਨੂ ਪੰਜਾਬੀ ਪੱਤਰਕਾਰੀ ਨੂੰ ਸਮੇਂ ਦੇ ਹਾਣੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੰਦਾ ਹੈ। ਜਦੋਂ ਉਸਨੂੰ ਵਿਦੇਸ਼ਾਂ, ਖਾਸ ਕਰ ਬਰਤਾਨੀਆ ਦੀ ਪੱਤਰਕਾਰੀ ਦੇ ਭਵਿੱਖ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਇੱਕ-ਦੋ ਨਵੇਂ ਅਖਬਾਰਾਂ ਜਾਂ ਚੈਨਲਾਂ ਨੂੰ ਛੱਡ ਕੇ ਉਸ ’ਤੇ ਵੀ ਨਿਰਾਸ਼ਾ ਜ਼ਾਹਿਰ ਕਰਦਾ ਹੈ ਪਰ ਜਦੋਂ ਇੰਨਾ ਵੱਡਾ ਪੱਤਰਕਾਰ ਅਜੰਤਾ ਅਤੇ ਅਲੋਰਾ ਦੀਆਂ ਗੁਫਾਵਾਂ ਨੂੰ ਅਸ਼ਲੀਲਤਾ ਦੇ ਕੋਣ ਤੋਂ ਪਰਿਭਾਸ਼ਿਤ ਕਰਦਾ ਹੈ ਤਾਂ ਹੈਰਾਨੀ ਹੁੰਦੀ ਹੈ। ਉਹ ਇਸ ਲਈ ਟੀ.ਵੀ. ਅਤੇ ਅਖਬਾਰਾਂ ਵਿੱਚ ਅਰਧ-ਨੰਗੇ ਵਿਗਿਆਪਨਾਂ ਨੂੰ ਡਿਫੈਂਡ ਕਰਨ ਲਈ ਲੋਕਾਂ ਦੇ ਮਨਾਂ ਵਿੱਚ ਪਈ ਅਸ਼ਲੀਲਤਾ ਦਾ ਹਵਾਲਾ ਦਿੰਦਾ ਹੈ ਅਤੇ ਇਸ ਸਵਾਲ ਵਿੱਚੋਂ ਬਾਹਰ ਆਉਣਾ ਚਾਹੁੰਦਾ ਹੈ ਜੋ ਤਰਕ ਸੰਗਤ ਨਹੀਂ ਲਗਦਾ।
ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਸਤਨਾਮ ਢਾਹ ਦਾ ਇਹ ਯਤਨ ਕਾਬਿਲੇ-ਤਾਰੀਫ ਹੈ। ਉਸਨੇ ਸਾਹਿਤਕ ਖੇਤਰ ਦੇ ਨਾਲ-ਨਾਲ ਉਸ ਤੋਂ ਵੱਖਰੀਆਂ ਪਰ ਗੌਲਣਯੋਗ ਹਸਤੀਆਂ ਨਾਲ ਸੰਵਾਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਤਨਾਮ ਢਾਹ ਜਿਸ ਨਾਲ ਮੁਲਾਕਾਤ ਕਰਦਾ ਹੈ, ਜਦੋਂ ਉਸਦਾ ਤੁਆਰਫ ਕਰਾਉਂਦਾ ਹੈ ਤਾਂ ਕੁਝ ਥਾਂਵਾਂ ’ਤੇ ਵਰਤਾਰਿਆਂ ਨੂੰ ਬਾਰੀਕੀ ਨਾਲ ਦੇਖਣ ਦੀ ਥਾਂ ਮੋਟੀ ਠੁੱਲ੍ਹੀ ਰਾਇ ਦੇਣ ਦਾ ਸ਼ਿਕਾਰ ਵੀ ਹੋ ਜਾਂਦਾ ਹੈ। ਜੁਗਿੰਦਰ ਅਮਰ ਬਾਰੇ ਤੁਆਰਫ ਕਰਾਉਂਦਾ ਹੋਇਆ ਉਹ ਆਖਦਾ ਹੈ ਕਿ ‘ਉਹ ਪ੍ਰਗੀਤਕ ਕਵਿਤਾ ਦੀ ਬਜਾਇ ਸੰਜੀਦਾ ਸੁਰ ਵਿੱਚ ਬੌਧਿਕ ਸ਼ਾਇਰੀ ਦਾ ਸ਼ਾਇਰ ਹੈ’ ਇਸ ਤਰ੍ਹਾਂ ਸਤਨਾਮ ਢਾਹ ਪ੍ਰਗੀਤ ਨੂੰ ਅਚੇਤ ਹੀ ਸੰਜੀਦਾ ਸ਼ਾਇਰੀ ਦੇ ਵਿਰੋਧ ਵਜੋਂ ਦਰਜ ਕਰ ਦਿੰਦਾ ਹੈ। ਇਸੇ ਤਰ੍ਹਾਂ ਜਦੋਂ ਉਹ ਸੰਤੋਖ ਸਿੰਘ ਸੰਤੋਖ ਬਾਰੇ ਵਾਕਫ਼ੀ ਕਰਾਉਂਦਾ ਹੈ ਤਾਂ ਪਿਆਰ ਦੇ ਅਹਿਸਾਸ ਨੂੰ ਨਿਗੂਣਾ ਜਾਂ ਫ਼ਾਲਤੂ ਕਰਾਰ ਦੇ ਕੇ ਉਸਨੂੰ ਜ਼ਿੰਦਗੀ ਪੱਖੀ ਵਿਚਾਰਾਂ ਦੇ ਕਵੀ ਵਜੋਂ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਪਿਆਰ ਅਤੇ ਜ਼ਿੰਦਗੀ ਨੂੰ ਅਚੇਤ ਹੀ ਵਿਰੋਧੀ ਜੁੱਟਾਂ ਵਜੋਂ ਪਰਿਭਾਸ਼ਿਤ ਕਰ ਦਿੰਦਾ ਹੈ। ਇਸਦੇ ਬਾਵਜੂਦ ਇਨ੍ਹਾਂ ਮੁਲਾਕਾਤਾਂ ਦੀ ਦਸਤਾਵੇਜ਼ੀ ਮਹੱਤਤਾ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ।
ਹਵਾਲੇ
1 ਡਾ. ਗੁਰਮੁਖ ਸਿੰਘ, ‘ਪੰਜਾਬੀ ਸਾਹਿਤਕ ਮੁਲਾਕਾਤਾਂ: ਵਿਧਾਗਤ ਸਰੂਪ ਅਤੇ ਰੂਪਾਂਤਰਣ’, ਆਧੁਨਿਕ ਪੰਜਾਬੀ ਸਾਹਿਤ ਰੂਪਾਕਾਰ: ਸਿਧਾਂਤ ਤੇ ਰੂਪਾਂਤਰਣ, ਸੰਪਾ. ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ, ਪ੍ਰੋ. ਬਲਦੇਵ ਸਿੰਘ ਚੀਮਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2011, ਪੰਨਾ 198
2 ਉਹੀ, ਪੰਨਾ 202
3 ਬਲਬੀਰ ਸਿੰਘ ਸੀਨੀਅਰ, ਪੰਜਾਬੀਆਂ ਦਾ ਮਾਣ: ਓਲੰਪਿਕ ਗੋਲਡ ਮੈਡਲਿਸਟ ਬਲਬੀਰ ਸਿੰਘ ਸੀਨੀਅਰ, ਰੰਗ ਆਪੋ ਆਪਣੇ (ਮੁਲਾਕਾਤਾਂ), ਮੁਲਾਕਾਤੀ: ਸਤਨਾਮ ਸਿੰਘ ਢਾਹ, ਪੰਨਾ 47
4 ਡਾ. ਪੁਸ਼ਪਿੰਦਰ ਜੈ ਰੂਪ, ਕੀਟ ਵਿਗਿਆਨ ਦੇ ਖੇਤਰ ਵਿੱਚ ਇੱਕ ਸੁੱਘੜ ਸ਼ਖਸੀਅਤ: ਡਾਕਟਰ ਪੁਸ਼ਪਿੰਦਰ ਜੈ ਰੂਪ, ਉਹੀ, ਪੰਨਾ 336
5 ਉਹੀ, ਪੰਨਾ 336
6 ਉਹੀ, ਪੰਨਾ 334-335
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ, ਮੋ: 9517244006
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































