“ਰਣਜੀਤ ਲਹਿਰਾ ਭਲੇ ਹੀ ਸਰੀਰਕ ਪੱਖੋਂ ਕਮਜ਼ੋਰ ਸੀ ਪਰ ਵਿਚਾਰਧਾਰਕ ਪੱਖੋਂ ...”
(24 ਫਰਵਰੀ 2026)
ਅੱਜ ਸ਼ਰਧਾਂਜਲੀ ਸਮਾਗਮ ਹੈ।
ਬੇਹਿੰਮਤੇ ਨੇ ਜਿਹੜੇ ਬਹਿ ਕੇ, ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ।
ਬਾਬਾ ਨਜ਼ਮੀ ਦੇ ਇਸ ਸ਼ੇਅਰ ਨੂੰ ਜ਼ਿੰਦਗੀ ਦੀ ਕੈਨਵਸ ’ਤੇ ਹੂਬਹੂ ਉਤਾਰਨ ਵਾਲੇ ਸਾਥੀ ਰਣਜੀਤ ਲਹਿਰਾ ਨੇ ਮੈਟ੍ਰਿਕ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਆਈ.ਟੀ.ਆਈ. ਬੁਢਲਾਡਾ ਵਿਖੇ ਇਲੈਕਟ੍ਰੀਸ਼ਨ ਟ੍ਰੇਡ ਵਿੱਚ ਦਾਖਲਾ ਲੈ ਲਿਆ। ਉਸ ਸੰਸਥਾ ਨੇ ਰਣਜੀਤ ਦੇ ਵਿਚਾਰਾਂ ਨੂੰ ਨਿਖ਼ਾਰਦਿਆਂ, ਉਸਦੀ ਜ਼ਿੰਦਗੀ ਨੂੰ ਨਵਾਂ ਮੋੜ ਦਿੱਤਾ। ਵਿਦਿਆਰਥੀਆਂ ਦੀਆਂ ਮੰਗਾਂ/ਮਸਲਿਆਂ ਨੂੰ ਸਮਝਣ ਅਤੇ ਹੱਲ ਕਰਵਾਉਣ ਲਈ ਲੜਨ ਵਾਲੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦੀ 25 ਪੈਸੇ ਦੀ ਪਰਚੀ (ਮੈਂਬਰਸ਼ਿੱਪ) ਨੇ ਅਜਿਹੀ ਜਾਗ ਲਾਈ ਕਿ ਰੋਸ਼ਨ ਦਿਮਾਗ ਰਣਜੀਤ ਲਹਿਰਾ ਜਲਦੀ ਹੀ ਆਗੂ ਸਫਾਂ ਵਿੱਚ ਸ਼ਾਮਲ ਹੋ ਗਿਆ।
ਉਹ ਪੀਐੱਸਯੂ ਵਿੱਚ ਸਧਾਰਨ ਰੂਪ ਵਿੱਚ ਨਹੀਂ, ਸਗੋਂ ਚਿਤੰਨ ਕਾਰਕੁਨ ਵਜੋਂ ਵਿਚਰਿਆ। ਵਿਦਿਆਰਥੀ ਸਮੱਸਿਆਵਾਂ ਤੋਂ ਅੱਗੇ ਇਸ ਪੂਰੇ ਪ੍ਰਬੰਧ ਨੂੰ ਸਮਝਣ ਲਈ ਨਿੱਠਕੇ ਫਰੈਡਰਿਕ ਏਂਗਲਜ, ਕਾਰਲ ਮਾਰਕਸ, ਜੋਸਿਫ ਸਟਾਲਿਨ ਅਤੇ ਮਾਓ ਜ਼ੇ ਤੁੰਗ ਦੀਆਂ ਮਹਾਨ ਦੇਣਾ ਦਾ ਵਿਗਿਆਨਕ ਨਜ਼ਰੀਏ ਤੋਂ ਅਧਿਐੱਨ ਕੀਤਾ। ਆਪਣੇ ਮੁਲਕ ਅੰਦਰ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਗ਼ਦਰ, ਬੱਬਰ ਅਕਾਲੀ ਲਹਿਰ, ਚਾਚਾ ਅਜੀਤ ਸਿੰਘ ਦੀ ਪਗੜੀ ਸੰਭਾਲ ਜੱਟਾ ਲਹਿਰ, ਪੈਪਸੂ ਮੁਜ਼ਾਰਾ ਲਹਿਰ ਨੂੰ ਪੜ੍ਹਿਆ, ਜਾਣਿਆ। ਮੁਲਕ ਤੋਂ ਅੱਗੇ ਕੌਮਾਂਤਰੀ ਵਰਤਾਰਿਆਂ ਮਹਾਨ ਰੂਸੀ ਇਨਕਲਾਬ, ਚੀਨ ਦਾ ਸੱਭਿਆਚਾਰਕ ਇਨਕਲਾਬ ਦੇ ਸਬਕਾਂ ਨੂੰ ਗ੍ਰਹਿਣ ਕੀਤਾ। ਪੀਐੱਸਯੂ ਦਾ ਅਜਿਹਾ ਕੋਈ ਸੰਗਰਾਮ ਨਹੀਂ ਹੋਣਾ ਜਿਸ ਵਿੱਚ ਰਣਜੀਤ ਲਹਿਰਾ ਨੇ ਆਗੂ ਭੂਮਿਕਾ ਨਾ ਨਿਭਾਈ ਹੋਵੇ। ਵਿਦਿਆਰਥੀ ਜਥੇਬੰਦੀ ਪੀਐੱਸਯੂ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੀ ਅੱਖ ਵਿੱਚ ਰੜਕਦਾ ਰੋੜ ਸੀ, ਇਸ ਕਰ ਕੇ ਸਿਆਸੀ ਚੌਧਰੀਆਂ ਦੀ ਪਾਲੀ ਹੋਈ ਗੁੰਡਾ ਢਾਣੀ ਨਾਲ ਵੀ ਅਕਸਰ ਹੀ ਆਢਾ ਲੈਣਾ ਪੈਂਦਾ ਸੀ। ਰਣਜੀਤ ਲਹਿਰਾ ਭਲੇ ਹੀ ਸਰੀਰਕ ਪੱਖੋਂ ਕਮਜ਼ੋਰ ਸੀ ਪਰ ਵਿਚਾਰਧਾਰਕ ਪੱਖੋਂ ਚਿਤੰਨ ਹੋਣ ਕਰਕੇ ਦੁਸ਼ਮਣ ਨੂੰ ਦਲੀਲ ਦੀ ਪੱਧਰ ’ਤੇ ਚਿੱਤ ਕਰਨ ਵਿੱਚ ਵਿਸ਼ੇਸ਼ ਮੁਹਾਰਤ ਰੱਖਦਾ ਸੀ। 1983 ਵਿੱਚ ਬਾਦਲ ਹਕੂਮਤ ਵੱਲੋਂ 43 ਪ੍ਰਤੀਸ਼ਤ ਬੱਸ ਕਿਰਾਏ ਵਿੱਚ ਕੀਤੇ ਵਾਧੇ ਵਿਰੁੱਧ ਚੱਲੇ ਸੰਘਰਸ਼ ਵਿੱਚ ਰਣਜੀਤ ਲਹਿਰਾ ਮਿਸਾਲੀ ਅਗਵਾਨੂੰ ਭੂਮਿਕਾ ਨਿਭਾਈ। ਪੀਐੱਸਯੂ ਵਿੱਚ ਕੰਮ ਕਰਦਿਆਂ ਹੀ ਕੌਮੀ, ਕੌਮਾਂਤਰੀ ਪੱਧਰ ਦੀਆਂ ਸਿਆਸੀ ਹਾਲਤਾਂ ਦੇ ਰੂਬਰੂ ਹੋਣ ਤੋਂ ਅੱਗੇ ਨਵਾਂ ਸਮਾਜ ਸਿਰਜਣ ਲਈ ਅਹੁਲ ਰਹੀਆਂ ਵੱਖ-ਵੱਖ ਵਿਚਾਰਧਾਰਾਵਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ। ਇਨਕਲਾਬੀ ਪਰਚੇ ਪਰਚੰਡ ਦੀ ਸਿਆਸੀ ਸੇਧ ਨਾਲ ਜੁੜਕੇ ਕੰਮ ਕਰਨ ਦੇ ਦੌਰਾਨ ਹੀ ਵਿਚਾਰਧਾਰਕ ਮੱਤਭੇਦਾਂ ਦੇ ਚਲਦਿਆਂ ਤਿੱਖੀ ਪਰ ਉਸਾਰੂ ਬਹਿਸ ਤੋਂ ਬਾਅਦ ਠੀਕ ਦਿਸ਼ਾ ਵਿੱਚ ਕਦਮ ਚੁੱਕਦਿਆਂ ਕਮਿਊਨਿਸਟ ਇਨਕਲਾਬੀ ਲਹਿਰ ਨਾਲ ਜੁੜੇ ਰਹਿਣ ਦਾ ਫੈਸਲਾ ਕੀਤਾ।
ਸਿਆਸੀ ਆਲੋਚਕ, ਰੰਗਮੰਚ ਦੇ ਬਾਬਾ ਬੋਹੜ ਭਾ ਜੀ ਗੁਰਸ਼ਰਨ ਸਿੰਘ ਵੱਲੋਂ ਵੱਖ-ਵੱਖ ਗਰੁੱਪਾਂ ਵਿੱਚ ਕੰਮ ਕਰਦੇ ਸਾਥੀਆਂ ਨੂੰ ਇੱਕ ਮੰਚ ਹੇਠ ਇਕੱਠੇ ਹੋਣ ਲਈ ਅਰੰਭੇ ਯਤਨਾਂ ਤੋਂ ਬਾਅਦ ਉਹ ਨਵੇਂ ਹੋਂਦ ਵਿੱਚ ਆਏ ‘ਇਨਕਲਾਬੀ ਏਕਤਾ ਕੇਂਦਰ’ ਵਿੱਚ ਆਗੂ ਸਫਾਂ ਵਿੱਚ ਸ਼ਾਮਲ ਹੋ ਗਿਆ। ਇਹ ਸਮਾਂ ਹਕੂਮਤੀ ਅਤੇ ਖ਼ਾਲਿਸਤਾਨੀ ਦਹਿਸ਼ਤਗਰਦੀ ਦੇ ਦੌਰ ਦਾ ਸਮਾਂ ਸੀ। ਲੋਕ ਦੋਵੇਂ ਦਹਿਸ਼ਤਗਰਦੀਆਂ ਦੀ ਚੱਕੀ ਵਿੱਚ ਪਿਸ ਰਹੇ ਸਨ। ਇੱਕ ਪਾਸੇ ਖ਼ਾਲਿਸਤਾਨੀ ਦਹਿਸ਼ਤਗਰਦ ਪਾਰਕਾਂ, ਗੱਡੀਆਂ, ਬੱਸਾਂ ਵਿੱਚੋਂ ਕੱਢ ਕੱਢ ਕੇ ਲਾਸ਼ਾਂ ਦੇ ਢੇਰ ਲਾ ਰਹੇ ਸਨ, ਦੂਜੇ ਪਾਸੇ ਪੁਲਿਸ ਹਕੂਮਤੀ ਇਸ਼ਾਰਿਆਂ ’ਤੇ ਨੱਚਦੀ ਹੋਈ ਸਿੱਖ ਨੌਜਵਾਨਾਂ ਦੇ ਪੁਲਿਸ ਮੁਕਾਬਲੇ ਬਣਾ ਰਹੀ ਸੀ। ਖ਼ਾਲਿਸਤਾਨੀ ਦਹਿਸ਼ਤਗਰਦਾਂ ਨੇ ਇਨਕਲਾਬੀ ਲਹਿਰ ਦੇ ਬਹੁਤ ਸਾਰੇ ਆਗੂ ਸਾਥੀਆਂ ਜੈਮਲ ਸਿੰਘ ਪੱਡਾ, ਗਿਆਨ ਸਿੰਘ ਸੰਘਾ, ਮਲਕੀਤ ਮੱਲ੍ਹਾ, ਨਰਿੰਦਰ ਨਿੰਦੀ, ਮੇਘ ਰਾਜ ਭਗਤੂਆਣਾ ਆਦਿ ਵੱਡੀ ਗਿਣਤੀ ਵਿੱਚ ਸਾਥੀਆਂ ਨੂੰ ਸ਼ਹੀਦ ਕਰਕੇ ਵੱਡੀ ਚੁਣੌਤੀ ਪੇਸ਼ ਕੀਤੀ ਸੀ। ਇਸ ਸਮੇਂ ਭਾ ਜੀ ਗੁਰਸ਼ਰਨ ਸਿੰਘ ਦੀ ਅਗਵਾਈ ਵਿੱਚ ਬਣੇ ਇਨਕਲਾਬੀ ਏਕਤਾ ਕੇਂਦਰ ਨੇ ਇਹ ਚੁਣੌਤੀ ਕਬੂਲ ਕਰਕੇ ਮਾਝੇ-ਦੁਆਬੇ ਦੇ ਅਨੇਕਾਂ ਪਿੰਡਾਂ ਵਿੱਚ ਮਾਰਚ ਅਤੇ ਸ਼ਹੀਦ ਭਗਤ ਦੀ ਜਨਮ ਸਥਲੀ ਖਟਕੜ ਕਲਾਂ ਵਿਖੇ ਵੱਡੀ ਰੈਲੀ ਕਰਕੇ ਚੁਣੌਤੀ ਨੂੰ ਕਬੂਲਿਆ ਸੀ। ਸਾਥੀ ਰਣਜੀਤ ਲਹਿਰਾ ਨੇ ਇਸ ਮਾਰਚ ਵਿੱਚ ਅਗਵਾਨੂੰ ਭੂਮਿਕਾ ਨਿਭਾਈ ਸੀ। ਬਦਲਵਾਂ ਲੋਕ ਪੱਖੀ ਨਾਅਰਾ ‘ਨਾਂ ਹਿੰਦੂ ਰਾਜ, ਨਾ ਖਾਲਿਸ਼ਤਾਨ - ਰਾਜ ਕਰੂ ਮਜ਼ਦੂਰ ਕਿਸਾਨ’ ਬੁਲੰਦ ਕੀਤਾ ਸੀ। ਪ੍ਰਸਿੱਧ ਫਿਲਮਸਾਜ਼ ਅਨੰਦ ਪਟਵਰਧਨ ਵੱਲੋਂ ਇਨ੍ਹਾਂ ਹਾਲਤਾਂ ਨੂੰ ਦਰਸਾਉਂਦੀ ਫਿਲਮ ‘ਉਨ੍ਹਾਂ ਮਿੱਤਰਾਂ ਦੀ ਯਾਦ ਪਿਆਰੀ’ ਬਣਾਈ ਸੀ। ਇਸ ਫਿਲਮ ਵਿੱਚ ਸਾਥੀ ਰਣਜੀਤ ਲਹਿਰਾ ਦੀ ਗਿਣਨਯੋਗ ਭੂਮਿਕਾ ਸੀ। ਇਨਕਲਾਬੀ ਧਿਰਾਂ ਦੇ ਸਿਆਸੀ ਵਖਰੇਵਿਆਂ ਦੇ ਚਲਦਿਆਂ ਇਨਕਲਾਬੀ ਏਕਤਾ ਕੇਂਦਰ ਲੰਬਾ ਸਮਾਂ ਬਰਕਰਾਰ ਨਾ ਰਹਿ ਸਕਿਆ।
1992 ਵਿੱਚ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਇਜਲਾਸ ਵਿੱਚ ਜਨਰਲ ਸਕੱਤਰ ਵਜੋਂ ਚੁਣੇ ਜਾਣ ਤੋਂ ਬਾਅਦ ਰਣਜੀਤ ਲਹਿਰਾ ਨੇ ਲਗਾਤਾਰ 13 ਸਾਲ ਦਾ ਲੰਬਾ ਸਮਾਂ ਇਸ ਅਹਿਮ ਜ਼ਿੰਮੇਵਾਰੀ ਨੂੰ ਸੰਭਾਲਿਆ। ਲੰਬੀਆਂ ਵਿਚਾਰਧਾਰਕ ਬਹਿਸਾਂ ਨੇ ਸਾਥੀ ਰਣਜੀਤ ਲਹਿਰਾ ਦੇ ਵਿਚਾਰਧਾਰਕ ਸਿਆਸੀ ਪੱਧਰ ਨੂੰ ਉੱਚਾ ਕੀਤਾ। ਦਿਲ ਵਿੱਚ ਛੇਕ ਹੋਣ ਕਰਕੇ ਸਿਹਤ ਪੂਰੀ ਤਰ੍ਹਾਂ ਠੀਕ ਨਾ ਰਹਿਣ ਦੇ ਬਾਵਜੂਦ ਇਨਕਲਾਬੀ ਪੇਪਰ ‘ਲਾਲ ਪਰਚਮ’ ਦੀ ਅਹਿਮ ਜ਼ਿੰਮੇਵਾਰੀ ਲੰਬਾ ਸਮਾਂ ਨਿਭਾਈ। ਹਰ ਅੰਕ ਵਿੱਚ ਉਹਨਾਂ ਦੀਆਂ ਲਿਖੀਆਂ ਸਿਆਸੀ ਟਿੱਪਣੀਆਂ ਪਾਠਕਾਂ ਦੀ ਖਿੱਚ ਦਾ ਕੇਂਦਰ ਬਣਦੀਆਂ। ਉਹ ਹੁਣ ਤਕ ਵੀ ਲਾਲ ਪਰਚਮ ਦੇ ਸੰਪਾਦਕੀ ਬੋਰਡ ਦੇ ਮੈਂਬਰ ਵਜੋਂ ਅਹਿਮ ਜ਼ਿੰਮੇਵਾਰੀਆਂ ਨਿਭਾਉਂਦਾ ਰਿਹਾ। ਸਾਥੀ ਰਣਜੀਤ ਲਹਿਰਾ ਨੇ ਬਹੁਤ ਸਾਰੇ ਪੰਜਾਬੀ ਅਖ਼ਬਾਰਾਂ ਵਿੱਚ ਭਖਦੇ ਮਸਲਿਆਂ ’ਤੇ ਲੇਖ ਲਿਖੇ।
1980-82 ਦੀ ਗੱਲ ਹੈ ਕਿ ਸਰਗਮੀਆਂ ਦੌਰਾਨ ਸਾਥੀ ਰਣਜੀਤ ਲਹਿਰਾ ਦਾ ਸਾਹ ਰੁਕ ਜਾਂਦਾ, ਬੁੱਲ੍ਹ ਨੀਲੇ ਹੋ ਜਾਂਦੇ। ਉਸ ਸਮੇਂ ਰਣਜੀਤ ਲਹਿਰਾ ਦੇ ਪ੍ਰਚੰਡ ਵਾਲੇ ਸਾਥੀਆਂ ਸੁਖਦੇਵ ਭੁਪਾਲ ਅਤੇ ਲਖਵਿੰਦਰ ਨੇ ਪਹਿਲਾਂ ਰਜਿੰਦਰਾ ਹਸਪਤਾਲ ਪਟਿਆਲਾ ਚੈੱਕ ਕਰਵਾਇਆ, ਜਿਨ੍ਹਾਂ ਅੱਗੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਨੇ ਸਾਥੀ ਲਹਿਰਾ ਦੇ ਦਿਲ ਵਿੱਚ ਛੇਕ ਹੋਣਾ ਪਾਇਆ। ਇਸਦਾ ਹੱਲ ਗੰਭੀਰ ਓਪਰੇਸ਼ਨ ਜਾਂ ਜਿੰਨੀ ਕੁ ਸਾਵਧਾਨੀ ਵਰਤੀ ਜਾ ਸਕਦੀ ਹੈ, ਵਰਤ ਕੇ 5-7 ਸਾਲ ਦੀ ਉਮਰ ਲੰਘ ਜਾਣ ਬਾਰੇ ਦੱਸਿਆ। ਓਪਰੇਸ਼ਨ ਕਰਵਾਉਣ ਦਾ ਫੈਸਲਾ ਕੀਤਾ ਪਰ ਦਿਲ ਵਿੱਚ ਛੇਕ ਬੰਦ ਕਰਨ ਉਪਰੰਤ ਬਾਕੀ ਸਰੀਰ ਦੇ ਨਾੜੀ ਤੰਤਰ ਵੱਲੋਂ ਦਬਾਅ ਨਾ ਝੱਲਣ ਕਰਕੇ ਓਪਰੇਸ਼ਨ ਸਫਲ ਨਾ ਹੋ ਸਕਿਆ। ਡਾਕਟਰਾਂ ਨੇ ਦੱਸਿਆ ਕਿ ਅਜਿਹੀ ਗੰਭੀਰ ਬਿਮਾਰੀ ਵਾਲੇ ਮਰੀਜ਼ ਦੀ ਉਮਰ 5-7 ਸਾਲ ਤੋਂ ਵੱਧ ਨਹੀਂ ਹੈ, ਐਵੇਂ ਨਾ ਇਸਦਾ ਵਿਆਹ ਕਰਕੇ ਕਿਸੇ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਦਿਓ। ਡਾਕਟਰਾਂ ਅਨੁਸਾਰ 5-7 ਸਾਲ ਹੀ ਜਿਊਣ ਵਾਲਾ ਰਣਜੀਤ ਲਹਿਰਾ ਮੌਤ ਨੂੰ ਮਖੌਲਾਂ ਕਰਦਾ ਹੋਇਆ 63-64 ਸਾਲ ਦਾ ਕੁੱਲ ਸਫਰ ਅਤੇ 45 ਸਾਲ ਸਰਗਰਮ ਸਿਆਸੀ ਜ਼ਿੰਦਗੀ ਦਾ ਸ਼ਾਨਾਮੱਤਾ, ਮਾਣਮੱਤਾ ਸਫਰ ਪੂਰਾ ਕਰਕੇ ਸਰੀਰਕ ਰੂਪ ਵਿੱਚ ਵਿਛੋੜਾ ਦੇ ਕੇ ਇਨਕਲਾਬੀ ਜਮਹੂਰੀ ਲਹਿਰ ਲਈ ਵੱਡਾ ਖੱਪਾ ਛੱਡ ਗਿਆ ਹੈ।
ਪਟਿਆਲਾ ਦੇ ਦੋ ਡਾਕਟਰ ਡਾ. ਧਰਮਵੀਰ ਗਾਂਧੀ ਅਤੇ ਡਾ. ਗੁਰਪ੍ਰੀਤ ਸਿੰਘ ਸਿੱਧੂ ਰਣਜੀਤ ਲਹਿਰਾ ਦਾ ਇਲਾਜ ਕਰਨ ਵਾਲੇ ਅਤੇ ਜੀਵਨ ਦਾਨ ਦੇਣ ਵਾਲੇ ਡਾਕਟਰ ਹਨ। ਪਰ ਸਾਥੀ ਰਣਜੀਤ ਲਹਿਰਾ ਨੇ ਇਸ ਗੰਭੀਰ ਬਿਮਾਰੀ ਨੂੰ ਇਨਕਲਾਬੀ ਕਾਰਜ ਦੇ ਨਾਲ-ਨਾਲ ਹੀ ਮਾਤ ਦੇਣ ਦਾ ਫੈਸਲਾ ਕੀਤਾ ਅਤੇ ਡਾਕਟਰਾਂ ਅਤੇ ਮੈਡੀਕਲ ਖੋਜਾਂ ਦੀ ਰਾਇ ਦੇ ਬਿਲਕੁਲ ਉਲਟ 45 ਸਾਲ ਦਾ ਲੰਬਾ ਸਫਰ ਜਿਉਂਕੇ ਮੈਡੀਕਲ ਵਿਗਿਆਨ ਨੂੰ ਨਵੇਂ ਸਿਰੇ ਤੋਂ ਹੋਰ ਖੋਜ ਕਰਨ ਲਈ ਮਜਬੂਰ ਕਰ ਦਿੱਤਾ।
ਚਾਰ ਦਹਾਕਿਆਂ ਤੋਂ ਰਣਜੀਤ ਲਹਿਰਾ ਦੀ ਜ਼ਿੰਦਗੀ ਆਕਸੀਜਨ ਦੇ ਸਹਾਰੇ ਸੀ। ਫਿਰ ਵੀ ਜਦੋਂ ਹਾਲਤ ਗੰਭੀਰ ਹੋ ਜਾਂਦੀ ਤਾਂ ਹਰ ਵਾਰ ਸਵਾਲੀਆ ਚਿੰਨ੍ਹ ਲੱਗ ਜਾਂਦਾ ਕਿ ਰਣਜੀਤ ਵਾਪਸ ਆਵੇਗਾ ਵੀ ਜਾਂ ਨਹੀਂ। ਪ੍ਰੰਤੂ ਰਣਜੀਤ ਫਿਰ ਤੰਦਰੁਸਤ ਹੋਕੇ ਵਾਪਸ ਆਉਂਦਾ ਅਤੇ ਆਪਣੀ ਕਲਮ ਦੀ ਵਰਤੋਂ ਨੂੰ ਹਥਿਆਰ ਦੇ ਰੂਪ ਵਿੱਚ ਜਲਦ ਹੀ ਵਰਤਣਾ ਸ਼ੁਰੂ ਕਰ ਦਿੰਦਾ। ਜਿਵੇਂ ਭਾ ਜੀ ਗੁਰਸ਼ਰਨ ਸਿੰਘ ਬਾਰੇ ਇੱਕ ਕਥਨ ਮਸ਼ਹੂਰ ਹੈ ਕਿ ਜਦੋਂ ਵੀ ਕੋਈ ਵੱਡੀ ਘਟਨਾ ਵਾਪਰਦੀ ਤਾਂ ਉਹ ਨਾਲ ਦੀ ਨਾਲ ਨਾਟਕ ਦੀ ਸਕ੍ਰਪਿਟ ਤਿਆਰ ਕਰ ਲੈਂਦੇ। ਇਹੀ ਗੱਲ ਰਣਜੀਤ ਲਹਿਰਾ ਲਈ ਵੀ ਢੁਕਦੀ ਹੈ ਕਿ ਕਈ ਵਾਰ ਲਾਲ ਪਰਚਮ ਛਪਣ ਲਈ ਅੰਤਿਮ ਪੜਾਅ ’ਤੇ ਹੁੰਦਾ ਪਰ ਕੋਈ ਅਹਿਮ ਸਿਆਸੀ ਘਟਨਾ ਵਾਪਰ ਜਾਂਦੀ ਅਤੇ ਸੰਪਾਦਕੀ ਬੋਰਡ ਰਣਜੀਤ ਲਹਿਰਾ ਨੂੰ ਇਸ ਬਾਰੇ ਸੰਖੇਪ ਲਿਖਕੇ ਭੇਜਣ ਲਈ ਡਿਉਟੀ ਲਾਉਂਦਾ ਤਾਂ ਉਸਨੇ ਆਖਣਾ, “ਦੋ ਕੁ ਘੰਟੇ ਦਿਉ, ਮੈਂ ਪੜ੍ਹ ਲਵਾਂ।” ਬੱਸ ਮਿਥੇ ਸਮੇਂ ਵਿੱਚ ਲਿਖਤ ਹਾਜ਼ਰ ਹੁੰਦੀ। ਸਾਥੀ ਰਣਜੀਤ ਲਹਿਰਾ ਦੀ ਕਲਮ ਧੁਰ ਅੰਦਰੋਂ ਲਿਖਦੀ। ਪਾਠਕ ਨੂੰ ਨਾਲ-ਨਾਲ ਤੋਰ ਲੈਂਦੀ। ਸਾਥੀ ਰਣਜੀਤ ਲਹਿਰਾ ਦੀ ਕਲਮ ਤੋਂ ਲਿਖੇ ਹਰਫ ਜਿੱਥੇ ਆਪਣਿਆਂ ਲਈ ‘ਫੁੱਲਾਂ ਦੀ ਖੁਸ਼ਬੋ’ ਸਮਾਨ ਹੁੰਦੇ, ਉੱਥੇ ਹੀ ਉਹਨਾਂ ਦੀਆਂ ਸਿਆਸੀ ਟਿੱਪਣੀਆਂ ਦੁਸ਼ਮਣ ਖਿਲਾਫ ਰੋਹਲਾ ਸ਼ਬਦ ਬਾਣ ਹੁੰਦੀਆਂ ਅਤੇ ਹਿੱਕ ’ਤੇ ਸੇਹਲਾ ਬਣ ਖੁੱਭਦੀਆਂ।
20 ਕੁ ਸਾਲ ਤੋਂ ਬਕਾਇਦਾ ਰਣਜੀਤ ਲਹਿਰਾ ਦੀ ਨਾਜ਼ਕ ਸਰੀਰਕ ਹਾਲਤ ਨੂੰ ਦੇਖਦਿਆਂ ਜ਼ਿਆਦਾ ਤੁਰਨ ਫਿਰਨ ਭਾਵ ਸਿੱਧੀਆਂ ਸਰਗਰਮੀਆਂ ਵਿੱਚ ਭਾਗ ਲੈਣ ਤੋਂ ਗੁਰੇਜ਼ ਕਰਨ ਦਾ ਸੁਚੇਤ ਫੈਸਲਾ ਕਰ ਲਿਆ ਤਾਂ ਸਾਥੀ ਰਣਜੀਤ ਲਹਿਰਾ ਨੇ ਸੁਚੇਤ ਰੂਪ ਵਿੱਚ ਕਲਮ ਨੂੰ ਹਥਿਆਰ ਵਜੋਂ ਅਪਣਾ ਲਿਆ।
40 ਸਾਲ ਦੇ ਵਿਆਹੁਤਾ ਸਫਰ ਦਾ ਲੰਬਾ ਸਮਾਂ ਸਾਥੀ ਰਣਜੀਤ ਲਹਿਰਾ ਬਿਮਾਰੀ ਦੀ ਹਾਲਤ ਵਿੱਚੋਂ ਲੰਘਿਆ ਹੈ ਤੇ ਉਸਦੀ ਜੀਵਨ ਸਾਥਣ ਰਾਜਪਾਲ ਕੌਰ ਨੇ ਹਰ ਹਾਲਾਤ ਦਾ ਪੂਰੀ ਸਿਦਕਦਿਲੀ ਨਾਲ ਟਾਕਰਾ ਕੀਤਾ। ਉਸਨੇ ਨਾ ਸਿਰਫ ਸਾਂਭ ਸੰਭਾਲ ਹੀ ਕੀਤੀ ਸਗੋਂ ਰਣਜੀਤ ਲਹਿਰਾ ਦੀ ਕਮਿਊਨਿਸਟ ਇਨਕਲਾਬੀ ਜ਼ਿੰਦਗੀ ਜਿਊਣ ਦੇ ਸਫਰ ਨੂੰ ਆਂਚ ਵੀ ਨਹੀਂ ਆਉਣ ਦਿੱਤੀ। ਸਾਥੀ ਰਣਜੀਤ ਲਹਿਰਾ ਨੇ ਲਾਲ ਪਰਚਮ ਦੇ ਸੰਪਾਦਕ ਹੁੰਦਿਆਂ ਅਨੇਕਾਂ ਸੰਪਾਦਕੀਆਂ ਅਤੇ ਲੇਖ ਲਿਖੇ। ‘ਬੋਫੋਰਜ਼ ਵਿੱਚੋਂ ਨਿਕਲੇ ਭ੍ਰਿਸ਼ਟਾਚਾਰ ਦੇ ਗੋਲੇ, ਜ਼ਿੰਦਗੀ ਦੇ ਰਾਹਾਂ ’ਤੇ, ਕਲਮ ਦਾ ਇਸ਼ਕ, ਪ੍ਰਸਿੱਧ ਕਿਸਾਨ ਲਹਿਰਾਂ, ਜੂਝੇ ਜੋ ਅਜ਼ਾਦੀ ਲਈ, ਜੈਤੋ ਦਾ ਮੋਰਚਾ, ਨਾਮਦੇਵ ਭੁਟਾਲ ਦੀ ਜੀਵਨੀ’ ਕਿਤਾਬਾਂ ਲਿਖੀਆਂ ਅਤੇ ਦੋ ਮਹੱਤਵਪੂਰਨ ਕਿਤਾਬਾਂ ‘ਸਟਾਲਿਨ ਯੁੱਗ’ ਅਤੇ ‘ਅਮਰੀਕਨ’ ਕਿਤਾਬਾਂ ਦਾ ਪੰਜਾਬੀ ਅਨੁਵਾਦ ਕੀਤਾ। ਸਾਥੀ ਰਣਜੀਤ ਲਹਿਰਾ ਦੀ ਕਲਮ ਨੇ ਲਹਿਰਾਗਾਗਾ ਦੇ ਸੀਵਰ ਕਾਮੇ ਸੁਖਵਿੰਦਰ ਦੀ ਸੀਵਰ ਗੈਸ ਚੜ੍ਹਨ ਨਾਲ ਹੋਈ ਦਰਦਨਾਕ ਮੌਤ ਤੋਂ ਲੈਕੇ ਅਮਰੀਕੀ ਸਾਮਰਾਜੀ ਸਰਗਣੇ ਟਰੰਪ ਤਕ ਨੂੰ ਆਪਣੀ ਕਲਮ ਦਾ ਹਿੱਸਾ ਬਣਾਇਆ। ਸੱਚੀਂ ਹੀ ਸਾਥੀ ਰਣਜੀਤ ਲਹਿਰਾ ਕਲਮ ਦਾ ਧਨੀ ਸੀ। ਰਣਜੀਤ ਲਹਿਰਾ ਨੇ ਜਨ ਸਿਹਤ ਵਿਭਾਗ ਦੇ ਕਾਮਿਆਂ ਦੀ ਜਥੇਬੰਦੀ ਫੀਲਡ ਅਤੇ ਵਰਕਸ਼ਾਪ ਯੂਨੀਅਨ ਵਿੱਚ ਲੰਬਾ ਸਮਾਂ ਸੂਬਾਈ ਪ੍ਰੈੱਸ ਸਕੱਤਰ ਵਜੋਂ ਜ਼ਿੰਮੇਵਾਰੀ ਨਿਭਾਈ। ਇਸ ਤਰ੍ਹਾਂ 10 ਫਰਵਰੀ 2026 ਨੂੰ ਹਸੂੰ ਕਹੂੰ ਕਰਦਾ ਸਾਥੀ ਰਣਜੀਤ ਲਹਿਰਾ ਪਟਿਆਲਾ ਹਾਰਟ ਸੈਂਟਰ ਵਿੱਚ ਆਖਰੀ ਸਾਹ ਲੈ ਸਰੀਰਕ ਰੂਪ ਵਿੱਚ ਰੁਖ਼ਸਤ ਹੋ ਗਿਆ। 11 ਫਰਵਰੀ ਨੂੰ ਸਾਥੀ ਰਣਜੀਤ ਲਹਿਰਾ ਦਾ ਲਾਲ ਝੰਡੇ ਵਿੱਚ ਲਪੇਟਿਆ ਮ੍ਰਿਤਕ ਸਰੀਰ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਹੋਏ ਸਾਥੀਆਂ ਨੇ ਪਰਿਵਾਰ ਦੀ ਸਹਿਮਤੀ ਨਾਲ ਪੂਰੇ ਮਾਣ ਸਤਿਕਾਰ ਨਾਲ ਮੈਡੀਕਲ ਖੋਜਾਂ ਲਈ ਰਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ ਨੂੰ ਭੇਟ ਕੀਤਾ।
ਸਾਥੀ ਰਣਜੀਤ ਲਹਿਰਾ ਨੇ ਪਰਿਵਾਰ ਅੰਦਰ ਵੀ ਲੋਕ ਪੱਖੀ ਕਦਰਾਂ ਕੀਮਤਾਂ ਦੀ ਸਿਰਜਣਾ ਕੀਤੀ ਜਿਸਦਾ ਸਿੱਟਾ ਹੀ ਹੈ ਕਿ ਉਸਦੀ ਜੀਵਨ ਸਾਥਣ ਰਾਜਪਾਲ ਕੌਰ ਇਨਕਲਾਬੀ ਜਮਹੂਰੀ ਲਹਿਰ ਦੀ ਸਮਰਥਕ ਹੈ ਅਤੇ ਇੱਕੋ ਇੱਕ ਬੇਟੀ ਅਰਸ਼ਦੀਪ (ਅਰਸ਼ੀ) ਨੇ ਦਿੱਲੀ ਦੇ ਬਾਰਡਰਾਂ ’ਤੇ ਲੜੇ ਗਏ ਇਤਿਹਾਸਕ ਜੇਤੂ ਘੋਲ ਨੂੰ ਮੀਡੀਆ ਲਈ ਕਵਰੇਜ ਕੀਤਾ। ਹੁਣ ਉਹ ਕੌਮਾਂਤਰੀ ਪ੍ਰਸਿੱਧੀ ਹਾਸਲ ਖੇਤੀ ਅਰਥਸ਼ਾਸਤਰੀ ਪੀ. ਸਾਈਂ ਨਾਥ ਹੁਰਾਂ ਦੀ ਆਰਕਾਈਵ ਪਾਰੀ ਵਿੱਚ ਕੰਮ ਕਰ ਰਹੀ ਹੈ। 4 ਫਰਵਰੀ 2026 ਨੂੰ ਸਾਥੀ ਰਣਜੀਤ ਲਹਿਰਾ ਨੂੰ ਦੌਰਾ ਪੈਣ ਮੌਕੇ ਅਰਸ਼ੀ ਘਰ ਆ ਗਈ। ਇਹ ਉਹ ਸਮਾਂ ਸੀ ਜਦੋਂ ਸਾਥੀ ਰਣਜੀਤ ਲਹਿਰਾ ਜ਼ਿੰਦਗੀ ਮੌਤ ਦੀ ਆਖਰੀ ਲੜਾਈ ਲੜ ਰਿਹਾ ਸੀ। ਇਸ ਸਮੇਂ ਲੋਕਾਂ ਦੀ ਇੱਕ ਕਲਮ ਜਾ ਰਹੀ ਸੀ ਪਰ ਉਸਦੀ ਵਾਰਸ ਦੂਜੀ ਕਲਮ ਅਰਸ਼ਦੀਪ (ਅਰਸ਼ੀ) ਆਪਣੇ ਵਿਰਸੇ ਨੂੰ ਅੱਗੇ ਤੋਰਦਿਆਂ ‘ਮਾਂ ਖੇਡ ਕਬੱਡੀ ਨੂੰ ਇਤਿਹਾਸਕ ਕਿਸਾਨ ਘੋਲ’ ਨਾਲ ਜੋੜਕੇ ਨਵੀਂਆਂ ਪੈੜਾਂ ਸਿਰਜ ਰਹੀ ਸੀ। ਉਮੀਦ ਹੈ ਕਿ ਉਹ ਰਣਜੀਤ ਲਹਿਰਾ ਦੇ ਪਦਚਿੰਨ੍ਹਾਂ ’ਤੇ ਕਦਮ-ਬ-ਕਦਮ ਅੱਗੇ ਵਧੇਗੀ।
ਸਾਥੀ ਰਣਜੀਤ ਲਹਿਰਾ ਸਰੀਰਕ ਤੌਰ ’ਤੇ ਲੋਕ ਪੱਖੀ ਜੁਝਾਰੂ ਕਾਫਲੇ ਨਾਲੋਂ ਬੇਵਕਤੀ ਵਿਛੜ ਗਿਆ ਹੈ। ‘ਪਰਬਤੋਂ ਭਾਰੀ ਮੌਤ’ ਦਾ ਰੁਤਬਾ ਹਾਸਲ ਕਰਨ ਵਾਲੇ ਸਾਥੀ ਰਣਜੀਤ ਲਹਿਰਾ ਦੀ ਵਿਗਿਆਨਕ ਵਿਚਾਰਧਾਰਾ ਨਵੇਂ ਸਮਾਜ ਲਈ ਜੂਝਣ ਵਾਲੇ ਕਾਫਲਿਆਂ ਲਈ ਪ੍ਰੇਰਨਾ ਸ੍ਰੋਤ ਬਣੀ ਰਹੇਗੀ। ਅੱਜ (24 ਫਰਵਰੀ 2026) ਜੀਪੀਐੱਫ ਕੰਪਲੈਕਸ ਲਹਿਰਾਗਾਗਾ ਵਿਖੇ ਸਾਥੀ ਰਣਜੀਤ ਲਹਿਰਾ ਦੇ ਸ਼ਰਧਾਂਜਲੀ ਸਮਾਗਮ ਵਿੱਚ ਇਨਕਲਾਬੀ ਜਮਹੂਰੀ ਲਹਿਰ ਦੀਆਂ ਸ਼ਖ਼ਸੀਅਤਾਂ, ਲੇਖਕ, ਬੁੱਧੀਜੀਵੀ, ਸਮਾਜਿਕ ਕਾਰਕੁਨ ਆਪਣੇ ਸਿਆਸੀ ਚਿਤੰਨ ਜੁਝਾਰੂ ਆਗੂ, ਲੇਖਕ, ਅਨੁਵਾਦਕ ਨੂੰ ਸ਼ਰਧਾਂਜਲੀ ਭੇਟ ਕਰਕੇ ਉਸਦੇ ਨਵਾਂ ਸਮਾਜ ਸਿਰਜਣ ਦੇ ਅਧੂਰੇ ਕਾਜ ਨੂੰ ਪੂਰਾ ਕਰਨ ਦਾ ਅਹਿਦ ਕਰਨਗੇ।
ਸਾਥੀ ਰਣਜੀਤ ਲਹਿਰਾ ਦੇ ਜੀਵੇ ਮਾਣ ਮੱਤੇ ਸੰਗਰਾਮੀ ਸਫਰ ਨੂੰ ਸਲਾਮ!!
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































