“ਸਾਰੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਬੜੇ ਜ਼ੋਰ ਨਾਲ ਤਾੜੀਆਂ ਵਜਾ ਕੇ ...”
(9 ਮਈ 2026)
ਪ੍ਰਿੰਸੀਪਲ ਸੁਰਿੰਦਰ ਕੌਰ ਨੇ ਪਿਛਲੇ ਸਾਲ ਇਸ ਵੱਡੇ ਕਸਬੇ ਦੇ ਲੜਕੀਆਂ ਦੇ ਸਰਕਾਰੀ ਸਕੂਲ ਵਿੱਚ ਜੁਆਇੰਨ ਕੀਤਾ ਸੀ। ਉਦੋਂ ਤੋਂ ਹੀ ਸਕੂਲ ਦੇ ਜਿਵੇਂ ਭਾਗ ਜਾਗ ਪਏ ਹੋਣ। ਸਕੂਲ ਦੇ ਅਧਿਆਪਕਾਂ, ਨਾਨ ਟੀਚਿੰਗ ਸਟਾਫ, ਸਫ਼ਾਈ ਕਰਮਚਾਰੀਆਂ, ਮਿੱਡ ਡੇ ਮੀਲ ਦੇ ਕਮਿਆਂ ਅਤੇ ਵਿਦਿਆਰਥਣਾਂ ਵਿੱਚ ਇੱਕ ਨਵਾਂ ਉਤਸ਼ਾਹ ਉਮੜਿਆ ਦਿਖਾਈ ਦਿੰਦਾ ਸੀ। ਸਕੂਲ ਦੇ ਵਧੀਆ ਅਨੁਸ਼ਾਸਨ ਦੀ ਗੱਲ ਪਿੰਡ ਦੇ ਹਰ ਗਲੀ ਮੁਹੱਲੇ, ਸੱਥ ਅਤੇ ਘਰ-ਘਰ ਹੋ ਰਹੀ ਸੀ। ਵਿਦਿਆਰਥਣਾਂ ਦਿਨੋਂ ਦਿਨ ਨਵੀਂਆਂ ਮੰਜ਼ਿਲਾਂ ਸਰ ਕਰ ਰਹੀਆਂ ਸਨ।
ਨਵੀਂ ਆਈ ਪ੍ਰਿੰਸੀਪਲ ਸੁਰਿੰਦਰ ਕੌਰ ਨੇ ਆਪਣੇ ਸਟਾਫ ਨਾਲ ਮਿਲ ਕੇ ਪੜ੍ਹਾਈ ਦੇ ਨਾਲ-ਨਾਲ ਕੁੜੀਆਂ ਨੂੰ ਖੇਡਾਂ, ਸਾਹਿਤਕ, ਸੱਭਿਆਚਾਰਕ ਅਤੇ ਕਲਾਤਮਿਕ ਸਰਗਰਮੀਆਂ, ਭਾਸ਼ਣ ਪ੍ਰਤੀਯੋਗਤਾ, ਕੁਇੱਜ਼ ਮੁਕਾਬਲਿਆਂ, ਸੁੰਦਰ ਲਿਖਾਈ ਮੁਕਾਬਲਿਆਂ, ਪੇਂਟਿੰਗ, ਕਵਿਤਾ ਉਚਾਰਨ ਮੁਕਾਬਲਿਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਹ ਗਾਹੇ ਵਗਾਹੇ ਕੁੜੀਆਂ ਨੂੰ ਆਪਣੇ ਹੱਥੀਂ ਕੰਮ ਕਰਨ ਲਈ ਉਤਸ਼ਾਹਿਤ ਕਰਦੀ ਰਹਿੰਦੀ ਸੀ।
ਸਕੂਲ ਦੇ ਬਦਲੇ ਉਸਾਰੂ ਮਾਹੌਲ ਨੂੰ ਦੇਖਦੇ ਹੋਏ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਿਟਾਇਰਡ ਫ਼ੌਜੀ ਰਾਵਲ ਸਿੰਘ ਅਤੇ ਮੈਂਬਰਾਂ, ਪਿੰਡ ਦੀ ਸਰਪੰਚ ਬੀਬੀ ਪਰਮਿੰਦਰ ਕੌਰ ਧਾਲੀਵਾਲ, ਪਤਵੰਤੇ ਸੱਜਣਾਂ ਅਤੇ ਸਕੂਲ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਦੇ ਮਾਪਿਆਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਤਰੱਕੀ ਦੇ ਰਾਹ ’ਤੇ ਚਲਦੇ ਸਕੂਲ ਨੂੰ ਹਰ ਤਰ੍ਹਾਂ ਦੀ ਆਰਥਿਕ ਮਦਦ ਪੰਚਾਇਤ ਵੱਲੋਂ ਦਿੱਤੀ ਜਾਵੇ। ਪਿੰਡ ਦੇ ਪਤਵੰਤੇ ਸੱਜਣਾਂ ਅਤੇ ਦਾਨੀਆਂ ਵੱਲੋਂ ਵੀ ਸਕੂਲ ਦੀ ਵੱਧ ਤੋਂ ਵੱਧ ਆਰਥਿਕ ਮਦਦ ਪਹਿਲ ਦੇ ਅਧਾਰ ’ਤੇ ਕੀਤੀ ਜਾਣ ਲੱਗੀ।
ਹੁਣ ਸਵੇਰ ਦੀ ਸਭਾ ਵਿੱਚ ਸ਼ਬਦ ਗਾਇਣ, ਰਾਸ਼ਟਰੀ ਗਾਣ, ਅੱਜ ਦਾ ਵਿਚਾਰ, ਖ਼ਬਰਾਂ, ਐਕਸਰਸਾਈਜ਼ ਕਰਵਾਉਣ ਤੋਂ ਇਲਾਵਾ ਸਕੂਲ ਦੀਆਂ ਵਿਦਿਆਰਥਣਾਂ ਅਤੇ ਅਧਿਆਪਕ ਵੱਖੋ-ਵੱਖਰੇ ਵਿਸ਼ਿਆਂ ’ਤੇ ਆਪੋ ਆਪਣੇ ਵਿਚਾਰ ਦਿੰਦੇ। ਇੱਕ ਦਿਨ ਸਵੇਰ ਦੀ ਸਭਾ ਲੱਗੀ ਹੋਈ ਸੀ। ਪ੍ਰਿੰਸੀਪਲ ਨੇ ਸਟਾਫ ਮੈਂਬਰਜ਼ ਅਤੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦਿਆਂ ਆਖਿਆ- “ਗੁਰਬਾਣੀ ਦਾ ਕਥਨ ਹੈ, “ਆਪਣੇ ਹੱਥੀਂ ਆਪਣਾ, ਆਪੇ ਹੀ ਕਾਜ ਸਵਾਰੀਐ।” ਅਰਥਾਤ ਸਾਨੂੰ ਆਪਣਾ ਕੰਮ ਆਪਣੇ ਹੱਥੀਂ ਆਪ ਹੀ ਕਰਨਾ ਚਾਹੀਦਾ ਹੈ। ਪ੍ਰੰਤੂ ਅਸੀਂ ਆਪਣੇ ਆਲੇ ਦੁਆਲੇ ਦੇਖ ਰਹੇ ਹਾਂ ਕਿ ਅੱਜ ਬਹੁਤੇ ਲੋਕ ਹੱਥੀਂ ਕੰਮ ਕਰਨ ਤੋਂ ਝਿਜਕਦੇ ਹਨ, ਸ਼ਰਮ ਮਹਿਸੂਸ ਕਰਦੇ ਹਨ। ਆਮ ਤੌਰ ’ਤੇ ਲੋਕਾਂ ਦੀ ਇਹ ਵਿਚਾਰਧਾਰਾ ਬਣ ਗਈ ਹੈ ਕਿ ਜੇਕਰ ਅਸੀਂ ਆਹ ਛੋਟੇ ਮੋਟੇ ਕੰਮ ਕਰਾਂਗੇ ਤਾਂ ਲੋਕ ਕੀ ਕਹਿਣਗੇ? ਸੋ ਪਿਆਰੀਓ ਵਿਦਿਆਰਥਣੋ, ਸਾਨੂੰ ਕੋਈ ਵੀ ਕੰਮ ਕਰਦਿਆਂ ਕਦੀ ਵੀ ਝਿਜਕ ਜਾਂ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ। ਦੂਜੀ ਗੱਲ ਇਹ ਹੈ ਕਿ ਕੱਲ੍ਹ ਨੂੰ ਅਸੀਂ ਆਪਣੇ ਸਕੂਲ ਵਿੱਚ ਇੱਕ ਮੁਕਾਬਲਾ ਰੱਖਿਆ ਗਿਆ ਹੈ, ਜਿਸ ਵਿੱਚ ਸਭ ਤੋਂ ਸੋਹਣੇ ਹੱਥਾਂ ਵਾਲੀ ਲੜਕੀ ਦੀ ਚੋਣ ਕੀਤੀ ਜਾਵੇਗੀ।”
ਅਗਲੇ ਦਿਨ ਬਹੁਤ ਸਾਰੀਆਂ ਵਿਦਿਆਰਥਣਾਂ ਆਪਣੇ ਹੱਥਾਂ ’ਤੇ ਮਹਿੰਦੀ ਦੇ ਵੱਖ-ਵੱਖ ਸੁੰਦਰ ਡਿਜ਼ਾਇਨ ਬਣਾ ਕੇ ਆਈਆਂ। ਕਈਆਂ ਨੇ ਤਾਂ ਨਹੁੰਆਂ ’ਤੇ ਨੇਲ-ਪਾਲਿਸ਼ ਲਾ ਕੇ ਅਤੇ ਹੱਥਾਂ ਦਾ ਹੋਰ ਹਾਰ ਸ਼ਿੰਗਾਰ ਵੀ ਕੀਤਾ ਹੋਇਆ ਸੀ। ਜਦੋਂ ਮੁਕਾਬਲਾ ਸ਼ੁਰੂ ਹੋਇਆ ਤਾਂ ਪ੍ਰਿੰਸੀਪਲ ਅਤੇ ਦੋ ਸੀਨੀਅਰ ਅਧਿਆਪਕਾਵਾਂ ਮੈਡਮ ਮਾਲਵਿੰਦਰ ਕੌਰ ਅਤੇ ਹੁਸਨਪ੍ਰੀਤ ਕੌਰ ਨੇ ਸਾਰੀਆਂ ਵਿਦਿਆਰਥਣਾਂ ਦੇ ਹੱਥਾਂ ਨੂੰ ਬੜੀ ਨੀਝ ਨਾਲ ਦੇਖਿਆ।
ਉਨ੍ਹਾਂ ਲੜਕੀਆਂ ਵਿੱਚ ਪਿੰਡ ਵਿੱਚ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦੇ ਬਾਬੂ ਰਾਮ ਦੀ ਧੀ ਸਾਧਨਾ ਵੀ ਸੀ, ਜਿਸ ਕੋਲ ਮਹਿੰਦੀ ਖਰੀਦਣ ਜੋਗੇ ਪੈਸੇ ਹੀ ਨਹੀਂ ਸਨ। ਉਸ ਕੋਲ ਤਾਂ ਹੱਥਾਂ ’ਤੇ ਮਹਿੰਦੀ ਲਾਉਣ ਲਈ ਸਮਾਂ ਹੀ ਨਹੀਂ ਸੀ। ਉਹ ਹਰ ਰੋਜ਼ ਸਕੂਲ ਆਉਣ ਤੋਂ ਪਹਿਲਾਂ ਪਿੰਡ ਦੇ ਸਰਦਾਰ ਇੰਦਰਜੀਤ ਸਿੰਘ ਧਾਲੀਵਾਲ ਦੇ ਘਰ ਦਾ ਗੋਹਾ ਕੂੜਾ ਸੁੱਟਦੀ ਸੀ। ਪਾਥੀਆਂ ਪੱਥਣ ਦਾ ਕੰਮ ਕਰਦੀ ਸੀ। ਫੇਰ ਕਿਤੇ ਉਹ ਮਾੜਾ ਮੋਟਾ ਨਹਾ ਕੇ ਸਕੂਲ ਅੱਪੜਦੀ ਸੀ। ਜਦੋਂ ਸਾਧਨਾਂ ਦੀ ਵਾਰੀ ਆਈ ਤਾਂ ਦੂਸਰੀਆਂ ਕੁੜੀਆਂ ਉਸਦੇ ਹੱਥ ਦੇਖ ਕੇ ਹੱਸਣ ਲੱਗ ਪਈਆਂ।
ਦੋਵਾਂ ਅਧਿਆਪਕਾਵਾਂ ਵੱਲੋਂ ਸਾਰੀਆਂ ਕੁੜੀਆਂ ਦੇ ਹੱਥਾਂ ਨੂੰ ਬੜੇ ਹੀ ਗਹੁ ਨਾਲ ਦੇਖਿਆ ਗਿਆ। ਆਖ਼ਰ ਵਿੱਚ ਜਦੋਂ ਮੁਕਾਬਲੇ ਦਾ ਨਤੀਜਾ ਐਲਾਨਣ ਦਾ ਸਮਾਂ ਆਇਆ ਤਾਂ ਪ੍ਰਿੰਸੀਪਲ ਸੁਰਿੰਦਰ ਕੌਰ ਨੇ ਸਾਧਨਾ ਨੂੰ ਜੇਤੂ ਐਲਾਨਦਿਆਂ ਹੋਇਆਂ ਕਿਹਾ, “ਹੱਥ ਉਹੀ ਸੋਹਣੇ ਹੁੰਦੇ ਹਨ, ਜਿਹੜੇ ਕਿਰਤ ਕਰਦੇ ਹਨ। ਭਲਾ ਜਿਹੜੇ ਹੱਥ ਕਿਰਤ ਹੀ ਨਹੀਂ ਕਰਦੇ, ਉਹ ਸੁੰਦਰ ਕਿਵੇਂ ਹੋ ਸਕਦੇ ਹਨ? ਸਾਡੇ ਸਕੂਲ ਦੀ ਨੌਂਵੀਂ ਸ਼੍ਰੇਣੀ ਵਿੱਚ ਪੜ੍ਹਦੀ ਸਾਧਨਾ ਨੇ ਆਪਣੇ ਮੰਮੀ ਡੈਡੀ ਦੇ ਕੰਮ ਵਿੱਚ ਹੱਥ ਵਟਾਉਂਦਿਆਂ ਆਪਣੇ ਹੱਥਾਂ ਨੂੰ ਕਿਰਤ ਕਰਕੇ ਬਹੁਤ ਹੀ ਖੂਬਸੂਰਤ, ਆਕਰਸ਼ਕ ਅਤੇ ਸੋਹਣੇ ਬਣਾਇਆ ਹੈ। ਇਸ ਲਈ ਪਿਆਰੀ ਬੇਟੀਓ, ਸਾਨੂੰ ਸਾਰਿਆਂ ਨੂੰ ਬਗ਼ੈਰ ਕੋਈ ਸ਼ਰਮ ਕੀਤਿਆਂ ਆਪਣੇ ਕੰਮ ਖ਼ੁਦ ਆਪਣੇ ਹੱਥੀਂ ਕਰਨੇ ਚਾਹੀਦੇ ਹਨ। ਜਿਹੜੇ ਲੋਕ ਆਪਣੇ ਕੰਮ ਆਪਣੇ ਹੱਥੀਂ ਕਰਦੇ ਹਨ, ਉਹ ਉਸ ਕੰਮ ਵਿੱਚ ਆਪਣੀ ਪੂਰੀ ਊਰਜਾ ਲਾਉਂਦੇ ਹਨ, ਪੂਰਾ ਧਿਆਨ ਵੀ ਲਾਉਂਦੇ ਹਨ, ਉਹੀ ਲੋਕ ਜੀਵਨ ਵਿੱਚ ਹਮੇਸ਼ਾ ਕਾਮਯਾਬ ਹੁੰਦੇ ਹਨ। ਇਸਦੇ ਨਾਲ-ਨਾਲ ਹੱਥੀਂ ਕੰਮ ਕਰਨ ਨਾਲ ਉਹ ਕਈ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਦਾ ਸਰੀਰ ਹਮੇਸ਼ਾ ਹਰਕਤ ਵਿੱਚ ਰਹਿੰਦਾ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਚੱਲਣਾ ਹੀ ਜ਼ਿੰਦਗੀ ਹੈ। ਰੁਕਣਾ ਜਾਂ ਖਲ੍ਹੋਣਾ ਤਾਂ ਬਿਮਾਰੀ ਦਾ ਘਰ ਹੈ। ਇਸ ਪ੍ਰਕਾਰ ਆਪਣੇ ਕੰਮ ਆਪਣੇ ਹੱਥੀਂ ਕਰਨ ਵਾਲੇ ਲੋਕ ਹਮੇਸ਼ਾ ਤੰਦਰੁਸਤ ਰਹਿੰਦੇ ਹਨ। ਉਹ ਤੰਦਰੁਸਤੀ ਅਤੇ ਚੰਗੀ ਸਿਹਤ ਕਾਰਨ ਵਿਹਲੜਾਂ ਨਾਲੋਂ ਤੰਦਰੁਸਤੀ ਭਰੀ ਲੰਮੀ ਜ਼ਿੰਦਗੀ ਜਿਊਂਦੇ ਹਨ। ਹੱਥੀਂ ਕੰਮ ਕਰਨ ਵਾਲੇ ਮਨੁੱਖਾਂ ਦੀ ਸੋਚ ਅਸਮਾਨ ਜਿੰਨੀ ਵਿਸ਼ਾਲ ਅਤੇ ਉੱਚੀ ਹੋ ਜਾਂਦੀ ਹੈ। ਉਨ੍ਹਾਂ ਵਿੱਚ ਹਮਦਰਦੀ, ਦਲੇਰੀ, ਵਿਸ਼ਵਾਸ, ਬਹਾਦਰੀ ਜਿਹੇ ਗੁਣ ਸਹਿਜ ਸੁਭਾਅ ਰੂਪ ਵਿੱਚ ਹੀ ਆ ਜਾਂਦੇ ਹਨ। ਹੱਥੀਂ ਕੀਤੀ ਕਿਰਤ ਕਮਾਈ ਸਾਨੂੰ ਹਮੇਸ਼ਾ ਸੰਤੁਸ਼ਟੀ ਅਤੇ ਖੁਸ਼ੀ ਦਿੰਦੀ ਹੈ। ਜਿਹੜੇ ਇਨਸਾਨ ਆਪਣੇ ਹੱਥੀਂ ਆਪਣੇ ਕੰਮ ਖ਼ੁਦ ਹੀ ਸਵਾਰ ਲੈਂਦੇ ਹਨ, ਉਨ੍ਹਾਂ ਨੂੰ ਕੰਮ ਕਰਵਾਉਣ ਲਈ ਦੂਜਿਆਂ ਵੱਲ ਦੇਖਣ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ। ਉਹ ਕੌਮ, ਸਮਾਜ, ਦੇਸ਼ ਅਤੇ ਰਾਸ਼ਟਰ ਹਮੇਸ਼ਾ ਖ਼ੁਸ਼ਹਾਲ ਹੁੰਦੇ ਹਨ, ਜਿਸਦੇ ਨਾਗਰਿਕ ਆਪਣੇ ਕੰਮ ਆਪਣੇ ਹੱਥੀਂ ਕਰਨਾ ਜਾਣਦੇ ਹਨ।”
ਅੰਤ ਵਿੱਚ ਸਾਧਨਾਂ ਨੂੰ ਸਟੇਜ ’ਤੇ ਬੁਲਾਇਆ ਗਿਆ। ਪ੍ਰਿੰਸੀਪਲ ਸੁਰਿੰਦਰ ਕੌਰ ਨੇ ਉਸਦੇ ਗੱਲ ਵਿੱਚ ਗੋਲਡ ਮੈਡਲ ਪਾਇਆ। ਸਾਰੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਬੜੇ ਜ਼ੋਰ ਨਾਲ ਤਾੜੀਆਂ ਵਜਾ ਕੇ ਸਾਧਨਾ ਦਾ ਭਰਪੂਰ ਸਵਾਗਤ ਕੀਤਾ। ਮੰਚ ਤੋਂ ਉੱਤਰਦੀ ਸਾਧਨਾ ਦੀਆਂ ਅੱਖਾਂ ਵਿਚਲੀ ਚਮਕ ਨੇ ਉਸ ਨੂੰ ਹੋਰ ਵੀ ਵਧੇਰੇ ਸਵੈਮਾਣ ਨਾਲ ਭਰ ਦਿੱਤਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)














































































































