“ਜੇ ਅਸੀਂ ਇਸ (ਵਿਛੋੜੇ) ਨੂੰ ਸਵੀਕਾਰ ਕਰ ਲਈਏ ਤਾਂ ਦੁੱਖ ਤਾਕਤ ਬਣ ਜਾਂਦਾ ਹੈ, ਯਾਦ ...”
(19 ਅਗਸਤ 2026)
ਬਿਰਹਾ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹੈ। ਇਹ ਸਿਰਫ ਪ੍ਰੇਮੀਆਂ ਦੇ ਵਿਛੋੜੇ ਦਾ ਨਾਮ ਨਹੀਂ, ਸਗੋਂ ਹਰ ਉਹ ਕਮੀ, ਘਾਟ, ਤਾਂਘ ਅਤੇ ਦੂਰੀ ਦਾ ਅਹਿਸਾਸ ਹੈ ਜੋ ਮਨੁੱਖ ਦੇ ਮਨ ਨੂੰ ਡੁੰਘਾਈ ਨਾਲ ਛੂਹੰਦਾ ਹੈ। ਜਨਮ ਤੋਂ ਲੈ ਕੇ ਜੀਵਨ ਦੇ ਆਖਰੀ ਪਲਾਂ ਤਕ ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਵਿਛੋੜਿਆਂ ਦਾ ਸਾਮਣਾ ਕਰਨਾ ਸਿੱਖਦੇ ਹਾਂ। ਵਿਛੋੜਾ ਕਦੇ ਆਪਣੇ ਕਰੀਬੀ ਲੋਕਾਂ ਤੋਂ, ਕਦੇ ਆਪਣੇ ਸੁਪਨਿਆਂ ਤੋਂ, ਕਦੇ ਆਪਣੇ ਪਿੰਡ ਤੋਂ ਅਤੇ ਅੰਤ ਵਿੱਚ ਇਸ ਸੰਸਾਰ ਤੋਂ ਵੀ। ਇਸ ਲਈ ਬਿਰਹਾ ਜੀਵਨ ਦੀ ਇੱਕ ਅਜਿਹੀ ਸਚਾਈ ਹੈ ਜੋ ਮਨੁੱਖ ਨੂੰ ਹਰ ਪੜਾਅ ’ਤੇ ਕੁਝ ਨਵਾਂ ਸਿਖਾ ਜਾਂਦੀ ਹੈ।
ਪੰਜਾਬੀ ਸਾਹਿਤ, ਲੋਕ-ਗੀਤਾਂ, ਸੂਫੀ ਕਾਵਿ ਅਤੇ ਗੁਰਬਾਣੀ ਵਿੱਚ ਬਿਰਹਾ ਕੇਵਲ ਵਿਛੋੜੇ ਦੀ ਪੀੜ ਨਹੀਂ, ਸਗੋਂ ਰੂਹ ਦੀ ਜਾਗਰੂਕਤਾ ਦਾ ਪ੍ਰਤੀਕ ਹੈ। ਇਹ ਸਮਾਜਿਕ, ਪਰਿਵਾਰਕ, ਮਨੋਵਿਗਿਆਨਕ, ਸੱਭਿਆਚਾਰਕ ਅਤੇ ਆਧਿਆਤਮਿਕ ਅਨੁਭਵ ਹੈ। ਇਹ ਮਨੁੱਖ ਨੂੰ ਅੰਦਰੋਂ ਝੰਜੋੜਦਾ ਵੀ ਹੈ ਅਤੇ ਉਸ ਨੂੰ ਆਪਣੇ ਅਸਲ ਰੂਪ ਨਾਲ ਮਿਲਾਉਂਦਾ ਵੀ ਹੈ। ਸ਼ਾਇਦ ਇਸੇ ਲਈ ਬਿਰਹਾ ਸਦੀਆਂ ਤੋਂ ਸਾਹਿਤ ਅਤੇ ਜੀਵਨ ਦੋਵਾਂ ਦਾ ਸਭ ਤੋਂ ਵੱਡਾ ਵਿਸ਼ਾ ਰਿਹਾ ਹੈ।
ਇਤਿਹਾਸ ਗਵਾਹ ਹੈ ਕਿ ਕਈ ਮਹਾਨ ਕਲਾਕਾਰਾਂ ਦੀ ਸਿਰਜਣਾ ਦੇ ਪਿੱਛੇ ਅਧੂਰਾ ਪ੍ਰੇਮ ਜਾਂ ਰੂਹਾਨੀ ਵਿਛੋੜਾ ਰਿਹਾ ਹੈ। ਸ਼ਿਵ ਕੁਮਾਰ ਬਟਾਲਵੀ ਦੇ ਅਧੂਰੇ ਪ੍ਰੇਮ ਨੇ ਉਨ੍ਹਾਂ ਨੂੰ ਬਿਰਹਾ ਦਾ ਸੁਲਤਾਨ ਬਣਾਇਆ ਅਤੇ ਬੁੱਲੇ ਸ਼ਾਹ ਦੇ ਰੂਹਾਨੀ ਵਿਛੋੜੇ ਨੇ ਉਨ੍ਹਾਂ ਨੂੰ ਸੂਫੀ ਕਾਵਿ ਦਾ ਅਮਰ ਸੁਰ ਬਣਾ ਦਿੱਤਾ। ਸ਼ਿਵ ਕੁਮਾਰ ਬਟਾਲਵੀ ਲਈ ਬਿਰਹਾ ਸਿਰਫ ਵਿਛੋੜੇ ਦਾ ਦਰਦ ਨਹੀਂ ਸੀ, ਸਗੋਂ ਜੀਵਨ ਨੂੰ ਮਹਿਸੂਸ ਕਰਨ ਦਾ ਸਭ ਤੋਂ ਡੂੰਘਾ ਅਹਿਸਾਸ ਸੀ। ਉਹ ਮੰਨਦੇ ਸਨ ਕਿ ਜਿਸ ਦਿਲ ਨੇ ਬਿਰਹਾ ਨਹੀਂ ਹੰਢਾਇਆ, ਉਹ ਪਿਆਰ ਦੀ ਅਸਲ ਗਹਿਰਾਈ ਨੂੰ ਵੀ ਨਹੀਂ ਸਮਝ ਸਕਦਾ। ਇਸੇ ਲਈ ਉਨ੍ਹਾਂ ਦੀ ਕਵਿਤਾ ਵਿੱਚ ਬਿਰਹਾ ਹੰਝੂ ਵੀ ਹੈ, ਸੰਗੀਤ ਵੀ ਹੈ ਅਤੇ ਸਿਰਜਣਾ ਦੀ ਸਭ ਤੋਂ ਵੱਡੀ ਤਾਕਤ ਵੀ। ਬੁੱਲੇ ਸ਼ਾਹ ਦੇ ਅਨੁਸਾਰ ਬਿਰਹਾ ਉਹ ਰੂਹਾਨੀ ਤੜਫ ਹੈ ਜੋ ਇਨਸਾਨ ਨੂੰ ਆਪਣੇ ਅਸਲ ਮਾਲਕ ਨਾਲ ਮਿਲਾਪ ਦੇ ਰਾਹ ’ਤੇ ਤੋਰਦੀ ਹੈ। ਦਰਦ ਨੇ ਉਨ੍ਹਾਂ ਨੂੰ ਤੋੜਿਆ ਨਹੀਂ, ਸਗੋਂ ਉਨ੍ਹਾਂ ਦੀ ਰਚਨਾਤਮਕਤਾ ਨੂੰ ਨਵੀਂਆਂ ਉਚਾਈਆਂ ਤਕ ਪਹੁੰਚਾਇਆ।
ਹਰ ਇੱਕ ਦੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਬਿਰਹਾ ਦੀ ਪੀੜ ਸਹਿਣੀ ਪੈਂਦੀ ਹੈ। ਮੇਰੀ ਆਪਣੀ ਜ਼ਿੰਦਗੀ ਵਿੱਚ ਵੀ ਬਿਰਹਾ ਨੇ ਡੂੰਘਾ ਅਸਰ ਛੱਡਿਆ ਹੈ। ਮੈਂ ਕੇਵਲ ਪੰਦਰਾਂ ਸਾਲਾਂ ਦਾ ਸੀ ਜਦੋਂ ਮੇਰੀ ਮਾਤਾ ਜੀ ਇਸ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਗਏ। ਉਸ ਵੇਲੇ ਪਹਿਲੀ ਵਾਰ ਮਹਿਸੂਸ ਹੋਇਆ ਕਿ “ਪੈਰਾਂ ਹੇਠੋਂ ਜ਼ਮੀਨ ਖਿਸਕ ਜਾਣੀ” ਕੀ ਹੁੰਦੀ ਹੈ। ਤੁਹਾਡੀਆਂ ਲੱਤਾਂ ਆਪਣੇ ਹੀ ਸਰੀਰ ਦਾ ਭਾਰ ਨਹੀਂ ਝੱਲਦੀਆਂ। ਕੁਝ ਸਮੇਂ ਲਈ ਲੱਗਾ ਜਿਵੇਂ ਜੀਵਨ ਦੀ ਸਭ ਤੋਂ ਮਜ਼ਬੂਤ ਨੀਂਹ ਹੀ ਡੋਲ ਗਈ ਹੋਵੇ। ਪਰ ਜ਼ਿੰਦਗੀ ਨਹੀਂ ਰੁਕਦੀ। ਸਮੇਂ ਨੇ ਹੌਲੀ-ਹੌਲੀ ਸਿਖਾ ਦਿੱਤਾ ਕਿ ਵਿਛੋੜਾ ਸਾਨੂੰ ਰੋਕਣ ਨਹੀਂ, ਸਗੋਂ ਨਵਾਂ ਰਾਹ ਦਿਖਾਉਣ ਆਉਂਦਾ ਹੈ।
ਸਮੇਂ ਦੇ ਨਾਲ ਹੋਰ ਵੀ ਕਈ ਆਪਣੇ ਵਿਛੜਦੇ ਗਏ। ਕੁਝ ਤਾਂ ਭਰ ਜਵਾਨੀ ਵਿੱਚ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਦੋਂ ਸਮਝ ਆਈ ਕਿ ਸਰੀਰ ਭਾਵੇਂ ਸਾਥ ਛੱਡ ਜਾਂਦੇ ਹਨ, ਪਰ ਉਨ੍ਹਾਂ ਦੇ ਪਿਆਰ, ਸਿੱਖਿਆਵਾਂ ਅਤੇ ਯਾਦਾਂ ਸਾਡੇ ਅੰਦਰ ਸਦਾ ਜਿਊਂਦੀਆਂ ਰਹਿੰਦੀਆਂ ਹਨ। ਮੇਰੀ ਮਾਤਾ ਜੀ ਦੀਆਂ ਸਿੱਖਿਆਵਾਂ ਹੀ ਮੇਰਾ ਹੌਸਲਾ ਬਣ ਗਈਆਂ। ਜਦੋਂ ਵੀ ਥਕਾਵਟ ਮਹਿਸੂਸ ਹੋਈ, ਉਨ੍ਹਾਂ ਦੀ ਯਾਦ ਨੇ ਮੈਨੂੰ ਮੁੜ ਖੜ੍ਹਾ ਕਰ ਦਿੱਤਾ। ਅੱਜ ਜੇ ਮੈਂ ਜੀਵਨ ਵਿੱਚ ਕੁਝ ਹਾਸਲ ਕੀਤਾ ਹੈ ਤਾਂ ਉਸ ਵਿੱਚ ਮੇਰੀ ਮਿਹਨਤ ਦੇ ਨਾਲ ਉਸ ਬਿਰਹਾ ਦਾ ਵੀ ਵੱਡਾ ਯੋਗਦਾਨ ਹੈ ਜਿਸਨੇ ਮੈਨੂੰ ਅੰਦਰੋਂ ਮਜ਼ਬੂਤ ਬਣਾਇਆ।
ਅਸੀਂ ਅਕਸਰ ਸਮਝਦੇ ਹਾਂ ਕਿ ਤਰੱਕੀ ਸਿਰਫ ਸੁਖ-ਸਹੂਲਤਾਂ ਨਾਲ ਹੁੰਦੀ ਹੈ, ਪਰ ਜੀਵਨ ਦੀ ਅਸਲ ਸਿੱਖਿਆ ਤਾਂ ਔਖੇ ਸਮੇਂ ਹੀ ਦਿੰਦੇ ਹਨ। ਬਿਰਹਾ ਮਨੁੱਖ ਨੂੰ ਆਪਣੇ ਆਪ ਨਾਲ ਮਿਲਾਉਂਦਾ ਹੈ। ਇਹ ਸਾਨੂੰ ਸੰਘਰਸ਼ ਕਰਨਾ, ਸਬਰ ਰੱਖਣਾ ਅਤੇ ਹਰ ਹਾਲਤ ਵਿੱਚ ਅੱਗੇ ਵਧਣਾ ਸਿਖਾਉਂਦਾ ਹੈ। ਕਈ ਵਾਰ ਜਿਸ ਦੁੱਖ ਨੂੰ ਅਸੀਂ ਆਪਣੀ ਸਭ ਤੋਂ ਵੱਡੀ ਕਮਜ਼ੋਰੀ ਸਮਝਦੇ ਹਾਂ, ਉਹੀ ਸਾਡੀ ਸਭ ਤੋਂ ਵੱਡੀ ਤਾਕਤ ਬਣ ਜਾਂਦਾ ਹੈ।
ਸਾਡੀ ਰੂਹਾਨੀ ਪਰੰਪਰਾ ਵੀ ਇਹੀ ਸਿੱਖਿਆ ਦਿੰਦੀ ਹੈ। ਗੁਰਬਾਣੀ ਵਿੱਚ ਪ੍ਰਭੂ ਦੇ ਮਿਲਾਪ ਦੀ ਤਾਂਘ ਨੂੰ ਬਿਰਹਾ ਦਾ ਸਭ ਤੋਂ ਉੱਚਾ ਰੂਪ ਮੰਨਿਆ ਗਿਆ ਹੈ। ਸੂਫੀ ਸੰਤਾਂ ਨੇ ਵੀ ਵਿਛੋੜੇ ਨੂੰ ਰੱਬ ਨਾਲ ਮਿਲਾਪ ਦੀ ਪੌੜੀ ਦੱਸਿਆ ਹੈ। ਇਹ ਬਿਰਹਾ ਨਿਰਾਸ਼ਾ ਨਹੀਂ, ਸਗੋਂ ਆਤਮਿਕ ਉੱਨਤੀ ਦਾ ਰਸਤਾ ਹੈ। ਬਾਬਾ ਫਰੀਦ ਜੀ ਦੇ ਅਨੁਸਾਰ ਜਿਸ ਮਨੁੱਖ ਦੇ ਅੰਦਰ ਬਿਰਹਾ ਦੀ ਤੜਫ ਨਹੀਂ ਜਾਗਦੀ, ਉਹ ਸਰੀਰ ਜਿਊਂਦਾ ਹੋ ਕੇ ਵੀ ਮਸਾਣ ਵਰਗਾ ਹੈ। ਇੱਥੇ ਬਿਰਹਾ ਕੇਵਲ ਵਿਛੋੜਾ ਨਹੀਂ, ਸਗੋਂ ਪਰਮਾਤਮਾ ਦੇ ਮਿਲਾਪ ਦੀ ਤਾਂਘ, ਜੀਵਨ ਦੀ ਜਾਗਰੂਕਤਾ ਅਤੇ ਰੁਹਾਨੀ ਚੇਤਨਾ ਦਾ ਪ੍ਰਤੀਕ ਹੈ। ਸ਼ਾਇਦ ਇਸੇ ਲਈ ਬਿਰਹਾ ਮਨੁੱਖ ਨੂੰ ਤੋੜਦਾ ਨਹੀਂ, ਸਗੋਂ ਉਸ ਨੂੰ ਹੋਰ ਸੰਵੇਦਨਸ਼ੀਲ, ਨਿਮਰ, ਸਿਆਣਾ ਅਤੇ ਮਜ਼ਬੂਤ ਬਣਾ ਦਿੰਦਾ ਹੈ।
ਮੇਰਾ ਆਪਣਾ ਵਿਚਾਰ ਹੈ ਕਿ ਬਿਰਹਾ ਜੀਵਨ ਦਾ ਬੋਝ ਨਹੀਂ, ਇੱਕ ਅਨਮੋਲ ਅਧਿਆਪਕ ਹੈ। ਇਹ ਸਾਨੂੰ ਸਿਖਾਉਂਦਾ ਹੈ ਕਿ ਹਰ ਵਿਛੋੜਾ ਇੱਕ ਨਵੀਂ ਸ਼ੁਰੂਆਤ ਦਾ ਦਰਵਾਜ਼ਾ ਵੀ ਖੋਲ੍ਹਦਾ ਹੈ। ਜੇ ਅਸੀਂ ਇਸ ਨੂੰ ਸਵੀਕਾਰ ਕਰ ਲਈਏ ਤਾਂ ਦੁੱਖ ਤਾਕਤ ਬਣ ਜਾਂਦਾ ਹੈ, ਯਾਦ ਪ੍ਰੇਰਨਾ ਬਣ ਜਾਂਦੀ ਹੈ ਅਤੇ ਵਿਛੋੜਾ ਹੀ ਮਨੁੱਖ ਨੂੰ ਆਪਣੇ ਸਭ ਤੋਂ ਉੱਚੇ ਰੂਪ ਤਕ ਪਹੁੰਚਾ ਦਿੰਦਾ ਹੈ। ਇਹੀ ਹੈ ਬਿਰਹਾ ਦੀ ਤਾਕਤ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































