“ਬਾਹਰ ਜਾਣਾ, ਲੋਕਾਂ ਨਾਲ ਮਿਲਣਾ, ਖੇਡਾਂ ਖੇਡਣਾ, ਜ਼ਿੰਦਗੀ ਨੂੰ ਅੱਗੇ ਵਧਾਉਣ ਲਈ ਬਹੁਤ ਜ਼ਰੂਰੀ ...”
(2 ਮਾਰਚ 2026)
ਹਰ ਬੁੱਧਵਾਰ ਨੂੰ ਸਾਡੇ ਘਰ ਦੇ ਨੇੜੇ ਖਾਲੀ ਪਏ ਦੁਸ਼ਹਿਰਾ ਗਰਾਊਂਡ ਵਿੱਚ ਸਬਜ਼ੀ ਮੰਡੀ ਲਗਦੀ ਹੈ, ਜਾਂ ਇਸ ਨੂੰ ਕਿਸਾਨ ਮੰਡੀ ਕਹਿ ਲਵੋ। ਸੱਚ ਦੱਸਾਂ ਤਾਂ ਇਹ ਮੰਡੀ ਘੱਟ, ਮੇਲਾ ਜ਼ਿਆਦਾ ਲਗਦੀ ਹੈ। ਸਬਜ਼ੀਆਂ-ਫੱਲਾਂ ਦੇ ਨਾਲ-ਨਾਲ ਹਰ ਕਿਸਮ ਦੀਆਂ ਫੜੀਆਂ ਇੱਥੇ ਆਮ ਹੀ ਦੇਖਣ ਨੂੰ ਮਿਲ ਜਾਂਦੀਆਂ ਹਨ। ਅਸੀਂ ਦੋਵੇਂ, ਮੈਂ ਅਤੇ ਮੇਰੀ ਧਰਮ ਪਤਨੀ ਹਰ ਹਫਤੇ ਇਸ ਮੇਲੇ ਵਰਗੀ ਮੰਡੀ ਵਿੱਚ ਇਸ ਨੀਅਤ ਨਾਲ ਜਾਂਦੇ ਹਾਂ ਕਿ ਬਹਾਨੇ ਨਾਲ ਕੁਝ ਲੋਕਾਂ ਨਾਲ ਮੇਲ-ਜੋਲ ਹੋ ਜਾਵੇਗਾ। ਮੰਡੀ ਵਿੱਚ ਉਹ ਸਾਰੇ ਜਾਣ-ਪਛਾਣ ਵਾਲੇ ਮਿਲ ਹੀ ਜਾਂਦੇ ਹਨ ਜਿਨ੍ਹਾਂ ਨਾਲ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਮੇਲ-ਮਿਲਾਪ ਘੱਟ ਹੋ ਪਾਉਂਦਾ ਹੈ। ਮੇਰੇ ਤਜਰਬੇ ਮੁਤਾਬਿਕ ਜੋ ਪਤੀ-ਪਤਨੀ ਘਰ ਵਿੱਚ ਮਿਲ ਕੇ ਕੰਮ ਕਰਦੇ ਹਨ, ਉਹ ਸਬਜ਼ੀ ਮੰਡੀ ਵੀ ਇਕੱਠੇ ਹੀ ਆਉਂਦੇ ਹਨ। ਇੱਥੇ ਆਉਣ ਨਾਲ ਹਫਤੇ ਦੀ ਖਰੀਦੋ-ਫਰੋਖ਼ਤ ਵੀ ਹੋ ਜਾਂਦੀ ਹੈ, ਪਰ ਸਾਡੀ ਵੱਧ ਰੁਚੀ ਸਬਜ਼ੀਆਂ ਨਾਲੋਂ ਫੱਲਾਂ ਵਿੱਚ ਹੁੰਦੀ ਹੈ। ਮੇਰੀ ਧਰਮ ਪਤਨੀ ਨੂੰ ਫੱਲਾਂ ਦਾ, ਖਾਸ ਕਰਕੇ ਬੇਰਾਂ ਦਾ ਬਹੁਤ ਸ਼ੌਕ ਹੈ। ਅੱਜਕੱਲ੍ਹ ਦੇ ਫਲਾਂ ਨੂੰ ਦੇਖਕੇ ਹੈਰਾਨੀ ਬੜੀ ਹੁੰਦੀ ਹੈ। ਬੇਰਾਂ ਦਾ ਆਕਾਰ ਅਮਰੂਦਾਂ ਜਿੱਡਾ ਅਤੇ ਅਮਰੂਦਾਂ ਦਾ ਆਕਾਰ ਖਰਬੂਜਿਆਂ ਜਿੱਡਾ ਹੋ ਗਿਆ ਹੈ। ਸਮੇਂ ਨਾਲ ਸਭ ਕੁਝ ਬਦਲ ਗਿਆ ਹੈ, ਹਰ ਚੀਜ਼ ਅਡਵਾਂਸ ਅਤੇ ਹਾਈਬ੍ਰਿਡ ਹੋ ਗਈ ਹੈ।
ਮੇਰੀਆਂ ਬਚਪਨ ਦੀਆਂ ਕੁਝ ਧੁੰਦਲੀਆਂ ਯਾਦਾਂ ਵਿੱਚ ਅੱਜ ਵੀ ਸਾਡੇ ਖੇਤਾਂ ਵਾਲਾ ਬਾਗ ਚੇਤੇ ਆਉਂਦਾ ਹੈ ਜਿੱਥੇ ਅਮਰੂਦਾਂ, ਜਾਮਣਾਂ ਅਤੇ ਅੰਬਾਂ ਦੇ ਕਈ ਦਰੱਖਤ ਹੁੰਦੇ ਸਨ। ਸਕੂਲ ਤੋਂ ਬਾਅਦ ਸਾਰੀ ਦੁਪਹਿਰ ਉਹਨਾਂ ਦੇ ਥੱਲੇ ਮੰਜੇ ’ਤੇ ਬੈਠਕੇ ਲੰਘ ਜਾਂਦੀ ਸੀ। ਉਸ ਵੇਲੇ ਫਲ ਖਾਣ ਦਾ ਕੋਈ ਨਿਯਮਤ ਸਮਾਂ ਨਹੀਂ ਹੁੰਦਾ ਸੀ, ਜਦੋਂ ਦਿਲ ਕਰਦਾ ਦਰੱਖਤ ਤੇ ਚੜ੍ਹ ਕੇ ਕਦੇ ਅਮਰੂਦ, ਕਦੇ ਜਾਮਣਾਂ, ਕਦੇ ਅੰਬ ਖਾ ਲੈਂਦੇ। ਜਦੋਂ ਕੋਈ ਰਿਸ਼ਤੇਦਾਰ ਘਰ ਆਉਂਦਾ, ਉਦੋਂ ਹੀ ਬਾਕੀ ਹੋਰ ਫੱਲ ਦੇਖਣ ਨੂੰ ਮਿਲਦੇ ਸਨ। ਮੰਡੀ ਤੋਂ ਸਬਜ਼ੀ ਲਿਆਉਣ ਵਾਲੀ ਗੱਲ ਤਾਂ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਸੋਚੀ ਕਿਉਂਕਿ ਜ਼ਰੂਰਤ ਜੋਗਾ ਆਪਣੇ ਖੇਤਾਂ ਜਾਂ ਪਿੰਡ ਵਿੱਚ ਹੋ ਜਾਂਦਾ ਸੀ। ਮੈਨੂੰ ਵੀ ਬਚਪਨ ਵਿੱਚ ਬੇਰਾਂ ਦਾ ਬਹੁਤ ਸ਼ੌਕ ਸੀ। ਬਹੁਤੀਆਂ ਦੇਸੀ ਬੇਰੀਆਂ ਖੇਤਾਂ ਵਿੱਚ ਆਪ ਹੀ ਉੱਗੀਆਂ ਹੁੰਦੀਆਂ ਸਨ, ਪਰ ਬੇਰੀ ਦਾ ਦਰੱਖਤ ਉੱਚਾ ਅਤੇ ਕੰਡਿਆਂ ਨਾਲ ਭਰਿਆ ਹੁੰਦਾ ਸੀ, ਜਿਸ ’ਤੇ ਚੜ੍ਹਨ ਦਾ ਕੋਈ ਰਾਹ ਨਹੀਂ ਸੀ ਹੁੰਦਾ ਅਤੇ ਸਿਖਰਾਂ ’ਤੇ ਲੱਗੇ ਬੇਰ ਜ਼ਿਆਦਾ ਪੱਕੇ ਵੀ ਹੁੰਦੇ ਸਨ। ਉਨ੍ਹਾਂ ਨੂੰ ਤੋੜਨਾ ਬਹੁਤ ਔਖਾ ਹੁੰਦਾ ਸੀ। ਸਕੂਲ ਤੋਂ ਬਾਅਦ ਮੈਂ ਅਤੇ ਮੇਰੇ ਵੱਡੇ ਵੀਰ ਜੀ ਨਿੱਤ ਪਿੰਡ ਦੇ ਨੇੜੇ ਨਵੀਂਆਂ ਬੇਰੀਆਂ ਲੱਭਦੇ ਅਤੇ ਉਹਨਾਂ ਦੇ ਬੇਰ ਤੋੜਦੇ। ਇਹ ਖੇਡ ਖੇਡਦੇ-ਖੇਡਦੇ ਇੱਕ ਦਿਨ ਅਸੀਂ “ਟੀਸੀ ਦੇ ਬੇਰਾਂ” ਦੇ ਮਗਰ ਪੈ ਗਏ। ਉਹ ਤੋੜ ਕੇ ਹੀ ਸਾਹ ਲੈਣਾ, ਚਾਹੇ ਕਿੰਨਾ ਵੀ ਸਮਾਂ ਲੱਗ ਜਾਵੇ। ਅਫਸੋਸ, ਸਮੇਂ ਦੀ ਰਫਤਾਰ ਅਤੇ ਤਰੱਕੀ ਨੇ ਸਾਡੇ ਬਾਗ ਵਾਲੇ ਖੇਤਾਂ ਵਿੱਚ ਕੰਕਰੀਟ ਦੇ ਮਹਿਲ ਖੜ੍ਹੇ ਕਰ ਦਿੱਤੇ। ਤਰੱਕੀ ਦੇ ਚਲਦਿਆਂ ਅਸੀਂ ਆਪਣਾ ਬਾਗ ਆਪ ਉਜਾੜ ਲਿਆ, ਅਤੇ ਕਈ ਕੁਦਰਤੀ ਖ਼ੁਸ਼ੀਆਂ ਅਸੀਂ ਆਪਣੇ ਹੱਥੀਂ ਗਵਾ ਬੈਠੇ।
ਜਦੋਂ ਮੈਂ ਪਿੱਛੇ ਮੁੜਕੇ ਦੇਖਦਾਂ ਹਾਂ ਤਾਂ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਪਹਿਲੀ ਕਲਾਸ ਤੋਂ ਲੈ ਕੇ ਪੰਜਾਬੀ ਯੂਨੀਵਰਸਿਟੀ ਦੀ ਪੀ.ਐੱਚ.ਡੀ. ਡਿਗਰੀ ਅਤੇ ਅੱਜ ਪ੍ਰੋਫੈਸਰ ਦੇ ਰੂਪ ਵਿੱਚ ਪਹੁੰਚਣ ਤਕ ਦਾ ਇਹ ਸਫਰ ਕਦੇ ਅਸਾਨ ਨਹੀਂ ਸੀ। ਮੈਂ ਸਮਝਦਾ ਹਾਂ ਕਿ ਬਚਪਨ ਦੀਆਂ ਉਹ ਖੇਡਾਂ, ਮਿਹਨਤ ਅਤੇ ਚੁਣੌਤੀਆਂ ਨੇ ਹੀ ਮੈਨੂੰ ਅੱਜ ਇਸ ਮੁਕਾਮ ਤਕ ਪਹੁੰਚਾਇਆ ਹੈ। ਟੀਸੀ ਦੇ ਬੇਰਾਂ ਨੂੰ ਤੋੜਨਾ ਸਿਰਫ ਇੱਕ ਫਲ ਹਾਸਲ ਕਰਨਾ ਨਹੀਂ ਸੀ, ਬਲਕਿ ਇੱਕ ਚੁਣੌਤੀ ਸੀ। ਅੱਜ ਦੇ ਨੌਜਵਾਨ ਜੇ ਅਜਿਹੀਆਂ ਚੁਣੌਤੀਆਂ ਨੂੰ ਸਵੀਕਾਰ ਕਰਨ ਤਾਂ ਉਹ ਕਦੇ ਵੀ ਜ਼ਿੰਦਗੀ ਵਿੱਚ ਅਸਫਲ ਨਹੀਂ ਹੋਣਗੇ। ਨਾਲੇ ਬਾਂਦਰ ਕੀਲਾ, ਪਿੱਠੂ ਗਰਮ ਵਰਗੀਆਂ ਖੇਡਾਂ ਸਾਨੂੰ ਟੀਮ ਵਿੱਚ ਖੇਡਣ, ਮਿਲ ਕੇ ਕੰਮ ਕਰਨ ਅਤੇ ਸਹਿਯੋਗ ਦੇ ਗੁਣ ਸਿਖਾਉਂਦੀਆਂ ਸਨ, ਅਤੇ ਇਹ ਗੁਣ ਜ਼ਿੰਦਗੀ ਦੇ ਮਹੱਤਵਪੂਰਨ ਮੋੜਾਂ ’ਤੇ ਕੰਮ ਵੀ ਆਉਂਦੇ ਰਹੇ ਹਨ। ਸਿਆਣਿਆਂ ਨੇ ਠੀਕ ਹੀ ਕਿਹਾ ਹੈ, ਸੋਨੇ ਨੂੰ ਜਦੋਂ ਭੱਠੀ ਵਿੱਚ ਚੰਗੀ ਤਰ੍ਹਾਂ ਤਪਾਇਆ ਜਾਂਦਾ ਹੈ, ਤਦ ਹੀ ਉਹ ਕੁੰਦਨ ਬਣਦਾ ਹੈ।
ਪਰ ਅੱਜ ਦੀ ਨੌਜਵਾਨ ਪੀੜ੍ਹੀ ਇਨ੍ਹਾਂ ਅਨੁਭਵਾਂ ਤੋਂ ਵਾਂਝੀ ਹੈ। ਮੋਬਾਇਲ ਫੋਨਾਂ ਅਤੇ ਇੰਟਰਨੈੱਟ ਦੇ ਯੁਗ ਵਿੱਚ ਬੱਚੇ ਘਰਾਂ ਵਿੱਚ ਬੰਦ ਹੋ ਗਏ ਹਨ। ਸਬਜ਼ੀ ਮੰਡੀ ਜਾਣ ਦੀ ਵੀ ਲੋੜ ਨਹੀਂ ਅਤੇ ਹਰ ਚੀਜ਼ ਔਨਲਾਈਨ ਮੰਗਵਾਈ ਜਾ ਸਕਦੀ ਹੈ। ਇੱਕ ਦਿਨ ਮੰਡੀ ਵਿੱਚ ਇੱਕ ਬੱਚੀ ਆਪਣੀ ਮਾਂ ਨੂੰ ਕਹਿ ਰਹੀ ਸੀ, “ਮੰਮਾ, ਇੱਥੇ ਆਉਣ ਦੀ ਕੀ ਲੋੜ ਸੀ? ਕਿੰਨੀ ਡਸਟ ਆ ਇੱਥੇ। ਆਪਾਂ ਔਨਲਾਈਨ ਹੀ ਆਰਡਰ ਕਰ ਦੇਣਾ ਸੀ।” ਕੀ ਇਹ ਸੁਵਿਧਾਵਾਂ ਸਾਡੇ ਬੱਚਿਆਂ ਨੂੰ ਜੀਵਨ ਦੇ ਅਸਲੀ ਤਜਰਬਿਆਂ ਤੋਂ ਵਾਂਝਾ ਨਹੀਂ ਕਰ ਰਹੀਆਂ? ਅੱਜ ਦੇ ਬੱਚਿਆਂ ਅਤੇ ਨੌਜਵਾਨਾਂ ਦੇ ਸੋਚਣ ਅਤੇ ਕੰਮ ਕਰਨ ਦਾ ਨਜ਼ਰੀਆ ਬਿਲਕੁਲ ਵੱਖਰਾ ਹੈ। ਸੱਚ ਇਹ ਹੈ ਕਿ ਬੇਹਿਸਾਬ ਸੁਵਿਧਾਵਾਂ ਨੇ ਸਾਨੂੰ ਮਿਹਨਤ ਤੋਂ ਦੂਰ ਕਰ ਦਿੱਤਾ ਹੈ। ਹੁਣ ਮੋਬਾਇਲ ਐਪਸ ਤੋਂ ਸਮਾਨ ਮੰਗਾਉਣਾ ਅਸਾਨ ਹੈ, ਪਰ ਘਰੋਂ ਬਾਹਰ ਨਿਕਲਣ, ਲੋਕਾਂ ਨਾਲ ਮਿਲਣ ਅਤੇ ਬਾਹਰ ਖੇਡਣ ਵਾਲੀ ਖੁਸ਼ੀ ਖਤਮ ਹੋ ਗਈ ਹੈ। ਇਹ ਸਾਰੀਆਂ ਗੱਲਾਂ, ਬਾਹਰ ਜਾਣਾ, ਲੋਕਾਂ ਨਾਲ ਮਿਲਣਾ, ਖੇਡਾਂ ਖੇਡਣਾ, ਜ਼ਿੰਦਗੀ ਨੂੰ ਅੱਗੇ ਵਧਾਉਣ ਲਈ ਬਹੁਤ ਜ਼ਰੂਰੀ ਹਨ। ਮੇਰੇ ਲਈ ਇਹ ਉਹ ਅਣਮਿੱਟ ਸਬਕ ਸਨ ਜੋ ਬਚਪਨ ਵਿੱਚ ਸਿੱਖੇ ਸਨ ਅਤੇ ਜਿਨ੍ਹਾਂ ਦੀ ਬਦੌਲਤ ਕਦੇ ਜ਼ਿੰਦਗੀ ਵਿੱਚ ਨਮੋਸ਼ੀ ਨਹੀਂ ਹੋਈ। ਜੇ ਅੱਜ ਦੇ ਬੱਚੇ ਟੀਸੀ ਦੇ ਬੇਰ ਤੋੜਨ ਵਰਗਾ ਜਤਨ ਨਹੀਂ ਕਰਨਗੇ, ਤਾਂ ਭਾਵੇਂ ਉਹ ਕਿਸੇ ਵੀ ਮੁਕਾਮ ’ਤੇ ਪਹੁੰਚ ਜਾਣ, ਮਨ ਦੀ ਸੰਤੁਸ਼ਟੀ ਉਨ੍ਹਾਂ ਨੂੰ ਨਹੀਂ ਮਿਲੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (