“ਸਿੱਖਿਆ ਅਤੇ ਸੋਸ਼ਲ ਮੀਡੀਆ ਨੂੰ ਸੰਤੁਲਿਤ ਰੂਪ ਵਿੱਚ ਵਰਤਣਾ ਹੀ ਮਾਨਸਿਕ ...”
(27 ਜੁਲਾਈ 2026)
ਪਿਛਲੇ ਕੁਝ ਸਾਲਾਂ ਵਿੱਚ ਦੁਨੀਆਂ ਭਰ ਵਿੱਚ ਟੈਕਨੌਲੋਜੀ ਨੇ ਸਿੱਖਿਆ, ਸੂਚਨਾ ਅਤੇ ਸੰਚਾਰ ਦੇ ਤਰੀਕਿਆਂ ਨੂੰ ਬਿਲਕੁਲ ਹੀ ਬਦਲ ਦਿੱਤਾ ਹੈ। ਕੋਵਿਡ-19 ਮਹਾਂਮਾਰੀ ਦੇ ਦੌਰਾਨ ਜਦੋਂ ਸਾਰੀਆਂ ਸੰਸਥਾਵਾਂ ਬੰਦ ਹੋ ਗਈਆਂ ਸਨ ਤਾਂ ਸਿੱਖਿਆ ਦਾ ਇੱਕੋ ਇੱਕ ਤਰੀਕਾ ਆਨਲਾਈਨ ਵਿਧੀ ਰਾਹੀਂ ਪੜ੍ਹਾਈ ਅਗਲੀ ਲਾਈਨ ਵਿੱਚ ਆ ਖੜ੍ਹੀ ਹੋਈ। ਸਿੱਖਿਆ ਦੇ ਇਸ ਨਵੇਂ ਮਾਡਲ ਨੇ ਵਿਦਿਆਰਥੀਆਂ ਨੂੰ ਸਿੱਖਣ ਲਈ ਵਰਤੋਂਯੋਗ ਢੰਗ ਪ੍ਰਦਾਨ ਕੀਤੇ, ਪਰ ਇਸਦੇ ਨਕਰਾਤਮਕ ਪ੍ਰਭਾਵ ਵੀ ਦੇਖਣ ਨੂੰ ਸਾਹਮਣੇ ਆਏ। ਇਸ ਮੌਕੇ ’ਤੇ ਸੋਸ਼ਲ ਮੀਡੀਆ ਦੀ ਵਧ ਰਹੀ ਲੋਕਪ੍ਰਿਯਤਾ ਨੇ ਵੀ ਵਿਦਿਆਰਥੀਆਂ ਲਈ ਇੱਕ ਨਵੇਂ ਯੁਗ ਦੀ ਸ਼ੁਰੂਆਤ ਕੀਤੀ। ਜਿੱਥੇ ਇਹ ਪਲੇਟਫਾਰਮ ਜਾਣਕਾਰੀ ਸਾਂਝੀ ਕਰਨ ਅਤੇ ਵਿਸ਼ਵ ਪੱਧਰੇ ਤਜਰਬੇ ਸਾਂਝੇ ਕਰਨ ਵਿੱਚ ਮਦਦਗਾਰ ਸਾਬਤ ਹੋਏ ਹਨ, ਉੱਥੇ ਹੀ ਇਨ੍ਹਾਂ ਦੀ ਜ਼ਰੂਰਤ ਤੋਂ ਵੱਧ ਵਰਤੋਂ ਇੱਕ ਮਾਨਸਿਕ ਸਿਹਤ ਸਮੱਸਿਆ ਵਜੋਂ ਵੀ ਸਾਹਮਣੇ ਆਈ ਹੈ। ਆਨਲਾਈਨ ਪੜ੍ਹਾਈ ਅਤੇ ਸੋਸ਼ਲ ਮੀਡੀਆ ਨੇ ਵਿਦਿਆਰਥੀਆਂ ਦੀ ਰੁਜ਼ਾਨਾ ਜ਼ਿੰਦਗੀ ਵਿੱਚ ਵੱਡੇ ਬਦਲਾਅ ਲਿਆਉਣ ਦੇ ਨਾਲ-ਨਾਲ ਉਹਨਾਂ ਦੇ ਮਾਨਸਿਕ ਵਿਕਾਸ ਉੱਤੇ ਵੀ ਪ੍ਰਭਾਵ ਪਾਇਆ ਹੈ। ਇਸਦੀ ਜਾਂਚ ਪਰਖ ਕਰਨ ਅਤੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਬਚਾਉਣ ਲਈ ਹੱਲ ਲੱਭਣ ਦੀ ਲੋੜ ਪਹਿਲਾਂ ਨਾਲੋਂ ਵੱਧ ਮਹਿਸੂਸ ਹੋ ਰਹੀ ਹੈ। ਇਸ ਲਈ ਆਨਲਾਈਨ ਪੜ੍ਹਾਈ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵਾਂ ਨੂੰ ਗਹਿਰਾਈ ਨਾਲ ਸਮਝਣ ਅਤੇ ਵਿਚਾਰਨ ਦੀ ਲੋੜ ਹੈ।
ਆਨਲਾਈਨ ਪੜ੍ਹਾਈ ਦਾ ਮਕਸਦ ਸਿੱਖਿਆ ਨੂੰ ਸਭ ਤਕ ਪਹੁੰਚਣਯੋਗ ਬਣਾਉਣਾ ਸੀ, ਪਰ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿੱਚ, ਜਿੱਥੇ ਮੁਢੱਲੀਆਂ ਸਹੂਲਤਾਂ ਜਿਵੇਂ ਕਿ ਮੋਬਾਇਲ, ਲੈਪਟਾਪ ਕੰਪਿਊਟਰ, ਟੈਬਲੇਟ ਅਤਿਆਦੀ ਅਤੇ ਇੰਟਰਨੈੱਟ ਦੀ ਪਹੁੰਚ ਹਰ ਕੋਈ ਨਹੀਂ ਰੱਖਦਾ, ਉਦੋਂ ਆਨਲਾਈਨ ਪੜ੍ਹਾਈ ਦੀਆਂ ਚੁਣੌਤੀਆਂ ਜ਼ਿਆਦਾ ਗੰਭੀਰ ਹੋ ਜਾਂਦੀਆਂ ਹਨ। 2021 ਦੇ ਅਧਿਐਨ ਮੁਤਾਬਿਕ ਭਾਰਤ ਦੇ 40% ਵਿਦਿਆਰਥੀਆਂ ਕੋਲ ਆਨਲਾਈਨ ਪੜ੍ਹਾਈ ਲਈ ਮੁਢਲਾ ਸਾਜ਼ੋ ਸਾਮਾਨ ਅਤੇ ਬੁਨਿਆਦੀ ਢਾਂਚਾ ਨਹੀਂ ਸੀ। ਇਸ ਤੋਂ ਇਲਾਵਾ ਲੰਬੇ ਸਮੇਂ ਤਕ ਸਕਰੀਨ ਦੇ ਸਾਹਮਣੇ ਬੈਠਣਾ ਸਿਰਫ ਸਰੀਰਕ ਸਮੱਸਿਆਵਾਂ (ਜਿਵੇਂ ਅੱਖਾਂ ਦੀ ਥਕਾਵਟ) ਹੀ ਨਹੀਂ, ਸਗੋਂ ਮਾਨਸਿਕ ਸਿਹਤ ਸਮੱਸਿਆਵਾਂ ਦਾ ਵੀ ਕਾਰਨ ਬਣਿਆ। ਇਸ ਤਰ੍ਹਾਂ ਦੀ ਪੜ੍ਹਾਈ ਵਿੱਚ ਸਿੱਖਿਆ ਦੇ ਰੂਪਕ ਬਹੁਤ ਹੀ ਇਕੱਲਾਪਨ ਦਾ ਅਹਿਸਾਸ ਕਰਾਉਂਦੇ ਹਨ, ਜਿੱਥੇ ਸਹਿਯੋਗ ਦੀ ਕਮੀ ਅਤੇ ਸਮੂਹਿਕ ਅਨੁਭਵਾਂ ਦੀ ਘਾਟ ਹੋਣ ਕਰਕੇ ਵਿਦਿਆਰਥੀ ਤਣਾਅ ਅਤੇ ਘਬਰਾਹਟ ਮਹਿਸੂਸ ਕਰਦੇ ਹਨ।
ਕੋਵਿਡ-19 ਮਹਾਂਮਾਰੀ ਦੌਰਾਨ ਆਨਲਾਈਨ ਸਿੱਖਿਆ ਦੇ ਬਦਲ ਵਜੋਂ ਕਈ ਪਿੰਡਾਂ ਵਿੱਚ ਵਿਦਿਆਰਥੀਆਂ ਨੇ ਰੇਡੀਓ ਅਤੇ ਟੀਵੀ ਵਰਗੇ ਪੁਰਾਣੇ ਮੀਡੀਆ ਦੀ ਵਰਤੋਂ ਕੀਤੀ। ਇਹ ਢੰਗ ਆਨਲਾਈਨ ਸਿੱਖਿਆ ਦੇ ਅਸਲ ਮਾਪਦੰਡਾਂ ਦੇ ਨਾਲ ਮੇਲ ਨਹੀਂ ਖਾਂਦਾ। ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਲਈ ਸਿੱਖਿਆ ਸੰਸਥਾਵਾਂ ਵੱਲੋਂ ਢੁਕਵੇਂ ਉਪਰਾਲੇ ਨਹੀਂ ਕੀਤੇ ਗਏ। ਇਸਦਾ ਨਤੀਜਾ ਇਹ ਹੋਇਆ ਕਿ ਮੋਟੇ ਤੌਰ ’ਤੇ ਵਿਦਿਆਰਥੀਆਂ ਨੇ ਇਸ ਦੌਰਾਨ ਮਾਨਸਿਕ ਚੁਣੌਤੀਆਂ ਦਾ ਸਾਹਮਣਾ ਕੀਤਾ। ਇਨ੍ਹਾਂ ਹਾਲਾਤ ਨੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ ਨੂੰ ਸਪਸ਼ਟ ਕੀਤਾ।
ਸੋਸ਼ਲ ਮੀਡੀਆ ਨੇ ਜਿੱਥੇ ਵਿਦਿਆਰਥੀਆਂ ਲਈ ਸਿੱਖਣ ਅਤੇ ਅਨੁਭਵ ਸਾਂਝੇ ਕਰਨ ਦੇ ਨਵੇਂ ਰਸਤੇ ਖੋਲ੍ਹੇ ਹਨ, ਉੱਥੇ ਇਸਦੀਆਂ ਨਕਾਰਾਤਮਕ ਛਾਵਾਂ ਵੀ ਵਧ ਰਹੀਆਂ ਹਨ। ਵਿਦਿਆਰਥੀ ਸੋਸ਼ਲ ਮੀਡੀਆ ਦੇ ਬੇਹੱਦ ਇਸਤੇਮਾਲ ਕਾਰਨ ਸਮੇਂ ਦਾ ਸਦਉਪਯੋਗ ਕਰਨ ਵਿੱਚ ਅਕਸਰ ਅਸਫਲ ਰਹਿੰਦੇ ਹਨ। ਇਸਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਵਿਦਿਆਰਥੀ ਸੋਸ਼ਲ ਮੀਡੀਆ ਉੱਪਰ ਵੇਖੇ ਜਾਣ ਵਾਲੇ “ਕਾਮਜ਼ਾਬ ਲੋਕਾਂ ਦੀਆਂ ਸਫਲ ਜੀਵਨੀਆਂ” ਨਾਲ ਆਪਣੇ ਆਪ ਦਾ ਮੁਕਾਬਲਾ ਕਰਦੇ ਹਨ। ਇਨ੍ਹਾਂ ਪਲੇਟਫਾਰਮਾਂ ਨੇ ਵਿਦਿਆਰਥੀਆਂ ਵਿੱਚ ਖੁਦ-ਸੰਦੇਹ ਅਤੇ ਅਸੰਤੋਖ ਪੈਦਾ ਕੀਤਾ ਹੈ। ਇੱਕ ਅਧਿਐਨ ਮੁਤਾਬਿਕ 70% ਵਿਦਿਆਰਥੀ, ਜੋ ਦਿਨ ਵਿੱਚ 3-4 ਘੰਟੇ ਸੋਸ਼ਲ ਮੀਡੀਆ ਉੱਤੇ ਗੁਜ਼ਾਰਦੇ ਹਨ, ਉਹਨਾਂ ਨੂੰ ਡਿਪ੍ਰੈਸ਼ਨ ਅਤੇ ਤਣਾਅ ਵਧੇਰੇ ਮਹਿਸੂਸ ਹੁੰਦਾ ਹੈ।
ਉਦਾਹਰਨ ਲਈ, ਯੂਟਿਊਬ ਅਤੇ ਇੰਸਟਾਗ੍ਰਾਮ ਜਿਹੇ ਪਲੇਟਫਾਰਮਾਂ ਨੇ ਜਾਣਕਾਰੀ ਪ੍ਰਦਾਨ ਕਰਨ ਦੇ ਨਵੇਂ ਮੌਕੇ ਤਾਂ ਦਿੱਤੇ ਪਰ ਇਹ ਅਕਸਰ ਲੋੜ ਤੋਂ ਵੱਧ ਪ੍ਰਤੀਯੋਗਿਤਾ ਦਾ ਮਾਹੌਲ ਪੈਦਾ ਕਰਦੇ ਹਨ। ਵਿਦਿਆਰਥੀ ਆਪਣੇ ਸਾਥੀਆਂ ਨਾਲ ਮੁਕਾਬਲਾ ਕਰਨ ਦੀ ਲੋੜ ਮਹਿਸੂਸ ਕਰਦੇ ਹਨ, ਜੋ ਤਣਾਅ ਵਧਾਉਂਦਾ ਹੈ। ਇਸ ਤੋਂ ਇਲਾਵਾ ਪੜ੍ਹਾਈ ਦੇ ਸਮੇਂ ’ਤੇ ਵੀ ਸੋਸ਼ਲ ਮੀਡੀਆ ਉੱਤੇ ਧਿਆਨ ਰੱਖਣਾ ਇੱਕ ਵੱਡੀ ਸਮੱਸਿਆ ਬਣ ਜਾਂਦਾ ਹੈ। ਸੱਚ ਇਹ ਹੈ ਕਿ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣਾ ਅੱਜ ਦੀ ਸਭ ਤੋਂ ਵੱਡੀ ਲੋੜ ਹੈ।
ਆਨਲਾਈਨ ਪੜ੍ਹਾਈ ਅਤੇ ਸੋਸ਼ਲ ਮੀਡੀਆ ਦੇ ਮਾਨਸਿਕ ਸਿਹਤ ’ਤੇ ਪ੍ਰਭਾਵ ਘਟਾਉਣ ਲਈ ਕੁਝ ਹੋਰ ਢੰਗ ਅਪਣਾਏ ਜਾ ਸਕਦੇ ਹਨ। ਪਹਿਲਾ, ਵਿਦਿਆਰਥੀਆਂ ਲਈ ਵਿਸ਼ੇਸ਼ “ਡਿਜਿਟਲ ਤੰਦਰੁਸਤੀ ਪ੍ਰੋਗਰਾਮ” ਲਾਗੂ ਕਰਨਾ ਚਾਹੀਦਾ ਹੈ, ਜਿਸ ਵਿੱਚ ਸਕ੍ਰੀਨ ਟਾਈਮ ਮੈਨੇਜਮੈਂਟ, ਧਿਆਨ, ਅਤੇ ਮਾਨਸਿਕ ਤੰਦਰੁਸਤੀ ਵਰਗੇ ਪਹਿਲੂ ਸਮਝਾਏ ਜਾਣ। ਦੂਜਾ, ਅਧਿਆਪਕਾਂ ਅਤੇ ਮਾਤਾ-ਪਿਤਾ ਨੂੰ ਮਿਲ ਕੇ ਵਿਦਿਆਰਥੀਆਂ ਨੂੰ ਸਿਹਤਮੰਦ ਆਨਲਾਈਨ ਆਦਤਾਂ ਸਿਖਾਣੀਆਂ ਚਾਹੀਦੀਆਂ ਹਨ, ਜਿਵੇਂ ਕਿ ਸਮਾਂ-ਸਾਰਣੀ ਅਨੁਸਾਰ ਕੰਮ ਕਰਨਾ। ਇਸ ਤੋਂ ਇਲਾਵਾ, ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਸੁਰੱਖਿਅਤ ਅਤੇ ਸੰਵੇਦਨਸ਼ੀਲ ਸਮਗਰੀ ਮੁਹਈਆ ਕਰਨ ਲਈ ਉੱਨਤੀ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ। ਸਿੱਖਿਆ ਸੰਸਥਾਵਾਂ ਨੂੰ ਵੀ ਵਿਦਿਆਰਥੀਆਂ ਲਈ ਸਲਾਹ (ਕੌਂਸਲਿੰਗ) ਸੇਵਾਵਾਂ ਦੀ ਪਹੁੰਚ ਅਸਾਨ ਬਣਾਉਣੀ ਚਾਹੀਦੀ ਹੈ, ਜਿਸ ਨਾਲ ਉਹ ਆਪਣੀਆਂ ਚਿੰਤਾਵਾਂ ਅਤੇ ਸੰਘਰਸ਼ ਨੂੰ ਸਾਂਝਾ ਕਰ ਸਕਣ।
ਸਿੱਖਿਆ ਅਤੇ ਸੋਸ਼ਲ ਮੀਡੀਆ ਨੂੰ ਸੰਤੁਲਿਤ ਰੂਪ ਵਿੱਚ ਵਰਤਣਾ ਹੀ ਮਾਨਸਿਕ ਸਿਹਤ ਨੂੰ ਸੁਧਾਰਨ ਦਾ ਰਸਤਾ ਹੈ। ਭਾਰਤ ਵਰਗੇ ਦੇਸ ਵਿੱਚ ਜਿੱਥੇ ਡਿਜਿਟਲ ਬੁਨਿਆਦੀ ਢਾਂਚਾ ਹਾਲੇ ਵੀ ਵਿਕਾਸਆਧੀਨ ਹੈ, ਇਸ ਨੂੰ ਜਲਦੀ ਮਜ਼ਬੂਤ ਕਰਨ ਲਈ ਆਰਥਿਕ ਅਤੇ ਸਾਮਾਜਿਕ ਸਮਰਥਨ ਦੀ ਲੋੜ ਹੈ। ਆਨਲਾਈਨ ਪੜ੍ਹਾਈ ਅਤੇ ਸੋਸ਼ਲ ਮੀਡੀਆ, ਦੋਹਾਂ ਨੂੰ ਜ਼ਿੰਦਗੀ ਦੀਆਂ ਆਵੱਸ਼ਕਤਾਵਾਂ ਦੇ ਰੂਪ ਵਿੱਚ ਸਮਝ ਕੇ ਵਰਤਿਆ ਜਾਵੇ ਤਾਂ ਇਹ ਵਿਦਿਆਰਥੀਆਂ ਦੇ ਜੀਵਨ ਨੂੰ ਡਗਮਗਾਉਣ ਵਾਲਾ ਨਹੀਂ ਬਣਨ ਦੇਵੇਗਾ। ਮਾਪਦੰਡ ਤੈਅ ਕਰਨ ਅਤੇ ਸਹੀ ਜੁੜਾਅ ਦੇ ਨਾਲ ਇਹ ਸਾਧਨ ਵਿਦਿਆਰਥੀਆਂ ਨੂੰ ਸਿਰਫ ਅਧੂਰਾ ਨਹੀਂ, ਸਗੋਂ ਸੰਪੂਰਨ ਵਿਕਾਸ ਪ੍ਰਦਾਨ ਕਰ ਸਕਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)
























































































































