“ਸਾਡੀਆਂ ਸਰਕਾਰਾਂ ਨੂੰ ਇਨ੍ਹਾਂ ਖਾਲੀ ਹੋ ਰਹੇ ਆਲ੍ਹਣਿਆਂ ਵੱਲ ਧਿਆਨ ਦੇਣਾ ...”
(14 ਮਾਰਚ 2026)
ਉਸ ਦਿਨ ਛੁੱਟੀ ਹੋਣ ਕਾਰਨ ਮੈਂ ਘਰ ਦੇ ਪਿਛਲੇ ਵਿਹੜੇ ਵਿੱਚ ਬੈਠਾ ਅਖਬਾਰ ਪੜ੍ਹ ਰਿਹਾ ਸੀ। ਅਚਾਨਕ ਘਰਵਾਲੀ ਦੀ ਅੰਦਰੋਂ ਆਵਾਜ਼ ਆਈ, “ਸੁਣੋ ਜੀ, ਏ.ਸੀ. ਵਾਲੇ ਨੂੰ ਫੋਨ ਕਰ ਦਿਉ, ਅੱਜ ਸਾਰੇ ਏਸੀਆਂ ਦੀ ਸਰਵਿਸ ਕਰਵਾ ਲਈਏ। ਗਰਮੀ ਵਧ ਰਹੀ ਹੈ, ਤੇ ਕਦੇ ਵੀ ਏ.ਸੀ. ਚਲਾਉਣ ਦੀ ਲੋੜ ਪੈ ਸਕਦੀ ਹੈ।” ਇਹ ਸੁਣਦੇ ਹੀ ਮੈਨੂੰ ਧਿਆਨ ਆਇਆ ਕਿ ਸਾਡੇ ਏ.ਸੀ. ਦੇ ਬਾਹਰ ਵਾਲੇ ਪੱਖੇ ਦੇ ਪਿੱਛੇ ਤਾਂ ਘੁੱਗੀਆਂ ਨੇ ਆਲ੍ਹਣਾ ਬਣਾਇਆ ਹੋਇਆ ਹੈ, ਜੋ ਕਿ ਪਿਛਲੇ ਦੋ-ਢਾਈ ਮਹੀਨਿਆਂ ਤੋਂ ਉੱਥੇ ਹੈ। ਮੈਂ ਘੁੱਗੀ ਵੀ ਉਸ ਆਲ੍ਹਣੇ ਵਿੱਚ ਬੈਠੀ ਦੇਖੀ ਸੀ। ਪਿਛਲੇ ਚਾਰ ਪੰਜ ਸਾਲਾਂ ਤੋਂ ਇਹ ਜੋੜਾ ਹਰ ਸਾਲ ਸਾਡੇ ਘਰੇ ਇਸੇ ਟਿਕਾਣੇ ’ਤੇ ਆਕੇ ਆਲ੍ਹਣਾ ਬਣਾਉਂਦਾ ਹੈ ਅਤੇ ਅਸੀਂ ਵੀ ਜਦੋਂ ਤਕ ਬੱਚੇ ਉਡਣ ਨਹੀਂ ਲੱਗ ਜਾਂਦੇ, ਉਹਨਾਂ ਦਾ ਪੂਰਾ ਖਿਆਲ ਰੱਖਦੇ ਹਾਂ।
ਇਹ ਸੋਚਾਂ ਸੋਚਦੇ ਹੀ ਮੈਂ ਕੁਝ ਪੁਰਾਣੇ ਖਿਆਲਾਂ ਵਿੱਚ ਖੋ ਗਿਆ ਅਤੇ ਆਪਣੇ ਪਿੰਡ ਵਿੱਚ ਗੁਜ਼ਾਰੇ ਬਚਪਨ ਬਾਰੇ ਸੋਚਣ ਲੱਗ ਪਿਆ। ਕਿਵੇਂ ਅਸੀਂ ਸਾਰੇ (ਪੂਰਾ ਕੋੜਮਾ) ਤਾਏ-ਤਾਈਆਂ, ਚਾਚੇ-ਚਾਚੀਆਂ ਅਤੇ ਉਹਨਾਂ ਦੇ ਬੱਚੇ ਇਕੱਠੇ ਰਹਿੰਦੇ ਸੀ। ਸਾਡੇ ਬਾਬੇ (ਦਾਦਾ ਜੀ) ਦਾ ਪਰਿਵਾਰ ’ਤੇ ਪੂਰਾ ਰੋਹਬ ਹੁੰਦਾ ਸੀ। ਸਾਰੇ ਬੱਚੇ ਬਾਬਾ ਜੀ ਦੇ ਖੂੰਡੇ ਤੋਂ ਡਰਦੇ ਸਨ। ਕੋਈ ਵੀ ਉਹਨਾਂ ਦੀ ਗੱਲ ਨੂੰ ਨਾਂਹ ਨਹੀਂ ਸੀ ਕਹਿੰਦਾ। ਉਹਨਾਂ ਨੇ ਪਰਿਵਾਰ ਨੂੰ ਜੋੜਕੇ ਵੀ ਰੱਖਿਆ ਹੋਇਆ ਸੀ। ਸਮਾਂ ਬੀਤਣ ਨਾਲ ਬਾਬਾ ਜੀ ਦਾ ਸਰੀਰ ਅਤੇ ਨਿਗ੍ਹਾ ਵੀ ਕਮਜ਼ੋਰ ਹੋ ਗਈ ਸੀ। ਬਾਪੂ ਜੀ (ਪਿਤਾ ਜੀ) ਨੇ ਸਾਡੇ ਤਿੰਨੋ ਭੈਣ-ਭਰਾਵਾਂ ਦੀ ਪੜ੍ਹਾਈ ਅਤੇ ਚੰਗੇ ਭਵਿੱਖ ਨੂੰ ਦੇਖਦੇ ਹੋਏ ਸਾਨੂੰ ਪਿੰਡ ਤੋਂ ਪਟਿਆਲੇ ਸ਼ਹਿਰ ਰਹਿਣ ਲਈ ਲਿਆਂਦਾ। ਪਰ ਪਿੰਡ ਨਾਲੋਂ ਮੋਹ ਨਾ ਟੁੱਟਿਆ ਅਤੇ ਪਿੰਡ ਅਕਸਰ ਹਰ ਦੁੱਖ-ਸੁਖ ਵਿੱਚ ਆਉਣਾ-ਜਾਣਾ ਬਣਿਆ ਰਹਿੰਦਾ।
ਮੈਨੂੰ ਪੜ੍ਹਾਈ ਕਾਰਨ ਘਰੋਂ ਦੂਰ ਲੌਂਗੋਵਾਲ ਹੋਸਟਲ ਵਿੱਚ ਜਾਣਾ ਪਿਆ। ਪੜ੍ਹਾਈ ਪੂਰੀ ਕਰਦੇ ਹੀ ਮੇਰੀ ਨੌਕਰੀ ਲੱਗ ਗਈ ਅਤੇ ਫਿਰ ਸਮੇਂ ਨਾਲ ਵਿਆਹ ਹੋ ਗਿਆ। ਅਸੀਂ ਦੋਨੋਂ ਮੀਆਂ-ਬੀਵੀ ਨੌਕਰੀ ਵਿੱਚ ਹੋਣ ਕਾਰਨ ਆਪਣੇ ਸ਼ਹਿਰ ਵਾਲੇ ਘਰ ਤੋਂ ਹੀ ਰੋਜ਼ਾਨਾ ਡਿਊਟੀ ’ਤੇ ਆਉਣਾ-ਜਾਣਾ ਹੁੰਦਾ ਸੀ। ਘਰ ਸ਼ਹਿਰ ਦੇ ਬਿਲਕੁਲ ਵਿੱਚੋ ਵਿੱਚ ਮੇਨ ਬਜ਼ਾਰ ਵਿੱਚ ਸੀ, ਜਿੱਥੋਂ ਰੋਜ਼ਾਨਾ ਆਉਣ-ਜਾਣ ਵਿੱਚ ਮੁਸ਼ਕਿਲ ਹੁੰਦੀ ਸੀ। ਬਾਪੂ ਜੀ ਅਤੇ ਘਰ ਦੇ ਬਾਕੀ ਮੈਂਬਰ ਸਾਹਿਬਾਨਾਂ ਨਾਲ ਸਲਾਹ ਕਰਕੇ ਮੁਸ਼ਕਿਲਾਂ ਤੋਂ ਨਜਾਤ ਪਾਉਣ ਲਈ ਸ਼ਹਿਰ ਦੀ ਭੀੜ ਭਾੜ ਤੋਂ ਦੂਰ ਅਰਬਨ ਅਸਟੇਟ ਪਟਿਆਲਾ ਵਿੱਚ ਆਪਣਾ ਘਰ ਬਣਾ ਲਿਆ। ਪਰ ਮੋਹ ਦੀਆਂ ਤੰਦਾਂ ਹੋਰ ਵਧ ਗਈਆਂ। ਪਿੰਡ ਵੀ ਜਾਣਾ ਅਤੇ ਆਪਣੇ ਪੁਰਾਣੇ ਮੇਨ ਬਜ਼ਾਰ ਵਾਲੇ ਘਰੇ ਵੀ ਜਾਣਾ।
ਪਤਾ ਨਹੀਂ ਪੁਰਾਣੇ ਸਮਿਆਂ ਵਿੱਚ ਕਿਵੇਂ ਕਿੰਨੀਆਂ ਹੀ ਪੀੜ੍ਹੀਆਂ ਇੱਕੋ ਘਰ ਵਿੱਚ ਆਪਣਾ ਸਮਾਂ ਗੁਜ਼ਾਰ ਦਿੰਦੀਆਂ ਸਨ ਪਰ ਹੁਣ ਆਵਾਜਾਈ ਅਤੇ ਸੰਚਾਰ ਦੇ ਬਿਹਤਰੀਨ ਸਾਧਨਾਂ ਦੇ ਬਾਵਜੂਦ ਵੀ ਹਰ ਇੱਕ ਨੂੰ ਆਪਣਾ ਨਵਾਂ ਆਸ਼ੀਆਨਾ ਚਾਹੀਦਾ ਹੈ। ਪਿੰਡ ਵਿੱਚ ਵੀ ਹੁਣ ਹਰ ਘਰ ਵਿੱਚ ਵੰਡੀਆਂ ਪੈ ਗਈਆਂ ਹਨ। ਅੱਜ ਦੇ ਦੌਰ ਵਿੱਚ ਹਰ ਇੱਕ ਬੰਦਾ ਆਪਣੀ ਜ਼ਿੰਦਗੀ ਵਿੱਚ ਤਿੰਨ ਜਾਂ ਚਾਰ ਘਰ ਬਦਲ ਲੈਂਦਾ ਹੈ, ਚਾਹੇ ਉਹ ਖੁਸ਼ੀ ਨਾਲ ਬਦਲੇ ਜਾਂ ਫਿਰ ਮਜਬੂਰੀ ਜਾਂ ਉਹ ਨੌਕਰੀ ਕਾਰਨ ਜਾਂ ਬਿਹਤਰ ਭਵਿੱਖ ਕਾਰਨ।
ਪੰਜਾਬ ਵਿੱਚੋਂ ਨੌਜਵਾਨੀ ਦਾ ਪ੍ਰਵਾਸ ਦੇਖਦਿਆਂ ਸਾਨੂੰ ਆਪਣੀ ਹਾਲਤ ਵੀ ਉਸ ਘੁੱਗੀ ਵਰਗੀ ਹੋ ਗਈ ਜਾਪਦੀ ਹੈ। ਜਦੋਂ ਹੀ ਸਾਡੇ ਬੱਚਿਆਂ ਦੇ ਖੰਭ ਨਿੱਕਲਦੇ ਹਨ, ਉਹ ਪ੍ਰਦੇਸਾਂ ਦੀ ਉਡਾਰੀ ਮਾਰ ਜਾਂਦੇ ਹਨ। ਮੁੜ ਉਸ ਆਲ੍ਹਣੇ ਵਿੱਚ ਨਹੀਂ ਪਰਤਦੇ। ਸਾਡੇ ਆਲ੍ਹਣੇ ਵੀ ਹੁਣ ਖਾਲੀ ਹੁੰਦੇ ਜਾ ਰਹੇ ਹਨ। ਅਸੀਂ ਕੂੰਜਾਂ (ਮਈਗ੍ਰੈਟਰੀ ਬ੍ਰਡਜ਼) ਨੂੰ ਸਾਡੇ ਦੇਸ ਵਿੱਚ ਆਉਂਦਿਆਂ ਦੇਖਦੇ ਹਾਂ, ਉਹ ਵੀ ਮੌਸਮ ਬਦਲਦੇ ਹੀ ਸਮਾਂ ਪੂਰਾ ਕਰਕੇ ਆਪਣੇ ਦੇਸ ਪਰਤ ਜਾਂਦੀਆਂ ਹਨ ਪਰ ਸਾਡੇ ਬੱਚੇ ਇੱਕ ਵਾਰ ਵਿਦੇਸ਼ ਉਡੇ ਫਿਰ ਨਹੀਂ ਪਰਤਦੇ। ਇਸੇ ਲਈ ਬਹੁਤੇ ਘਰ ਵਿਰਾਨ ਹੋ ਗਏ ਹਨ। ਸਾਡੀਆਂ ਸਰਕਾਰਾਂ ਨੂੰ ਇਨ੍ਹਾਂ ਖਾਲੀ ਹੋ ਰਹੇ ਆਲ੍ਹਣਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਚੰਗੇ ਰੋਜ਼ਗਾਰ ਦੇ ਢੁਕਵੇਂ ਪ੍ਰਬੰਧ ਅਤੇ ਚੰਗਾ ਮਾਹੌਲ ਬਣਾਕੇ ਪੰਜਾਬ ਵਿੱਚੋਂ ਹੋ ਰਹੇ ਪ੍ਰਵਾਸ ਨੂੰ ਘਟਾਉਣਾ ਚਾਹੀਦਾ ਹੈ ਅਤੇ ਇਨ੍ਹਾਂ ਘਰਾਂ ਨੂੰ ਵੀਰਾਨ ਹੋਣ ਤੋਂ ਬਚਾਉਣਾ ਲਈ ਚੰਗੀਆਂ ਨੀਅਤਾਂ ਨਾਲ ਉਪਰਾਲੇ ਕਰਨੇ ਚਾਹੀਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































