“ਲੋੜ ਇਸ ਗੱਲ ਦੀ ਹੈ ਕਿ ਅਸੀਂ ਹਰ ਸ਼ਬਦ ਦੀ ਆਪਣੀ ਪਛਾਣ ਅਤੇ ਉਸਦੇ ...”
(2 ਸਤੰਬਰ 2026)
ਭਾਸ਼ਾ ਸਿਰਫ ਗੱਲ ਕਰਨ ਜਾਂ ਆਪਣੇ ਵਿਚਾਰ ਦੱਸਣ ਦਾ ਸਾਧਨ ਨਹੀਂ ਹੁੰਦੀ, ਇਹ ਕਿਸੇ ਸਮਾਜ ਦੇ ਇਤਿਹਾਸ, ਸੱਭਿਆਚਾਰ, ਸੋਚ ਅਤੇ ਜੀਵਨ ਢੰਗ ਨੂੰ ਵੀ ਦਰਸਾਉਂਦੀ ਹੈ। ਪੰਜਾਬੀ ਭਾਸ਼ਾ ਬਹੁਤ ਹੀ ਅਮੀਰ ਅਤੇ ਪੁਰਾਤਨ ਭਾਸ਼ਾ ਹੈ। ਇਹ ਸਦੀਆਂ ਦੇ ਸਫਰ ਦੌਰਾਨ ਵਿਕਸਿਤ ਹੋਈ ਹੈ ਅਤੇ ਇਸ ਵਿੱਚ ਸੰਸਕ੍ਰਿਤ, ਫਾਰਸੀ, ਅਰਬੀ ਅਤੇ ਉਰਦੂ ਵਰਗੀਆਂ ਕਈ ਭਾਸ਼ਾਵਾਂ ਦੇ ਸ਼ਬਦ ਰਲਦੇ ਗਏ ਹਨ। ਅੱਜ ਇਹ ਸਾਰੇ ਸ਼ਬਦ ਪੰਜਾਬੀ ਦਾ ਹਿੱਸਾ ਬਣ ਚੁੱਕੇ ਹਨ, ਪਰ ਹਰ ਸ਼ਬਦ ਦਾ ਆਪਣਾ ਅਰਥ ਅਤੇ ਸੰਦਰਭ ਹੁੰਦਾ ਹੈ। ਇਸ ਲਈ ਕਿਸੇ ਵੀ ਸ਼ਬਦ ਦੀ ਸਹੀ ਵਰਤੋਂ ਕਰਨ ਲਈ ਉਸਦਾ ਅਰਥ ਅਤੇ ਸੰਦਰਭ ਸਮਝਣਾ ਬਹੁਤ ਜ਼ਰੂਰੀ ਹੈ।
ਅਫਸੋਸ ਦੀ ਗੱਲ ਹੈ ਕਿ ਆਧੁਨਿਕ ਸਮੇਂ ਵਿੱਚ ਸੋਸ਼ਲ ਮੀਡੀਆ, ਫਿਲਮਾਂ ਅਤੇ ਰੋਜ਼ਾਨਾ ਦੀ ਬੋਲਚਾਲ ਦੇ ਪ੍ਰਭਾਵ ਕਾਰਨ ਕਈ ਸ਼ਬਦਾਂ ਦੇ ਅਸਲ ਅਰਥ ਧੁੰਦਲੇ ਪੈ ਗਏ ਹਨ। “ਪਿਆਰ”, “ਮੁਹੱਬਤ” ਅਤੇ “ਇਸ਼ਕ” ਇਸਦੀਆਂ ਸਭ ਤੋਂ ਸਪਸ਼ਟ ਉਦਾਹਰਨਾਂ ਹਨ। ਜਿੰਨੀ ਉਲਝਣ ਇਨ੍ਹਾਂ ਸ਼ਬਦਾਂ ਦੇ ਅਰਥਾਂ ਅਤੇ ਵਰਤੋਂ ਵਿੱਚ ਪੈਦਾ ਹੋਈ ਹੈ, ਉੰਨੀ ਹੀ ਉਲਝਣ ਉਨ੍ਹਾਂ ਲੋਕਾਂ ਨੂੰ ਵੀ ਹੁੰਦੀ ਹੈ ਜੋ ਇਨ੍ਹਾਂ ਨੂੰ ਹੰਢਾਉਂਦੇ ਵੀ ਹਨ। ਅੱਜ ਇਹ ਤਿੰਨੇ ਸ਼ਬਦ ਅਕਸਰ ਇੱਕੋ ਅਰਥ ਵਿੱਚ ਵਰਤੇ ਜਾਂਦੇ ਹਨ, ਜਿਵੇਂ ਇਨ੍ਹਾਂ ਵਿੱਚ ਕੋਈ ਅੰਤਰ ਹੀ ਨਾ ਹੋਵੇ। ਇਸ ਕਾਰਨ ਨਾ ਸਿਰਫ ਸ਼ਬਦਾਂ ਦੀ ਅਸਲ ਪਛਾਣ ਮਿਟਦੀ ਜਾ ਰਹੀ ਹੈ, ਸਗੋਂ ਭਾਸ਼ਾ ਦੀ ਸੂਖਮਤਾ, ਭਾਵਾਂ ਦੀ ਡੁੰਘਾਈ ਅਤੇ ਸਾਹਿਤਕ ਸੁੰਦਰਤਾ ਵੀ ਪ੍ਰਭਾਵਿਤ ਹੋ ਰਹੀ ਹੈ। ਅਸਲ ਵਿੱਚ ਸ਼ਬਦ ਸਿਰਫ ਬੋਲਣ ਲਈ ਨਹੀਂ ਹੁੰਦੇ; ਹਰ ਸ਼ਬਦ ਆਪਣੇ ਨਾਲ ਇੱਕ ਇਤਿਹਾਸ, ਇੱਕ ਸੱਭਿਆਚਾਰ ਅਤੇ ਇੱਕ ਵਿਲੱਖਣ ਭਾਵ ਲੈ ਕੇ ਚਲਦਾ ਹੈ। ਜਦੋਂ ਅਸੀਂ ਉਸਦੀ ਵਰਤੋਂ ਉਸਦੇ ਸਹੀ ਸੰਦਰਭ ਤੋਂ ਬਿਨਾਂ ਕਰਦੇ ਹਾਂ ਤਾਂ ਸ਼ਬਦ ਦਾ ਅਸਲ ਮਤਲਬ ਵੀ ਗੁੰਮ ਹੋ ਜਾਂਦਾ ਹੈ।
ਮੇਰੀ ਸਮਝ ਅਨੁਸਾਰ ਪਿਆਰ ਸਭ ਤੋਂ ਵਿਸ਼ਾਲ ਅਤੇ ਪਵਿੱਤਰ ਭਾਵਨਾ ਹੈ। ਇਹ ਕਿਸੇ ਇੱਕ ਰਿਸ਼ਤੇ ਤਕ ਸੀਮਿਤ ਨਹੀਂ। ਮਨੁੱਖ ਨੂੰ ਆਪਣੇ ਮਾਤਾ-ਪਿਤਾ, ਬੱਚਿਆਂ, ਭੈਣ-ਭਰਾਵਾਂ, ਦੋਸਤਾਂ, ਕੁਦਰਤ, ਜਾਨਵਰਾਂ, ਆਪਣੀ ਮਿੱਟੀ, ਆਪਣੇ ਦੇਸ਼ ਅਤੇ ਪਰਮਾਤਮਾ ਨਾਲ ਵੀ ਪਿਆਰ ਹੋ ਸਕਦਾ ਹੈ। ਪਿਆਰ ਦਾ ਅਧਾਰ ਅਪਣੱਤ, ਸਨੇਹ, ਦਇਆ ਅਤੇ ਨਿਸ਼ਕਾਮਤਾ ਹੈ। ਇਹ ਮਨੁੱਖ ਨੂੰ ਜੋੜਦਾ ਹੈ, ਵੰਡਦਾ ਨਹੀਂ। ਇਸ ਵਿੱਚ ਅਧਿਕਾਰ ਨਾਲੋਂ ਵੱਧ ਆਪਣਾਪਣ ਹੁੰਦਾ ਹੈ ਅਤੇ ਪ੍ਰਾਪਤੀ ਨਾਲੋਂ ਵੱਧ ਭਲਾਈ ਦੀ ਭਾਵਨਾ।
ਜਦੋਂ ਇਹੀ ਪਿਆਰ ਹੋਰ ਡੂੰਘਾ ਹੋ ਜਾਂਦਾ ਹੈ ਅਤੇ ਕਿਸੇ ਵਿਅਕਤੀ ਜਾਂ ਪਰਮਾਤਮਾ ਦੀ ਖੁਸ਼ੀ, ਦੁੱਖ ਅਤੇ ਭਲਾਈ ਸਾਡੇ ਆਪਣੇ ਜੀਵਨ ਦਾ ਹਿੱਸਾ ਬਣ ਜਾਂਦੀ ਹੈ ਤਾਂ ਉਹ ਮੁਹੱਬਤ ਦਾ ਰੂਪ ਧਾਰ ਲੈਂਦਾ ਹੈ। ਮੁਹੱਬਤ ਸਿਰਫ ਇੱਕ ਭਾਵਨਾ ਨਹੀਂ, ਸਗੋਂ ਇੱਕ ਜ਼ਿੰਮੇਵਾਰੀ ਵੀ ਹੈ। ਇਸ ਵਿੱਚ ਵਫਾਦਾਰੀ, ਸਮਰਪਣ, ਭਰੋਸਾ ਅਤੇ ਤਿਆਗ ਦੀ ਮਾਤਰਾ ਵਧ ਜਾਂਦੀ ਹੈ। ਮੁਹੱਬਤ ਕੇਵਲ ਇਸਤਰੀ-ਪੁਰਸ਼ ਦੇ ਰਿਸ਼ਤੇ ਤਕ ਸੀਮਿਤ ਨਹੀਂ, ਸਗੋਂ ਹਰ ਉਸ ਰਿਸ਼ਤੇ ਵਿੱਚ ਹੋ ਸਕਦੀ ਹੈ ਜਿੱਥੇ ਦਿਲੀ ਲਗਾਅ ਅਤੇ ਸਮਰਪਣ ਮੌਜੂਦ ਹੋਵੇ।
ਇਸ਼ਕ ਦੀ ਗੱਲ ਕਰੀਏ ਤਾਂ ਸਾਹਿਤ ਇਸ ਨੂੰ ਪਿਆਰ ਦੀ ਸਭ ਤੋਂ ਤੀਬਰ ਅਵਸਥਾ ਮੰਨਦਾ ਹੈ। ਪੰਜਾਬੀ ਲੋਕ-ਕਾਵਿ ਵਿੱਚ ਹੀਰ-ਰਾਂਝਾ, ਸੱਸੀ-ਪੁੰਨੂੰ ਅਤੇ ਸੋਹਣੀ-ਮਹੀਂਵਾਲ ਇਸਦੇ ਪ੍ਰਤੀਕ ਹਨ। ਇਸ਼ਕ ਵਿੱਚ ਤੜਫ ਹੈ, ਬਿਰਹਾ ਹੈ, ਕੁਰਬਾਨੀ ਹੈ ਅਤੇ ਆਪਣੇ ਆਪ ਨੂੰ ਭੁਲਾ ਦੇਣ ਦੀ ਸਮਰੱਥਾ ਹੈ। ਲੌਕਿਕ ਜੀਵਨ ਵਿੱਚ ਇਸਦਾ ਸੰਬੰਧ ਅਕਸਰ ਇਸਤਰੀ ਅਤੇ ਪੁਰਸ਼ ਦੇ ਪ੍ਰੇਮ ਨਾਲ ਜੋੜਿਆ ਜਾਂਦਾ ਹੈ, ਪਰ ਸੂਫੀ ਸਾਹਿਤ ਇਸ ਤੋਂ ਇੱਕ ਕਦਮ ਅੱਗੇ ਜਾ ਕੇ ਇਸ਼ਕ ਨੂੰ ਪਰਮਾਤਮਾ ਨਾਲ ਮਿਲਾਪ ਦੀ ਸਭ ਤੋਂ ਉੱਚੀ ਅਵਸਥਾ ਵੀ ਮੰਨਦਾ ਹੈ। ਉਰਦੂ ਅਤੇ ਸੂਫੀ ਸਾਹਿਤ ਵਿੱਚ “ਇਸ਼ਕ-ਏ-ਮਜਾਜ਼ੀ” (ਇਨਸਾਨੀ ਪਿਆਰ) ਅਤੇ “ਇਸ਼ਕ-ਏ-ਹਕੀਕੀ” (ਰੱਬੀ ਪਿਆਰ) ਵਰਗੇ ਸ਼ਬਦ ਇਸ ਗੱਲ ਦੀ ਪੁਸ਼ਟੀ ਕਰਦੇ ਹਨ। ਇਸ ਲਈ ਇਸ਼ਕ ਨੂੰ ਕੇਵਲ ਸਰੀਰਕ ਆਕਰਸ਼ਣ ਜਾਂ ਕਾਮ-ਵਾਸਨਾ ਤਕ ਸੀਮਿਤ ਕਰ ਦੇਣਾ ਇਸਦੇ ਸਾਹਿਤਕ ਅਰਥ ਨਾਲ ਇਨਸਾਫ ਨਹੀਂ ਕਰਦਾ।
ਇਸ ਸਾਰੇ ਵਿਚਾਰ-ਵਟਾਂਦਰੇ ਦਾ ਮਤਲਬ ਇਹ ਨਹੀਂ ਕਿ ਹਰ ਵਿਅਕਤੀ ਨੂੰ ਇਹ ਸ਼ਬਦ ਇੱਕੋ ਅਰਥਾਂ ਵਿੱਚ ਹੀ ਵਰਤਣੇ ਚਾਹੀਦੇ ਹਨ। ਭਾਸ਼ਾ ਸਮੇਂ ਦੇ ਨਾਲ ਬਦਲਦੀ ਵੀ ਹੈ ਅਤੇ ਨਵੇਂ ਅਰਥ ਵੀ ਧਾਰਨ ਕਰਦੀ ਹੈ। ਪਰ ਜਦੋਂ ਅਸੀਂ ਸਾਹਿਤ, ਖੋਜ, ਪੱਤਰਕਾਰਤਾ ਜਾਂ ਗੰਭੀਰ ਲਿਖਤ ਦੀ ਗੱਲ ਕਰਦੇ ਹਾਂ ਤਾਂ ਸ਼ਬਦਾਂ ਦੇ ਮੂਲ ਅਰਥ ਅਤੇ ਉਨ੍ਹਾਂ ਦੇ ਸੰਦਰਭ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜਿੰਨੀ ਸਹੀ ਸ਼ਬਦ-ਚੋਣ ਹੋਵੇਗੀ, ਉੰਨਾ ਹੀ ਵਿਚਾਰ ਪ੍ਰਭਾਵਸ਼ਾਲੀ ਅਤੇ ਸਪਸ਼ਟ ਹੋਵੇਗਾ।
ਅੱਜ ਲੋੜ ਇਸ ਗੱਲ ਦੀ ਨਹੀਂ ਕਿ ਅਸੀਂ ਕਿਸੇ ਇੱਕ ਸ਼ਬਦ ਨੂੰ ਦੂਜੇ ਨਾਲੋਂ ਉੱਚਾ ਜਾਂ ਨੀਵਾਂ ਸਾਬਤ ਕਰੀਏ; ਲੋੜ ਇਸ ਗੱਲ ਦੀ ਹੈ ਕਿ ਅਸੀਂ ਹਰ ਸ਼ਬਦ ਦੀ ਆਪਣੀ ਪਛਾਣ ਅਤੇ ਉਸਦੇ ਭਾਵ ਦਾ ਸਤਿਕਾਰ ਕਰੀਏ। ਜੇ “ਪਿਆਰ”, “ਮੁਹੱਬਤ” ਅਤੇ “ਇਸ਼ਕ” ਨੂੰ ਉਨ੍ਹਾਂ ਦੇ ਸਹੀ ਸੰਦਰਭ ਵਿੱਚ ਸਮਝਿਆ ਅਤੇ ਵਰਤਿਆ ਜਾਵੇ ਤਾਂ ਨਾ ਸਿਰਫ ਸਾਡੀ ਭਾਸ਼ਾ ਹੋਰ ਪ੍ਰਭਾਵਸ਼ਾਲੀ ਬਣੇਗੀ, ਸਗੋਂ ਸਾਡੇ ਵਿਚਾਰਾਂ ਦੀ ਡੁੰਘਾਈ ਵੀ ਹੋਰ ਨਿੱਖਰ ਕੇ ਸਾਹਮਣੇ ਆਵੇਗੀ। ਭਾਸ਼ਾ ਦੀ ਅਸਲ ਸੁੰਦਰਤਾ ਸ਼ਬਦਾਂ ਦੀ ਗਿਣਤੀ ਵਿੱਚ ਨਹੀਂ, ਸਗੋਂ ਉਨ੍ਹਾਂ ਦੀ ਸਹੀ ਅਤੇ ਸੁਚੱਜੀ ਵਰਤੋਂ ਵਿੱਚ ਲੁਕੀ ਹੋਈ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































