“ਉਹਨਾਂ ਕੋਲੋਂ ਜਿਵੇਂ-ਕਿਵੇਂ ਬਚ ਜਾਈਦਾ ਸੀ ਤਾਂ ਅੱਗੋਂ ਸਾਂਢਾਂ ਦਾ ਝੁੰਡ ਤਿਆਰ ...”
(23 ਜੁਲਾਈ 2026)

ਰੁਜ਼ਾਨਾ ਦੀ ਤਰ੍ਹਾਂ ਅੱਜ ਵੀ ਸਵੇਰੇ ਚਾਰ ਵਜੇ ਅੱਖ ਖੁੱਲ੍ਹ ਗਈ। ਪੰਜ ਕੁ ਵਜੇ ਸਵੇਰ ਦੀ ਚਾਹ ਪੀਣ ਤੋਂ ਬਾਅਦ ਮੈਂ ਘਰ ਦੇ ਅੰਦਰ ਹੀ ਇੱਧਰ-ਉੱਧਰ ਗੇੜੇ ਕੱਢਣ ਲੱਗ ਗਿਆ। ਮੇਰੀ ਧਰਮ ਪਤਨੀ ਨੇ ਮੇਰੇ ਮੂੰਹ ਵੱਲ ਦੇਖਦਿਆਂ ਆਖਿਆ, “ਕੀ ਗੱਲ, ਤਬੀਅਤ ਠੀਕ ਆ? ਅੱਜ ਸੈਰ ’ਤੇ ਨਹੀਂ ਜਾਣਾ?”
ਇਹ ਸੁਣਦਿਆਂ ਕਿੰਨੇ ਹੀ ਸਵਾਲ ਮੇਰੇ ਮਨ ਵਿੱਚ ਦੌੜਨ ਲੱਗੇ, ਪਰ ਮੈਂ ਕੋਈ ਵੀ ਜਵਾਬ ਨਾ ਦਿੱਤਾ। ਦਿਲ ਅੰਦਰੋਂ ਕਹਿ ਰਿਹਾ ਸੀ ਕਿ ਸੈਰ ਨਾ ਕਰਨਾ ਸਿਹਤ ਲਈ ਠੀਕ ਨਹੀਂ, ਪਰ ਦੂਜੇ ਪਾਸੇ ਮਨ ਵਿੱਚ ਅਵਾਰਾ ਜਾਨਵਰਾਂ ਦੇ ਖਤਰੇ ਦਾ ਅਹਿਸਾਸ ਵੀ ਸੀ। ਫਿਰ ਧਰਮ ਪਤਨੀ ਵੀ ਘਰ ਦੇ ਕੰਮਾਂ ਵਿੱਚ ਰੁੱਝ ਗਈ ਤੇ ਮੈਂ ਵੀ ਆਪਣਾ ਰੁਜ਼ਾਨਾ ਦਾ ਅਗਲਾ ਕੰਮ, ਕਾਰ ਨੂੰ ਸਾਫ ਕਰਨਾ ਅਤੇ ਹੋਰ ਛੋਟੇ-ਛੋਟੇ ਕੰਮ ਸ਼ੁਰੂ ਕਰ ਦਿੱਤੇ।
ਅਸੀਂ ਅਕਸਰ ਕਾਫੀ ਲੋਕਾਂ, ਘਰ ਦੇ ਬਜ਼ੁਰਗਾਂ ਅਤੇ ਡਾਕਟਰਾਂ ਨੂੰ ਕਹਿੰਦਿਆਂ ਸੁਣਦੇ ਹਾਂ ਕਿ ਸਵੇਰ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਇਸਦੇ ਸਰੀਰ ਨੂੰ ਬਹੁਤ ਫਾਇਦੇ ਹੁੰਦੇ ਹਨ। ਮੈਨੂੰ ਵੀ ਬਚਪਨ ਤੋਂ ਕਸਰਤ, ਸੈਰ ਅਤੇ ਯੋਗਾ ਦਾ ਬਹੁਤ ਸ਼ੌਕ ਸੀ। ਪਟਿਆਲੇ ਦੇ ਬਾਰਾਂਦਰੀ ਗਾਰਡਨ ਵਿੱਚ ਸੈਰ ਕਰਨ ਦੀਆਂ ਕਾਫੀ ਯਾਦਾਂ ਜੁੜੀਆਂ ਹੋਈਆਂ ਹਨ। ਦੂਜੀ ਗੱਲ, ਉੱਥੇ ਸੈਰ ਕਰਨ ਦਾ ਅਨੰਦ ਹੀ ਅਲੱਗ ਹੁੰਦਾ ਸੀ। ਹੁਣ ਅਰਬਨ ਅਸਟੇਟ ਵਿੱਚ ਵੀ ਬਹੁਤ ਸੋਹਣੇ ਪਾਰਕ ਹਨ, ਜਿਨ੍ਹਾਂ ਵਿੱਚ ਅਕਸਰ ਸਵੇਰੇ-ਸ਼ਾਮ ਦੀ ਸੈਰ ਕਰ ਲਿਆ ਕਰਦਾ ਸੀ। ਕੁਝ ਸਮੇਂ ਤੋਂ ਇਹ ਵੀ ਬੰਦ ਕਰ ਦਿੱਤੀ ਕਿਉਂਕਿ ਇੱਥੇ ਅਕਸਰ ਸੁਣਿਆ ਕਿ ਇੱਕ ਕੁੱਤੀ ਨੇ ਬਹੁਤ ਸਾਰੇ ਸੈਰ ਕਰਦੇ ਲੋਕਾਂ ਨੂੰ ਵੱਡ ਲਿਆ। ਮੇਰਾ ਤਾਂ ਕਿਸੇ ਤਰੀਕੇ ਨਾਲ ਬਚਾ ਹੋ ਗਿਆ, ਪਰ ਮਨ ਵਿੱਚ ਡਰ ਜ਼ਰੂਰ ਪੈਦਾ ਹੋ ਗਿਆ। ਇਸ ਡਰ ਤੋਂ ਬੱਚਿਆਂ ਨੇ ਵੀ ਪਾਰਕ ਵਿੱਚ ਆਉਣਾ ਬੰਦ ਕਰ ਦਿੱਤਾ ਹੈ। ਹੁਣ ਤਾਂ ਇੰਜ ਲਗਦਾ ਹੈ ਕਿ ਪਾਰਕ ਵਿੱਚੋਂ ਰੌਣਕਾਂ ਹੀ ਖਤਮ ਹੋ ਗਈਆਂ ਹਨ। ਹੁਣ ਮੈਂ ਨਵੇਂ ਰਸਤੇ ’ਤੇ ਸੈਰ ਕਰਨੀ ਸ਼ੁਰੂ ਕਰ ਦਿੱਤੀ ਹੈ। ਦਿਲ ਦੀ ਬਿਮਾਰੀ ਹੋਣ ਕਾਰਨ ਡਾਕਟਰ ਨੇ ਕਿਹਾ ਕਿ ਸਿਰਫ ਸੈਰ ਹੀ ਕਰਨੀ ਹੈ, ਜੋ ਤੇਰੀ ਸਿਹਤ ਲਈ ਜ਼ਰੂਰੀ ਅਤੇ ਠੀਕ ਹੈ। ਦੋ ਸਾਲ ਤੋਂ ਉਸ ਨਵੇਂ ਰਸਤੇ ’ਤੇ ਸੈਰ ਕਰ ਰਿਹਾ ਹਾਂ। ਮੋਬਾਇਲ ਉੱਤੇ ਇੱਕ ਐਪ ਇੰਸਟਾਲ ਕਰ ਲਈ ਸੀ ਤਾਂ ਜੋ ਆਪਣਾ ਮਿਥਿਆ ਟੀਚਾ ਪੂਰਾ ਕਰ ਸਕਾਂ। ਹਰ ਮਹੀਨੇ ਇੱਕ ਨਵਾਂ ਟੀਚਾ ਬਣਾਉਂਦਾ ਹਾਂ।
ਪਿੱਛੇ ਜਿਹੇ ਇਸ ਸਾਲ ਦੀਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਅਸੀਂ ਪੂਰਾ ਪਰਿਵਾਰ, ਮੈਂ, ਮੇਰੀ ਧਰਮ ਪਤਨੀ ਤੇ ਬੇਟੇ ਨੇ ਰੋਜ਼ਾਨਾ ਸਵੇਰ ਦੀ ਸੈਰ ਕੀਤੀ। ਸੈਰ ’ਤੇ ਜਾਣਾ ਕਿਸੇ ਜੰਗ ਤੋਂ ਘੱਟ ਨਹੀਂ। ਅਸੀਂ ਜਦੋਂ ਘਰੋਂ ਚਲਦੇ ਤਾਂ ਪੂਰੇ ਰਸਤੇ ਵਿੱਚ ਕੁੱਤਿਆਂ ਦੇ ਕਈ ਝੁੰਡ ਮਿਲਦੇ, ਜਿਨ੍ਹਾਂ ਦੀ ਗਿਣਤੀ 10 ਤੋਂ 12 ਦੀ ਹੁੰਦੀ ਸੀ। ਉਹਨਾਂ ਕੋਲੋਂ ਜਿਵੇਂ-ਕਿਵੇਂ ਬਚ ਜਾਈਦਾ ਸੀ ਤਾਂ ਅੱਗੋਂ ਸਾਂਢਾਂ ਦਾ ਝੁੰਡ ਤਿਆਰ ਖੜ੍ਹਾ ਮਿਲਦਾ ਸੀ, ਜੋ ਕਿ ਕੁੱਤਿਆਂ ਤੋਂ ਵੀ ਜ਼ਿਆਦਾ ਖਤਰਨਾਕ ਅਤੇ ਦਿਲ ਵਿੱਚ ਡਰ ਪੈਦਾ ਕਰਦੇ ਸਨ। ਜੇ ਇਹ ਆਪਸ ਵਿੱਚ ਵੀ ਲੜ ਪੈਣ ਤਾਂ ਨੁਕਸਾਨ ਰਾਹਗੀਰਾਂ ਨੂੰ ਭੁਗਤਣਾ ਪੈਂਦਾ ਹੈ। ਇਨ੍ਹਾਂ ਦੀ ਗਿਣਤੀ ਵੀ ਝੁੰਡ ਵਿੱਚ 8 ਤੋਂ 10 ਤਕ ਹੁੰਦੀ ਹੈ। ਸਾਡਾ ਹਥਿਆਰ ਸਿਰਫ ਇੱਕ ਡੰਡਾ ਹੁੰਦਾ ਹੈ, ਜਿਸ ਨਾਲ ਇਹ ਲੜਾਈ ਲੜਨੀ ਅਸੰਭਵ ਹੈ। ਇਹ ਸਾਰੀ ਸਥਿਤੀ ਇਸ ਗੱਲ ਦੀ ਗਵਾਹ ਹੈ ਕਿ ਸੈਰ ਉੱਤੇ ਜਾਣਾ ਨਿਹੱਥੇ ਜੰਗ ਲੜਨ ਵਾਂਗ ਲਗਦਾ ਹੈ। ਜਦੋਂ ਸੈਰ ’ਤੇ ਇਕੱਠੇ ਪਰਿਵਾਰ ਨਾਲ ਹੋਈਏ ਤਾਂ ਇੱਕ ਦੂਜੇ ਦਾ ਸਹਾਰਾ/ਹੌਸਲਾ ਵੀ ਹੁੰਦਾ ਹੈ, ਅਤੇ ਇਹ ਸੈਰ ਸਜ਼ਾ ਦੀ ਬਜਾਏ ਖੁਸ਼ੀ ਵਿੱਚ ਬਦਲ ਜਾਂਦੀ ਹੈ। ਕਿਉਂਕਿ ਕੁਝ ਪਰਿਵਾਰਕ ਗੱਲਾਂ ਵੀ ਸਾਂਝੀਆਂ ਹੋ ਜਾਂਦੀਆਂ ਹਨ। ਪਰ 1 ਜੁਲਾਈ ਤੋਂ ਛੁੱਟੀਆਂ ਖਤਮ ਹੋਣ ਬਾਅਦ ਇਹੋ ਜਿਹਾ ਲੱਗਣ ਲੱਗਾ ਜਿਵੇਂ ਟਾਇਰ ਵਿੱਚੋਂ ਹਵਾ ਹੀ ਨਿਕਲ ਗਈ ਹੋਵੇ।
ਬੜੀ ਮੁਸ਼ਕਿਲ ਨਾਲ ਅਸੀਂ ਨਵੀਂ ਪੀੜ੍ਹੀ ਨੂੰ ਸਵੇਰ ਦੀ ਸੈਰ ਲਈ ਉਤਸ਼ਾਹਿਤ ਕਰਦੇ ਹਾਂ, ਪਰ ਹਾਲਾਤ ਅਜਿਹੇ ਬਣ ਗਏ ਹਨ ਕਿ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਹੁਣ ਸੈਰ ਨਾ ਕਰਨ ਦੇਣ ਦੇ ਕੌੜੇ ਕੁੱਟ ਵੀ ਭਰਨੇ ਪੈਂਦੇ ਹਨ। ਬਹੁਤ ਸਾਰੇ ਲੋਕ ਤਾਂ ਸਵੇਰੇ ਉੱਠਦੇ ਹੀ ਨਹੀਂ, ਤੇ ਜੇ ਉੱਠ ਜਾਣ ਤਾਂ ਵੀ ਸੈਰ ਲਈ ਨਹੀਂ ਨਿਕਲਦੇ। ਜੋ ਥੋੜ੍ਹੇ ਬਚਦੇ ਹਨ, ਉਹ ਵੀ ਡਰ ਅਤੇ ਅਸੁਰੱਖਿਆ ਦੇ ਚਲਦੇ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਦੇ ਹਨ। ਮੇਰੇ ਕਈ ਜਾਣਕਾਰ ਸਵੇਰ ਦੀ ਸੈਰ ਕਰਨਾ ਚਾਹੁੰਦੇ ਹਨ, ਪਰ ਉਹਨਾਂ ਕੋਲ ਇਹ “ਲੜਾਈ” ਲੜਨ ਦਾ ਹੌਸਲਾ ਨਹੀਂ। ਜੇਕਰ ਹੌਸਲਾ ਕਰ ਵੀ ਲੈਣ ਤਾਂ ਕੁਝ ਦਿਨਾਂ ਵਿੱਚ ਥੱਕ-ਹਾਰ ਕੇ ਹੱਥ ਖੜ੍ਹੇ ਕਰ ਦਿੰਦੇ ਹਨ। ਜੇ ਕੋਈ ਤੰਦਰੁਸਤ ਰਹਿਣ ਲਈ ਕਸਰਤ ਜਾਂ ਹੋਰ ਉਪਾਅ ਕਰਨਾ ਚਾਹੇ ਤਾਂ ਉਹ ਵੀ ਇੰਸਟਾਗ੍ਰਾਮ ਦੀਆਂ ਸਲਾਹਾਂ ਅਤੇ ਡਾਕਟਰਾਂ ਵੱਲੋਂ ਦਿੱਤੀਆਂ ਟ੍ਰੈਡਮਿਲ ਜਾਂ ਵਜ਼ਨ ਚੁੱਕਣ ਵਾਲੀਆਂ ਹਦਾਇਤਾਂ ਕਰਕੇ ਦੁਚਿੱਤੀ ਵਿੱਚ ਪੈ ਜਾਂਦੇ ਹਨ। ਸਵੇਰ-ਸ਼ਾਮ ਦੀ ਸੈਰ ਸਾਡੇ ਇਲਾਕੇ ਦੇ ਬਜ਼ੁਰਗਾਂ ਲਈ ਇੱਕ ਵੱਡਾ ਸੰਕਟ ਬਣ ਗਿਆ ਹੈ। ਸਵੇਰ ਦੀ ਸੈਰ ਨਾ ਸਿਰਫ ਸਰੀਰਕ ਤੰਦਰੁਸਤੀ ਲਈ, ਸਗੋਂ ਮਾਨਸਿਕ ਤੰਦਰੁਸਤੀ ਲਈ ਵੀ ਬੇਹੱਦ ਜ਼ਰੂਰੀ ਹੈ। ਪਰ ਜਦੋਂ ਇਹੀ ਸੈਰ ਡਰ ਅਤੇ ਖਤਰੇ ਵਿੱਚ ਪੈ ਜਾਵੇ ਤਾਂ ਰੋਜ਼ਾਨਾ ਜ਼ਿੰਦਗੀ ਪਟੜੀ ਤੋਂ ਉੱਤਰੀ ਜਾਪਦੀ ਹੈ।
ਭਾਰਤ ਵਿੱਚ ਹਰ ਸਾਲ ਲਗਭਗ 1.75 ਕਰੋੜ ਲੋਕ ਕੁੱਤਿਆਂ ਦੇ ਕੱਟਣ ਦਾ ਸ਼ਿਕਾਰ ਬਣਦੇ ਹਨ, ਜਿਨ੍ਹਾਂ ਵਿੱਚੋਂ ਤਕਰੀਬਨ 20 ਹਜ਼ਾਰ ਦੀ ਮੌਤ ਹੋ ਜਾਂਦੀ ਹੈ। ਇਹ ਅੰਕੜੇ ਇੰਡੀਅਨ ਜਰਨਲ ਆਫ ਕਮਿਊਨਿਟੀ ਹੈਲਥ ਅਤੇ ਨੈਸ਼ਨਲ ਹੈਲਥ ਪੋਰਟਲ ਵੱਲੋਂ ਜਾਰੀ ਕੀਤੇ ਗਏ ਹਨ। ਪੇਂਡੂ ਖੇਤਰਾਂ ਵਿੱਚ ਇਲਾਜ ਦੀ ਪਹੁੰਚ ਦੀ ਘਾਟ ਹੋਣ ਕਰਕੇ ਕਈ ਕੇਸ ਰਿਪੋਰਟ ਹੀ ਨਹੀਂ ਹੁੰਦੇ। 2022 ਵਿੱਚ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅਨੁਸਾਰ ਪਸ਼ੂ ਹਮਲਿਆਂ ਕਾਰਨ 1500 ਤੋਂ ਵੱਧ ਮੌਤਾਂ ਹੋਈਆਂ। ਇਹ ਹਕੀਕਤ ਅਕਸਰ ਅਣਡਿੱਠੀ ਰਹਿ ਜਾਂਦੀ ਹੈ। ਪਾਰਦਰਸ਼ੀ ਨੀਤੀਆਂ ਦੀ ਕਮੀ ਇਸ ਗੱਲ ਤੋਂ ਵੀ ਸਾਬਤ ਹੁੰਦੀ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਛੇ ਸਾਲਾਂ ਵਿੱਚ ਗਊ ਸੈੱਸ ਰਾਹੀਂ ਲਗਭਗ ₹35.82 ਕਰੋੜ ਇਕੱਠੇ ਕੀਤੇ, ਜੋ ਕਿ ਸ਼ਰਾਬ, ਮਿਊਂਸਪਲ ਲਾਈਸੰਸ ਅਤੇ ਹੋਰ ਸਥਾਨਕ ਸਰੋਤਾਂ ਰਾਹੀਂ ਵਸੂਲਿਆ ਗਿਆ। ਪਰ ਇਹ ਰਕਮ ਹੋਣ ਦੇ ਬਾਵਜੂਦ ਵੀ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਨਾ ਕੋਈ ਢੁਕਵੀਂ ਨੀਤੀ ਬਣੀ, ਨਾ ਹੀ ਪੱਕਾ ਬੁਨਿਆਦੀ ਢਾਂਚਾ। ਹਾਲੀਆ ਰਿਪੋਰਟਾਂ ਅਨੁਸਾਰ ਸੈੱਸ ਦੀ ਵਸੂਲੀ ਤਾਂ ਜਾਰੀ ਹੈ, ਪਰ ਨਾ ਪਨਾਹ ਵਾਲੇ ਸ਼ੈਲਟਰ ਬਣੇ ਹਨ, ਨਾ ਹੀ ਪਸ਼ੂਆਂ ਨੂੰ ਸੜਕਾਂ ਤੋਂ ਦੂਰ ਰੱਖਣ ਲਈ ਕੋਈ ਵਿਗਿਆਨਕ ਉਪਾਅ। ਇੱਥੋਂ ਸਵਾਲ ਉੱਠਦਾ ਹੈ ਕਿ ਅਖੀਰ ਇਹ ਰਕਮ ਲੱਗੀ ਕਿੱਥੇ?
ਇਨ੍ਹਾਂ ਤਜਰਬਿਆਂ ਅਤੇ ਅੰਕੜਿਆਂ ਤੋਂ ਸਾਫ ਹੈ ਕਿ ਸਵੇਰ ਦੀ ਸੈਰ, ਜੋ ਕਦੇ ਸਿਹਤ, ਤਾਜ਼ਗੀ ਅਤੇ ਮਨ ਦੀ ਸ਼ਾਂਤੀ ਦਾ ਬੁਨਿਆਦ ਸੀ, ਅੱਜ ਅਵਾਰਾ ਜਾਨਵਰਾਂ ਦੇ ਖਤਰੇ ਕਰਕੇ ਮਨ ਵਿੱਚ ਡਰ ਪੈਦਾ ਕਰਦੀ ਹੈ। ਜਦੋਂ ਤਕ ਸਥਾਨਕ ਪ੍ਰਸ਼ਾਸਨ, ਨਗਰ ਨਿਗਮ ਅਤੇ ਸਮਾਜਿਕ ਜਾਗਰੂਕਤਾ ਰਾਹੀਂ ਅਵਾਰਾ ਕੁੱਤਿਆਂ ਅਤੇ ਸਾਂਢਾਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ, ਤਦ ਤਕ ਸਾਡੀਆਂ ਗਲੀਆਂ ਅਤੇ ਪਾਰਕ ਸਿਹਤਮੰਦ ਜੀਵਨ ਦੀ ਥਾਂ ਡਰ ਅਤੇ ਬੇਚੈਨੀ ਦਾ ਕਾਰਨ ਬਣੇ ਰਹਿਣਗੇ। ਆਉਣ ਵਾਲੀ ਪੀੜ੍ਹੀ ਲਈ ਸੁਰੱਖਿਅਤ ਸੈਰ ਦਾ ਹੱਕ ਬਰਕਰਾਰ ਰੱਖਣ ਲਈ ਇਹ ਸਾਡੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਮਸਲੇ ਉੱਤੇ ਚੁੱਪ ਨਾ ਰਹੀਏ ਅਤੇ ਹੱਲ ਲੱਭਣ ਵੱਲ ਵਧੀਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)
























































































































