GurjitSBhathal7ਫਿਰ ਉਹਨਾਂ ਨੇ ਬੜੇ ਮਜ਼ਾਕੀਆ ਲਹਿਜੇ ਵਿੱਚ ਠਹਾਕਾ ਮਾਰਕੇ ਕਿਹਾ ਕਿ ਇੱਕ ਮੁੰਡੇ ਦੀ ਡੋਲੀ ਵੀ ...
(29 ਮਾਰਚ 2026)


ਉਸ ਦਿਨ ਆਮ ਦਿਨਾਂ ਦੀ ਤਰ੍ਹਾਂ ਹੀ ਮੈਂ ਆਪਣੇ ਵਿਭਾਗ ਦੇ ਅਧਿਆਪਕਾਂ ਨਾਲ ਲਾਇਬਰੇਰੀ ਦੇ ਸਾਹਮਣੇ ਵਾਲੀ ਕੰਟੀਨ ਦੇ ਬਾਹਰ ਬੈਠਾ ਚਾਹ ਦਾ ਅਨੰਦ ਮਾਣ ਰਿਹਾ ਸੀ। ਅਚਾਨਕ ਉੱਥੇ ਸਾਡਾ ਇੱਕ ਪੁਰਾਣਾ ਮਿੱਤਰ ਆ ਗਿਆ
, ਜੋ ਹੁਣ ਸਟਾਫ ਵਿੱਚੋਂ ਰਿਟਾਇਰ ਹੋ ਚੁੱਕਿਆ ਸੀ। ਜਦੋਂ ਮੈਂ ਉਸਦਾ ਹਾਲ ਚਾਲ ਪੁੱਛਿਆ ਤਾਂ ਉਹ ਕਹਿਣ ਲੱਗਿਆ, ਹੁਣ ਜ਼ਿੰਦਗੀ ਦੀਆਂ ਮੌਜਾਂ ਹੀ ਮੌਜਾਂ ਹਨ, ਦੋਨੋਂ ਪੁੱਤਰ ਚੰਗੀਆਂ ਨੌਕਰੀਆਂ ’ਤੇ ਲੱਗ ਗਏ ਹਨ।” ਜਦੋਂ ਉਹਨਾਂ ਨੇ ਇਹ ਗੱਲ ਕਹੀ ਤਾਂ ਮੇਰਾ ਸੀਨਾ ਖੁਸ਼ੀ ਨਾਲ ਚੌੜਾ ਹੋ ਗਿਆ, ਕਿਉਂਕਿ ਉਹਨਾਂ ਦਾ ਇੱਕ ਬੇਟਾ ਸਾਡੇ ਵਿਭਾਗ ਵਿੱਚੋਂ ਹੀ ਬੀ. ਟੈੱਕ. ਕੰਪਿਊਟਰ ਸਾਇੰਸ ਦੀ ਡਿਗਰੀ ਕਰਕੇ ਗਿਆ ਸੀ। ਅਧਿਆਪਕ ਨੂੰ ਹਮੇਸ਼ਾ ਹੀ ਆਪਣੇ ਪੜ੍ਹਾਏ ਹੋਏ ਬੱਚਿਆਂ ਦਾ ਕਿਸੇ ਚੰਗੀ ਨੌਕਰੀ ’ਤੇ ਲੱਗ ਜਾਣ ਦਾ ਚਾਅ ਮਾਪਿਆਂ ਤੋਂ ਜ਼ਿਆਦਾ ਹੁੰਦਾ ਹੈ। ਫਿਰ ਉਹਨਾਂ ਨੇ ਬੜੇ ਮਜ਼ਾਕੀਆ ਲਹਿਜੇ ਵਿੱਚ ਠਹਾਕਾ ਮਾਰਕੇ ਕਿਹਾ ਕਿ ਇੱਕ ਮੁੰਡੇ ਦੀ ਡੋਲੀ ਵੀ ਤੋਰ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਪਹਿਲਾਂ ਤਾਂ ਉਹ ਕੰਪਨੀ ਦਾ ਕੰਮ ਘਰ ਤੋਂ ਹੀ ਕਰ ਰਿਹਾ ਸੀ (ਵਰਕ ਫਰੋਮ ਹੋਮ), ਅਤੇ ਵਿਆਹ ਤੋਂ ਬਾਅਦ ਨੂੰਹ ਦੀ ਨੌਕਰੀ ਕਾਰਨ ਬੇਟਾ ਅਤੇ ਨੂੰਹ ਦੋਨੋਂ ਹੁਣ ਗੁੜਗਾਉਂ ਰਹਿਣ ਲੱਗ ਪਏ ਹਨ। ਅਤੇ ਦੂਜਾ ਬੇਟਾ ਅਜੇ ਇੱਥੇ ਹੀ ਸਰਕਾਰੀ ਨੌਕਰੀ ਕਰ ਰਿਹਾ ਹੈ। ਅਸੀਂ ਕਾਫੀ ਦੇਰ ਹੋਰ ਗੱਲਾਂਬਾਤਾਂ ਕਰਦੇ ਰਹੇ।

ਉਹਨਾਂ ਦੀਆਂ ਕੀਤੀਆਂ ਗੱਲਾਂ ਨੇ ਮੈਨੂੰ ਘਰੇ ਆਏ ਨੂੰ ਸੋਚੀਂ ਪਾ ਦਿੱਤਾ ਕਿ ਜ਼ਮਾਨਾ ਦੇਖਦੇ ਹੀ ਦੇਖਦੇ ਕਿੰਨਾ ਬਦਲ ਗਿਆ ਹੈ। ਕੋਈ ਕਰਮਾਂ ਵਾਲਾ ਜੋੜਾ ਹੀ ਹੋਵੇਗਾ ਜਿਹੜਾ ਵਿਆਹ ਤੋਂ ਬਾਅਦ ਆਪਣੇ ਮਾਪਿਆਂ ਨਾਲ ਰਹਿੰਦਾ ਹੋਵੇਗਾ। ਨੌਕਰੀ ਕਰਕੇ ਜਾਂ ਹੋਰ ਘਰੇਲੂ ਕਾਰਨਾਂ ਕਰਕੇ ਬੱਚੇ ਆਪਣੇ ਮਾਂ ਬਾਪ ਤੋਂ ਇੱਕੋ ਸ਼ਹਿਰ ਵਿੱਚ ਵੀ ਅਲੱਗ-ਅਲੱਗ ਰਹਿੰਦੇ ਹਨ। ਹੁਣ ਤਾਂ ਕੰਮ ਅਤੇ ਨੌਕਰੀ ਦੇ ਰੁਝੇਵਿਆਂ ਕਾਰਨ ਨਵੇਂ ਵਿਆਹਿਆਂ ਦੀ ਰੰਗਤ ਵੀ ਬੜੀ ਜਲਦੀ ਢਲ ਜਾਂਦੀ ਹੈ। ਪੁਰਾਣੇ ਸਮਿਆਂ ਵਿੱਚ ਵਿਚੋਲਿਆਂ ਦੁਆਰਾ ਕਰਵਾਏ ਵਿਆਹ ਬਹੁਤ ਸਾਰੀਆਂ ਗੱਲਾਂ ਦੇ ਓਹਲਿਆਂ ਦੇ ਬਾਵਜੂਦ ਵੀ ਜ਼ਿੰਦਗੀ ਭਰ ਨਿੱਭ ਜਾਂਦੇ ਸਨ। ਪਰ ਹੁਣ ਜ਼ਮਾਨਾ ਬਦਲ ਗਿਆ ਹੈ। ਹੁਣ ਵਿਚੋਲਿਆਂ ਦਾ ਕੰਮ ਆਈਲੈਟਸ ਸੈਂਟਰਾਂ, ਇੰਟਰਨੈੱਟ, ਜਾਂ ਹੋਰ ਢੰਗਾਂ ਤਰੀਕਿਆਂ ਨੇ ਸਾਂਭ ਲਿਆ ਹੈ। ਜਦੋਂ ਤੋਂ ਆਈਲੈਟਸ ਪ੍ਰੀਖਿਆ ਪਾਸ ਕਰਕੇ ਪ੍ਰਦੇਸ ਜਾਣ ਦਾ ਰੁਝਾਨ ਵਧਿਆ ਹੈ, ਉਦੋਂ ਤੋਂ ਅਕਸਰ ਅਖਬਾਰਾਂ ਵਿੱਚ ਜਾਂ ਸੋਸ਼ਲ ਮੀਡੀਆ ’ਤੇ ਇਹ ਗੱਲਾਂ ਪੜ੍ਹਦੇ ਹਾਂ ਕਿ ਲੜਕੀ ਨੇ ਪੈਸੇ ਲੈ ਕੇ ਮੁੰਡੇ ਨੂੰ ਬਾਹਰ (ਪ੍ਰਦੇਸ) ਨਹੀਂ ਬੁਲਾਇਆ, ਧੋਖਾ ਦੇ ਦਿੱਤਾ, ਵਗੈਰਾ-ਵਗੈਰਾ। ਲੜਕੀਆਂ ਅਕਸਰ ਆਇਲੈਟਸ ਪ੍ਰੀਖਿਆ ਜਲਦੀ ਪਾਸ ਕਰ ਲੈਂਦੀਆਂ ਹਨ। ਪਰ ਸਮਾਜ ਵਿੱਚ ਆਰਥਿਕ ਨਾਬਰਾਬਰਤਾ ਕਾਰਨ ਲੜਕੀਆਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਕੁਝ ਤਰ੍ਹਾਂ ਦੇ ਸਮਝੌਤਿਆਂ/ਇਕਰਾਰਨਾਮਿਆਂ ਦਾ ਸਹਾਰਾ ਲੈਣਾ ਪੈਂਦਾ ਹੈ। ਇਹ ਸਿਲਸਿਲਾ ਹੁਣ ਬੜੇ ਅਜੀਬੋ ਗਰੀਬ ਮੋੜ ’ਤੇ ਪਹੁੰਚ ਗਿਆ ਹੈ। ਸਮਝੌਤੇ ਦੇ ਤਹਿਤ ਲੜਕੇ ਵਾਲੇ ਲੜਕੀਆਂ ਵੱਲੋਂ ਪ੍ਰਦੇਸ ਵਿੱਚ ਪੜ੍ਹਾਈ ਕਰਨ ਲਈ ਜਿੰਨੀ ਵੀ ਫੀਸ ਅਤੇ ਬਾਕੀ ਖਰਚੇ ਕਰਨ ਦੀ ਸਹਿਮਤੀ ਦਿੰਦੇ ਹਨ, ਬਦਲੇ ਵਿੱਚ ਲੜਕੇ ਨਾਲ ਵਿਆਹ ਅਤੇ ਉਸ ਨੂੰ ਪ੍ਰਦੇਸ ਲਿਜਾਣ ਦੀ ਜ਼ਿੰਮੇਵਾਰੀ ਲੜਕੀ ਦੀ ਹੁੰਦੀ ਹੈ। ਇਨ੍ਹਾਂ ਪੈਸਿਆਂ ਨੂੰ ਦਹੇਜ ਸਮਝੀਏ ਜਾਂ ਕੁਝ ਹੋਰ? ਕਿਉਂਕਿ ਪਹਿਲੇ ਦਹੇਜ ਦੇ ਰੂਪ ਵਿੱਚ ਸਮਾਨ ਅਤੇ ਪੈਸੇ ਲੜਕੀ ਵਾਲਿਆਂ ਵੱਲੋਂ ਦਿੱਤੇ ਜਾਂਦੇ ਸਨ, ਅਤੇ ਲੜਕੇ ਵਾਲਿਆਂ ਵੱਲੋਂ ਕਹਿ ਦਿੱਤਾ ਜਾਂਦਾ ਸੀ ਕਿ ਜੋ ਵੀ ਤੁਸੀਂ ਦੇ ਰਹੇ ਹੋ, ਤੁਹਾਡੀ ਕੁੜੀ ਨੇ ਹੀ ਵਰਤਣੇ ਹਨ। ਹੁਣ ਗੱਲ ਬਿਲਕੁਲ ਉਲਟ ਹੋ ਗਈ ਹੈ। ਹੁਣ ਲੜਕੀ ਵਾਲੇ ਕਹਿ ਰਹੇ ਹਨ ਕਿ ਇਹ ਪੈਸੇ ਤੁਸੀਂ ਆਪਣੇ ਮੁੰਡੇ ਲਈ ਦੇ ਰਹੇ ਹੋ ਤਾਂ ਕਿ ਤੁਸੀਂ ਇਸ ਨੂੰ ਪ੍ਰਦੇਸ ਭੇਜ ਸਕੋ। ਪਰ ਇਨ੍ਹਾਂ ਢੰਗ ਤਰਿਕਿਆਂ ਨਾਲ ਬਹੁਤ ਸਾਰੇ ਪ੍ਰਦੇਸ ਵਿੱਚ ਸੈਟਲ ਹੋ ਗਏ ਹਨ, ਅਤੇ ਦੋਨਾਂ ਧਿਰਾਂ ਨੂੰ ਇੱਕ ਦੂਜੇ ਦਾ ਸਹਾਰਾ ਵੀ ਮਿਲ ਜਾਂਦਾ ਹੈ‌। ਜਿੱਥੇ ਲੜਕੀਆਂ ਕਾਫ਼ੀ ਪੜ੍ਹੀਆਂ ਲਿਖੀਆਂ ਅਤੇ ਹੁਸ਼ਿਆਰ ਹਨ, ਲੇਕਿਨ ਪੈਸੇ ਦੀ ਕਮੀ ਕਰਕੇ ਉਹ ਆਪਣੇ ਭਵਿੱਖ ਦੇ ਸੁਪਨੇ ਪੂਰੇ ਨਹੀਂ ਕਰ ਸਕਦੀਆਂ, ਉੱਥੇ ਹੀ ਜੋ ਮੁੰਡੇ ਪੜ੍ਹਾਈ ਵਿੱਚ ਕਮਜ਼ੋਰ ਹਨ ਅਤੇ ਆਈਲੈਟਸ ਨਹੀਂ ਕਰ ਸਕਦੇ ਤਾਂ ਉਹ ਪੈਸੇ ਦੇ ਜ਼ੋਰ ’ਤੇ ਚੰਗੇ ਬੈਂਡ ਵਾਲੀਆਂ ਕੁੜੀਆਂ ਲੱਭ ਲੈਂਦੇ ਹਨ। ਆਈਲੈਟਸ ਨੇ ਉਹਨਾਂ ਲਈ ਕਾਫ਼ੀ ਰਸਤੇ ਖੋਲ੍ਹ ਦਿੱਤੇ ਹਨ। ਕੀ ਇਹ ਇਕਰਾਰਨਾਮੇ ਜਾਇਜ਼ ਹਨ? ਕਿਤੇ ਲੜਕਾ ਜਾਂ ਲੜਕੀ ਜਾਂ ਦੋਨੋਂ ਜ਼ਿੰਦਗੀ ਭਰ ਲਈ ਸਮਝੌਤਾ ਤਾਂ ਨਹੀਂ ਕਰ ਰਹੇ?

ਅੱਜ ਕੱਲ੍ਹ ਦੇ ਵਿਆਹਾਂ ਦੀਆਂ ਹੱਦਾਂ ਹੁਣ ਖੁੱਲ੍ਹੀਆਂ ਹਨ, ਅਤੇ ਸਾਰੀਆਂ ਰਿਵਾਇਤਾਂ ਬਦਲ ਗਈਆਂ ਹਨ। ਹੁਣ ਕੋਈ ਵੀ ਕਿਸੇ ਵੀ ਧਰਮ ਕਿਸੇ ਵੀ ਜਾਤ ਅਤੇ ਕਿਸੇ ਵੀ ਪ੍ਰਾਂਤ ਵਿੱਚ ਵਿਆਹ ਕਰਵਾ ਰਹੇ ਹਨ, ਜਿਨ੍ਹਾਂ ਦਾ ਸੱਭਿਆਚਾਰ ਵੀ ਬਿਲਕੁਲ ਅਲੱਗ ਹੈ। ਇੱਕ ਗੱਲ ਹੋਰ ਸਾਹਮਣੇ ਆਈ ਹੈ ਕਿ ਹੁਣ ਦੋਨੋਂ ਪਰਿਵਾਰ ਵਿੱਚ ਸਰਬਸੰਮਤੀ ਨਾਲ ਇੱਕ ਸਮਝੌਤਾ ਜਾਂ ਇਕਰਾਰਨਾਮਾ ਲਿਖਿਆ ਜਾਂਦਾ ਹੈ, ਜਿਸ ਵਿੱਚ ਦੋਨੋਂ ਧਿਰਾਂ ਇੱਕ ਦੂਜੇ ਲਈ ਸ਼ਰਤਾਂ ਦੇ ਤਹਿਤ ਲਿਖਦੇ ਹਨ ਕਿ ਵਿਆਹ ਤੋਂ ਬਾਅਦ ਕਿਸੇ ਤਰ੍ਹਾਂ ਦੇ ਵੀ ਝਗੜੇ ਜਾਂ ਮਨ ਮੁਟਾਵ ਕਾਰਨ ਵਿਆਹ ਟੁੱਟਣ ਦੀ ਸਥਿਤੀ ਵਿੱਚ ਦੋਨੋਂ ਇੱਕ ਦੂਜੇ ਦੀ ਚੱਲ-ਅਚੱਲ ਸੰਪਤੀ ਦੇ ਹੱਕਦਾਰ ਨਹੀਂ ਹੋਣਗੇ। ਕਿਉਂਕਿ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸਾਰੇ ਮਾਮਲੇ ਧਿਆਨ ਵਿੱਚ ਆਏ ਹਨ, ਜਿਨ੍ਹਾਂ ਵਿੱਚ 10 ਤੋਂ 25 ਸਾਲ ਦੇ ਵਿਵਾਹਿਕ ਜੀਵਨ ਟੁੱਟੇ ਹਨ, ਅਤੇ ਨੌਬਤ ਤਲਾਕ ਦੀ ਆ ਗਈ ਅਤੇ ਬਾਅਦ ਵਿੱਚ ਸੰਪਤੀ ਦੇ ਹੱਕ ਲਈ ਕੇਸ ਅਦਾਲਤਾਂ ਤਕ ਪੁੱਜ ਗਏ। ਭਾਵੇਂ ਗਲਤੀ ਕਿਸੇ ਦੀ ਵੀ ਹੋਵੇ ਪਰ ਭੁਗਤਣਾ ਤਾਂ ਪੂਰੇ ਪਰਿਵਾਰ ਅਤੇ ਮਸੂਮ ਬੱਚਿਆਂ ਨੂੰ ਹੀ ਪੈਂਦਾ ਹੈ, ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਹੁੰਦਾ।

ਮੇਰੇ ਮੁਤਾਬਿਕ ਲਿੰਗ (ਔਰਤ/ਮਰਦ) ਬਰਾਬਰਤਾ ਉਦੋਂ ਹੀ ਸੰਭਵ ਹੈ, ਜਦੋਂ ਡੋਲੀ ਚਾਹੇ ਕੁੜੀ ਦੀ ਹੋਵੇ, ਚਾਹੇ ਮੁੰਡੇ ਦੀ ਹੋਵੇ, ਕੋਈ ਫਰਕ ਨਾ ਸਮਝਿਆ ਜਾਵੇ। ਸਾਡੇ ਗੁਰੂਆਂ ਪੀਰਾਂ ਵੱਲੋਂ ਸਿਖਾਈ ਗਈ ਸਿੱਖਿਆ ਕਿ ਔਰਤਾਂ ਨੂੰ ਸਮਾਜ ਵਿੱਚ ਉਨ੍ਹਾਂ ਦਾ ਬਣਦਾ ਮਾਨ ਸਨਮਾਨ ਜ਼ਰੂਰ ਦੇਣਾ ਚਾਹੀਦਾ ਹੈ। ਘਰ ਵਿੱਚ ਕੰਮ ਵੀ ਮਿਲਵਰਤਨ ਨਾਲ ਕਰਨਾ ਚਾਹੀਦਾ ਹੈ; ਕੁਦਰਤੀ ਤੌਰ ’ਤੇ ਜੋ ਕੰਮ ਪ੍ਰਮਾਤਮਾ ਨੇ ਇਨ੍ਹਾਂ ਦੋਵਾਂ (ਮਰਦ/ਔਰਤ) ਨੂੰ ਬਖਸ਼ੇ ਹਨ, ਉਹਨਾਂ ਕੰਮਾਂ ਨੂੰ ਛੱਡਕੇ। ਇਸ ਵਿੱਚ ਵੀ ਕੋਈ ਵਖਰੇਵਾਂ ਨਹੀਂ ਹੋਣਾ ਚਾਹੀਦਾ ਕਿ ਇਹ ਔਰਤਾਂ ਦੇ ਕਰਨ ਦੇ ਕੰਮ ਹਨ ਅਤੇ ਇਹ ਮਰਦਾਂ ਦੇ ਕਰਨ ਦੇ ਕੰਮ ਹਨ।

ਗੱਲ ਭਾਵੇਂ ਹੁਣ ਹਾਸੋਹੀਣੀ ਲੱਗੇ ਪਰ ਇਹ ਸਚਾਈ ਹੈ ਕਿ ਹੁਣ ਡੋਲੀ ਮੁੰਡਿਆ ਦੀ ਹੀ ਜਾਇਆ ਕਰੇਗੀ ਅਤੇ ਦਹੇਜ ਮੁੰਡੇ ਦੀ ਕਾਬਲੀਅਤ ਦੇ ਹਿਸਾਬ ਨਾਲ ਤੈਅ ਹੋਇਆ ਕਰੇਂਗਾ। ਖਦਸ਼ਾ ਹੈ ਕਿ ਆਉਣ ਵਾਲੇ ਸਮਿਆਂ ਵਿੱਚ ਵਿਆਹ ਵਾਲੀ ਅਰਜ਼ੀ ਦੇ ਨਾਲ ਲੜਕੀ/ਲੜਕੇ ਦਾ ਟੇਵਾ, ਜਨਮ ਪੱਤਰੀ, ਮੈਡੀਕਲ ਤੰਦਰੁਸਤੀ ਸਰਟੀਫਿਕੇਟ ਅਤੇ ਇਕਰਾਰਨਾਮਾ ਆਦਿ ਕਾਗ਼ਜ਼ ਵੀ ਲਾਉਣੇ ਪਿਆ ਕਰਨਗੇ। ਦੇਖਣਾ ਇਹ ਹੋਵੇਗਾ ਕਿ ਭਵਿੱਖ ਵਿੱਚ ਇਸ ਵਿੱਚ ਹੋਰ ਅੱਗੇ ਕੀ ਬਦਲਾਅ ਹੋਣਗੇ ਅਤੇ ਇਨ੍ਹਾਂ ਸਾਰੀਆਂ ਗੱਲਾਂ ਦੀ ਕੀ ਹੱਦ ਹੋਵੇਗੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਗੁਰਜੀਤ ਸਿੰਘ ਭੱਠਲ

ਡਾ. ਗੁਰਜੀਤ ਸਿੰਘ ਭੱਠਲ

Computer Science & Engineering, Punjabi University Patiala, Punjab. India.
Whatsapp: (91 - 98142 - 05475)
Email: (gurjit.bhathal@gmail.com)