“ਜਦੋਂ ਵੀ ਪਿੰਡੋਂ ਕੋਈ ਸ਼ਹਿਰ ਆਉਂਦਾ, ਉਹ ਸਾਡੇ ਘਰੇ ਜ਼ਰੂਰ ...”
(6 ਮਾਰਚ 2026)
ਸਵੇਰੇ ਮੂੰਹ ਹਨੇਰੇ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਭਾਈ ਜੀ ਦੇ ਪਾਠ ਕਰਨ ਦੀ ਆਵਾਜ਼ ਸੁਣਦਿਆਂ ਹੀ ਝੱਟ ਅੱਖਾਂ ਖੁੱਲ੍ਹ ਜਾਂਦੀਆਂ ਅਤੇ ਦਿਨ ਦੀ ਸ਼ੁਰੂਆਤ ਹੋ ਜਾਂਦੀ। ਸਵੇਰੇ ਕੰਨਾਂ ਵਿੱਚ ਪਹਿਲੇ ਮਿੱਠੇ ਸ਼ਬਦ ਗੁਰਬਾਣੀ ਦੇ ਹੋਣ ਕਰਕੇ ਸਾਰਾ ਦਿਨ ਬਹੁਤ ਸੋਹਣਾ ਲੰਘਦਾ। ਸ਼ਾਮ ਨੂੰ ਰਹਿਰਾਸ ਸਾਹਿਬ ਤੋਂ ਬਾਅਦ ਕੀਰਤਨ ਸੋਹਲੇ ਦੇ ਪਾਠ ਨਾਲ ਸ਼ਾਮ ਢਲ ਜਾਂਦੀ ਅਤੇ ਮੂੰਹ ਹਨੇਰਾ ਹੋਣ ਤੋਂ ਪਹਿਲਾਂ ਹੀ ਰੋਟੀ ਖਾ ਲੈਂਦੇ। ਕਿਸੇ ਤਰ੍ਹਾਂ ਦੇ ਅਲਾਰਮ ਜਾਂ ਹੋਰ ਸਾਧਨ ਦੀ ਲੋੜ ਨਹੀਂ ਸੀ। ਇੱਕੋ ਇੱਕ ਸਾਧਨ ਗੁਰਦੁਆਰਾ ਸਾਹਿਬ ਤੋਂ ਆਉਣ ਵਾਲੇ ਪਾਠ ਦੀ ਆਵਾਜ਼ ਸਵੇਰੇ ਨੀਂਦ ਤੋਂ ਜਗਾ ਦਿੰਦੀ, ਅਤੇ ਸ਼ਾਮ ਨੂੰ ਰੋਟੀ ਖਾਕੇ ਸੌਂ ਜਾਂਦੇ।
ਬਚਪਨ ਦੀਆਂ ਉਹ ਅਭੁੱਲ ਯਾਦਾਂ ਅੱਜ ਵੀ ਤਰੋਤਾਜ਼ਾ ਹਨ। ਮੈਨੂੰ ਅੱਜ ਵੀ ਯਾਦ ਹੈ ਕਿ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅਧਖੜ ਉਮਰ ਦੇ ਬਾਬਾ ਹਰੀ ਸਿੰਘ ਜੀ ਹੁੰਦੇ ਸਨ। ਸਾਰਾ ਦਿਨ ਵਾਹਿਗੁਰੂ-ਵਾਹਿਗੁਰੂ ਕਹਿੰਦੇ ਰਹਿੰਦੇ ਸਨ, ਬੜੇ ਹੀ ਮਿੱਠ-ਬੋਲੜੇ ਸੁਭਾਅ ਦੇ ਸਨ। ਉਨ੍ਹਾਂ ਨਾਲ ਮੇਰਾ ਬਹੁਤ ਹੀ ਮੋਹ ਅਤੇ ਸਾਂਝ ਸੀ। ਬਾਬਾ ਜੀ ਜਦੋਂ ਵੀ ਡਾਲੀ ਲੈਣ ਆਉਂਦੇ, ਘਰ ਵਿੱਚ ਡਾਲੀ ਪਾਉਣ ਦੀ ਮੇਰੀ ਹੀ ਡਿਊਟੀ ਹੁੰਦੀ ਸੀ। ਬੜਾ ਚਾਉ ਹੁੰਦਾ ਸੀ ਕਿ ਕਦੋਂ ਬਾਬਾ ਜੀ ਆਉਣਗੇ ਡਾਲੀ ਲੈਣ ਅਤੇ ਮੈਂ ਉਹ ਸਾਰੀਆਂ ਚੀਜ਼ਾਂ ਜੋ ਘਰਦਿਆਂ ਨੇ ਦੇਣੀਆਂ ਹੋਣ, ਉਹ ਬਾਬਾ ਜੀ ਦੀ ਡਾਲੀ ਵਿੱਚ ਪਾ ਦੇਵਾਂ। ਕਈ ਵਾਰ ਤਾਂ ਸਕੂਲ ਤੋਂ ਬਾਅਦ ਸਿੱਧਾ ਗੁਰਦੁਆਰਾ ਸਾਹਿਬ ਬਾਬਾ ਜੀ ਕੋਲ ਲੰਗਰ ਛਕਣ ਚਲੇ ਜਾਂਦਾ। ਜੋ ਵੀ ਬਾਬਾ ਜੀ ਡਾਲੀ ਵਿੱਚ ਇਕੱਠਾ ਕਰਕੇ ਲਿਆਉਂਦੇ ਹੁੰਦੇ ਸੀ, ਉਸ ਨੂੰ ਖਾਣ ਦਾ ਵੱਖਰਾ ਹੀ ਅਨੰਦ ਹੁੰਦਾ ਸੀ।
ਕੁਝ ਸਮੇਂ ਬਾਅਦ ਸਾਡੀ ਪੜ੍ਹਾਈ ਲਿਖਾਈ ਨੂੰ ਮੁੱਖ ਰੱਖਦਿਆਂ ਸਾਰਾ ਪਰਿਵਾਰ ਪਟਿਆਲੇ ਸ਼ਹਿਰ ਵਿੱਚ ਸ਼ਿਫਟ ਹੋ ਗਿਆ। ਉਸ ਸਮੇਂ ਸ਼ਹਿਰ ਅਤੇ ਪਿੰਡ ਵਿੱਚ ਜ਼ਮੀਨ-ਅਸਮਾਨ ਦਾ ਫਰਕ ਸੀ। ਆਉਣ-ਜਾਣ ਦੇ ਸਾਧਨ ਅਤੇ ਗੱਲਬਾਤ ਕਰਨ ਦੇ ਸਾਧਨ ਬਹੁਤ ਹੀ ਥੋੜ੍ਹੇ ਸਨ। ਜਦੋਂ ਵੀ ਪਿੰਡੋਂ ਕੋਈ ਸ਼ਹਿਰ ਆਉਂਦਾ, ਉਹ ਸਾਡੇ ਘਰੇ ਜ਼ਰੂਰ ਆਉਂਦਾ ਸੀ ਕਿਉਂਕਿ ਸਾਡਾ ਘਰ ਬਜ਼ਾਰ ਦੇ ਬਿਲਕੁਲ ਨਾਲ ਲਗਦਾ ਸੀ। ਬਾਬਾ ਹਰੀ ਸਿੰਘ ਜੀ ਵੀ ਅਕਸਰ ਸਾਡੇ ਘਰੇ ਆਉਂਦੇ ਸਨ। ਉਹਨਾਂ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਸੀ। ਉਹਨਾਂ ਨੇ ਘਰੇ ਪ੍ਰਸ਼ਾਦਾ ਛਕਣ ਤੋਂ ਬਾਅਦ ਹਮੇਸ਼ਾ ਕੋਈ ਨਾ ਕੋਈ ਅਸੀਸ/ਅਸ਼ੀਰਵਾਦ ਦੇਣਾ। ਇੱਕ ਵਾਰ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਤਾਂ ਮੇਰਾ ਪ੍ਰਿੰਸੀਪਲ ਹੈ। ਅੱਗੇ ਤੋਂ ਜਦੋਂ ਵੀ ਆਉਣਾ, ਉਹਨਾਂ ਨੇ ਮੇਰਾ ਨਾਂਅ ਲੈਣ ਦੀ ਬਜਾਏ “ਮੇਰਾ ਪ੍ਰਿੰਸੀਪਲ” ਕਹਿ ਕੇ ਹੀ ਬੁਲਾਉਣਾ।
ਸਮਾਂ ਬੀਤਣ ਨਾਲ ਬਾਬਾ ਜੀ ਦਾ ਸਰੀਰ ਬਿਰਧ ਹੋ ਗਿਆ, ਘਰ ਆਉਣਾ ਜਾਣਾ ਵੀ ਬੰਦ ਹੋ ਗਿਆ। ਫਿਰ ਮੰਦਭਾਗੀ ਖਬਰ ਆਈ ਕਿ ਬਾਬਾ ਜੀ ਚੋਲਾ ਛੱਡ ਗਏ ਹਨ ਕੇ ਸੰਸਾਰਕ ਯਾਤਰਾ ਪੂਰੀ ਕਰ ਗਏ ਹਨ। ਮਨ ਨੂੰ ਬਹੁਤ ਦੁੱਖ ਹੋਇਆ। ਮੈਂ ਵੀ ਸਕੂਲ ਦੀ ਪੜ੍ਹਾਈ ਤੋਂ ਬਾਅਦ ਅੱਗੇ ਦੀ ਪੜ੍ਹਾਈ ਲਈ ਕਾਲਜ ਵਿੱਚ ਘਰ ਤੋਂ ਦੂਰ ਹੋਸਟਲ ਵਿੱਚ ਰਹਿਣ ਲੱਗ ਗਿਆ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਨੌਕਰੀ ਲੱਗ ਗਈ। ਫਿਰ ਵਿਦੇਸ਼ ਜਾਣ ਦਾ ਮੌਕਾ ਵੀ ਮਿਲਿਆ। ਜਦੋਂ ਮੈਂ ਵਿਦੇਸ਼ ਤੋਂ ਆਇਆ, ਥੋੜ੍ਹੇ ਸਮੇਂ ਬਾਅਦ ਹੀ ਮੈਨੂੰ ਇੱਕ ਕਾਲਜ ਦਾ ਪ੍ਰਿੰਸੀਪਲ ਬਣਨ ਦਾ ਅਵਸਰ ਮਿਲਿਆ। ਮੈਂ ਘਰ ਵਿੱਚ ਸਲਾਹ ਮਸ਼ਵਰੇ ਤੋਂ ਬਾਅਦ ਇਸ ਅਵਸਰ ਨੂੰ ਸਵੀਕਾਰ ਕਰ ਲਿਆ ਅਤੇ ਪ੍ਰਿੰਸੀਪਲ ਦੇ ਤੌਰ ’ਤੇ ਜੁਆਇਨ ਕਰ ਲਿਆ। ਉਮਰ ਛੋਟੀ ਸੀ, ਔਕੜਾਂ ਬਹੁਤ ਸਨ। ਕਾਫੀ ਮਿਹਨਤ- ਮੁਸ਼ੱਕਤ ਤੋਂ ਬਾਅਦ ਮੈਂ ਉਸ ਕਾਲਜ ਨੂੰ ਚਲਾਉਣ ਵਿੱਚ ਕਾਮਯਾਬ ਹੋ ਗਿਆ। ਮੈਂ ਦਿੱਤੇ ਹੋਏ ਕਿਸੇ ਵੀ ਕੰਮ ਨੂੰ ਬਾਖੂਬੀ ਨਾਲ ਕਰਨ ਵਿੱਚ ਸਫਲ ਰਿਹਾ। ਉਸ ਤੋਂ ਬਾਅਦ ਮੈਨੂੰ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਵਿਭਾਗ ਵਿੱਚ ਨੌਕਰੀ ਮਿਲ ਗਈ।
ਹੁਣ ਜਦੋਂ ਵੀ ਕੋਈ ਮੈਨੂੰ “ਪ੍ਰਿੰਸੀਪਲ ਸਾਹਿਬ” ਕਹਿ ਕੇ ਬੁਲਾਉਂਦਾ ਹੈ ਤਾਂ ਮੈਨੂੰ ਬਾਬਾ ਹਰੀ ਸਿੰਘ ਜੀ ਦਾ ਚੇਤਾ ਜ਼ਰੂਰ ਆ ਜਾਂਦਾ ਹੈ ਅਤੇ ਉਹਨਾਂ ਦੀਆਂ ਕਹੀਆਂ ਗੱਲਾਂ ਯਾਦ ਕਰਦਾ ਹਾਂ। ਕਦੀ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਮੈਂ ਜ਼ਿੰਦਗੀ ਵਿੱਚ ਪ੍ਰਿੰਸੀਪਲ ਲੱਗਣਾ ਹੈ। ਸਾਨੂੰ ਸਭ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਰੱਬ ਕਿਸੇ ਵੇਲੇ ਵੀ ਕਿਸੇ ਵੀ ਰੂਪ ਵਿੱਚ ਮਿਲ ਸਕਦਾ ਹੈ। ਇਸ ਧਰਤੀ ’ਤੇ ਕਿੰਨੀਆਂ ਹੀ ਸੁੱਚੀਆਂ ਰੂਹਾਂ ਮਿਲਦੀਆਂ ਹਨ, ਪਰ ਸਾਨੂੰ ਸਮੇਂ ਸਿਰ ਪਛਾਣ ਨਹੀਂ ਆਉਂਦੀ। ਸਾਨੂੰ ਹਰ ਇੱਕ ਇਨਸਾਨ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸੇ ਲਈ ਤਾਂ ਗੁਰਬਾਣੀ ਵਿੱਚ ਕਿਹਾ ਗਿਆ ਹੈ: “ਘਟ ਘਟ ਮੈਂ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (