“ਜ਼ਿੰਦਗੀ ਵਿੱਚ ਸਭ ਤੋਂ ਵੱਡਾ ਸੁਖ ਅਕਸਰ ਉਹੀ ਰਿਸ਼ਤੇ ਦਿੰਦੇ ਹਨ ਜਿੱਥੇ ਹਮਦਰਦੀ ...”
(28 ਮਈ 2026)
ਜ਼ਿੰਦਗੀ ਦੇ ਕਈ ਪੜਾਵਾਂ ’ਤੇ ਅਸਲੀ ਅਤੇ ਨਕਲੀ ਦੀ ਪਛਾਣ ਕਰਨੀ ਔਖੀ ਹੁੰਦੀ ਹੈ, ਗੱਲ ਚਾਹੇ ਦੁਨਿਆਵੀ ਵਸਤੂਆਂ ਦੀ ਹੋਵੇ ਜਾਂ ਰਿਸ਼ਤਿਆਂ ਦੀ। ਅਸਲ ਵਿੱਚ ਰਿਸ਼ਤਾ ਤਾਂ ਰਿਸ਼ਤਾ ਹੀ ਹੁੰਦਾ ਹੈ, ਪਰ ਉਸਦੀ ਕਦਰ ਅਤੇ ਖ਼ੂਬਸੂਰਤੀ ਨਾਮ ਨਾਲ ਨਹੀਂ, ਨੀਅਤ ਨਾਲ ਬਣਦੀ ਹੈ। ਕਈ ਵਾਰ ਅਸੀਂ ਬਾਹਰੋਂ ਸੋਹਣਾ ਦਿਸਦਾ ਰਿਸ਼ਤਾ ਨਿਭਾਉਂਦੇ ਰਹਿੰਦੇ ਹਾਂ, ਪਰ ਅੰਦਰੋਂ ਉਹ ਬੋਝ ਬਣ ਕੇ ਰਹਿ ਜਾਂਦਾ ਹੈ। ਅਤੇ ਕਈ ਵਾਰ ਕੋਈ ਬਿਨਾਂ ਕਿਸੇ ਦਾਅਵੇ ਦੇ, ਬਿਨਾਂ ਸ਼ੋਰ ਮਚਾਏ, ਚੁੱਪਚਾਪ ਸਾਡੀ ਜ਼ਿੰਦਗੀ ਦਾ ਸਹਾਰਾ ਬਣ ਜਾਂਦਾ ਹੈ। ਰਿਸ਼ਤਿਆਂ ਦੀਆਂ ਇਮਾਰਤਾਂ ਸ਼ਬਦਾਂ ਨਾਲ ਨਹੀਂ ਬਣਦੀਆਂ; ਉਹ ਭਰੋਸੇ, ਸਹਾਰੇ ਤੇ ਸੱਚੇ ਲਹਿਜੇ ਨਾਲ ਬਣਦੀਆਂ ਹਨ।
ਮੇਰਾ ਅਨੁਭਵ ਇਹ ਕਹਿੰਦਾ ਹੈ ਕਿ ਸਕੂਲ ਅਤੇ ਕਾਲਜ ਵਿੱਚ ਬਣੀਆਂ ਦੋਸਤੀਆਂ ਦਾ ਮੁਕਾਬਲਾ ਹੋਰ ਕਿਸੇ ਰਿਸ਼ਤੇ ਨਾਲ ਕਰਨਾ ਔਖਾ ਹੈ। ਦੋਸਤੀ ਵਾਲੇ ਰਿਸ਼ਤੇ ਅਕਸਰ ਸਾਡੀ ਜ਼ਿੰਦਗੀ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਦੇ ਹਨ, ਜਿਵੇਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਧੁੱਪ ਚਾਹੇ ਘੱਟ ਹੋਵੇ, ਪਰ ਰੌਸ਼ਨੀ ਆਪਣਾ ਰਸਤਾ ਲੱਭ ਲੈਂਦੀ ਹੈ। ਇਨ੍ਹਾਂ ਦੀ ਖ਼ਾਸ ਗੱਲ ਇਹ ਹੁੰਦੀ ਹੈ ਕਿ ਭਾਵੇਂ ਕਿੰਨੇ ਹੀ ਸਾਲਾਂ ਬਾਅਦ ਮਿਲੋ ਜਾਂ ਫੋਨ ਕਰੋ ਤਾਂ ਅਜਿਹਾ ਸਵਾਲ ਘੱਟ ਹੀ ਸੁਣਨ ਨੂੰ ਮਿਲਦਾ ਹੈ ਕਿ “ਅੱਜ ਕਿਵੇਂ ਯਾਦ ਕੀਤਾ?” ਗੱਲਬਾਤ ਇੰਝ ਚੱਲ ਪੈਂਦੀ ਹੈ ਜਿਵੇਂ ਕੱਲ੍ਹ ਹੀ ਮਿਲੇ ਹੋਈਏ। ਜਿੱਥੇ ਦਿਲ ਦਾ ਰਿਸ਼ਤਾ ਹੁੰਦਾ ਹੈ, ਉੱਥੇ ਯਾਦ ਕਰਵਾਉਣ ਦੀ ਲੋੜ ਨਹੀਂ ਪੈਂਦੀ; ਆਪਣਾਪਨ ਆਪਣੇ ਆਪ ਬੋਲ ਪੈਂਦਾ ਹੈ।
ਮੇਰੇ ਕਾਲਜ ਦੇ ਕਈ ਦੋਸਤ ਪੜ੍ਹਾਈ ਤੋਂ ਬਾਅਦ ਵਿਦੇਸ਼ ਚਲੇ ਗਏ। ਕਾਲਜ ਦੀ ਪੜ੍ਹਾਈ ਮੁੱਕਿਆਂ ਲਗਭਗ ਪੱਚੀ ਸਾਲ ਹੋ ਗਏ ਹਨ, ਪਰ ਜਿਹੜੇ ਮਿੱਤਰ ਉਸ ਵੇਲੇ ਅਸਲੀ ਸਨ, ਉਹ ਅੱਜ ਵੀ ਓਹੋ ਜਿਹੇ ਹਨ। ਫੋਨ ’ਤੇ ਕਦੇ ਇਹ ਨਹੀਂ ਹੁੰਦਾ ਕਿ “ਇੰਨੇ ਸਾਲਾਂ ਬਾਅਦ ਕਿਵੇਂ ਯਾਦ ਆਈ?” ਗੱਲ ਇੰਝ ਚੱਲ ਪੈਂਦੀ ਹੈ ਜਿਵੇਂ ਕੱਲ੍ਹ ਹੀ ਮਿਲੇ ਹੋਈਏ। ਇਹੀ ਅਸਲੀ ਰਿਸ਼ਤੇ ਦੀ ਨਿਸ਼ਾਨੀ ਹੈ, ਜਿੱਥੇ ਸਮਾਂ ਫਾਸਲਾ ਨਹੀਂ ਬਣਦਾ ਅਤੇ ਦੂਰੀ ਰੁਕਾਵਟ ਨਹੀਂ ਬਣਦੀ। ਇੱਕ ਵਾਰੀ ਮੇਰਾ ਇੱਕ ਦੋਸਤ ਕਰੀਬ ਵੀਹ ਸਾਲ ਬਾਅਦ ਆਸਟ੍ਰੇਲੀਆ ਤੋਂ ਆਇਆ। ਮੇਰੇ ਘਰ ਪਹੁੰਚਣ ਲਈ ਉਸਨੇ ਆਪਣੇ ਘਰ ਖੜ੍ਹਾ ਪੁਰਾਣਾ ਸਕੂਟਰ, ਜੋ ਪੰਦਰਾਂ ਸਾਲਾਂ ਤੋਂ ਚੱਲਿਆ ਹੀ ਨਹੀਂ ਸੀ, ਕਿਸੇ ਤਰ੍ਹਾਂ ਸਟਾਰਟ ਕੀਤਾ ਅਤੇ ਸਿੱਧਾ ਮੇਰੇ ਕੋਲ ਆ ਗਿਆ। ਉਸਦੇ ਆਉਣ ਨਾਲ ਮੈਨੂੰ ਫਿਰ ਤੋਂ ਯਕੀਨ ਹੋ ਗਿਆ ਕਿ ਅਸਲੀ ਦੋਸਤੀ ਰਸਤੇ ਨਹੀਂ ਦੇਖਦੀ, ਬੱਸ ਰਿਸ਼ਤੇ ਨਿਭਾਉਂਦੀ ਹੈ।
ਅਸਲੀ ਰਿਸ਼ਤਿਆਂ ਵਿੱਚ ਤਾਅਨਾ/ਮਿਹਣਾ ਨਹੀਂ ਹੁੰਦਾ, ਅਹਿਸਾਨ ਦਾ ਹਿਸਾਬ ਨਹੀਂ ਹੁੰਦਾ। ਉਹ ਬੇਪਰਵਾਹ ਨਹੀਂ ਹੁੰਦੇ, ਬਲਕਿ ਬੇਲਾਗ ਹੁੰਦੇ ਹਨ। ਉੱਥੇ “ਮੈਂ ਕੀਤਾ ਸੀ, ਤੂੰ ਨਹੀਂ ਕੀਤਾ” ਵਾਲੀ ਤੋਲ-ਮੋਲ ਘੱਟ ਹੁੰਦੀ ਹੈ। ਅਸਲੀ ਦੋਸਤ ਦੀ ਮਦਦ ਵਿੱਚ ਰੌਲਾ ਨਹੀਂ, ਸਹੀ ਵੇਲੇ ਸਹਾਰਾ ਹੁੰਦਾ ਹੈ। ਤੇ ਜੇ ਕਦੇ ਲੋੜ ਪੈ ਵੀ ਜਾਵੇ ਤਾਂ ਦੋਸਤ ਕੋਲ ਕੰਮ ਪਹਿਲਾਂ ਦੱਸਿਆ ਜਾਂਦਾ ਹੈ, ਗੱਲਾਂ ਬਾਅਦ ਵਿੱਚ, ਕਿਉਂਕਿ ਆਪਣੇਪਨ ਵਿੱਚ ਝਿਜਕ ਨਹੀਂ ਹੁੰਦੀ। ਉਹ ਰਿਸ਼ਤਾ ਜਦੋਂ ਸੱਚਾ ਹੋਵੇ, ਤਾਂ ਬੰਦੇ ਦੇ ਅੰਦਰ ਇੱਕ ਤਸੱਲੀ ਆ ਜਾਂਦੀ ਹੈ ਕਿ “ਇੱਥੇ ਮੈਂ ਆਪਣੇ ਆਪ ਨੂੰ ਸਾਬਤ ਨਹੀਂ ਕਰਨਾ, ਸਿਰਫ ਆਪਣਾ ਹੋਣਾ ਹੀ ਕਾਫ਼ੀ ਹੈ।”
ਇਸਦੇ ਉਲਟ ਘਰੇਲੂ ਰਿਸ਼ਤਿਆਂ ਅਤੇ ਰਿਸ਼ਤੇਦਾਰੀਆਂ ਵਿੱਚ ਕਈ ਵਾਰ ਨਕਲ ਦਾ ਰੰਗ ਵੱਧ ਦਿਸਦਾ ਹੈ। ਇਹ ਗੱਲ ਜ਼ਰੂਰੀ ਨਹੀਂ ਕਿ ਹਰ ਘਰ ਜਾਂ ਹਰ ਰਿਸ਼ਤੇਦਾਰੀ ਅਜਿਹੀ ਹੀ ਹੋਵੇ, ਚੰਗੇ ਲੋਕ ਹਰ ਥਾਂ ਹੁੰਦੇ ਹਨ। ਪਰ ਅਨੁਭਵ ਇਹ ਵੀ ਦਿਖਾਉਂਦਾ ਹੈ ਕਿ ਕਈ ਰਿਸ਼ਤਿਆਂ ਵਿੱਚ “ਅਹਿਸਾਨ ਜਤਾਉਣਾ”, “ਮੈਂ ਤੇਰੇ ਲਈ ਕੀ ਨਹੀਂ ਕੀਤਾ” ਜਾਂ “ਸਾਡੀ ਪੰਡ ਤੇਰੇ ਸਿਰ” ਵਾਲੀ ਸੋਚ ਪੱਕੀ ਬੈਠੀ ਹੁੰਦੀ ਹੈ। ਕਈ ਵਾਰ ਤਾਂ ਖੂਨ ਦੇ ਰਿਸ਼ਤਿਆਂ ਵਿੱਚ ਵੀ ਤਾਨੇ-ਮਿਹਣੇ ਆਮ ਗੱਲ ਬਣ ਜਾਂਦੇ ਹਨ। ਫਿਰ ਉਹੀ ਰਿਸ਼ਤੇ, ਜਿਹੜੇ ਛਾਂ ਬਣਨੇ ਹੁੰਦੇ ਹਨ, ਉਹ ਧੁੱਪ ਵਾਂਗ ਸਾੜਦੇ ਮਹਿਸੂਸ ਹੋਣ ਲਗਦੇ ਹਨ। ਜਦੋਂ ਰਿਸ਼ਤੇ ਪਿਆਰ ਦੀ ਥਾਂ ਦਾਅਵੇ ਨਾਲ ਨਿਭਣ ਲੱਗ ਪੈਣ, ਤਾਂ ਸਾਂਝ ਘਟ ਜਾਂਦੀ ਹੈ ਅਤੇ ਸਾਹ ਰੁਕਣ ਲੱਗ ਪੈਂਦਾ ਹੈ।
ਦੂਜਾ ਪੜਾਅ ਉਹ ਹੁੰਦਾ ਹੈ ਜਦੋਂ ਅਸੀਂ ਨੌਕਰੀ, ਪੇਸ਼ੇ ਜਾਂ ਬਿਜ਼ਨਸ ਵਿੱਚ ਪੈਰ ਪਾਉਂਦੇ ਹਾਂ। ਉੱਥੇ ਵੀ ਰਿਸ਼ਤੇ ਬਣਦੇ ਹਨ, ਪਰ ਸਕੂਲ-ਕਾਲਜ ਵਾਲੇ ਰਿਸ਼ਤਿਆਂ ਜਿੰਨੇ ਮਜ਼ਬੂਤ ਘੱਟ ਹੀ ਹੁੰਦੇ ਹਨ। ਪੇਸ਼ਾਵਰ ਜਗਤ ਵਿੱਚ ਬਹੁਤੇ ਸੰਬੰਧ ਲੋੜਾਂ ਅਤੇ ਫਾਇਦੇ ਨਾਲ ਜੁੜੇ ਰਹਿੰਦੇ ਹਨ। ਉੱਥੇ ਕਈ ਵਾਰ ਵਾਕ “ਅੱਜ ਕਿਵੇਂ ਯਾਦ ਕੀਤਾ?” ਬੜੀ ਅਸਾਨੀ ਨਾਲ ਸੁਣਨ ਨੂੰ ਮਿਲ ਜਾਂਦਾ ਹੈ, ਕਿਉਂਕਿ ਯਾਦ ਕਰਨ ਦੇ ਪਿੱਛੇ ਅਕਸਰ ਕੋਈ ਮਕਸਦ ਲੁਕਿਆ ਹੁੰਦਾ ਹੈ। ਇੱਥੇ ਸਿਆਣਪ ਇਹ ਹੈ ਕਿ ਰਿਸ਼ਤਾ ਨਿਭਾਇਆ ਜਾਵੇ, ਪਰ ਅੱਖਾਂ ਖੁੱਲ੍ਹੀਆਂ ਰੱਖੀਆਂ ਜਾਣ। ਜਿਹੜਾ ਸੰਬੰਧ ਸਿਰਫ ਮੌਕੇ ਨਾਲ ਜੁੜਿਆ ਹੋਵੇ, ਉਹ ਮੌਕਾ ਲੰਘਣ ਨਾਲ ਅਕਸਰ ਥੰਮ੍ਹ ਜਾਂਦਾ ਹੈ। ਇਸੇ ਲਈ ਇੱਥੇ ਦਿਲੋਂ ਨਹੀਂ, ਦਿਮਾਗ ਨਾਲ ਵੀ ਤੋਲਣਾ ਪੈਂਦਾ ਹੈ।
ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਹਨ ਜੋ ਨਾ ਖੂਨ ਦੇ ਹੁੰਦੇ ਹਨ, ਨਾ ਉਮਰ ਦਾ ਮੇਲ, ਨਾ ਦੋਸਤੀ ਦੇ ਰਵਾਇਤੀ ਖਾਨਿਆਂ ਵਿੱਚ ਫਿੱਟ ਹੁੰਦੇ ਹਨ, ਨਾ ਉਹਨਾਂ ਨੂੰ ਕੋਈ ਪੱਕਾ “ਨਾਮ” ਦਿੱਤਾ ਜਾ ਸਕਦਾ ਹੈ। ਪਰ ਉਹ ਰਿਸ਼ਤੇ ਦਿਲ ਤੋਂ ਬਣਦੇ ਹਨ, ਕਈ ਵਾਰ ਰੂਹ ਤਕ ਉੱਤਰ ਜਾਣ ਵਾਲੇ। ਇਨ੍ਹਾਂ ਵਿੱਚ ਕਿਸੇ ਲਾਭ ਦਾ ਹਿਸਾਬ ਨਹੀਂ ਹੁੰਦਾ, ਸਿਰਫ ਭਲਾਈ ਦੀ ਸੋਚ ਹੁੰਦੀ ਹੈ। ਕਿਸੇ ਲਈ ਸੁੱਖ ਮੰਗਣਾ, ਕਿਸੇ ਚੰਗੇ ਲਈ ਸੋਚਣਾ, ਬਿਨਾਂ ਦੱਸੇ ਪਿੱਛੇ ਖੜ੍ਹ ਕੇ ਸਹਾਇਤਾ ਕਰਦੇ ਰਹਿਣਾ, ਇਹ ਸਭ ਕੁਝ ਇੱਕ ਅਲੱਗ ਹੀ ਸਕੂਨ ਦਿੰਦਾ ਹੈ। ਅਜਿਹੇ ਰਿਸ਼ਤੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸਮਾਜਿਕ ਲੋੜਾਂ ਕਾਰਨ ਤੁਹਾਡੇ ਆਂਡ-ਗੁਆਂਡ ਵਿੱਚ, ਜਾਂ ਤੁਹਾਡੇ ਕੰਮ ਦੀ ਥਾਂ ’ਤੇ ਵੀ ਬਣ ਸਕਦੇ ਹਨ। ਇਹ ਘੱਟ ਮਿਲਦੇ ਹਨ, ਪਰ ਮਿਲ ਜਾਣ ਤਾਂ ਜ਼ਿੰਦਗੀ ਨੂੰ ਸੌਖਾ ਕਰ ਦਿੰਦੇ ਹਨ। ਜਿਵੇਂ ਰਾਹ ਵਿੱਚ ਕਿਤੇ ਛਾਂ ਮਿਲ ਜਾਵੇ, ਤਾਂ ਪੈਰ ਆਪਣੇ ਆਪ ਹੌਲੇ ਹੋ ਜਾਂਦੇ ਹਨ।
ਨਕਲੀ ਰਿਸ਼ਤਿਆਂ ਦੀ ਪਛਾਣ ਵੀ ਅਕਸਰ ਹੌਲੀ-ਹੌਲੀ ਹੋ ਜਾਂਦੀ ਹੈ। ਕਈ ਲੋਕ ਪਹਿਲਾਂ ਇੱਧਰ-ਉੱਧਰ ਦੀਆਂ ਮਿੱਠੀਆਂ ਗੱਲਾਂ ਕਰਕੇ ਮਾਹੌਲ ਬਣਾਉਂਦੇ ਹਨ, ਫਿਰ ਹੌਲੇ-ਹੌਲੇ ਅਸਲ ਮਕਸਦ ’ਤੇ ਆ ਜਾਂਦੇ ਹਨ। ਅਸਲੀ-ਨਕਲੀ ਦੀ ਪਛਾਣ ਜ਼ਬਾਨ ਨਾਲ ਨਹੀਂ, ਦਿਲ ਨਾਲ ਹੋ ਜਾਂਦੀ ਹੈ। ਤੁਹਾਡੇ ਅੰਦਰਲੀ “ਹਾਂ” ਤੇ “ਨਾਂਹ” ਤੁਹਾਨੂੰ ਪਹਿਲਾਂ ਹੀ ਸੰਕੇਤ ਦੇ ਦਿੰਦੀ ਹੈ। ਬੱਸ ਅਸੀਂ ਕਈ ਵਾਰ ਉਹ ਸੰਕੇਤ ਮੰਨਦੇ ਨਹੀਂ, ਜਾਂ ਮਜਬੂਰੀ ਵਿੱਚ ਚੁੱਪ ਰਹਿ ਜਾਂਦੇ ਹਾਂ। ਪਰ ਦਿਲ ਦੀ ਚੁੱਪ ਵੀ ਕਈ ਵਾਰ ਬਹੁਤ ਕੁਝ ਬੋਲਦੀ ਹੈ; ਮੁੱਦਾ ਇਹ ਹੈ ਕਿ ਅਸੀਂ ਉਸਨੂੰ ਸੁਣਦੇ ਕਿੰਨਾ ਕੁ ਹਾਂ।
ਜ਼ਿੰਦਗੀ ਵਿੱਚ ਸਭ ਤੋਂ ਵੱਡਾ ਸੁਖ ਅਕਸਰ ਉਹੀ ਰਿਸ਼ਤੇ ਦਿੰਦੇ ਹਨ ਜਿੱਥੇ ਹਮਦਰਦੀ ਬਿਨਾਂ ਸ਼ਰਤ ਹੁੰਦੀ ਹੈ, ਜਿੱਥੇ ਆਪਣਾ ਹੋਣਾ ਹੀ ਕਾਫ਼ੀ ਹੁੰਦਾ ਹੈ। ਉਸ ਤੋਂ ਬਾਅਦ ਅਸਲੀ ਦੋਸਤੀ, ਫਿਰ ਖੂਨ ਦੇ ਰਿਸ਼ਤੇ, ਤੇ ਉਸ ਮਗਰੋਂ ਉਹ ਰਿਸ਼ਤੇਦਾਰੀਆਂ ਜਿਹੜੀਆਂ ਕਈ ਵਾਰ ਗਿਲੇ-ਸ਼ਿਕਵੇ, ਅਹਿਸਾਨ ਜਤਾਉਣ ਜਾਂ ਹਕੂਮਤ ਜਤਾਉਣ ਨਾਲ ਭਰੀਆਂ ਰਹਿੰਦੀਆਂ ਹਨ। ਹਾਲਾਂਕਿ ਹਰ ਕੋਈ ਇੱਕੋ ਜਿਹਾ ਨਹੀਂ ਹੁੰਦਾ, ਪਰ ਜਿਹੜੇ ਰਿਸ਼ਤੇ ਤੁਹਾਨੂੰ ਛੋਟਾ ਮਹਿਸੂਸ ਕਰਾਉਣ, ਤੁਹਾਡੀ ਅਜ਼ਾਦੀ ਖਾ ਜਾਣ, ਜਾਂ ਹਰ ਗੱਲ ਵਿੱਚ ਅਹਿਸਾਨ ਜਤਾਉਣ, ਉਹਨਾਂ ਤੋਂ ਬਚ ਕੇ ਰਹਿਣਾ ਹੀ ਭਲਾ ਹੁੰਦਾ ਹੈ। ਰਿਸ਼ਤੇ ਸਹਾਰਾ ਬਣਨ ਪਰ ਜ਼ੰਜੀਰ ਨਹੀਂ।
ਖੁਸ਼ਕਿਸਮਤ ਹਨ ਉਹ ਲੋਕ ਜਿਨ੍ਹਾਂ ਕੋਲ ਸਕੂਲ-ਕਾਲਜ ਵਾਲੀ ਅਸਲੀ ਦੋਸਤੀ ਵੀ ਹੈ ਤੇ ਬਿਨਾਂ ਨਾਮ ਦੇ ਸੋਹਣੇ ਉਹ ਰਿਸ਼ਤੇ ਵੀ, ਜਿਹੜੇ ਸਿਰਫ ਦਿਲ ਨਾਲ ਬਣਦੇ ਹਨ। ਇਹ ਰਿਸ਼ਤੇ ਜ਼ਿੰਦਗੀ ਨੂੰ ਸਹਿਜ ਕਰ ਦਿੰਦੇ ਹਨ। ਪਰ ਇਹ ਵੀ ਯਾਦ ਰਹੇ ਕਿ ਅਸਲੀ ਰਿਸ਼ਤੇ ਬਣਾਉਣ ਅਤੇ ਨਿਭਾਉਣ ਵਿੱਚ ਸਾਡਾ ਆਪਣਾ ਕਿਰਦਾਰ ਵੀ ਵੱਡੀ ਭੂਮਿਕਾ ਨਿਭਾਉਂਦਾ ਹੈ। ਇੱਥੇ “ਇੱਕ ਹੱਥ ਦੇ, ਇੱਕ ਹੱਥ ਲੈ” ਵਾਲਾ ਸੌਦਾ ਨਹੀਂ; ਇੱਥੇ “ਇੱਕ ਦਿਲ ਦੇ, ਇੱਕ ਦਿਲ ਪਾ” ਵਾਲੀ ਗੱਲ ਚਲਦੀ ਹੈ। ਜੇ ਅਸੀਂ ਖੁਦ ਸੱਚੇ ਹੋਈਏ, ਤਾਂ ਸੱਚੇ ਰਿਸ਼ਤੇ ਵੀ ਅਕਸਰ ਨੇੜੇ ਆ ਜਾਂਦੇ ਹਨ।
ਅਸਲੀ ਅਤੇ ਨਕਲੀ ਦੀ ਪਛਾਣ ਸਮੇਂ ਨਾਲ ਆਪੇ ਹੀ ਹੋ ਜਾਂਦੀ ਹੈ। ਪਰ ਇੱਕ ਛੋਟੀ ਜਿਹੀ ਨਿਸ਼ਾਨੀ ਮੈਂ ਅਕਸਰ ਮਹਿਸੂਸ ਕੀਤੀ ਹੈ: ਕਿਸੇ ਦਾ ਫੋਨ ਆਵੇ ਤੇ ਤੁਹਾਡੇ ਮਨ ਵਿੱਚ ਹੀ “ਘੰਟੀ” ਵੱਜ ਪਵੇ ਕਿ “ਇਹਨੂੰ ਕੋਈ ਕੰਮ ਹੋਵੇਗਾ”, ਇਹ ਵੀ ਇੱਕ ਇਸ਼ਾਰਾ ਹੈ। ਤੇ ਜਦੋਂ ਕਿਸੇ ਆਪਣੇ ਦੀ ਕਾਲ ਆਵੇ ਤੇ ਤੁਸੀਂ ਖੁਸ਼ੀ ਨਾਲ ਤੁਰੰਤ ਚੱਕੋਂ, ਨਾ ਚੁੱਕ ਸਕੋਂ ਤਾਂ ਫੌਰਨ ਕਾਲ ਬੈਕ ਕਰੋਂ, ਇਹ ਵੀ ਇੱਕ ਇਸ਼ਾਰਾ ਹੈ। ਬੱਸ ਇਨ੍ਹਾਂ ਇਸ਼ਾਰਿਆਂ ਨੂੰ ਸਮਝਣਾ, ਅਤੇ ਆਪਣੇ ਅੰਦਰ ਦੀ ਆਵਾਜ਼ ਨੂੰ ਮਾਣ ਦੇਣਾ, ਅਸਲੀ-ਨਕਲੀ ਦੀ ਪਛਾਣ ਦਾ ਪਹਿਲਾ ਕਦਮ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)















































































































