“ਅੱਜ ਲਗਦਾ ਹੈ ਕਿ ਸਮਾਂ ਬਹੁਤ ਵੱਡਾ ਚਿੱਤਰਕਾਰ ਹੈ; ਉਹ ਹਰ ਚਿਹਰੇ ਦੀਆਂ ਲਕੀਰਾਂ ...”
(26 ਅਗਸਤ 2026)
ਮੇਰੀ ਜਾਣਕਾਰੀ ਮੁਤਾਬਿਕ ਅੱਜ ਵੀ ਕਈ ਸਕੂਲਾਂ ਵਿੱਚ ਛੋਟੇ ਬੱਚਿਆਂ ਨੂੰ ਆਪਣੇ ਪਰਿਵਾਰ ਦਾ ਵੰਸ਼ਾਵਲੀ ਚਾਰਟ, ਜਿਸਨੂੰ ਫੈਮਿਲੀ ਟਰੀ ਕਹਿੰਦੇ ਹਨ, ਬਣਾਉਣ ਲਈ ਦਿੱਤਾ ਜਾਂਦਾ ਹੈ। ਬੱਚੇ ਬੜੇ ਚਾਅ ਨਾਲ ਆਪਣੇ ਭੈਣ-ਭਰਾ, ਮਾਤਾ-ਪਿਤਾ ਅਤੇ ਕਈ ਵਾਰ ਦਾਦਾ-ਦਾਦੀ ਤਕ ਦੇ ਨਾਮ ਲਿਖਦੇ ਹਨ, ਫੋਟੋਆਂ ਵੀ ਲਾ ਦਿੰਦੇ ਹਨ। ਪਰ ਅਕਸਰ ਇਹ ਲੜੀ ਦੋ ਜਾਂ ਤਿੰਨ ਪੀੜ੍ਹੀਆਂ ਤੋਂ ਅੱਗੇ ਨਹੀਂ ਵਧਦੀ। ਇਸ ਤੋਂ ਅੱਗੇ ਦੇ ਨਾਮ ਨਾ ਬੱਚਿਆਂ ਨੂੰ ਪਤਾ ਹੁੰਦੇ ਹਨ ਅਤੇ ਨਾ ਹੀ ਘਰ ਦੇ ਬਹੁਤ ਸਾਰੇ ਮੈਂਬਰਾਂ ਨੂੰ। ਸਮੇਂ ਦੀ ਧੂੜ ਹੌਲੀ-ਹੌਲੀ ਪੁਰਖਿਆਂ ਦੇ ਨਾਮਾਂ, ਚਿਹਰਿਆਂ ਅਤੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਢਕ ਦਿੰਦੀ ਹੈ। ਜਿਨ੍ਹਾਂ ਲੋਕਾਂ ਨੇ ਕਦੇ ਪਰਿਵਾਰ ਦੀ ਨੀਂਹ ਰੱਖੀ ਸੀ, ਉਹ ਹੌਲੀ-ਹੌਲੀ ਸਿਰਫ ਅਣਜਾਣੇ ਨਾਂ ਬਣ ਕੇ ਰਹਿ ਜਾਂਦੇ ਹਨ। ਅੱਜ ਛੁੱਟੀ ਹੋਣ ਕਰਕੇ ਮੈਂ ਘਰ ਦੀ ਅਲਮਾਰੀ ਵਿੱਚ ਪਈਆਂ ਪੁਰਾਣੀਆਂ ਫਾਈਲਾਂ ਸਾਫ ਕਰ ਰਿਹਾ ਸੀ। ਕਾਗਜ਼ ਫਰੋਲਦਿਆਂ ਅਚਾਨਕ ਮੇਰੇ ਹੱਥ ਪਿੰਡ ਦੀ ਜ਼ਮੀਨ ਨਾਲ ਸੰਬੰਧਿਤ ਇੱਕ ਪੁਰਾਣਾ ਕੁਰਸੀਨਾਮਾ ਲੱਗ ਗਿਆ। ਮੈਂ ਉਸਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਸਾਡੇ ਪਰਿਵਾਰ ਦੀਆਂ ਕਈ ਪੀੜ੍ਹੀਆਂ ਦੇ ਨਾਮ ਦਰਜ ਸਨ। ਦਾਦੇ, ਪੜਦਾਦੇ ਅਤੇ ਉਨ੍ਹਾਂ ਤੋਂ ਵੀ ਪਹਿਲਾਂ ਦੇ ਪੁਰਖੇ, ਜਿਨ੍ਹਾਂ ਬਾਰੇ ਮੈਂ ਕਦੇ ਸੁਣਿਆ ਵੀ ਨਹੀਂ ਸੀ। ਕੁਝ ਪਲਾਂ ਲਈ ਮੈਂ ਉਸ ਕਾਗਜ਼ ਨੂੰ ਹੀ ਤੱਕਦਾ ਰਹਿ ਗਿਆ। ਮਨ ਵਿੱਚ ਇੱਕੋ ਗੱਲ ਘੁੰਮ ਰਹੀ ਸੀ ਕਿ ਅੱਜ ਜਿਸ ਘਰ, ਜ਼ਮੀਨ ਅਤੇ ਪਛਾਣ ਉੱਤੇ ਅਸੀਂ ਮਾਣ ਕਰਦੇ ਹਾਂ, ਉਸਦੀ ਨੀਂਹ ਰੱਖਣ ਵਾਲਿਆਂ ਦੇ ਨਾਮ ਹੀ ਅਸੀਂ ਭੁੱਲੇ ਬੈਠੇ ਹਾਂ। ਉਨ੍ਹਾਂ ਦੀ ਮਿਹਨਤ ਦਾ ਫਲ ਤਾਂ ਅਸੀਂ ਮਾਣ ਰਹੇ ਹਾਂ, ਪਰ ਉਨ੍ਹਾਂ ਨੂੰ ਯਾਦ ਕਰਨ ਦੀ ਆਦਤ ਸ਼ਾਇਦ ਸਾਡੇ ਕੋਲ ਨਹੀਂ ਰਹੀ।
ਉਸ ਕੁਰਸੀਨਾਮੇ ਨੇ ਮੈਨੂੰ ਬਚਪਨ ਵਿੱਚ ਪਹੁੰਚਾ ਦਿੱਤਾ। ਦਾਦਾ-ਦਾਦੀ ਤੋਂ ਬਹੁਤ ਕਹਾਣੀਆਂ ਸੁਣੀਆਂ, ਪਰ ਉਹ ਵੀ ਦੋ ਜਾਂ ਤਿੰਨ ਪੀੜ੍ਹੀਆਂ ਤੋਂ ਅੱਗੇ ਨਹੀਂ ਜਾਂਦੀਆਂ ਸਨ। ਉਦੋਂ ਕਦੇ ਸੋਚਿਆ ਨਹੀਂ ਸੀ ਕਿ ਇੱਕ ਦਿਨ ਅਸੀਂ ਵੀ ਆਪਣੇ ਤੋਂ ਪਹਿਲਾਂ ਵਾਲਿਆਂ ਦੇ ਨਾਮ ਭੁੱਲ ਜਾਵਾਂਗੇ। ਅੱਜ ਲਗਦਾ ਹੈ ਕਿ ਸਮਾਂ ਬਹੁਤ ਵੱਡਾ ਚਿੱਤਰਕਾਰ ਹੈ; ਉਹ ਹਰ ਚਿਹਰੇ ਦੀਆਂ ਲਕੀਰਾਂ ਅਤੇ ਹਰ ਨਾਮ ਦੇ ਅੱਖਰ ਹੌਲੀ-ਹੌਲੀ ਮਿਟਾ ਦਿੰਦਾ ਹੈ। ਅੱਜ ਅਸੀਂ ਆਪਣੇ ਕੰਮਾਂ, ਅਹੁਦਿਆਂ ਅਤੇ ਉਪਲਬਧੀਆਂ ’ਤੇ ਮਾਣ ਕਰਦੇ ਹਾਂ, ਪਰ ਕੁਝ ਪੀੜ੍ਹੀਆਂ ਬਾਅਦ ਸ਼ਾਇਦ ਸਾਡਾ ਨਾਮ ਵੀ ਕਿਸੇ ਪੁਰਾਣੇ ਕਾਗਜ਼ ਵਿੱਚ ਹੀ ਰਹਿ ਜਾਵੇ।
ਮੈਨੂੰ ਆਪਣੀ ਨਾਨੀ ਜੀ ਦੀ ਇੱਕ ਆਦਤ ਅੱਜ ਵੀ ਨਹੀਂ ਭੁੱਲਦੀ। ਜਦੋਂ ਉਹ ਥੋੜ੍ਹੇ ਜਿਹੇ ਵੀ ਬਿਮਾਰ ਹੁੰਦੇ ਤਾਂ ਸਾਰੀਆਂ ਮਾਸੀਆਂ ਅਤੇ ਮਾਮਿਆਂ ਨੂੰ ਸੁਨੇਹਾ ਭੇਜ ਦਿੰਦੇ, “ਆ ਜਾਓ, ਪਤਾ ਨਹੀਂ ਫਿਰ ਮਿਲਾਪ ਹੋਵੇ ਜਾਂ ਨਾ ਹੋਵੇ।” ਅਸੀਂ ਸਾਰੇ ਭੈਣ-ਭਰਾ ਅਤੇ ਰਿਸ਼ਤੇਦਾਰ ਇਕੱਠੇ ਹੋ ਜਾਂਦੇ। ਹੈਰਾਨੀ ਦੀ ਗੱਲ ਇਹ ਹੁੰਦੀ ਕਿ ਸਾਨੂੰ ਆਪਣੇ ਕੋਲ ਦੇਖਦੇ ਹੀ ਉਨ੍ਹਾਂ ਦੇ ਚਿਹਰੇ ’ਤੇ ਮੁਸਕਾਨ ਆ ਜਾਂਦੀ ਅਤੇ ਉਹ ਆਪਣੇ ਆਪ ਨੂੰ ਪਹਿਲਾਂ ਨਾਲੋਂ ਕਾਫੀ ਠੀਕ ਮਹਿਸੂਸ ਕਰਨ ਲੱਗ ਪੈਂਦੇ। ਉਸ ਵੇਲੇ ਇਹ ਗੱਲ ਸਮਝ ਨਹੀਂ ਸੀ ਆਉਂਦੀ। ਅੱਜ ਅਹਿਸਾਸ ਹੁੰਦਾ ਹੈ ਕਿ ਬਜ਼ੁਰਗਾਂ ਨੂੰ ਕਈ ਵਾਰ, ਦਵਾਈ ਨਾਲੋਂ ਵੱਧ ਆਪਣੇ ਲੋਕਾਂ ਦਾ ਸਾਥ ਜਿਊਣ ਦੀ ਤਾਕਤ ਦਿੰਦਾ ਹੈ। ਉਹ ਜਾਣਦੇ ਸਨ ਕਿ ਇਸ ਦੁਨੀਆ ਵਿੱਚ ਸਭ ਤੋਂ ਕੀਮਤੀ ਪਲ ਉਹੀ ਹਨ, ਜਦੋਂ ਸਾਰਾ ਪਰਿਵਾਰ ਇੱਕ ਛੱਤ ਹੇਠ ਇਕੱਠਾ ਹੋਵੇ।
ਕੁਰਸੀਨਾਮਾ ਸਿਰਫ ਪਰਿਵਾਰਕ ਇਤਿਹਾਸ ਦਾ ਇੱਕ ਕਾਗਜ਼ ਨਹੀਂ, ਸਗੋਂ ਸਾਡੀਆਂ ਜੜ੍ਹਾਂ ਨਾਲ ਜੋੜਨ ਵਾਲਾ ਇੱਕ ਮਹੱਤਵਪੂਰਨ ਦਸਤਾਵੇਜ਼ ਹੁੰਦਾ ਹੈ। ਪੇਂਡੂ ਖੇਤਰਾਂ ਵਿੱਚ ਅੱਜ ਵੀ ਜ਼ਮੀਨ ਦੀ ਵਿਰਾਸਤ, ਇੰਤਕਾਲ, ਮਾਲਕੀ ਦੇ ਵਿਵਾਦ ਜਾਂ ਵਾਰਸਾਂ ਦੀ ਪਛਾਣ ਲਈ ਇਸਦਾ ਸਹਾਰਾ ਲਿਆ ਜਾਂਦਾ ਹੈ। ਹਰਿਦੁਆਰ ਵਰਗੇ ਪ੍ਰਾਚੀਨ ਤੀਰਥ ਸਥਾਨਾਂ ’ਤੇ ਪੁਰੋਹਿਤਾਂ ਵੱਲੋਂ ਸਦੀਆਂ ਤੋਂ ਸੰਭਾਲੀਆਂ ਜਾ ਰਹੀਆਂ ਵੰਸ਼ਾਵਲੀ ਬਹੀਆਂ ਨੇ ਵੀ ਅਨੇਕਾਂ ਪਰਿਵਾਰਾਂ ਦਾ ਇਤਿਹਾਸ ਆਪਣੇ ਅੰਦਰ ਸਮੇਟਿਆ ਹੋਇਆ ਹੈ। ਇਹ ਸਭ ਸਾਨੂੰ ਯਾਦ ਦਿਵਾਉਂਦਾ ਹੈ ਕਿ ਮਨੁੱਖੀ ਜੀਵਨ ਵੀ ਇੱਕ ਮੇਲੇ ਵਾਂਗ ਹੈ। ਲੋਕ ਆਉਂਦੇ ਹਨ, ਕੁਝ ਸਮਾਂ ਆਪਣੇ ਪਿਆਰਿਆਂ ਨਾਲ ਹੱਸਦੇ-ਖੇਡਦੇ ਹਨ ਅਤੇ ਫਿਰ ਚਲੇ ਜਾਂਦੇ ਹਨ। ਸਮੇਂ ਦੇ ਨਾਲ ਚਿਹਰੇ ਧੁੰਦਲੇ ਹੋ ਜਾਂਦੇ ਹਨ, ਪਰ ਜੜ੍ਹਾਂ ਅਤੇ ਰਿਸ਼ਤਿਆਂ ਦੀ ਪਛਾਣ ਹੀ ਸਾਨੂੰ ਆਪਣੇ ਪੁਰਖਿਆਂ ਨਾਲ ਜੋੜੀ ਰੱਖਦੀ ਹੈ।
ਸ਼ਾਇਦ ਇਸੇ ਲਈ ਸਾਡੀ ਅਸਲ ਦੌਲਤ ਨਾ ਅਹੁਦੇ ਹਨ, ਨਾ ਜਾਇਦਾਦ ਅਤੇ ਨਾ ਹੀ ਸ਼ੋਹਰਤ; ਅਸਲ ਦੌਲਤ ਉਹ ਪਿਆਰ ਹੈ ਜੋ ਅਸੀਂ ਆਪਣੇ ਲੋਕਾਂ ਨੂੰ ਦੇ ਕੇ ਜਾਂਦੇ ਹਾਂ, ਉਹ ਸੰਸਕਾਰ ਹਨ ਜੋ ਅਗਲੀ ਪੀੜ੍ਹੀ ਨੂੰ ਸੌਂਪਦੇ ਹਾਂ ਅਤੇ ਉਹ ਚੰਗੇ ਕਰਮ ਹਨ ਜੋ ਕਿਸੇ ਦੇ ਦਿਲ ਵਿੱਚ ਸਾਡੀ ਥਾਂ ਬਣਾ ਦਿੰਦੇ ਹਨ। ਨਾਮ ਕਾਗਜ਼ਾਂ ਵਿੱਚ ਰਹਿ ਜਾਣ ਜਾਂ ਨਾ ਰਹਿ ਜਾਣ, ਪਰ ਚੰਗੇ ਇਨਸਾਨ ਦੀ ਯਾਦ ਲੋਕਾਂ ਦੇ ਦਿਲਾਂ ਵਿੱਚ ਜਿਊਂਦੀ ਰਹਿੰਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਸਦੀਆਂ ਪੁਰਾਣੇ ਕੁਰਸੀਨਾਮੇ ਅੱਜ ਵੀ ਸਾਨੂੰ ਆਪਣੀਆਂ ਜੜ੍ਹਾਂ ਦੀ ਯਾਦ ਦਿਵਾਉਂਦੇ ਹਨ। ਉਹ ਚੁੱਪਚਾਪ ਇਹੀ ਸਿੱਖਿਆ ਦੇ ਜਾਂਦੇ ਹਨ ਕਿ ਆਪਣੇ ਪੁਰਖਿਆਂ ਨੂੰ ਨਾ ਭੁੱਲੋ, ਆਪਣੇ ਪਰਿਵਾਰ ਨਾਲ ਜੁੜੇ ਰਹੋ ਅਤੇ ਜਦੋਂ ਤਕ ਜੀਵਨ ਹੈ, ਆਪਣੇ ਰਿਸ਼ਤਿਆਂ ਨੂੰ ਪਿਆਰ ਨਾਲ ਨਿਭਾਓ ਕਿਉਂਕਿ ਆਖਰਕਾਰ ਇਹ ਜੱਗ ਸੱਚਮੁੱਚ ਜਿਊਂਦਿਆਂ ਦਾ ਮੇਲਾ ਹੀ ਹੈ, ਜਿੱਥੇ ਹਰ ਕੋਈ ਕੁਝ ਸਮੇਂ ਲਈ ਆਉਂਦਾ ਹੈ, ਆਪਣਾ ਕਿਰਦਾਰ ਨਿਭਾਉਂਦਾ ਹੈ ਅਤੇ ਫਿਰ ਇੱਕ ਯਾਦ ਬਣ ਕੇ ਅੱਗੇ ਲੰਘ ਜਾਂਦਾ ਹੈ। ਇੱਥੇ ਇੱਕ ਪੁਰਾਣੇ ਗਾਣੇ ਦੇ ਬੋਲ ਬਿਲਕੁਲ ਢੁਕਦੇ ਹਨ:
“ਜੱਗ ਵਾਲਾ ਮੇਲਾ ਯਾਰੋ,
ਥੋੜ੍ਹੀ ਦੇਰ ਦਾ,
ਹੱਸਦਿਆਂ ਰਾਤ ਲੰਘੇ,
ਪਤਾ ਨਹੀਂ ਸਵੇਰ ਦਾ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































