SukhdevSJhand7ਭਾਰਤ ਦੀ ਆਜ਼ਾਦੀ ਦੇ ਇਤਿਹਾਸ ਨਾਲ ਸਬੰਧਿਤ ਇਸ ਪੁਸਤਕ ਨੂੰ ਪਾਠਕ ਇੱਕ ਰੋਚਕ ਨਾਵਲ ...SohanSPooni7
(1 ਨਵੰਬਰ 2025)

 

SohanSPooniBookMewaਸੋਹਣ ਸਿੰਘ ਪੂੰਨੀ ਦਾ ਨਾਂ ਪੰਜਾਬ ਦੇ ਗਿਣਵੇਂ-ਚੁਣਵੇਂ ਇਤਿਹਾਸਕਾਰਾਂ ਵਿੱਚ ਸ਼ਾਮਲ ਹੈ। ਸਿੱਖ ਨੈਸ਼ਨਲ ਕਾਲਜ ਬੰਗਾ ਤੋਂ ਬੀ.ਏ. ਕਰਨ ਤੋਂ ਬਾਅਦ ਉਨ੍ਹਾਂ ਨੇ ਉੱਘੇ ਇਤਿਹਾਸਕਾਰ ਡਾ. ਜੇ.ਐੱਸ. ਗਰੇਵਾਲ ਦੀ ਅਗਵਾਈ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1971 ਵਿੱਚ ਇਤਿਹਾਸ ਵਿੱਚ ਐੱਮ.ਏ. ਕੀਤੀ। ਇਸ ਤੋਂ ਉਪਰੰਤ ਬਟਾਲੇ ਦੇ ਬੇਅਰਿੰਗ ਕਾਲਜ ਬਟਾਲਾ ਵਿਖੇ ਡੇਢ ਕੁ ਸਾਲ ਵਿਦਿਆਰਥੀਆਂ ਨੂੰ ਇਤਿਹਾਸ ਦਾ ਵਿਸ਼ਾ ਪੜ੍ਹਾਇਆ ਅਤੇ 1972 ਵਿੱਚ ਉਹ ਕੈਨੇਡਾ ਆ ਗਏ। ਇੱਥੇ ਆਉਣ ’ਤੇ ਉਨ੍ਹਾਂ ਇਤਿਹਾਸਕ ‘ਗ਼ਦਰ ਲਹਿਰ’ ਤੇ ‘ਕਾਮਾਗਾਟਾਮਾਰੂ ਦੁਖਾਂਤ’ ਦਾ ਡੂੰਘਾ ਅਧਿਐਨ ਕੀਤਾ। ਇਨ੍ਹਾਂ ਬਾਰੇ ਅਤੇ ਬੱਬਰ ਅਕਾਲੀ ਲਹਿਰ ਤੇ ਭਾਰਤ ਦੀ ਆਜ਼ਾਦੀ ਲਈ ਲੜੇ ਗਏ ਘੋਲਾਂ ਬਾਰੇ ਉਨ੍ਹਾਂ ਦੇ ਲੇਖ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਭਾਰਤ ਦੀਆਂ ਨਾਮਵਰ ਅਖ਼ਬਾਰਾਂ ਵਿੱਚ ਛਪਦੇ ਰਹੇ, ਜਿਨ੍ਹਾਂ ਸਦਕਾ ਉਹ ਪਾਠਕਾਂ ਵੱਲੋਂ ਇਤਿਹਾਸਕਾਰ ਵਜੋਂ ਜਾਣੇ ਜਾਣ ਲੱਗੇ। ਇਸਦੇ ਨਾਲ ਹੀ ਪੂੰਨੀ ਸਾਹਿਬ ਸਿੱਖ ਇਤਿਹਾਸ ਵਿੱਚ ਵੀ ਡੂੰਘੀ ਦਿਲਚਸਪੀ ਰੱਖਦੇ ਹਨ ਅਤੇ ਇਸਦੇ ਬਾਰੇ ਉਨ੍ਹਾਂ ਦੇ ਲੇਖ ਅਖ਼ਬਾਰਾਂ ਵਿੱਚ ਸਮੇਂ-ਸਮੇਂ ਛਪਦੇ ਰਹਿੰਦੇ ਹਨ।

ਹਥਲੀ ਪੁਸਤਕ ‘ਭਾਈ ਮੇਵਾ ਸਿੰਘ ਦੀ ਸ਼ਹੀਦੀ ਤੇ ਹਾਪਕਿਨਸਨ ਦਾ ਕਤਲ’ ਤੋਂ ਪਹਿਲਾਂ ਗ਼ਦਰੀ ਯੋਧਿਆਂ ਬਾਰੇ ਉਨ੍ਹਾਂ ਦੀਆਂ ਦੋ ਪੁਸਤਕਾਂ ‘ਕਨੇਡਾ ਦੇ ਗ਼ਦਰੀ ਯੋਧੇ’ 2008 ਵਿੱਚ ਅਤੇ ‘ਗ਼ਦਰੀ ਯੋਧਾ ਭਾਈ ਰਤਨ ਸਿੰਘ ਰਾਏਪੁਰ ਡੱਬਾ: ਜੀਵਨ ਅਤੇ ਲਿਖ਼ਤਾਂ’ 2013 ਵਿੱਚ ਛਪ ਚੁੱਕੀਆਂ ਹਨ, ਜਿਨ੍ਹਾਂ ਨੂੰ ਪਾਠਕਾਂ ਵੱਲੋਂ ਵਧੀਆ ਹੁੰਗਾਰਾ ਮਿਲਿਆ ਹੈ। ਇਨ੍ਹਾਂ ਪੁਸਤਕਾਂ ਤੋਂ ਇਲਾਵਾ ਉਨ੍ਹਾਂ ਬੰਗਾ ਸ਼ਹਿਰ ਦੇ ਬਾਰੇ ਦਿਲਚਸਪ ਕਿਤਾਬ ‘ਸਲਾਮ ਬੰਗਾ: ਬੰਗਾ ਦੇ ਲੋਕ ਅਤੇ ਮੇਰੀਆਂ ਯਾਦਾਂ’ ਲਿਖੀ ਜੋ 2022 ਵਿੱਚ ਛਪੀ। ਇਹ ਪੁਸਤਕ ਉਨ੍ਹਾਂ ਦੀ ‘ਆਤਮਕਥਾ’ ਹੋਣ ਦੇ ਨਾਲ ਨਾਲ ਬੰਗਾ ਸ਼ਹਿਰ ਅਤੇ ਇਸਦੇ ਆਲੇ-ਦੁਆਲੇ 12-13 ਕਿਲੋਮੀਟਰ ਘੇਰੇ ਵਿੱਚ ਆਉਂਦੇ ਪਿੰਡਾਂ, ਉੱਥੋਂ ਦੀਆਂ ਮਹਾਨ ਸ਼ਖ਼ਸੀਅਤਾਂ ਅਤੇ ਉਨ੍ਹਾਂ ਵੱਲੋਂ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਪਾਏ ਗਏ ਯੋਗਦਾਨ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕਰਦੀ ਹੈ।

ਹਥਲੀ ਪੁਸਤਕ ਦੇ ਸਿਰਲੇਖ ਵਿੱਚ ਦੋ ਸ਼ਬਦ ‘ਸ਼ਹੀਦੀ’ ਅਤੇ ‘ਕਤਲ’ ਆਉਂਦੇ ਹਨ ਜੋ ਮਨੁੱਖ ਦੇ ਨਾਸ਼ਵਾਨ ਸਰੀਰ ਦੇ ‘ਅੰਤ’ ਨੂੰ ਦਰਸਾਉਂਦੇ ਹਨ। ਇਹ ਦੋਵੇਂ ਸ਼ਬਦ ਇੱਕ ਦੂਸਰੇ ਦੇ ‘ਵਿਰੋਧੀ’ ਸੰਕਲਪ ਹਨ। ਕਿਸੇ ਚੰਗੇ ਅਤੇ ਨੇਕ-ਕੰਮ (Nice Cause) ਲਈ ਜਾਨ ਨਿਸ਼ਾਵਰ ਕਰਨਾ ‘ਸ਼ਹੀਦੀ’ ਅਖਵਾਉਂਦਾ ਹੈ ਅਤੇ ਇਸ ਤਰ੍ਹਾਂ ਦੇਸ਼ ਅਤੇ ਕੌਮ ਤੋਂ ਜਾਨਾਂ ਕੁਰਬਾਨ ਕਰਨ ਵਾਲੇ ‘ਸ਼ਹੀਦ’ ਹਨ ਤੇ ਰਹਿੰਦੀ ਦੁਨੀਆਂ ਤਕ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਰਾਜਗੁਰੂ ਅਤੇ ਸੁਖਦੇਵ, ਸ਼ਹੀਦ ਊਧਮ ਸਿੰਘ ਅਤੇ ਹੋਰ ਹਜ਼ਾਰਾਂ ਹੀ ਦੇਸ਼-ਭਗਤ ਜੋ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਗਏ, ਸਾਡੇ ਲਈ ‘ਮਹਾਨ ਸ਼ਹੀਦ’ ਦਾ ਦਰਜਾ ਰੱਖਦੇ ਹਨ।

ਇਸ ਪੁਸਤਕ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ ‘ਸ਼ਹੀਦ ਭਾਈ ਮੇਵਾ ਸਿੰਘ’, “ਸ਼ਹੀਦ ਭਾਈ ਭਾਗ ਸਿੰਘ’, ਸ਼ਹੀਦ ਭਾਈ ਬਦਨ ਸਿੰਘ ਤੇ ਗ਼ਦਰ ਪਾਰਟੀ ਦੇ ਕਈ ਹੋਰ ਸ਼ਹੀਦਾਂ ਬਾਰੇ ਬਾਖ਼ੂਬੀ ਜ਼ਿਕਰ ਕੀਤਾ ਗਿਆ ਹੈ। ਦੂਸਰੇ ਬੰਨੇ ਵਿਲੀਅਮ ਸੀ. ਹਾਪਕਿਨਸਨ, ਬੇਲਾ ਸਿੰਘ ਜਿਆਣ, ਬਾਬੂ ਸਿੰਘ ਲਿੱਤਰਾਂ, ਨੈਣਾਂ ਸਿੰਘ ਕੰਦੋਲਾ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਵਰਗੇ ‘ਗ਼ੱਦਾਰ’ ਹਨ ਜੋ ਦੇਸ਼-ਭਗਤਾਂ ਦੀ ਜਸੂਸੀ ਕਰਦੇ ਸਨ ਅਤੇ ਉਨ੍ਹਾਂ ਨੂੰ ਕੈਨੇਡਾ ਤੋਂ ਭਾਰਤ ਵਾਪਸ ਭੇਜਣ ਲਈ ਹਰ ਹੀਲਾ ਵਰਤਦੇ ਹਨ। ਦੇਸ਼-ਭਗਤਾਂ ਵੱਲੋਂ ਇਨ੍ਹਾਂ ਗ਼ੱਦਾਰਾਂ ਨੂੰ ਗੋਲੀਆਂ ਨਾਲ ਉਡਾਉਣਾ ‘ਕਤਲ’ ਹੈ।

ਦੇਖਿਆ ਜਾਏ ਤਾਂ ‘ਸ਼ਹੀਦੀ’ ਅਤੇ ‘ਕਤਲ’ ਦੋਵੇਂ ਤੁਲਨਾਤਮਿਕ ਟਰਮਾਂ (Relative Terms) ਹਨ ਅਤੇ ਇਨ੍ਹਾਂ ਦੋਹਾਂ ‘ਨਾਮਕਰਨਾਂ’ ਦਾ ਵਖਰੇਵੇਂ ਵਾਲਾ ਸਬੰਧ ਹੈ। ਇੱਕ ਦੇਸ਼ ਜਾਂ ਕੌਮ ਦੇ ‘ਸ਼ਹੀਦ’ ਦੂਸਰੇ ਦੇਸ਼ ਜਾਂ ਕੌਮ ਲਈ ‘ਕਾਤਲ’ ਹੋ ਸਕਦੇ ਹਨ। ਇਹ ‘ਹੋ ਸਕਦੇ’ ਹੀ ਨਹੀਂ, ਸਗੋਂ ‘ਹੁੰਦੇ’ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਰਾਜਗੁਰੂ ਅਤੇ ਸੁਖਦੇਵ ਅਤੇ ਸ਼ਹੀਦ ਊਧਮ ਸਿੰਘ ਸਾਡੇ ਲਈ ਮਹਾਨ ‘ਸ਼ਹੀਦ’ ਹਨ, ਪਰ ਅੰਗਰੇਜ਼ ਸਰਕਾਰ ਦੀਆਂ ਨਜ਼ਰਾਂ ਵਿੱਚ ਉਹ ‘ਕਾਤਲ’ ਸਨ। ਇਹ ਵੱਖਰੀ ਗੱਲ ਹੈ ਕਿ ਲੋਕਾਂ ਦੀ ਭਾਰੀ ਮੰਗ ਦੇ ਬਾਵਜੂਦ ਆਜ਼ਾਦੀ ਦੇ 78 ਸਾਲਾਂ ਬਾਅਦ ਵੀ ਭਾਰਤ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਅਜੇ ਤਕ ‘ਸ਼ਹੀਦ’ ਦਾ ਦਰਜਾ ਨਹੀਂ ਦਿੱਤਾ ਗਿਆ।

ਇਸੇ ਤਰ੍ਹਾਂ ਹਾਪਕਿਨਸਨ, ਬੇਲਾ ਸਿੰਘ ਜਿਆਣ ਤੇ ਬਾਬੂ ਸਿੰਘ ਲਿੱਤਰਾਂ ਵਰਗੇ ‘ਜਾਸੂਸ’ ਸਾਡੇ ਲਈ ‘ਕਾਤਲ’ ਹਨ ਪਰ ਕੈਨੇਡੀਅਨ ਅਤੇ ਬ੍ਰਿਟਿਸ਼ ਸਰਕਾਰ ਲਈ ਉਹ ‘ਦੇਸ਼-ਭਗਤ’ ਅਤੇ ‘ਸ਼ਹੀਦ’ ਹਨ। ਕੈਨੇਡਾ ਦੇ ਸ਼ਹਿਰ ਵਿਕਟੋਰੀਆ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬਾ ਅਸੈਂਬਲੀ ਹਾਲ ਦੇ ਪਿਛਲੇ ਪਾਸੇ ਬਣੇ ਪਾਰਕ ਵਿੱਚ ਲੱਗੇ ਹੋਏ ‘ਸ਼ਿਲਾਲੇਖ’ ਵਿਚਲੇ 40 ਸ਼ਹੀਦਾਂ ਦੇ ਨਾਂਵਾਂ ਵਿੱਚ ਹਾਪਕਿਨਸਨ ਦਾ ਨਾਂ ਸਭ ਤੋਂ ਉੱਪਰ ਦਰਜ ਕੀਤਾ ਗਿਆ ਹੈ। ਉਸ ਸਮੇਂ ਦੀ ਕੈਨੇਡੀਅਨ ਸਰਕਾਰ, ਜੋ ਕਿ ਬ੍ਰਿਟਿਸ਼ ਸਰਕਾਰ ਦੇ ਅਧੀਨ ਕੰਮ ਕਰਦੀ ਸੀ, ਦੇ ਲਈ ਹਾਪਕਿਨਸਨ ‘ਹੀਰੋ’ ਸੀ। ਇਸੇ ਲਈ ਉਸਦਾ ਨਾਂ ਸ਼ਹੀਦਾਂ ਦੀ ਇਸ ਲਿਸਟ ਵਿੱਚ ਉਸ ਸਮੇਂ ਸਭ ਤੋਂ ਉੱਪਰ ਰੱਖਿਆ ਗਿਆ ਹੋਵੇਗਾ। ਪੁਸਤਕ ਦੇ ਲੇਖਕ ਸੋਹਣ ਸਿੰਘ ਪੂੰਨੀ ਵੱਲੋਂ ਹਾਪਕਿਨਸਨ ਦਾ ਨਾਂ ਇਸ ਲਿਸਟ ਵਿੱਚੋਂ ਕਢਵਾਉਣ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਫੈਡਰਲ ਸਰਕਾਰ ਜੇਕਰ 102 ਸਾਲ ਬਾਅਦ ਕੈਨੇਡਾ ਵਿੱਚ ਵਾਪਰੇ ‘ਕਾਮਾਗਾਟਾ ਮਾਰੂ ਦੁਖਾਂਤ’ ਦੀ ਮੁਆਫ਼ੀ ਮੰਗ ਸਕਦੀ ਹੈ ਤਾਂ ਬੀ.ਸੀ. ਦੀ ਪ੍ਰੋਵਿੰਸ਼ੀਅਲ ਸਰਕਾਰ ਕੀ ਇੰਨਾ ਵੀ ਨਹੀਂ ਕਰ ਸਕਦੀ? ਕਈ ਹੋਰ ਦੇਸ਼-ਭਗਤ ਸੰਸਥਾਵਾਂ ਵੱਲੋਂ ਵੀ ਇਹ ਜਾਇਜ਼ ਮੰਗ ਉਠਾਈ ਜਾ ਰਹੀ ਹੈ।

ਪੁਸਤਕ ਵਿੱਚ ਸ਼ਹੀਦ ਭਾਈ ਮੇਵਾ ਸਿੰਘ ਅਤੇ ਹਾਪਕਿਨਸਨ ਦੀਆਂ ਜੀਵਨੀਆਂ ਤੇ ‘ਕਾਰਨਾਮੇ’ ਦੋਵੇਂ ਨਾਲੋ ਨਾਲ ਚੱਲਦੇ ਹਨ। ਇਸਦੇ ਪਹਿਲੇ ਦੋ ਅਧਿਆਵਾਂ ਵਿੱਚ ਭਾਈ ਮੇਵਾ ਸਿੰਘ ਦੇ ਪਿਛੋਕੜ ਅਤੇ ਉਨ੍ਹਾਂ ਦੇ ਕੈਨੇਡਾ ਆਉਣ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਦਕਿ ਇਸਦੇ ਅਗਲੇ ਤੀਸਰੇ ਅਧਿਆਏ ਵਿੱਚ ਹਾਪਕਿਨਸਨ ਜੋ ਭਾਰਤ ਵਿੱਚ ਪਹਿਲਾਂ ਪੰਜਾਬ ਵਿੱਚ ਇੱਕ ਪੋਲੀਸ ਅਫਸਰ ਸੀ ਤੇ ਫਿਰ ਕੁਝ ਸਮਾਂ ਉਹ ਕਲਕੱਤਾ ਪੋਲੀਸ ਵਿੱਚ ਵੀ ਰਿਹਾ, ਦੇ ਪਿਛੋਕੜ ਅਤੇ ਉਸਦੇ ਕੈਨੇਡਾ ਆਉਣ ਬਾਰੇ ਦੱਸਿਆ ਗਿਆ ਹੈ। ਇਸ ਤੋਂ ਅਗਲੇ ਦੋ ਛੋਟੇ-ਛੋਟੇ ਦੋ ਅਧਿਆਵਾਂ ਵਿੱਚ ਹਿੰਦੋਸਤਾਨੀਆਂ ਨੂੰ ਹਾਂਡੂਰਸ ਭੇਜੇ ਜਾਣ ਵਿੱਚ ਹਾਪਕਿਨਸਨ ਦੀ ਭੂਮਿਕਾ ਅਤੇ ਉਸ ਨੂੰ ਕੈਨੇਡਾ ਦੇ ਇੰਮੀਗਰੇਸ਼ਨ ਵਿਭਾਗ ਨੌਕਰੀ ਮਿਲਣ ਬਾਰੇ ਜ਼ਿਕਰ ਕੀਤਾ ਗਿਆ ਹੈ। ਇੱਥੇ ਹੀ ਉਹ ਭਾਰਤੀਆਂ ਵਿਰੁੱਧ ਜਾਸੂਸੀ ਦੇ ਕੰਮ ਦੀ ਸ਼ੁਰੂਆਤ ਕਰਦਾ ਹੈ। ਉਹ ਤਾਰਕਨਾਥ, ਭਗਵਾਨ ਸਿੰਘ ਅਤੇ ਹਰਨਾਮ ਸਿੰਘ ਸਾਹਰੀ ਵਰਗੇ ਦੇਸ਼-ਭਗਤਾਂ ਨੂੰ ਭਾਰਤ ਵਾਪਸ ਭੇਜਣ ਲਈ ਪੂਰਾ ਟਿੱਲ ਲਾਉਂਦਾ ਹੈ ਅਤੇ ਇਸ ਵਿੱਚ ਕਾਫ਼ੀ ਹੱਦ ਤੀਕ ਕਾਮਯਾਬ ਵੀ ਹੋ ਹੁੰਦਾ ਹੈ।

ਹਾਪਕਿਨਸਨ ਅਕਤੂਬਰ 1911 ਵਿੱਚ ਪਹਿਲੀ ਵਾਰ ਅਮਰੀਕਾ ਜਾਂਦਾ ਹੈ ਅਤੇ ਉੱਥੇ ਸਿਆਟਲ, ਪੋਰਟਲੈਂਡ, ਸਾਨਫਰਾਂਸਿਸਕੋ, ਬਰਕਲੇ ਅਤੇ ਸਟੈਨਫੋਰਡ ਆਦਿ ਸ਼ਹਿਰਾਂ ਵਿੱਚ ਰਹਿ ਰਹੇ ਭਾਰਤੀਆਂ ਬਾਰੇ ਜਾਣਕਾਰੀ ਅਮਰੀਕਨ ਸਰਕਾਰ ਨੂੰ ਦਿੰਦਿਆਂ ਹੋਇਆਂ ਦੱਸਦਾ ਹੈ ਕਿ ਉਹ ਅਮਰੀਕਾ ਦੀ ਸਰਕਾਰ ਲਈ ਕਿੰਨੇ ਖ਼ਤਰਨਾਕ ਸਾਬਤ ਹੋ ਸਕਦੇ ਹਨ। ਅਮਰੀਕਾ ਦਾ ਦੂਸਰਾ ਦੌਰਾ ਉਹ ਦੋ ਸਾਲ ਬਾਅਦ ਜਨਵਰੀ 1913 ਨੂੰ ਕਰਦਾ ਹੈ ਅਤੇ ਬਰਕਲੇ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਬਾਰੇ ਜਾਸੂਸੀ ਕਰਦਾ ਹੋਇਆ ਅਮਰੀਕਨ ਸਰਕਾਰ ਨੂੰ ਸੂਚਿਤ ਕਰਦਾ ਹੈ ਕਿ ਇੱਥੇ ਹਰਦਿਆਲ ਨਾਂ ਦਾ ਹਿੰਦੂ ਲੜਕਾ ਯੂਨੀਵਰਸਿਟੀ ਵਿੱਚ ਪ੍ਰਚਾਰ ਕਰਕੇ ਵਿਦਿਆਰਥੀਆਂ ਨੂੰ ਹਿੰਦੋਸਤਾਨ ਦੀ ਅੰਗਰੇਜ਼ ਸਰਕਾਰ ਵਿਰੁੱਧ ਭੜਕਾ ਰਿਹਾ ਹੈ। ਇਸ ਦੌਰਾਨ ਉਹ ਬ੍ਰਿਟਿਸ਼ ਸਰਕਾਰ ਦੀਆਂ ਨਜ਼ਰਾਂ ਵਿੱਚ ਆਪਣੇ ਨੰਬਰ ਬਣਾਉਣ ਲਈ ਇੰਗਲੈਂਡ ਵੀ ਜਾਂਦਾ ਹੈ।

ਹਾਪਕਿਨਸਨ ਵੱਲੋਂ ਬੇਹੱਦ ਘਟੀਆ ਭੂਮਿਕਾ ‘ਕਾਮਾਗਾਟਾ ਮਾਰੂ ਦੁਖਾਂਤ’ ਕੇਸ ਵਿੱਚ ਨਿਭਾਈ ਗਈ ਹੈ। ‘ਕਾਮਾਗਾਟਾਮਾਰੂ ਜਹਾਜ਼’ ਨੂੰ ਜਦੋਂ 23 ਮਈ ਨੂੰ ਵਿਕਟੋਰੀਆ ਤੋਂ ਵੈਨਕੂਵਰ ਲਿਆਂਦਾ ਗਿਆ ਤਾਂ ਇੰਮੀਗਰੇਸ਼ਨ ਡਿਪਾਰਟਮੈਂਟ ਦੇ ਮੁਖੀ ਮੈਕਾਲਮ ਰੀਡ ਅਤੇ ਹੋਰ ਕਾਨੂੰਨੀ ਸਲਾਹਕਾਰਾਂ ਦੀ ਡਿਊਟੀ ਲਾਈ ਗਈ ਕਿ ਉਹ ਕੈਨੇਡਾ ਸਰਕਾਰ ਦੇ ਉਸ ਸਮੇਂ ਬਣਾਏ ਗਏ ਨਿਯਮਾਂ ਅਨੁਸਾਰ ਭਾਰਤ ਤੋਂ ਸਿੱਧਾ ਕੈਨੇਡਾ ਆਏ ਇਸ ਜਹਾਜ਼ ਦੇ ਮੁਸਾਫਰਾਂ ਨੂੰ ਕਿਸੇ ਵੀ ਹਾਲਤ ਵਿੱਚ ਉੱਤਰਨ ਨਾ ਦੇਣ ਅਤੇ ਉਹ ਇਸ ਕੰਮ ਲਈ ਹਰੇਕ ਹਰਬਾ ਵਰਤ ਰਹੇ ਸਨ। ਪੁਸਤਕ ਲੇਖਕ ਸੋਹਣ ਸਿੰਘ ਪੂੰਨੀ ਅਨੁਸਾਰ, “ਉਹ ਹਰ ਹਾਲਤ ਵਿੱਚ ਮੁਸਾਫਰਾਂ ਦੇ ਵਕੀਲ ਮਿਸਟਰ ਬਰਡ ਨੂੰ ਸੁਪਰੀਮ ਕੋਰਟ ਵਿੱਚ ‘ਰਿਟ ਆਫ ਹੇਬੀਕਸ ਕਾਰਪਸ’ ਲਈ ਅਰਜ਼ੀ ਦੇਣ ਵਿੱਚ ਕਾਮਯਾਬ ਨਹੀਂ ਸੀ ਹੋਣ ਦੇਣਾ ਚਾਹੁੰਦੇ।” (ਪੰਨਾ-70)

ਉੱਧਰ ਹਾਪਕਿਨਸਨ ਅਤੇ ਦੂਸਰੇ ਇੰਮੀਗਰੇਸ਼ਨ ਅਧਿਕਾਰੀਆਂ ਨੂੰ ਇਹ ਵੀ ਪਤਾ ਸੀ ਕਿ ਜਹਾਜ਼ ਦੇ ਕਿਰਾਏ ਦੀ ਅਗਲੀ ਕਿਸ਼ਤ ਭਰਨ ਦੀ ਆਖ਼ਰੀ ਤਰੀਕ 11 ਜੂਨ ਹੈ ਅਤੇ ਇਸਦੇ ਮੁਸਾਫਰ ਜੇਕਰ ਇਹ ਕਿਸ਼ਤ ਇਸ ਦਿਨ ਤਕ ਨਹੀਂ ਤਾਰਦੇ ਤਾਂ ਕੈਨੇਡਾ ਸਰਕਾਰ ਬਿਨਾਂ ਕਿਸੇ ਕਾਨੂੰਨੀ ਝਮੇਲੇ ਵਿੱਚ ਪੈਣ ਦੇ ਜਹਾਜ਼ ਅਤੇ ਇਸਦੇ ਮੁਸਾਫਰਾਂ ਤੋਂ ਖਹਿੜਾ ਛਡਾ ਸਕਦੀ ਹੈ। ਹਾਪਕਿਨਸਨ ਅਤੇ ਉਸਦੇ ਸਾਥੀਆਂ ਨੂੰ ਪੂਰੀ ਆਸ ਸੀ ਕਿ ਹਿੰਦੋਸਤਾਨੀ ਇਹ ਕਿਸ਼ਤ ਨਹੀਂ ਤਾਰ ਸਕਣਗੇ ਅਤੇ ਜਾਪਾਨੀ ਆਪਣਾ ਜਹਾਜ਼ ਵਾਪਸ ਲੈ ਜਾਣਗੇ। ਪਰ ਵੈਨਕੂਵਰ ਵਾਸੀ ਭਾਰਤੀਆਂ ਨੇ ਉਨ੍ਹਾਂ ਦੀ ਇਸ ਆਸ ਉੱਪਰ ਪਾਣੀ ਫਿਰ ਦਿੱਤਾ।

ਭਾਈ ਮੇਵਾ ਸਿੰਘ ਦੇ ਦੋਸਤ ਖ਼ਾਲਸਾ ਦੀਵਾਨ ਸੋਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਯੂਨਾਈਟਿਡ ਇੰਡੀਆ ਲੀਗ ਦੇ ਪ੍ਰਧਾਨ ਹੁਸੈਨ ਰਹੀਮ ਨੇ ਮਿਲ ਕੇ ਭਾਰਤੀਆਂ ਨੂੰ ਇਸ ਕੰਮ ਲਈ ਮਾਇਕ ਸਹਾਇਤਾ ਦੇਣ ਬਾਰੇ ਚਿੱਠੀ ਲਿਖੀ। ਸਿੱਟੇ ਵਜੋਂ 18 ਹਜ਼ਾਰ ਡਾਲਰ ਇਕੱਠੇ ਹੋ ਗਏ ਅਤੇ ਇਨ੍ਹਾਂ ਵਿੱਚੋਂ ਜਹਾਜ਼ ਦੀ 15 ਹਜ਼ਾਰ ਡਾਲਰ ਦੀ ਕਿਸ਼ਤ ਸਮੇਂ ਸਿਰ ਤਾਰ ਦਿੱਤੀ ਗਈ। ਉੱਧਰ ‘ਕਾਮਾਗਾਟਾ ਮਾਰੂ’ ਨੂੰ ਸਮੁੰਦਰ ਵਿੱਚ ਖੜ੍ਹੇ ਨੂੰ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਸੀ ਅਤੇ ਇੰਮੀਗਰੇਸ਼ਨ ਅਧਿਕਾਰੀ ਹਾਪਕਿਨਸਨ ਦੀ ਸਲਾਹ ’ਤੇ ਜਾਣ-ਬੁੱਝ ਕੇ ਦੇਰੀ ਕਰਨ ਦੀ ਪਾਲਿਸੀ ਅਪਨਾਉਂਦਿਆਂ ਹੋਇਆਂ ਇਸ ਜਹਾਜ਼ ਦੇ ਮੁਸਾਫਰਾਂ ਦੀ ‘ਲੈਂਡਿੰਗ’ ਜਾਂ ‘ਡਿਪੋਰਟੇਸ਼ਨ’ ਬਾਰੇ ਕੋਈ ਫੈਸਲਾ ਨਹੀਂ ਕਰ ਰਹੇ ਸਨ। 18 ਅਤੇ 19 ਜੁਲਾਈ ਵਿਚਲੀ ਰਾਤ ਨੂੰ ਹਾਪਕਿਨਸਨ ਅਤੇ ਕੈਨੇਡੀਅਨ ਅਧਿਕਾਰੀਆਂ ਨੇ ਆਪਣੇ ਨਾਲ 150 ਪੁਲਸੀਏ ਲੈ ਕੇ ‘ਸਮੁੰਦਰੀ ਸ਼ੇਰ’ ਨਾਂ ਦੇ ਜਹਾਜ਼ ’ਤੇ ਸਵਾਰ ਹੋ ਕੇ ‘ਕਾਮਾਗਾਟਾ ਮਾਰੂ’ ’ਤੇ ਹਮਲਾ ਕੀਤਾ। (ਪੰਨਾ-75)

ਦਰਅਸਲ, ਹਾਪਕਿਨਸਨ ਦੀ ਸਕੀਮ ਕਾਮਾਗਾਟਾ ਮਾਰੂ ਜਹਾਜ਼ ’ਤੇ ਧੱਕੇ ਨਾਲ ਕਬਜ਼ਾ ਕਰਕੇ ਉਸ ਨੂੰ ਕੈਨੇਡੀਅਨ ਪਾਣੀਆਂ ਵਿੱਚੋਂ ਬਾਹਰ ਕੱਢਣ ਦੀ ਸੀ ਪਰ ਜਹਾਜ਼ ਦੇ ਮੁਸਾਫਰਾਂ ਨੇ ਇਸਦੀ ਡਟ ਕੇ ਵਿਰੋਧਤਾ ਕਰਦਿਆਂ ਹੋਇਆਂ ਉਸਦੀ ਇਹ ਯੋਜਨਾ ਫੇਲ ਕਰ ਦਿੱਤੀ। ਇਸ ਪਿੱਛੋਂ ਕੈਨੇਡੀਅਨ ਨੇਵੀ ਦਾ ਸਭ ਤੋਂ ਵੱਡਾ ਜਹਾਜ਼ ‘ਰੇਨਬੋ’ ਮੰਗਵਾਇਆ ਗਿਆ। ‘ਕਾਮਾਗਾਟਾ ਮਾਰੂ’ ਦੇ ਨਿਹੱਥੇ ਮੁਸਾਫਰਾਂ ਲਈ ਇਸ ਸ਼ਕਤੀਸ਼ਾਲੀ ਜਹਾਜ਼ ਦਾ ਮੁਕਾਬਲਾ ਕਰਨਾ ਸੰਭਵ ਨਹੀਂ ਸੀ। ਨਤੀਜੇ ਵਜੋਂ 23 ਜੁਲਾਈ 1914 ਨੂੰ ‘ਕਾਮਾਗਾਟਾ ਮਾਰੂ’ ਨੂੰ ਭਾਰਤ ਵਾਪਸ ਮੋੜ ਦਿੱਤਾ ਗਿਆ ਅਤੇ ਕਲਕੱਤੇ ਪਹੁੰਚ ਕੇ ‘ਬਜਬਜ ਘਾਟ’ ਦਾ ਜੋ ਖ਼ੂਨੀ ਸਾਕਾ ਹੋਇਆ, ਉਸ ਤੋਂ ਅਸੀਂ ਸਾਰੇ ਭਲੀਭਾਂਤ ਵਾਕਿਫ ਹਾਂ।

ਇਸ ਦੌਰਾਨ ਭਾਈ ਮੇਵਾ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀ ਭਾਈ ਭਾਗ ਸਿੰਘ ਭਿੱਖੀਵਿੰਡ ਤੇ ਭਾਈ ਬਲਵੰਤ ਸਿੰਘ ਖ਼ੁਰਦਪੁਰ ਹਥਿਆਰ ਖ਼ਰੀਦਣ ਲਈ 16 ਜੁਲਾਈ ਨੂੰ ਅਮਰੀਕਾ ਦੇ ਸ਼ਹਿਰ ‘ਸੂਮਾਸ’ ਪਹੁੰਚਦੇ ਹਨ ਅਤੇ ਉੱਥੋਂ ‘ਰੀਜ਼ ਥੌਮਸ’ ਨਾਂ ਦੇ ਹਾਰਡਵੇਅਰ ਸਟੋਰ ਤੋਂ ਚਾਰ ਰਿਵਾਲਵਰ ਖ਼ਰੀਦਦੇ ਹਨ। ਇੱਥੋਂ ਭਾਈ ਮੇਵਾ ਸਿੰਘ ਇਕੱਲੇ ਹੀ ਕੈਨੇਡਾ ਵਾਪਸ ਆਉਣ ਦਾ ਫੈਸਲਾ ਕਰਦੇ ਹਨ। ਉਹ ਆਪਣਾ ਰਿਵਾਲਵਰ ਅਤੇ ਗੋਲੀਆਂ ਦੇ ਤਿੰਨ ਵੱਡੇ ਪੈਕਟ ਜੁਰਾਬ ਅਤੇ ਆਪਣੀ ਝੱਗੀ ਦੀ ਅੰਦਰਲੀ ਜੇਬ ਵਿੱਚ ਲੁਕਾ ਲੈਂਦੇ ਹਨ ਪਰ ਕੈਨੇਡਾ ਵਿੱਚ ਦਾਖ਼ਲ ਹੋਣ ਸਮੇਂ ਬ੍ਰਿਟਿਸ਼ ਕੋਲੰਬੀਆ ਦੀ ਪੋਲੀਸ ਦੇ ਕਾਬੂ ਆ ਜਾਂਦੇ ਹਨ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਫੜਿਆ ਗਿਆ ਰਿਵਾਲਵਰ ਅਤੇ ਉਸਦੇ ਨਾਲ ਫੜੀਆਂ ਗਈਆਂ 500 ਗੋਲੀਆਂ ਉਨ੍ਹਾਂ ਤਿੰਨਾਂ ਰਿਵਾਲਵਰਾਂ ਲਈ ਸਨ ਜੋ ਭਾਈ ਬਲਵੰਤ ਸਿੰਘ ਹੁਰਾਂ ਨੇ ਬਾਅਦ ਵਿੱਚ ਲੈ ਕੇ ਆਉਣੇ ਸਨ। ਭਾਈ ਮੇਵਾ ਸਿੰਘ ਨੂੰ ਕੈਨੇਡੀਅਨ ਪੁਲੀਸ ਵੱਲੋਂ ਨਿਊ ਵੈੱਸਟਮਨਿਸਟਰ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਹੈ।

ਉੱਧਰ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ ਅਤੇ ਬਾਬੂ ਹਰਨਾਮ ਸਿੰਘ ਸਾਹਰੀ ਨੂੰ ਅਮਰੀਕਾ ਵਾਲੇ ਪਾਸੇ ਗ੍ਰਿਫਤਾਰ ਕਰਕੇ ‘ਸੂਮਾਸ ਜੇਲ੍ਹ’ ਵਿੱਚ ਭੇਜਿਆ ਜਾਂਦਾ ਹੈ। ਅਮਰੀਕਾ ਵਿੱਚ ਹਥਿਆਰ ਖ਼ਰੀਦਣੇ ਅਤੇ ਰੱਖਣੇ ਉੱਥੋਂ ਦੇ ਕਾਨੂੰਨ ਮੁਤਾਬਿਕ ਜੁਰਮ ਨਹੀਂ ਹੈ। ਇਸ ਲਈ ਇਨ੍ਹਾਂ ਤਿੰਨਾਂ ਨੂੰ ਦੋ ਹਫਤੇ ਬਾਅਦ ਰਿਹਾ ਕਰ ਦਿੱਤਾ ਜਾਂਦਾ ਹੈ ਪਰ ਇਸਦੇ ਨਾਲ ਹੀ ਹਰਨਾਮ ਸਿੰਘ ਸਾਹਰੀ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕਰ ਦਿੱਤਾ ਜਾਂਦਾ ਹੈ। ਕੈਨੇਡਾ ਵਿੱਚੋਂ ਫੜੇ ਗਏ ਭਾਈ ਮੇਵਾ ਸਿੰਘ ਉੱਪਰ ਪਿਸਤੌਲ ਅਤੇ 500 ਗੋਲੀਆਂ ਸਮਗਲ ਕਰਨ ਦੇ ਦੋਸ਼ ਵਿੱਚ ਉਨ੍ਹਾਂ ਉੱਪਰ ਦੋ ਵੱਖ-ਵੱਖ ਮੁਕੱਦਮੇ ਦਰਜ ਕਰ ਲਏ ਜਾਂਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਨੂੰ 10 ਸਾਲ ਤਕ ਕੈਦ ਦੀ ਸਜ਼ਾ ਹੋ ਸਕਦੀ ਹੈ।

ਹਾਪਕਿਨਸਨ ਅਤੇ ਮੈਕਾਲਮ ਰੀਡ ਦੋਵੇਂ ਮਿਲ ਕੇ ਭਾਈ ਮੇਵਾ ਸਿੰਘ ਨੂੰ ਪੇਸ਼ਕਸ਼ ਕਰਦੇ ਹਨ ਕਿ ਜੇਕਰ ਉਹ ਇਹ ਸਟੇਟਮੈਂਟ ਦੇ ਦੇਣ ਕਿ ਉਨ੍ਹਾਂ ਕੋਲੋਂ ਫੜੇ ਗਏ ਹਥਿਆਰ ਭਾਈ ਬਲਵੰਤ ਸਿੰਘ, ਭਾਈ ਭਾਗ ਸਿੰਘ ਅਤੇ ਬਾਬੂ ਹਰਨਾਮ ਸਿੰਘ ਸਾਹਰੀ ਦੇ ਹਨ, ਅਤੇ ਉਨ੍ਹਾਂ ਨੇ ਇਹ ਹਥਿਆਰ ਵੈਨਕੂਵਰ ਰਹਿੰਦੇ ਗੁਜਰਾਤੀ ਇਨਕਲਾਬੀ ਹੁਸੈਨ ਰਹੀਮ ਲਈ ਭੇਜੇ ਹਨ ਤਾਂ ਉਨ੍ਹਾਂ ਨੂੰ ਮਾਮੂਲੀ ਸਜ਼ਾ ਦਿਵਾ ਕੇ ਛੱਡਿਆ ਜਾ ਸਕਦਾ ਹੈ, ਵਰਨਾ ਉਨ੍ਹਾਂ ਨੂੰ ਪੰਜ ਤੋਂ ਦਸ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਭਾਈ ਮੇਵਾ ਸਿੰਘ ਵੱਲੋਂ ਇਹ ਸਟੇਟਮੈਂਟ ਦੇਣ ਤੋਂ ਸਾਫ ਇਨਕਾਰ ਕਰਨ ’ਤੇ ਹਾਪਕਿਨਸਨ ਡਾਢਾ ਖ਼ਫ਼ਾ ਹੁੰਦਾ ਹੈ।

ਹਾਪਕਿਨਸਨ ਦੀ ਸਭ ਤੋਂ ‘ਘਿਨਾਉਣੀ ਕਰਤੂਤ’ ਬੇਲਾ ਸਿੰਘ ਜਿਆਣੀ ਕੋਲੋਂ ਭਾਈ ਭਾਗ ਸਿੰਘ ਦਾ ਕਤਲ ਕਰਵਾਉਣ ਦੀ ਹੈ। ਦਰਅਸਲ, ਭਾਈ ਭਾਗ ਸਿੰਘ ਚਾਹੁੰਦੇ ਸਨ ਕਿ ਬੇਲਾ ਸਿੰਘ ਹਾਪਕਿਨਸਨ ਲਈ ‘ਟਾਊਟਪੁਣਾ’ ਨਾ ਕਰੇ ਅਤੇ ਉਨ੍ਹਾਂ ਨੇ ਉਸ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਕੇਵਲ ਬਜ਼ਿੱਦ ਹੀ ਨਹੀਂ, ਸਗੋਂ ਦੇਸ਼-ਭਗਤਾਂ ਨੂੰ ਮੰਦੇ ਸ਼ਬਦ ਬੋਲ ਕੇ ਉਲਟਾ ਉਨ੍ਹਾਂ ਦਾ ਮਖ਼ੌਲ ਉਡਾਉਂਦਾ ਸੀ। ਹਾਪਕਿਨਸਨ ਦੀ ਸ਼ਹਿ ’ਤੇ ਬੇਲਾ ਸਿੰਘ ਨੇ ਭਾਈ ਭਾਗ ਸਿੰਘ ਦਾ ਕਤਲ ਉਸ ਸਮੇਂ ਕੀਤਾ ਜਦੋਂ ਉਹ ਵੈਨਕੂਵਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਵਾਲੇ ਤਖ਼ਤਪੋਸ਼ ਦੇ ਕੋਲ ਬੈਠੇ ਸਨ। ਭਾਈ ਬਲਵੰਤ ਸਿੰਘ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਨ।

ਪੁਸਤਕ ਵਿੱਚ ਪੂੰਨੀ ਸਾਹਿਬ ਭਾਈ ਭਾਗ ਸਿੰਘ ਦੀ ਸ਼ਹੀਦੀ ਇੰਜ ਬਿਆਨ ਕਰਦੇ ਹਨ, “ਬੇਲਾ ਸਿੰਘ ਮੱਥਾ ਟੇਕ ਕੇ ਭਾਈ ਭਾਗ ਸਿੰਘ ਦੇ ਪਿੱਛੇ ਚਾਰ-ਪੰਜ ਫੁੱਟ ਦੀ ਦੂਰੀ ’ਤੇ ਬੈਠ ਗਿਆ। 20-25 ਮਿੰਟ ਬਾਅਦ ਜਦੋਂ ਸਾਰੇ ਅਰਦਾਸ ਲਈ ਖੜ੍ਹੇ ਸਨ ਤਾਂ ਬੇਲਾ ਸਿੰਘ ਨੇ ਬੜੀ ਕਾਹਲੀ ਨਾਲ ਪਿਸਤੌਲ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਭ ਤੋਂ ਪਹਿਲਾਂ ਉਸਨੇ ਭਾਈ ਭਾਗ ਸਿੰਘ ਦੇ ਗੋਲੀਆਂ ਮਾਰੀਆਂ। ਜਦੋਂ ਉਹ ਇਹ ‘ਕੁਕਰਮ’ ਕਰ ਰਿਹਾ ਸੀ ਤਾਂ ਭਾਈ ਬਦਨ ਸਿੰਘ ‘ਦਲੇਲ ਸਿੰਘ ਵਾਲਾ’ ਜਦੋਂ ਉਸਦੇ ਵੱਲ ਆਇਆ ਤਾਂ ਉਸਨੇ ਆਪਣੇ ਦੋਵੇਂ ਪਿਸਤੌਲ ਉਸ ਵੱਲ ਸੇਧ ਦਿੱਤੇ ਅਤੇ ਭਾਈ ਬਦਨ ਸਿੰਘ ਦੇ ਉੱਪਰਲੇ ਹਿੱਸੇ ਵਿੱਚ ਚਾਰ ਗੋਲੀਆਂ ਲੱਗੀਆਂ। ਪਰ ਫਿਰ ਵੀ ਜ਼ਖ਼ਮੀ ਭਾਈ ਬਦਨ ਸਿੰਘ ਨੇ ਉਸ ਨੂੰ ਗਲ਼ੋਂ ਜਾ ਫੜਿਆ। ਜੇ ਭਾਈ ਬਦਨ ਸਿੰਘ ਆਪਣੀ ਜਾਨ ’ਤੇ ਖੇਡ ਕੇ ਬੇਲਾ ਸਿੰਘ ਨੂੰ ਗਲ਼ੋਂ ਨਾ ਫੜਦੇ ਤਾਂ ਉਸਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਭਾਈ ਬਲਵੰਤ ਸਿੰਘ ਨੂੰ ਵੀ ਜ਼ਰੂਰ ਗੋਲੀ ਮਾਰ ਦੇਣੀ ਸੀ। ਉਸਦੇ ਵੱਲੋਂ ਚਲਾਈਆਂ ਗਈਆਂ ਗੋਲੀਆਂ ਨਾਲ ਉੱਥੇ ਕਈ ਹੋਰ ਵੀ ਜ਼ਖ਼ਮੀ ਹੋਏ।” (ਪੰਨਾ-89)

ਇਸ ਤੋਂ ਉਪਰੰਤ ਬੇਲਾ ਸਿੰਘ ਨੂੰ ਪੁਲੀਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਭਾਗ ਸਿੰਘ ਅਤੇ ਭਾਈ ਬਦਨ ਸਿੰਘ ਕੋਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੋਹਾਂ ਨੇ ਹਾਪਕਿਨਸਨ ਅਤੇ ਰੀਡ ਦੇ ਸਾਹਮਣੇ ਦਿੱਤੇ ਗਏ ਬਿਆਨਾਂ ਵਿੱਚ ਬੇਲਾ ਸਿੰਘ ਦੀ ਇਸ ਖ਼ੂਨੀ ਕਾਂਡ ਦੇ ਦੋਸ਼ੀ ਵਜੋਂ ਪਛਾਣ ਕੀਤੀ। ਫਿਰ ਅਚਾਨਕ ਹੀ ਭਾਈ ਭਾਗ ਸਿੰਘ ਦੀ ਤਬੀਅਤ ਖਰਾਬ ਹੋ ਗਈ ਅਤੇ 6 ਸਤੰਬਰ 1914 ਨੂੰ ਉਨ੍ਹਾਂ ਵੈਨਕੂਵਰ ਦੇ ਉਸ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਭਾਈ ਬਦਨ ਸਿੰਘ ਵੀ ਚਲਾਣਾ ਕਰ ਗਏ ਅਤੇ ਦੋਹਾਂ ਦਾ ਸਸਕਾਰ ਇੱਕੋ ਚਿਖ਼ਾ ਵਿੱਚ ਕੀਤਾ ਗਿਆ।

ਪੁਸਤਕ ਦਾ ਸਭ ਤੋਂ ਰੋਚਕ ਅਤੇ ਦਿਲਚਸਪ ਅਧਿਆਇ ਭਾਈ ਮੇਵਾ ਸਿੰਘ ਵੱਲੋਂ ਹਾਪਕਿਨਸਨ ਦਾ ਕਤਲ ਕਰਨ ਵਾਲਾ ਹੈ। ਭਾਈ ਮੇਵਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੂਰਾ ਯਕੀਨ ਸੀ ਕਿ ਭਾਈ ਭਾਗ ਸਿੰਘ ਦੇ ਕਤਲ ਵਿੱਚ ਉਨ੍ਹਾਂ ਨੂੰ ਇਨਸਾਫ ਨਹੀਂ ਮਿਲੇਗਾ ਕਿਉਂਕਿ ਹਾਪਕਿਨਸਨ ਦੀ ਪਹੁੰਚ ਸਰਕਾਰ ਵਿੱਚ ‘ਦੂਰ’ ਤਕ ਹੈ ਅਤੇ ਉਹ ਪੂਰੀ ਤਰ੍ਹਾਂ ਬੇਲਾ ਸਿੰਘ ਦੀ ਪਿੱਠ ਪੂਰ ਰਿਹਾ ਸੀ। ਸੰਤ-ਸੁਭਾਅ ਦੇ ਮਾਲਕ ਭਾਈ ਮੇਵਾ ਸਿੰਘ ਬੜੇ ਸਾਊ ਇਨਸਾਨ ਸਨ ਅਤੇ ਹਾਪਕਿਨਸਨ ਉਨ੍ਹਾਂ ਦੇ ਇਸ ‘ਸਾਊਪੁਣੇ’ ਦਾ ਨਾਜਾਇਜ਼ ਫ਼ਾਇਦਾ ਉਠਾਉਣਾ ਚਾਹੁੰਦਾ ਸੀ। ਉਹ ਉਨ੍ਹਾਂ ਨੂੰ ਮਜਬੂਰ ਕਰ ਰਿਹਾ ਸੀ ਕਿ ਭਾਈ ਭਾਗ ਸਿੰਘ ਦੇ ਕਤਲ ਕੇਸ ਵਿੱਚ ਉਹ ਆਪਣੀ ਗਵਾਹੀ ਬੇਲਾ ਸਿੰਘ ਦੇ ਹੱਕ ਵਿੱਚ ਦੇਣ। ਇਸਦੇ ਨਾਲ ਹੀ ਉਸਨੇ ਭਾਈ ਮੇਵਾ ਸਿੰਘ ਨੂੰ ਇਹ ਧਮਕੀ ਵੀ ਦਿੱਤੀ, “ਹੁਣ ਤੂੰ ਬੇਲਾ ਸਿੰਘ ਬਾਰੇ ਗਵਾਹੀ ਦੇਣੀ ਹੈ। ਤੂੰ ਪਾਸਾ ਬਦਲ ਕੇ ਬੇਲਾ ਸਿੰਘ ਦੇ ਹੱਕ ਵਿੱਚ ਗਵਾਹੀ ਦੇ, ਵਰਨਾ ਤੈਨੂੰ ਵੀ ਉਸੇ ਰਸਤੇ ਜਾਣਾ ਪਵੇਗਾ, ਜਿਸ ਰਸਤੇ ਭਾਗ ਸਿੰਘ ਅਤੇ ਬਦਨ ਸਿੰਘ ਗਏ ਹਨ।” (ਪੰਨਾ-93)

ਹਾਪਕਿਨਸਨ ਦੇ ਸੂਹੀਏ ਬਾਬੂ ਸਿੰਘ ਲਿੱਤਰਾਂ ਨੇ ਵੀ ਭਾਈ ਮੇਵਾ ਸਿੰਘ ਨੂੰ ਬੇਲਾ ਸਿੰਘ ਦੇ ਹੱਕ ਵਿੱਚ ਗਵਾਹੀ ਦੇਣ ਲਈ ਕਿਹਾ ਪਰ ਗੁਰੂ ਦੇ ਸੱਚੇ-ਸੁੱਚੇ ਸਿੱਖ ਭਾਈ ਮੇਵਾ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਭਾਗ ਸਿੰਘ ਦੇ ਕਤਲ ਬਾਰੇ ਡਟ ਕੇ ਗਵਾਹੀ ਦਿੱਤੀ। ਆਪਣੇ ਬਿਆਨ ਵਿੱਚ ਉਨ੍ਹਾਂ ਓਹੀ ਕੁਝ ਕਿਹਾ ਜੋ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿੱਚ ਅੱਖੀਂ ਡਿੱਠਾ ਸੀ। ਉਨ੍ਹਾਂ ਕਿਹਾ ਕਿ ਗੁਰਦੁਆਰੇ ਵਿੱਚ ਬੇਲਾ ਸਿੰਘ ਨੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਆਂ ਚਲਾਈਆਂ ਅਤੇ ਸ਼ਰੇਆਮ ਕਤਲ ਕੀਤੇ।

ਭਾਈ ਭਾਗ ਸਿੰਘ ਦੇ ਕਾਤਲ ਬੇਲਾ ਸਿੰਘ ਉੱਤੇ ਵੈਨਕੂਵਰ ਦੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਮੁਕੱਦਮਾ ਚੱਲ ਰਿਹਾ ਸੀ। 21 ਅਕਤੂਬਰ 1914 ਦੇ ਦਿਨ ਹਾਪਕਿਨਸਨ ਬੇਲਾ ਸਿੰਘ ਦੇ ਹੱਕ ਵਿੱਚ ਜਿਊਰੀ ਦੇ ਅੱਗੇ ਬਿਆਨ ਦੇਣ ਲਈ ਪਹੁੰਚਿਆ ਹੋਇਆ ਸੀ। ਸੋਹਣ ਸਿੰਘ ਪੂੰਨੀ ਦੀ ਇਸ ਲਿਖ਼ਤ ਅਨੁਸਾਰ, “ਸਵੇਰ ਦੇ ਦਸ ਵੱਜ ਕੇ ਬਾਰਾਂ ਮਿੰਟ ’ਤੇ ਹਾਪਕਿਨਸਨ ਆਪਣੇ ਦੋਵੇਂ ਹੱਥ ਪਤਲੂਣ ਦੀਆਂ ਜੇਬਾਂ ਵਿੱਚ ਪਾ ਕੇ ਪ੍ਰੋਵਿੰਸ਼ੀਅਲ ਕੋਰਟ ਦੀ ਦੂਸਰੀ ਮੰਜ਼ਲ ’ਤੇ ਕੋਰਟ-ਰੂਮ ਵਿੱਚ ਦਾਖ਼ਲ ਹੋਣ ਵਾਲੇ ਦਰਵਾਜ਼ੇ ਦੇ ਬਿਲਕੁਲ ਕੋਲ, ਬਰਾਂਡੇ ਵਿੱਚ ਕੰਧ ਨਾਲ ਢੋਅ ਲਾਈ ਖੜ੍ਹਾ ਸੀਭਾਈ ਮੇਵਾ ਸਿੰਘ ਘੁੰਮੇਰਦਾਰ ਪੌੜੀਆਂ ਚੜ੍ਹ ਕੇ ਦੂਸਰੀ ਮੰਜ਼ਲ ’ਤੇ ਪਹੁੰਚ ਗਏ ਅਤੇ ਬਰਾਂਡੇ ਵਿੱਚੋਂ ਦੀ ਤੁਰਦੇ ਹੋਏ ਹਾਪਕਿਨਸਨ ਦੇ ਨੇੜੇ ਪਹੁੰਚ ਗਏ। ਉਨ੍ਹਾਂ ਆਪਣਾ ਪਿਸਤੌਲ ਕੱਢਿਆ ਤੇ ਇੱਕ ਕਦਮ ਅੱਗੇ ਵਧ ਕੇ ਸੱਜੇ ਹੱਥ ਨਾਲ ਉਸਦੇ ਗੋਲੀ ਮਾਰੀ। ਹਾਪਕਿਨਸਨ ਨੇ ਮੇਵਾ ਸਿੰਘ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਬੜੀ ਫੁਰਤੀ ਨਾਲ ਉਸਦੇ ਹੋਰ ਗੋਲੀਆਂ ਮਾਰ ਦਿੱਤੀਆਂ। ਭਾਈ ਮੇਵਾ ਸਿੰਘ ਨੇ ਸੱਜੇ ਹੱਥ ਵਿਚ ਫੜੇ ਰਿਵਾਲਵਰ ਦੀ ਹੱਥੀ ਕਈ ਵਾਰ ਹਾਪਕਿਨਸਨ ਦੇ ਸਿਰ ਵਿੱਚ ਮਾਰੀ ਅਤੇ ਨਾਲ ਹੀ ਖ਼ਾਲੀ ਹੋਇਆ ਇਹ ਰਿਵਾਲਵਰ ਭੁੰਜੇ ਸੁੱਟ ਕੇ ਖੱਬੇ ਹੱਥ ਵਿਚ ਫੜੇ ਰਿਵਾਲਵਰ ਨੂੰ ਸੱਜੇ ਵਿੱਚ ਕਰਦਿਆਂ ਦੋ ਹੋਰ ਗੋਲੀਆਂ ਮਾਰੀਆਂ। ਇਸ ਤਰ੍ਹਾਂ ਹਾਪਕਿਨਸਨ ਦੇ ਚਾਰ ਗੋਲੀਆਂ ਲੱਗੀਆਂ ਤੇ ਉਹ ਥਾਂ ’ਤੇ ਹੀ ਮਰ ਗਿਆ। (ਪੰਨਾ-94)

ਹਾਪਕਿਨਸਨ ਦਾ ਕਤਲ ਕਰਕੇ ਭਾਈ ਮੇਵਾ ਸਿੰਘ ਨੇ ਦੌੜਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਬੜੇ ਆਰਾਮ ਨਾਲ ਰਿਵਾਲਵਰ ਸਫ਼ਾਈ ਕਰਨ ਵਾਲੇ ਕਰਮਚਾਰੀ ਨੂੰ ਫੜਾਉਂਦੇ ਹੋਏ ਬੋਲੇ, “ਆਈ ਸ਼ੂਟ, ਆਈ ਗੋ ਸਟੇਸ਼ਨ।” ਪੁਲੀਸ ਦੇ ਆਉਣ ’ਤੇ ਉਨ੍ਹਾਂ ਬਿਨਾਂ ਕਿਸੇ ਵਿਰੋਧ ਦੇ ਆਪਣੇ ਆਪ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ। ਇਸ ਤੋਂ ਨੌਂ ਦਿਨ ਬਾਅਦ 30 ਅਕਤੂਬਰ ਨੂੰ ਵੈਨਕੂਵਰ ਵਿੱਚ ਭਾਈ ਮੇਵਾ ਸਿੰਘ ਵਿਰੁੱਧ ਮੁਕੱਦਮੇ ਦੀ ਕਾਰਵਾਈ ਅਰੰਭ ਹੋਈ। ਅਦਾਲਤ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਉੱਪਰ ਹਾਪਕਿਨਸਨ ਨੂੰ ਕਤਲ ਕਰਨ ਦਾ ਦੋਸ਼ ਹੈ ਜੋ ਉਨ੍ਹਾਂ ਨੇ ਹੱਸ ਕੇ ਕਬੂਲ ਕਰ ਲਿਆ। ਅਦਾਲਤ ਵਿੱਚ ਦਿੱਤੀ ਗਈ ਆਪਣੀ ਲੰਮੀ-ਚੌੜੀ ਸਟੇਟਮੈਂਟ ਵਿੱਚ ਭਾਈ ਭਾਗ ਸਿੰਘ ਨੇ ਕਿਹਾ, “ਇਸ ਸਾਰੇ ‘ਪਵਾੜੇ’ ਅਤੇ ਕਤਲੋ-ਗਾਰਤ ਲਈ ਮਿਸਟਰ ਰੀਡ ਅਤੇ ਮਿਸਟਰ ਹਾਪਕਿਨਸਨ ਜ਼ਿੰਮੇਵਾਰ ਹਨ। ਮੈਂ ਆਪਣੇ ਧਰਮ ਅਤੇ ਆਪਣੇ ਭਾਈਚਾਰੇ ਦੀ ਅਣਖ ਲਈ ਹਾਪਕਿਨਸਨ ਦਾ ਕਤਲ ਕੀਤਾ ਹੈ। ਮੈਂ ਇਹ ‘ਮੁਸੀਬਤਾਂ’ ਹੋਰ ਬਰਦਾਸ਼ਤ ਨਹੀਂ ਸੀ ਕਰ ਸਕਦਾ। (ਪੰਨਾ-115) ਹਾਪਕਿਨਸਨ ਦੇ ਕਤਲ ਦੇ ਦੋਸ਼ ਵਿੱਚ ਭਾਈ ਮੇਵਾ ਸਿੰਘ ਨੂੰ 11 ਜਨਵਰੀ 1915 ਨੂੰ ਫ਼ਾਂਸੀ ਦਿੱਤੀ ਗਈ। ਫ਼ਾਂਸੀ ਲਾਏ ਜਾਣ ਸਮੇਂ ਅੰਤਿਮ ਰਸਮਾਂ ਨਿਭਾਉਣ ਲਈ ਭਾਈ ਮਿੱਤ ਸਿੰਘ ਪੰਡੋਰੀ ਉੱਥੇ ਪਹੁੰਚੇ ਸਨ।

ਇਸਦੇ ਨਾਲ ਹੀ ਪੁਸਤਕ ਦੇ ਆਖ਼ਰੀ ਅਧਿਆਇ ‘ਬਾਅਦ ਵਿੱਚ ਬੇਲਾ ਸਿੰਘ ਦਾ ਕੀ ਬਣਿਆ?ਵੀ ਖ਼ਾਸਾ ਦਿਲਚਸਪ ਹੈ। ਲੇਖਕ ਦੱਸਦਾ ਹੈ ਕਿ ਬੇਲਾ ਸਿੰਘ ਦੀ ਹਾਪਕਿਨਸਨ ਨਾਲ ‘ਗੂੜ੍ਹੀ ਨੇੜਤਾ’ ਹੋਣ ਕਾਰਨ ਜਿਊਰੀ ਨੇ ਸਰਕਾਰੀ ਵਕੀਲ ਦੀ ‘ਦਲੀਲ’ ਕਿ “ਬੇਲਾ ਸਿੰਘ ਦੀ ਜਾਨ ਨੂੰ ਖ਼ਤਰਾ ਸੀ ਤੇ ਗੋਲੀ ਉਸਨੇ ‘ਸੈਲਫ-ਡਿਫ਼ੈਂਸ’ ਵਜੋਂ ਚਲਾਈ ਸੀ” ਨੂੰ ਸਵੀਕਾਰਦਿਆਂ ਹੋਇਆਂ ਭਾਈ ਭਾਗ ਸਿੰਘ ਦੇ ਕਤਲ ਵਾਲੇ ਮੁਕੱਦਮੇ ਵਿੱਚੋਂ ਸਾਫ ਬਰੀ ਕਰ ਦਿੱਤਾ। ਮੁਕੱਦਮੇ ਵਿੱਚੋਂ ਬਰੀ ਹੋ ਕੇ ਉਹ ਬੜਾ ਹੰਕਾਰੀ ਹੋ ਗਿਆ ਸੀ ਅਤੇ ਵੈਨਕੂਵਰ ਦੀਆਂ ਸੜਕਾਂ ’ਤੇ ਆਕੜ-ਆਕੜ ਤੁਰਦਾ ਸੀ। ਬਹੁਤ ਸਾਰੇ ਗ਼ਦਰੀਆਂ ਦੇ ਗ਼ਦਰ ਮਚਾਉਣ ਦੇ ਇਰਾਦੇ ਨਾਲ ਭਾਰਤ ਚਲੇ ਜਾਣ ਕਾਰਨ ‘ਦੇਸ਼-ਭਗਤ ਧੜਾ’ ਭਾਵੇਂ ਪਹਿਲਾਂ ਜਿੰਨਾ ਸ਼ਕਤੀਸ਼ਾਲੀ ਨਹੀਂ ਰਿਹਾ ਸੀ ਪਰ ਇਹ ਮੂਲੋਂ ਖ਼ਤਮ ਨਹੀਂ ਸੀ ਹੋਇਆ। ਗ਼ਦਰੀ ਯੋਧੇ ਜਗਤ ਸਿੰਘ ਮਹਿਰਾ ਭੂਤਵਿੰਡ ਨੇ 18 ਮਾਰਚ 1915 ਨੂੰ ਗਰੈਨਵਿਲ ਸਟਰੀਟ ’ਤੇ ਸਥਿਤ ਹਿੰਦੂ ਸਟੋਰ ਵਿੱਚ ਬੇਲਾ ਸਿੰਘ ਅਤੇ ਉਸਦੇ ਸਾਥੀਆਂ ਉੱਤੇ ਫਾਇਰ ਖੋਲ੍ਹ ਦਿੱਤਾ। ਗੋਲੀ ਬੇਲਾ ਸਿੰਘ ਦੇ ਕੋਟ ਵਿੱਚ ਦੀ ਲੰਘ ਗਈ ਤੇ ਉਹ ਉੱਥੋਂ ਭੱਜ ਕੇ ਬਚ ਗਿਆ ਪਰ ਉਸਦੇ ਦੋ ਸਾਥੀ ਉੱਥੇ ਥਾਂ ’ਤੇ ਮਾਰੇ ਗਏ।

ਜਾਨ ਬਚਾ ਕੇ ਬੇਲਾ ਸਿੰਘ 1 ਜੂਨ 1916 ਨੂੰ ‘ਮੌਂਟਈਗਲ’ ਨਾਂ ਦੇ ਜਹਾਜ਼ ’ਤੇ ਭਾਰਤ ਚਲੇ ਗਿਆ। ਭਾਰਤ ਜਾ ਕੇ ਵੀ ਉਸਨੇ ‘ਟਾਊਟਪੁਣਾ ਨਹੀਂ ਛੱਡਿਆ। ‘ਸੈਕਿੰਡ ਸਪਲੀਮੈਂਟਰੀ ਲਾਹੌਰ ਕਾਂਸਪੀਰੇਸੀ ਕੇਸ’ ਵਿੱਚ ਉਸਨੇ ਭਾਈ ਬਲਵੰਤ ਸਿੰਘ ਖ਼ੁਰਦਪੁਰ ਵਿਰੁੱਧ ਗਵਾਹੀ ਦਿੱਤੀ ਜੋ ਭਾਈ ਸਾਹਿਬ ਨੂੰ ਫ਼ਾਂਸੀ ਦੀ ਸਜ਼ਾ ਦਿਵਾਉਣ ਦਾ ਕਾਰਨ ਬਣੀ। ਅੰਗਰੇਜ਼ ਸਰਕਾਰ ਵੱਲੋਂ ਬੇਲਾ ਸਿੰਘ ਨੂੰ ਸਕਿਉਰਿਟੀ ਦਿੱਤੀ ਗਈ ਸੀ ਤੇ ਪੁਲੀਸ ਦਾ ਹਥਿਆਰਬੰਦ ਸਿਪਾਹੀ ਹਰ ਵੇਲੇ ਉਸਦੇ ਨਾਲ ਰਹਿੰਦਾ ਸੀ। ਉਸ ਨੂੰ ਲਾਇਸੈਂਸੀ ਹਥਿਆਰ ਵੀ ਮਿਲੇ ਹੋਏ ਸਨ। ਉਸ ਨੂੰ ਲਗਦਾ ਸੀ, ਜਿਵੇਂ ਰਾਵਣ ਵਾਂਗ ‘ਕਾਲ’ ਉਸਨੇ ਪਾਵੇ ਨਾਲ ਬੰਨ੍ਹਿਆ ਹੋਵੇ। ਪਰ ਵੈਨਕੂਵਰ ਦੇ ਪੁਰਾਣੇ ਗ਼ਦਰੀਆਂ ਨੇ ਬੇਲਾ ਸਿੰਘ ਅਤੇ ਉਸਦੇ ਯਾਰ ਬਾਬੂ ਸਿੰਘ ਲਿੱਤਰਾਂ ਦਾ ਪਿੱਛਾ ਨਹੀਂ ਛੱਡਿਆ। ਭਾਈ ਜਵਾਲਾ ਸਿੰਘ ਠੱਠੀਆਂ ਨੇ ਬੇਲਾ ਸਿੰਘ ਨੂੰ ਖ਼ਤਮ ਕਰਨ ਦੀ ਡਿਊਟੀ ਕਾਮਰੇਡ ਇੰਦਰ ਸਿੰਘ ਮੁਰਾਰੀ ਅਤੇ ਕੈਨੇਡਾ ਤੋਂ ਗਏ ਹਰੀ ਸਿੰਘ ਸੂੰਢ ਵਰਗੇ ਦੇਸ਼-ਭਗਤਾਂ ਦੀ ਲਾਈ। ਇਨ੍ਹਾਂ ਨੇ ਬੇਲਾ ਸਿੰਘ ਨੂੰ ਮਾਰਨ ਦੀ ਦੋ-ਤਿੰਨ ਵਾਰ ਕੋਸ਼ਿਸ਼ ਕੀਤੀ ਪਰ ਉਹ ਹਰ ਵਾਰ ਬਚ ਜਾਂਦਾ ਰਿਹਾ।

ਅਖ਼ੀਰ ਇੱਕ ਰਾਤ ਉਹ ਇਨ੍ਹਾਂ ਦੇ ਅੜਿੱਕੇ ਆ ਹੀ ਗਿਆ। ਬੇਲਾ ਸਿੰਘ ਹੁਸ਼ਿਆਰਪੁਰ ਤੋਂ ਟਾਂਗੇ ਵਿੱਚ ਸਵਾਰ ਹੋ ਕੇ ਸ਼ਾਮ ਨੂੰ ਹਨੇਰੇ ਹੋਏ ਆਪਣੇ ਪਿੰਡ ਜਿਆਣ ਦੇ ਨੇੜੇ ਪੈਂਦੇ ਚੱਬੇਵਾਲ ਟਾਂਗੇ ਤੋਂ ਉੱਤਰਿਆ ਤਾਂ ਗ਼ਦਰੀਆਂ ਦੇ ਹਮਦਰਦ ਬਖ਼ਸ਼ੀਸ਼ ਸਿੰਘ ਚੱਬੇਵਾਲ ਤੋਂ ਮਿਲੀ ਸੂਹ ’ਤੇ ਹਰੀ ਸਿੰਘ ਸੂੰਢ ਅਤੇ ਈਸ਼ਰ ਸਿੰਘ ਜੰਡੋਲੀ ਨੇ ਇਸ ਨੂੰ ਸਾਹਮਣਿਉਂ ਆ ਘੇਰਿਆ। ਬੇਲਾ ਸਿੰਘ ਉਸ ਸਮੇਂ ਨਸ਼ੇ ਨਾਲ ਧੁੱਤ ਸੀ ਤੇ ਗ਼ਦਰੀਆਂ ਨੂੰ ਗਾਹਲਾਂ ਕੱਢਦਾ ਹੋਇਆ ‘ਅਬਾ-ਤਬਾ’ ਬੋਲ ਰਿਹਾ ਸੀ। ਮੌਕੇ ਦੇ ਚਸ਼ਮਦੀਦ ਗਵਾਹ ਇੰਦਰ ਸਿੰਘ ਮੁਰਾਰੀ ਦੇ ਸ਼ਬਦਾਂ ਵਿੱਚ, “ਹਰੀ ਸਿੰਘ ਸੂੰਢ ਨੇ ਉਸਦੇ ਦੋਵੇਂ ਹੱਥ ਫੜ ਲਏ ਤੇ ਈਸ਼ਰ ਸਿੰਘ ਨੇ ਪਿੱਛੋਂ ਉਸਦੀ ਧੌਣ ਕਾਬੂ ਕਰ ਲਈ। ਨਾਲ ਹੀ ਉਸਨੇ ਆਪਣੀ ਕਿਰਚ ਕੱਢੀ ਉਸਦੇ ਕੁੜਤੇ ਦਾ ਪੱਲਾ ਫੜਕੇ ਖੱਬੀ ਵੱਖੀ ਤੋਂ ਲੈ ਕੇ ਸੱਜੇ ਪੱਟ ਤਕ ਹਿੱਸਾ ਪੱਕੇ ਹੋਏ ਤਰਬੂਜ਼ ਵਾਂਗ ਪਾੜ ਕੇ ਰੱਖ ਦਿੱਤਾ। ਉਹ ਬੁਰੀ ਤਰ੍ਹਾਂ ਤੜਫਣ ਲੱਗਾ ਤੇ ਫਿਰ ਢਿੱਲਾ ਪੈ ਗਿਆ ਪਰ ਜਾਨ ਉਸਦੀ ਅਜੇ ਨਹੀਂ ਸੀ ਨਿਕਲੀ। ਤੇ ਫਿਰ ਵੱਡੀ ਕਿਰਪਾਨ ਨਾਲ ਉਸਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਗਿਆ। ਇਸ ਤਰ੍ਹਾਂ ਇਸ ਬੇ-ਰਹਿਮ ਗ਼ੱਦਾਰ ਦਾ ਅੰਤ ਵੀ 9 ਦਸੰਬਰ 1933 ਨੂੰ ਬੇ-ਰਹਿਮੀ ਨਾਲ ਹੋਇਆ। (ਪੰਨਾ-129)

‘ਸਿੰਘ ਬ੍ਰਦਰਜ਼ ਅੰਮ੍ਰਿਤਸਰ’ ਵੱਲੋਂ ਬੜੇ ਰੂਹ ਨਾਲ ਪ੍ਰਕਾਸ਼ਿਤ ਕੀਤੀ ਗਈ 134 ਪੰਨਿਆਂ ਦੀ ਇਸ ਪੁਸਤਕ ਦੀ ਤਿਆਰੀ ਲਈ ਲੇਖਕ ਨੇ ਸਬੰਧਿਤ ਜਾਣਕਾਰੀ ਬਹੁਤ ਸਾਰੇ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਕੀਤੀ ਹੈ, ਜਿਨ੍ਹਾਂ ਦੀ ਸੂਚੀ ਪੁਸਤਕ ਦੇ ਆਖ਼ਰੀ ਪੰਨਿਆਂ ਪੰਨਾ 131 ਤੋਂ 134 ਉੱਪਰ ਦਰਜ ਕੀਤੀ ਗਈ ਹੈ। ਜਾਣਕਾਰੀ ਨੂੰ ਪ੍ਰਮਾਣਿਕ ਅਤੇ ਅਰਥ-ਭਰਪੂਰ ਬਣਾਉਣ ਲਈ ਥਾਂ-ਪਰ-ਥਾਂ ਰੈਫਰੈੱਸਾਂ, ਟਿੱਪਣੀਆਂ ਅਤੇ ‘ਫੁੱਟ-ਨੋਟਸ’ ਦਿੱਤੇ ਗਏ ਹਨ। ਵਧੀਆ ਕੁਆਲਿਟੀ ਦੇ ਮੋਮੀ ਕਾਗਜ਼ ਉੱਪਰ ਛਪੀ ਇਸ ਪੁਸਤਕ ਦੇ ਹਰੇਕ ਅਧਿਆਇ ਵਿੱਚ ਦਰਜ ਜਾਣਕਾਰੀ ਦੇ ਨਾਲ ਸਬੰਧਿਤ ਤਸਵੀਰਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ, ਜੋ ਇਸ ਨੂੰ ਹੋਰ ਵੀ ਸਾਰਥਿਕ ਅਤੇ ਦਿਲ-ਖਿੱਚਵੀਂ ਬਣਾਉਂਦੀਆਂ ਹਨ। ਭਾਰਤ ਦੀ ਆਜ਼ਾਦੀ ਦੇ ਇਤਿਹਾਸ ਨਾਲ ਸਬੰਧਿਤ ਇਸ ਪੁਸਤਕ ਨੂੰ ਪਾਠਕ ਇੱਕ ਰੋਚਕ ਨਾਵਲ ਵਾਂਗ ਪੜ੍ਹਦਾ ਹੋਇਆ ਅੱਗੇ ਵਧਦਾ ਜਾਂਦਾ ਹੈ। ਅਤੀ ਸਰਲ ਅਤੇ ਦਿਲਚਸਪ ਸ਼ਬਦਾਵਲੀ ਵਿੱਚ ਲਿਖੀ ਗਈ ਇਸ ਪੁਸਤਕ ਲਈ ਮੈਂ ਇਸਦੇ ਲੇਖਕ ਸੋਹਣ ਸਿੰਘ ਪੂੰਨੀ ਨੂੰ ਹਾਰਦਿਕ ਮੁਬਾਰਕਬਾਦ ਦਿੰਦਾ ਹੋਇਆ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਬਹੁ-ਮੁੱਲੀ ਇਤਿਹਾਸਕ ਜਾਣਕਾਰੀ ਭਰਪੂਰ ਇਹ ਪੁਸਤਕ ਪੰਜਾਬੀ ਪਾਠਕਾਂ ਦੀ ਝੋਲੀ ਪਾਈ ਹੈ। ਇਸਦੇ ਨਾਲ ਹੀ ਪਾਠਕਾਂ ਨੂੰ ਇਹ ਪੁਸਤਕ ਪੜ੍ਹਨ ਦੀ ਜ਼ੋਰਦਾਰ ਸਿਫ਼ਾਰਸ਼ ਵੀ ਕਰਦਾ ਹਾਂ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
WhatsApp (1 - 647 - 567 - 9128)
Email: (ssjhand121@gmail.com)

More articles from this author