SukhdevJhandDr7ਅਸੀਂ ਗੁਰਦੁਆਰੇ ਤਾਂ ਬੜੀ ਜਲਦੀ ਤਿਆਰ ਕਰ ਲੈਂਦੇ ਹਾਂ ਪਰ ਕਮਿਊਨਿਟੀ ਸੈਂਟਰ ਬਣਾਉਣ ਵੱਲ ...
(ਫਰਵਰੀ 28, 2016)

 

ਬੀਤੇ ਐਤਵਾਰ 21 ਫਰਵਰੀ ਨੂੰ ਸੰਯੁਕਤ ਰਾਸ਼ਟਰ ਸੰਘ ਵੱਲੋਂ ਐਲਾਨੇ ਗਏ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸਵਾਲੇ ਦਿਨ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਇੱਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਧਾਨਗੀ-ਮੰਡਲ ਵਿੱਚ ਸ਼ਾਮਲ ਇਕਬਾਲ ਰਾਮੂਵਾਲੀਆ, ਪੂਰਨ ਸਿੰਘ ਪਾਂਧੀ, ਗੁਰਦੇਵ ਚੌਹਾਨ, ਜਸਬੀਰ ਕਾਲਰਵੀ, ਪੱਛਮੀ ਪੰਜਾਬ ਦੇ ਰਸ਼ੀਦ ਨਦੀਮ ਅਤੇ ਕਈ ਹੋਰ ਲੇਖਕਾਂ ਵੱਲੋਂ ਦੋਹਾਂ ਪੰਜਾਬਾਂ ਅਤੇ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਅਤੇ ਇਸ ਨੂੰ ਬਿਹਤਰ ਬਣਾਉਣ ਬਾਰੇ ਗੰਭੀਰ ਚਰਚਾ ਕੀਤੀ ਗਈ। ਇਨ੍ਹਾਂ ਲੇਖਕਾਂ ਵੱਲੋਂ ਪੰਜਾਬੀ-ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਆਪਣੇ ਵਿਚਾਰ ਲਿਖਤੀ ਪੇਪਰਾਂ ਅਤੇ ਮੌਖਿਕ ਰੂਪ ਵਿੱਚ ਪੇਸ਼ ਕੀਤੇ ਗਏ। ਕੈਨੇਡਾ ਵਿੱਚ ਪੰਜਾਬੀ ਬੋਲੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਪੂਰਬੀ ਅਤੇ ਪੱਛਮੀ ਪੰਜਾਬ ਦੇ ਲੇਖਕਾਂ ਵੱਲੋਂ ਸਾਂਝੇ ਤੌਰ ਤੇ ਕੰਮ ਕਰਨ ਲਈ ਸਹਿਮਤੀ ਪ੍ਰਗਟਾਈ ਗਈ।

MotherLanguageBoth1

ਸਭਾ ਦੇ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਵੱਲੋਂ ਆਏ ਮਹਿਮਾਨਾਂ ਦੇ ਰਸਮੀ ਸਵਾਗਤ ਅਤੇ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਬਾਰੇ ਸੰਖੇਪ ਜਾਣਕਾਰੀ ਤੋਂ ਬਾਅਦ ਮੰਚ-ਸੰਚਾਲਕ ਤਲਵਿੰਦਰ ਸਿੰਘ ਮੰਡ ਨੇ ਇਸ ਸਮਾਗ਼ਮ ਦੇ ਪਹਿਲੇ ਬੁਲਾਰੇ ਜਸਬੀਰ ਕਾਲਰਵੀ ਨੂੰ ਮਾਈਕ ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਆਪਣੇ ਪੇਪਰ ਵਿੱਚ ਬੀਤੇ ਸਮੇਂ ਵਿੱਚ ਆਰ.ਐੱਸ.ਐੱਸ ਅਤੇ ਮੁਸਲਿਮ ਲੀਗ ਵੱਲੋਂ ਪੰਜਾਬੀ ਭਾਸ਼ਾ ਉੱਪਰ ਹਿੰਦੀ ਅਤੇ ਉਰਦੂ ਨੂੰ ਕਾਬਜ਼ ਕਰਾਉਣ ਦੀਆਂ ਕੋਸ਼ਿਸ਼ਾਂ ਦਾ ਬਾਖ਼ੂਬੀ ਜ਼ਿਕਰ ਕੀਤਾ। ਉਨ੍ਹਾਂ ਨੇ ਪੰਜਾਬੀ ਭਾਸ਼ਾ ਦੀਆਂ ਦੋਵੇਂ ਲਿਪੀਆਂ ਗੁਰਮੁਖੀ ਅਤੇ ਸ਼ਾਹਮੁਖੀ ਲਿਪੀਆਂ ਦਾ ਬਾਖ਼ੂਬੀ ਵਰਨਣ ਕਰਦਿਆਂ ਇਨ੍ਹਾਂ ਨੂੰ ਕ੍ਰਮਵਾਰ 'ਗੁਰੂ' ਅਤੇ 'ਸ਼ਾਹ' ਦੇ ਮੁੱਖੋਂ ਉਚਾਰੀਆਂ ਹੋਈਆਂ ਦੱਸਿਆ।

ਪਾਕਿਸਤਾਨੀ ਲੇਖਕ ਰਸ਼ੀਦ ਨਦੀਮ ਨੇ ਆਪਣੇ ਸੰਬੋਧਨ ਵਿੱਚ ਪੰਜਾਬੀ ਬੋਲੀ ਨੂੰ ਪੱਛਮੀ ਪੰਜਾਬ ਵਿੱਚ ਹੋਰ ਉਤਸ਼ਾਹਤ ਕਰਨ ਲਈ ਇੱਥੇ ਚਲਾਏ ਜਾ ਰਹੇ ਪੰਜਾਬੀ ਫੋਰਮਦੀਆਂ ਕੋਸਿਸ਼ਾਂ ਦਾ ਵਰਨਣ ਕੀਤਾ। ਉਨ੍ਹਾਂ ਕਿਹਾ ਕਿ ਬੇਸ਼ਕ ਉੱਥੇ ਪੰਜਾਬ ਵਿੱਚ ਇਸ ਵੇਲੇ ਉਰਦੂ ਜ਼ਬਾਨ ਹੀ ਪ੍ਰਧਾਨ ਹੈ, ਪਰ ਪੰਜਾਬੀ ਬੋਲੀ ਨੂੰ ਵੀ ਸਿੰਧੀ ਅਤੇ ਬਲੋਚੀ ਵਾਂਗ ਉਚਿਤ ਸਥਾਨ ਦਿਵਾਉਣ ਦੇ ਯਤਨ ਜਾਰੀ ਹਨ। ਹੁਣੇ ਨਵੇਂ ਬਣੇ ਕਾਨੂੰਨ ਅਨੁਸਾਰ ਪੰਜਾਬ ਵਿੱਚ ਇਸ ਸਾਲ ਤੋਂ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਪੰਜਾਬੀ ਪੜ੍ਹਨੀ ਲਾਜ਼ਮੀ ਹੋ ਜਾਏਗੀ। ਪਾਕਿਸਤਾਨੀ ਕਵਿੱਤਰੀ ਸਬੀਨਾ ਤਬੱਸਮ ਨੇ ਆਪਣੀ ਨਜ਼ਮ ਮੈਂ ਗਵਾਚ ਗਈਰਾਹੀਂ ਪੱਛਮੀ ਪੰਜਾਬ ਵਿੱਚ ਪੰਜਾਬੀ ਬੋਲੀ ਦੇ ਗਵਾਚਣ ਦਾ ਜ਼ਿਕਰ ਕਰਦਿਆਂ ਇਸ ਦੇ ਵੱਲੋਂ ਪੂਰੇ ਪੰਜਾਬ ਨੂੰ ਲੱਭਣ ਦੀ ਗੱਲ ਬੜੇ ਖ਼ੂਬਸੂਰਤ ਸ਼ਬਦਾਂ ਵਿੱਚ ਕੀਤੀ।

ਇਕਬਾਲ ਰਾਮੂਵਾਲੀਆ ਨੇ ਆਪਣੇ ਸੰਬੋਧਨ ਵਿੱਚ ਬੋਲੀ ਦੇ ਪਹਿਲਾਂ 5-7 ਮੀਲਾਂ ਤੇ ਅਤੇ ਅੱਜਕੱਲ੍ਹ 50-60 ਮੀਲਾਂ ਤੇ ਬਦਲ ਜਾਣ ਤੋਂ ਸ਼ੁਰੂ ਕਰਕੇ ਹੁਣ ਛਾਪੇਖ਼ਾਨੇ ਵਿੱਚ ਨਵੀਂ ਕੰਪਿਊਟਰ ਟੈਕਨੌਲੋਜੀ ਦੇ ਆ ਜਾਣ ਨਾਲ ਪੰਜਾਬੀ ਬੋਲੀ ਵਿੱਚ ਹੋਈ ਅਮੀਰੀ ਦਾ ਜ਼ਿਕਰ ਕਰਦਿਆਂ ਇਸ ਵਿੱਚ ਹੋਰ ਨਵੇਂ ਸ਼ਬਦਾਂ ਨੂੰ ਜੋੜਨ ਦੀ ਗੱਲ ਕੀਤੀ। ਉਨ੍ਹਾਂ ਨੇ ਵੱਖ-ਵੱਖ ਅੱਖਰਾਂ ਦੀਆਂ ਧੁੰਨੀਆਂ ਦਾ ਜ਼ਿਕਰ ਕਰਦਿਆਂ ਕੁੱਝ ਅੱਖਰਾਂ ਜਿਵੇਂ '', 'ਜ਼', '', '', 'ਸ਼', '', '' ਤੇ '' ਆਦਿ ਦੇ ਸ਼ੁੱਧ-ਉਚਾਰਣ ਅਤੇ ਇਨ੍ਹਾਂ ਦੀ ਯੋਗ ਵਰਤੋਂ, ਵਾਕ-ਬਣਤਰ ਅਤੇ ਸ਼ਬਦ-ਭੰਡਾਰ ਬਾਰੇ ਵਿਸੇਸ਼ ਵਰਨਣ ਕੀਤਾ। ਉਨ੍ਹਾਂ ਵੱਲੋਂ ਸੁਝਾਏ ਗਏ ਕੁੱਝ ਨਵੇਂ ਸ਼ਬਦ ਨਿਸਲੇਵਾਂ’, ‘ਗਿਰਗਟੀ’, ‘ਅਫ਼ੀਮੀਅਤ’, ‘ਨੈਣ-ਗੋਲੀਆਂ’, ਆਦਿ ਉਨ੍ਹਾਂ ਦੇ ਸੰਬੋਧਨ ਦਾ ਮੁੱਖ-ਆਕਰਸ਼ਣ ਬਣੇ।

ਜਸਵੀਰ ਸ਼ਮੀਲ ਨੇ ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਦੀ ਗੱਲ ਕਰਦਿਆਂ ਪੰਜਾਬੀ ਕਮਿਊਨਿਟੀ ਸੈਂਟਰਾਂ ਦੀ ਘਾਟ ਨੂੰ ਬੜੇ ਵਧੀਆ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਗੁਰਦੁਆਰੇ ਤਾਂ ਬੜੀ ਜਲਦੀ ਤਿਆਰ ਕਰ ਲੈਂਦੇ ਹਾਂ ਪਰ ਕਮਿਊਨਿਟੀ ਸੈਂਟਰ ਬਣਾਉਣ ਵੱਲ ਸਾਡਾ ਕੋਈ ਧਿਆਨ ਨਹੀਂ ਹੈ, ਜਿੱਥੇ ਕਮਿਊਨਿਟੀ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ। ਉਨ੍ਹਾਂ ਭਾਸ਼ਾ ਵਿਭਾਗ ਪੰਜਾਬ ਅਤੇ ਸਾਹਿਤ ਅਕੈਡਮੀਆਂ ਵੱਲੋਂ ਦਿੱਤੇ ਜਾਂਦੇ ਇਨਾਮਾਂ ਲਈ ਨਿਰਧਾਰਤ ਨਿਯਮਾਂ ਅਤੇ ਯੋਗਤਾਵਾਂ ਬਾਰੇ ਵੀ ਸਵਾਲ ਖੜ੍ਹਾ ਕੀਤਾ।

ਗੁਰਦੇਵ ਚੌਹਾਨ ਦਾ ਪੇਪਰ ਭਾਸ਼ਾ ਦਾ ਧਰਮ ਤੋਂ ਉੱਪਰ ਉੱਠ ਕੇ ਵਿਚਾਰਾਂ ਦੇ ਅਦਾਨ-ਪ੍ਰਦਾਨ, ਸਕੂਲੀ ਵਿੱਦਿਆ ਮਾਤ-ਭਾਸ਼ਾ ਵਿੱਚ ਦੇਣ ਅਤੇ ਪੰਜਾਬ ਦੇ ਅਜੋਕੇ ਸਰਕਾਰੀ ਸਕੂਲਾਂ ਦੀ ਹਾਲਤ ਤੇ ਕੇਂਦ੍ਰਿਤ ਸੀ ਜਿੱਥੇ ਮੁੱਖ ਤੌਰ ਤੇ ਹੁਣ ਦਲਿਤ ਵਿਦਿਆਰਥੀ ਹੀ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ ਭਾਈ ਕਾਨ੍ਹ ਸਿੰਘ ਦੇ ਮਹਾਨ ਕੋਸ਼ਤੋਂ ਇਲਾਵਾ ਕੋਈ ਹੋਰ ਕੋਸ਼ ਨਹੀਂ ਹੈ। ਪੰਜਾਬੀ ਤੋਂ ਪੰਜਾਬੀ ਡਿਕਸ਼ਨਰੀ ਨਹੀਂ ਹੈ। ਕੇਵਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੀਆਂ ਅੰਗਰੇਜ਼ੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਅੰਗਰੇਜ਼ੀ ਡਿਕਸ਼ਨਰੀਆਂ ਹੀ ਹਨ।

ਇੱਥੋਂ ਦੇ ਇੱਕ ਸਕੂਲ ਵਿੱਚ ਸਾਇੰਸ ਅਤੇ ਪੰਜਾਬੀ ਪੜ੍ਹਾ ਰਹੇ ਅਧਿਆਪਕ ਗੁਰਨਾਮ ਸਿੰਘ ਢਿੱਲੋਂ ਨੇ ਪੰਜਾਬੀ ਕਲਾਸਾਂ ਵਿੱਚ ਲੋੜੀਂਦੇ ਵਿਦਿਆਰਥੀ ਨਾ ਹੋਣ ਕਾਰਨ ਕਈ ਸਕੂਲਾਂ ਵਿੱਚੋਂ ਇਹ ਕਲਾਸਾਂ ਬੰਦ ਹੋਣ ਦਾ ਜ਼ਿਕਰ ਕਰਦਿਆਂ ਮਾਪਿਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀ ਭੇਜਣ ਤੇ ਜ਼ੋਰ ਦਿੱਤਾ। ਕੁਲਜੀਤ ਮਾਨ ਨੇ ਕੰਪਿਊਟਰ ਰਾਹੀਂ ਰਾਵੀਫੌਂਟ ਵਿੱਚ ਪੈਰੀਂ ਬਿੰਦੀ ਵਾਲੇ ਅੱਖਰ ਲਿਖਣ ਲਈ ਕੁਝ ਸੁਝਾ ਦਿੱਤੇ ਅਤੇ ਕਿਹਾ ਕਿ ਸਾਨੂੰ ਸੁਪਨੇ ਪੰਜਾਬੀ ਵਿੱਚ ਹੀ ਆਉਂਦੇ ਹਨ ਪਰ ਸਾਡੀ ਨਵੀਂ ਪੀੜ੍ਹੀ ਇਹ ਸੁਪਨੇ ਅੰਗਰੇਜ਼ੀ ਵਿੱਚ ਹੀ ਲੈਂਦੀ ਹੈ। ਸਾਨੂੰ ਬੱਚਿਆਂ ਦੀ ਇਹ ਮਾਨਸਿਕਤਾ ਬਦਲਣ ਲਈ ਉਨ੍ਹਾਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਲਈ ਉਪਰਾਲੇ ਕਰਨ ਦੀ ਜ਼ਰੂਰਤ ਹੈ।

ਇਨ੍ਹਾਂ ਤੋਂ ਇਲਾਵਾ ਪ੍ਰੋ. ਜਗੀਰ ਸਿੰਘ ਕਾਹਲੋਂ, ਪ੍ਰੋ. ਰਾਮ ਸਿੰਘ, ਪਰਮਜੀਤ ਸਿੰਘ ਗਿੱਲ, ਸੁੰਦਰਪਾਲ ਰਾਜਾਸਾਂਸੀ ਅਤੇ ਜੈਦੀਪ ਸਿੰਘ ਨੇ ਵੀ ਪੰਜਾਬੀ ਬੋਲੀ ਪ੍ਰਤੀ ਆਪਣੀਆਂ ਸ਼ੁਭ-ਭਾਵਨਾਵਾਂ ਪ੍ਰਗਟ ਕਰਦਿਆਂ ਹੋਇਆਂ ਵਿਚਾਰ ਪ੍ਰਗਟ ਕੀਤੇ। ਪ੍ਰੋਗਰਾਮ ਦੇ ਦੌਰਾਨ ਮਾਹੌਲ ਬਦਲਣ ਲਈ ਪਰਮਜੀਤ ਢਿੱਲੋਂ, ਇਕਬਾਲ ਬਰਾੜ, ਸੁਖਵਿੰਦਰ ਘੁਮਾਣ ਨੇ ਪੰਜਾਬੀ ਬੋਲੀ ਨਾਲ ਸਰਸ਼ਾਰ ਗੀਤਾਂ ਰਾਹੀਂ ਹਾਜ਼ਰੀਨ ਦਾ ਮਨੋਰੰਜਨ ਕੀਤਾ। ਸੁੰਦਰਪਾਲ ਰਾਜਾਸਾਂਸੀ ਅਤੇ ਹਰਦਿਆਲ ਝੀਤਾ ਨੇ ਆਪਣੀਆਂ ਕਵਿਤਾਵਾਂ ਵੀ ਸੁਣਾਈਆਂ। ਪ੍ਰਧਾਨਗੀ-ਮੰਡਲ ਵਿੱਚੋਂ ਪ੍ਰੌੜ੍ਹ ਲੇਖਕ ਪੂਰਨ ਸਿੰਘ ਪਾਂਧੀ ਨੇ ਇਸ ਸਮਾਗ਼ਮ ਦੀ ਕਾਰਵਾਈ ਨੂੰ ਸਮੇਟਦਿਆਂ ਹੋਇਆਂ ਜਿੱਥੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੂੰ ਇਸ ਮਹਾਨ ਦਿਵਸ ਤੇ ਇਹ ਮਹੱਤਵਪੂਰਨ ਸੰਜੀਦਾ ਗੋਸ਼ਟੀ ਕਰਾਉਣ ਲਈ ਮੁਬਾਰਕਬਾਦ ਦਿੱਤੀ, ਉੱਥੇ ਉਨ੍ਹਾਂ ਨੇ ਪੰਜਾਬੀ ਬੋਲੀ, ਭਾਸ਼ਾ, ਗੁਰਮੁਖੀ ਲਿਪੀ ਅਤੇ ਇਸ ਵਿੱਚ ਵਾਕ-ਬਣਤਰ ਬਾਰੇ ਆਪਣੇ ਭਾਵ-ਪੂਰਵਕ ਵਿਚਾਰ ਪੇਸ਼ ਕੀਤੇ। ਉਨ੍ਹਾਂ ਪੈਰੀਂ ਬਿੰਦੀ ਵਾਲੇ ਛੇ ਅੱਖਰਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਹੋਇਆਂ ਦੱਸਿਆ ਕਿ ਇਨ੍ਹਾਂ ਵਿੱਚੋਂ ਵੀ 'ਲ਼' ਅੱਖਰ ਬਹੁਤ ਘੱਟ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ, ਜਦ ਕਿ ਕਈ ਇਨ੍ਹਾਂ ਬਿੰਦੀ ਵਾਲੇ ਅੱਖਰਾਂ ਦੀ ਗਿਣਤੀ 'ਸੱਤ' ਵੀ ਦੱਸ ਰਹੇ ਹਨ। ਸੱਤਵੇਂ ਅੱਖਰ ਬਾਰੇ ਘੱਟੋ-ਘੱਟ ਉਨ੍ਹਾਂ ਨੂੰ ਕੋਈ ਗਿਆਨ ਨਹੀਂ ਹੈ, ਜਿਸ ਤੇ ਸਮਾਗ਼ਮ ਵਿੱਚ ਹਾਜ਼ਰ ਸਾਰਿਆਂ ਵੱਲੋਂ ਸਹਿਮਤੀ ਪ੍ਰਗਟਾਈ ਗਈ।

ਅਖ਼ੀਰ ਵਿੱਚ ਸਭਾ ਦੇ ਚੇਅਰਮੈਨ ਬਲਰਾਜ ਚੀਮਾ ਨੇ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸਦੇ ਮੌਕੇ ਇਸ ਸਮਾਗ਼ਮ ਵਿੱਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਹੋਇਆਂ ਇਸ ਸਮਾਗ਼ਮ ਦੀ ਵਿਲੱਖਣਤਾ ਦਾ ਜ਼ਿਕਰ ਕੀਤਾ, ਜਿਸ ਵਿਚ ਬੁਲਾਰਿਆਂ ਨੇ ਵੱਖ-ਵੱਖ ਮੁੱਦਿਆਂ ਤੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ। ਹਾਜ਼ਰੀਨ ਵਿੱਚ ਪਿਆਰਾ ਸਿੰਘ ਤੂਰ, ਅਵਤਾਰ ਸਿੰਘ ਬੈਂਸ, ਮਹਿੰਦਰ ਸਿੰਘ ਵਾਲੀਆ, ਸੁਰਿੰਦਰ ਸਿੰਘ ਸੰਧੂ, ਨਛੱਤਰ ਸਿੰਘ ਬਦੇਸ਼ਾ, ਹਰਜੀਤ ਸਿੰਘ ਬੇਦੀ, ਸੁਖਦੇਵ ਸਿੰਘ ਝੰਡ, ਹਰਜੀਤ ਸਿੰਘ ਬਾਜਵਾ, ਪ੍ਰਤੀਕ ਸਿੰਘ, ਜਗਮੋਹਨ ਸਿੰਘ ਸੰਘਾ, ਗੁਰਜੀਤ ਸਿੰਘ, ਦਰਸ਼ਨ ਸਿੰਘ ਗਰੇਵਾਲ, ਜੋਗਿੰਦਰ ਸਿੰਘ ਅਰੋੜਾ, ਸਰਬਜੀਤ ਕਾਹਲੋਂ ਅਤੇ ਕਈ ਹੋਰ ਸ਼ਾਮਲ ਸਨ।

*****

(200)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

ਡਾ. ਜਸਵਿੰਦਰ ਸੰਧੂ ਲਿਖਦੇ ਹਨ

ਗਿੱਲ ਸਾਹਿਬ,

ਉੱਪਰ ਦੱਸੀ ਮਾਤ-ਭਾਸ਼ਾ ਦਿਵਸ ਦੀ ਰਿਪੋਰਟ ਬਹੁਤ ਹੀ ਸੁਚੱਜੇ ਕੰਮ ਬਾਰੇ ਹੈ ਜੋ ਸਾਡੀ ਮਾਂ-ਬੋਲੀ ਦੇ ਚਹੇਤਿਆਂ ਦਾ ਆਪਣੀ ਮਾਂ ਨਾਲ਼ ਫਿਕਰ ਦਰਸਾਉਂਦੀ ਹੈ। ਮੈਂ ਇਸ ਮੀਟਿੰਗ ਵਿਚ ਸ਼ਾਮਿਲ ਨਹੀਂ ਹੋ ਸਕਿਆ, ਆਪਣੇ ਆਪ ਨੂੰ ਅਭਾਗਾ ਸਮਝਦਾ ਹਾਂ। ਵੈਸੇ ਇੱਕ ਕਾਰਨ ਹੋਰ ਵੀ ਹੈ ਇਸਦਾ ਕਿ ਸਾਡੇ ਚਿੰਤਕ ਇਕੱਲੇ ਇਕੱਲੇ ਹੋ ਕੇ ਚੱਲ ਰਹੇ ਨੇ, ਪਤਾ ਨਹੀਂ ਕਿਉਂ? ਜੇ ਕਿਤੇ ਸਾਨੂੰ ਵੀ ਪਤਾ ਲਗਦਾ ਤਾਂ ਜ਼ਰੂਰ ਹਿੱਸਾ ਲੈਂਦੇ, ਇਸ ਵਧੀਆ ਕਾਰਜ ਵਿਚ। ਖੈਰ, ਮੈਂ ਫਿਰ ਵੀ ਆਪਣੇ ਸਭ ਵੀਰਾਂ-ਭੈਣਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਮਾਂ-ਬੋਲੀ ਲਈ ਇਹ ਉਪਰਾਲਾ ਕੀਤਾ ਸੀ।

ਮੇਰਾ ਇਸ ਈ-ਮੇਲ ਦਾ ਇੱਕ ਹੋਰ ਮੰਤਵ ਹੈ, ਆਪਣੀਆਂ ਦੋਵੇਂ ਲਿਪੀਆਂ ਦੇ ਨਾਵਾਂ ਬਾਰੇ ਚਿੰਤਨ ਦੀ ਲੋੜ ਹੈ। ਉਸ ਲੇਖ ਵਿੱਚੋਂ ਲਈ ਗਈ ਥੱਲੇ ਦਿੱਤੀ ਇਬਾਰਤ ਨੂੰ ਪੜ੍ਹੋ (ਰੰਗ ਬਦਲੀ ਤੇ ਹਾਈਲਾਈਟ ਮੇਰੇ ਕੀਤੇ ਹੋਏ ਨੇ)।

"ਤਲਵਿੰਦਰ ਸਿੰਘ ਮੰਡ ... ਨੇ ਪੰਜਾਬੀ ਭਾਸ਼ਾ ਦੀਆਂ ਦੋਵੇਂ ਲਿਪੀਆਂ ਗੁਰਮੁਖੀ ਅਤੇ ਸ਼ਾਹਮੁਖੀ ਲਿਪੀਆਂ ਦਾ ਬਾਖ਼ੂਬੀ ਵਰਨਣ ਕਰਦਿਆਂ ਇਨ੍ਹਾਂ ਨੂੰ ਕ੍ਰਮਵਾਰ 'ਗੁਰੂ' ਅਤੇ 'ਸ਼ਾਹ' ਦੇ ਮੁੱਖੋਂ ਉਚਾਰੀਆਂ ਹੋਈਆਂ ਦੱਸਿਆ।"

ਸਭ ਜਾਣਦੇ ਹਨ ਕਿ ਲਿਪੀ ਅੱਖਰਾਂ ਜਾਂ ਚਿੰਨਾਂ ਦੀ ਗੱਲ ਹੈ ਜੋ ਸਾਡੀਆਂ ਧੁਨੀਆਂ/ਅਵਾਜ਼ਾਂ ਨੂੰ ਅੰਕਿਤ ਕਰਨ ਲਈ ਬਣਾਏ ਹੋਏ ਹਨ। ਇਹ ਉਚਾਰੇ ਨਹੀਂ ਜਾਂਦੇ ਸਗੋਂ  ਕਲਮ, ਪੈੱਨ, ਪੈੱਨਸਿਲ ਆਦਿ ਨਾਲ਼ ਲਿਖੇ ਜਾਂਦੇ ਹਨ ਜਾਂ ਕੰਪਿਊਟਰ/ਸੈੱਲ ਫੋਨਾਂ ਤੇ ਟਾਈਪ ਕੀਤੇ ਜਾਂਦੇ ਹਨ। ਅੱਖਰਾਂ/ਸ਼ਬਦਾਂ ਨੂੰ ਕਿਸੇ ਗੁਰੂ ਜਾਂ ਸ਼ਾਹ ਦੇ ਮੁੱਖ `ਚੋਂ ਨਿੱਕਲਣ ਵਾਲ਼ੀ ਗੱਲ ਬੇਤੁਕੀ ਹੈ। ਮੈਂ ਨਹੀਂ ਕਹਿੰਦਾ ਕਿ ਆਪਣੇ ਗੁਰੂਆਂ ਦਾ ਅਤੇ ਸ਼ਾਹਾਂ ਦਾ ਇਨ੍ਹਾਂ ਪੰਜਾਬੀ ਲਿਪੀਆਂ ਨੂੰ ਰੂਪ ਦੇਣ ਦਾ ਜਾਂ ਸੁਧਾਰਨ ਦਾ ਕੰਮ ਨਹੀਂ ਹੈ, ਪਰ ਉਨ੍ਹਾਂ ਨੂੰ ਮੁੱਖਾਂ `ਚੋਂ ਨਿੱਕਲ਼ੇ ਦੱਸਣਾ ਤਾਂ ਨਿਰਾ-ਪੁਰਾ ਬੇਤੁਕਾ ਹੈ।

ਮੈਂ ਇਸ ਨੂੰ ਕਿਸੇ ਦਾ ਕਸੂਰ ਤਾਂ ਨਹੀਂ ਮੰਨਦਾ ਪਰ ਇਹ ਸਾਥੋਂ ਗ਼ਲਤੀ ਜ਼ਰੂਰ ਹੋਈ ਹੈ। ਹੁਣ ਸਾਨੂੰ ਆਪਣੀ ਇਹ ਗ਼ਲਤੀ ਸੁਧਾਰ ਲੈਣੀ ਚਾਹੀਦੀ ਹੈ। ਮੇਰਾ ਸੁਝਾਅ ਹੈ ਕਿ ਗੁਰੂਆਂ ਅਤੇ ਸ਼ਾਹਾਂ ਦਾ ਵਾਜਬ ਹੱਕ ਰੱਖਦੇ ਹੋਏ ਇਨ੍ਹਾਂ ਨਾਵਾਂ ਨੂੰ ਤਰਕਸ਼ੀਲ ਨਜ਼ਰੀਏ ਨਾਲ਼ ਗੁਰਲਿਖੀ ਅਤੇ ਸ਼ਾਹਲਿਖੀ ਵਿੱਚ ਤਬਦੀਲ ਕਰ ਦਿੱਤਾ ਜਾਵੇ ਤਾਂ ਜੋ ਸਾਡੀਆਂ ਭਵਿੱਖੀ ਪੀੜ੍ਹੀਆਂ ਵੀ ਇਸਦੇ ਬੇਤੁਕੇ ਹੋਣ ਦੀ ਗੱਲ ਨਾ ਕਰਨ।

ਮਾਂ-ਬੋਲੀ ਦਾ ਇੱਕ ਉਪਾਸ਼ਕ,

ਜਸਵਿੰਦਰ ਸੰਧੂ
ਬਰੈਂਪਟਨ, ਕਨੇਡਾ।
Email: (
This email address is being protected from spambots. You need JavaScript enabled to view it.)

***

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
Email: (ssjhand121@gmail.com)