SukhdevJhandDr7ਅੱਜ ਪੰਜਾਬ ਵਿੱਚ ਪਾਣੀ ਦੀ ਘਾਟ ਹੋਣ ਦੇ ਨਾਲ਼ ਨਾਲ਼ ਇਹ ਜ਼ਹਿਰੀਲਾ ਵੀ ਹੋਇਆ ਪਿਆ ਹੈ ...
(4 ਸਤੰਬਰ 2021)

 

ਮੇਜ਼ ’ਤੇ ਪਏ ਗਲੋਬ ਉੱਪਰ ਨਿਗਾਹ ਮਾਰੀਏ ਹਾਂ ਤਾਂ ਸਾਫ਼ ਨਜ਼ਰੀਂ ਪੈਂਦਾ ਹੈ ਕਿ ਧਰਤੀ ਦਾ ਤਿੰਨ-ਚੌਥਾਈ ਹਿੱਸਾ ਪਾਣੀ ਹੈ ਅਤੇ ਕੇਵਲ ਇੱਕ ਹਿੱਸਾ ਹੀ ਥਲ ਹੈਵਿਗਿਆਨੀਆਂ ਦੇ ਅਨੁਸਾਰ ਇਸ ਧਰਤੀ ਉੱਪਰ ਜੀਵਨ ਸਭ ਤੋਂ ਪਹਿਲਾਂ ਪਾਣੀ ਵਿੱਚ ਸੰਭਵ ਹੋਇਆ ਅਤੇ ਪਾਣੀ ਵਿੱਚ ਪੈਦਾ ਹੋਣ ਵਾਲਾ ਇਹ ਜੀਵ ‘ਅਮੀਬਾ’ (Amoeba) ਸੀਇਹ ਇੱਕ ਸੈੱਲ ਵਾਲਾ ਜੀਵ ਸੀ ਅਤੇ ਇਸਦੇ ਸੈੱਲ ਦੀ ਅੱਗੋਂ ‘ਅੱਧੋ-ਅੱਧੀ ਵੰਡ’ ਜਿਸ ਨੂੰ ਵਿਗਿਆਨਕ ਭਾਸ਼ਾ ਵਿੱਚ ‘ਡਾਈਸੈੱਕਸ਼ਨ’ (Disection) ਕਿਹਾ ਜਾਂਦਾ ਹੈ, ਨਾਲ ਇੱਕ ਤੋਂ ਦੋ, ਦੋ ਤੋਂ ਚਾਰ ਅਤੇ ਚਾਰ ਤੋਂ ਅੱਠ ਅਮੀਬੇ ਬਣੇਪ੍ਰਸਿੱਧ ਵਿਗਿਆਨੀ ਚਾਰਲਿਸ ਡਾਰਵਿਨ ਦੀ ‘ਔਰਿਜਨ ਆਫ ਸਪੀਸ਼ੀਜ਼ ਐਂਡ ਥਿਊਰੀ ਆਫ ਐਵੋਲੂਸ਼ਨ’ ਅਨੁਸਾਰ ਇਸ ਧਰਤੀ ਉੱਪਰ ਪੈਦਾ ਹੋਏ ਜੀਵਾਂ ਵਿੱਚ ਸਮੇਂ ਨਾਲ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ ਅਤੇ ਇਹ ਤਬਦੀਲੀਆਂ ਉਨ੍ਹਾਂ ਵੱਲੋਂ ਸਮੇਂ-ਸਮੇਂ ਗ੍ਰਹਿਣ ਕੀਤੇ ਗਏ ਨਵੇਂ ‘ਵਿਸ਼ੇਸ਼ ਗੁਣਾਂ’ (Triats) ਦੇ ਕਾਰਨ ਹੁੰਦੀਆਂ ਹਨ ਜਿਸ ਨੂੰ ਅਜੋਕੀ ਤਕਨੀਕ ‘ਡੀਐੱਨਏ ਮਿਊਟੇਸ਼ਨ’ (DNA Mutation) ਥਿਊਰੀ ਸਪਸ਼ਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈਅੱਜਕੱਲ੍ਹ ਸਾਰੀ ਦੁਨੀਆਂ ਵਿੱਚ ਫੈਲੀ ਮਹਾਂਮਾਰੀ ਕੋਵਿਡ-19 ਦੇ ਨਿੱਤ ਬਦਲ ਰਹੇ ਰੂਪ ਜਿਨ੍ਹਾਂ ਵਿੱਚ ਹੁਣ ‘ਡੈਲਟਾ’ ਨੂੰ ਸਭ ਤੋਂ ਖ਼ਤਰਨਾਕ ਸਮਝਿਆ ਜਾ ਰਿਹਾ ਹੈ, ਨੂੰ ਵੀ ਵਿਗਿਆਨੀਆਂ ਵੱਲੋਂ ਇਸੇ ਥਿਊਰੀ ਨਾਲ ਸਮਝਣ ਦੇ ਯਤਨ ਜਾਰੀ ਹਨ

ਇੱਕ ਸੈੱਲ ਵਾਲੇ ਜੀਵ ਅਮੀਬਾ ਤੋਂ ਅੱਗੇ ਦੋ ਸੈੱਲਾਂ ਵਾਲੇ ਜੀਵ ਅਤੇ ਫਿਰ ਬਹੁਤੇ ਸੈੱਲਾਂ ਵਾਲੇ ਪਾਣੀ ਵਿੱਚ ਰਹਿਣ ਵਾਲੇ ਜੀਵ ਮੱਛੀਆਂ, ਸੀ-ਅਰਚਨ, ਔਕਟੋਪਸ, ਆਦਿ ਪੈਦਾ ਹੋਏਇਨ੍ਹਾਂ ਵਿੱਚ ਡੱਡੂ, ਸੱਪ ਅਤੇ ਮਗਰਮੱਛ ਆਦਿ ਵੀ ਸ਼ਾਮਲ ਸਨ ਜਿਹੜੇ ਪਾਣੀ ਅਤੇ ਖ਼ੁਸ਼ਕ ਧਰਤੀ ਦੋਹਾਂ ਥਾਂਵਾਂ ’ਤੇ ਹੀ ਰਹਿ ਸਕਦੇ ਹਨਹੌਲੀ-ਹੌਲੀ ਪੂਰੀ ਤਰ੍ਹਾਂ ਖ਼ੁਸ਼ਕੀ ਉੱਪਰ ਰਹਿਣ ਵਾਲੇ ਜੀਵ-ਜੰਤੂ ਅਤੇ ਜਾਨਵਰ ਇਸ ਧਰਤੀ ਉੱਪਰ ਪੈਦਾ ਹੋਏਡਾਰਵਿਨ ਦੀ ਵਿਕਾਸ ਥਿਊਰੀ ਦੇ ਅਨੁਸਾਰ ਅੱਗੇ ਜਾ ਕੇ ਚੌਪਾਏ ਜਾਨਵਰਾਂ ਬਾਂਦਰਾਂ ਅਤੇ ਚੈਂਪੀਜ਼ੀਆਂ, ਆਦਿ ਦਾ ਨੰਬਰ ਆਉਂਦਾ ਹੈ ਜਿਨ੍ਹਾਂ ਤੋਂ ਅੱਗੋਂ ਹੋਰ ਕਰੋੜਾਂ-ਅਰਬਾਂ ਸਾਲਾਂ ਵਿੱਚ ਹੌਲੀ-ਹੌਲੀ ਮਨੁੱਖ ਦਾ ਵਿਕਾਸ ਹੋਇਆ

ਗੁਰਬਾਣੀ ਵਿੱਚ ਪਾਣੀ ਨੂੰ ‘ਜਲ’, ‘ਨੀਰ’ ਅਤੇ ‘ਅੰਮ੍ਰਿਤ’ ਵੀ ਕਿਹਾ ਗਿਆ ਹੈਇਸ ਸ੍ਰਿਸ਼ਟੀ ਦੀ ਉਤਪਤੀ ਬਾਰੇ ਅਤੇ ਹਵਾ ਤੇ ਪਾਣੀ ਦੀ ਮਹਾਨਤਾ ਬਾਰੇ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਇ
ਜਲ ਤੇ ਤ੍ਰਿਭਵਣ ਸਾਜਿਆ ਘਟ ਘਟ ਜੋਤਿ ਸਮੋਇ।।   (ਗੁਰੂ ਗ੍ਰੰਥ ਸਾਹਿਬ, ਪੰਨਾ 19)

ਤੀਸਰੇ ਗੁਰੂ ਅਮਰ ਦਾਸ ਜੀ ਦਾ ਇਸ ਸਬੰਧੀ ਫ਼ਰਮਾਨ ਹੈ:

ਜਲ ’ਤੇ ਹੀ ਸਭ ਊਪਜੈ ਜਲ ਬਿਨ ਪਿਆਸ ਨਾ ਜਾਇ।।   (ਗੁਰੂ ਗ੍ਰੰਥ ਸਾਹਿਬ, ਪੰਨਾ 1420)

ਪਾਣੀ ਦੀ ਅਹਿਮੀਅਤ ਨੂੰ ਦਰਸਾਉਂਦੇ ਹੋਏ ਗੁਰੂ ਨਾਨਕ ਦੇਵ ਜੀ ‘ਆਸਾ ਦੀ ਵਾਰ’ ਵਿੱਚ ਫ਼ਰਮਾਉਂਦੇ ਹਨ:

“ਪਹਿਲਾ ਪਾਣੀ ਜੀਓ ਹੈ ਜਿਤੁ ਹਰਿਆ ਸਭ ਕੋਇ।।”   (ਗੁਰੂ ਗ੍ਰੰਥ ਸਾਹਿਬ, ਮਹਲਾ ਪਹਿਲਾ)

ਭਾਵ, ਪਾਣੀ ਜੀਵਾਂ ਲਈ ਪਹਿਲੀ ਜ਼ਰੂਰਤ ਹੈ ਅਤੇ ਇਸਦੇ ਨਾਲ ਹੀ ਇਸ ਸੰਸਾਰ ਵਿੱਚ ਸਭ ਹਰਿਆਲੀ ਹੈਕੁਦਰਤੀ ਬਨਸਪਤੀ ਅਤੇ ਜੀਵ-ਜੰਤੂ ਪਾਣੀ ਤੋਂ ਬਗ਼ੈਰ ਨਹੀਂ ਰਹਿ ਸਕਦੇ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪਹਿਲੀ ਬਾਣੀ ‘ਜਪੁਜੀ ਸਾਹਿਬ’ ਦੇ ਅਖ਼ੀਰ ਵਿੱਚ ਆਉਂਦਾ ਸਲੋਕ “ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ” ਹਵਾ ਨੂੰ ‘ਗੁਰੂ’, ਪਾਣੀ ਨੂੰ ‘ਪਿਤਾ’ ਤੇ ਧਰਤੀ ਨੂੰ ‘ਮਾਤਾ’ ਦਾ ਦਰਜਾ ਦਿੰਦਾ ਹੈਇੱਥੋਂ ਪਾਣੀ ਦੀ ਮਹੱਤਤਾ ਭਲੀ-ਭਾਂਤ ਸਮਝੀ ਜਾ ਸਕਦੀ ਹੈ

ਮਨੁੱਖ ਹੋਵੇ ਜਾਂ ਬਨਸਪਤੀ, ਪਾਣੀ ਜੀਵਨ ਲਈ ਸਭ ਤੋਂ ਮਹੱਤਵਪੂਰਨ ਹੈਪਾਣੀ ਦੇ ਬਗ਼ੈਰ ਜੀਵਨ ਸੰਭਵ ਹੀ ਨਹੀਂ ਹੈਥੋੜ੍ਹੀ ਜਿਹੀ ਪਿਆਸ ਮਹਿਸੂਸ ਹੋਵੇ ਤਾਂ ਉਸੇ ਵੇਲੇ ਸਾਡਾ ਪਾਣੀ ਪੀਣ ਨੂੰ ਦਿਲ ਕਰਦਾ ਹੈ ਅਤੇ ਜੇਕਰ ਇਹ ਪਿਆਸ ਹੋਰ ਵੀ ਵਧੇਰੇ ਹੋ ਜਾਵੇ ਤਾਂ ਸਰੀਰ ਵਿੱਚ ਪਾਣੀ ਘਾਟ ਦੀ ‘ਡੀਹਾਈਡਰੇਸ਼ਨ’ (Dehydration) ਵਾਲੀ ਹਾਲਤ ਪੈਦਾ ਹੋ ਜਾਂਦੀ ਹੈਫਿਰ ਤਾਂ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਅਤੇ ਘਰ ਦੇ ਸਿਆਣੇ ਮੈਂਬਰ ਉਸ ਵਿਅਕਤੀ ਨੂੰ ਖੰਡ ਤੇ ਨਮਕ ਮਿਲਿਆ ਪਾਣੀ ਪਿਆਉਣ ਦੀ ਸਲਾਹ ਦਿੰਦੇ ਹਨਪਰ ਕਈ ਵਾਰ ਜਦੋਂ ਉਸ ਦੀ ਹਾਲਤ ਹੋਰ ਵੀ ਵਿਗੜ ਜਾਂਦੀ ਹੈ ਤਾਂ ਫਿਰ ਹਸਪਤਾਲ ਜਾਣ ਦੀ ਲੋੜ ਵੀ ਪੈ ਜਾਂਦੀ ਹੈ ਅਤੇ ਉੱਥੇ ਪਹੁੰਚਦਿਆਂ ਹੀ ਡਾਕਟਰ ਅਤੇ ਨਰਸਾਂ ਝਟਪਟ ਗੁਲੂਕੋਜ਼ ਦੀ ਬੋਤਲ ਲਾਉਣ ਦੀ ਤਿਆਰੀ ਵਿੱਚ ਜੁਟ ਜਾਂਦੇ ਹਨ

ਮਨੁੱਖੀ ਸਰੀਰ ਵਿੱਚ ਪਾਣੀ ਦੀ ਮਾਤਰਾ 70 ਫ਼ੀਸਦੀ ਹੈ ਅਤੇ ਇਹ ਸਾਡੇ ਸਰੀਰ ਦੇ ਬਹੁਤ ਸਾਰੇ ਮਹੱਤਵਪੂਰਨ ਕਾਰਜ ਕਰਦਾ ਹੈਸਾਡੇ ਖਾਧੇ ਹੋਏ ਭੋਜਨ ਨੂੰ ਸਰੀਰ ਵਿੱਚ ਪਚਾਉਣ ਵਿੱਚ ਇਹ ਮੁੱਖ ਭੂਮਿਕਾ ਨਿਭਾਉਂਦਾ ਹੈਮੂੰਹ ਵਿੱਚ ਬਣਦਾ ‘ਥੁੱਕ’ (ਸਲਾਈਵਾ) ਜਿਸ ਵਿੱਚ ਕਈ ਪ੍ਰਕਾਰ ਦੇ ਜ਼ਰੂਰੀ ਤੱਤ ਹੁੰਦੇ ਹਨ, ਇਹ ਕਾਰਜ ਬਾਖ਼ੂਬੀ ਨਿਭਾਉਂਦੇ ਹਨਪਾਣੀ ਸਰੀਰ ਵਿੱਚ ਤਾਪਮਾਨ ਨੂੰ ਕੰਟਰੋਲ ਕਰਦਾ ਹੈ ਅਤੇ ਇਸਦੀ ਇਕਸਾਰਤਾ ਬਣਾਈ ਰੱਖਦਾ ਹੈਇਹ ਸਾਰੇ ਸਰੀਰ ਵਿਚਲੇ ਵੱਖ-ਵੱਖ ਸੈੱਲਾਂ ਨੂੰ ਆਕਸੀਜਨ ਪਹੁੰਚਾਉਣ ਵਿੱਚ ਭਾਰੀ ਮਦਦ ਕਰਦਾ ਹੈਇਹ ਸਰੀਰ ਦੇ ਵੱਖ-ਵੱਖ ਭਾਗਾਂ ਨੂੰ ਲੋੜੀਂਦੇ ਵੱਖ-ਵੱਖ ਪਦਾਰਥ (Nutrients) ਪ੍ਰੋਟੀਨ, ਅਮਾਈਨੋ ਏਸਿਡਜ਼, ਗੁਲੂਕੋਜ਼ ਅਤੇ ਖਣਿਜ ਪਦਾਰਥ ਪਹੁੰਚਾਉਣ ਵਿੱਚ ਮਹੱਤਵਪੂਰਨ ਨਿਭਾਉਂਦਾ ਹੈਸਰੀਰ ਵਿੱਚੋਂ ਵਾਧੂ ਫੋਕਟ ਪਦਾਰਥ ਪਿਸ਼ਾਬ ਅਤੇ ਪਖ਼ਾਨੇ ਦੇ ਰੂਪ ਵਿੱਚ ਬਾਹਰ ਕੱਢਣ ਵਿੱਚ ਸਹਾਇਤਾ ਕਰਦਾ ਹੈਕਬਜ਼ ਨੂੰ ਦੂਰ ਕਰਦਾ ਹੈਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵਿੱਚ ਵਾਧਾ ਕਰਦਾ ਹੈਇਹ ਸਾਡੇ ਸਰੀਰ ਦਾ ਭਾਰ ਘਟਾਉਣ ਵਿੱਚ ਵੀ ਸਹਾਈ ਹੁੰਦਾ ਹੈਦਿਮਾਗ਼ ਨੂੰ ਚੁਸਤ-ਦਰੁਸਤ ਰੱਖਣ ਵਿੱਚ ਵੀ ਸਹਾਇਤਾ ਕਰਦਾ ਹੈਡਾਕਟਰਾਂ ਦਾ ਵਿਚਾਰ ਹੈ ਕਿ ਵਧੇਰੇ ਪਾਣੀ ਪੀਣ ਨਾਲ ਸਰੀਰ ਤੰਦਰੁਸਤ ਰਹਿਣ ਦੇ ਨਾਲ਼ ਨਾਲ਼ ਸਾਡਾ ਮਨ ਵੀ ਖ਼ੁਸ਼ ਰਹਿੰਦਾ ਹੈਇਸ ਨਾਲ ਚਮੜੀ ਦੀ ਚਮਕ-ਦਮਕ ਕਾਇਮ ਰਹਿੰਦੀ ਹੈ ਅਤੇ ਚਮੜੀ ਦੀਆਂ ਬੀਮਾਰੀਆਂ ਖਾਰਸ਼, ਖੁਜਲੀ ਵਗ਼ੈਰਾ ਤੋਂ ਬਚਿਆ ਰਹਿੰਦਾ ਹੈ ਇਸੇ ਲਈ ਉਹ ਸਾਨੂੰ ਦਿਨ ਵਿੱਚ ਘੱਟੋ-ਘੱਟ 3-4 ਲੀਟਰ (8-10 ਗਲਾਸ) ਪਾਣੀ ਪੀਣ ਦੀ ਸਲਾਹ ਦਿੰਦੇ ਹਨ

ਇਸਦੇ ਨਾਲ ਹੀ ਪਾਣੀ ਹਰੇਕ ਕਿਸਮ ਦੀ ਬਨਸਪਤੀ ਲਈ ਅਤੀ ਲੋੜੀਂਦਾ ਹੈ, ਕਿਸੇ ਨੂੰ ਬਹੁਤਾ ਤੇ ਕਿਸੇ ਨੂੰ ਘੱਟਗਮਲਿਆਂ ਵਿੱਚ ਉਗਾਏ ਗਏ ਫੁੱਲਾਂ ਬੂਟਿਆਂ ਨੂੰ ਗਰਮੀਆਂ ਵਿੱਚ ਦੋ ਦਿਨ ਪਾਣੀ ਨਾ ਪਾਇਆ ਜਾਏ ਤਾਂ ਉਹ ਕੁਮਲਾਉਣੇ ਅਤੇ ਸੁੱਕਣੇ ਸ਼ੁਰੂ ਹੋ ਜਾਂਦੇ ਹਨਖੇਤਾਂ ਵਿੱਚ ਉਗਾਈਆਂ ਜਾਣ ਵਾਲੀਆਂ ਫ਼ਸਲਾਂ, ਬਾਗ-ਬਗੀਚੇ, ਫੁੱਲ ਤੇ ਫ਼ਲਦਾਰ ਬੂਟੇ ਅਤੇ ਵੱਡੇ ਰੁੱਖ ਸਭ ਪਾਣੀ ਉੱਪਰ ਨਿਰਭਰ ਹਨਪਾਣੀ ਦੇ ਬਿਨਾਂ ਇਨ੍ਹਾਂ ਦੀ ਹੋਂਦ ਹੀ ਸੰਭਵ ਨਹੀਂ ਹੈਜੇਕਰ ਫ਼ਸਲਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚੋਂ ਝੋਨਾ ਸਭ ਤੋਂ ਵੱਧ ਪਾਣੀ ਮੰਗਦਾ ਹੈਉੱਤਰੀ ਭਾਰਤ ਜਿੱਥੇ ਕਣਕ ਲੋਕਾਂ ਦਾ ਮੁੱਖ ਭੋਜਨ ਹੈ, ਨੂੰ ਛੱਡ ਕੇ ਭਾਰਤ ਦੇ ਦੂਸਰੇ ਸੂਬਿਆਂ ਵਿੱਚ ਵਸਣ ਵਾਲੇ ਬਹੁਤ ਸਾਰੇ ਲੋਕਾਂ ਦੀ ਮੁੱਖ ਖ਼ੁਰਾਕ ਚਾਵਲ ਹੈ ਅਤੇ ਉਨ੍ਹਾਂ ਵਿੱਚੋਂ ਕਈ ਤਾਂ ਤਿੰਨੇ ਵੇਲੇ ਹੀ ਚਾਵਲ ਕਿਸੇ ਨਾ ਕਿਸੇ ਰੂਪ ਵਿੱਚ ਖਾਂਦੇ ਹਨ

ਵੀਹਵੀਂ ਸਦੀ ਦੇ ਸੱਠਵੇਂ ਵਾਲੇ ਦਹਾਕੇ ਵਿੱਚ ਜਦੋਂ ਦੇਸ਼ ਨੂੰ ਆਪਣੇ ਲੋਕਾਂ ਦੇ ਖਾਣ ਲਈ ਕਣਕ ਅਤੇ ਚਾਵਲ ਦੀ ਘਾਟ ਮਹਿਸੂਸ ਹੋਈ ਅਤੇ ਉਸ ਨੂੰ ਇਹ ਕਈ ਸ਼ਰਤਾਂ ਦੇ ਤਹਿਤ ਅਮਰੀਕਾ ਤੇ ਹੋਰਨਾਂ ਦੇਸ਼ਾਂ ਤੋਂ ਮੰਗਵਾਉਣੇ ਪਏ ਤਾਂ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਖੇਤੀ-ਵਿਗਿਆਨੀਆਂ ਨੂੰ ਇਸਦਾ ਕੋਈ ਹੱਲ ਕੱਢਣ ਲਈ ਕਿਹਾ ਜਿਸਦੇ ਨਤੀਜੇ ਵਜੋਂ ‘ਹਰੀ-ਕ੍ਰਾਂਤੀ’ ਦੇ ਰੂਪ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਵੰਗਾਰਿਆ ਗਿਆਵਿਗਿਆਨੀਆਂ ਵੱਲੋਂ ਕਣਕ ਅਤੇ ਝੋਨੇ ਦੇ ਨਵੇਂ ਬੀਜ ਈਜਾਦ ਕੀਤੇ ਗਏ ਜਿਨ੍ਹਾਂ ਨੂੰ ਪਾਣੀ ਦੀ ਵਧੇਰੇ ਲੋੜ ਪੈਂਦੀ ਸੀ, ਖ਼ਾਸ ਤੌਰ ’ਤੇ ਝੋਨੇ ਦੀਆਂ ਨਵੀਆਂ ਕਿਸਮਾਂ ਤਾਂ ਪਹਿਲੀਆਂ ਨਾਲੋਂ ਕਈ ਗੁਣਾਂ ਵਧੇਰੇ ਪਾਣੀ ਚਾਹੁੰਦੀਆਂ ਸਨ ਜਿਸ ਨੂੰ ਪੂਰਾ ਕਰਨ ਲਈ ਧੜਾਧੜ ਨਵੇਂ ਟਿਊਬਵੈੱਲ ਲੱਗ ਗਏ ਅਤੇ ਵੱਡੀ ਮਾਤਰਾ ਵਿੱਚ ਧਰਤੀ ਹੇਠਲਾ ਪਾਣੀ ਉੱਪਰ ਖਿੱਚਿਆ ਜਾਣ ਲੱਗਾਪਾਣੀ ਦਿਨੋਂ-ਦਿਨ ਡੂੰਘੇ ਹੁੰਦੇ ਗਏਜਿੱਥੇ ਪਹਿਲਾਂ 70-80 ਫੁੱਟ ’ਤੇ ਵਧੀਆ ਪਾਣੀ ਆ ਜਾਂਦਾ ਸੀ, ਉੱਥੇ ਇਹ 40-50 ਫੁੱਟ ਡੂੰਘੀਆਂ ਖੂਹੀਆਂ ਵਿੱਚ ਮੋਟਰਾਂ ਲਗਾ ਕੇ 200-250 ਫੁੱਟ ਤੋਂ ਖਿੱਚਿਆ ਜਾਣ ਲੱਗਾ

ਪੰਜਾਬ ਵਿੱਚ ਅਕਾਲੀ ਸਰਕਾਰ ਵੱਲੋਂ ਖੇਤੀ ਲਈ ਟਿਊਬਵੈੱਲਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦੇਣ ਨਾਲ ਇਹ ਹਾਲਤ ਹੋਰ ਵੀ ਵਿਗੜਦੀ ਗਈਕਿਸਾਨਾਂ ਨੇ ਪਾਣੀ ਦੀ ਹੋਰ ਵਧੇਰੇ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਖੂਹੀਆਂ ਵਾਲੀਆਂ ਮੋਟਰਾਂ ਨੇ ਵੀ ਜਵਾਬ ਦੇ ਦਿੱਤਾ ਤਾਂ ਫਿਰ ਉਨ੍ਹਾਂ ਦੀ ਥਾਂ ‘ਮੱਛਲੀ-ਮੋਟਰਾਂ’ (Submersible Motors) ਨੇ ਲੈ ਲਈ ਜੋ 400-500 ਫੁੱਟ ਤੋਂ ਵੀ ਇਹ ਪਾਣੀ ਧੂਹ ਲਿਆਉਂਦੀਆਂ ਹਨਨਤੀਜੇ ਵਜੋਂ, ਪੰਜਾਬ ਅਤੇ ਅਜੋਕੇ ਹਰਿਆਣਾ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਪੀਣ ਵਾਲੇ ਪਾਣੀ ਦੀ ਵੀ ਕਮੀ ਪੈਦਾ ਹੋ ਗਈਫਿਰ ਕਣਕ ਅਤੇ ਝੋਨੇ ਦੀਆਂ ਇਨ੍ਹਾਂ ਨਵੀਆਂ ਵਰਾਇਟੀਆਂ ਨੂੰ ਪਲਰਨ ਅਤੇ ਵਿਗਸਣ ਲਈ ਰਸਾਇਣਕ ਖ਼ਾਦਾਂ ਅਤੇ ਕੀੜੇ-ਮਾਰ ਦਵਾਈਆਂ ਦੀ ਵੀ ਵਧੇਰੇ ਜ਼ਰੂਰਤ ਪਈਕੁਝ ਕਿਸਾਨਾਂ ਵੱਲੋਂ ਤਾਂ ਇਨ੍ਹਾਂ ਦੀ ਲੋੜ ਤੋਂ ਵਧੇਰੇ ਵੀ ਵਰਤੋਂ ਕੀਤੀ ਗਈ ਜਿਸਦੇ ਸਿੱਟੇ ਵਜੋਂ ਅੱਜ ਪੰਜਾਬ ਵਿੱਚ ਪਾਣੀ ਦੀ ਘਾਟ ਹੋਣ ਦੇ ਨਾਲ਼ ਨਾਲ਼ ਇਹ ਜ਼ਹਿਰੀਲਾ ਵੀ ਹੋਇਆ ਪਿਆ ਹੈਬਾਕੀ ਕਸਰ ਫ਼ੈਕਟਰੀਆਂ ਵਾਲਿਆਂ ਨੇ ਆਪਣੀ ‘ਰਹਿੰਦ-ਖੂੰਦ’ (Industrial Waste) ਦਰਿਆਵਾਂ ਦੇ ਪਾਣੀਆਂ ਵਿੱਚ ਮਿਲਾ ਕੇ ਪੂਰੀ ਕਰ ਛੱਡੀ ਹੈਲੁਧਿਆਣੇ ਦਾ ‘ਬੁੱਢਾ ਨਾਲਾਂ’ ਇਸਦੀ ਜਿਊਂਦੀ-ਜਾਗਦੀ ਮਿਸਾਲ ਹੈ

ਉੱਧਰ ਸੁਲਤਾਨਪੁਰ ਲੋਧੀ ਵਾਲਾ ਬਾਬਾ ਬਲਬੀਰ ਸਿੰਘ ਸੀਚੇਵਾਲ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ‘ਕਾਲੀ ਵੇਈਂ’ ਦੀ ਸਫ਼ਾਈ ਕਰਵਾ ਕਰਵਾ ਕੇ ਥੱਕ ਗਿਆ ਹੈ ਪਰ ਫ਼ੈਕਟਰੀਆਂ ਵਾਲੇ ਅਜੇ ਵੀ ਇਸ ਵਿੱਚ ਆਪਣੀ ਰਹਿੰਦ-ਖੂੰਦ ਪਾਉਣੋਂ ਨਹੀਂ ਟਲ਼ਦੇਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ ਅਤੇ ਇਹ ਕੈਂਸਰ ਵਰਗੀਆਂ ਨਾ-ਮੁਰਾਦ ਬੀਮਾਰੀਆਂ ਨੂੰ ਜਨਮ ਦੇ ਰਿਹਾ ਹੈਕੌਮੀ ਪੱਧਰ ’ਤੇ ਜੇਕਰ ‘ਪਵਿੱਤਰ ਨਦੀ’ ਗੰਗਾ ਦੀ ਗੱਲ ਕਰੀਏ ਤਾਂ ਰਿਸ਼ੀਕੇਸ਼ ਤਕ ਪਹਾੜੀ ਏਰੀਏ ਵਿੱਚ ਵਗਣ ਤਕ ਤਾਂ ਇਹ ਨਦੀ ਸਾਫ਼ ਅਤੇ ‘ਪਾਕ-ਪਵਿੱਤਰ’ ਕਹੀ ਜਾ ਸਕਦੀ ਹੈ ਪਰ ਮੈਦਾਨੀ ਇਲਾਕਿਆਂ ਵਿੱਚ ਦਾਖ਼ਲ ਹੁੰਦਿਆਂ ਹੀ ਇਸ ਵਿੱਚ ‘ਰਹਿੰਦ-ਖੂੰਦ’ ਦੇ ਰੂਪ ਵਿੱਚ ਇੰਨਾ ਕੁਝ ਸ਼ਾਮਲ ਹੋ ਜਾਂਦਾ ਹੈ ਕਿ ਫਿਰ ਤਾਂ ਇਹ ਨਾਮ ਦੀ ਹੀ ਪਵਿੱਤਰ ਰਹਿ ਜਾਂਦੀ ਹੈ ਇਸਦਾ ਹਾਲ ਵੀ ਹੋਰ ਨਦੀਆਂ-ਨਾਲਿ਼ਆਂ ਅਤੇ ਦਰਿਆਵਾਂ ਵਾਲਾ ਹੀ ਹੋ ਜਾਂਦਾ ਹੈ ਬਹੁ-ਗਿਣਤੀ ਲੋਕਾਂ ਦੀ ਧਾਰਮਿਕ ਆਸਥਾ ਨੂੰ ਮੁੱਖ ਰੱਖਦਿਆਂ ਹੋਇਆਂ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਹਜ਼ਾਰਾਂ ਕਰੋੜ ਰੁਪਏ ਖ਼ਰਚ ਕੇ ਕਥਿਤ ਸਫ਼ਾਈ ਕਰਵਾਈ ਜਾ ਚੁੱਕੀ ਹੈ, ਪਰ ‘ਪਰਨਾਲਾ’ ਉੱਥੇ ਦਾ ਉੱਥੇ ਹੀ ਹੈ ਜਿੰਨਾ ਚਿਰ ਇਸ ਵਿੱਚ ਰਹਿੰਦ-ਖੂੰਦ ਨੂੰ ਪਾਣੀ ਵਿੱਚ ਮਿਲਣੋ ਸਖ਼ਤੀ ਨਾਲ ਨਹੀਂ ਬੰਦ ਕੀਤਾ ਜਾਂਦਾ, ਇਸਦਾ ਹਾਲ ਬਾਕੀ ਨਦੀਆਂ-ਨਾਲਿ਼ਆਂ ਵਰਗਾ ਹੀ ਰਹੇਗਾ

ਸੰਸਾਰ ਦੀਆਂ ਪੁਰਾਤਨ ਸੱਭਿਆਤਾਵਾਂ, ਚਾਹੇ ਮਿਸਰ ਦੀ ਨੀਲ ਘਾਟੀ ਦੀ ਸੱਭਿਅਤਾ ਜਾਂ ਸਿੰਧ ਘਾਟੀ ਦੀ ਸੱਭਿਅਤਾ ਦੀ ਗੱਲ ਕਰੀਏ, ਇਹ ਨੀਲ ਅਤੇ ਸਿੰਧ ਦਰਿਆਵਾਂ ਦੇ ਕਿਨਾਰਿਆਂ ’ਤੇ ਹੀ ਵਸੀਆਂ ਸਨਦੁਨੀਆਂ ਦੇ ਲਗਭਗ ਸਾਰੇ ਹੀ ਵੱਡੇ ਸ਼ਹਿਰ ਸਮੁੰਦਰ ਜਾਂ ਦਰਿਆਵਾਂ ਦੇ ਕੰਢਿਆਂ ਉੱਪਰ ਹੀ ਵਸੇ ਹਨਭਾਰਤ ਦੇ ਵੱਡੇ ਸ਼ਹਿਰ ਹਰਿਦੁਆਰ, ਰਿਸ਼ੀਕੇਸ਼, ਅਲਾਹਾਬਾਦ, ਕਲਕੱਤਾ, ਯਮੁਨਾਨਗਰ ਆਦਿ ਗੰਗਾ ਤੇ ਯਮੁਨਾ ਨਦੀਆਂ ਦੇ ਕਿਨਾਰਿਆਂ ’ਤੇ ਹਨ ਅਤੇ ਮੁੰਬਈ ਤੇ ਚੇਨਈ (ਮਦਰਾਸ) ਸਮੁੰਦਰ ਦੇ ਕੰਢੇ ਹੈਇਸੇ ਤਰ੍ਹਾਂ ਭਾਰਤ ਦੀਆਂ ਹੋਰ ਨਦੀਆਂ ਕ੍ਰਿਸ਼ਨਾ, ਕਾਵੇਰੀ, ਨਰਬਦਾ, ਤਾਪਤੀ, ਗੋਦਾਵਰੀ ਆਦਿ ਦੇ ਕਿਨਾਰਿਆਂ ’ਤੇ ਅਨੇਕਾਂ ਵੱਡੇ ਸ਼ਹਿਰ ਵਸੇ ਹੋਏ ਹਨਕੈਨੇਡਾ ਦੇ ਤਿੰਨ ਵੱਡੇ ਸ਼ਹਿਰ ਮਾਂਟਰੀਅਲ, ਟੋਰਾਂਟੋ, ਵੈਨਕੂਵਰ ਆਦਿ ਵੀ ਸਮੁੰਦਰ ਜਾਂ ਵੱਡੀਆਂ ਝੀਲਾਂ ਦੇ ਕੰਢਿਆਂ ’ਤੇ ਹਨਆਸਟ੍ਰੇਲੀਆ ਦੇ ਸ਼ਹਿਰ ਸਿਡਨੀ, ਮੈਲਬੌਰਨ, ਕੈਨਬਰਾ, ਐਡੀਲੇਡ, ਬ੍ਰਿਸਬੇਨ ਆਦਿ ਵੀ ਸਮੁੰਦਰ ਦੇ ਕੰਢਿਆਂ ’ਤੇ ਹੀ ਹਨਦੁਨੀਆਂ ਦੇ ਬਾਕੀ ਦੇਸ਼ਾਂ ਵਿੱਚ ਵੀ ਇਹ ਵਰਤਾਰਾ ਇੰਜ ਹੀ ਹੈ

ਮਨੁੱਖ ਦੀਆਂ ਪਾਣੀ ਤੋਂ ਲੜਾਈਆਂ ਮੁੱਢ-ਕਦੀਮ ਤੋਂ ਹੀ ਚੱਲੀਆਂ ਆਈਆਂ ਹਨਜੰਗਲਾਂ ਵਿੱਚ ਰਹਿੰਦਿਆਂ ਅਤੇ ਉਸ ਤੋਂ ਬਾਅਦ ਵੀ ਪੁਰਾਤਨ ਕਬੀਲੀਆਂ ਦੇ ਆਪਣੀ ਟਕਰਾਅ ਆਮ ਤੌਰ ’ਤੇ ਪਾਣੀਆਂ ਦੇ ਕਬਜ਼ਿਆਂ ਤੋਂ ਹੀ ਹੋਇਆ ਕਰਦੇ ਸਨਕਈ ਦੇਸਾਂ ਦੀਆਂ ਆਪਸੀ ਲੜਾਈਆਂ ਪਾਣੀਆਂ ਤੋਂ ਹੀ ਹੋਈਆਂਅਰਬਾਂ ਤੇ ਇਜ਼ਰਾਈਲੀਆਂ ਵਿਚਕਾਰ ਇਹ ਲੜਾਈ 1949 ਤੋਂ ਸ਼ੁਰੂ ਹੋ ਕੇ 1967 ਤੀਕ 18 ਸਾਲ ਚੱਲਦੀ ਰਹੀਪਾਕਿਸਤਾਨ ਵਿੱਚ ਵਗਦੇ ਸਿੰਧ ਦਰਿਆ ਦੇ ‘ਇੰਡਸ-ਬੇਸਿਨ ਵਾਟਰਜ਼’ ਦਾ ਝਗੜਾ ਕਈ ਦਹਾਕੇ ਪੁਰਾਣਾ ਭਾਰਤ-ਪਾਕਿ ‘ਸੀਤ-ਯੁੱਧ’ ਅਜੇ ਵੀ ਉਂਜ ਹੀ ਚੱਲ ਰਿਹਾ ਹੈਦੱਖਣੀ ਭਾਰਤ ਦੇ ਸੂਬਿਆਂ ਕਰਨਾਟਕਾ ਤੇ ਤਾਮਿਲ ਨਾਡੂ ਵਿਚਕਾਰ 802 ਕਿਲੋਮੀਟਰ ਲੰਮੇ ਕਾਵੇਰੀ ਨਦੀ ਦੇ ਬੇਸਿਨ ਏਰੀਏ ਵਿੱਚ ਪਾਣੀ ਦੀ ਵੰਡ ਦਾ ਝਗੜਾ ਭਾਰਤ ਦੀ ਵੰਡ ਤੋਂ ਵੀ ਪਹਿਲਾਂ ਦਾ (1910 ਤੋਂ) ਚੱਲ ਰਿਹਾ ਹੈਕਈ ਟ੍ਰਿਬਿਊਨਲ ਤੇ ਬੋਰਡ ਬਣੇ ਅਤੇ ਅਖ਼ੀਰ ਮਾਮਲਾ ਸੁਪਰੀਮ ਕੋਰਟ ਵਿੱਚ ਗਿਆ ਜਿਸ ਨੇ 16 ਫਰਵਰੀ 2018 ਨੂੰ ਆਪਣਾ ਫ਼ੈਸਲਾ ਦਿੱਤਾ ਇਸਦੇ ਅਨੁਸਾਰ ਹੀ ਕਰਨਾਟਕਾ, ਤਾਮਿਲ ਨਾਡੂ, ਕੈਰਲਾ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਪਾਂਡੀਚਰੀ ਵਿਚਕਾਰ ਪਾਣੀਆਂ ਦੀ ਵੰਡ ਕੀਤੀ ਗਈਪੰਜਾਬ ਅਤੇ ਹਰਿਆਣੇ ਵਿੱਚ ‘ਸਤਲੁਜ-ਯਮਨਾ ਲਿੰਕ’ ਨਹਿਰ ਦਾ ਰੇੜਕਾ 1980 ਤੋਂ ਚੱਲਿਆ ਆ ਰਿਹਾ ਹੈ ਇਸਦਾ ਕੋਈ ਯੋਗ ਹੱਲ ਅਜੇ ਤਕ ਨਹੀਂ ਲੱਭਿਆ ਅਤੇ ਨਾ ਹੀ ਨੇੜ-ਭਵਿੱਖ ਵਿੱਚ ਲੱਭਣ ਦੀ ਆਸ ਹੈ

ਗੱਲ ਕੀ, ਮਨੁੱਖੀ ਜੀਵਨ ਵਿੱਚ ਪਾਣੀ ਦੀ ਸਭ ਤੋਂ ਵੱਧ ਅਹਿਮੀਅਤ ਹੈ ਇਸਦੇ ਬਿਨਾਂ ਤਾਂ ਜ਼ਿੰਦਗੀ ਹੀ ਸੰਭਵ ਨਹੀਂ ਹੈਪਾਣੀ ਸਾਨੂੰ ਕੁਦਰਤੀ ਸਰੋਤਾਂ ਝਰਨਿਆਂ, ਨਦੀਆਂ, ਨਹਿਰਾਂ, ਬਾਰਸ਼, ਆਦਿ ਤੋਂ ਮਿਲਦਾ ਹੈਇਸ ਨੂੰ ਸੰਭਾਲਣ ਦੀ ਅਤਿਅੰਤ ਜ਼ਰੂਰਤ ਹੈਇਸ ਨੂੰ ਗੰਧਲਾ ਅਤੇ ਜ਼ਹਿਰੀਲਾ ਹੋਣ ਤੋਂ ਬਚਾਉਣਾ ਸਾਡਾ ਮੁੱਖ-ਕਰਤਵ ਹੈ ਜਿਸ ਨੂੰ ਅਸੀਂ ਭੁੱਲ ਗਏ ਹਾਂ ਅਤੇ ਇਸਦੀ ਬੇਲੋੜੀ ਵਰਤੋਂ ਕਰਦੇ ਹਾਂ ਜਿਸਦੇ ਸਿੱਟੇ ਸਾਨੂੰ ਇਸਦੀ ਘਾਟ ਅਤੇ ਇਸਦਾ ਜ਼ਹਿਰੀਲੇਪਨ ਕੈਂਸਰ ਵਰਗੀਆਂ ਕਈ ਕਿਸਮ ਦੀਆਂ ਬੀਮਾਰੀਆਂ ਵਜੋਂ ਭੁਗਤਣੇ ਪੈ ਰਹੇ ਹਨ

ਆਓ, ਸਾਰੇ ਪਾਣੀ ਦੀ ਬੱਚਤ ਕਰੀਏ ਅਤੇ ਇਸ ਨੂੰ ਜ਼ਹਿਰੀਲਾ ਹੋਣ ਤੋਂ ਬਚਾਈਏਇਹ ਕੇਵਲ ਸਾਡੇ ਲਈ ਹੀ ਨਹੀਂ ਹੈ, ਸਗੋਂ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਲੋੜੀਂਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2988)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
Email: (ssjhand121@gmail.com)

More articles from this author