“ਪੂਰਨ ਸਿੰਘ ਪਾਂਧੀ ਜੀ ਦੀ ਲੇਖਣੀ ਦਾ ਆਪਣਾ ਹੀ ਸਟਾਈਲ ਅਤੇ ਮੁਹਾਵਰਾ ਹੈ। ਛੋਟੇ-ਛੋਟੇ ਵਾਕਾਂ ਵਿੱਚ ...”
(14 ਮਈ 2022)
ਮਹਿਮਾਨ: 100.
ਬੀਤੇ ਦਿਨੀਂ ਬਰੈਂਪਟਨ ਦੇ ਸੰਜੀਦਾ ਲੇਖਕ ਪੂਰਨ ਸਿੰਘ ਪਾਂਧੀ ਦੀ ਪੁਸਤਕ ‘ਜਿਨ੍ਹ ਮਿਲਿਆਂ ਰੂਹ ਰੋਸ਼ਨ ਹੋਵੇ’ ਪੜ੍ਹਨ ਦਾ ਸਬੱਬ ਬਣਿਆ। ਪਾਂਧੀ ਸਾਹਿਬ ਦੀ ਕਾਵਿ-ਮਈ ਕਲਾਤਮਿਕ ਵਾਰਤਕ ਦਾ ਅਨੰਦ ਮਾਣਦਿਆਂ ਇਸ ਪੁਸਤਕ ਵਿੱਚ ਦਰਜ ਨੌਂ ਮਹਾਨ ਸ਼ਖ਼ਸੀਅਤਾਂ ਦੇ ‘ਦਰਸ਼ਨ-ਦੀਦਾਰੇ’ ਹੋਏ। ਇੰਜ ਲੱਗ ਰਿਹਾ ਸੀ, ਜਿਵੇਂ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੂਨ 1984 ਦੇ ਪਹਿਲੇ ਹਫ਼ਤੇ ਹੋਏ ‘ਬਲੂ ਸਟਾਰ ਆਪਰੇਸ਼ਨ’ ਤੋਂ ਬਾਦ ਢਹਿ-ਢੇਰੀ ਹੋਏ ਖੰਡਰ-ਰੂਪੀ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਆਪਣਾ ਅਹਿਮ ਬਿਆਨ “ਕੋਠਾ ਸਾਹਿਬ ਠੀਕਠਾਕ ਹੈ” ਜਾਰੀ ਕਰ ਰਹੇ ਹੋਣ ਅਤੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇਜ਼-ਕਦਮੀਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪ੍ਰਕਰਮਾ ਕਰ ਰਹੇ ਹੋਣ। ਸ਼੍ਰੋਮਣੀ ਪੰਥਕ-ਕਥਾਕਾਰ ਸੰਤ ਸਿੰਘ ਮਸਕੀਨ ਜੀ ਆਪਣੇ ਨਵੇਕਲੇ ਅੰਦਾਜ਼ ਵਿੱਚ ਗੁਰਬਾਣੀ ਦੀ ਕਿਸੇ ਤੁਕ ਦੀ ਪ੍ਰਮਾਣਾਂ ਸਹਿਤ ਵਿਆਖਿਆ ਕਰ ਰਹੇ ਹੋਣ। ਕਲਾਸੀਕਲ ਸੰਗੀਤ ਨਾਲ ਲਬਰੇਜ਼ ਗੁਰਬਾਣੀ ਕੀਰਤਨ ਦੇ ‘ਝਰਨੇ’ ਸੰਤ ਸੁਜਾਨ ਸਿੰਘ ਤੇ ਗਿਆਨੀ ਸ਼ੇਰ ਸਿੰਘ ਕਿਸੇ ਅਦੁੱਤੀ ਲੈਅ ਵਿੱਚ ਆਪ-ਮੁਹਾਰੇ ਝਰ-ਝਰ ਵਹਿ ਰਹੇ ਹੋਣ ਅਤੇ ਰੂਹਾਨੀਅਤ ਵਿੱਚ ਰੱਤੇ ਹੋਏ ਸੰਤ ਬਾਬਾ ਅਜਮੇਰ ਸਿੰਘ ਉਰਫ਼ ‘ਰੱਬ ਜੀ’ ਪ੍ਰਤੱਖ ਰੂਪ ਵਿੱਚ ‘ਰੱਬ’ (ਪ੍ਰਮਾਤਮਾ) ਨਾਲ ਗੱਲਾਂ ਕਰ ਰਹੇ ਹੋਣ। ਇੰਜ ਹੀ ‘ਸੇਵਾ ਦੇ ਪੁੰਜ’ ਅਤੇ ਸਾਦਗੀ ਤੇ ਸਿਮਰਨ ਦੇ ਸੋਮੇ ਸੰਤ ਚੰਦਾ ਸਿੰਘ ਕਿਸੇ ਪਿੰਡ ਦੇ ਗੁਰਦੁਆਰੇ, ਧਰਮਸਾਲਾ ਜਾਂ ਕਿਸੇ ਹੋਰ ਸਾਂਝੇ ਸਥਾਨ ਦੀ ਤਾਮੀਰ ਹੋ ਰਹੀ ਇਮਾਰਤ ਵਿੱਚ ਸਿਰ ’ਤੇ ਸੀਮੈਂਟ-ਬੱਜਰੀ ਦਾ ਬਾਟਾ ਚੁੱਕੀ ਆਪਣਾ ਯੋਗਦਾਨ ਪਾ ਰਹੇ ਹੋਣ ਅਤੇ ਇਸਦੇ ਨਾਲ ਹੀ ਇੰਜ ਲੱਗਿਆ ਜਿਵੇਂ ਮਹਾਨ ਸਿੱਖ ਵਿਦਵਾਨ ਗਿਆਨੀ ਦਿੱਤ ਸਿੰਘ ਆਰੀਆ ਸਮਾਜ ਦੇ ਮੋਢੀ ਸੁਆਮੀ ਦਇਆ ਨੰਦ ਸਰਸਵਤੀ ਨਾਲ ਧਾਰਮਿਕ ਸੰਵਾਦ ਰਚਾਉਂਦੇ ਹੋਏ ਉਨ੍ਹਾਂ ਦੇ ਸਵਾਲਾਂ ਦੇ ਸਾਰਥਿਕ ਦਲੀਲਾਂ ਨਾਲ ਕਰਾਰੇ ਜਵਾਬ ਦੇ ਕੇ ਉਨ੍ਹਾਂ ਨੂੰ ਨਿਰ-ਉੱਤਰ ਕਰ ਰਹੇ ਹੋਣ। ਹੇਅਰ ਫਿਕਸਰ ਲਾ ਕੇ ਬੜੇ ਸਲੀਕੇ ਨਾਲ ਬੰਨ੍ਹੀ ਹੋਈ ਦਾੜ੍ਹੀ ਤੇ ਕੋਟ-ਪੈਂਟ ਵਾਲੇ ਅਜੋਕੇ ‘ਮਾਡਰਨ ਸੰਤ’ ਵੀਰ ਭੁਪਿੰਦਰ ਸਿੰਘ ਵੀ ਕਿਸੇ ਗੁਰਦੁਆਰੇ ਵਿੱਚ ਅੰਗਰੇਜ਼ੀ-ਪੰਜਾਬੀ ਦੀ ਰਲਵੀ ਮਿਲਵੀਂ ਭਾਸ਼ਾ ਵਿੱਚ ਕਥਾ ਕਰ ਰਹੇ ਹੋਣ।
ਪੁਸਤਕ ਦੇ ਆਰੰਭ ਵਿੱਚ ਜਦੋਂ ਪੰਜਾਬੀ ਦੇ ਵੱਡੇ ਲੇਖਕ ਵਰਿਆਮ ਸਿੰਘ ਸੰਧੂ ਦਾ ਲਿਖਿਆ ਹੋਇਆ ਵਿਸਥਾਰ ਪੂਰਵਕ ਮੁੱਖ-ਬੰਦ ਪੜ੍ਹਿਆ ਤਾਂ ਇਸਦੇ ਲੇਖਾਂ ਵਿਚਲੀਆਂ ਮਹਾਨ ਸ਼ਖ਼ਸੀਅਤਾਂ ਦੇ ‘ਅੱਧ-ਪਚੱਧੇ ਦਰਸ਼ਨ’ ਤਾਂ ਇਸਦੇ ਨਾਲ ਹੀ ਹੋ ਗਏ, ਪਰ ਨਾਲ ਹੀ ਉਨ੍ਹਾਂ ਬਾਰੇ ਹੋਣ ਜਾਣਨ ਦੀ ਤੀਬਰ ਇੱਛਾ ਵੀ ਮਨ ਵਿੱਚ ਜਾਗੀ ਅਤੇ ਜਿਵੇਂ-ਜਿਵੇਂ ਇਹ ਲੇਖ ਪੜ੍ਹਦਾ ਗਿਆ, ਤਿਵੇਂ-ਤਿਵੇਂ ਇਨ੍ਹਾਂ ਮਹਾਂ-ਪੁਰਖ਼ਾਂ ਵੱਲੋਂ ਧਾਰਮਿਕ ਅਤੇ ਸਮਾਜਿਕ ਖ਼ੇਤਰਾਂ ਵਿੱਚ ਕੀਤੀ ਗਈ ਘਾਲਣਾ ਬਾਰੇ ਨਵੀਂ ਜਾਣਕਾਰੀ ਉਪਲਬਧ ਹੁੰਦੀ ਗਈ। ਪਹਿਲਾਂ ਮਨ ਵਿੱਚ ਆਇਆ ਕਿ ਮੈਂ ਇਸ ਪੁਸਤਕ ਬਾਰੇ ਕੁਝ ਨਾ ਹੀ ਲਿਖਾਂ ਤਾਂ ਚੰਗਾ ਹੈ, ਕਿਉਂਕਿ ਜਦੋਂ ਵਰਿਆਮ ਸਿੰਘ ਸੰਧੂ ਵਰਗੇ ਵਿਦਵਾਨ ਨੇ ਇਸ ਪੁਸਤਕ ਬਾਰੇ ਇੰਨਾ ਵਧੀਆ ਲਿਖਿਆ ਹੈ ਅਤੇ ਹੋਰ ਲਿਖਣ ਦੀ ਗੁੰਜਾਇਸ਼ ਈ ਨਹੀਂ ਛੱਡੀ ਤਾਂ ਮੈਨੂੰ ਇਸਦੇ ਬਾਰੇ ਲਿਖਣ ਦੀ ਕੀ ਲੋੜ ਹੈ? ਪਰ ਪੁਸਤਕ ਨੂੰ ਪੜ੍ਹਨ ਤੋਂ ਬਾਦ ਫਿਰ ਇਸ ਸਬੰਧੀ ਆਪਣੇ ਹਾਵ-ਭਾਵ ਪ੍ਰਗਟ ਕਰਨ ਨੂੰ ਜੀਅ ਕਰ ਆਇਆ।
ਪਾਂਧੀ ਸਾਹਿਬ ਨੇ ਪੁਸਤਕ ਦਾ ਟਾਈਟਲ ‘ਜਿਨ੍ਹ ਮਿਲਿਆ ਰੂਹ ਰੌਸ਼ਨ ਹੋਵੇ’ ਬੜਾ ਸੋਚ ਵਿਚਾਰ ਕੇ ਰੱਖਿਆ ਹੈ, ਕਿਉਂਕਿ ਇਸ ਪੁਸਤਕ ਵਿੱਚ ਸ਼ਾਮਲ “ਨੌਂ ਰਤਨ” ਸਿੱਖੀ ਦੇ ‘ਚਾਨਣ-ਮੁਨਾਰੇ ਹਨ ਅਤੇ ਉਨ੍ਹਾਂ ਨੂੰ ਮਿਲਣ ’ਤੇ ਉਨ੍ਹਾਂ ਬਾਰੇ ਜਾਣਨ ਨਾਲ ਵਾਕਿਆ ਹੀ ਰੂਹ ਰੌਸ਼ਨ ਹੁੰਦੀ ਹੈ। ਆਪੋ ਆਪਣੇ ਖ਼ੇਤਰਾਂ ਵਿੱਚ ਪਾਇਆ ਗਿਆ ਉਨ੍ਹਾਂ ਦਾ ਯੋਗਦਾਨ ਅਣਮੁੱਲਾ ਹੈ। ਜੇਕਰ ਸਿੰਘ ਸਾਹਿਬਾਨ ਗਿਆਨੀ ਕਿਰਪਾਲ ਸਿੰਘ ਅਤੇ ਗਿਆਨੀ ਜੋਗਿੰਦਰ ਸਿੰਘ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਮਸਲਿਆਂ ਦੇ ਮਹਾਨ ਗਿਆਤਾ ਹਨ ਤਾਂ ਸੰਤ ਸੁਜਾਨ ਸਿੰਘ ਅਤੇ ਗਿਆਨੀ ਸ਼ੇਰ ਸਿੰਘ ਗੁਰਬਾਣੀ ਦੇ ਮਹਾਨ ਕੀਰਤਨੀਏ ਅਤੇ ਵਿਆਖਿਆਕਾਰ ਹੋਏ ਹਨ। ਹਾਰਮੋਨੀਅਮ, ਤਬਲੇ ਅਤੇ ਵੱਖ-ਵੱਖ ਤੰਤੀ-ਸਾਜ਼ਾਂ ਨਾਲ ਕੀਰਤਨ ਕਰਨ ਦੀ ਉਨ੍ਹਾਂ ਦੀ ਸਮਰੱਥਾ ਅਸੀਮ ਹੈ। ਗੁਰਬਾਣੀ ਦੇ ਮਹਾਨ ਵਿਦਵਾਨ ਅਤੇ ਕਥਾਕਾਰ ਵਜੋਂ ਗਿਆਨੀ ਸੰਤ ਸਿੰਘ ਮਸਕੀਨ ਦਾ ਕੋਈ ਸਾਨੀ ਨਹੀਂ ਹੈ। ਰਾਜਿੰਦਰ ਸਿੰਘ ਗੌਹਰ ਵਰਗੇ ਕਈ ਅਜੋਕੇ ਕਥਾਕਾਰ ਉਨ੍ਹਾਂ ਦੇ ਸਟਾਈਲ ਅਤੇ ਸ਼ੈਲੀ ਵਿੱਚ ਕਥਾ ਕਰਨ ਦੀ ‘ਕੋਸ਼ਿਸ਼’ (ਨਕਲ) ਕਰਦੇ ਹਨ ਪਰ ਉਹ ਗੱਲ ਕਿਵੇਂ ਬਣ ਸਕਦੀ ਹੈ।
ਇਸੇ ਤਰ੍ਹਾਂ ਸੰਤ ਚੰਦਾ ਸਿੰਘ ਅਤੇ ਸੰਤ ਬਾਬਾ ਅਜਮੇਰ ਸਿੰਘ ‘ਰੱਬ ਜੀ’ ਵਰਗੀਆਂ ‘ਨਿਸ਼ਕਾਮ ਤੇ ਨਿਰ-ਸਵਾਰਥ ਰੂਹਾਂ’ ਲੰਮੇ-ਲੰਮੇ ਚੋਲਿਆਂ ਵਾਲੇ ਅਜੋਕੇ ਭੇਖੀ ਸਾਧਾਂ-ਸੰਤਾਂ ਅੰਦਰ ਕਿੱਥੇ ਲੱਭਦੀਆਂ ਹਨ। ਅੱਜਕੱਲ੍ਹ ਦੇ ‘ਕਾਰ-ਸੇਵਾ’ ਵਾਲੇ ਬਹੁਤੇ ‘ਬਾਬੇ’ ਤਾਂ ਦੁਨਿਆਵੀ ‘ਮਾਇਆ-ਜਾਲ਼’ ਵਿੱਚ ਪੂਰੀ ਤਰ੍ਹਾਂ ਫਸੇ ਹੋਏ ਹਨ ਅਤੇ ਉਹ ਸੰਗਤਾਂ ਵੱਲੋਂ ਕੀਤੀ ਗਈ ਕਾਰ-ਸੇਵਾ ਵਿੱਚੋਂ ਵੀ ‘ਕਮਾਈ’ ਭਾਲਦੇ ਹਨ। ਗਿਆਨੀ ਦਿੱਤ ਸਿੰਘ ਵਰਗੇ ਮਿਸ਼ਨਰੀ ਭਾਵਨਾ ਵਾਲੇ ਵਿਦਵਾਨ ਅਤੇ ਪੰਥ-ਦਰਦੀ ਇਸ ਦੁਨੀਆਂ ਵਿੱਚ ਕਦੇ ਕਦੇ ਹੀ ਪੈਦਾ ਹੁੰਦੇ ਹਨ ਜਿਨ੍ਹਾਂ ਨੇ ਸਿੱਖ ਪੰਥ ਵਿੱਚ ਆਈ ਗਿਰਾਵਟ ਤੇ ਸਮਾਜਿਕ ਨਾ-ਬਰਾਬਰੀ ਨੂੰ ਦੂਰ ਕਰਨ ਦਾ ਬੀੜਾ ਚੁੱਕਿਆ ਅਤੇ ਪਵਿੱਤਰ ਹਰਿਮੰਦਰ ਸਾਹਿਬ ਨੂੰ ਮਹੰਤਾਂ ਦੇ ਕਬਜ਼ੇ ਤੋਂ ਛੁਡਵਾਇਆ। ਅਜੋਕੇ ਕਥਾਕਾਰ ਵੀਰ ਭੁਪਿੰਦਰ ਸਿੰਘ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਭਾਸ਼ਾ ਜਾਣਨ ਵਾਲਿਆਂ ਨੂੰ ਆਪਣੀ ਕਥਾ ਦੇ ਮਾਧਿਅਮ ਰਾਹੀਂ ਸਿੱਖੀ ਨਾਲ ਜੋੜਨ ਦਾ ਮਹਾਨ ਕਾਰਜ ਕਰ ਰਹੇ ਹਨ। ਇਨ੍ਹਾਂ ਸਾਰੀਆਂ ਮਹਾਨ ਸ਼ਖ਼ਸੀਅਤਾਂ ਬਾਰੇ ਪਾਂਧੀ ਸਾਹਿਬ ਨੇ ਇਸ ਪੁਸਤਕ ਵਿੱਚ ਬੜੇ ਵਿਸਥਾਰ ਸਹਿਤ ਚਾਨਣਾ ਪਾਇਆ ਹੈ, ਕਿਉਂਕਿ ਇਨ੍ਹਾਂ ਵਿੱਚੋਂ ਇੱਕ ਗਿਆਨੀ ਦਿੱਤ ਸਿੰਘ ਜੀ (1850-1940 ਈ.) ਨੂੰ ਛੱਡ ਕੇ ਉਹ ਇਨ੍ਹਾਂ ਸਾਰੀਆਂ ਸਮਕਾਲੀ ਸ਼ਖ਼ਸ਼ੀਅਤਾਂ ਦੀ ਸੰਗਤ ਨਿੱਜੀ ਤੌਰ ’ਤੇ ਮਾਣ ਚੁੱਕੇ ਹਨ। ਸੰਤ ਚੰਦਾ ਸਿੰਘ ਹੁਰਾਂ ਤੋਂ ਪਾਂਧੀ ਸਾਹਿਬ ਨੇ ਗੁਰਮੁਖੀ ਦਾ ‘ਊੜਾ-ਐੜਾ’ ਸਿੱਖਿਆ ’ਤੇ ਗੁਰਮਤਿ ਗਿਆਨ ਪ੍ਰਾਪਤ ਕੀਤਾ ਅਤੇ ਸੰਤ ਸੁਜਾਨ ਸਿੰਘ ਤੇ ਗਿਆਨੀਂ ਸ਼ੇਰ ਸਿੰਘ ਹੁਰਾਂ ਤੋਂ ਗੁਰਬਾਣੀ ਕੀਰਤਨ ਤੇ ਸੰਗੀਤ ਦੀਆਂ ਬਾਰੀਕੀਆਂ ਦੀ ਸਿੱਖਿਆ ਲਈ। ਸਿੰਘ ਸਾਹਿਬਾਨ ਗਿਆਨੀ ਕਿਰਪਾਲ ਸਿੰਘ ਅਤੇ ਗਿਆਨੀ ਜਗਿੰਦਰ ਸਿੰਘ ਵੇਦਾਂਤੀ ਦਮਦਮੀ ਟਕਸਾਲ ਵਿੱਚ ਗੁਰਮਤਿ ਵਿੱਦਿਆ ਗ੍ਰਹਿਣ ਕਰਨ ਸਮੇਂ ਪਾਂਧੀ ਸਾਹਿਬ ਦੇ ਸਹਿਪਾਠੀ ਰਹੇ ਹਨ।
ਪੂਰਨ ਸਿੰਘ ਪਾਂਧੀ ਜੀ ਦੀ ਲੇਖਣੀ ਦਾ ਆਪਣਾ ਹੀ ਸਟਾਈਲ ਅਤੇ ਮੁਹਾਵਰਾ ਹੈ। ਛੋਟੇ-ਛੋਟੇ ਵਾਕਾਂ ਵਿੱਚ ਸਮ-ਅਰਥੀ ਅਤੇ ਬਹੁ-ਅਰਥੀ ਸ਼ਬਦ ਮਾਲ਼ਾ ਦੇ ਮਣਕਿਆਂ ਵਾਂਗ ਪਰੋ ਕੇ ਉਹ ਆਪਣੀ ਲਿਖਤ ਨੂੰ ਬੇਹੱਦ ਪ੍ਰਭਾਵਸ਼ਾਲੀ ਬਣਾਉਂਦੇ ਹਨ। ਪੁਸਤਕ ਵਿੱਚ ਥਾਂ ਪੁਰ ਥਾਂ ਅਜਿਹੇ ਬੇਅੰਤ ਵਿਵਰਣ ਮਿਲਦੇ ਹਨ। ਇਸ ਛੋਟੇ ਜਿਹੇ ਲੇਖ ਵਿੱਚ ਇੱਕ-ਦੋ ਉਦਾਹਰਣਾਂ ਪੇਸ਼ ਕਰਕੇ ਇਸਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗਾ।
‘ਸੇਵਾ ਦੇ ਪੁੰਜ’ ਸੰਤ ਚੰਦਾ ਸਿੰਘ ਬਾਰੇ ਬ੍ਰਿਤਾਂਤ ਵਿੱਚ ਕਤਰੀ ਦਾੜ੍ਹੀ ਵਾਲਾ ਜੈਮਲਪੱਤੀ ਦਾ ਬਿਹਾਰਾ ਸਿੰਘ ਖਰੀ ਤੇ ਖਰ੍ਹਵੀ ਗੱਲ ਕਰਨ ਵਾਲਾ ਮੂੰਹ-ਫੱਟ ਬੰਦਾ ਸੀ, ਸਾਰਿਆਂ ਤੋਂ ਅੱਗੇ ਹੋ ਕੇ ਕਹਿਣ ਲੱਗਾ:
“ਠਹਿਰੋ ਬਈ ਸੰਗਤੇ ਟੱਕ ਫੇਰ ਲਾਇਓ, ਪਹਿਲਾਂ ਮੇਰੀ ਗੱਲ ਸੁਣੋ। ਟੱਕ ਉਹ ਲਾਵੇ ਜਿਸ ਨੇ ਆਪ ਮੜਾਸਾ ਮਾਰਨੈ, ਟੋਕਰੀ ਆਪ ਚੁੱਕਣੀ ਹੈ ਤੇ ਸਾਰੇ ਕੰਮ ਦਾ ਭਾਰ ਆਪ ਆਪਣੇ ਸਿਰ ’ਤੇ ਚੁੱਕਣਾ ਹੈ। ਮੇਰੀ ਸਮਝ ਵਿੱਚ ਤਾਂ ਇੱਕੋ ਸੂਰਮਾ ਹੈ, ਇਹ ਸਾਰਾ ਭਾਰ ਚੁੱਕਣ ਵਾਲਾ ਹੈ, ਚੰਦਾ ਸਿਉਂ। ਮੇਰੀ ਮੰਨੋ ਤਾਂ ਇਹ ਕਬੀਲਦਾਰੀ ਇਸੇ ਦੇ ਮੜਾਸੇ ’ਤੇ ਸੁੱਟ ਦਿਓ ਤੇ ਟੱਕ ਇਸੇ ਨੂੰ ਲਾਉਣ ਦਿਓ।”
ਇੱਕ ਹੋਰ ਨਮੂੰਨਾ ਹਾਜ਼ਰ ਹੈ:
“ਗੁਰਦੁਆਰੇ ਦੇ ਐਨ ਮੂਹਰੇ ਇੱਕ ਛੱਪੜੀ ਸੀ; ਬੜੀ ਵਿਰਾਨ, ਮੁਸ਼ਕ ਮਾਰਦਾ ਗੰਦਾ ਪਾਣੀ, ਭੈੜਾ ਦ੍ਰਿਸ਼। ਦੋ-ਢਾਈ ਕਨਾਲ ਲੰਮੀ ਚੌੜੀ ਤੇ ਚਾਰ ਪੰਜ ਫੁੱਟ ਡੂੰਘੀ। ਮਿੱਟੀ ਨਾਲ ਇਹ ਭਰਨ ਦੀ ਵਿਉਂਤ ਬਣਾਈ। ਕੰਮ ਔਖਾ ਪਰ ਲੋਕ-ਸ਼ਕਤੀ ਅੱਗੇ ਕੀ ਔਖ ਤੇ ਕੀ ਸੌਖ? ਲੋਕ-ਸ਼ਕਤੀ ਪਰਬਤਾਂ ਨੂੰ ਮੱਥਾ ਲਾਉਣ ਤੋਂ ਗੁਰੇਜ਼ ਨਹੀਂ ਕਰਦੀ। ਨਾਲੇ ਸੰਤ ਇੰਦਰ ਸਿੰਘ ਦੀ ਪ੍ਰੇਰਨਾ। ਇਨ੍ਹਾਂ ਦੀ ਆਖੀ ਗੱਲ ਸਾਰਾ ਨਗਰ ਹੱਥ ਜੋੜ ਕੇ ਮੰਨਣ ਵਾਲਾ। ਸਾਰਾ ਨਗਰ ’ਕੱਠਾ, ਜੋੜ ਲਏ ਗੱਡੇ, ਰੱਖ ਲਈਆਂ ਮੋਢਿਆਂ ’ਤੇ ਕਹੀਆਂ। ਪਿੰਡ ਤੋਂ ਕੋਈ ਮੀਲ ਭਰ ਦੈੜਾਂ ਸਨ, ਰੇਤ ਦੇ ਟਿੱਬੇ। ਲਾ ਲਿਆ ਟਿੱਬਿਆਂ ਨੂੰ ਮੱਥਾ। ਕਹੀਆਂ-ਕੜਾਹੀਆਂ, ਟੋਕਰੀਆਂ ਨਾਲ ਭਰ ਭਰ ਗੱਡੇ ਆਉਣ ਲੱਗੇ। ਦਿਨ ਕੁਝ ਵੀ ਨਾ ਲੱਗੇ, ਛੱਪੜੀ ਕੁੱਖਾਂ ਤਕ ਭਰ ਗਈ। ਛੱਪੜੀ ਦਾ ਨਾਂ-ਨਿਸ਼ਾਨ ਮੁੱਕ ਗਿਆ। ਖੁਸ਼ੀ ਦੇ ਰਣਸਿੰਗੇ ਵੱਜੇ, ਜੈਕਾਰਿਆਂ ਨਾਲ ਨਗਰ ਗੂੰਜ ਉੱਠਿਆ।”
ਇਹ ਤਾਂ ਦਾਲ਼ ਵਿੱਚੋਂ ਦਾਣਾ ਟੋਹਣ ਵਾਂਗ ਹੀ ਹੈ। ਪੂਰੀ ਜ਼ਾਇਕੇਦਾਰ ਦਾਲ਼ ਦਾ ਨਜ਼ਾਰਾ ਤਾਂ ਇਹ ਪੁਸਤਕ ਪੜ੍ਹ ਕੇ ਹੀ ਲਿਆ ਜਾ ਸਕਦਾ ਹੈ। ਮਹਾਂਪੁਰਸ਼ਾਂ ਬਾਰੇ ਇਸ ਪੁਸਤਕ ਨੂੰ ਪਾਠਕਾਂ ਸਨਮੁੱਖ ਕਰਨ ਲਈ ਮੈਂ ਪੂਰਨ ਸਿੰਘ ਪਾਂਧੀ ਨੂੰ ਹਾਰਦਿਕ ਮੁਬਾਰਕਬਾਦ ਦਿੰਦਾ ਹਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3565)
(ਸਰੋਕਾਰ ਨਾਲ ਸੰਪਰਕ ਲਈ: