SukhdevJhandDr7ਉੰਨੀਵੀਂ ਸਦੀ ਦੇ ਦੌਰਾਨ ਆਚਰਣ ਨੂੰ ਪ੍ਰੀਭਾਸ਼ਿਤ ਕਰਨ ਲਈ ਸ਼ਬਦ ‘ਫ਼ਰਜ਼’, ‘ਕੰਮ’, ‘ਸੁਚੱਜੇ ਕਰਤਵ’ ...
(19 ਮਈ 2021)

 

ਸਕੂਲ ਵਿੱਚ ਪੜ੍ਹਦਿਆਂ ਆਚਰਣ ਦੇ ਵਿਸ਼ੇ ’ਤੇ ਅੰਗਰੇਜ਼ੀ ਵਿੱਚ ਲੇਖ ਲਿਖਦੇ ਸਮੇਂ ਆਚਰਣ ਦੇ ਨਾਲ ਜੁੜੀ ਇਹ ਕਹਾਵਤ ਆਮ ਹੀ ਵਰਤੋਂ ਵਿੱਚ ਲਿਆਉਂਦੇ ਹੁੰਦੇ ਸੀ:

When money is lost, nothing is lost.
When health is lost, something is lost.
When character is lost, everything is lost.

ਭਾਵ, ਜੇਕਰ ਧੰਨ ਗਵਾਚ ਗਿਆ ਤਾਂ ਸਮਝੋ ਕੁਝ ਵੀ ਨਹੀਂ ਗਿਆ, ਜੇਕਰ ਸਿਹਤ ਵਿਗੜ ਗਈ ਤਾਂ ਸਮਝੋ ਕੁਝ ਨੁਕਸਾਨ ਹੋ ਗਿਆ ਹੈ, ਪਰ ਜੇਕਰ ਆਚਰਣ ਚਲਾ ਗਿਆ ਤਾਂ ਸਮਝੋ ਸਭ ਕੁਝ ਹੀ ਚਲਾ ਗਿਆਉਦੋਂ ਇਹ ਪਤਾ ਨਹੀਂ ਸੀਂ ਹੁੰਦਾ ਕਿ ਇਹ ਸ਼ਬਦ ਬਿਲੀ ਗ੍ਰਾਹਮ ਦੇ ਹਨ, ਜਾਂ ਕਿਸੇ ਹੋਰ ਵਿਦਵਾਨ ਵੱਲੋਂ ਉਚਾਰੇ ਗਏ ਹਨ, ਪਰ ਇਨ੍ਹਾਂ ਦੇ ਵਰਤਣ ਨਾਲ ਲੇਖ ਪ੍ਰਭਾਵਸ਼ਾਲੀ ਜ਼ਰੂਰ ਬਣ ਜਾਂਦਾ ਸੀਉਂਜ, ਇਨ੍ਹਾਂ ਸ਼ਬਦਾਂ ਤੋਂ ਜੀਵਨ ਵਿੱਚ ਆਚਰਣ ਜਾਂ ਚਾਲਚਲਣ ਦੀ ਅਹਿਮੀਅਤ ਦਾ ਅੰਦਾਜ਼ਾ ਭਲੀਭਾਂਤ ਲੱਗ ਜਾਂਦਾ ਸੀ ਇਸਦੇ ਨਾਲ ਹੀ ਸਕੂਲ ਵਿੱਚੋਂ ਦਸਵੀਂ ਜਾਂ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਅਗਲੀ ਪੜ੍ਹਾਈ ਲਈ ਕਾਲਜ ਜਾਣ ਲਈ ਉੱਥੋਂ ‘ਆਚਰਣ ਸਰਟੀਫੀਕੇਟ’ (Character Cerificate) ਵੀ ਲੈਣਾ ਪੈਂਦਾ ਸੀ ਜਿਸਦੇ ਅਖ਼ੀਰ ਵਿੱਚ ਇੱਕ ਸਤਰ ਹੁੰਦੀ ਸੀ, “Mr / Miss so and so bears a Good Moral Character.ਉਦੋਂ ਇਸ ਗੱਲ ਦੀ ਬਹੁਤੀ ਸਮਝ ਨਹੀਂ ਸੀ ਹੁੰਦੀ ਕਿ ਇਹ “ਗੁੱਡ ਮੌਰਲ ਕਰੈਕਟਰ” ਕੀ ਹੁੰਦਾ ਹੈਕੇਵਲ ਇੰਨਾ ਹੀ ਜਾਣਦੇ ਸੀ ਕਿ ਇਹ ਸਤਰ ਸਬੰਧਿਤ ਵਿਦਿਆਰਥੀ ਦੇ ਆਮ ਵਿਹਾਰ ਅਤੇ ਆਚਰਣ ਨੂੰ ਬਿਲਕੁਲ ‘ਠੀਕ’ ਦਰਸਾਉਂਦੀ ਹੈ ਅਤੇ ਉਸ ਨੇ ਸਕੂਲ ਵਿੱਚ ਕੋਈ ਗ਼ਲਤੀ ਵਗ਼ੈਰਾ ਨਹੀਂ ਕੀਤੀ, ਪਰ ਉਦੋਂ ਉਸ ‘ਗ਼ਲਤੀ’ ਦਾ ਕੋਈ ਇਹਸਾਸ ਜਾਂ ਉਸ ਦੇ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਸੀ ਹੁੰਦੀ

‘ਆਚਰਣਜਿਸ ਨੂੰ ਚਾਲਚਲਣ, ਚਰਿੱਤਰ ਜਾਂ ਕਿਰਦਾਰ ਦੇ ਨਾਂਵਾਂ ਨਾਲ ਜਾਣਿਆ ਜਾਂਦਾ ਹੈ, ਅੰਗਰੇਜ਼ੀ ਭਾਸ਼ਾ ਦੇ ਸ਼ਬਦ ‘Character’ ਦਾ ਪਰਿਰੂਪ ਹੈ ਜੋ ਯੂਨਾਨੀ ਭਾਸ਼ਾ ਦੇ ਸ਼ਬਦ ‘Kharakter’ ਤੋਂ ਬਣਿਆ ਹੈ ਜਿਹੜਾ ਕਿ ਪੁਰਾਤਨ ਸਮੇਂ ਦੌਰਾਨ ਸਿੱਕੇ ਉੱਪਰ ਖ਼ੁਦੇ ਹੋਏ ਨਿਸ਼ਾਨ ਨੂੰ ਪ੍ਰਗਟਾਉਂਦਾ ਹੈ ਇਸਦੇ ਅਰਥ ‘ਨਿਸ਼ਾਨੀ’ (Symbol), ‘ਉਕਰਿਆ ਹੋਇਆ ਨਿਸ਼ਾਨ’ ((Engraved Mark) ਜਾਂ ‘ਆਤਮਾ ਉੱਪਰ ਛਾਪ’ (Imprint on the Soul) ਸਮਝੇ ਜਾਂਦੇ ਹਨਇੱਥੇ ਇਹ ਵਰਨਣਯੋਗ ਹੈ ਕਿ ਅੰਗਰੇਜ਼ੀ ਦਾ ਇਹ ਸ਼ਬਦ ‘Character’ ਇੰਗਲੈਂਡ ਅਤੇ ਅਮਰੀਕਾ ਦੇ ਸ਼ਬਦਕੋਸ਼ ਵਿੱਚ ਸਤਾਰਵੀਂ ਸਦੀ ਦੇ ਆਰੰਭ ਵਿੱਚ ਆਇਆ ਅਤੇ ਇਸਦੀ ਵਰਤੋਂ ਉੰਨੀਵੀਂ ਸਦੀ ਵਿੱਚ ਚਰਮ ਸੀਮਾ ’ਤੇ ਪਹੁੰਚੀਇਹ ਮਨੁੱਖ ਦੇ ਸਮੂਹਿਕ ਗੁਣਾਂ ਨੂੰ ਪ੍ਰੀਭਾਸ਼ਿਤ ਕਰਦਾ ਹੈ ਅਤੇ ਇਨ੍ਹਾਂ ਗੁਣਾਂ ਵਿੱਚ ਮਨੁੱਖ ਦੇ ਨਿੱਜੀ ਵਿਚਾਰ, ਉਸ ਦੇ ਦਿਮਾਗ਼ ਵਿੱਚ ਆਉਂਦੇ ਭਾਂਤ-ਭਾਂਤ ਕਿਸਮ ਦੇ ਖ਼ਿਆਲ, ਉਸ ਦਾ ਸੁਭਾਅ ਤੇ ਵਿਹਾਰ, ਉਸ ਦੀਆਂ ਇੱਛਾਵਾਂ, ਭਾਵਨਾਵਾਂ, ਆਦਤਾਂ ਅਤੇ ਪਿਆਰ ਤੇ ਨਫ਼ਰਤ ਵਾਲੀਆਂ ਸੋਚਾਂ, ਆਦਿ ਸਭ ਸ਼ਾਮਲ ਹਨਇਨ੍ਹਾਂ ਸਾਰੀਆਂ ਚੀਜ਼ਾਂ ਦਾ ਮਿਲਗੋਭਾ ਉਸ ਦੇ ਸਮੁੱਚੇ ਆਚਰਣ ਦੀ ਤਸਵੀਰ ਪੇਸ਼ ਕਰਦਾ ਹੈਉਂਜ ਇਹ ਅੰਗਰੇਜ਼ੀ ਸ਼ਬਦ ‘ਕਰੈਕਟਰ’ ਨਾਟਕਾਂ ਅਤੇ ਫਿਲਮਾਂ ਵਿਚਲੇ ਪਾਤਰਾਂ ਵੱਲੋਂ ਨਿਭਾਏ ਜਾਂਦੇ ਕਿਰਦਾਰਾਂ ਲਈ ਵੀ ਵਰਤਿਆ ਜਾਂਦਾ ਹੈ

ਕਈ ਵਿਅਕਤੀ ਆਚਰਣ ਅਤੇ ਸ਼ਖ਼ਸੀਅਤ ਨੂੰ ਇੱਕ ਹੀ ਮੰਨਦੇ ਹਨ, ਜਦ ਕਿ ਹੋਰ ਕਈਆਂ ਅਨੁਸਾਰ ਇਹ ਦੋਵੇਂ ਮਨੁੱਖ ਦੇ ਵੱਖ-ਵੱਖ ਪਹਿਲੂ ਹਨਉਂਜ ਵੇਖਿਆ ਜਾਏ ਤਾਂ ਸ਼ਖ਼ਸੀਅਤ ਸਾਡੇ ਜੀਵਨ ਦਾ ਉਹ ਪੱਖ ਹੈ ਜੋ ਹਰ ਕੋਈ ਵੇਖ ਰਿਹਾ ਹੈ ਕਿ ਅਸੀਂ ਕੌਣ ਹਾਂ ਅਤੇ ਕੀ ਕਰਦੇ ਹਾਂ, ਜਦ ਕਿ ਆਚਰਣ ਸਾਡਾ ਉਹ ਪਹਿਲੂ ਹੈ ਜੋ ਅਦਿੱਖ ਹੈ ਅਤੇ ਉਹ ਸਾਡੇ ਆਪਣੇ ਆਪ ਤਕ ਸੀਮਤ ਹੈਮਨੋਵਿਗਿਆਨੀ ਸਟੋਲੋਰੋ ਨੇ ਆਚਰਣ ਨੂੰ ਮਨੁੱਖੀ ਸ਼ਖ਼ਸੀਅਤ ਦਾ ਹੀ ਇੱਕ ਹਿੱਸਾ ਮੰਨਿਆ ਹੈ ਅਤੇ ਉਹ ਇਸ ਨੂੰ ਮਨੁੱਖ ਦੇ ਸਮਾਜੀ ਵਿਹਾਰ ਦੇ ਵੱਖ-ਵੱਖ ਪੱਖਾਂ ਦਾ ਸਮੂਹ ਬਿਆਨ ਕਰਦਾ ਹੈ

ਸੱਭਿਆਚਾਰਕ ਇਤਿਹਾਸ ਦਾ ਮਾਹਿਰ ਵੇਰੇਨ ਸੁਸਮੈਨ ਆਚਰਣ ਨੂੰ ਸ਼ਖ਼ਸੀਅਤ ਨਾਲੋਂ ਵੱਖਰਾ ਮੰਨਦਿਆਂ ਹੋਇਆਂ ਇਸ ਨੂੰ ਉੰਨੀਵੀਂ ਸਦੀ ਦੇ ਆਰੰਭ ਵਿੱਚ ਵਰਤਿਆ ਜਾਂਦਾ ਅਹਿਮ ਸ਼ਬਦ ਕਰਾਰ ਦਿੰਦਾ ਹੈਉਸ ਦਾ ਕਹਿਣਾ ਹੈ ਕਿ ਉਸ ਸਮੇਂ ‘ਮਜ਼ਬੂਤ ਤੇ ਕਮਜ਼ੋਰ ਆਚਰਣ’ ਅਤੇ ‘ਚੰਗੇ ਤੇ ਮਾੜੇ ਆਚਰਣ’ ਦੀ ਚਰਚਾ ਆਮ ਲੋਕਾਂ ਵਿੱਚ ਹੋਣ ਲੱਗ ਪਈ ਸੀ ਅਤੇ ਨੌਜੁਆਨਾਂ ਨੂੰ ਆਪਣਾ ਆਚਰਣ ਉੱਚਾ-ਸੁੱਚਾ ਰੱਖਣ ਲਈ ਕਿਹਾ ਜਾਣ ਲੱਗ ਪਿਆ ਸੀਉਨ੍ਹਾਂ ਨੂੰ ਇਹ ਸਿੱਖਿਆ ਵੀ ਦਿੱਤੀ ਜਾਂਦੀ ਸੀ ਕਿ ਆਚਰਣ ਬੇਸ਼-ਕੀਮਤੀ ਸ਼ੈਅ ਹੈ ਅਤੇ ਇਸ ਨੂੰ ਸਹੀ ਰੱਖਣਾ ਬੇਹੱਦ ਜ਼ਰੂਰੀ ਹੈਸੁਸਮੈਨ ਅਨੁਸਾਰ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਹੀ ਆਚਰਣ ਨੂੰ ਮਨੁੱਖ ਦੀ ਸ਼ਖ਼ਸੀਅਤ ਵਜੋਂ ਵੇਖਣਾ, ਪਰਖਣਾ ਅਤੇ ਸਮਝਣਾ ਆਰੰਭ ਹੋ ਗਿਆ ਸੀ, ਹਾਲਾਂਕਿ ਇਹ ਦੋਵੇਂ ਇੱਕ ਦੂਸਰੇ ਤੋਂ ਵੱਖਰੇ ਹਨ ਅਤੇ ਇਨ੍ਹਾਂ ਨੂੰ ਵੱਖ-ਵੱਖ ਨੁਕਤਾ-ਨਿਗਾਹ ਤੋਂ ਹੀ ਵੇਖਣਾ ਬਣਦਾ ਹੈਆਚਰਣ ਦੇ ਸੱਭਿਆਚਾਰ ਤੋਂ ਸ਼ਖਸੀਅਤ ਦੇ ਸੱਭਿਆਚਾਰ ਵੱਲ ਸਫ਼ਰ ਨੂੰ ਸੁਸਮੈਨ ‘ਪ੍ਰਾਪਤੀ’ ਅਤੇ ‘ਕਾਰਜਸ਼ੀਲਤਾ’ ਮੰਨਦਾ ਹੈ

ਉੰਨੀਵੀਂ ਸਦੀ ਦੇ ਦੌਰਾਨ ਆਚਰਣ ਨੂੰ ਪ੍ਰੀਭਾਸ਼ਿਤ ਕਰਨ ਲਈ ਸ਼ਬਦ ‘ਫ਼ਰਜ਼’, ‘ਕੰਮ’, ‘ਸੁਚੱਜੇ ਕਰਤਵ’, ‘ਤੌਰ-ਤਰੀਕੇ’, ‘ਦਿਆਨਤਦਾਰੀ’, ਆਦਿ ਵਰਤੇ ਜਾਂਦੇ ਸਨ, ਜਦ ਕਿ ਸ਼ਖ਼ਸੀਅਤ ਦੇ ਲਈ ਸ਼ਬਦਾਂ ਮਹੱਤਵਪੂਰਨ, ਪ੍ਰਭਾਵਸ਼ਾਲੀ, ਚਮਕਵੀਂ, ਚੁੰਭਕੀ, ਸਿਰਜਣਾਤਮਿਕ, ਆਕਰਸ਼ਿਕ, ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਸੀਚੰਗੇ ਆਚਰਣ ਦੇ ਲਈ ਸ਼ਬਦ ਪਿਆਰ, ਦਿਆਲਤਾ, ਦਲੇਰੀ, ਵਿਸ਼ਵਾਸ, ਸਚਾਈ, ਸਪਸ਼ਟਤਾ, ਇਮਾਨਦਾਰੀ, ਇਰਾਦੇ ਦੀ ਪ੍ਰਪੱਕਤਾ, ਆਦਿ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਇਨ੍ਹਾਂ ਗੁਣਾਂ ਦੀ ਲੋੜ ਸਮਝੀ ਜਾਂਦੀ ਹੈਇਨ੍ਹਾਂ ਗੁਣਾਂ ਦੀ ਘਾਟ ਸਬੰਧਿਤ ਵਿਅਕਤੀ ਨੂੰ ਮਾੜੇ ਆਚਰਣ ਵਾਲਾ ਜਾਂ ‘ਚਰਿੱਤਰਹੀਣ’ ਤਕ ਗਰਦਾਨਣ ਲਈ ਵੀ ਕੀਤੀ ਜਾਂਦੀ ਸੀ

ਆਚਰਣ ਦੇ ਵਿਕਾਸ ਵਿੱਚ ਅਧਿਆਤਮਵਾਦ ਦੀ ਮੁੱਖ ਭੂਮਿਕਾ ਹੈਵੱਖ-ਵੱਖ ਧਰਮਾਂ ਦੇ ਗ੍ਰੰਥ ਮਨੁੱਖ ਨੂੰ ਚੰਗਾ ਆਚਰਣ ਬਣਾਉਣ ਅਤੇ ਇਸ ਨੂੰ ਕਾਇਮ ਰੱਖਣ ਦੀ ਪ੍ਰੇਰਨਾ ਕਰਦੇ ਹਨਉਹ ਮਨੁੱਖੀ ਜੀਵਨ ਲਈ ਸੁਥਰੀਆਂ ਸਮਾਜਿਕ ਤੇ ਸਦਾਚਾਰਿਕ ਕਦਰਾਂ-ਕੀਮਤਾਂ ਦੀ ਗੱਲ ਕਰਦੇ ਹਨ ਅਤੇ ਇਨ੍ਹਾਂ ਨੂੰ ਅਪਣਾਉਣ ਲਈ ਜ਼ੋਰ ਦਿੰਦੇ ਹਨਈਸਾਈ ਧਰਮ ਦੇ ਗ੍ਰੰਥ ‘ਬਾਈਬਲ’ ਨੂੰ ‘ਆਚਰਣ ਦੀ ਪਾਠ-ਪੁਸਤਕ’ ਮੰਨਿਆ ਜਾਂਦਾ ਹੈਇਸ ਵਿੱਚ ਅਨੇਕਾਂ ਕਹਾਣੀਆਂ ਸ਼ਾਮਲ ਹਨ ਜੋ ਵੱਖ-ਵੱਖ ਔਰਤਾਂ ਤੇ ਮਰਦਾਂ ਦੇ ਵਧੀਆ ਆਚਰਣ ਨਾਲ ਸਬੰਧਿਤ ਹਨ ਅਤੇ ਮਨੁੱਖ ਨੂੰ ਚੰਗਾ ਆਚਰਣ ਰੱਖਣ ਦੀ ਪ੍ਰੇਰਨਾ ਕਰਦੀਆਂ ਹਨ ਇਸੇ ਤਰ੍ਹਾਂ ਰਾਮਾਇਣ, ਮਹਾਂਭਾਰਤ ਅਤੇ ਹੋਰ ਧਾਰਮਿਕ ਗ੍ਰੰਥਾਂ ਵਿੱਚ ਵੀ ਸਮਾਜਿਕ ਮਰਿਆਦਾ, ਮਾਪਿਆਂ ਦੇ ਮਾਣ-ਸਤਿਕਾਰ ਅਤੇ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਨ, ਆਦਿ ਦੀ ਗੱਲ ਬਾਖ਼ੂਬੀ ਕੀਤੀ ਗਈ ਹੈ

ਸਿੱਖ ਧਰਮ ਵਿੱਚ ਆਚਰਣ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਵਿੱਚ ਆਚਰਣ ਨੂੰ ਸਰਬ-ਸ੍ਰੇਸ਼ਟ ਦੱਸਿਆ ਗਿਆ ਹੈਇਸ ਸਬੰਧੀ ਉਨ੍ਹਾਂ ਦਾ ਫ਼ੁਰਮਾਨ ਹੈ:

ਸਚਹੁ ਓਰੇ ਸਭ ਕੋ ਉਪਰਿ ਸਚੁ ਆਚਾਰੁ।। (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 562)

ਗੁਰਦਆਰਾ ਸਹਿਬਾਨ ਦੇ ਸੁਯੋਗ ਪ੍ਰਬੰਧਾਂ ਲਈ 1925 ਵਿੱਚ ਬਣਾਈ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1945 ਵਿੱਚ ‘ਰਹਿਤ-ਮਰਿਆਦਾ’ ਨਿਰਧਾਰਤ ਕੀਤੀ ਗਈਇਸ ਰਹਿਤ-ਮਰਿਆਦਾ ਵਿੱਚ ਮਨੁੱਖੀ ਆਚਰਣ ਨੂੰ ਉੱਚਾ-ਸੁੱਚਾ ਰੱਖਣ ਲਈ ਕਈ ਮੱਦਾਂ ਦਰਜ ਹਨ, ਜਿਨ੍ਹਾਂ ਵਿੱਚ ਸਿੱਖੀ ਦੇ ਤਿੰਨ ਮੁੱਢਲੇ ਅਸੂਲਾਂ- ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ- ਤੋਂ ਇਲਾਵਾ ਸੇਵਾ ਕਰਨੀ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਵਰਗੇ ਗੁਣ ਵੀ ਸ਼ਾਮਲ ਹਨ ਇਸਦੇ ਨਾਲ ਹੀ ਇਸ ਵਿੱਚ ਸਿੱਖਾਂ ਨੂੰ ਭੰਗ, ਤੰਬਾਕੂ ਤੇ ਹੋਰ ਨਸ਼ਿਆਂ ਦੇ ਸੇਵਨ ਦੀ ਮਨਾਹੀ, ਨਫ਼ਰਤ, ਈਰਖਾ ਤੇ ਪਰਾਏ ਧੰਨ ਤੋਂ ਦੂਰ ਰਹਿਣ ਅਤੇ ਕਿਸੇ ਵੀ ਪਰਾਈ ਇਸਤਰੀ ਨਾਲ ਸਬੰਧ ਨਾ ਰੱਖਣ ਵਰਗੀਆਂ ਕੁਰਹਿਤਾਂ ਵੀ ਦਰਜ ਕੀਤੀਆਂ ਗਈਆਂ ਹਨ

ਕਿਸੇ ਵੀ ਮਨੁੱਖ ਦਾ ਆਚਰਣ ਜਾਂ ਚਾਲਚਲਣ ਕੁਝ ਦਿਨਾਂ ਜਾਂ ਮਹੀਨਿਆਂ ਵਿੱਚ ਵਿਕਸਿਤ ਨਹੀਂ ਹੁੰਦਾ, ਸਗੋਂ ਇਸਦੇ ਲਈ ਤਾਂ ਸਾਲਾਂ ਦੇ ਸਾਲ ਲੱਗ ਜਾਂਦੇ ਹਨਇਹ ਸਬੰਧਿਤ ਪਰਿਵਾਰ ਦੇ ਪਿਛੋਕੜ ਅਤੇ ਉਸ ਤੋਂ ਪ੍ਰਾਪਤ ਹੋਏ ਸੰਸਕਾਰਾਂ ਉੱਪਰ ਵੀ ਨਿਰਭਰ ਕਰਦਾ ਹੈ ਜੋ ਪੀੜ੍ਹੀ-ਦਰ-ਪੀੜ੍ਹੀ ਚੱਲਿਆ ਆਉਂਦਾ ਹੈਆਚਰਣ ਕਿਸੇ ਇਕਾਂਤ ਵਿੱਚ ਚੁੱਪ-ਚਾਪ ਬੈਠ ਕੇ ਨਹੀਂ ਉਸਾਰਿਆ ਜਾ ਸਕਦਾ, ਸਗੋਂ ਇਸਦੇ ਲਈ ਤਾਂ ਸਮਾਜ ਵਿੱਚ ਵਿਚਰਦਿਆਂ ਹੋਇਆਂ ਲੋਕਾਂ ਨਾਲ ਮਿਲ-ਜੁਲ ਕੇ ਸਹੀ ਤਰ੍ਹਾਂ ਜੀਵਨ ਗ਼ੁਜ਼ਾਰਨਾ ਜ਼ਰੂਰੀ ਹੈਅੰਨ੍ਹੀ, ਗੁੰਗੀ ਤੇ ਬੋਲ਼ੀ ਪ੍ਰਸਿੱਧ ਵਿਦਵਾਨ ਹੈਲਨ ਕੀਲਰ ਨੇ ਠੀਕ ਹੀ ਕਿਹਾ ਹੈ, Charater cannot be developed in ease and quiet. Only through experience of trial and suffering can the soul be strengthed, ambition inspired and success achieved.

ਕਿਸੇ ਵਿਅਕਤੀ ਦਾ ਮੌਰਲ ਆਚਰਣ ਉਸ ਦੇ ਨਿੱਜੀ ਗੁਣਾਂ ਦਾ ਮੁਲਾਂਕਣ ਹੈਇਨ੍ਹਾਂ ਵਿੱਚ ਉਸ ਦੀ ਇਮਾਨਦਾਰੀ, ਬਹਾਦਰੀ, ਭਰੋਸੇਯੋਗਤਾ, ਮਾਣ-ਇੱਜ਼ਤ, ਦੂਸਰਿਆਂ ਨਾਲ ਵਿਹਾਰ ਅਤੇ ਉਸ ਦੀਆਂ ਨਿੱਜੀ ਆਦਤਾਂ, ਆਦਿ ਸ਼ਾਮਲ ਹਨਇਹ ਗੁਣ ਇੱਕ ਵਿਅਕਤੀ ਨੂੰ ਦੂਸਰੇ ਨਾਲੋਂ ਵੱਖਰਿਆਉਂਦੇ ਹਨ, ਕਿਉਂਕਿ ਇਨ੍ਹਾਂ ਗੁਣਾਂ ਦੀ ਵਾਧ-ਘਾਟ ਹਰੇਕ ਇਨਸਾਨ ਵਿੱਚ ਵੱਖੋ-ਵੱਖਰੀ ਮਾਤਰਾ ਵਿੱਚ ਹੁੰਦੀ ਹੈ ਅਤੇ ਇਨ੍ਹਾਂ ਨੂੰ ਸਾਹਮਣੇ ਰੱਖਦਿਆਂ ਹੋਇਆਂ ਹੀ ਲੋਕਾਂ ਵੱਲੋਂ ਉਸ ਵਿਅਕਤੀ ਦੇ ਆਚਰਣ ਦਾ ਮੁਲਾਂਕਣ ਕੀਤਾ ਜਾਂਦਾ ਹੈਸਮਾਜ ਵਿੱਚ ਕਿਸੇ ਨੂੰ ਸ਼ਰੀਫ਼, ਭਲਾਮਾਣਸ, ਸ਼ਰਮਾਕਲ, ਦਿਆਲੂ, ਆਦਿ ਸ਼ਬਦਾਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਕਿਸੇ ਦੂਸਰੇ ਨੂੰ ਲੁੱਚਾ, ਲਫੰਗਾ, ਈਰਖਾਲੂ, ਸੜੀਅਲ, ਝਗੜਾਲੂ, ਅਤੇ ਬਦਮਾਸ਼ ਹੋਣ ਦਾ ‘ਸਰਟੀਫੀਕੇਟ’ ਦਿੱਤਾ ਜਾਂਦਾ ਹੈਮਨੋਵਿਗਿਆਨੀ ਲਾਅਰੈਂਸ ਪਰਵਿਨ ਅਨੁਸਾਰ, “ਨਿੱਜੀ ਆਚਰਣ ਵੱਖ-ਵੱਖ ਸਮਾਜਿਕ ਹਾਲਤਾਂ ਵਿੱਚ ਕਿਸੇ ਵਿਅਕਤੀ ਵੱਲੋਂ ਆਪਣਾ ਵਿਹਾਰ ਦਰਸਾਉਣ ਵਾਲਾ ਦਰਪਣ ਹੈ।”

ਸਮਾਜਿਕ ਆਚਰਣ ਦੀ ਪ੍ਰੀਭਾਸ਼ਾ ਉੱਘੇ ਜਰਮਨ ਸਮਾਜਿਕ ਵਿਗਿਆਨੀ ਐਰਿਕ ਫ਼ਰੌਮੇ ਵੱਲੋਂ ਵੀਹਵੀ ਸਦੀ ਦੇ ਆਰੰਭ ਵਿੱਚ ਦਿੱਤੀ ਗਈਉਸ ਦੇ ਅਨੁਸਾਰ “ਸਮਾਜਿਕ ਆਚਰਣ ਕਿਸੇ ਸਮਾਜ ਦੇ ਲੋਕਾਂ ਜਾਂ ਜਾਤੀਆਂ ਦਾ ਸਮੂਹਿਕ ਤੌਰ ’ਤੇ ਦਰਸਾਏ ਜਾਣ ਵਾਲਾ ਵਰਤਾਰਾ ਹੈ।” ਉਹ ਇਸ ਨੂੰ ਕਾਰਲ ਮਾਰਕਸ ਦੀ ਸੋਸ਼ਲ ਥਿਊਰੀ ਨਾਲ ਜੋੜਦਾ ਹੈ ਜੋ ਸੁਪਨਿਆਂ ਦੇ ਵਿਆਖਿਆਕਾਰ ਮਨੋਵਿਗਿਆਨੀ ਸਿਗਮੰਡ ਫ਼ਰਾਇਡ ਵੱਲੋਂ ਦਰਸਾਈ ਗਈ ਆਚਰਣ ਦੀ ਪ੍ਰੀਭਾਸ਼ਾ ਨਾਲ ਜਾ ਜੁੜਦੀ ਹੈ ਜਿਹੜੀ ਕਿ ਇਸ ਪ੍ਰਕਾਰ ਹੈ:

ਸਾਡਾ ਆਚਰਣ ਸਾਡੇ ਅਨੁਭਵਾਂ ਦੀਆਂ ਯਾਦਾਂ ਉੱਪਰ ਆਧਾਰਿਤ ਹੈ ਅਤੇ ਇਨ੍ਹਾਂ ਵਿੱਚ ਸਭ ਤੋਂ ਵੱਧ ਉਹ ਅਨੁਭਵ ਹੁੰਦੇ ਹਨ ਜਿਨ੍ਹਾਂ ਦਾ ਸਾਡੇ ਉੱਪਰ ਸਭ ਤੋਂ ਵਧੇਰੇ ਅਸਰ ਹੁੰਦਾ ਹੈ, ਖ਼ਾਸ ਤੌਰ ’ਤੇ ਜਵਾਨੀ ਦੇ ਪਹਿਲੇ ਪੜਾਅ ਦੇ ਅਨੁਭਵ ਜੋ ਸਾਡੇ ਅਚੇਤ ਜਾਂ ਸੁਚੇਤ ਮਨ ਵਿੱਚ ਸਮਾਅ ਜਾਂਦੇ ਹਨ।”

ਕੌਮੀ ਆਚਰਣ ਉਨ੍ਹਾਂ ਖ਼ਾਸੀਅਤਾਂ ਜਾਂ ਵਿਹਾਰਕ-ਇਕਾਈਆਂ ਦਾ ਸਮੂਹ ਹੈ ਜੋ ਕਿਸੇ ਦੇਸ਼ ਜਾਂ ਕੌਮ ਦੇ ਬਹੁ-ਗਿਣਤੀ ਲੋਕਾਂ ਵਿੱਚ ਪਾਈਆਂ ਜਾਂਦੀਆਂ ਹਨਇਹ ਖ਼ਾਸੀਅਤਾਂ ਜ਼ਰੂਰੀ ਨਹੀਂ ਕਿ ਸਾਰੀਆਂ ਚੰਗੀਆਂ ਜਾ ਮਾੜੀਆਂ ਹੋਣ, ਸਗੋਂ ਇਹ ਉਨ੍ਹਾਂ ਦਾ ‘ਮਿਲਗੋਭਾ’ ਵੀ ਹੋ ਸਕਦਾ ਹੈਇਸ ਨੂੰ ‘ਲੋਕ-ਸੱਭਿਆਚਾਰ’ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ, ਕਿਉਂਕਿ ਇਹ ਲੋਕਾਂ ਦੀਆਂ ਸਮੂਹਿਕ-ਆਦਤਾਂ, ਵਿਚਾਰਾਂ, ਇੱਛਾਵਾਂ, ਵਿਸ਼ਵਾਸ ਅਤੇ ਵਰਤੋਂ-ਵਿਹਾਰ ਨੂੰ ਪ੍ਰਗਟ ਕਰਦਾ ਹੈਕੌਮੀ ਆਚਰਣ ਨੂੰ ਸਮਝਣ ਲਈ ਇਹ ਪੱਖ ਆਮ ਤੌਰ ’ਤੇ ਉਸ ਖ਼ੇਤਰ ਦੇ ਬਾਲਗ਼ ਵਿਅਕਤੀਆਂ ਦੇ ਹੀ ਵਿਚਾਰੇ ਜਾਂਦੇ ਹਨਇਹ ਕਿਸੇ ਖ਼ਾਸ ਖਿੱਤੇ ਦੇ ਜਨ-ਸਮੂਹ ਦਾ ਮਨੋ-ਵਿਗਿਆਨਕ ਤੇ ਵਿਹਾਰਕ ਆਧਾਰ ਵੀ ਹੋ ਸਕਦਾ ਹੈ

ਭਾਰਤ ਇੱਕ ਬਹੁ-ਸੱਭਿਆਚਾਰੀ ਅਤੇ ਬਹੁ-ਭਾਸ਼ਾਈ ਦੇਸ਼ ਹੈ ਇਸਦੇ ਵੱਖ-ਵੱਖ ਸੂਬਿਆਂ ਦੇ ਲੋਕ ਆਪਣੀਆਂ ਭਾਸ਼ਾਵਾਂ ਬੋਲਦੇ ਹਨ ਅਤੇ ਉਨ੍ਹਾਂ ਦਾ ਆਪੋ ਆਪਣਾ ਸੱਭਿਆਚਾਰ ਹੈਪੰਜਾਬੀ ਬਹਾਦਰ ਤੇ ਨਿਡਰ ਮੰਨੇ ਜਾਂਦੇ ਹਨ ਅਤੇ ਉਹ ਦਰਪੇਸ਼ ਚੁਣੌਤੀਆਂ ਦਾ ਹੱਸ ਕੇ ਮੁਕਾਬਲਾ ਕਰਦੇ ਹਨਉਨ੍ਹਾਂ ਬਾਰੇ ਮਸ਼ਹੂਰ ਹੈ ਕਿ, “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।” ਉਹ ਲੜਾਕੇ ਹਨ ਅਤੇ ਕਈ ਵਾਰ ਆਪਸ ਵਿੱਚ ਵੀ ਉਲਝ ਜਾਂਦੇ ਹਨਹੋਰ ਸੂਬਿਆਂ ਦੇ ਮੁਕਾਬਲੇ ਪੰਜਾਬੀ ਅਤੇ ਬੰਗਾਲੀ ਵਧੇਰੇ ਦੇਸ਼-ਭਗਤ ਸਮਝੇ ਜਾਂਦੇ ਹਨ ਅਤੇ ਭਾਰਤ ਦੀ ਆਜ਼ਾਦੀ ਵਿੱਚ ਉਨ੍ਹਾਂ ਦਾ ਵੱਡ-ਮੁੱਲਾ ਯੋਗਦਾਨ ਰਿਹਾ ਹੈਦੂਸਰੇ ਪਾਸੇ ਗੁਜਰਾਤੀ ਵਧੇਰੇ ਕਰਕੇ ਵਿਓਪਾਰੀ ਤਬੀਅਤ ਦੇ ਮਾਲਕ ਹਨਸਾਰੇ ਦੇਸ਼ ਵਿੱਚ ਇਸ ਸਮੇਂ ਅੰਬਾਨੀਆਂ, ਅਡਾਨੀਆਂ, ਪਟੇਲਾਂ ਤੇ ਮੋਦੀਆਂ ਬਾਰੇ ਹੁੰਦੀ ਚਰਚਾ ਆਮ ਹੀ ਵੇਖਣ-ਸੁਣਨ ਨੂੰ ਮਿਲ ਰਹੀ ਹੈ

ਇਸੇ ਤਰ੍ਹਾਂ ਅਮਰੀਕਾ ਅਤੇ ਕੈਨੇਡਾ ਵੀ ਬਹੁ-ਕੌਮੀ ਅਤੇ ਬਹੁ-ਸੱਭਿਆਚਾਰੀ ਦੇਸ਼ ਹਨਇਨ੍ਹਾਂ ਦੋਹਾਂ ਦੇਸ਼ਾਂ ਵਿੱਚ ਦੂਸਰੇ ਦੇਸਾਂ ਤੋਂ ਪ੍ਰਵਾਸ ਕਰਕੇ ਆਏ ਲੋਕਾਂ ਦੀ ਵੱਡੀ ਗਿਣਤੀ ਹੈ ਅਤੇ ਹਰੇਕ ਦੇਸ਼ ਤੋਂ ਆਏ ਲੋਕਾਂ ਦਾ ਆਪਣਾ ਆਚਰਣ ਤੇ ਸੱਭਿਆਚਾਰ ਹੈ ਇਸੇ ਲਈ ਕਈਆਂ ਵੱਲੋਂ ਇੱਥੇ ਮੌਜੂਦ ਲੋਕਾਂ ਨੂੰ “ਵਣ-ਵਣ ਦੀ ਲੱਕੜੀ” ਦਾ ਨਾਂ ਵੀ ਦਿੱਤਾ ਜਾਂਦਾ ਹੈਅਮਰੀਕਨਾਂ ਬਾਰੇ ਤਾਂ “ਮੱਕੀ ਦੀ ਛੱਲੀ ਉੱਪਰ ਦਾਣੇ” (As American as corn on the cob) ਵਾਲੀ ਕਹਾਵਤ ਮਸ਼ਹੂਰ ਹੈ ਇਸਦੇ ਨਾਲ ਹੀ ਉਨ੍ਹਾਂ ਦੀ “ਸ਼ੌਪਿੰਗ-ਮਾਲ ’ਤੇ ਮੌਜੂਦ ਲੋਕਾਂ” (As American as shoping mall) ਨਾਲ ਵੀ ਤੁਲਣਾ ਕੀਤੀ ਜਾਂਦੀ ਹੈਇੰਗਲੈਂਡ ਦੇ ਵਸਨੀਕਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਤਾਂ ‘ਭੁੱਨੇ ਹੋਏ ਮਾਸ’ ਵਰਗੇ ਹਨ ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ। (As British as Roast Beef)ਇੰਜ ਹੀ, ਕਈ ਉਨ੍ਹਾਂ ਨੂੰ ਚਾਹ ਨਾਲ ਛਕੇ ਜਾਣ ਵਾਲੇ ਸਨੈਕਾਂ ਨਾਲ ਵੀ ਮੇਲਦੇ ਹਨ (As British as Tea and Scones) ਇਸਦੇ ਬਾਵਜੂਦ ਉਹ ਆਚਰਣ ਦੀਆਂ ਉੱਚੀਆਂ ਤੇ ਸੁੱਚੀਆਂ ਕਦਰਾਂ-ਕੀਮਤਾਂ ਦੇ ਧਾਰਨੀ ਹਨਬੇਸ਼ਕ, ਇਨ੍ਹਾਂ ਦੋਹਾਂ ਦੇਸ਼ਾਂ ਤੇ ਹੋਰ ਪੱਛਮੀ ਦੇਸ਼ਾਂ ਵਿੱਚ ਆਚਰਣ ਜਾਂ ਚਾਲਚਲਣ ਦੇ ਕਈ ਮਾਪਦੰਡ ਵੱਖਰੇ ਮੰਨੇ ਜਾਂਦੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੀਆਂ ਆਦਤਾਂ ਅਤੇ ਨਿੱਜੀ ਆਚਰਣ ਸ਼ਾਮਲ ਹੈ, ਪਰ ਸਮਾਜਿਕ ਅਤੇ ਕੌਮੀ ਆਚਰਣ ਦੇ ਪੱਖ ਵਿੱਚ ਉਹ ਦੂਸਰਿਆਂ ਤੋਂ ਬਹੁਤ ਅੱਗੇ ਹਨ

ਇਸ ਤਰ੍ਹਾਂ ਅਸੀਂ ਵੱਖ-ਵੱਖ ਦੇਸ਼ਾਂ, ਕੌਮਾਂ ਅਤੇ ਸੱਭਿਆਚਾਰਾਂ ਵਿੱਚ ਨਿੱਜੀ, ਸਮਾਜਿਕ ਅਤੇ ਕੌਮੀ ਆਚਰਣ ਦੀ ਵੱਖ-ਵੱਖ ਕਿਸਮ ਦੀ ਤਸਵੀਰ ਵੇਖਦੇ ਹਾਂਇਸ ਨੂੰ ਵੇਖਣ-ਪਰਖਣ ਦਾ ਨਜ਼ਰੀਆ ਬੇਸ਼ਕ ਆਪੋ-ਆਪਣਾ ਹੈ ਪਰ ਇਸਦੀ ਮਨੁੱਖੀ ਜੀਵਨ ਵਿੱਚ ਅਹਿਮੀਅਤ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2791)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
Email: (ssjhand121@gmail.com)

More articles from this author