SukhdevJhandDr7ਉਹ ਇਕ ਪ੍ਰੌੜ੍ਹ ਕਵੀ ਅਤੇ ਗੀਤਕਾਰ ਹੋਣ ਦੇ ਨਾਲ਼ ਨਾਲ ਨਾਵਲਕਾਰਵਾਰਤਕ-ਲੇਖਕ ਅਤੇ ਸੰਪਾਦਕ ...
(16 ਨਵੰਬਰ 2021)

 

SukhminderRampuri2ਸੁਖਮਿੰਦਰ ਰਾਮਪੁਰੀ ਨਾਲ ਮੇਰਾ ਕੋਈ ਨਿੱਜੀ ਸਬੰਧ ਨਹੀਂ ਸੀ। ਨਾ ਸਾਡੀ ਕੋਈ ਰਿਸ਼ਤੇਦਾਰੀ ਸੀ ਤੇ ਨਾ ਹੀ ਕੋਈ ਡੂੰਘੀ ਜਾਣ-ਪਛਾਣ। ਪੰਜਾਬ ਵਿਚ ਰਹਿੰਦਿਆਂ ਅਸੀਂ ਕਦੇ ਵੀ ਇਕ ਦੂਸਰੇ ਨੂੰ ਨਹੀਂ ਮਿਲੇ ਸੀ। ਅਲਬੱਤਾ, ਏਨਾ ਜ਼ਰੂਰ ਪਤਾ ਸੀ ਕਿ ਸੁਖਮਿੰਦਰ ਰਾਮਪੁਰੀ ਨਾਂ ਦਾ ਕੋਈ ਕਵੀ ਹੈ ਜੋ ਗੀਤ ਲਿਖਦਾ ਹੈ, ਤਰੰਨਮ ਵਿਚ ਗਾਉਂਦਾ ਵੀ ਹੈ ਅਤੇ ਸਰੋਤਿਆਂ ਨੂੰ ਕੀਲ ਲੈਂਦਾ ਹੈ। ਪਰ ਉਸ ਨੂੰ ਸੁਣਨ ਦਾ ਮੌਕਾ ਕਦੇ ਨਹੀਂ ਮਿਲਿਆ ਸੀ।

ਸਤੰਬਰ 2010 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਨੌਕਰੀ ਤੋਂ ਸੇਵਾ-ਮੁਕਤੀ ਤੋਂ ਬਾਅਦ ਜਦੋਂ ਨਵੰਬਰ ਮਹੀਨੇ ਮੈਂ ਪੱਕੇ ਪੈਰੀਂ ਇੱਥੇ ਬਰੈਂਪਟਨ ਆ ਗਿਆ ਤਾਂ ਅਗਲੇ ਸਾਲ 2011 ਦੇ ਜੂਨ-ਜੁਲਾਈ ਮਹੀਨਿਆਂ ਵਿਚ ਸਿਟੀ ਬੱਸਾਂ ਵਿਚ ਏਧਰ ਓਧਰ ਜਾਣ ਆਉਣ ਨਾਲ ਕੁਝ ਕੁ ਸਾਹਿਤਕ ਦੋਸਤਾਂ ਨਾਲ ਮੁਲਾਕਾਤਾਂ ਹੋਈਆਂ। ਪਹਿਲੀ ਮੁਲਾਕਾਤ ਕਵੀ ਜੋਗਿੰਦਰ ਸਿੰਘ ਅਣਖੀਲਾ ਨਾਲ 1 ਨੰਬਰ ਸਿਟੀ ਬੱਸ ਵਿਚ ਹੋਈ। ਉਦੋਂ ਤੱਕ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਗਠਨ ਹੋ ਚੁੱਕਾ ਸੀ ਅਤੇ ਕਵੀ ਹੋਣ ਕਰਕੇ ਮੈਂ ਉਨ੍ਹਾਂ ਨੂੰ ਇਸ ਸਭਾ ਦੀਆਂ ਮਹੀਨਾਵਾਰ ਮੀਟਿੰਗਾਂ ਵਿਚ ਆਉਣ ਲਈ ਕਿਹਾ। ਉਹ ਆਪਣੇ ਨਾਲ ਅਤਿ-ਨੇੜਲੇ ਸਾਥੀ ਸੁਖਮਿੰਦਰ ਰਾਮਪੁਰੀ ਨੂੰ ਵੀ ਲੈ ਆਏ ਅਤੇ ਇਹ ਸਿਲਸਿਲਾ ਚੱਲਦਾ ਰਿਹਾ। ਇਸ ਤਰ੍ਹਾਂ ਮੇਰੀ ਜਾਣ-ਪਛਾਣ ਰਾਮਪੁਰੀ ਜੀ ਨਾਲ ਸਭਾ ਦੀਆਂ ਮੀਟਿੰਗਾਂ ਵਿਚ ਹੋਈ ਅਤੇ ਹੌਲੀ-ਹੌਲੀ ਇਹ ਸਾਹਿਤਕ ਦੋਸਤੀ ਵਿਚ ਬਦਲ ਗਈ।

4 ਨਵੰਬਰ ਨੂੰ ਦੀਵਾਲੀ ਸੀ ਤੇ ਉਸ ਤੋਂ ਇਕ ਦਿਨ ਪਹਿਲਾਂ ਪੰਜਾਬੀ ਸਾਹਿਤ ਦਾ ਇਕ ਚਿਰਾਗ ਹਮੇਸ਼ਾ ਲਈ ਬੁਝ ਗਿਆ ਜਦੋਂ ਸੁਖਮਿੰਦਰ ਰਾਮਪੁਰੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। 7 ਨਵੰਬਰ ਨੂੰ ਉਨ੍ਹਾਂ ਦੇ ਮਿਰਤਕ ਸਰੀਰ ਦਾ ਸਸਕਾਰ ‘ਲੋਟੱਸ ਫਿਊਨਰਲ ਹੋਮ’ ਵਿਚ ਹੋਇਆ ਅਤੇ ਉਨ੍ਹਾਂ ਨਮਿਤ ਰਖਾਏ ਗਏ ਗੁਰਬਾਣੀ ਦੇ ਅਖੰਡ ਪਾਠ ਦਾ ਭੋਗ ਗੁਰਦੁਆਰਾ ਸਿੱਖ ਸਪਿਰਿਚੂਅਲ ਸੈਂਟਰ ਵਿਖੇ ਪਾਇਆ ਗਿਆ। ਇਸ ਮੌਕੇ ਅੰਤਿਮ ਅਰਦਾਸ ਵਿਚ ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ ਅਤੇ ਜਾਣ-ਪਹਿਚਾਣ ਵਾਲਿਆਂ ਤੋਂ ਇਲਾਵਾ ਉਨ੍ਹਾਂ ਦੇ ਬਹੁਤ ਸਾਰੇ ਸਾਹਿਤਕਾਰ ਦੋਸਤ ਕਾਫ਼ੀ ਗਿਣਤੀ ਵਿਚ ਸ਼ਾਮਲ ਹੋਏ। ਰਿਸ਼ਤੇ ਵਿਚ ਸੁਖਮਿੰਦਰ ਰਾਮਪੁਰੀ ਦੇ ਭਤੀਜੇ ਦੀਪ ਰਾਮਪੁਰੀ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਚੇਅਰਪਰਸਨ ਅਜਾਇਬ ਸਿੰਘ ਸੰਘਾ ਵੱਲੋਂ ਰਾਮਪੁਰੀ ਜੀ ਨੂੰ ਭਾਵ-ਭਿੰਨੀ ਸ਼ਾਬਦਿਕ-ਸ਼ਰਧਾਂਜਲੀ ਦਿੱਤੀ ਗਈ।

ਅਧਿਆਪਕ ਦੀ ਨੌਕਰੀ ਦੌਰਾਨ ਸੁਖਵਿੰਦਰ ਰਾਮਪੁਰੀ ਆਪਣੇ ਪਿੰਡ ਬਣੀ ‘ਰਾਮਪੁਰ ਸਾਹਿਤ ਸਭਾ’ (ਲੁਧਿਆਣਾ) ਵਿਚ ਉਹ ਸੁਰਜੀਤ ਰਾਮਪੁਰੀ, ਗੁਰਚਰਨ ਰਾਮਪੁਰੀ, ਸੁਰਿੰਦਰ ਰਾਮਪੁਰੀ ਵਰਗੇ ਨਾਮੀ ਕਵੀਆਂ ਦੇ ਨਾਲ ਲੰਮੇਂ ਸਮੇਂ ਤੱਕ ਜੁੜੇ ਰਹੇ। ਉਹ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਵੀ ਸਰਗਰਮ ਮੈਂਬਰ ਸਨ। ਸਕੂਲ ਅਧਿਆਪਕ ਵਜੋਂ ਸੇਵਾ-ਮੁਕਤੀ ਤੋਂ ਬਾਅਦ ਉਹ ਬਰੈਂਪਟਨ ਆ ਗਏ ਅਤੇ ਇੱਥੋਂ ਦੀਆਂ ਸਾਹਿਤ ਸਭਾਵਾਂ ਵਿਚ ਆਪਣੀ ਹਾਜ਼ਰੀ ਲਵਾਉਣ ਲੱਗ ਪਏ। ਉਹ ‘ਕਲਮਾਂ ਦਾ ਕਾਫ਼ਲਾ’ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀਆਂ ਮਹੀਨਾਵਾਰ ਮੀਟਿੰਗਾਂ ਵਿਚ ਅਕਸਰ ਸ਼ਿਰਕਤ ਕਰਦੇ ਸਨ ਤੇ ਆਪਣੇ ਭਾਵਪੂਰਤ ਗੀਤਾਂ ਨਾਲ ਇਸ ਦੇ ਕਵੀ-ਦਰਬਾਰਾਂ ਵਿਚ ਭਰਪੂਰ ਯੋਗਦਾਨ ਪਾਉਂਦੇ ਸਨ। ਪ੍ਰਮਾਤਮਾ ਵਜੋਂ ਬਖ਼ਸ਼ੀ ਗਈ ਸੁਰੀਲੀ ਆਵਾਜ਼਼ ਨਾਲ ਆਪਣੇ ਗੀਤਾਂ ਨੂੰ ਤਰੰਨਮ ਵਿਚ ਗਾ ਕੇ ਉਹ ਸਰੋਤਿਆਂ ਨੂੰ ਮੰਤਰ-ਮੁਗਧ ਕਰ ਲੈਂਦੇ ਸਨ। ਕਰੋਨਾ-ਕਾਲ ਦੇ ਦੌਰਾਨ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਨਿੱਜੀ-ਮੀਟਿੰਗਾਂ ਬਰਖ਼ਾਸਤ ਕਰਨ ’ਤੇ ਉਹ ਕਈ ਵਾਰ ਇਸ ਦੀਆਂ ਜ਼ੂਮ-ਮੀਟਿੰਗਾਂ ਵਿਚ ਸ਼ਾਮਲ ਹੁੰਦੇ ਰਹੇ ਅਤੇ ਆਪਣੇ ਗੀਤਾਂ ਨਾਲ ਹਾਜ਼ਰੀਨ ਨੂੰ ਸਰਸ਼ਾਰ ਕਰਦੇ ਰਹੇ।

ਇਸ ਤੋਂ ਪਹਿਲਾਂ ਵਿਅਕਤੀਗਤ ਮੀਟਿੰਗਾਂ ਵਿਚ ਉਹ ਆਮ ਤੌਰ ’ਤੇ ਆਪਣੇ ਅਤਿ-ਨੇੜਲੇ ਸਾਥੀ ਕਵੀ ਜੋਗਿੰਦਰ ਸਿੰਘ ਅਣਖੀਲਾ ਨਾਲ ਹਾਜ਼ਰ ਹੁੰਦੇ ਸਨ। ਸਭਾ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ "ਹੰਸਾਂ ਦੀ ਜੋੜੀ" ਵਜੋਂ ਜਾਣਿਆਂ ਜਾਂਦਾ ਸੀ। ਇਸ ਜੋੜੀ ਵਿੱਚੋਂ ਹੁਣ ਇਕ ਹੰਸ ਉਡਾਰੀ ਮਾਰ ਗਿਆ ਹੈ ਅਤੇ ਦੂਸਰਾ ਹੰਸ ਆਪਣੇ ਸਾਥੀ ਨੂੰ ਕਾਵਿਕ ਅੰਦਾਜ਼ ਵਿਚ ਬੜੀ ਸ਼ਿੱਦਤ ਨਾਲ ਯਾਦ ਕਰ ਰਿਹਾ ਹੈ।

ਇਕ ਹਾਦਸਾ ਹੈ ਜਿਸ ਨੂੰ, ਦਿਲ ਨੇ ਭੁਲਾਇਆ ਹੀ ਨਹੀਂ,
ਮੂੰਹ ਫੇਰ ਲਿਆ ਵੇਖ ਕੇ
, ਉਸ ਨੇ ਬੁਲਾਇਆ ਹੀ ਨਹੀ।

ਨਾ ਉਹ ਰੁਕਿਆ ਤੇ ਨਾ ਹੀ ਮੈਂ ਉਸ ਨੂੰ ਰੋਕ ਪਾਇਆ,
ਜਾਣ ਵਾਲੇ ਦੇ ਦਿਲ ਨੂੰ ਸ਼ਾਇਦ ਇਹ ਭਾਇਆ ਹੀ ਨਹੀਂ।

ਅਤੇ

ਇਕ ਬਾਂਵਰਾ ਮੁਸਾਫਿਰ, ਹੈ ਛੋੜ ਕੇ ਚਲਾ ਗਿਆ,
ਏਥੇ ਕੌਣ ਹੈ ਕਿਸੇ ਦਾ
, ਸਭ ਸੋਚ ਕੇ ਇਹ ਰੋਏ।
ਮਿਲਣਾ ਨਹੀਂ ਏਂ ਉਸਨੇ
, ਜੇ ਮਿਲੇ ਤਾਂ ਉਸ ਨੂੰ ਕਹਿਣਾ,
ਰਹਿ ਗਿਐ
'ਅਣਖੀਲਾ’ 'ਕੱਲਾ, ਕਿਸ ਕੋਲ ਬਹਿ ਕੇ ਰੋਏ।

ਸੁਖਮਿੰਦਰ ਰਾਮਪੁਰੀ ਇਸ ਸੰਸਾਰ ਦੇ ਅਧੂਰੇਪਨ ਦੀ ਹਕੀਕਤ ਨੂੰ ਬਾਖ਼ੂਬੀ ਸਮਝਦੇ ਹਨ। ਉਹ ਭਲੀ-ਭਾਂਤ ਜਾਣਦੇ ਸਨ ਕਿ ਇੱਥੇ ਕੁਝ ਵੀ ਪੂਰਾ ਨਹੀਂ ਹੈ। ਆਪਣੇ ਗੀਤਾਂ ਨੂੰ ਵੀ ਉਹ ਅਧੂਰਾ ਸਮਝਦੇ ਸਨ ਅਤੇ ਇਕ ਪੂਰੇ ਗੀਤ ਦੀ ਤਲਾਸ਼ ਵਿਚ ਸਨ:

ਮੈਂ ਮੰਨਦਾਂ ਕਿ ਇਹ ਵੀ ਸੱਚ ਹੈ,
ਹਰ ਯੁੱਗ ਦਾ ਹਰ ਗੀਤ ਅਧੂਰਾ
,

ਹਰ ਯੁੱਗ ਦਾ ਸੰਗੀਤ ਅਧੂਰਾ,
ਹਰ ਯੁੱਗ ਦਾ ਹਰ ਮੀਤ ਅਧੂਰਾ
,

ਮੇਰੇ ਦਰਦ ਦਾ ਸਫ਼ਰ ਅਧੂਰਾ,
ਮੈਨੂੰ ਇਕ ਹੀ ਗੀਤ ਬਥੇਰਾ।
ਮੈਨੂੰ ਇਕ ਹੀ ਗੀਤ ਬਥੇਰਾ।

ਹੋਰ ਪਤਾ ਨਹੀਂ ਕੀ-ਕੀ ਉਨ੍ਹਾਂ ਦੇ ਮਨ ਵਿਚ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੀਮਾਰੀ ਨਾਲ ਜੂਝਣ ਤੋਂ ਪਹਿਲਾਂ ਉਹ ਇਕ ਹੋਰ ਨਾਵਲ ਦੇ ਖਰੜੇ ਨੂੰ ਅੰਤਿਮ ਛੋਹਾਂ ਦੇ ਰਹੇ ਸਨ। ਮੇਰਾ ਖਿਆਲ ਹੈ ਕਿ ਇਸ ਸੰਸਾਰ ਤੋਂ ਜਾਣ ਤੋਂ ਪਹਿਲਾਂ ਉਪਰੋਕਤ ਵਰਗੇ ਕਈ ਗੀਤਾਂ ਦੇ ਮੁੱਖੜੇ ਉਨ੍ਹਾਂ ਦੇ ਜ਼ਹਿਨ ਵਿਚ ਚੱਲ ਰਹੇ ਹੋਣਗੇ।

ਪਰ,

ਚਿਰਾਗ ਬੁਝ ਗਿਆ ਇਕ, ਦੀਵਾਲੀ ਦੀ ਰਾਤੋਂ ਪਹਿਲਾਂ।
ਕੀ-ਕੀ ਛੱਡ ਗਿਆ ਅਣਕਿਹਾ
, ਦੀਵਾਲੀ ਦੀ ਰਾਤੋਂ ਪਹਿਲਾਂ।

ਸੁਖਮਿੰਦਰ ਰਾਮਪੁਰੀ ਅਗਾਂਹ-ਵਧੂ ਕਵੀ ਅਤੇ ਸੁਰੀਲੇ ਗੀਤਕਾਰ ਹੋਣ ਦੇ ਨਾਲ਼ ਨਾਲ਼ ਬਹੁਤ ਹੀ ਵਧੀਆ ਇਨਸਾਨ ਸਨ। ਉਹ ਅਤੀ ਮਿੱਠ-ਬੋਲੜੇ ਸਨ ਅਤੇ ਉਨ੍ਹਾਂ ਦੇ ਚਿਹਰੇ ਉੱਪਰ ਹਮੇਸ਼ਾ ਮੁਸਕਰਾਹਟ ਰਹਿੰਦੀ ਸੀ। ਗੀਤਕਾਰੀ ਵਿਚ ਉਨ੍ਹਾਂ ਦਾ ਕੋਈ ਜਵਾਬ ਨਹੀਂ ਸੀ ਅਤੇ ਆਪਣੇ ਗੀਤਾਂ ਨੂੰ ਉਹ ਸੁਰੀਲੀ ਆਵਾਜ਼ ਵਿਚ ਜ਼ਬਾਨੀ ਬੋਲ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕਰਦੇ ਸਨ। ਉਹ ਇਕ ਪ੍ਰੌੜ੍ਹ ਕਵੀ ਅਤੇ ਗੀਤਕਾਰ ਹੋਣ ਦੇ ਨਾਲ਼ ਨਾਲ ਨਾਵਲਕਾਰ, ਵਾਰਤਕ-ਲੇਖਕ ਅਤੇ ਸੰਪਾਦਕ ਵੀ ਸਨ। ਉਨ੍ਹਾਂ ਅੱਧੀ ਦਰਜਨ ਤੋਂ ਵਧੀਕ ਕਾਵਿ-ਪੁਸਤਕਾਂ ‘ਯੁਗਾਂ ਯੁਗਾਂ ਦੀ ਪੀੜ’, ‘ਅਸੀਮਤ ਸਫ਼ਰ’,‘ਮਿਹਰਬਾਨ ਹੱਥ’,‘ਮੈਂ ਨਿਰੀ ਪੱਤਝੜ ਨਹੀਂ’, 'ਧੀਆਂ','ਅੱਜ ਤੀਕ','ਇਹ ਸਫ਼ਰ ਜਾਰੀ ਰਹੇ','ਸਫ਼ਰ ਸਾਡੀ ਬੰਦਗੀ','ਤੁਹਾਨੂੰ ਕਿਵੇਂ ਲੱਗਦੀ ਹੈ' ਰਚਣ ਦੇ ਨਾਲ਼ ਨਾਲ਼ ਨਾਵਲ 'ਗੁਲਾਬੀ ਛਾਂ ਵਾਲੀ ਕੁੜੀ' ਲਿਖਿਆ ਅਤੇ ਪੁਸਤਕਾਂ 'ਕੂੜ ਨਿਖੱਟੇ','ਕਿਰਨਾਂ ਦੇ ਰੰਗ','ਕਤਰਾ ਕਤਰਾ ਸੋਚ ਅਤੇ 'ਨਿੱਕੇ ਨਿੱਕੇ ਫੁੱਲ ਨਿੱਕੀ ਵਾਸ਼ਨਾ' ਸੰਪਾਦਿਤ ਵੀ ਕੀਤੀਆਂ।

ਉਹ ਇਕ ਸੁਯੋਗ ਅਧਿਆਪਕ ਸਨ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਘੇਰਾ ਬੜਾ ਵਿਸ਼ਾਲ ਹੈ। ਹਜ਼ਾਰਾਂ ਨਹੀਂ, ਸਗੋਂ ਲੱਖਾਂ ਦੀ ਗਿਣਤੀ ਵਿਚ ਉਹ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਉਹ ਪ੍ਰਗਤੀਸ਼ੀਲ ਵਿਚਾਰਾਂ ਦੇ ਧਾਰਨੀ ਸਨ ਅਤੇ ਇਕ ਵਧੀਆ ਕਵੀ ਤੇ ਪ੍ਰਬੰਧਕ ਹੋਣ ਦੇ ਨਾਤੇ ‘ਰਾਮਪੁਰ ਸਾਹਿਤ ਸਭਾ’ ਨੂੰ ਬੁਲੰਦੀਆਂ ਵੱਲ ਲਿਜਾਣ ਵਿਚ ਉਨ੍ਹਾਂ ਨੇ ਵੱਡਮੁੱਲਾ ਯੋਗਦਾਨ ਪਾਇਆ। ਉਹ ਦੱਸਦੇ ਹੁੰਦੇ ਸਨ ਕਿ ਉਨ੍ਹਾਂ ਨੇ ਇਸ ਸਭਾ ਦੀਆਂ ਖੁੱਲ੍ਹੇ ਮੈਦਾਨਾਂ ਵਿਚ ਹੋਈਆਂ ਵੱਡੀਆਂ ਮੀਟਿੰਗਾਂ ਵਿਚ ਉੱਡਦੀ ਮਿੱਟੀ ਉੱਪਰ ਪਾਣੀ ਤਰੌਂਕਣ, ਦਰੀਆਂ ਵਿਛਾੳਣ ਤੇ ਇਕੱਠੀਆਂ ਕਰਨ, ਪਾਣੀ ਪਿਲਾਉਣ, ਮਾਈਕ ਫਿੱਟ ਕਰਨ ਅਤੇ ਸਟੇਜ-ਸਕੱਤਰ ਵਜੋਂ ਸਭਾ ਦੀ ਕਾਰਵਾਈ ਚਲਾਉਣ ਤੱਕ ਸਾਰੀਆਂ ਹੀ ਡਿਊਟੀਆਂ ਨਿਭਾਈਆਂ। ਆਪਣੇ ਸਮਰੱਥ ਗੀਤਾਂ ਸਦਕਾ ਉਨ੍ਹਾਂ 19 ਵਾਰ ਕੌਮੀ ਕਵੀ-ਦਰਬਾਰਾਂ ਵਿਚ ਵੱਡਮੁੱਲੀ ਹਾਜ਼ਰੀ ਲਵਾਈ। ਇਸ ਦੇ ਨਾਲ ਹੀ ਉਹ ਵਿਦਿਆਰਥੀ ਜੀਵਨ ਵਿਚ ਆਪਣੇ ਸਮੇਂ ਦੇ ਉੱਘੇ ਖਿਡਾਰੀ ਵੀ ਰਹੇ।

ਇਸ ਦੁਨੀਆਂ ਤੋਂ ਰੁਖ਼ਸਤ ਹੋਣ ਸਮੇਂ ਉਨ੍ਹਾਂ ਦੀ ਉਮਰ ਲਗਭਗ 85 ਸਾਲ ਸੀ। ਇਸ ਸੰਸਾਰ ਤੋਂ ਜਾਣਾ ਤਾਂ ਹਰੇਕ ਨੇ ਹੀ ਹੈ ਪਰ ਕਈ ਸਖ਼ਸ ਆਪਣੇ ਪਿੱਛੇ ਕਾਫ਼ੀ ‘ਖ਼ਲਾਅ’ ਛੱਡ ਜਾਂਦੇ ਹਨ ਜਿਸ ਨੂੰ ਭਰਨਾ ਬੜਾ ਮੁਸ਼ਕਲ ਹੁੰਦਾ ਹੈ। ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਸੁਖਮਿੰਦਰ ਰਾਮਪੁਰੀ ਵੀ ਉਨ੍ਹਾਂ ਇਨਸਾਨਾਂ ਵਿੱਚੋਂ ਇਕ ਸਨ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3151)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
Email: (ssjhand121@gmail.com)

More articles from this author