SukhdevJhandDr7ਇਨ੍ਹਾਂ ਵਿੱਚੋਂ ਸਭ ਤੋਂ ਵੱਧ ਪੁਸਤਕਾਂ, 306 ਪੰਜਾਬੀ ਵਿੱਚ, 180 ਅੰਗਰੇਜ਼ੀ ਵਿੱਚ ਅਤੇ 25 ਹਿੰਦੀ ਵਿੱਚ ਹਨ ....
(5 ਜਨਵਰੀ 2022)

 

GuruTeghBahadur124 ਨਵੰਬਰ 1675 ਈ. ਨੂੰ ਗੁਰੂ ਤੇਗ਼ ਬਹਾਦਰ ਜੀ ਦੀ ਹੋਈ ਸ਼ਹੀਦੀ ਅਦੁੱਤੀ ਅਤੇ ਵਿਲੱਖਣ ਹੈ। ਦਿੱਲੀ ਵਿੱਚ ਸ਼ਹੀਦੀ ਦੇ ਕੇ ਉਹ ਨਾ ਕੇਵਲ ਭਾਰਤ ਵਿੱਚ ਹਿੰਦੂ ਧਰਮ ਦੇ ਰਖਵਾਲੇ ਹੀ ਬਣੇ, ਸਗੋਂ ਉਹ ਸੰਸਾਰ-ਭਰ ਵਿੱਚ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਵੀ ਕਹਾਏ। ਭਾਰਤ ਦਾ ਉਸ ਸਮੇਂ ਦਾ ਸ਼ਾਸਕ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਹਿੰਦੂਆਂ ਉੱਪਰ ਅਤਿਅੰਤ ਜ਼ੁਲਮ ਕਰਕੇ ਉਨ੍ਹਾਂ ਨੂੰ ਇਸਲਾਮ ਧਰਮ ਅਪਣਾਉਣ ਲਈ ਮਜਬੂਰ ਕਰ ਰਿਹਾ ਸੀ। ਧੱਕੇ ਨਾਲ ਉਨ੍ਹਾਂ ਦੇ ਜਨੇਊ ਉਤਾਰੇ ਜਾ ਰਹੇ ਸਨ ਅਤੇ ਉਨ੍ਹਾਂ ਨੂੰ ਮੁਸਲਮਾਨ ਬਣਨ ਲਈ ਮਜਬੂਰ ਕੀਤਾ ਜਾ ਰਿਹਾ ਸੀ। ਇਸਦੇ ਵਿਰੁੱਧ ਆਵਾਜ਼ ਉਠਾਉਣ ਲਈ ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਕਸ਼ਮੀਰੀ ਪੰਡਤਾਂ ਦਾ ਇੱਕ ਵਫ਼ਦ ਅਨੰਦਪੁਰ ਸਾਹਿਬ ਪਹੁੰਚਾ ਅਤੇ ਉਸ ਵੱਲੋਂ ਗੁਰੂ ਤੇਗ਼ ਬਹਾਦਰ ਜੀ ਕੋਲ ਮਦਦ ਦੀ ਪੁਕਾਰ ਕੀਤੀ ਗਈ। ਗੁਰੂ ਜੀ ਵੱਲੋਂ ਜਦੋਂ ਇਸ ਮਸਲੇ ਦਾ ਹੱਲ ਕਿਸੇ ਮਹਾਂ-ਪੁਰਖ਼ ਦੀ ਕੁਰਬਾਨੀ ਦੱਸਿਆ ਗਿਆ ਤਾਂ ਨੌਂ ਸਾਲ ਦੀ ਉਮਰ ਦੇ ਬਾਲਕ ਗੋਬਿੰਦ ਰਾਏ ਨੇ ਕਿਹਾ ਸੀ, “ਪਿਤਾ ਜੀ, ਤੁਹਾਡੇ ਨਾਲੋਂ ਵੱਡਾ ਮਹਾਂ-ਪੁਰਖ਼ ਹੋਰ ਕੌਣ ਹੋ ਸਕਦਾ ਹੈ?”

ਦਿੱਲੀ ਵਿੱਚ ਗੁਰੂ ਤੇਗ਼ ਬਹਾਦਰ ਜੀ ਨੂੰ ਆਪਣੇ ਦ੍ਰਿੜ੍ਹ ਇਰਾਦੇ ਤੋਂ ਡੇਗਣ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਦੇ ਸਾਥੀਆਂ ਵਿੱਚ ਸ਼ਾਮਲ ਦੋ ਸਕੇ ਭਰਾਵਾਂ ਵਿੱਚੋਂ ਭਾਈ ਮਤੀ ਦਾਸ ਨੂੰ ਆਰੇ ਨਾਲ਼ ਚੀਰਿਆ ਗਿਆ ਅਤੇ ਭਾਈ ਸਤੀ ਦਾਸ ਨੂੰ ਰੂੰ ਵਿੱਚ ਬੰਨ੍ਹ ਕੇ ਸਾੜਿਆ ਗਿਆ। ਤੀਸਰੇ ਸਾਥੀ ਭਾਈ ਦਿਆਲਾ ਜੀ ਨੂੰ ਉੱਬਲਦੀ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ। ਇਹ ਸਭ ਅੱਖੀਂ ਵੇਖ ਕੇ ਵੀ ਗੁਰੂ ਜੀ ਹਿਮਾਲੀਆ ਪਰਬਤ ਵਾਂਗ ਅਡੋਲ ਅਤੇ ਅਡਿੱਗ ਰਹੇ। ਅਖ਼ੀਰ, ਜਦੋਂ ਔਰੰਗਜ਼ੇਬ ਦੇ ਹੁਕਮ ਅਨੁਸਾਰ ਮੌਕੇ ਦੇ ਕਾਜ਼ੀ ਵੱਲੋਂ ਲਗਾਈਆਂ ਗਈਆਂ ਦੋ ਸ਼ਰਤਾਂ, ਕਰਾਮਾਤ ਵਿਖਾਉਣ ਅਤੇ ਮੁਸਲਿਮ ਧਰਮ ਅਪਣਾਉਣ ਨੂੰ ਗੁਰੂ ਜੀ ਵੱਲੋਂ ਮੁੱਢੋਂ ਨਕਾਰ ਦਿੱਤਾ ਗਿਆ ਤਾਂ ਇਸਦੀ ਸਜ਼ਾ ਵਜੋਂ ਤਲਵਾਰ ਨਾਲ ਉਨ੍ਹਾਂ ਦਾ ਸੀਸ ਕਲਮ ਕਰ ਦਿੱਤਾ ਗਿਆ।

ਇਤਿਹਾਸ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਅਦੁੱਤੀ ਹੈ ਜਿਸ ਵਿੱਚ ਦਿੱਲੀ ਵਿੱਚ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਉਨ੍ਹਾਂ ਦੇ ਧੜ ਅਤੇ ਸੀਸ ਦਾ ਸਸਕਾਰ ਦੋ ਵੱਖ-ਵੱਖ ਥਾਂਵਾਂ ਦਿੱਲੀ ਤੇ ਅਨੰਦਪੁਰ ਸਾਹਿਬ ਵਿੱਚ ਹੋਇਆ। ਦਿੱਲੀ ਵਿੱਚ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਜੀ ਦੇ ਧੜ ਦਾ ਸਸਕਾਰ ਕੀਤਾ ਅਤੇ ਉਨ੍ਹਾਂ ਦਾ ਸੀਸ ਬਾਬਾ ਜੀਵਨ ਸਿੰਘ ਰੰਘਰੇਟਾ ਅਨੰਦਪੁਰ ਸਾਹਿਬ ਲਿਆਉਣ ਵਿੱਚ ਸਫ਼ਲ ਹੋਏ, ਜਿੱਥੇ ਬਾਲਕ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਸ ਦਾ ਸਸਕਾਰ ਕੀਤਾ ਗਿਆ। ਆਪਣੀ ਸ਼ਹਾਦਤ ਦੇ ਕੇ ਗੁਰੂ ਤੇਗ਼ ਬਹਾਦਰ ਜੀ ਨਾ ਕੇਵਲ ‘ਹਿੰਦ ਦੀ ਚਾਦਰ’ ਹੀ ਬਣੇ, ਸਗੋਂ ਸਾਰੇ ਸੰਸਾਰ ਵਿੱਚ ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦਾ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ।

ਪੰਜਾਬੀ ਵਿੱਚ ਪੁਸਤਕ-ਸੂਚੀਆਂ ਬਣਾਉਣ ਦਾ ਇਤਿਹਾਸ ਬਹੁਤਾ ਪੁਰਾਣਾ ਨਹੀਂ ਅਤੇ ਇਹ ਵੀਹਵੀ ਸਦੀ ਦੇ ਤੀਸਰੇ ਦਹਾਕੇ ਵਿੱਚ ਹੀ ਆਰੰਭ ਹੋਇਆ ਜਦੋਂ ਪ੍ਰੋ. ਗੰਡਾ ਸਿੰਘ ਨੇ ਪੰਜਾਬੀ ਵਿੱਚ ਪਹਿਲੀ ਪੁਸਤਕ-ਸੂਚੀ 1935 ਵਿੱਚ ਤਿਆਰ ਕੀਤੀ। ਇਹ ਲੇਖ-ਨਮੁਾ ਪੁਸਤਕ-ਸੂਚੀ ਜਿਸ ਵਿੱਚ ਸਿੱਖ ਇਤਿਹਾਸ ਬਾਰੇ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਵਿੱਚ ਲਿਖੀਆਂ ਗਈਆਂ ਪੁਸਤਕਾਂ ਸ਼ਾਮਲ ਸਨ ਅਤੇ ਇਹ ਚੀਫ਼ ਖਾਲਸਾ ਦੀਵਾਨ, ਅੰਮ੍ਰਿਤਸਰ ਵੱਲੋਂ ਤਿਆਰ ਕਰਵਾਈ ਗਈ ਸੀ। ਫਿਰ 1953 ਵਿੱਚ ਇੱਕ ਵੱਡ-ਆਕਾਰੀ ਪੁਸਤਕ-ਸੂਚੀ ਸ਼ਮਸ਼ੇਰ ਸਿੰਘ ਅਸ਼ੋਕ ਵੱਲੋਂ ਤਿਆਰ ਕੀਤੀ ਗਈ ਜੋ ਭਾਸ਼ਾ ਵਿਭਾਗ, ਪਟਿਆਲਾ ਵੱਲੋਂ 1953 ਵਿੱਚ ਪ੍ਰਕਾਸ਼ਿਤ ਕੀਤੀ ਗਈ। ਸੈਂਟਰਲ ਰੈਫ਼ਰੈਂਸ ਲਾਇਬ੍ਰੇਰੀ, ਪਟਿਆਲਾ ਨੂੰ ਪੰਜਾਬੀ ਵਿੱਚ ਛਪੀਆਂ ਪੁਸਤਕਾਂ ਦੀ ਸੂਚੀ ਬਣਾਉਣ ਦਾ ਕਾਰਜ ਸੌਂਪਿਆ ਗਿਆ ਤਾਂ ਜੋ ਇਹ ‘ਇੰਡੀਅਨ ਨੈਸ਼ਨਲ ਬਿਬਲਿਓਗ੍ਰਾਫ਼ੀ’ ਵਿੱਚ ਸ਼ਾਮਲ ਕੀਤੀ ਸਕੇ, ਪਰ ਤਕਨੀਕੀ ਅਤੇ ਹੋਰ ਕਈ ਕਾਰਨਾਂ ਕਰਕੇ ਇਹ ਵੱਡਾ ਪ੍ਰਾਜੈਕਟ ਸਿਰੇ ਨਾ ਚੜ੍ਹ ਸਕਿਆ। 1971 ਵਿੱਚ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੰਜਾਬੀ ਵਿੱਚ ਪ੍ਰਕਾਸ਼ਿਤ ਹੋਈਆਂ ਪੁਸਤਕਾਂ ਦੀ ਵਿਸ਼ੇ-ਸੂਚੀ (Subject Bibliography) ਤਿਆਰ ਕਰਵਾਈ ਗਈ। ਇਸ ਤੋਂ ਬਾਅਦ ਵੱਖ-ਵੱਖ ਯੂਨੀਵਰਸਿਟੀਆਂ ਦੇ ਪ੍ਰਕਾਸ਼ਨ ਵਿਭਾਗਾਂ, ਲਾਇਬ੍ਰੇਰੀਆਂ, ਪ੍ਰਕਾਸ਼ਕਾਂ ਸਰਕਾਰੀ ਤੇ ਗ਼ੈਰ ਸਰਕਾਰੀ ਸੰਸਥਾਵਾਂ ਵੱਲੋਂ ਕਈ ਪੁਸਤਕ-ਸੂਚੀਆਂ ਛਪਵਾਈਆਂ ਗਈਆਂ ਹਨ ਜਿਨ੍ਹਾਂ ਦੀ ਲਿਸਟ ਕਾਫ਼ੀ ਲੰਮੇਰੀ ਹੈ ਅਤੇ ਇਸ ਸੰਖੇਪ ਆਰਟੀਕਲ ਵਿੱਚ ਇਸਦਾ ਜ਼ਿਕਰ ਸੰਭਵ ਨਹੀਂ ਹੈ।

1 ਅਪਰੈਲ 1621 ਨੂੰ ਗੁਰੂ ਤੇਗ਼ ਬਹਾਦਰ ਜੀ ਇਸ ਦੁਨੀਆਂ ਵਿੱਚ ਆਏ ਅਤੇ ਸਾਲ 2021 ਵਿੱਚ ਉਨ੍ਹਾਂ ਦਾ 400 ਸਾਲਾ ਪ੍ਰਕਾਸ਼-ਦਿਵਸ ਕੇਵਲ ਭਾਰਤ ਵਿੱਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੀ ਮਨਾਇਆ ਗਿਆ। ‘ਹਿੰਦ ਦੀ ਚਾਦਰ’ ਬਣੇ ਗੁਰੂ ਸਾਹਿਬ ਦੀ ਲਾਸਾਨੀ ਕੁਰਬਾਨੀ ਨੂੰ ਨਤਮਸਤਿਕ ਹੁੰਦਿਆਂ ਹੋਇਆਂ ਇਨ੍ਹਾਂ ਸਮਾਗ਼ਮਾਂ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਹੋਇਆਂ ਡਾ. ਰਵੀ ਰਵਿੰਦਰ, ਡਾ. ਸੁਖਦੇਵ ਸਿੰਘ ਤੇ ਡਾ. ਹਰੀਸ਼ ਚੰਦਰ ਨੇ ਉਨ੍ਹਾਂ ਦੇ ਜੀਵਨ, ਉਨ੍ਹਾਂ ਦੁਆਰਾ ਰਚੀ ਹੋਈ ਬਾਣੀ ਅਤੇ ਅਦੁੱਤੀ ਸ਼ਹਾਦਤ ਨਾਲ ਸਬੰਧਿਤ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਵਿੱਚ ਛਪੀਆਂ ਪੁਸਤਕਾਂ ਦੀ ਵਿਸਤ੍ਰਿਤ ਪੁਸਤਕ-ਸੂਚੀ ਤਿਆਰ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਪੰਜ ਸੌ ਤੋਂ ਵਧੀਕ ਪੁਸਤਕਾਂ ਬਾਰੇ ਜਾਣਕਾਰੀ ਦਰਜ ਕੀਤੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਪੁਸਤਕਾਂ 306 ਪੰਜਾਬੀ ਵਿਚ, 180 ਅੰਗਰੇਜ਼ੀ ਵਿੱਚ ਅਤੇ 25 ਹਿੰਦੀ ਵਿੱਚ ਹਨ। ਇਨ੍ਹਾਂ ਪੁਸਤਕਾਂ ਦੀ ਗਿਣਤੀ ਅਨੁਸਾਰ 100 ਪੰਨਿਆਂ ਵਿੱਚ ਫ਼ੈਲੀ ਇਸ ਪੁਸਤਕਾਵਲੀ ਵਿੱਚ ਪੰਜਾਬੀ ਪੁਸਤਕਾਂ ਲਈ 34, ਅੰਗਰੇਜ਼ੀ ਦੀਆਂ ਲਈ 23 ਅਤੇ ਹਿੰਦੀ ਦੀਆਂ ਪੁਸਤਕਾਂ ਨੂੰ 3 ਪੰਨੇ ਦਿੱਤੇ ਗਏ ਹਨ।

ਪਾਠਕਾਂ ਦੀ ਸਹੂਲਤ ਲਈ ਤਿੰਨਾਂ ਭਾਸ਼ਾਵਾਂ ਵਿੱਚ ਛਪੀਆਂ ਇਨ੍ਹਾਂ ਪੁਸਤਕਾਂ ਬਾਰੇ ਜਾਣਕਾਰੀ ਇਸ ਪੁਸਤਕਾਵਲੀ ਵਿੱਚੋਂ ਲੱਭਣ ਲਈ ਇਨ੍ਹਾਂ ਦੇ ਲੇਖਕਾਂ ਅਤੇ ਸਿਰਲੇਖਾਂ ਦੀਆਂ ਵਿਸਤ੍ਰਿਤ ਅਨੁਕ੍ਰਮਿਕਾਵਾਂ (Author Index and Title Index) ਦਿੱਤੀਆਂ ਗਈਆਂ ਹਨ ਜੋ ਪੰਨਾ 67 ਤੋਂ 100 ਤੀਕ ਚੱਲਦੀਆਂ ਹਨ। ਇਹ ਅਨੁਕ੍ਰਮਿਕਾਵਾਂ ਅਜਿਹੀਆਂ ਖੋਜ-ਸਰੋਤ ਪੁਸਤਕਾਵਲੀਆਂ ਦੀ ਵਿਸ਼ੇਸ਼ਤਾਂ ਹੁੰਦੀਆਂ ਹਨ। ਪੁਸਤਕਾਵਲੀ ਦੇ ਆਰੰਭ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਜਗਬੀਰ ਸਿੰਘ ਅਤੇ ਮਨਮੋਹਨ ਵੱਲੋਂ ਲਿਖੇ ਗਏ ਮੁੱਖ-ਬੰਦ ਇਸ ਨੂੰ ਹੋਰ ਵੀ ਚਾਰ ਚੰਨ ਲਾਉਂਦੇ ਹਨ। ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ ਛਾਪੀ ਗਈ ਇਸ ਖ਼ੂਬਸੂਰਤ ਪੁਸਤਕਾਵਲੀ ਨੂੰ ਪੁਸਤਕ-ਜਗਤ ਵਿੱਚ ਪ੍ਰਵੇਸ਼ ਕਰਨ ਲਈ ਨਿੱਘੀ ‘ਜੀ-ਆਇਆਂ।’

ਇਸ ਪੁਸਤਕਾਵਲੀ ਨੂੰ ਤਿਆਰ ਕਰਨ ਦਾ ਉਦੇਸ਼ ਇਸਦੇ ਸੰਗ੍ਰਹਿ-ਕਰਤਾਵਾਂ ਵੱਲੋਂ ਗੁਰੂ ਤੇਗ਼ ਬਹਾਦਰ ਜੀ ਨਾਲ ਸਬੰਧਿਤ ਪੁਸਤਕਾਂ ਬਾਰੇ ਪਾਠਕਾਂ ਨੂੰ ਵਿਉਂਤਬੰਧਕ ਢੰਗ ਨਾਲ ਜਾਣਕਾਰੀ ਦੇਣਾ ਹੈ, ਜੋ ਵੱਖ-ਵੱਖ ਲਾਇਬ੍ਰੇਰੀਆਂ ਵਿੱਚ ਮੌਜੂਦ ਹਨ। ਮੇਰੀ ਜਾਚੇ ਇਸ ਵਿੱਚ ਉਹ ਕਾਫ਼ੀ ਹੱਦ ਤੀਕ ਸਫ਼ਲ ਹੋਏ ਹਨ।

ਇਸਦੇ ਨਾਲ਼ ਹੀ ਇਸ ਪੁਸਤਕਾਵਲੀ ਨੂੰ ਤਿਆਰ ਕਰਨ ਵਾਲੇ ਤਿੰਨਾਂ ਵਿਦਵਾਨਾਂ ਬਾਰੇ ਜਾਣਕਾਰੀ ਸਾਂਝੀ ਕਰਨੀ ਵੀ ਅਤੀ ਜ਼ਰੂਰੀ ਹੈ। ਡਾ. ਰਵੀ ਰਵਿੰਦਰ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਹਨ ਅਤੇ ਡਾ. ਸੁਖਦੇਵ ਸਿੰਘ ਤੇ ਡਾ. ਹਰੀਸ਼ ਚੰਦਰ ਕ੍ਰਮਵਾਰ ਹਿਮਾਚਲ ਯੂਨੀਵਰਸਿਟੀ, ਸ਼ਿਮਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸਾਇੰਸ ਵਿਭਾਗਾਂ ਵਿਖੇ ਅਸਿਸਟੈਂਟ ਪ੍ਰੋਫੈਸਰ ਵਜੋਂ ਬਾਖ਼ੂਬੀ ਸੇਵਾਵਾਂ ਨਿਭਾਅ ਰਹੇ ਹਨ। ਡਾ. ਸੁਖਦੇਵ ਸਿੰਘ ਤੇ ਡਾ. ਹਰੀਸ਼ ਚੰਦਰ ਨੇ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਵਰ੍ਹੇ ਉਨ੍ਹਾਂ ਨਾਲ ਸਬੰਧਿਤ ਪੁਸਤਕਾਂ ਦੀ ‘ਵੈੱਬਲਿਓਗ੍ਰਾਫ਼ੀ’ (2018) ਅਤੇ ‘ਪੰਜਾਬੀ ਪੁਸਤਕ ਕੋਸ਼’ (2019) ਪ੍ਰਕਾਸ਼ਿਤ ਕਰਕੇ ਬਹੁਤ ਖ਼ੂਬਸੂਰਤ ਕੰਮ ਕੀਤਾ ਹੈ। ਹਥਲੀ ਪੁਸਤਕਾਵਲੀ ਲਿਆਉਣ ਦਾ ਇਹ ਇਨ੍ਹਾਂ ਤਿੰਨਾਂ ਦਾ ਸ਼ਲਾਘਾਯੋਗ ਉਪਰਾਲਾ ਹੈ। ਮੈਂ ਇਨ੍ਹਾਂ ਤਿੰਨਾਂ ਵਿਦਵਾਨਾਂ ਨੂੰ ਹਾਰਦਿਕ ਮੁਬਾਰਕਬਾਦ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਅੱਗੋਂ ਵੀ ਅਜਿਹੇ ਸਾਰਥਿਕ ਕਾਰਜ ਕਰਦੇ ਰਹਿਣਗੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3257)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
Email: (ssjhand121@gmail.com)

More articles from this author