“ਪੁਸਤਕ ਦੀਆਂ ਸਾਰੀਆਂ ਹੀ ਕਹਾਣੀਆਂ ਪੜ੍ਹਨਯੋਗ ਅਤੇ ਮਾਣਨਯੋਗ ਹਨ ...”
(24 ਮਾਰਚ 2021)
(ਸ਼ਬਦ 1390)
ਕੁਲਜੀਤ ਮਾਨ ਦੇ ਕਹਾਣੀ-ਸੰਗ੍ਰਹਿ ‘ਮਿਲ ਗਿਆ ਨੈੱਕਲੈਸ’ ਵਿੱਚ ਫ਼ਿਲਾਸਫ਼ੀ ਭਰੇ ਮਨੋਵਿਗਿਆਨਕ ਆਧਾਰ
ਕੁਲਜੀਤ ਮਾਨ ਦੇ ਨਵ-ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ‘ਮਿਲ ਗਿਆ ਨੈੱਕਲੈਸ’ ਵਿੱਚ ਉਸ ਨੇ ਸੱਤ ਲੰਮੀਆਂ ਕਹਾਣੀਆਂ ਸ਼ਾਮਲ ਕੀਤੀਆਂ ਹਨ। ਇਹ ਕਹਾਣੀਆਂ 15 ਤੋਂ 30 ਪੰਨਿਆਂ ਵਿੱਚ ਫ਼ੈਲੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਇਸ ਪੁਸਤਕ ਦੇ ਟਾਈਟਲ ਵਾਲੀ ਆਖ਼ਰੀ ਕਹਾਣੀ ‘ਮਿਲ ਗਿਆ ਨੈੱਕਲੈਸ’ ਸਭ ਤੋਂ ਲੰਮੀ 32 ਪੰਨਿਆਂ ਦੀ ਵੀ ਹੈ। ਅੱਜਕੱਲ੍ਹ ਬਹੁ-ਪਰਤੀ ਲੰਮੀਆਂ ਕਹਾਣੀਆਂ ਲਿਖਣ ਦਾ ਰਿਵਾਜ ਹੈ ਅਤੇ ਇਨ੍ਹਾਂ ਵਿੱਚ ਨਾਵਲਾਂ ਵਾਂਗ ਕਈ ਕਈ ਪਾਤਰ ਲਏ ਜਾਂਦੇ ਹਨ ਅਤੇ ਉਹ ਕਹਾਣੀ ਵਿੱਚ ਇੱਕ ਦੂਸਰੇ ਦੇ ਅੰਗ-ਸੰਗ ਚੱਲਦੇ ਹਨ। ਇਸ ਤਰ੍ਹਾਂ ਅੱਜ ਦੀ ਕਹਾਣੀ ਨਾਵਲਿਟ ਦਾ ਰੂਪ ਧਾਰਨ ਕਰ ਰਹੀ ਹੈ ਅਤੇ ਕੁਲਜੀਤ ਮਾਨ ਦੀਆਂ ਇਸ ਪੁਸਤਕ ਦੀਆਂ ਕਈ ਕਹਾਣੀਆਂ ਵੀ ਨਾਵਲਿਟ ਹੀ ਜਾਪਦੀਆਂ ਹਨ।
ਇਸ ਕਹਾਣੀ-ਸੰਗ੍ਰਹਿ ਦੀਆਂ ਬਹੁਤ ਸਾਰੀਆਂ ਕਹਾਣੀਆਂ ਵਿੱਚ ਦਰਸ਼ਨ (ਫ਼ਿਲਾਸਫ਼ੀ) ਅਤੇ ਮਨੋਵਿਗਿਆਨ ਦੀ ਭਰਮਾਰ ਦਿਖਾਈ ਦਿੰਦੀ ਹੈ। ਇਨ੍ਹਾਂ ਕਹਾਣੀਆਂ ਦੇ ਕਈ ਪਾਤਰ ਤਾਂ ਆਮ ਇਨਸਾਨਾਂ ਨਾਲੋਂ ਫ਼ਿਲਾਸਫ਼ਰ ਵਧੇਰੇ ਲੱਗਦੇ ਹਨ। ਇਸਦਾ ਕਾਰਨ ਸ਼ਾਇਦ ਇਹ ਹੈ ਕਿ ਕੁਲਜੀਤ ਮਾਨ ਖ਼ੁਦ ਫ਼ਿਲਾਸਫ਼ਰ ਟਾਈਪ ਇਨਸਾਨ ਹੈ। ਇੱਕ ਸਫ਼ਲ ਕਹਾਣੀਕਾਰ ਦੇ ਤੌਰ ’ਤੇ ਉਹ ਆਪਣੀਆਂ ਕਹਾਣੀਆਂ ਨੂੰ ਰੌਚਕ ਰੂਪ ਪ੍ਰਦਾਨ ਕਰਦਿਆਂ ਹੋਇਆਂ ਇਨ੍ਹਾਂ ਦੇ ਪਾਤਰਾਂ ਵਿਚਕਾਰ ਸਰੀਰਕ ਸਬੰਧਾਂ ਦਾ ਫ਼ਿਲਾਸਫ਼ੀਕਲ ਢੰਗ ਨਾਲ ਵਰਣਨ ਕਰਦਿਆਂ ਹੋਇਆਂ ਇਨ੍ਹਾਂ ਦਾ ਥਾਂ ਪਰ ਥਾਂ ਖ਼ੂਬ ‘ਤੜਕਾ’ ਵੀ ਲਾਉਂਦਾ ਹੈ।
ਪੁਸਤਕ ਦੀ ਪਹਿਲੀ ਕਹਾਣੀ ‘ਵਰਜਿਤ ਫਲ਼’ ਦਾ ਮੁੱਖ-ਪਾਤਰ ਸ਼ੇਰਾ ਫਿਲਾਸਫ਼ੀ ਦੀ ਐੱਮ.ਏ., ਐੱਮ.ਫਿਲ. ਹੈ ਅਤੇ ਉਸ ਦੀ ਐੱਮ.ਫਿਲ. ਡਿਗਰੀ ਦਾ ਡਿੱਸਰਟੇਸ਼ਨ ਵੀ ਚਾਈਲਡ ਸਾਈਕਾਲੋਜੀ ਨਾਲ ਸਬੰਧਿਤ ਹੈ। ਇਸਦੀ ਮੁੱਖ-ਪਾਤਰ ਸੰਦੀਪ ਵੀ ਫ਼ਿਲਾਸਫ਼ੀ ਦੀ ਐੱਮ.ਏ. ਹੈ। ਆਪਣੀ ‘ਸੁਹਾਗ-ਰਾਤ’ ਦੌਰਾਨ ਉਹ ਦੋਵੇਂ ‘ਅਨਲਰਨ’ ਹੋਣ, ‘ਅਰਧ ਸੰਕਲਪ’ ਅਤੇ ਇੱਕ ਦੂਸਰੇ ਨੂੰ ਸਮਝਣ ਦੀ ਫ਼ਿਲਾਸਫ਼ੀ ਦੀਆਂ ਹੀ ਗੱਲਾਂ ਕਰਦੇ ਹਨ ਅਤੇ ਉਨ੍ਹਾਂ ਦੀ ਅਸਲੀ ਸੁਹਾਗ-ਰਾਤ ਵਿਆਹ ਦੀ 15 ਜੂਨ ਦੀ ਰਾਤ ਦੀ ਬਜਾਏ ਉਸ ਤੋਂ ਅਗਲੇ ਸਾਲ 5 ਜਨਵਰੀ ਨੂੰ ਵਿਦੇਸ਼ ਵਿੱਚ ਜਾ ਕੇ ਹੀ ਆਉਂਦੀ ਹੈ। ਦੂਸਰੀ ਕਹਾਣੀ ‘ਵਿਸ਼ ਕੰਨਿਆਂ’ ਵਿੱਚ ਵੀ ਕੁਲਜੀਤ ਮਾਨ ‘ਰਵੀ ਤੇ ‘ਸਿੰਮੀ’ ਦੇ ਸਰੀਰਾਂ ਦਾ ਨਹੀਂ, ਸਗੋਂ ਉਨ੍ਹਾਂ ਦੀਆਂ ਰੂਹਾਂ ਦਾ ਮਿਲਾਪ ਕਰਵਾਉਂਦਾ ਹੈ। ਉਹ ‘ਵਿਸ਼’ ਤੇ ‘ਅੰਮ੍ਰਿਤ’ ਨੂੰ ਬਗਲਗੀਰ ਕਰਕੇ ਆਪਸ ਵਿੱਚ ਮਿਲਾਉਂਦਾ ਹੈ।
ਤੀਸਰੀ ਕਹਾਣੀ ‘ਡਾਊਨ ਟਾਊਨ’ ਬਿਲਕੁਲ ਵੱਖਰੀ ਤਰ੍ਹਾਂ ਦੀ ਕਹਾਣੀ ਹੈ। ਇਸਦੇ ਮੁੱਖ-ਪਾਤਰ ਰਾਮ ਸਿੰਘ ਦੀ ਪਤਨੀ ਪੰਮੀ ਡਿਪਰੈੱਸ਼ਨ ਦੀ ਮਰੀਜ਼ ਹੈ, ਜਿਸਦਾ ਐਲੋਪੈਥੀ ਦਵਾਈਆਂ ’ਤੇ ਵਿਸ਼ਵਾਸ ਨਹੀਂ ਹੈ ਅਤੇ ਉਹ ਅਕਸਰ ਹੀ ਦਵਾਈ ਖਾਣੀ ਮਿਸ ਕਰ ਜਾਂਦੀ ਹੈ। ਵਿੱਤੀ ਪੱਖੋਂ ਅਤੇ ਮਾਨਸਿਕ ਪੱਖੋਂ ਰਾਮ ਸਿੰਘ ਪੂਰਾ ਰੱਜਿਆ-ਪੁੱਜਿਆ ਇਨਸਾਨ ਹੈ। ਆਪਣੀ ਬੇਟੀ ਦੀ ਯੂਨੀਵਰਸਿਟੀ ਵਿੱਚ ਪੜ੍ਹਾਈ ਜਾਰੀ ਰੱਖਣ ਲਈ ਲੋੜੀਂਦੀ ਪੂੰਜੀ ਉਹਦੇ ਕੋਲ ਹੈ। ਉਹ ਡਾਊਨ ਟਾਊਨ ਵਿੱਚ ‘ਹੌਟ ਡਾਗ’ ਦੀ ‘ਕਾਰਟ’ ਲਗਾਉਂਦਾ ਹੈ ਅਤੇ ਵਧੀਆ ਕਮਾਈ ਕਰਦਾ ਹੈ। ਉਸ ਦੀ ਕਾਰਟ ਦੇ ਨੇੜੇ ਹੀ ਇੱਕ ਮੰਗਤੀ ਲੜਕੀ ‘ਪੈਰੀ’ ਬੈਠਦੀ ਹੈ ਜੋ ਉਸ ਦੇ ਕੋਲੋਂ ਲਗਭਗ ਰੋਜ਼ ਹੀ ਆਪਣੇ ਲਈ ਡਾਗ ਖ਼ਰੀਦਦੀ ਹੈ। ਦੋਹਾਂ ਵਿੱਚ ਦੋਸਤੀ ਹੋ ਜਾਂਦੀ ਹੈ। ਰਾਮ ਸਿੰਘ ਨੂੰ ਪੈਰੀ ਵਿੱਚੋਂ ਆਪਣੀ ਬੇਟੀ ‘ਬੱਬੂ’ ਦੀ ਝਲਕ ਪੈਂਦੀ ਹੈ ਅਤੇ ਇਸਦਾ ਕਾਰਨ ਸ਼ਾਇਦ ਉਨ੍ਹਾਂ ਦੋਹਾਂ ਲੜਕੀਆਂ ਦਾ ਲਗਭਗ ਹਮ-ਉਮਰ ਹੋਣਾ ਹੈ। ਉਹ ਪੈਰੀ ਦੀ ਮੰਗਤੀ-ਨੁਮਾ ਹਾਲਤ ਦੇ ਕਾਰਨਾਂ ਨੂੰ ਜਾਣਨਾ ਚਾਹੁੰਦਾ ਹੈ ਕਿਉਂਕਿ ਉਹ ਇਹ ਆਸ ਕਰਦਾ ਹੈ ਇਸਦੇ ਨਾਲ ਉਸ ਦੀ ਪਤਨੀ ਦੇ ਡਿਪਰੈਸ਼ਨ ਦੇ ਇਲਾਜ ਵਿੱਚ ਕੋਈ ਮਦਦ ਮਿਲ ਸਕੇ। ਗੱਲਬਾਤ ਦੇ ਦੌਰਾਨ ਪੈਰੀ ਆਪਣੇ ਪੋਸਟ ਪਾਰਟਮ ਡਿਪਰੈਸ਼ਨ ਬਾਰੇ ਦੱਸਦੀ ਹੈ ਜਿਸ ਵਿੱਚ ਉਸ ਨੂੰ ਆਪਣੇ ਡੈਡੀ ਕੋਲੋਂ ਆਪਣੇ ਮਾਰੇ ਜਾਣ ਦਾ ਖ਼ਤਰਾ ਮਹਿਸੂਸ ਹੁੰਦਾ ਹੈ, ਕਿਉਂਕਿ ਉਹ ਉਸ ਦੇ ਕਹਿਣ ’ਤੇ ਆਪਣੇ ਪੇਟ ਵਿੱਚ ਪਲ਼ ਰਹੇ ਬੱਚੇ ਨੂੰ ਗੁਆਉਣਾ ਨਹੀਂ ਚਾਹੁੰਦੀ ਸੀ। ਉਹ ਭਾਰਤ ਅਤੇ ਪੱਛਮੀ ਦੇਸ਼ਾਂ ਦੇ ਵੱਖੋ-ਵੱਖਰੇ ਸੱਭਿਆਚਾਰਾਂ ਅਤੇ ਇਨ੍ਹਾਂ ਦੋਹਾਂ ਦੇਸ਼ਾਂ ਦੇ ‘ਡੈਡੀਆਂ’ ਦੀ ਮਾਨਸਿਕਤਾ ਦੀਆਂ ਸਮਾਨਤਾਵਾਂ ਅਤੇ ਇਨ੍ਹਾਂ ਵਿਚਲੇ ਫ਼ਰਕ ਬਾਰੇ ਵਿਸਥਾਰ ਵਿੱਚ ਗੱਲ ਕਰਦੀ ਹੈ। ਡਾਊਨ ਟਾਊਨ ਟੋਰਾਂਟੋ ਬਾਰੇ ਪੈਰੀ ਦੀ ਫ਼ਿਲਾਸਫ਼ੀ (ਦਰਅਸਲ, ਲੇਖਕ ਕੁਲਜੀਤ ਮਾਨ ਦੀ) ਕਹਿੰਦੀ ਹੈ- “ਡਾਊਨ ਟਾਊਨ, ਇੱਕ ਉਹ ਜਗ੍ਹਾ ਹੈ ਜੋ ਸਭ ਦੀ ਸਾਂਝੀ ਹੈ। ਹਰ ਟਾਊਨ ਦਾ ਆਪਣਾ ਇੱਕ ਡਾਊਨ ਟਾਊਨ ਹੁੰਦਾ ਹੈ ਜੋ ਹਮੇਸ਼ਾ ਵਕਤ ਦੇ ਨਾਲ਼ ਚੱਲਦਾ ਹੈ। ਟੋਰਾਂਟੋ ਦੇ ਡਾਊਨ ਟਾਊਨ ਵਿੱਚ ਸਾਰੀ ਦੁਨੀਆਂ ਦੇ ਲੋਕ ਸਹਿਜੇ ਹੀ ਸਮਾਂ ਸਕਦੇ ਹਨ, ਸੈਲਾਨੀ, ਵਪਾਰੀ, ਦੁਕਾਨਦਾਰ ਤੇ ਮੇਰੇ ਵਰਗੇ ਭਿਖਾਰੀ ਵੀ …।” ਇਸਦੇ ਨਾਲ਼ ਹੀ ਉਹ ਹੋਰ ਵੀ ਕਹਿੰਦੀ ਹੈ- “ਤਣਾਓ ਤੇ ਨਿਰਾਸ਼ਾ ਦੇ ਕਾਰਨ ਕਈ ਮਿਲੀਅਨ ਲੋਕ ਰਾਤ ਨੂੰ ਮਰਦੇ ਹਨ ਅਤੇ ਸਵੇਰੇ ਫਿਰ ਦੁਬਾਰਾ ਮਰਨ ਲਈ ਜ਼ਿੰਦਾ ਹੋ ਜਾਂਦੇ ਹਨ। ਇਸ ਨਿਰਾਸ਼ਾ ਨੂੰ ਲੋਕਾਂ ਨੇ ਝੱਲਣਾ ਸਿੱਖਿਆ ਹੋਇਆ ਹੈ ਅਤੇ ਉਹ ਹੁਣ ਆਪਣੀ ਔਲਾਦ ਨੂੰ ਇਹ ਨਿਰਾਸ਼ਾ ਝੱਲਣਾ ਸਿਖਾ ਰਹੇ ਹਨ।”
ਕੁਲਜੀਤ ਮਾਨ ਦਾ ਗੱਲ ਕਹਿਣ ਦਾ ਆਪਣਾ ਹੀ ਵੱਖਰਾ ਅੰਦਾਜ਼ ਤੇ ਸਲੀਕਾ ਹੈ। ਕਹਾਣੀ ‘ਸਵੈ-ਸ਼ਿਕਨ’ ਵਿੱਚ ਦੁਬਿਧਾ ਵਿੱਚ ਫਸਿਆ ਮੰਚ-ਕਲਾਕਾਰ ‘ਜੋਗੀ’ ਇੰਡੀਆ ਰਹਿੰਦੀ ਆਪਣੀ ਪਤਨੀ ਰਮਨ ਨੂੰ ਅਖ਼ੀਰ ਫ਼ੋਨ ’ਤੇ ਨਾਟਕੀ ਭਾਸ਼ਾ ਵਿੱਚ ਦੱਸਦਾ ਹੈ ਕਿ ਉਹ ਹੁਣ ਕਿਸੇ ਗੋਰੀ ਨਾਲ ਰਹਿ ਰਿਹਾ ਹੈ, ਜਦੋਂ ਉਹ ਕਹਿੰਦਾ ਹੈ- “ਲਾਟੀ, ਅੱਜਕੱਲ੍ਹ ਮੈਂ ਇੱਕ ਦੋਸਤ ਔਰਤ ਕੋਲੋਂ ਕਲਾਸਾਂ ਲੈ ਰਿਹਾ ਹਾਂ ਅਤੇ ਉਹਦੇ ਵਿੱਚੋਂ ਮੈਂਨੂੰ ਲਟ-ਲਟ ਬਲਦੀ ‘ਲਾਟ’ ਦਿਸਦੀ ਹੈ।” ਇਸੇ ਤਰ੍ਹਾਂ ਕਹਾਣੀ ‘ਚੋਣ’ ਵਿੱਚ ਇਸਦੀ ਮੁੱਖ-ਪਾਤਰ ‘ਡੌਰਥੀ’ (ਕੁਲਜੀਤ ਮਾਨ ਦੀ ਫ਼ਿਲਾਸਫ਼ੀ) ਕਹਿੰਦੀ ਹੈ- “ਨਹੀਂ, ਹਵਾ ਵਿੱਚ ਉੱਡ ਕੇ ਮੈਂ ਪਹਿਲਾਂ ਹੀ ਵੇਖ ਲਿਆ ਸੀ। ਕੋਈ ਨਹੀਂ ਪੁੱਛਦਾ, ਉੱਡਦੇ ਪੱਤਿਆਂ ਨੂੰ। ਪੱਤੇ ਤਾਂ ਦਰਖ਼ਤ ਨਾਲ ਜੁੜੇ ਹੋਏ ਹੀ ਖ਼ਾਕ ਤੋਂ ਬਚ ਸਕਦੇ ਹਨ। ਸਾਰਾ ਰੁੱਖ ਹੀ ਪੱਤਿਆਂ ਦੀ ਰੱਖਿਆ ਕਰਨ ਲਈ ਹੁੰਦਾ ਹੈ ਪਰ ਟੁੱਟਿਆਂ ਅਤੇ ਨੱਚਦੇ ਪੱਤਿਆਂ ਕੋਲ ਸਿਰਫ਼ ਆਪਣੀ ਹੀ ਹਸਤੀ ਹੁੰਦੀ ਹੈ ਤੇ ਖ਼ਾਕ ਤਾਂ ਬਹੁਤ ਜ਼ੋਰਾਵਰ ਹੁੰਦੀ ਹੈ।”
ਕਹਾਣੀ ‘ਡਾਈਵੋਰਸ ਪਾਰਟੀ’ ਇਸ ਕਹਾਣੀ ਸੰਗ੍ਰਹਿ ਦੀ ਵੱਖਰੀ ਕਿਸਮ ਦੀ ਕਹਾਣੀ ਹੈ ਜੋ ਪੱਛਮੀ ਸੱਭਿਆਚਾਰ ਦੀ ਉਪਜ ਹੈ ਅਤੇ ਭਾਰਤੀ ਸੱਭਿਆਚਾਰ ਤੋਂ ਬਿਲਕੁਲ ਨਵੇਕਲੀ ਹੈ। ਕਹਾਣੀ ਵਿੱਚ ਸਿੰਦੀਆ ਅਤੇ ਡੌਨਮਿਕ ਇੱਕ ਦੂਸਰੇ ਨਾਲੋਂ ਵੱਖ ਹੋਣ ਤੋਂ ਪਹਿਲਾਂ ਇੱਕ ਸ਼ਾਨਦਾਰ ‘ਡਾਈਵੋਰਸ ਪਾਰਟੀ’ ਦਾ ਆਯੋਜਨ ਕਰਦੇ ਹਨ। ਇਸ ਪਾਰਟੀ ਦੌਰਾਨ ਮਿਸਟਰ ਜੋਜ਼ਫ ਅਤੇ ਮੈਡਮ ਸਟੈਰੀ ਆਪਣੇ ਸੰਬੋਧਨਾਂ ਰਾਹੀਂ ‘ਘਿਚ-ਘਿਚ’ ਭਰਪੂਰ ਚੱਲ ਰਹੇ ਦੰਪਤੀ-ਜੀਵਨ ਨਾਲੋਂ ਖੁਸ਼ੀ ਨਾਲ ਇੱਕ ਦੂਸਰੇ ਤੋਂ ਤਲਾਕ ਲੈ ਕੈ ਆਪੋ-ਆਪਣੇ ਢੰਗ ਨਾਲ ਇਸ ਨੂੰ ‘ਵਧੀਆ ਤਰੀਕੇ ਨਾਲ’ ਜਿਊਣ ਦੇ ਫ਼ਾਇਦਿਆਂ ਬਾਰੇ ਦੱਸਦੇ ਹਨ। ਜੋਜ਼ਫ (ਦਰਅਸਲ, ਕੁਲਜੀਤ ਮਾਨ) ਦੀ ਫ਼ਿਲਾਸਫੀ ਕਹਿੰਦੀ ਹੈ- “ਕਈ ਵਾਰ ਤਲਾਕ ਹੀ ਇੱਕੋ ਇੱਕ ਰਾਹ ਬਚਦਾ ਹੈ, ਸਵੈ ਲਈ ਵੀ ਅਤੇ ਆਪਣੇ ਪਾਰਟਨਰ ਲਈ ਵੀ। ਸਾਡਾ ਮਿਸ਼ਨ ਵੀ ਇਹੋ ਹੈ ਕਿ ਜੇ ਪਾਰਟਨਰ ਬਣ ਕੇ ਨਹੀਂ ਰਹਿ ਸਕਦੇ ਤਾਂ ਨਫ਼ਰਤ ਨਾਲ ਜੁਦਾ ਹੋਣ ਨਾਲੋਂ ਦੋਸਤ ਬਣ ਜਾਵੋ ਤੇ ਆਪ ਆਪਣੀ ਜ਼ਿੰਦਗੀ ਜੀਵੋ। ਪਾਰਟੀ ਵਿੱਚ ਬੋਲਣ ਵਾਲਾ ਇੱਕ ਹੋਰ ਬੁਲਾਰਾ ‘ਬਟਲਰ’ ਉਸ ਦੇ ਵਿਚਾਰਾਂ ਦੀ ਪ੍ਰੋੜ੍ਹਤਾ ਕਰਦਾ ਹੈ ਅਤੇ ਮੈਡਮ ਸਟੈਰੀ ਵੀ ਆਪਣੀ ਜੀਵਨ ਕਹਾਣੀ ਬਿਆਨਦੀ ਹੋਈ ਆਪਣੇ ਸਕੂਲ ਦੇ ਪੁਰਾਣੇ ਸਾਥੀ ਮਾਈਕਲ ਨਾਲ ਵਿਆਹ ਰਚਾਉਣ ਲਈ ਆਪਣੇ ‘ਹੱਬੀ’ ਤੋਂ ਤਲਾਕ ਲੈਣ ਦੀ ਗੱਲ ਕਰਦੀ ਹੈ। ਕਹਾਣੀ ਵਿੱਚ ਤਲਾਕ ਲੈਣ ਵਾਲੀ ਜੋੜੀ ਡੌਨਮਿਕ ਤੇ ਸਿੰਦੀਆਂ ਦੇ ਸੰਵੇਦਨਾ ਭਰਪੂਰ ਸੰਬੋਧਨਾਂ ਤੋਂ ਬਾਅਦ ਹੋਣ ਵਾਲੀ ‘ਰਿੰਗ ਸੈਰੀਮਨੀ’ ਦੇ ਬਗ਼ੈਰ ਹੀ ਵਿਆਹ ਵਾਲੀ ‘ਰਿੰਗ’ ਸਿੰਦੀਆ ‘ਨਿਸ਼ਾਨੀ’ ਵਜੋਂ ਆਪਣੇ ਕੋਲ ਰੱਖ ਕੇ ਉਹ ਦੋਵੇਂ ਇੱਕ ਦੂਸਰੇ ਤੋਂ ਵੱਖ ਹੋਣ ਦਾ ਫ਼ੈਸਲਾ ਕਰਦੇ ਹਨ। ਇਸ ਤੋਂ ਬਾਅਦ ਹੋਣ ਵਾਲੇ ‘ਸਲੋਅ ਡਾਂਸ’ ਤੋਂ ਪਹਿਲਾਂ ਇਸ ਕਹਾਣੀ ਦਾ ਮੁੱਖ-ਪਾਤਰ ਜੋਗਿੰਦਰ ਸਿੰਘ ਜਿਸਦਾ ਆਪਣੀ ਪਤਨੀ ਨਾਲ ਵਿਆਹੁਤਾ ਜੀਵਨ ਦੌਰਾਨ ਅਕਸਰ ਹੀ ਗਾਹੇ-ਬਗਾਹੇ ਰਵਾਇਤੀ ਲੜਾਈ-ਝਗੜਾ ਤੇ ਰੁੱਸਣਾ-ਮਨਾਉਣਾ ਚੱਲਦਾ ਰਹਿੰਦਾ ਹੈ ਅਤੇ ਜਿਹੜਾ ਕੁਝ ਚਿਰ ਪਹਿਲਾਂ ਇਸ ਤਲਾਕ ਪਾਰਟੀ ਵਿੱਚ ਤਲਾਕ ਦੇ ਵਿਰੁੱਧ ਬੋਲਣ ਲਈ ਕਾਹਲਾ ਹੈ, ਇਸ ਪਾਰਟੀ ਦੇ ਅਖ਼ੀਰ ਵਿੱਚ ਹੋਣ ਵਾਲੀ ਛੋਟੀ ਜਿਹੀ ਪਰ ਵਿਸ਼ੇਸ਼ ਰਸਮ ਨੂੰ ਨਿਭਾਉਂਦਿਆਂ ਹੋਇਆਂ ਕਹਿੰਦਾ ਹੈ- “ਟੂਡੇ ਇਜ਼ ਹੈਪੀ ਡੇਅ ਫਾਰ ਅੱਸ। ਐਵਰੀ ਪਾਰਟੀਕਲ ਇਜ਼ ਇਨ ਪਲੈਈਜ਼ਰ। ਡੌਂਟ ਨੋ ਵੱਟ ਟੂ ਡੂ, ਹਾਊ ਟੂ ਐਕਸਪਰੈੱਸ, ਬੱਟ ਆਈ ਵਾਂਟ ਟੂ ਡਾਂਸ, ਗਿਵ ਮੀ ਵੰਨ ਗੁੱਡ ਰੀਜ਼ਨ।” ਜੋੜਿਆਂ ਦੇ ਸਲੋਅ-ਡਾਂਸ ਵਿੱਚ ਹਿੱਸਾ ਲੈਂਦਾ ਹੋਇਆ ਉਹ ਆਪਣੀ ਪਤਨੀ ਮਹਿੰਦਰ ਕੌਰ ਨੂੰ ਪੁੱਛਦਾ ਹੈ- “ਕੀ ਮੈਂ ਤੈਨੂੰ ਸਾਰੀ ਸਾਰੀ ਉਮਰ ਕੰਟਰੋਲ ਵਿੱਚ ਰੱਖਿਆ ਹੈ?” ਜਿਸਦਾ ਜਵਾਬ ਸੁਰਿੰਦਰ ਬੜੇ ਪਿਆਰ ਨਾਲ ‘ਨਹੀਂ ਜੀ’ ਵਿੱਚ ਦਿੰਦੀ ਹੈ।
ਪੁਸਤਕ ਦੀ ਆਖ਼ਰੀ ਕਹਾਣੀ ‘ਮਿਲ ਗਿਆ ਨੈੱਕਲੈਸ’ ਮਜਨੂੰ ਦੀ ‘ਕਾਲੀ ਲੈਲਾ’ ਦੇ ਉਲਟ ਕੈਨੇਡਾ ਦੇ ਇੱਕ ਪਿੰਡ ਦੇ ਰਹਿਣ ਵਾਲੀ ਗੋਰੀ ਨਿਛੋਹ ਲੈਲਾ ਅਤੇ ਇੱਕ ਪੰਜਾਬੀ ਨੌਜਵਾਨ ਚੰਦਨ ਦੀ ਬਿਜ਼ਨੈੱਸ ਮਾਮਲੇ ਵਿੱਚ ਹੋਈ ਆਪਸੀ ਨੇੜਤਾ ਨਾਲ ਅੱਗੇ ਤੁਰਦੀ ਹੈ ਅਤੇ ਲੰਮੀ ਡਰਾਈਵ ’ਤੇ ਗਏ ਸ਼ਹਿਰ ਤੋਂ ਕਾਫ਼ੀ ਦੂਰ ਇੱਕ ਮੋਟਲ ਵਿੱਚ ਇੱਕ ਰਾਤ ਸਾਂਝੀ ਕਰਦਿਆਂ ਉਹ ਆਪੋ ਆਪਣੇ ਕਲਚਰ ਵਿੱਚ ਚੱਲ ਰਹੇ ‘ਜੈਂਡਰ-ਕੰਮਲੈਕਸ’ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ ਜਿਨ੍ਹਾਂ ਵਿੱਚ ਦੋਸਤ, ਬੁਆਏ-ਫਰੈਂਡ, ਗਰਲ ਫਰੈਂਡ, ਭਾਰਤੀ ਵਿਆਹ ਆਦਿ ਕਈ ਵਿਸ਼ੇ ਸ਼ਾਮਲ ਹਨ। ਇਸ ਗੱਲਬਾਤ ਵਿੱਚ ਡੈਬੀ, ਲੂਸੀ, ਜਾਰਜ, ਮਾਈਕਲ, ਚੰਦਨ ਦੀ ਪਤਨੀ ਸੁਨੀਲ, ਆਦਿ ਕਈ ਪਾਤਰ ਵੀ ਆਉਂਦੇ ਹਨ ਅਤੇ ਆਪਣੀਆਂ ਭੂਮਿਕਾਵਾਂ ਨਿਭਾਉਂਦੇ ਹਨ। ਨੈੱਕਲੈਸ ਦਾ ਗੁਆਚਣਾ ਅਤੇ ਮਿਲਣਾ ਚੰਦਨ ਦੀ ਪਤਨੀ ਸੁਨੀਲ ਵੱਲੋਂ ਵੇਖੇ ਜਾ ਰਹੇ ਇੱਕ ਭਾਰਤੀ ਟੀ.ਵੀ. ਸੀਰੀਅਲ ਦੇ ਨਾਲ ਜੋੜ ਕੇ ਕਹਾਣੀ ਵਿੱਚ ਬਾਖ਼ੂਬੀ ਪੇਸ਼ ਕੀਤਾ ਗਿਆ ਹੈ।
ਇਸ ਤਰ੍ਹਾਂ ਇਸ ਪੁਸਤਕ ਵਿੱਚ ਕੁਲਜੀਤ ਮਾਨ ਨੇ ਇਨ੍ਹਾਂ ਕਹਾਣੀਆਂ ਦੇ ਵੱਖ-ਵੱਖ ਪਾਤਰਾਂ ਰਾਹੀਂ ਵੱਖੋ-ਵੱਖਰੇ ਸੱਭਿਆਚਾਰਾਂ ਵਿੱਚ ਆਪੋ ਆਪਣੇ ਤਰੀਕੇ ਨਾਲ ਵਿਚਰ ਰਹੇ ਮਨੁੱਖੀ ਵਰਤਾਰਿਆਂ ਤੇ ਸੁਭਾਆਂ ਦੀ ਗੱਲ ਬਾਖ਼ੂਬੀ ਕੀਤੀ ਹੈ। ਇਨ੍ਹਾਂ ਵਿੱਚ ਸਾਨੂੰ ਮਨੁੱਖੀ ਫ਼ਿਲਾਸਫ਼ੀ ਅਤੇ ਮਨੋਵਿਗਿਆਨ ਦੀ ਭਰਪੂਰ ਝਲਕ ਵਿਖਾਈ ਦਿੰਦੀ ਹੈ ਅਤੇ ਕੁਲਜੀਤ ਮਾਨ ਦੀ ਫਿਲਾਸਫ਼ਿਕ ਸੋਚ ਨੇ ਇਨ੍ਹਾਂ ਕਹਾਣੀਆਂ ਵਿੱਚ ਇਹ ਬੜੀ ਜੁਗਤ ਨਾਲ ਨਿਭਾਈ ਹੈ। ਪੁਸਤਕ ਦੀਆਂ ਸਾਰੀਆਂ ਹੀ ਕਹਾਣੀਆਂ ਪੜ੍ਹਨਯੋਗ ਅਤੇ ਮਾਣਨਯੋਗ ਹਨ। ਮੈਂ ਪੰਜਾਬੀ ਪਾਠਕਾਂ ਨੂੰ ਇਹ ਕਹਾਣੀਆਂ ਪੜ੍ਹਨ ਦੀ ਸਿਫ਼ਾਰਿਸ਼ ਕਰਦਾ ਹਾਂ ਅਤੇ ਕੁਲਜੀਤ ਮਾਨ ਨੂੰ ਇਹ ਪੁਸਤਕ ਲਿਆਉਣ ’ਤੇ ਆਪਣੇ ਵੱਲੋਂ ਮੁਬਾਕਬਾਦ ਪੇਸ਼ ਕਰਦਾ ਹਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2666)
(ਸਰੋਕਾਰ ਨਾਲ ਸੰਪਰਕ ਲਈ: