“ਕਹਾਣੀਕਾਰਾ ਮਿੰਨੀ ਗਰੇਵਾਲ ਉਸਦੇ ਪੰਜਾਬੀ ਸਾਹਿਤ ਵਿੱਚ ਪਾਏ ਗਏ ਯੋਗਦਾਨ ਲਈ ਸਨਮਾਨਿਤ”
(13 ਦਸੰਬਰ 2019)
ਸਮਾਗ਼ਮ ਵਿੱਚ ਵੱਡੀ ਗਿਣਤੀ ਵਿੱਚ ਅਦੀਬਾਂ ਅਤੇ ਸੰਗੀਤ-ਪ੍ਰੇਮੀਆਂ ਨੇ ਹਾਜ਼ਰੀ ਭਰੀ
(ਮਿਸੀਸਾਗਾ) ‘ਅਸੀਸ ਮੰਚ ਟੋਰਾਂਟੋ’ ਵੱਲੋਂ ਦੋ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ‘ਮਾਤਾ ਨਿਰੰਜਨ ਕੌਰ ਐਵਾਰਡ’ ਇਸ ਵਾਰ ਬਰੈਂਪਟਨ ਦੇ ਉੱਘੇ ਕਹਾਣੀਕਾਰ ਕੁਲਜੀਤ ਮਾਨ ਨੂੰ ਦਿੱਤਾ ਗਿਆ। ਪਰਮਜੀਤ ਦਿਓਲ ਵੱਲੋਂ ਆਏ ਮਹਿਮਾਨਾਂ ਨੂੰ ਨਿੱਘੀ ਜੀ-ਆਇਆਂ ਕਹਿਣ ਪਿੱਛੋਂ ਮੰਚ-ਸੰਚਾਲਕ ਕੁਲਵਿੰਦਰ ਖਹਿਰਾ ਨੇ ਕਹਾਣੀਕਾਰ ਮੇਜਰ ਮਾਂਗਟ ਨੂੰ ਕੁਲਜੀਤ ਮਾਨ ਬਾਰੇ ਜਾਣਕਾਰੀ ਦੇਣ ਲਈ ਕਿਹਾ। ਮੇਜਰ ਮਾਂਗਟ ਨੇ ਕੁਲਜੀਤ ਮਾਨ ਬਾਰੇ ਦੱਸਦਿਆਂ ਕਿਹਾ ਕਿ ਕੁਲਜੀਤ ਮਾਨ ਨਾਵਲ, ਕਹਾਣੀਆਂ, ਵਾਰਤਕ ਅਤੇ ਹਾਸ-ਵਿਅੰਗ ਦੀਆਂ ਕਈ ਪੁਸਤਕਾਂ ਦਾ ਲੇਖਕ ਹੈ। ਉਸਦੇ ਹੁਣ ਤੱਕ ਤਿੰਨ ਕਹਾਣੀ-ਸੰਗ੍ਰਹਿ, ਦੋ ਨਾਵਲ ਅਤੇ ਇੱਕ ਵਿਅੰਗਮਈ ਪੁਸਤਕ ‘ਯੱਬਲੀਆਂ’ ਛਪ ਛੁੱਕੇ ਹਨ। ਉਸ ਦਾ ਨਾਵਲ ‘ਕਿਟੀ ਮਾਰਸ਼ਲ’ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਿਲੇਬਸ ਦਾ ਹਿੱਸਾ ਬਣਿਆ ਰਿਹਾ ਹੈ ਅਤੇ ਪਿਛਲੇ ਸਾਲ ਛਪਿਆ ਨਾਵਲ ‘ਮਾਂ ਦਾ ਘਰ’ ਰੋਮਾਨੀਆ ਅਤੇ ਯੋਗੋਸਲਾਵੀਆ ਵਿੱਚ ਔਰਤਾਂ ਉੱਪਰ ਹੋਏ ਜ਼ੁਲਮ ਦੀ ਤਸਵੀਰ ਬਾਖ਼ੂਬੀ ਬਿਆਨਦਾ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਕੁਲਜੀਤ ਮਾਨ ਕੰਪਿਊਟਰ-ਕਲਾ ਵਿੱਚ ਵੀ ਪੂਰੀ ਮੁਹਾਰਤ ਰੱਖਦਾ ਹੈ ਅਤੇ ਇੰਟਰਨੈੱਟ ਅਤੇ ਫੇਸਬੁੱਕ ਉੱਪਰ ਆਪਣੀਆਂ ਵੈੱਬਸਾਈਟਾਂ ‘ਪੰਜਾਬੀ ਸੰਵੇਦਨਾ’, ‘ਰੋਜ਼ਨਾਮਚਾ’ ਅਤੇ ‘ਬੰਸਰੀ ਡੌਟ ਨੈੱਟ’ ਉੱਪਰ ਸਮਾਜਿਕ, ਸਾਹਿਤਕ ਅਤੇ ਚਲੰਤ ਮਾਮਲਿਆਂ ਬਾਰੇ ਬਹੁ-ਮੱਲੀ ਜਾਣਕਾਰੀ ਵਾਲੀ ਸਮੱਗਰੀ ਨਿਰੰਤਰ ਪਾ ਰਿਹਾ ਹੈ, ਜੋ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ।
ਤੀਰਥ ਦਿਓਲ, ਪਰਮਜੀਤ ਦਿਓਲ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੁਲਜੀਤ ਮਾਨ ਅਤੇ ਉਸ ਦੀ ਸੁਪਤਨੀ ਸਰਬਜੀਤ ਮਾਨ ਦੇ ਕੀਤੇ ਗਏ ਇਸ ਮਾਣ-ਸਨਮਾਨ ਵਿੱਚ 1100 ਡਾਲਰ ਦਾ ਨਕਦ ਇਨਾਮ, ਸ਼ਾਲ ਅਤੇ ਸਨਮਾਨ-ਚਿੰਨ੍ਹ ਭੇਂਟ ਕੀਤੇ ਗਏ। ਇਸ ਮੌਕੇ ਸਮਾਗ਼ਮ ਵਿੱਚ ਮੌਜੂਦ ਅਦੀਬਾਂ ਅਤੇ ਸਾਹਿਤ-ਪ੍ਰੇਮੀਆਂ ਵੱਲੋਂ ਕੁਲਜੀਤ ਮਾਨ ਨੂੰ ਇਸ ਐਵਾਰਡ ਦੇ ਮਿਲਣ ਉੱਤੇ ਹਾਰਦਿਕ ਮੁਬਾਰਕਾਂ ਦਿੱਤੀਆਂ ਗਈਆਂ।
ਚੱਲ ਰਹੇ ਸਮਾਗ਼ਮ ਦੌਰਾਨ ਕਹਾਣੀਕਾਰਾ ਮਿੰਨੀ ਗਰੇਵਾਲ ਨੂੰ ਵੀ ਉਸ ਦੇ ਪੰਜਾਬੀ ਸਾਹਿਤ ਵਿੱਚ ਪਾਏ ਗਏ ਯੋਗਦਾਨ ਨੂੰ ਮੁੱਖ ਰੱਖਦਿਆਂ ਹੋਇਆਂ ਸਨਮਾਨਿਤ ਕੀਤਾ ਗਿਆ। ਮਿੰਨੀ ਗਰੇਵਾਲ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਬਰੈਂਪਟਨ ਵਿੱਚ ਸਰਗਰਮ ਔਰਤਾਂ ਦੀ ਸੰਸਥਾ ‘ਦਿਸ਼ਾ’ ਦੀ ਚੇਅਰਪਰਸਨ ਡਾ. ਕੰਵਲਜੀਤ ਢਿੱਲੋਂ ਨੇ ਕਿਹਾ ਕਿ ਮਿੰਨੀ ਗਰੇਵਾਲ ਨੇ ਆਪਣੀਆਂ ਕਹਾਣੀਆਂ ਵਿੱਚ ਔਰਤਾਂ ਦੇ ਦਰਦ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਬਾਖ਼ੂਬੀ ਉਜਾਗਰ ਕੀਤਾ ਹੈ। ਉਹ ਅਗਾਂਹ-ਵਧੂ ਵਿਚਾਰਾਂ ਦੀ ਮਾਲਕ ਹੈ ਅਤੇ ਸੱਠਵਿਆਂ ਅਤੇ ਸੱਤਰਵਿਆਂ ਵਿੱਚ ਭਾਰਤ ਵਿੱਚ ਪ੍ਰਚੱਲਤ ਮੈਗ਼ਜ਼ੀਨ ‘ਸੋਵੀਅਤ ਲੈਂਡ’ ਅਤੇ ‘ਸੋਵੀਅਤ ਦੇਸ਼’ ਦੀ ਸੰਪਾਦਕ ਰਹੀ ਹੈ। ਇੱਥੇ ਕੈਨੇਡਾ ਆ ਕੇ ਵੀ ਕਹਾਣੀਆਂ ਲਿਖਣ ਦੇ ਨਾਲ ਨਾਲ ਉਸ ਨੇ ਇੱਥੋਂ ਦੇ ਅੰਗਰੇਜ਼ੀ ਦੇ ਪ੍ਰਸਿੱਧ ਅਖ਼ਬਾਰ ‘ਟੋਰਾਂਟੋ ਸੰਨ’ ਵਿੱਚ ਵੀ ਸੰਪਾਦਕੀ ਦਾ ਕੰਮ ਬਾਖ਼ੂਬੀ ਕੀਤਾ ਹੈ।
ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਸ਼ਿਵਰਾਜ ਸਨੀ ਅਤੇ ਰਿੰਟੂ ਭਾਟੀਆ ਵੱਲੋਂ ਗਾਈਆਂ ਗਈਆਂ ਖ਼ੂਬਸੂਰਤ ਗ਼ਜ਼ਲਾਂ ਨਾਲ ਕੀਤੀ ਗਈ ਅਤੇ ਚੱਲ ਰਹੇ ਸਮਾਗ਼ਮ ਦੌਰਾਨ ਇਕਬਾਲ ਬਰਾੜ, ਸੁਖਦੇਵ ਸੁਖ ਅਤੇ ਕਲਾਸੀਕਲ ਗਾਇਕ ਮੱਘਰ ਅਲੀ ਨੇ ਆਪੋ ਆਪਣੇ ਅੰਦਾਜ਼ ਵਿੱਚ ਗ਼ਜ਼ਲਾਂ ਅਤੇ ਗੀਤ ਸੁਣਾਏ। ਅਮਰੀਕਾ ਤੋਂ ਆਏ ਗ਼ਜ਼ਲਗੋ ਹਰਜਿੰਦਰ ਜਿੰਦ ਨੇ ਵੀ ਆਪਣੀਆਂ ਗ਼ਜਲਾਂ ਸੁਣਾ ਕੇ ਸਰੋਤਿਆਂ ਤੋਂ ਭਰਪੂਰ ਤਾੜੀਆਂ, ਵਾਹ-ਵਾਹ ਖੱਟੀ।
ਪ੍ਰੋਗਰਾਮ ਦੇ ਅਖ਼ੀਰ ਵੱਲ ਵਧਦਿਆਂ ਅੰਮ੍ਰਿਤਸਰ ਤੋਂ ਛਪਦੇ ਤਿਮਾਹੀ ਮੈਗ਼ਜ਼ੀਨ ‘ਅੱਖਰ’ ਦਾ ਜੁਲਾਈ ਤੋਂ ਸਤੰਬਰ ਅੰਕ ਲੋਕ-ਅਰਪਿਤ ਕੀਤਾ ਗਿਆ। ਇਸ ਰਿਸਾਲੇ ਦੀਆਂ ਕੁਝ ਕਾਪੀਆਂ ਬੀਤੇ ਦਿਨੀਂ ਪੰਜਾਬ ਤੋਂ ਆਏ ਸ਼ਾਇਰ ਮਲਵਿੰਦਰ ਵੱਲੋਂ ਇੱਥੇ ਆਪਣੇ ਨਾਲ ਲਿਆਂਦੀਆਂ ਗਈਆਂ ਸਨ। ਸਮਾਗ਼ਮ ਦੌਰਾਨ ਸਿਟੀ ਕਾਊਂਸਲਰ ਹਰਕੀਰਤ ਸਿੰਘ ਅਤੇ ਬਰੈਂਪਟਨ ਈਸਟ ਤੋਂ ਐੱਨ.ਡੀ.ਪੀ. ਦੇ ਐੱਮ.ਪੀ.ਪੀ.ਪੀ. ਨੇ ਵੀ ਕੁਝ ਸਮੇਂ ਲਈ ਆਪਣੀਆਂ ਹਾਜ਼ਰੀਆਂ ਲਵਾਈਆਂ।
*****