SukhdevJhandDr7ਬੱਚਿਆਂ ਨੇ ਇਸ ਗਾਣੇ ਉੱਪਰ ਖ਼ੂਬ ਡਾਂਸ ਕੀਤਾ। ਉਨ੍ਹਾਂ ਨੂੰ ਉਮੀਦ ਸੀ ਕਿ ਗਾਣੇ ਦੇ ਬੋਲ ਸੁਣ ਕੇ ...
(25 ਮਾਰਚ 2022)

 

25 March 22ਕਰੇਬੀਅਨ ਸਾਗਰ ਦੇ ਕਿਨਾਰੇ ਵਸਿਆ ਟੂਰਿਜ਼ਮ ਦੇ ਪੱਖੋਂ ‘ਕੈਂਕੂਨ’ ਮੈਕਸੀਕੋ ਦਾ ਖ਼ੂਬਸੂਰਤ ਮਹੱਤਵਪੂਰਨ ਸ਼ਹਿਰ ਹੈਅੰਗਰੇਜ਼ੀ ਵਿੱਚ ‘Cancun’ ਵਜੋਂ ਲਿਖਿਆ ਜਾਣ ਵਾਲਾ ਇਹ ਨਾਂ ਪੁਰਾਤਨ ਮੈਕਸੀਕਨ ‘ਮਾਇਅਨ ਸੱਭਿਅਤਾ’ ਦੀ ਭਾਸ਼ਾ ਦੇ ਸ਼ਬਦ ‘Kaankun)’ ਤੋਂ ਆਇਆ ਹੈ ਜਿਸਦਾ ਅਰਥ ਹੈ, ‘ਸੱਪਾਂ ਦੀ ਰਿਹਾਇਸ਼ਗਾਹ ਇਸਦੇ ਪਹਿਲੇ ਭਾਗ ‘Kaan’ ਦਾ ਅਰਥ ‘ਸੱਪ’ ਹੈ ਅਤੇ ਪਿਛਲੇ ‘Kun’ ਦਾ ਅਰਥ ਹੈ ‘ਰਹਿਣਾ।’ ਇਸ ਤਰ੍ਹਾਂ ਇਹ ਧਰਤੀ ਸੱਪਾਂ ਅਤੇ ਇਸ ਕਿਸਮ ਦੇ ਹੋਰ ਰੀਂਘਣ ਵਾਲੇ ਜੀਵਾਂ ਸਕੌਰਪੀਅਨਾਂ ਤੇ ਇਗੂਆਨਾਂ, ਆਦਿ ਦੇ ਰਹਿਣ ਦੀ ਧਰਤੀ ਹੈ

ਮੈਕਸੀਕੋ’ ਦਾ ਨਾਂ ਪੰਜਾਬ ਵਿੱਚ ਪਿਛਲੀ ਸਦੀ ਦੇ ਛੇਵੇਂ ਦਹਾਕੇ ਦੇ ਅਖ਼ੀਰ ਵਿੱਚ ਸੁਣਿਆ ਗਿਆ ਸੀ ਜਦੋਂ ਭਾਰਤ ਵਿੱਚ ਅਨਾਜ ਦੀ ਭਾਰੀ ਘਾਟ ਹੋ ਜਾਣ ਕਾਰਨ ਉਸ ਨੂੰ ਅਮਰੀਕਾ ਕੋਲੋਂ ਸਮਝੌਤੇ ਪੀ.ਐੱਲ. 480 ਅਧੀਨ ਮੈਕਸੀਕਨ ਕਣਕ ਮੰਗਵਾਉਣੀ ਪਈ ਸੀ ਅਤੇ ਪੂਰੇ ਪੰਜ ਦਹਾਕਿਆਂ ਬਾਅਦ ਸਾਨੂੰ ਇਸ ਦੇਸ਼ ਮੈਕਸੀਕੋ ਦੇ ਸ਼ਹਿਰ 'ਕੈਂਕੂਨਨੂੰ ਨੇੜਿਉਂ ਤੱਕਣ ਦਾ ਮੌਕਾ ਮਿਲਿਆਇਸ ਨੂੰ ਮਹਿਜ਼ ‘ਮੌਕਾ-ਮੇਲਹੀ ਕਿਹਾ ਜਾ ਸਕਦਾ ਹੈ, ਕਿਉਂਕਿ ਅਸੀਂ ਦੋਵੇਂ ਜੀਅ ਤਿੰਨ ਕੁ ਮਹੀਨੇ ਪਹਿਲਾਂ ਅਮਰੀਕਾ ਦੇ ਸ਼ਹਿਰ ਸੈਨ ਐਨਟੋਨੀਓ ਵਿੱਚ ਬੇਟੀ ਗਗਨ ਕੋਲ ਉਸਦੇ ਪਰਿਵਾਰ ਨੂੰ ਮਿਲਣ ਆਏ ਸੀ ਅਤੇ ਇੱਥੋਂ ਦੀਆਂ ਸਰਦੀਆਂ ਦੇ ਖ਼ੁਸ਼ਗਵਾਰ ਮੌਸਮ ਦਾ ਪੂਰਾ ਅਨੰਦ ਲੈ ਰਹੇ ਸੀਮਾਰਚ ਦੇ ਪਹਿਲੇ ਹਫ਼ਤੇ ਬੱਚਿਆਂ ਨੂੰ ਸਕੂਲਾਂ ਵਿੱਚ ਹੋਣ ਵਾਲੀ ‘ਮਾਰਚ-ਬਰੇਕਵਿੱਚ ਸਾਡੇ ਪਰਿਵਾਰ ਨੇ ਇੱਕ ਹੋਰ ਦੋਸਤ ਪਰਿਵਾਰ ਦੇ ਨਾਲ ਮਿਲ ਕੇ ਪੰਜ ਦਿਨਾਂ ਲਈ ਮੈਕਸੀਕੋ ਦੇ ਸ਼ਹਿਰ 'ਕੈਂਕੂਨਜਾਣ ਦਾ ਪ੍ਰੋਗਰਾਮ ਬਣਾ ਲਿਆ

ਦੋਹਾਂ ਪਰਿਵਾਰਾਂ ਨੇ ਇਸ ਸ਼ਹਿਰ ਦੇ ਇੱਕ ਪੰਜ-ਤਾਰਾ ਹੋਟਲ ‘ਹਾਰਡ ਰੌਕ’ ਵਿੱਚ ਪੰਜ ਦਿਨ ਠਹਿਰਨ ਲਈ ਬੁਕਿੰਗ ਕਰਵਾ ਲਈ ਅਤੇ ਪੰਜ ਮਾਰਚ ਦੀ ਫ਼ਲਾਈਟ ਲੈ ਕੇ 'ਕੈਂਕੂਨਪਹੁੰਚ ਗਏਹੋਟਲ ਤੀਕ ਪਹੁੰਚਦਿਆਂ ਕਾਫ਼ੀ ਹਨੇਰਾ ਪਸਰ ਚੁੱਕਾ ਸੀ ਅਤੇ ‘ਚੈੱਕ-ਇਨ’ ਕਰਂਦਿਆਂ ਵੀ ਕਾਫ਼ੀ ਸਮਾਂ ਲੱਗ ਗਿਆ ਇੰਨੇ ਨੂੰ ਭੁੱਖ ਵੀ ਕਾਫ਼ੀ ਚਮਕ ਪਈਲਾਬੀ ਦੇ ਨਾਲ ਬਣੀ ‘ਮਾਇਆ ਮਾਰਕੀਟ’ ਦੇ ਨਾਲ ਲੱਗਦੇ ‘ਮਾਰਕੀਟ ਪਲੇਸ ਰੈਸਟੋਰੈਂਟ’ ਵੱਲ ਜਾਣਾ ਹੀ ਮੁਨਾਸਿਬ ਸਮਝਿਆਡਾਈਨਿੰਗ-ਹਾਲ ਵਿੱਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਸਜਾਏ ਹੋਏ ਸਨਵੈੱਜ, ਨਾਨ-ਵੈੱਜ, ਕਈ ਤਰ੍ਹਾਂ ਦਾ ਮੀਟ ਤੇ ਚਿੱਕਨ, ਸੈਲਮਨ, ਟਰਾਊਟ, ਆਦਿ ਸਮੇਤ ਮੱਛੀ ਦੀਆਂ ਵੱਖ-ਵੱਖ ਕਿਸਮਾਂ, ਸ਼ਰਿੰਪਸ, ਪਰਾਨਜ਼, ਤਰ੍ਹਾਂ-ਤਰ੍ਹਾਂ ਦੇ ਕੱਟੇ ਹੋਏ ਫ਼ਲ, ਕਈ ਕਿਸਮ ਦਾ ਸਲਾਦ ਤੇ ਹੋਰ ਕਈ ਕੁਝਸਵੇਰ ਤੋਂ ਹੀ ਚੱਲ ਰਹੀ ਨੱਠ-ਭੱਜ ਦੇ ਕਾਰਨ ਥਕਾਵਟ ਵੀ ਮਹਿਸੂਸ ਹੋ ਰਹੀ ਸੀਕਮਰੇ ਵਿੱਚ ਜਾ ਕੇ ਬੈੱਡ ’ਤੇ ਪੈਂਦਿਆਂ ਹੀ ਨੀਂਦ ਨੇ ਘੇਰਾ ਪਾ ਲਿਆ

ਅਗਲੇ ਦਿਨ ਸਵੇਰੇ ਉੱਠ ਕੇ ਖਿੜਕੀ ਵਿੱਚੋਂ ਬਾਹਰ ਝਾਤੀ ਮਾਰੀ ਤਾਂ ਹੋਟਲ ਦੀ ਸ਼ਾਨਦਾਰ ਲੈਂਡ-ਸਕੇਪਿੰਗ, ਹਰੇ-ਭਰੇ ਲਾਅਨ ਅਤੇ ਵਿਸ਼ਾਲ ਸਮੁੰਦਰ ਨਜ਼ਰੀਂ ਪਏ ਇੰਨੇ ਚਿਰ ਨੂੰ ਬੱਚਿਆਂ ਵੱਲੋਂ ਆਰਡਰ ਕੀਤਾ ਹੋਇਆ ਨਾਸ਼ਤਾ ਲੈ ਕੇ ਹੋਟਲ ਦੇ ਕਰਮਚਾਰੀ ਨੇ ਬੈੱਲ ਖੜਕਾ ਦਿੱਤੀਗਰਮ-ਗਰਮ ਆਮਲੇਟ, ਬਰੈੱਡ ਦੇ ਦੋ-ਦੋ ਪੀਸ, ਜੈਮ, ਬਟਰ, ਕੱਟੇ ਹੋਏ ਚਾਰ-ਪੰਜ ਕਿਸਮ ਦੇ ਫ਼ਲ, ਕਾਫ਼ੀ ਆਦਿ ਨਾਲ ਲੱਦੀ ਹੋਈ ਵੱਡੀ ਸਾਰੀ ਟਰੇਅ ਸਾਡੇ ਸਾਹਮਣੇ ਰੱਖ ਦਿੱਤੀਫਿਰ ਬੱਚਿਆਂ ਦੇ ਨਾਲ ਪੂਲ ’ਤੇ ਜਾਣ ਦਾ ਪ੍ਰੋਗਰਾਮ ਬਣ ਗਿਆ ਅਤੇ ਉਨ੍ਹਾਂ ਨੇ ਸਾਨੂੰ ਵੀ ਆਪਣੇ ‘ਸਵਿੱਮ-ਵੀਅਰ’ ਨਾਲ ਲੈ ਕੇ ਚੱਲਣ ਲਈ ਕਿਹਾਪੂਲ ’ਤੇ ਪੂਰੀਆਂ ਰੌਣਕਾਂ ਸਨਲੋਕ ਘੱਟ ਤੋਂ ਘੱਟ ਕੱਪੜਿਆਂ ਵਿੱਚ ਰੰਗ-ਬਰੰਗੇ ਸਵਿੱਮਿੰਗ-ਸੂਟਾਂ ਵਿੱਚ ਇੱਧਰ-ਉੱਧਰ ਘੁੰਮ ਰਹੇ ਸਨਸੈਰ ਕਰਨ ਆਏ ਕਈ ਗਰੁੱਪਾਂ ਦੇ ਮੈਂਬਰਾਂ, ਖ਼ਾਸ ਤੌਰ ’ਤੇ ਲੜਕੀਆਂ ਨੇ ਤਾਂ ਸਵਿੱਮਿੰਗ-ਸੂਟ ਇੱਕੋ ਹੀ ਰੰਗ ਅਤੇ ਡੀਜ਼ਾਈਨ ਦੇ ਪਹਿਨੇ ਹੋਏ ਸਨ, ਜਿਵੇਂ ਇਹ ਉਨ੍ਹਾਂ ਦੀ ‘ਯੂਨੀਫ਼ਾਰਮ’ ਹੋਵੇ

ਕਈਆਂ ਨੇ ਪੂਲ ਦੇ ਕੰਢੇ ਡੱਠੀਆਂ ਹੋਈਆਂ ਲੰਮੇ ਪੈਣ ਵਾਲੀਆਂ ਆਰਾਮ-ਕੁਰਸੀਆਂ ਉੱਪਰ ਹੋਟਲ ਵੱਲੋਂ ਪੂਲ ’ਤੇ ਮੁਹਈਆ ਕੀਤੇ ਗਏੇ ਵੱਡੇ ਤੌਲੀਏ ਵਿਛਾ ਕੇ ਮੱਲੀਆਂ ਹੋਈਆਂ ਸਨ ਅਤੇ ਆਪ ਉਹ ਕਈ ਪੂਲ ਦੇ ਪਾਣੀ ਵਿੱਚ ਬੈਠਕੇ ਜਾਂ ਉਸ ਵਿੱਚ ਤੈਰ ਕੇ ਪੂਰਾ ਅਨੰਦ ਲੈ ਰਹੇ ਸਨਅਸੀਂ ਆਪਣੇ ਸਾਥੀ ਪਰਿਵਾਰ ਦੇ ਮੈਂਬਰਾਂ ਨੂੰ ਜਾ ਮਿਲੇ ਜਿਨ੍ਹਾਂ ਨੇ ਸਾਡੇ ਤੋਂ ਪਹਿਲਾਂ ਉੱਥੇ ਜਾ ਕੇ ਤੌਲੀਏ ਰੱਖ ਕੇ ਚਾਰ ‘ਆਰਾਮ-ਕੁਰਸੀਆਂ’ ਮੱਲੀਆਂ ਹੋਈਆਂ ਸਨਅਸੀਂ ਵੀ ਆਪਣੇ ਸਵਿੱਮਿੰਗ-ਸੂਟਾਂ ਵਾਲਾ ਬੈਗ ਉੱਥੇ ਹੀ ਟਿਕਾ ਲਿਆ ਅਤੇ ਪੂਲ ਦਾ ਇੱਕ ‘ਭਲਵਾਨੀ ਗੇੜਾ’ ਲਾਇਆਵਾਪਸ ਆ ਕੇ ਵਾਸ਼-ਰੂਮ ਵਿੱਚ ਜਾ ਕੇ ‘ਨਹਾਉਣ ਵਾਲੀ ਨਿੱਕਰ’ ਪਾ ਕੇ ਪੂਲ ਵਿੱਚ ਆ ਪੈਰ ਧਰਿਆਮੈਂ ਤਾਂ ਪੂਲ ਵਿੱਚ ਜਾ ਡੁਬਕੀ ਲਾਈ ਪਰ ਸ਼੍ਰੀਮਤੀ ਜੀ ਦਾ ਉਸ ਦਿਨ ਪੂਲ ਵਿੱਚ ਜਾਣ ਨੂੰ ਮਨ ਨਾ ਕੀਤਾਅਗਲੇ ਦਿਨ ਵੀ ਉਹ ਜੱਕੋ-ਤੱਕੀ ਵਿੱਚ ਗੋਡਿਆਂ ਤੀਕ ਪਾਣੀ ਵਿੱਚ ਨਹਾਉਣ ਵਾਲੀ ਨਿੱਕਰ ਅਤੇ ਟੀ-ਸ਼ਰਟ ਪਾਈ ਕਿੰਨਾ ਚਿਰ ਪੂਲ ਦੇ ਕਿਨਾਰੇ ’ਤੇ ਬੈਠੇ ਅਜੇ ਉਡੀਕ ਕਰ ਰਹੇ ਸਨ ਕਿ ਪਾਣੀ ਦੇ ਅੰਦਰ ਜਾਇਆ ਜਾਵੇ ਜਾਂ ਫਿਰ ਇੱਥੇ ਹੀ ਬੈਠਣਾ ਠੀਕ ਰਹੇਗਾ, ਕਿ ਇੰਨੇ ਚਿਰ ਨੂੰ ਬੱਚਿਆਂ ਨੇ ਉਸ ਨੂੰ ਧੱਕੇ ਨਾਲ ਪਾਣੀ ਦੇ ਅੰਦਰ ਵਾੜ ਦਿੱਤਾ

ਹੋਟਲ ਦੀ ਇਹ ਪੂਲ ਕਾਫ਼ੀ ਲੰਮੀ ਸੀਆਰੰਭ ਵਿੱਚ ਛੋਟੇ ਬੱਚਿਆਂ ਲਈ ਇੱਕ ਨਿੱਕਾ ਪੂਲ ਸੀ ਜਿਸਦੀ ਡੂੰਘਾਈ ਮਸਾਂ ਡੇਢ ਕੁ ਫੁੱਟ ਹੀ ਸੀਉਸ ਤੋਂ ਅਗਲੇ ਲੰਮੇ ਪੂਲ ਦੀ ਡੂੰਘਾਈ ਚਾਰ ਫੁੱਟ ਸੀਇਸ ਵਿੱਚ ਦੋ ਥਾਂਵਾਂ ’ਤੇ ਪੁਲ਼ ਬਣੇ ਹੋਏ ਸਨ ਜਿਨ੍ਹਾਂ ਰਾਹੀਂ ਅਸਾਨੀ ਨਾਲ ਇੱਕ ਪਾਸੇ ਤੋਂ ਦੂਸਰੇ ਪਾਸੇ ਆਇਆ ਜਾਇਆ ਜਾ ਸਕਦਾ ਸੀਪੂਲ ਦੇ ਕੰਢੇ ਦੋ ਥਾਂਵਾਂ ’ਤੇ ‘ਬਾਰਾਂ’ ਬਣੀਆਂ ਹੋਈਆਂ ਸਨ ਜਿੱਥੇ ਹਰੇਕ ਕਿਸਮ ਦੀ ਵਾਈਨ, ਵਿਸਕੀ, ਬੀਅਰ, ਜੂਸ ਤੇ ਕਈ ਕਿਸਮ ਦੇ ਕੋਲਡ-ਡਰਿੰਕਸ ਮੌਜੂਦ ਸਨਇਨ੍ਹਾਂ ਵਿੱਚੋਂ ਇੱਕ ਬਾਰ ਦੀ ਸਰਵਿਸ ਤਾਂ ਪੂਲ ਦੇ ਅੰਦਰਵਾਰ ਵੀ ਚੱਲ ਰਹੀ ਸੀ

ਘੰਟਾ ਕੁ ਪਾਣੀ ਵਿੱਚ ਵਿਚ ਬਹਿਣ ਅਤੇ ਉਸ ਦੇ ਵਿੱਚ ਫਿਰਨ-ਤੁਰਨ ਤੋਂ ਬਾਅਦ ਸਾਨੂੰ ਥੋੜ੍ਹੀ ਜਿਹੀ ਭੁੱਖ ਮਹਿਸੂਸ ਹੋਈ ਅਤੇ ਕੁਝ ਖਾਣ-ਪੀਣ ਨੂੰ ਦਿਲ ਕੀਤਾਪਾਣੀ ਵਿਚਲੀ ਬਾਰ ਵੱਲ ਜਾਣ ਦੀ ਬਜਾਏ ਦੂਸਰੇ ਬੰਨੇ ਪੂਲ ਦੇ ਪਾਣੀ ਤੋਂ ਥੋੜ੍ਹੀ ਜਿਹੀ ਹਟਵੀ ਦੂਸਰੀ ਬਾਰ ਵੱਲ ਜਾ ਕੇ ਅਸੀਂ ਉੱਥੇ ਪਾਈਨ-ਐਪਲ ਜੂਸ ਦੀ ਮੰਗ ਕੀਤੀ ਤੇ ਜੂਸ ਲੈ ਕੇ ਫਿਰ ਪਾਣੀ ਵਿੱਚ ਵੜ ਗਏ ਘੰਟੇ ਕੁ ਬਾਅਦ ਹੀ ਮਿਸਿਜ਼ ਕਹਿਣ ਲੱਗੇ ਕਿ ਜੂਸ ਹੋਰ ਨਾ ਲਿਆਈਏ? ਮੈਂ ਕਿਹਾ, “ਚਲੋ ਚੱਲਦੇ ਆਂ, ਉੱਥੇ ਕਿਹੜੀ ਘਾਟ ਆ ਕਿਸੇ ਤਰ੍ਹਾਂ ਦੀ” ਅਸੀਂ ਅਜੇ ਉਸ ਬਾਰ ਦੇ ਕਾਊਂਟਰ ਨੇੜੇ ਪਹੁੰਚੇ ਹੀ ਸਾਂ ਕਿ ਓਹੀ ਮੈਕਸੀਕਨ ਕਰਮਚਾਰੀ ਸਾਡੇ ਵੱਲੋਂ ਕੋਈ ਆਰਡਰ ਦੇਣ ਤੋਂ ਪਹਿਲਾਂ ਹੀ ਬੋਲ ਪਿਆ, “ਟੂ ਗਲਾਸ ਐਪਲ-ਜੂਸ?” ਮੈਂ ਮਨ ਵਿੱਚ ਆਖਿਆ, “ਬਈ ਇਹਨੇ ਤਾਂ ਸਾਡੀ ਚੰਗੀ ਸਿਆਣ ਰੱਖੀ ਏ” ਵੈਸੇ, ਉਸ ਦੇ ਲਈ ਸਾਨੂੰ ਪਛਾਨਣਾ ਕੋਈ ਮੁਸ਼ਕਲ ਵੀ ਨਹੀਂ ਸੀ, ਕਿਉਂਕਿ ਉੱਥੇ ਕੇਵਲ ਪੂਲ ਏਰੀਏ ਵਿੱਚ ਹੀ ਨਹੀਂ, ਸਗੋਂ ਸਾਰੇ ਹੋਟਲ ਵਿੱਚ ਹੀ ਦਾੜ੍ਹੀ-ਮੁੱਛਾਂ ਅਤੇ ਦਸਤਾਰ੍ਹ ਵਾਲਾ ਇਹ ਸਰਦਾਰ ‘ਸਵਾ-ਲੱਖ’ ਹੀ ਸੀ

ਪੂਲ ਦੇ ਕੰਢੇ ਡੀ.ਜੇ. ਸਵੇਰੇ ਨੌਂ ਵਜੇ ਤੋਂ ਸ਼ਾਮ ਦੇ ਛੇ ਵਜੇ ਤਕ ਚੱਲਦਾ ਰਹਿੰਦਾਵੱਖ-ਵੱਖ ਭਾਸ਼ਾਵਾਂ ਵਿੱਚ ਗਾਣੇ ਇਸ ’ਤੇ ਵੱਜਦੇ ਰਹਿੰਦੇ ਅਤੇ ਕਈ ਡੀ.ਜੇ. ਵਾਲੇ ਟੈਂਟ ਦੇ ਸਾਹਮਣੇ ਆ ਕੇ ਡਾਂਸ ਕਰਦੇਸਾਡੇ ਗਰੁੱਪ ਦੇ ਬੱਚਿਆਂ ਦਾ ਵੀ ਇੱਕ ਦਿਨ ਉੱਥੇ ਕੋਈ ਪੰਜਾਬੀ ਗਾਣਾ ਚਲਵਾ ਕੇ ਉਸ ’ਤੇ ਭੰਗੜਾ ਪਾਉਣ ਨੂੰ ਮਨ ਕੀਤਾਬੇਟੇ ਹਰਮਨ ਨੇ ‘ਡੀ.ਜੇ. ਕੰਟਰੋਲਰ’ ਕੋਲ ਜਾ ਕੇ ਉਸ ਨੂੰ ਪੰਜ ਡਾਲਰ ਦੀ ‘ਟਿੱਪ’ ਦੇ ਕੇ ਕਰਨ ਔਜਲਾ ਦੇ ਗਾਏ ਪੰਜਾਬੀ ਗਾਣੇ “ਚੱਲ, ਮੈਕਸੀਕੋ ਚੱਲੀਏ” ਨੂੰ ਚਲਾਉਣ ਦੀ ਸਿਫ਼ਾਰਿਸ਼ ਕੀਤੀ ਜੋ ਉਸ ਦੇ ਵੱਲੋਂ ਝਟਪਟ ਮੰਨ ਲਈ ਗਈਬੱਚਿਆਂ ਨੇ ਇਸ ਗਾਣੇ ਉੱਪਰ ਖ਼ੂਬ ਡਾਂਸ ਕੀਤਾਉਨ੍ਹਾਂ ਨੂੰ ਉਮੀਦ ਸੀ ਕਿ ਗਾਣੇ ਦੇ ਬੋਲ ਸੁਣ ਕੇ ਸ਼ਾਇਦ ਹੋਰ ਪੰਜਾਬੀ ਵੀ ਉਨ੍ਹਾਂ ਨਾਲ ਆ ਰਲਣਗੇ ਪਰ ਕੋਈ ਨਾ ਆਇਆਹੋ ਸਕਦਾ ਹੈ ਕਿ ਉਸ ਸਮੇਂ ਪੂਲ ’ਤੇ ਕੋਈ ਪੰਜਾਬੀ ਨਾ ਹੀ ਹੋਵੇ, ਨਹੀਂ ਤਾਂ ਢੋਲ ਦੇ ਡੱਗੇ ਦੀ ਆਵਾਜ਼ ਸੁਣ ਕੇ ਪੰਜਾਬੀਆਂ ਕੋਲੋਂ ਕਿੱਥੇ ਰਿਹਾ ਜਾਂਦਾ ਹੈ

ਨਾਸ਼ਤਾ ਕਮਰੇ ਵਿੱਚ ਹੀ ਕਰਕੇ ਅਸੀਂ ਦਸ ਕੁ ਵਜੇ ਪੂਲ ’ਤੇ ਆ ਜਾਂਦੇ ਇੱਕ ਦਿਨ ਅਸੀਂ ਨਾਸ਼ਤਾ ਪੂਰ ਦੇ ਨੇੜਲੇ ਰੈੱਸਟੋਰੈਂਟ ਵਿੱਚ ਬੈਠ ਕੇ ਵੀ ਕੀਤਾਪਾਣੀ ਵਿੱਚ ਬੈਠ ਕੇ ਅਤੇ ਪਾਣੀ ਵਿੱਚ ਹੀ ਇੱਧਰ ਉੱਧਰ ਜਾ ਕੇ ਵਧੀਆ ਸਮਾਂ ਗ਼ੁਜ਼ਾਰਦੇਜਦੋਂ ਭੁੱਖ ਜਾਂ ਪਿਆਸ ਲਗਦੀ ਤਾਂ ਬਾਰ ਦੇ ਨਾਲ ਲੱਗਦੇ ‘ਫ਼ੂਡ-ਸਟੇਸ਼ਨ’ ਜਾ ਕੇ ਕੱਟਿਆ ਹੋਇਆ ਫਰੂਟ, ਚਿੱਕਨ-ਵਿੰਗਜ਼, ਫਰਾਈਡ ਚਿੱਕਨ, ਚਿੱਪਸ, ਗਲੂਕੋਮੈਲੀ, ਸਾਲਸਾ ਆਦਿ ਕੁਝ ਨਾ ਕੁਝ ਖਾ ਪੀ ਆਉਂਦੇ ਇੱਕ ਸਟਾਲ ਵਿੱਚ ਗਰਮ-ਗ਼ਰਮ ਪੀਜਾ ਵੀ ਮੌਕੇ ’ਤੇ ਤਿਆਰ ਹੋਇਆ ਮਿਲਦਾ ਸੀਕਦੇ ਉਹ ਵੀ ਖਾਂ ਲੈਂਦੇਬਾਰ ਤੋਂ ਜੂਸ, ਬੀਅਰ ਜਾਂ ਵਾਈਨ ਦਾ ਗਲਾਸ ਵੀ ਨਾਲ ਲੈ ਆਉਂਦੇ ਅਤੇ ਫਿਰ ਪਾਣੀ ਵਿੱਚ ਜਾ ਵੜਦੇਕਦੇ ਅਸੀਂ ਪੂਲ ਦੇ ਨਾਲ ਹੀ ਹੇਠਾਂ ਨੂੰ ਪੌੜੀਆਂ ਉੱਤਰ ਕੇ ਬੀਚ ਵੱਲ ਵੀ ਗੇੜਾ ਲਾ ਆਉਂਦੇਬੀਚ ਦਾ ਪਾਣੀ ਭਾਵੇਂ ਕਾਫ਼ੀ ਸਾਫ਼ ਸੀ ਪਰ ਇਸ ਵਿੱਚ ਨਹਾਉਣ ਲਈ ਸਾਡਾ ਮਨ ਨਾ ਮੰਨਿਆ, ਕਿਉਂਕਿ ਪੂਲ ਦੇ ਸਾਫ਼ ਪਾਣੀ ਨਾਲ ਇਸਦਾ ਕੋਈ ਮੁਕਾਬਲਾ ਨਹੀਂ ਸੀਉਂਜ, ਉੱਥੇ ਇੱਕ ਦਿਨ ਲੱਕ-ਲੱਕ ਪਾਣੀ ਵਿੱਚ ਖਲੋ ਕੇ ਫ਼ੋਟੋਆਂ ਜ਼ਰੂਰ ਖਿਚਵਾ ਲਈਆਂ

ਬੀਚ ਤੋਂ ਇੱਕ ਖ਼ੂਬਸੂਰਤ ਟਰੇਲ ਸਮੁੰਦਰ ਦੇ ਨਾਲ ਨਾਲ ਹੋਟਲ ਦੇ ਦੂਸਰੇ ਸਿਰੇ ਵੱਲ ਜਾਂਦੀ ਸੀ ਇੱਕ ਦਿਨ ਉਸ ’ਤੇ ਜਾ ਕੇ ਵੀ ਕਾਫ਼ੀ ਲੰਮੀ ਸੈਰ ਕੀਤੀਦੁਪਹਿਰੇ ਲੰਚ ਆਮ ਤੌਰ ’ਤੇ ਪੂਲ ਦੇ ਕੰਢੇ 'ਫ਼ੂਡ-ਸਟੇਸ਼ਨ’ ’ਤੇ ਹੁੰਦਾ ਅਤੇ ਰਾਤ ਨੂੰ ਡਿਨਰ ਹੋਟਲ ਦੇ ਵੱਖ-ਵੱਖ ਰੈਸਟੋਰੈਂਟਾਂ ਦੇ ਡਾਈਨਿੰਗ-ਹਾਲਾਂ ਵਿੱਚ ਜਾ ਕੇ ਕਰਦੇ ਇੱਕ ਰੈਸਟੋਰੈਂਟ ਵਿੱਚ ਡਿਨਰ ਕਰਨ ਗਏ ਤਾਂ ਉੱਥੇ ਸਾਡੇ ਸਾਹਮਣੇ ਹੀ ਸ਼ੈੱਫ ਨੇ ਹੌਟ-ਪਲੇਟ ’ਤੇ ਖ਼ੁਰਪੀ ਤੇ ਕੜਛੀ ਤਰੰਨਮ ਵਿੱਚ ਖੜਕਾ-ਖੜਕਾ ਕੇ ਫ਼ਰਾਈਡ-ਰਾਈਸ, ਚਿੱਕਨ, ਮੱਟਨ, ਪੋਰਕ, ਮਸ਼ਰੂਮਜ਼ ਅਤੇ ਮਿਕਸਡ-ਸਬਜ਼ੀਆਂ ਤਿਆਰ ਕੀਤੀਆਂ ਅਤੇ ਹਰੇਕ ਮੈਂਬਰ ਦੀ ਚੋਣ ਅਨੁਸਾਰ ਵੱਖ-ਵੱਖ ਪਲੇਟਾਂ ਵਿੱਚ ਪਾ ਦਿੱਤੀਆਂਮੌਕੇ ’ਤੇ ਖਾਣਾ ਤਿਆਰ ਕਰਨ ਦਾ ਇਹ ਵੱਖਰਾ ਨਜ਼ਾਰਾ ਵੇਖਣ ਤੇ ਮਾਨਣ ਵਾਲਾ ਹੀ ਸੀ ਅਤੇ ਵਾਈਨ/ਵਿਸਕੀ ਦੇ ਪੈੱਗ ਤੋਂ ਬਾਅਦ ਇਹ ਹੋਰ ਵੀ ਸੁਆਦ ਲੱਗਦਾ ਸੀਸਵੀਟ-ਡਿਸ਼ ਵਿੱਚ ਵੇਟਰ ‘ਫਰਾਈਡ ਆਈਸ-ਕਰੀਮ’ ਲੈ ਕੇ ਹਾਜ਼ਰ ਹੋ ਗਿਆ ਇੱਕ ਰੈਸਟੌਰੈਂਟ ਵਿੱਚ ਨਾਨ-ਵੈੱਜ ਦੀਆਂ ਕਈ ਵਰਾਇਟੀਆਂ ਦੇ ਨਾਲੇ ਚਿੱਟੇ-ਛੋਲ, ਰਾਜਮਾਂਹ, ਮਟਰਾਂ ਵਾਲੇ ਚਾਵਲ ਅਤੇ ਦਾਲ-ਮੱਖਣੀ ਵੀ ਰੱਖੇ ਹੋਏ ਸਨ

ਵਾਪਸ ਆਉਣ ਤੋਂ ਇੱਕ ਦਿਨ ਪਹਿਲਾਂ ਅਸੀਂ ਕੈਂਕੂਨ ਤੋਂ 30 ਕੁ ਮੀਲ ਦੂਰ ਪੈਂਦਾ ਕਸਬੇ ‘ਪਲਾਇਆ ਡੇਲ ਕਾਰਮਨ’ (Playa Del Carwen) ਵੇਖਣ ਦਾ ਮਨ ਬਣਾਇਆਹੋਟਲ ਵਾਲਿਆਂ ਨੇ ਸਾਡੇ ਲਈ ਟੈਕਸੀ ਦਾ ਪ੍ਰਬੰਧ ਕਰ ਦਿੱਤਾਭਾਵੇਂ ਇਸਦਾ ਕਿਰਾਇਆ ਅਸੀਂ ਆਪ ਹੀ ਦੇਣਾ ਸੀ ਪਰ ਸਾਡੇ ਲਈ ਇਹ ‘ਸਹੂਲਤ’ ਹੀ ਕਾਫ਼ੀ ਸੀਟੈਕਸੀ ਵਿੱਚ ਸਵਾਰ ਹੋ ਕੇ ਜਦੋਂ ਹੋਟਲ ਦੇ ਮੇਨ ਗੇਟ ਵੱਲ ਜਾ ਰਹੇ ਸੀ ਤਾਂ ਰਸਤੇ ਵਿੱਚ ਡਰਾਈਵਰ ਨੇ ਇਕ ਦਮ ਬਰੇਕ ਮਾਰੀਅੱਗੇ ਵੇਖਿਆ ਤਾਂ ਸੜਕ ਉੱਤੇ ਇੱਕ ‘ਨਾਗ-ਦੇਵਤਾ’ ਬੜੀ ਮੌਜ ਵਿੱਚ ਵਲ਼਼ ਖਾਂਦਾ ਮਚਕ-ਮਚਕ ਚੱਲਦਾ ਹੋਇਆ ਸੜਕ ਪਾਰ ਕਰ ਰਿਹਾ ਸੀ, ਜਿਵੇਂ ਮੌਤ ਦਾ ਉਸ ਨੂੰ ਜ਼ਰਾ ਵੀ ਕੋਈ ਡਰ/ਖ਼ੌਫ਼ ਨਾ ਹੋਵੇਉਂਜ ਵੀ ਮੈਕਸੀਕਨ ਲੋਕ ਜੰਗਲੀ ਜਾਨਵਰਾਂ ਅਤੇ ਜੀਵ-ਜੰਤੂਆਂ ਦਾ ਬੜਾ ਖ਼ਿਆਲ ਰੱਖਦੇ ਹਨਇਸ ਤੋਂ ਪਹਿਲਾਂ ਜਦੋਂ ਅਸੀਂ ਇੱਕ ਦਿਨ ਪੂਲ ਦੇ ਕੰਢੇ ਡਿੱਠੀਆਂ ਆਰਾਮ-ਕੁਰਸੀਆਂ ’ਤੇ ਆਰਾਮ ਫ਼ਰਮਾ ਰਹੇ ਸੀ ਤਾਂ ਇੱਕ ‘ਇਗੂਆਨ’ ਹਰੀਆਂ ਕਚੂਰ ਖ਼ੂਬਸੂਰਤ ਝਾੜੀਆਂ ਵਿੱਚੋਂ ਨਿਕਲ ਕੇ ਕੰਕਰੀਟ ਦੇ ਫ਼ਰਸ਼ ’ਤੇ ਰੀਂਗਦਾ ਹੋਇਆ ਸਾਡੇ ਵੱਲ ਆ ਗਿਆ ਸੀ ਜਿਸ ਨੂੰ ਵੇਖ ਕੇ ਸਾਡਾ ਇਕ ਦਮ ਤ੍ਰਭਕਣਾ ਕੁਦਰਤੀ ਸੀ ਪਰ ਨਾਲਦਿਆਂ ਨੇ ਦੱਸਿਆ ਕਿ ਇਹ ਬਿਲਕੁਲ ਖ਼ਤਰਨਾਕ ਨਹੀਂ ਹਨ

ਅੱਧੇ ਘੰਟੇ ਵਿੱਚ ਅਸੀਂ ‘ਪਲਾਇਆ ਡੇਲ ਕਾਰਮਨ’ ਪਹੁੰਚ ਗਏਇਹ ਕਸਬਾ ਵੀ ਸਮੁੰਦਰ ਦੇ ਕੰਢੇ ਵਸਿਆ ਹੋਇਆ ਹੈਟੈਕਸੀ ਵਿੱਚੋਂ ਉੱਤਰ ਕੇ ਜਦੋਂ ਬੀਚ ਵੱਲ ਜਾ ਰਹੇ ਸੀ ਤਾਂ ਬਾਜ਼ਾਰ ਦੇ ਦੋਹੀਂ ਪਾਸੀਂ ਸਾਜ਼ੋ-ਸਮਾਨ ਨਾਲ ਸੱਜੀਆਂ ਹੋਈਆਂ ਛੋਟੀਆਂ-ਛੋਟੀਆਂ ਦੁਕਾਨਾਂ ਪੰਜਾਬ ਦੇ ਹੀ ਕਿਸੇ ਸ਼ਹਿਰ ਦਾ ਹੀ ਭੁਲੇਖਾ ਪਾ ਰਹੀਆਂਮੁਨਿਆਰੀ ਵਾਲੀਆਂ, ਜੁੱਤੀਆਂ ਵਾਲੀਆਂ, ਬੱਚਿਆਂ ਦੇ ਖਿਡੌਣਿਆਂ ਵਾਲੀਆਂ ਅਤੇ ਵੱਖ-ਵੱਖ ਕਿਸਮ ਦੇ ਤੋਹਫ਼ਿਆਂ ਦੇ ਸਮਾਨ ਵਾਲੀਆਂ ਬੇਸ਼ੁਮਾਰ ਸਨਟੂਰਿਸਟਾਂ ਦਾ ਧਿਆਨ ਖਿੱਚਣ ਲਈ ਦੁਕਾਨਾਂ ਦੇ ਬਾਹਰ ਬਹੁਤ ਹੀ ਆਕਰਸ਼ਕ ਢੰਗ ਨਾਲ ਮੇਜ਼ਾਂ ਉੱਪਰ ਟਿਕਾਈਆਂ ਹੋਈਆਂ ਸਨ ਅਤੇ ਕਈ ਉੱਪਰੋਂ ਹੇਠਾਂ ਨੂੰ ਲਟਕਾਈਆਂ ਵੀ ਹੋਈਆਂ ਸਨਬੇਟੀ ਦੀ ਸਹਾਇਤਾ ਨਾਲ ਸ਼੍ਰੀਮਤੀ ਨੇ ਦੋ-ਤਿੰਨ ਪਰਸਾਂ ਦਾ ਭਾਅ ਪੁੱਛਿਆਕੋਈ ਵੀ 1000-1200 ‘ਪੇਸੋ’ (ਮੈਕਸੀਕਨ ਕਰੰਸੀ) ਤੋਂ ਘੱਟ ਨਹੀਂ ਸੀ ਜੋ 150 ਅਮਰੀਕੀ ਡਾਲਰਾਂ ਤੋਂ ਘੱਟ ਨਹੀਂ ਸੀਰੰਗ-ਬਰੰਗੀਆਂ ਚੂੜੀਆਂ, ਕੰਨਾਂ ਦੀਆਂ ਵਾਲ਼ੀਆਂ (ਕਾਂਟੇ), ਗਲ਼ਾਂ ਦੀਆਂ ਗਾਨੀਆਂ, ਆਦਿ ਵੀ ਕਾਫ਼ੀ ਮਹਿੰਗੀਆਂ ਸਨਪੰਜਾਬ ਵਾਂਗ ਇੱਥੇ ਵੀ ‘ਬਾਰਗੇਨਿੰਗ’ (Bargaining) ਖ਼ੂਬ ਚੱਲਦੀ ਸੀਬੇਟੀ ਨੇ ਕੁਝ ਈਅਰ-ਰਿੰਗਜ਼, ਚੇਨਾਂ, ਵਗ਼ੈਰਾ ਸਿਲੈਕਟ ਕੀਤੀਆਂ ਜਿਨ੍ਹਾਂ ਦੀ ਕੀਮਤ 900 ‘ਪੇਸੋ’ ਬਣੀਇਹ ਚੀਜ਼ਾਂ ਕਾਫ਼ੀ ਮਹਿੰਗੀਆਂ ਹੋਣਾ ਕਹਿ ਕੇ ਜਦੋਂ ਅਸੀਂ ਉਸ ਦੁਕਾਨ ਤੋਂ ਅੱਗੇ ਜਾਣ ਲੱਗੇ ਤਾਂ ਦੁਕਾਨਦਾਰ ਸਾਨੂੰ ਪਿੱਛੋਂ ਵਾਜ ਮਾਰ ਕੇ 800, 700 ਤੋਂ ਘਟਦਾ ਹੋਇਆ ਅਖ਼ੀਰ 550 ਪੇਸੋ ’ਤੇ ਆ ਗਿਆ ਅਤੇ ਫਿਰ ਮੈਕਸੀਕੋ ਦੀ ਨਿਸ਼ਾਨੀ ਵਜੋਂ ਬੇਟੀ ਨੇ ਉਹ ਲੈ ਹੀ ਲਈਆਂ ਮੈਂਨੂੰ ਇਹ ਸਭ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਸਾਹਮਣੇ ਵਾਲੇ ‘ਝੂਠੇ ਬਾਜ਼ਾਰ’ ਵਾਂਗ ਹੀ ਲੱਗਿਆ

ਬਾਜ਼ਾਰ ਵਿੱਚ ਚੱਲਦਿਆਂ ਅੱਗੇ ਵਧਦੇ ਹੋਏ ਬੀਚ ਵੱਲ ਗਏਇੱਥੇ ਟੂਰਿਸਟਾਂ ਦੀ ਕਾਫ਼ੀ ਰੌਣਕ ਸੀਕਈ ਬੋਟਾਂ ਉੱਪਰ ਸਮੁੰਦਰ ਦੀ ਸੈਰ ਕਰ ਰਹੇ ਸਨਕਈ ਕਈ ਆਰਾਮ-ਕੁਰਸੀਆਂ ’ਤੇ ਬੈਠੇ ਸਮੁੰਦਰੀ ਛੱਲ੍ਹਾਂ ਵੱਲ ਟਿਕਟਿਕੀ ਲਗਾਈ ਬੈਠੇ ਸਨ ਅਤੇ ਕਈ ਪਾਣੀ ਵਿੱਚ ਤਾਰੀਆਂ ਵੀ ਲੱਗਾ ਰਹੇ ਸਨਅੱਧਾ ਕੁ ਘੰਟਾ ਉੱਥੇ ਘੁੰਮ ਕੇ ਇੱਕ ਰੇਹੜੀ ਵਾਲੇ ਤੋਂ ਕੱਚੇ ਨਾਰੀਅਲਾਂ (Coconuts) ਦਾ ਪਾਣੀ ਪੀਤਾਥੋੜ੍ਹਾ ਜਿਹਾ ਹੋਰ ਘੁੰਮ-ਘੁਮਾ ਕੇ ਇੱਕ ਰੈਸਟੋਰੈਂਟ ਵਿੱਚੋਂ ਮੈਕਸੀਕਨ ਖਾਣਾ ਖਾਧਾਰੈਸਟੋਰੈਂਟ ਵਿੱਚ ਸਰਵ ਕਰ ਰਹੀ ਲੜਕੀ ਨੇ ਸਾਡੇ ਸਾਹਮਣੇ ਪੱਥਰ ਦੇ ‘ਕੂੰਡੇ-ਡੰਡੇ’, ਤਿੰਨ-ਚਾਰ ਐਵੋਕੈਡੋ ਕੱਟ ਕੇ ਉਸ ਵਿੱਚ ਲੋੜੀਂਦੇ ਮਸਾਲੇ ਤੇ ਹੋਰ ਸਮਾਨ ਪਾ ਕੇ ਗਲੂਕੋਮੈਲੀ ਤਿਆਰ ਕੀਤੀ ਜਿਸਦਾ ਆਪਣਾ ਹੀ ਸੁਆਦ ਅਤੇ ਮਜ਼ਾ ਸੀਖਾਣਾ ਖਾ ਕੇ ਟੈਕਸੀ ਅਸੀਂ ਲਈ ਅਤੇ ਹੋਟਲ ਨੂੰ ਵਾਪਸੀ ਦੇ ਚਾਲੇ ਪਾ ਦਿੱਤੇ

ਅਗਲੇ ਦਿਨ ਸਵੇਰੇ ਹੋਟਲ ਦੇ ‘ਮਾਇਆ ਮਾਰਕੀਟ’ ਨੇੜਲੇ ਰੈਸਟੋਰੈਂਟ ਵਿੱਚ ਨਾਸ਼ਤਾ ਕਰਕੇ ਇਸ ਮਾਰਕੀਟ ਵਿੱਚੋਂ ਬੱਚਿਆਂ ਨੇ ਇਸ ਮਾਰਕੀਟ ਵਿੱਚੋਂ ਮਾਇਆ ਸੱਭਿਅਤਾ ਨਾਲ ਸਬੰਧਿਤ ਕੁਝ ਚੀਜ਼ਾਂ-ਵਸਤਾਂ ਯਾਦਗ਼ਾਰੀ ਚਿੰਨ੍ਹਾਂ ਵਜੋਂ ਖਰੀਦੀਆਂਬਾਅਦ-ਦੁਪਹਿਰ 2.30 ਵਜੇ ਸਾਡੀ ਹੂਸਟਨ ਲਈ ਫ਼ਲਾਈਟ ਸੀ ਅਤੇ ਹੋਟਲ ਵਾਲਿਆਂ ਨੇ ਸਾਨੂੰ ਸਵੇਰੇ 10.30 ਵਜੇ ਤਿਆਰ ਰਹਿਣ ਲਈ ਕਿਹਾ ਸੀਫ਼ਲ਼ਾਈਟ ਸਮੇਂ ਸਿਰ ਹੀ ਸੀ ਅਤੇ ਇਹ ਲੈ ਕੇ ਅਸੀਂ ਸ਼ਾਮ ਦੇ ਪੰਜ ਵਜੇ ਹੂਸਟਨ ਪਹੁੰਚ ਗਏ ਜਿੱਥੋਂ ਆਪਣੀ ਗੱਡੀ ’ਤੇ ਸਵਾਰ ਹੋ ਕੇ ਰਾਤ ਦੇ ਸਾਢੇ ਨੌਂ ਘਰ ਪਹੁੰਚੇਇਸ ਤਰ੍ਹਾਂ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਇੱਕ ਹੋਰ ਦੋਸਤ ਪਰਿਵਾਰ ਦੇ ਮੈਂਬਰਾਂ ਨਾਲ ਮਿਲ਼ ਕੇ ਮੈਕਸੀਕੇ ਦੇ ਇਸ ਸ਼ਹਿਰ ਕੈਂਕੂਨ ਦਾ ਲਗਾਇਆ ਇਹ ਟੂਰ ਸਾਡੇ ਸਾਰਿਆਂ ਲਈ ਯਾਦਗਾਰੀ ਹੋ ਨਿੱਬੜਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3457)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਡਾ. ਸੁਖਦੇਵ ਸਿੰਘ ਝੰਡ

ਡਾ. ਸੁਖਦੇਵ ਸਿੰਘ ਝੰਡ

Brampton, Ontario, Canada.
Email: (ssjhand121@gmail.com)

More articles from this author