“ਸਮਝੌਤੇ ਨਾਲ ਜਿਊਣ ਦਾ ਰਾਹ ਸਵਾਰਥ ਦੀ ਪਛਾਣ ਬਣਦਾ, ਆਪਣੇ ਆਪ ਤਕ ਸੀਮਤ ਕਰਦਾ,ਸਮੂਹ ਨਾਲੋਂ ...”
(30 ਮਈ 2024)
ਇਸ ਸਮੇਂ ਪਾਠਕ: 360.
ਬਹਿੰਦਾ, ਉੱਠਦਾ ਮਨੁੱਖ ਸੋਚਾਂ ਦੀ ਦਹਿਲੀਜ਼ ’ਤੇ ਦਸਤਕ ਦਿੰਦਾ ਹੈ। ਅੱਗੇ ਵਧਣ ਦੀ ਵਿਉਂਤ ਬੁਣਦਾ ਹੈ। ਰਾਹ ਰਸਤਾ ਰੋਕਦੀਆਂ ਔਕੜਾਂ ਨੂੰ ਸਰ ਕਰਨ ਦਾ ਹੌਸਲਾ ਜੁਟਾਉਂਦਾ ਹੈ। ਘਰ ਪਰਿਵਾਰ ਨੂੰ ਬੁਲੰਦੀ ’ਤੇ ਲਿਜਾਣਾ ਲੋਚਦਾ ਹੈ। ਦਫਤਰ, ਸਕੂਲ, ਖੇਤ, ਫੈਕਟਰੀ ਜਾਂਦਾ ਸੁਪਨਿਆਂ ਦਾ ਸੰਗ ਸਾਥ ਮਾਣਦਾ ਹੈ। ਉੱਦਮ ਸੁਪਨਿਆਂ ਦਾ ਰਾਹ ਬਣਦਾ ਹੈ, ਹੌਸਲਾ ਤੁਰਦੇ ਰਹਿਣ ਦਾ ਬਲ। ਸੰਗਤ ਹੱਲਾਸ਼ੇਰੀ ਤੇ ਸਬਕ ਦਿੰਦੀ ਹੈ। ਗਿਆਨ, ਚੇਤਨਾ ਰਾਹ ਰੌਸ਼ਨ ਕਰਦੇ ਹਨ, ਧਰਤੀ ਮਾਂ ਦੀ ਵਿਰਾਸਤ ਦੀਆਂ ਪੈੜਾਂ ਚਾਨਣ ਬਣ ਬਿਖੇਰਦੀਆਂ ਹਨ। ਸਵੈਮਾਣ ਰੰਗੀ ਚੰਗੇਰੀ ਜ਼ਿੰਦਗੀ ਮਨਾਂ ਵਿੱਚ ਦੀਪ ਬਣ ਜਗਦੀ ਹੈ। ਕਦਮ ਕਾਫ਼ਲਿਆਂ ਸੰਗ ਰਲਦੇ ਹਨ, ਰਾਹ ਖੁੱਲ੍ਹਦੇ ਜਾਂਦੇ ਹਨ। ਜ਼ਿੰਦਗੀ ਮੰਜ਼ਿਲਾਂ ਸਰ ਕਰਨ ਲਈ ਅਹੁਲਦੀ ਹੈ, ਰਾਹਾਂ ’ਤੇ ਤੁਰਦੇ ਰਹਿਣ ਦੀ ਇਬਾਰਤ ਲਿਖਣ ਲਗਦੀ ਹੈ।
ਸਫਲਤਾ ਦੇ ਦਰਾਂ ਨੂੰ ਜਾਂਦੇ ਰਸਤੇ ਮੇਰਾ ਸਿਦਕ ਪਰਖਦੇ, ਮਜਬੂਰੀਆਂ ਰਾਹ ਰੋਕਦੀਆਂ, ਰਿਸ਼ਤੇ ਕਦਮਾਂ ਦਾ ਬੰਧਨ ਬਣਦੇ। ਇੱਛਾਵਾਂ ਸੌਖੇ ਰਾਹ ਤਲਾਸ਼ਣ ਦੀ ਝਲਕ ਵਿਖਾਉਂਦੀਆਂ। ਸੰਗੀ ਸਾਥੀ ਸਮਝੌਤੇ ਕਰਨ ਦੀ ਸਲਾਹ ਅਤੇ ਅੱਗੇ ਵਧਣ ਲਈ ਆਪੋ ਆਪਣੇ ਸਬਕ ਦਿੰਦੇ- ਸਿਆਸਤ ਦੀ ਛਤਰੀ ਹੇਠ ਰਹਿਣਾ, ਅਫਸਰਸ਼ਾਹੀ ਨਾਲ ਮਿਲ ਕੇ ਚੱਲਣਾ, ਆਪਣੇ ਸਵਾਰਥ ਲਈ ਦੂਜਿਆਂ ਨੂੰ ਕੁਰਾਹੇ ਤੋਰਨਾ, ਪੈਸੇ ਟਕੇ ਨਾਲ ਜਿੱਤ ਦੇ ਰਾਹ ਤਲਾਸ਼ਣਾ, ਲੋਕਾਂ ਦੀ ਧਰਮ ਪ੍ਰਤੀ ਆਸਥਾ ਨੂੰ ਆਪਣੇ ਹਿਤਾਂ ਲਈ ਵਰਤਣਾ। ਜਦੋਂ ਇਹ ਸਲਾਹਾਂ ਮੇਰੇ ਮਨ ਨੂੰ ਦੁਚਿੱਤੀ ਵਿੱਚ ਪਾਉਂਦੀਆਂ, ਮਨ ਮਸਤਕ ਦੇ ਅੰਬਰ ਤੇ ਲਾਲਚ ਦੀ ਪਰਤ ਚੜ੍ਹਨ ਲਗਦੀ। ਖ਼ਿਆਲ ਬਦਲਵਾਂ ਰਸਤਾ ਫੜਦੇ, ਸੌਖਾ ਰਾਹ ਦਿਲ ਦਿਮਾਗ ਨੂੰ ਭਾਉਂਦਾ।
ਪਿੰਡਾਂ, ਸ਼ਹਿਰਾਂ ਵਿੱਚ ਵਸਦੇ ਸਰਦੇ ਪੁੱਜਦੇ ਲੋਕ. ਜ਼ਮੀਨ, ਜਾਇਦਾਦਾਂ ਦੇ ਮਾਲਕ ਸਨ। ਸਰਕਾਰੇ ਦਰਬਾਰੇ ਪਹੁੰਚ ਰੱਖਦੇ। ਜੀਵਨ ਦੀ ਹਰ ਸੁਖ ਸਹੂਲਤ ਮਾਣਦੇ। ਲੋਕਾਂ ਵਿੱਚ ਮਾਣ ਸਤਿਕਾਰ ਰੱਖਦੇ। ਸਮਾਗਮਾਂ ਵਿੱਚ ਫੁੱਲਾਂ ਦੇ ਹਾਰ ਸ਼ਾਨ ਵਧਾਉਂਦੇ। ਬੈਂਕ, ਬਜ਼ਾਰ ਉਨ੍ਹਾਂ ਤੋਂ ਪੁੱਛੇ ਬਿਨਾਂ ਕਰਜ਼ਾ ਨਾ ਦਿੰਦੇ। ਕਾਲਿਜਾਂ, ਟੂਰਨਾਮੈਂਟਾਂ ਵਿੱਚ ਮੁੱਖ ਮਹਿਮਾਨ ਹੁੰਦੇ। ਪਿੰਡਾਂ ਦੇ ਬਾਸ਼ਿੰਦੇ ਕਹਿਣੇ ਵਿੱਚ ਰਹਿੰਦੇ। ਪੰਚ ਸਰਪੰਚ ਪੁੱਛੇ ਬਿਨਾਂ ਕੋਈ ਕੰਮ ਨਾ ਕਰਦੇ। ਸਮੇਂ ਦੀਆਂ ਸਰਕਾਰਾਂ ਨਾਲ ਘਿਓ ਖਿਚੜੀ ਹੁੰਦੇ। ਅਫਸਰਾਂ, ਦਫਤਰਾਂ ਤਕ ਰਸਾਈ ਹੁੰਦੀ। ਹੋਰ ਭਲਾ ਬੰਦੇ ਨੂੰ ਕੀ ਚਾਹੀਦਾ! ਇਹ ਜਿਊਣਾ ਨਿੱਜ ਨੂੰ ਪਾਲਦਾ। ਘਰ ਪਰਿਵਾਰ ਸੁਖ ਮਾਣਦਾ।
ਬੰਦਾ ਇਸੇ ਰਾਹ ਦੀ ਪੈੜ ਫੜਦਾ। ਸੱਥ ਪਰ੍ਹੇ ਵਿੱਚ ਹੁੰਦੀ ਗੱਲ ਮਨ ਲਗਦੀ- ‘ਬਈ ਵਕਤ ਦਾ ਵਹਿਣ ਹੁਣ ਆਪਣੇ ਮਤਲਬ ਤਕ ਰਹਿ ਗਿਆ। ਇਸੇ ਨਾਲ ਚੱਲਣਾ ਹੀ ਚੰਗਾ ਹੁੰਦਾ। ਇਸੇ ਵਿੱਚ ਭਲਾਈ ਹੁੰਦੀ ਹੈ। ਵਹਿਣ ਦੇ ਉਲਟ ਤੁਰਿਆਂ ਘਰ ਪਰਿਵਾਰ ਦਾ ਨੁਕਸਾਨ ਹੁੰਦਾ ਹੈ। ਬਾਲ ਬੱਚੇ ਸਹੂਲਤਾਂ ਨੂੰ ਤਰਸ ਜਾਂਦੇ। ਘਰ ਬਾਰ ਥੁੜਾਂ ਦਾ ਸ਼ਿਕਾਰ ਹੁੰਦਾ। ਰਿਸ਼ਤੇ ਨਾਤੇ ਮੂੰਹ ਮੋੜਨ ਲਗਦੇ। ਕੋਈ ਬਾਂਹ ਨਾ ਫੜਦਾ। ਮੁਸ਼ਕਲਾਂ ਜਿਊਣਾ ਦੁੱਭਰ ਕਰਦੀਆਂ। ਹਰ ਕਦਮ ’ਤੇ ਬਿਖਰੇ ਕੰਡੇ ਰਾਹ ਰੋਕਦੇ। ਬੇਵਸੀ ਉਡ ਕੇ ਮਿਲਦੀ। ਜ਼ਿੰਦਗੀ ਰਾਹ ਤੋਂ ਥਿੜਕ ਜਾਂਦੀ। ਨਿਰਾਸ਼ਾ ਤੋਂ ਬਿਨਾਂ ਕੁਛ ਹਾਸਲ ਨਹੀਂ ਹੁੰਦਾ। ਸੋਚਾਂ ਦੀ ਪ੍ਰਵਾਜ਼ ਰੁਕ ਜਾਂਦੀ। ਚੁਫੇਰੇ ਹਨੇਰਾ ਪਸਰਿਆ ਨਜ਼ਰ ਆਉਂਦਾ।’ ਇਹ ਸੋਚ ਇਕੱਲਾ ਕਹਿਰਾ ਬੰਦਾ ਰਾਹੋਂ ‘ਭਟਕ’ ਜਾਂਦਾ।
ਮਨ ਦੇ ਅੰਬਰ ਤੇ ‘ਪਹੁ ਫੁਟਾਲਾ’ ਹੁੰਦਾ। ਚੇਤਨਾ ਦੇ ਪੰਨੇ ਪਲਟਣ ਲਗਦੇ। ਮਾਤਾ ਸਵਿੱਤਰੀ ਬਾਈ ਫੂਲੇ ਦੇ ਜੀਵਨ ਸਬਕ ਚਾਨਣ ਬਣ ਬਿਖਰਦੇ। ਆਪਣੇ ਲਈ ਜਿਊਣਾ ਚੰਗਾ ਹੁੰਦਾ। ਹੋਰਾਂ ਲਈ ਜਿਊਣਾ ਉੱਤਮ - ਪ੍ਰੇਰਨਾ ਦਾ ਲਖਾਇਕ ਬਣਦਾ। ਉਚੇਰੇ ਆਦਰਸ਼ਾਂ ਲਈ ਜਿਊਣ ਵਾਲੇ ਵਕਤ ਦੇ ਵਹਿਣ ਤੋਂ ਉਲਟ ਚਲਦੇ। ਆਜ਼ਾਦੀ, ਬਰਾਬਰੀ ਉਨ੍ਹਾਂ ਦਾ ਅਹਿਦ ਹੁੰਦਾ। ਇਨਸਾਫ਼ ਲਈ ਜੂਝਦੇ। ਸਿਦਕ, ਸਬਰ ਨਾਲ ਔਕੜਾਂ ਝੇਲਦੇ। ਆਪਣੇ ਆਸ਼ਿਆਂ ਤੋਂ ਨਾ ਥਿੜਕਦੇ। ਸਿਰ ਉਠਾ ਕੇ ਤੁਰਦੇ। ਉਨ੍ਹਾਂ ਦੀਆਂ ਪੈੜਾਂ ਹੋਰਾਂ ਦਾ ਰਾਹ ਰੌਸ਼ਨ ਕਰਦੀਆਂ। ਸੰਘਰਸ਼ਾਂ ਦੇ ਬਲਬੂਤੇ ਮੰਜ਼ਿਲ ਦੇ ਮੱਥੇ ’ਤੇ ਜਿੱਤ ਦੀ ਤਖਤੀ ਲਾ ਮੁੜਦੇ। ਉਹ ਇਤਿਹਾਸ ਦੇ ਸਿਰਜਣਹਾਰ ਬਣਦੇ।
ਇਹ ਮਿਸਾਲੀ ਜੀਵਨ ਝਲਕ ਸੋਚਾਂ ਨੂੰ ਨਵਾਂ ਰਾਹ ਦਿੰਦੀ। ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਚੰਨ ਬਣ ਚਮਕਦਾ। ਮੁੱਛ ਫੁੱਟ ਗੱਭਰੂ। ਗ਼ਦਰੀ ਦੇਸ਼ ਭਗਤਾਂ ਦਾ ਬਾਲ ਜਰਨੈਲ ਕਰਤਾਰ ਸਿਹੁੰ ਸਰਾਭਾ - ਚੜ੍ਹਦੀ ਉਮਰੇ ਦੇਸ਼ ਭਗਤੀ ਦੀ ਜਾਗ ਲੱਗੀ। ਦੇਸ਼ ਸੇਵਾ ਨੂੰ ਜਿਊਣ ਦਾ ਆਦਰਸ਼ ਬਣਾ ਲਿਆ। ਸੋਚਾਂ ਸੁਪਨਿਆਂ ਨੂੰ ਸੂਹਾ ਰੰਗ ਚੜ੍ਹਿਆ। ਗ਼ਦਰ ਅਖ਼ਬਾਰ ਬੂਹਿਆਂ ’ਤੇ ਦਸਤਕ ਦੇਣ ਲੱਗਾ। ਆਸ਼ੇ ਲਈ ਸਿਦਕ ਦਿਲੀ ਨਾਲ ਕੰਮ ਕੀਤਾ। ਜਵਾਨ ਉਮਰੇ ਫਾਂਸੀ ਦਾ ਰੱਸਾ ਚੁੰਮ ਜੀਵਨ ਦੇਸ਼ ਲੇਖੇ ਲਾ ਗਿਆ। ਦੇਸ਼ ਦੁਨੀਆਂ ਨੇ ਉਸ ਨਾਇਕ ਦੀ ਪ੍ਰਤੀਬੱਧਤਾ ਤੇ ਕੁਰਬਾਨੀ ਨੂੰ ਸਿਜਦਾ ਕੀਤਾ। ਇਹ ਹੁੰਦਾ ਜਿਊਣਾ। ਜਿਹੜਾ ਉਚੇਰੇ ਆਦਰਸ਼ਾਂ ਦੇ ਲੇਖੇ ਲੱਗੇ। ਜਿਉਂਦੀ ਜਗਦੀ ਮਿਸਾਲ ਬਣੇ। ਰਹਿੰਦੀ ਦੁਨੀਆਂ ਤਕ ਚੰਨ ਸੂਰਜ ਬਣ ਜਗਦਾ ਰਹੇ।
ਸਮਝੌਤੇ ਨਾਲ ਜਿਊਣ ਦਾ ਰਾਹ ਸਵਾਰਥ ਦੀ ਪਛਾਣ ਬਣਦਾ, ਆਪਣੇ ਆਪ ਤਕ ਸੀਮਤ ਕਰਦਾ, ਸਮੂਹ ਨਾਲੋਂ ਤੋੜਦਾ। ਜਿਊਣ ਤਾਂਘ ਨੂੰ ਪ੍ਰਵਾਜ਼ ਭਰਨੋਂ ਰੋਕਦਾ। ਸਵੈਮਾਣ ਦੇ ਸਕੂਨ ਤੋਂ ਕੋਹਾਂ ਦੂਰ ਰਹਿੰਦਾ। ਧਨ ਦੌਲਤ ਨਾਲ ਸੁਖ ਸਹੂਲਤਾਂ ਭਰੀ ਜ਼ਿੰਦਗੀ। ਮਨੁੱਖ ਇਕੱਲਾ ਬੈਠ ਸੋਚਦਾ, ‘ਏਨਾ ਕੁਝ ਹਾਸਲ ਕਰਿਆ ਪਰ ਸੰਤੁਸ਼ਟੀ ਨਹੀਂ ਹੋਈ।’ ‘ਵੱਡਾ ਬਣਨ’ ਦੀ ਸੱਧਰ ਨੇ ਸਾਝਾਂ ਦਾ ਕਲਾਵਾ ਬਿਖੇਰ ਦਿੱਤਾ। ਮੋਹ ਮੁਹੱਬਤ ਨੂੰ ਹਉਮੈਂ ਦਾ ਸੇਕ ਨਿਗਲ ਗਿਆ। ਰਿਸ਼ਤਿਆਂ ਦੀ ਤੰਦ ਪੈਸੇ ਨੇ ਬਿਖੇਰ ਦਿੱਤੀ। ਵਿਰਸੇ ਦੀ ਲੋਅ ਗਰਜ਼ਾਂ ਨੇ ਗੁਆ ਦਿੱਤੀ। ਡਿਗਿਆਂ ਨੂੰ ਉਠਾਉਣ ਦੀ ਵਿਰਾਸਤ ਸਾਂਭੀ ਨਾ ਗਈ। ਕਮਾਇਆ ਧਨ ਪੁੱਤਰ, ਧੀਆਂ ਦਾ ਹੋ ਜਾਣਾ। ਉਮਰਾ ਬਿਤਾ ਤੂੰ ਕੀ ‘ਕਮਾਇਆ’ ਫਿਰ! ਇਸ ਸਵਾਲ ਦਾ ਜਵਾਬ ਬੇਚੈਨ ਕਰਦਾ।
ਜਿਉਂਦੀ ਜਗਦੀ, ਜੂਝਦੀ ਜ਼ਿੰਦਗੀ ਕੁਝ ਚੰਗਾ, ਨਵਾਂ ਕਰਦੀ। ਮਨ ਦਾ ਹੁਲਾਸ ਬਣਦੀ। ਮਾਪਿਆਂ ਤੇ ਸਮਾਜ ਦਾ ਭਵਿੱਖ ਬਣੇ ਧੀਆਂ ਪੁੱਤਰ। ਗਿਆਨ ਸਾਗਰ ਦੀ ਥਾਹ ਪਾਉਂਦੇ। ਮਿਹਨਤ, ਉੱਦਮ ਨਾਲ ਮੰਜ਼ਿਲਾਂ ਦੇ ਮੱਥੇ ਚੁੰਮਦੇ। ਉੱਚ ਅਹੁਦਿਆਂ ਦਾ ਮਾਣ ਬਣਦੇ। ਮਾਵਾਂ ਦੇ ਦੁੱਧ ਦਾ ਕਰਜ਼ ਚੁਕਾਉਂਦੇ। ਚੇਤਨਾ ਦੇ ਰਾਹਾਂ ਦੇ ਪਾਂਧੀ। ਆਪ ਜਗਦੇ, ਹੋਰਾਂ ਨੂੰ ਜਗਾਉਂਦੇ। ਇਕੱਠੇ ਹੋ ਤੁਰਦੇ ਕਾਫ਼ਲੇ ਬਣਾਉਂਦੇ। ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ। ਸੰਘਰਸ਼ਾਂ ਦੇ ਪਿੜ ਮੱਲਦੇ। ਏਕੇ ਦੇ ਜ਼ੋਰ ਮੱਲਾਂ ਮਾਰਦੇ। ਕਾਲੇ ਕਾਨੂੰਨਾਂ ਨੂੰ ਮਾਤ ਦਿੰਦੇ। ਦੇਸ਼, ਦੁਨੀਆਂ ਤੋਂ ਦਾਦ ਹਾਸਲ ਕਰਦੇ। ਸੋਹਣੀ, ਚੰਗੇਰੀ ਤੇ ਸਾਵੀਂ ਸੁਖਾਵੀਂ ਜ਼ਿੰਦਗੀ ਦਾ ਰਾਹ ਫੜਦੇ।
ਜਿਊਣ ਦਾ ਇਹ ਸੁਹਜ ਸਲੀਕਾ ਮਨ ਭਾਉਂਦਾ। ਜੀਣ ਥੀਣ ਦੀ ਮੜਕ ਬਣਦਾ। ਮਾਣ ਸਨਮਾਨ ਦੇ ਦਰ ਖੋਲ੍ਹਦਾ। ਜਿਊਣ ਰਾਹਾਂ ’ਤੇ ਏਕੇ ਦਾ ਰੰਗ ਬਿਖੇਰਦਾ। ਆਪਣੇ ਨਾਇਕਾਂ ਦੇ ਆਦਰਸ਼ਾਂ ਨੂੰ ਉਚਿਆਉਂਦਾ। ਇਹ ‘ਜੀਵਨ ਸਰਘੀ’ ਹੁੰਦੀ, ਜਿਸਦੇ ਕਲਾਵੇ ਹੱਕ, ਸੱਚ, ਸਾਂਝ, ਸੁਹਜ, ਸਿਆਣਪ ਤੇ ਸੰਘਰਸ਼ ਦੇ ਮੋਤੀ ਹੁੰਦੇ। ਉਹੋ ਜ਼ਿੰਦਗੀ ਦੀ ‘ਲਿਸ਼ਕੋਰ’ ਬਣਦੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5009)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)