“ਉਹ ਸਾਡੇ ਸਕੂਲ ਦੀ ਮੁਖੀ ਮੈਡਮ ਨੂੰ ਕਹਿਣ ਲੱਗਾ, ‘ਸਾਡੇ ਬਾਲਾਂ ਨੂੰ ਵਿੱਦਿਆ ਦਾ ਦਾਨ ਦੇਣ ...”
(14 ਮਈ 2022)
ਮਹਿਮਾਨ: 116.
ਇੱਕ ਸਮਾਜਿਕ ਸਮਾਰੋਹ ’ਤੇ ਮਾਨਸਾ ਜਾਂਦਿਆਂ ਸਮੇਂ ਮੈਂ ਸਿਰ ਪਹੁੰਚਣ ਲਈ ਛੋਟਾ ਰਸਤਾ ਚੁਣਿਆ। ਪਿੰਡਾਂ ਵਿੱਚ ਦੀ ਜਾਣ ਵਾਲੇ ਇਸ ਰਾਹ ਸੜਕਾਂ ਦੀ ਖ਼ਸਤਾ ਹਾਲਤ ਪ੍ਰੇਸ਼ਾਨ ਕਰਨ ਲੱਗੀ। ਇਕਹਿਰੀ ਸੜਕ ਜਾਣ ਤੋਂ ਸਿਵਾ ਕੋਈ ਚਾਰਾ ਵੀ ਨਹੀਂ ਸੀ। ਇਸ ਸਫ਼ਰ ਦੌਰਾਨ ਇੱਕ ਪਿੰਡ ਦੇ ਬਾਹਰਵਾਰ ਸਰਦੇ ਪੁੱਜਦੇ ਘਰਾਂ ਦੀ ਕੋਠੀਆਂ ਨਜ਼ਰ ਆਈਆਂ। ਕਾਫ਼ੀ ਅੱਗੇ ਜਾ ਕੇ ਬੱਸ ਅੱਡਾ ਆਇਆ, ਜਿਸ ’ਤੇ ਫ਼ਿੱਕੇ ਅੱਖਰਾਂ ਨਾਲ ਪੰਜਾਬੀ ਵਿੱਚ ਲਿਖਿਆ ਪਿੰਡ ਦਾ ਨਾਂ ਪੜ੍ਹਿਆ - ਦੋਦੜਾ। ‘ਦੋਦੜਾ’ ਨਾਂ ਪੜ੍ਹਦਿਆਂ ਹੀ ਮਨ ਮਸਤਕ ਵਿੱਚ ਚਮਕ ਉੱਠਿਆ। ਖ਼ਿਆਲਾਂ ਨੇ ਕਰਵਟ ਭਰੀ। ਮਨ ਦੇ ਅੰਬਰ ਤੇ ਅਨੂਠੀ ਯਾਦ ਦੀ ਦਸਤਕ ਸੁਣਾਈ ਦੇਣ ਲੱਗੀ। ਉਸ ਦਿਨ ਮੈਂ ਰਿਸ਼ਤੇਦਾਰੀ ਨਾਤੇ ਕੰਮ ਲਈ ਇਸ ਪਿੰਡ ਆਇਆ ਸਾਂ। ਸਾਡੇ ਪਿੰਡ ਪੁੱਜਣ ਤੋਂ ਪਹਿਲਾਂ ਸੜਕ ’ਤੇ ਵੱਡਾ ਜਾਮ ਲੱਗਾ ਨਜ਼ਰ ਆਇਆ। ਪੁੱਛਣ ’ਤੇ ਪਤਾ ਲੱਗਾ ਕਿ ਅੰਨ ਦਾਤਿਆਂ ਦੇ ਸੰਘਰਸ਼ ਦੇ ਮੋਰਚੇ ਵਿੱਚ ਜਾਨ ਵਾਰ ਗਏ ਰਲਾ ਸਿਹੁੰ ਨਾਂ ਦੇ ਖੇਤ ਮਜ਼ਦੂਰ ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਵਾਲੀ ਸੀ।
ਲੋਕ ਆਪਣੇ ਘਰਾਂ ਮੂਹਰੇ ਉਡੀਕ ਵਿੱਚ ਖੜ੍ਹੇ ਸਨ। ਅਸੀਂ ਰਿਸ਼ਤੇਦਾਰਾਂ ਦੇ ਘਰ ਪਹੁੰਚਣ ਲਈ ਕਾਹਲੇ ਸਾਂ। ਕੁਝ ਸਮੇਂ ਬਾਅਦ ਅਨੇਕਾਂ ਗੱਡੀਆਂ ਦਾ ਇੱਕ ਲੰਬਾ ਕਾਫ਼ਲਾ ਪਿੰਡ ਵਿੱਚ ਦਾਖਲ ਹੋਇਆ। ਖੇਤਾਂ ਦੇ ਪੁੱਤਰਾਂ ਦੇ ਹੱਥਾਂ ਵਿੱਚ ਫੜੇ ਕਿਸਾਨੀ ਝੰਡੇ, ਲੱਗਦੇ ਨਾਅਰੇ ਤੇ ਜਜ਼ਬੇ ਦੀ ਬੁਲੰਦੀ ਕਾਇਲ ਕਰਨ ਵਾਲੀ ਸੀ। ਨਾਅਰਿਆਂ ਦੀ ਗੂੰਜ ਮੌਤ ਦੇ ਦਰਦ ਨੂੰ ਜੋਸ਼ ਵਿੱਚ ਤਬਦੀਲ ਕਰਦੀ ਪ੍ਰਤੀਤ ਹੁੰਦੀ ਜਾਪ ਰਹੀ ਸੀ। ਕਾਫਲੇ ਵਿਚਕਾਰ ਵਿੱਚ ਫੁੱਲਾਂ ਨਾਲ ਲੱਦਿਆ ਇੱਕ ਵੱਡਾ ਕੈਂਟਰ ਹੌਲੀ ਹੌਲੀ ਤੁਰ ਰਿਹਾ ਸੀ। ਉਸ ਨੂੰ ਪਿੰਡ ਦੇ ਕਿਰਤੀ ਨਾਇਕ ਦੀ ਮ੍ਰਿਤਕ ਦੇਹ ਰੱਖਣ ਦਾ ਮਾਣ ਹਾਸਲ ਸੀ। ਪਿੰਡ ਪੁੱਜਦਿਆਂ ਹੀ ਉਸ ਕਾਫ਼ਲੇ ਨਾਲ ਤੁਰਦਿਆਂ ਸ਼ਮਸ਼ਾਨ ਘਾਟ ਨੂੰ ਸਾਰਾ ਪਿੰਡ ਹੀ ਉਮੜ ਪਿਆ ਸੀ। ਕਾਫ਼ੀ ਸਮੇਂ ਬਾਅਦ ਜਾਮ ਖੁੱਲ੍ਹਿਆ ਤਾਂ ਅਸੀਂ ਰਿਸ਼ਤੇਦਾਰਾਂ ਦੇ ਘਰ ਪੁੱਜੇ। ਉੱਥੇ ਵੀ ਉਹੋ ਚਰਚਾ ਚਲਦੀ ਰਹੀ, ‘ਮੌਤ ਤਾਂ ਇੰਜ ਹੀ ਆਉਣੀ ਚਾਹੀਦੀ ਐ। ਇੱਜ਼ਤ ਮਾਣ ਵਾਲੀ, ਬੰਦਾ ਸ਼ਾਨ ਨਾਲ ਤਾਂ ਜਾਵੇ। ਰਲੇ ਵਾਂਗ ਇੰਨੀ ਸਨਮਾਨ ਵਾਲੀ ਮੌਤ ਤਾਂ ਵੱਡਿਆਂ-ਵੱਡਿਆਂ ਨੂੰ ਵੀ ਨਸੀਬ ਨਹੀਂ ਹੁੰਦੀ। ਰਲਾ ਆਪ ਤਾਂ ਨਹੀਂ ਰਿਹਾ, ਪਰ ਆਪਣੇ ਪਿੰਡ ਦਾ ਨਾਂ ਰੌਸ਼ਨ ਕਰ ਗਿਆ ਹੈ।’ ਘਰ ਦਾ ਬਜ਼ੁਰਗ ਆਖ ਰਿਹਾ ਸੀ।
ਚਾਹ ਪਾਣੀ ਪੀਂਦਿਆਂ ਭੂਆ ਦੀ ਅਧਿਆਪਕਾ ਨੂੰਹ ਨੇ ਰਲਾ ਸਿੰਹੁ ਦੀਆਂ ਗੱਲਾਂ ਛੇੜ ਲਈਆਂ, “ਬਹੁਤ ਭਲਾ ਬੰਦਾ ਸੀ ਉਹ ਤਾਂ, ਹਰ ਵੱਡੇ ਛੋਟੇ ਦਾ ਕਦਰ ਕਰਨ ਵਾਲਾ। ਸੱਚਾ ਸੁੱਚਾ ਕਿਰਤੀ। ਪਿੰਡ ਵਿੱਚ ਕੋਈ ਕੰਮ ਮਿਲ ਜਾਵੇ, ਕਰ ਲੈਂਦਾ ਸੀ। ਨਾਲੇ ਆਖਦਾ, ‘ਕੰਮ ਤੋਂ ਕਾਹਦੀ ਸ਼ਰਮ, ਇਹ ਤਾਂ ਬੰਦੇ ਦੇ ਹੱਥਾਂ ਦਾ ਜੱਸ ਹੁੰਦਾ ਹੈ।’ ਲੋਕਾਂ ਦੇ ਘਰਾਂ, ਖੇਤਾਂ ਤੇ ਮਨਰੇਗਾ ਵਿੱਚ ਕਿਰਤ ਕਰਦਿਆਂ ਹੀ ਉਸਨੇ ਉਮਰ ਗੁਜ਼ਾਰ ਲਈ ਸੀ। ਦਸਾਂ ਨਹੁੰਆਂ ਦੀ ਕਿਰਤ ਨਾਲ ਹੀ ਉਸਨੇ ਆਪਣਾ ਘਰ ਪਰਿਵਾਰ ਪਾਲਿਆ ਤੇ ਬਾਲ ਬੱਚੇ ਵਿਆਹੇ। ਸਰੀਰ ਕੰਮ ਤੋਂ ਜਵਾਬ ਦੇਣ ਲੱਗਾ ਸੀ। ਰਲਾ ਕਬੀਲਦਾਰੀ ਤੋਂ ਵਿਹਲਾ ਹੋ ਗਿਆ ਸੀ। ਉਹ ਆਪਣੇ ਮਜ਼ਦੂਰ-ਕਿਸਾਨ ਸੰਗੀਆਂ ਨਾਲ ਬਹਿਣ ਉੱਠਣ ਲੱਗਾ। ਇੱਥੋਂ ਹੀ ਉਸਦੀ ਜ਼ਿੰਦਗੀ ਨੇ ਨਵਾਂ ਮੋੜ ਲਿਆ। ਉਸ ਨੂੰ ਆਪਣੇ ਹੱਕਾਂ-ਹਿਤਾਂ ਦੀ ਗੱਲ ਸਮਝ ਆਉਣ ਲੱਗੀ। ਉਹ ਨਿੱਤ ਰੋਜ਼ ਆਪਣੀ ਕਿਰਤ ਕਰਦਿਆਂ ਹੋਰਨਾਂ ਲੋਕਾਂ ਨੂੰ ਨਾਲ ਜੋੜਨ ਦਾ ਕੰਮ ਵੀ ਕਰਨ ਲੱਗਾ। ਪਿੰਡ ਵਿੱਚ ਕਿਸਾਨਾਂ ਨੇ ਸ਼ਹੀਦ ਭਗਤ ਸਿਹੁੰ ਦੀ ਯਾਦ ਵਿੱਚ ਨਾਟ ਮੇਲਾ ਕਰਾਇਆ ਤਾਂ ਉਹਨਾਂ ਨਾਲ ਮੂਹਰੇ ਹੋ ਤੁਰਿਆ। ਜਦ ਉਹ ਸਾਡੇ ਸਕੂਲ ਮੇਲੇ ਦਾ ਫੰਡ ਲੈਣ ਆਏ ਤਾਂ ਉਸ ਦੇ ਸਿਆਣਪ ਭਰੇ ਬੋਲਾਂ ਨੇ ਅਧਿਆਪਕਾਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ।
“ਉਹ ਸਾਡੇ ਸਕੂਲ ਦੀ ਮੁਖੀ ਮੈਡਮ ਨੂੰ ਕਹਿਣ ਲੱਗਾ, ‘ਸਾਡੇ ਬਾਲਾਂ ਨੂੰ ਵਿੱਦਿਆ ਦਾ ਦਾਨ ਦੇਣ ਬਦਲੇ ਅਸੀਂ ਤੁਹਾਡਾ ਦੇਣਾ ਉਮਰ ਭਰ ਨਹੀਂ ਦੇ ਸਕਦੇ। ਅੱਜ ਅਸੀਂ ਤੁਹਾਡੇ ਪਾਸ ਆਪਣੇ ਲੋਕਾਂ ਨੂੰ ਜਗਾਉਣ ਲਈ ਸਹਾਇਤਾ ਵਾਸਤੇ ਆਏ ਹਾਂ। ਖ਼ਾਲੀ ਨਾ ਮੋੜਿਓ। ਅਸੀਂ ਸਾਰੇ ਸਟਾਫ ਨੇ ਖੁਸ਼ੀ ਨਾਲ ਉਹਨਾਂ ਦੀ ਸਹਾਇਤਾ ਕੀਤੀ। ਰਲਾ ਸਿੰਹੁ ਆਪਣੀ ਅਜਿਹੀ ਕਰਨੀ ਕਰਕੇ ਹੌਲੀ ਹੌਲੀ ਖੇਤਾਂ, ਸੱਥਾਂ ਵਿੱਚ ਜਾਂਦਾ ਹੋਇਆ ਆਪਣੀ ਸਾਂਝ ਵਧਾਉਣ ਲੱਗਾ। ਇਹ ਉਸਦੀ ਜ਼ਿੰਦਗੀ ਦਾ ਮਾਣ ਮੱਤਾ ਰੂਪ ਸੀ, ਜਿਸਨੂੰ ਇੱਕ ਕਿਰਤੀ ਜਾਣ ਕੇ ਕੋਈ ਕੰਮ ’ਤੇ ਲਿਜਾਣ ਬਦਲੇ ਹੀ ਬੁਲਾਉਂਦਾ ਸੀ। ਹੁਣ ਸਾਰੇ ਕਿਰਤੀ ਉਸ ਦੁਆਲੇ ਜੁੜਨ ਲੱਗ ਪਏ। ਹੋਰ ਤਾਂ ਹੋਰ ਉਸਦੇ ਘਰ ਪਰਿਵਾਰ ਵਾਲੇ, ਜਿਹੜੇ ਉਸਦੀ ਬਹੁਤੀ ਪ੍ਰਵਾਹ ਨਹੀਂ ਸਨ ਕਰਦੇ, ਹੁਣ ਉਸ ਦਾ ਫ਼ਿਕਰ ਕਰਨ ਲੱਗ ਪਏ। ਜਿਸ ਦਿਨ ਦਾ ਉਹ ਕਿਸਾਨਾਂ ਦੇ ਧਰਨੇ ਵਿੱਚ ਬੈਠਾ ਜਹਾਨ ਤੋਂ ਗਿਆ ਹੈ, ਹੁਣ ਸਾਰੇ ਪਿੰਡ ਦਾ ਨੇੜਲਾ ਹੈ। ਕਿਸੇ ਪਰਿਵਾਰ ਦਾ ਮੁਖੀ, ਕਿਸੇ ਦਾ ਚਾਚਾ, ਗੱਲ ਕੀ ਉਹ ਹੁਣ ਸਾਰਿਆਂ ਦਾ ਚਹੇਤਾ ਹੈ। ਹਰ ਘਰ ਵਿੱਚ ਉਸਦੀ ਚਰਚਾ ਹੈ। ਇਹ ਉਸ ਆਖਰੀ ਉਮਰੇ ਕੀਤੀ ਕਮਾਈ ਕਰਕੇ ਹੈ, ਜਿਹੜੀ ਉਸਨੇ ਹੱਕਾਂ, ਹਿਤਾਂ ਲਈ ਲੜਨ ਵਾਲਿਆਂ ਨਾਲ ਜਾ ਕੇ ਕੀਤੀ ਸੀ।
ਵਾਪਸੀ ’ਤੇ ਪਿੰਡੋਂ ਨਿਕਲਦਿਆਂ ਹੀ ਸਾਡੇ ਕੰਨਾਂ ਵਿੱਚ ਸਪੀਕਰ ਦੀ ਆਵਾਜ਼ ਗੂੰਜਦੀ ਹੈ, ‘ਪਿਆਰੇ ਲੋਕੋ, ਅੱਜ ਇਹ ਵੱਡਾ ਕਾਫ਼ਲਾ ਅੱਜ ਦੋਦੜੇ ਪਿੰਡ ਦੀ ਧਰਤੀ ਨੂੰ ਸਲਾਮ ਕਰਨ ਆਇਆ ਹੈ। ਇਸ ਪਿੰਡ ਦਾ ਕਿਰਤੀ ਰਲਾ ਸਿੰਹੁ ਭਾਵੇਂ ਸਾਥੋਂ ਵਿੱਛੜ ਗਿਆ ਹੈ, ਪਰ ਉਸਨੇ ਸਖ਼ਤ ਜਾਨ ਜੀਵਨ ਜਿਉਂਦਿਆਂ, ਕਿਸਾਨ ਕਾਫਲੇ ਵਿੱਚ ਆਪਣੀ ਜਾਨ ਦੇ ਕੇ ਇੱਕ ਰਾਹ ਵਿਖਾਇਆ ਹੈ। ਦੱਸਿਆ ਹੈ ਕਿ ਜ਼ਿੰਦਗੀ ਦੀ ਅਸਲ ਕਮਾਈ ਕੀ ਹੁੰਦੀ ਐ। ਇਹ ਕਮਾਈ ਹੱਕਾਂ ਲਈ ਤੁਰਨ, ਖੜ੍ਹਨ, ਲੜਨ ਤੇ ਜੂਝ ਮਰਨ ਦੀ ਹੈ। ਦੋਦੜੇ ਪਿੰਡ ਤੋਂ ਜਾਂਦਾ ਰਾਹ ਹੁਣ ਸੰਘਰਸ਼ਾਂ ਦੇ ਮੈਦਾਨਾਂ ਵੱਲ ਜਾਏਗਾ, ਜਿੱਥੋਂ ਸਭਨਾਂ ਲਈ ਬਰਾਬਰੀ, ਇਨਸਾਫ਼ ਤੇ ਚੰਗੇਰੀ ਜ਼ਿੰਦਗੀ ਦਾ ਘੋਲ ਸ਼ੁਰੂ ਹੁੰਦਾ ਹੈ।’ ਇਹ ਸੁਨੇਹਾ ਮੈਨੂੰ ਸਾਡੇ ਉਸ ਦਿਨ ਦੇ ਹਾਸਲ ਦੇ ਨਾਲ ਨਾਲ ਜੀਵਨ ਦਾ ਸੱਚਾ ਕਰਮ ਲੱਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3564)
(ਸਰੋਕਾਰ ਨਾਲ ਸੰਪਰਕ ਲਈ: