“ਜਿਹੜੀ ਔਲਾਦ, ਪਰਿਵਾਰ ਲਈ ਮੈਂ ਹੋਰਾਂ ਦੇ ਸੁਪਨੇ ਖੋਹੇ, ਉਹਨਾਂ ਮੇਰੀ ...”
(11 ਮਾਰਚ 2020)
ਇਕ ਦਿਨ ਮੈਂ ਗੁਆਂਢੀਆਂ ਦੇ ਖੇਤ ਵਿੱਚਲੀ ਢਾਣੀ ਬੈਠਾ ਸਾਂ। ਮਨ ਮਸਤਕ ਵਿੱਚ ਉਸ ਵਿਅਕਤੀ ਦੀ ਜ਼ਿੰਦਗੀ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ। ਆਪਣੇ ਹੱਥੀਂ ਬਣਾਏ ਚੰਗੇ ਘਰ ਪਰਿਵਾਰ ਦਾ ਮਾਲਕ ਸੀ ਉਹ। ਸਰਕਾਰੀ ਮੁਲਾਜ਼ਮ ਸੀ, ਚੰਗੀ ਪੁੱਗਤ ਵਾਲੀ ਨੌਕਰੀ ਕਰਦਾ। ਡਿਊਟੀ ਵਾਲੇ ਖੇਤਰ ਦੇ ਕਿਸਾਨ ਉਸਦੇ ਅੱਗੇ ਪਿੱਛੇ ਰਹਿੰਦੇ, ਜੀ ਹਜ਼ੂਰੀ ਕਰਕੇ ਉਸਦੇ ਹਰ ਬੋਲ ’ਤੇ ‘ਫੁੱਲ’ ਚੜ੍ਹਾਉਂਦੇ। ਪੜ੍ਹਿਆ ਤਾਂ ਉਹ ਥੋੜ੍ਹਾ ਹੀ ਸੀ ਪਰ ਭਲੇ ਵੇਲਿਆਂ ਵਿੱਚ ਪਟਵਾਰੀ ਲੱਗ ਗਿਆ। ਆਪ ਛੋਟੇ ਕਿਸਾਨੀ ਪਰਿਵਾਰ ਵਿੱਚੋਂ ਉੱਠਿਆ ਸੀ। ‘ਸੇਵਾ’ ਵਾਲੀ ਨੌਕਰੀ ਕਾਰਣ ਜ਼ਿੰਦਗੀ ਦੇ ਤੌਰ ਬਦਲ ਗਏ। ਉਹ ਕਾਨੂੰਗੋ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ। ਇਲਾਕੇ ਵਿੱਚ ਉਸਨੇ ਚੰਗੀ ਭੱਲ ਬਣਾ ਲਈ। ਕੱਖਾਂ ਤੋਂ ਲੱਖਾਂ ਤੱਕ ਪਹੁੰਚ ਗਿਆ। ਨੌਕਰੀ ਤੋਂ ਰਿਟਾਇਰ ਹੋ ਕੇ ਸੋਨੇ ਤੇ ਹੋਰ ਬੇਸ਼ਕੀਮਤੀ ਤੋਹਫ਼ਿਆਂ ਨਾਲ ਲੱਦਿਆ ਘਰ ਪਹੁੰਚਿਆ।
ਸਰਕਾਰੇ ਦਰਬਾਰੇ ਪਹੁੰਚ ਹੋਣ ਕਰਕੇ ਪਿੰਡ ਤੇ ਸ਼ਰੀਕੇ ਵਿੱਚ ਚੰਗਾ ਮਾਣ ਤਾਣ ਸੀ। ਘਰ ਵਿੱਚ ਵੀ ਉਸੇ ਦੀ ਪੁੱਗਦੀ ਸੀ। ਮੁਹਤਬਰਾਂ ਵਿੱਚ ਬੈਠਿਆਂ ਉਸੇ ਦੀ ਸਰਦਾਰੀ ਹੁੰਦੀ। ਨੌਕਰੀ ਦੇ ਕੰਮ ਤੋਂ ਵਿਹਲਾ ਹੋ ਕੇ ਉਸ ਖੇਤ ਖਲਿਆਣ ਸਾਂਭ ਲਏ। ਉਮਰ ਵਧੀ ਤਾਂ ਉਸਦੇ ਦੋਹਾਂ ਪੁੱਤਰਾਂ ਨੇ ਕੰਮ ਆਪਣੇ ਹੱਥ ਲੈ ਲਿਆ। ਉਹ ਸਮਾਂ ਵੀ ਆਇਆ ਜਦ ਉਸ ਨੂੰ ਘਰ ਦੇ ਕੰਮਾਂ ਤੋਂ ਮੁਕਤ ਕਰ ਦਿੱਤਾ ਗਿਆ। ਪੁੱਤਰ ਆਖਦੇ, ‘ਹੁਣ ਤੁਹਾਡਾ ਆਰਾਮ ਦਾ ਵਕਤ ਆ ਗਿਆ ਹੈ। ਕੰਮ ਅਸੀਂ ਆਪੇ ਸੰਭਾਲ ਲਵਾਂਗੇ।’ ਉਸਦੀ ਜ਼ਿੰਦਗੀ ਪਿੰਜਰੇ ਦੇ ਪੰਛੀ ਵਾਂਗ ਘਰ ਤੱਕ ਹੀ ਸੀਮਤ ਹੋ ਕੇ ਰਹਿ ਗਈ। ਘਰ ਦੇ ਉਸ ਦਿਨ ਵਿਆਹ ਉੱਤੇ ਗਏ ਹੋਏ ਸਨ। ਉਸ ਨੂੰ ਨੌਕਰ ਆਸਰੇ ਘਰ ਛੱਡ ਗਏ। ਕੁਦਰਤੀ ਮੈਂ ਖੇਤ ਗਿਆ, ਉਸ ਕੋਲ ਜਾ ਬੈਠਾ। ਚਿਹਰੇ ਉੱਤੇ ਉਦਾਸੀ ਅਤੇ ਨਿਰਾਸ਼ਾ ਦਾ ਡੇਰਾ ਸੀ। ਮੈਂ ਹਾਲ ਚਾਲ ਪੁੱਛਿਆ ਤਾਂ ਉਸਦੇ ਦਿਲ ਦਾ ਦਰਦ ਸੁਤੇ ਸਿੱਧ ਵਹਿ ਤੁਰਿਆ।
“ਹਾਲ ਤਾਂ ਚਿੱਟੇ ਦਿਨ ਵਾਂਗ ਤੇਰੇ ਸਾਹਮਣੇ ਹੈ। ਕੀ ਨਹੀਂ ਕੀਤਾ ਮੈਂ ਇਸ ਘਰ-ਪਰਿਵਾਰ ਲਈ। ਜ਼ਮੀਨ, ਜਾਇਦਾਦ, ਮਾਣ ਸਨਮਾਨ ਸਭ ਕਮਾ ਕੇ ਦਿੱਤਾ। ਇਲਾਕੇ ਦੇ ਪੰਚ ਸਰਪੰਚ ਹਾਜ਼ਰੀ ਭਰਦੇ ਰਹੇ। ਜ਼ਮੀਨਾਂ ਵੇਚਣ, ਖਰੀਦਣ ਦੇ ਮਾਮਲੇ ਮੇਰੀ ਸਹਿਮਤੀ ਨਾਲ ਹੱਲ ਹੁੰਦੇ ਸਨ। ਇਸ ਘਰ ਨੂੰ ਪੈਰਾਂ ਸਿਰ ਕਰਨ ਲਈ ਮੈਂ ਕਿਸੇ ਨਾਲ ਲਿਹਾਜ਼ਦਾਰੀ ਨਹੀਂ ਰੱਖੀ। ਰਿਸ਼ਤੇਦਾਰਾਂ ਤੇ ਮਿੱਤਰਾਂ ਨੂੰ ਲੋਕਾਂ ਵਾਂਗ ਇੱਕੋ ਰੱਸੇ ਲੰਘਾਇਆ। ਬੱਸ, ਆਪਣਾ ਮਤਲਬ ਮੁੱਖ ਰੱਖਿਆ। ਘਰ, ਪੈਸਾ ਤੇ ਜਾਇਦਾਦ ਹੀ ਮੇਰਾ ਮਕਸਦ ਬਣ ਗਿਆ। ਸਾਊ ਬਣ ਕੇ ਉਤਲੇ ਅਫਸਰਾਂ ਨੂੰ ਵੀ ‘ਖੁਸ਼’ ਰੱਖਿਆ। ਅੱਜ ਦੀ ਦੁਨੀਆਂਦਾਰੀ ਵਾਂਗ ਆਪਣੇ ਸਵਾਰਥ ਨਾਲ ਹੀ ਬੱਝਾ ਰਿਹਾ। ਚਾਰ ਪੈਸੇ ਕੋਲ ਹੋਣਗੇ ਤਾਂ ਆਖ਼ਰੀ ਉਮਰੇ ਸੁਖ ਲਵਾਂਗੇ। ਬਹੁਤ ਵਾਰ ਮਨ ਵਿੱਚ ਆਉਂਦਾ - ਭਲਿਆ ਹਮਦਰਦੀ, ਤਰਸ ਨਾ ਤਿਆਗ। ਅਗਲੇ ਦੀ ਮਜਬੂਰੀ ਵੀ ਸਮਝਿਆ ਕਰ। ਪਰ ਸਮਾਜ ਵਿਚਲੀ ‘ਨੱਕ ਨਮੂਜ਼’ ਦਾ ਖਿਆਲ ਸੀ। ਧਨ ਦੌਲਤ ਨਾਲ ‘ਵੱਡਾ’ ਬਣਨ ਦੀ ਹਸਰਤ ਸੀ। ਉਹ ਇਹ ਹਸਰਤ ਤੀਹ ਸਾਲ ਨੌਕਰੀ ਕਰਕੇ ਪੂਰੀ ਹੋਣ ਦਾ ਭਰਮ ਪਾਲ ਬੈਠਾ।
“ਜਦ ਤੱਕ ਕਮਾਉਂਦਾ ਰਿਹਾ, ਘਰ ਦੇ ਸਾਰੇ ਬਾਗੋਬਾਗ ਸਨ। ਘਰ ਬੈਠ ਗਿਆ ਤਾਂ ਬੋਝ ਸਮਝਣ ਲੱਗ ਪਏ। ਵੱਡੇ ਪੋਤਰੇ ਨੇ ਕੈਨੇਡਾ ਜਾਣਾ ਸੀ। ਮੈਂ ਜ਼ਮੀਨ ਜਾਇਦਾਦ ਦੋਹਾਂ ਪੁੱਤਰਾਂ ਦੇ ਨਾਂ ਲਵਾ ਦਿੱਤੀ। ਸੋਚਿਆ, ਮਗਰੋਂ ਵੀ ਇਹਨਾਂ ਦੀ ਹੈ। ਦਿਨਾਂ ਵਿੱਚ ਹੀ ਸਾਰਿਆਂ ਨੇ ਅੱਖਾਂ ਫੇਰ ਲਈਆਂ। ਪਤਨੀ ਵੀ ਪਾਲਾ ਬਦਲ ਮੁੰਡਿਆਂ ਨਾਲ ਜਾ ਖੜ੍ਹੀ ਹੋਈ।”
ਕਦੇ ਸਭ ਕਾਸੇ ਦਾ ਮਾਲਕ ਹੁਣ ਨਿਹੱਥਾ ਹੈ। ਕੋਈ ਪੁੱਛ ਪੜਤਾਲ, ਸੁਣਵਾਈ ਨਹੀਂ।
“ਜਿਹੜੀ ਔਲਾਦ, ਪਰਿਵਾਰ ਲਈ ਮੈਂ ਹੋਰਾਂ ਦੇ ਸੁਪਨੇ ਖੋਹੇ, ਉਹਨਾਂ ਮੇਰੀ ਜੀਣ ਦੀ ਹਸਰਤ ਹੀ ਕੁਚਲ ਦਿੱਤੀ। ਮੈਂਨੂੰ ਪਾਸੇ ਕਰਕੇ ਹੁਣ ਉਹ ਆਪਣੀ ਔਲਾਦ ਦੇ ‘ਭਵਿੱਖ’ ਲਈ ਜਿਉਂਦੇ ਨੇ। ਪਛਤਾਵੇ, ਦਰਦ ਤੇ ਉਦਾਸੀ ਤੋਂ ਸਿਵਾ ਮੇਰੇ ਹੱਥ ਵੱਸ ਕੁਛ ਨਹੀਂ ਰਿਹਾ।”
“ਆਪਣੇ ਘਰ ਪਰਿਵਾਰ ਦੇ ਸਿਰ ’ਤੇ ਮੈਂ ਹਰ ਕਿਸੇ ਨੂੰ ਟਿੱਚ ਕਰ ਜਾਣਿਆ। ਜਾਇਦਾਦ ਦਾ ‘ਮਾਣ’ ਕੋਈ ਘੱਟ ਨਹੀਂ ਹੁੰਦਾ। ਕਿਸੇ ਨਾਲ ਸਾਂਝ ਬਣਾ ਕੇ ਨਹੀਂ ਰੱਖੀ। ਅਖਬਾਰਾਂ, ਪੁਸਤਕਾਂ ਦੀ ਦੁਨੀਆਂ ਤੋਂ ਕੋਹਾਂ ਦੂਰ ਰਿਹਾ। ਧਨ ਨਾਲ ਸਭ ਕੁਝ ‘ਖਰੀਦਣ’ ਦਾ ਭੁਲੇਖਾ ਸਿਰਜੀ ਰੱਖਿਆ। ਹੁਣ ਆਹ ਕੋਠੀ ਦਾ ਪਿਛਵਾੜਾ ਮੇਰੀ ਕੁਲ ਜਾਇਦਾਦ ਹੈ। ਇਹ ਘਰ ਲਈ ਕੀਤੇ ਦਾ ‘ਮੁੱਲ’ ਹੈ। ਇੰਨੇ ਪਾਪੜ ਵੇਲ ਕੇ ਵੀ ਆਖਰੀ ਸਮੇਂ ਇਹ ਉਦਾਸੀ ਤੇ ਤੜਪ ਹੀ ਮੇਰੇ ਹਿੱਸੇ ਆਈ ਹੈ। ਕਦੇ ਪਿਆ ਪਿਆ ਸੋਚਦਾਂ ਕਿ ਇਸ ਜਿਉਣੇ ਦਾ ਕੀ ਹੱਜ ਏ, ਜਿਹੜਾ ਆਪਣੇ ਕੁਨਬੇ ਦੀ ਦੀਵਾਰ ਤੋਂ ਬਾਹਰ ਨਹੀਂ ਜਾਂਦਾ? ਜਿਸਦਾ ਸਮਾਜ ਦੇ ਸਰੋਕਾਰਾਂ ਨਾਲ ਕੋਈ ਵਾਹ ਵਾਸਤਾ ਨਹੀਂ? ਜਿਸਦੀ ਉਡਾਣ ਧੀ, ਪੁੱਤ, ਪਤਨੀ ਤੇ ਹੋਰ ਸਕਿਆਂ ਦੇ ਸੁਆਰਥਾਂ ਤੱਕ ਹੀ ਸੀਮਤ ਹੁੰਦੀ ਹੈ, ਉਹ ...” ਆਪਣੀ ਗਾਥਾ ਸੁਣਾਉਂਦਿਆਂ ਉਸਨੇ ਲੰਬਾ ਹਉਕਾ ਲਿਆ, “ਕਾਸ਼, ਮੈਂ ਹੋਰਾਂ ਲਈ ਵੀ ਜੀਵਿਆ ਹੁੰਦਾ ... ਜਿਉਣਾ ਸਾਰਥਕ ਹੋ ਜਾਂਦਾ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1985)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)