MohdAbbasDhaliwal7ਸੀਤੋ ਨੇ ਫਤਿਹ ਬੁਲਾਈ ਅਤੇ ਰਸਮਨ ਉਸ ਦੀ ਸੁੱਖ ਸਾਂਦ ਪੁੱਛੀ। ਤਾਈ ਬਿਸ਼ਨ ਕੌਰ ਬੋਲੀ, “ਸੀਤੋ ...
(31 ਅਕਤੂਬਰ 2021)

 

ਸੀਤੋ ਨੂੰ ਬੰਤ ਨਾਲ ਵਿਆਹੀ ਨੂੰ 20 ਸਾਲ ਹੋ ਗਏ ਸਨ ਜਦੋਂ ਦੀ ਉਹ ਸਹੁਰੇ ਆਈ ਸੀ, ਘਰ ਭਾਵੇਂ ਕੱਚਾ ਸੀ ਪਰ ਦੋਵਾਂ ਦੇ ਰਿਸ਼ਤੇ ਚ ਬਹੁਤ ਪਕਿਆਈ ਸੀ। ਪਹਿਲੇ ਤਿੰਨ ਕੁ ਸਾਲ ਤਾਂ ਸੀਤੋ ਨੂੰ ਪਤਾ ਹੀ ਨਾ ਲੱਗਾ ਕਿ ਸਮਾਂ ਕਿਵੇਂ ਬੀਤ ਗਿਆਇਸੇ ਦੌਰਾਨ ਦੋਵਾਂ ਦੇ ਘਰ ਪਹਿਲੇ ਬੱਚੇ ਵਜੋਂ ਕੁੜੀ ਤੇ ਇੱਕ ਸਾਲ ਬਾਅਦ ਮੁੰਡੇ ਨੇ ਜਨਮ ਲਿਆ। ਇਸ ਪ੍ਰਕਾਰ ਮਿਲਿਆ ਜੁਲਿਆ ਟੱਬਰ ਬਣ ਗਿਆ

ਬੰਤ ਬਿਜਲੀ ਮਹਿਕਮੇ ਵਿੱਚ ਲਾਈਨਮੈਨ ਸੀ ਇਸੇ ਦੌਰਾਨ ਬੰਤ ਦੀ ਉਠਣੀ ਬੈਠਣੀ ਕੁੱਝ ਅਜਿਹੇ ਲੋਕਾਂ ਨਾਲ ਹੋ ਗਈ ਸੀ ਜੋ ਸ਼ਰਾਬ ਪੀਣ ਦੇ ਸ਼ੌਕੀਨ ਸਨ। ਨਾਲ ਬੈਠਣ ਉੱਠਣ ਕਰਕੇ ਬੰਤ ਨੂੰ ਵੀ ਸ਼ਰਾਬ ਪੀਣ ਦੀ ਲਾਗ ਲੱਗ ਗਈ ਸੀਤੋ ਅਤੇ ਬੰਤ, ਦੋਵਾਂ ਵਿਚਕਾਰ ਅਕਸਰ ਕਲੇਸ਼ ਰਹਿਣ ਲੱਗ ਪਿਆ।

ਜਦੋਂ ਵੀ ਬੰਤ ਦੇਰ ਰਾਤ ਸ਼ਰਾਬ ਨਾਲ ਡੱਕਿਆ ਘਰ ਆਉਂਦਾ ਤਾਂ ਸੀਤੋ ਨਾਲ ਬਦੋਬਦੀ ਲੜਨ ਝਗੜਨ ਲੱਗ ਪੈਂਦਾ। ਗਾਲ੍ਹਾਂ ਤੇ ਚੀਕ ਚਿਹਾੜਾ ਸੁਣ ਕੇ ਪਹਿਲਾਂ ਪਹਿਲ ਤਾਂ ਗੁਆਂਢੀ ਆ ਕੇ ਲੜਾਈ ਖ਼ਤਮ ਕਰਵਾ ਜਾਂਦੇ, ਪਰ ਜਦੋਂ ਇਹ ਹਰ ਉਨ੍ਹਾਂ ਦਾ ਨਿੱਤ ਧੰਦਾ ਬਣ ਗਿਆ ਤਾਂ ਗੁਆਂਢੀਆਂ ਵੀ ਪਾਸਾ ਵੱਟਣ ਲੱਗ ਪਏ।

ਬੰਤ ਦੀ ਅੱਧੀ ਤੋਂ ਵੱਧ ਤਨਖਾਹ ਸ਼ਰਾਬ ਦੇ ਧਰਚ ਵਿੱਚ ਰੁੜ੍ਹਨ ਲੱਗ ਪਈ। ਉਨ੍ਹਾਂ ਦਿਨਾਂ ਵਿਚ ਤਨਖਾਹਾਂ ਵੀ ਕੋਈ ਬਹੁਤੀਆਂ ਨਹੀਂ ਸਨ ਹੁੰਦੀਆਂ।ਘਰ ਦਾ ਖਰਚ ਚਲਾਉਣ ਲਈ ਬੰਤ ਸੀਤੋ ਨੂੰ ਹੁਣ ਬਹੁਤ ਘੱਟ ਪੈਸੇ ਦਿੰਦਾ ਤੇ ਕਦੇ ਕਦੇ ਦਿੰਦਾ ਹੀ ਨਾਜਦੋਂ ਸੀਤੋ ਨੂੰ ਬੱਚਿਆਂ ਅਤੇ ਘਰ ਦਾ ਖਰਚਾ ਚੁੱਕਣਾ ਮੁਸ਼ਕਿਲ ਹੋ ਗਿਆ ਤਾਂ ਆਖਰਕਾਰ ਉਸ ਨੇ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਕਰਨਾ ਸ਼ੁਰੂ ਕਰ ਦਿੱਤਾ।

ਸ਼ਰਾਬ ਨਾਲ ਟੱਲੀ ਹੋਇਆ ਬੰਤ ਜਦੋਂ ਸੀਤੋ ਨਾਲ ਹੱਥੋਪਾਈ ਕਰਦਾ, ਬੱਚਿਆਂ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ। ਕਈ ਵਾਰੀ ਬੱਚੇ ਲੜਾਈ ਛੁਡਾਉਣ ਲਈ ਵਿਚਾਲੇ ਆਉਂਦੇ ਤਾਂ ਬੰਤ ਉਨ੍ਹਾਂ ਦੀ ਵੀ ਝਾੜ-ਝੰਬ ਕਰ ਦਿੰਦਾ। ਇਹ ਸਭ ਕੁੱਝ ਸਹਿੰਦਿਆਂ ਬੱਚੇ ਆਪਣੇ ਹੀ ਘਰ ਵਿਚ ਸਹਿਮੇ ਸਹਿਮੇ ਰਹਿਣ ਲੱਗ ਪਏਬੰਤ ਦੀ ਸ਼ਰਾਬ ਨੋਸ਼ੀ ਨੇ ਇੱਕ ਚੰਗਾ ਭਲਾ ਹੱਸਦਾ-ਵਸਦਾ ਘਰ ਨਰਕ ਬਣਾ ਦਿੱਤਾ।

ਉੱਧਰ ਸੀਤੋ ਨੇ ਕੁੜੀ ਨੂੰ ਦਸਵੀਂ ਪਾਸ ਕਰਨ ਸਕੂਲੋਂ ਉਪਰੰਤ ਹਟਾ ਲਿਆਭਾਵੇਂ ਕੁੜੀ ਅੱਗੇ ਪੜਨਾ ਲੋਚਦੀ ਸੀ ਪਰ ਸੀਤੋ ਸੋਚਦੀ ਸੀ ਕਿ ਉਹ ਕਿਹੜੀ ਘੜੀ ਹੋਵੇ ਕਿ ਉਹ ਜਲਦੀ ਤੋਂ ਜਲਦੀ ਉਸ ਨੂੰ ਇੱਜ਼ਤ ਨਾਲ ਘਰੋਂ ਰੁਖਸਤ ਕਰਕੇ ਆਪਣੀ ਜਿੰਮੇਵਾਰੀ ਤੋਂ ਸੁਰਖਰੂ ਹੋਵੇਇਸ ਸੰਦਰਭ ਵਿੱਚ ਉਸ ਨੇ ਪੇਕਿਆਂ ਵਿੱਚ ਵੀ ਕਹਿ ਛੱਡਿਆ ਸੀ ਕਿ ਜੇਕਰ ਕੋਈ ਨਸ਼ੇ-ਪਤੇ ਤੋਂ ਮੁਕਤ ਚਾਹੇ ਉਹ ਗਰੀਬ ਘਰ ਦਾ ਹੀ ਮੁੰਡਾ ਕਿਉਂ ਨਾ ਹੋਵੇ, ਮਿਲੇ ਤਾਂ ਜਰੂਰ ਦੱਸ ਪਾਉਣ

ਇਸ ਤੋਂ ਪਹਿਲਾਂ ਕਿ ਕੁੜੀ ਲਈ ਕੋਈ ਰਿਸ਼ਤਾ ਮਿਲਦਾ, ਇੱਕ ਹੋਰ ਭਾਣਾ ਵਾਪਰ ਗਿਆਬੰਤ ਦੀ ਡਿਊਟੀ ਦੌਰਾਨ ਕਰੰਟ ਲੱਗਣ ਨਾਲ ਮੌਤ ਹੋ ਗਈ।

ਬੰਤ ਦੀ ਮੌਤ ਤੋਂ ਬਾਅਦ ਸਰਕਾਰ ਨੇ ਤਰਸ ਦੇ ਆਧਾਰ ’ਤੇ ਉਸ ਦੇ +2 ਵਿੱਚ ਪੜ੍ਹਦੇ ਮੁੰਡੇ ਨੂੰ ਨੌਕਰੀ ਦੇ ਕੇ ਮਹਿਕਮੇ ਵਿੱਚ ਹੀ ਐਡਜਸਟ ਕਰ ਲਿਆਬੰਤ ਦੀ ਮੌਤ ਤੋਂ ਬਾਅਦ ਸਰਕਾਰ ਵਲੋਂ ਜੋ ਇਕੱਠੀ ਰਕਮ ਮਿਲੀ ਉਸ ਨਾਲ ਸੀਤੋ ਨੇ ਪੁਰਾਣੇ ਮਕਾਨ ਨੂੰ ਢਾਹ ਕੇ ਨਵੇਂ ਰਿਵਾਜ ਦਾ ਘਰ ਬਣਾ ਲਿਆ।

ਘਰ ਦੀ ਉਸਾਰੀ ਤੋਂ ਬਾਅਦ ਭੱਜ-ਨੱਠ ਕਰਕੇ ਸੀਤੋ ਨੇ ਕੁੜੀ ਲਈ ਵੀ ਇਕ ਵਧੀਆ ਟਿਕਾਣਾ ਲੱਭ ਕੇ ਉਸ ਦੇ ਹੱਥ ਪੀਲੇ ਕਰ ਦਿੱਤੇ।

ਹੁਣ ਕੁੜੀ ਨੂੰ ਵੀ ਸੁੱਖ ਨਾਲ ਆਪਣੇ ਘਰ ਘੁੱਗ ਵਸਦਿਆਂ ਸਾਲ ਹੋਣ ਆਲਾ ਸੀ।ਅੱਜ ਗਲੀ ਵਿੱਚ ਰਹਿੰਦੀ ਤਾਈ ਬਿਸ਼ਨ ਕੌਰ ਜਦੋਂ ਸੋਟੀ ਦੇ ਸਹਾਰੇ ਹੌਲੀ-ਹੌਲੀ ਸੀਤੋ ਦੇ ਘਰ ਦੇ ਮੂਹਰੋਂ ਦੀ ਲੰਘੀ ਜਾ ਰਹੀ ਸੀ ਤਾਂ ਸੀਤੋ ਆਪਣੇ ਗੇਟ ਮੂਹਰੇ ਝਾੜੂ ਲਗਾ ਰਹੀ ਸੀ। ਤਾਈ ਨੂੰ ਵੇਖ ਸੀਤੋ ਨੇ ਫਤਿਹ ਬੁਲਾਈ ਅਤੇ ਰਸਮਨ ਉਸ ਦੀ ਸੁੱਖ ਸਾਂਦ ਪੁੱਛੀ। ਤਾਈ ਬਿਸ਼ਨ ਕੌਰ ਬੋਲੀ, “ਸੀਤੋ ... ਮੈਨੂੰ ਤਾਂ ਇੰਝ ਲਗਦਾ ਜਿਵੇਂ ਬੰਤ ਦੇ ਮੁੱਕਣ ਬਾਅਦ ਤੁਹਾਡੇ ਘਰ ਦੇ ਦਿਨ ਹੀ ਫਿਰ ਗਏ ਹੋਣ!”

ਲੰਮਾ ਹੌਕਾ ਭਰਦਿਆਂ ਸੀਤੋ ਨੇ ਤਾਈ ਦੀ ਗੱਲ ਦਾ ਹੁੰਗਾਰਾ ਭਰਿਆ, “ਤਾਈ ... ਮਰਨਾ ਤਾਂ ਇਕ ਦਿਨ ਸੀ ਹੀ ਉਸ ਨੇ, ਜੇ ਕਿਤੇ ਦਸ ਬਾਰਾਂ ਸਾਲ ਪਹਿਲਾਂ ਮੁੱਕ ਜਾਂਦਾ ਤਾਂ ਸਾਡੀ ਜਿੰਦ ਪਹਿਲਾਂ ਸੁਖਾਲੀ ਕਰ ਜਾਂਦਾ!” ਸੀਤੋ ਦੀ ਆਵਾਜ਼ ਵਿਚ ਬੀਤੇ ਵਰ੍ਹਿਆਂ ਵਿੱਚ ਸਹੇ ਦਰਦ ਦੀ ਇਕ ਅਣਕਹੀ ਪੀੜਾ ਸੀ, ਤੇ ਮਾਯੂਸੀ ਵੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3114)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author