MohdAbbasDhaliwal7ਜੇਕਰ ਲੋਕ ਕਿਸੇ ਨੂੰ ਫਰਸ਼ ਤੋਂ ਅਰਸ਼ ’ਤੇ ਲੈ ਜਾ ਸਕਦੇ ਹਨ ਤਾਂ ਉਹੀ ਲੋਕ ਜੇ ਆਪਣੀ ਆਈ ...
(12 ਮਾਰਚ 2021)
(ਸ਼ਬਦ: 1560)


ਚੋਣ ਕਮਿਸ਼ਨ ਨੇ ਚਾਰ ਰਾਜਾਂ ਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਹੋਣ ਜਾ ਰਹੀਆਂ ਅਸੰਬਲੀ ਚੋਣਾਂ ਦਾ ਬਿਗਲ ਬਜਾ ਦਿੱਤਾ ਹੈ
ਜਾਰੀ ਸ਼ਡਿਊਲ ਮੁਤਾਬਕ 27 ਮਾਰਚ ਤੋਂ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ ਨਤੀਜੇ 2 ਮਈ ਨੂੰ ਐਲਾਨੇ ਜਾਣਗੇਪੱਛਮੀ ਬੰਗਾਲ ਵਿੱਚ ਅੱਠ ਗੇੜਾਂ ਅਤੇ ਆਸਾਮ ਵਿੱਚ ਤਿੰਨ ਗੇੜਾਂ ਵਿੱਚ ਵੋਟਾਂ ਪੈਣਗੀਆਂ ਜਦੋਂ ਕਿ ਤਾਮਿਲਨਾਡੂ, ਪੁੱਡੂਚੇਰੀ ਤੇ ਕੇਰਲਾ ਵਿੱਚ ਇੱਕੋ ਦਿਨ ਅਰਥਾਤ 6 ਅਪ੍ਰੈਲ ਨੂੰ ਵੋਟਾਂ ਪੈਣਗੀਆਂ

ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਦੀਆਂ 294 ਸੀਟਾਂ ਹਨ, ਤਾਮਿਲਨਾਡੂ ਵਿੱਚ 234, ਕੇਰਲਾ ਵਿੱਚ 140, ਆਸਾਮ ਵਿੱਚ 126 ਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁੱਡੂਚੇਰੀ ਵਿੱਚ 30 ਸੀਟਾਂ ਹਨ ਇਸ ਵਾਰ ਚੋਣਾਂ ਵਿੱਚ ਸਭ ਤੋਂ ਸਖਤ ਮੁਕਾਬਲਾ ਪੱਛਮੀ ਬੰਗਾਲ ਵਿੱਚ ਵੇਖਣ ਨੂੰ ਮਿਲ ਸਕਦਾ ਹੈ ਜਿੱਥੇ ਹੁਕਮਰਾਨ ਤ੍ਰਿਣਮੂਲ ਕਾਂਗਰਸ, ਭਾਜਪਾ ਅਤੇ ਖੱਬੀਆਂ ਪਾਰਟੀਆਂ ਤੇ ਕਾਂਗਰਸ ਦੇ ਗੱਠਜੋੜ ਵਿਚਾਲੇ ਤਿਕੋਣੀ ਟੱਕਰ ਹੈਇਨ੍ਹਾਂ ਚੋਣਾਂ ਵਿੱਚ ਹੁਕਮਰਾਨ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਜਿੱਥੇ ਹੈਟ੍ਰਿਕ ਮਾਰਨ ਦੀ ਫਿਰਾਕ ਵਿੱਚ ਹੈ, ਉੱਥੇ ਹੀ ਖੱਬੀਆਂ ਪਾਰਟੀਆਂ ਤੇ ਕਾਂਗਰਸ ਗੱਠਜੋੜ ਆਪਣੇ ਗੁਆਚੇ ਅਸਤਿਤਵ ਨੂੰ ਬਹਾਲ ਕਰਨ ਲਈ ਮੈਦਾਨ ਵਿੱਚ ਉੱਤਰੇਗਾ ਜਦੋਂ ਕਿ ਦਾ ਉਦੇਸ਼ ਮਮਤਾ ਬੈਨਰਜੀ ਨੂੰ ਇਨ੍ਹਾਂ ਵਿੱਚ ਪਟਖਨੀ ਦੇ ਕੇ ਖੁਦ ਨੂੰ ਪੱਛਮੀ ਬੰਗਾਲ ਵਿੱਚ ਸਤਾ ’ਤੇ ਬਿਰਾਜਮਾਨ ਕਰਨਾ ਹੋਵੇਗਾ

ਉੱਧਰ ਤਾਮਿਲਨਾਡੂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁੱਡੂਚੇਰੀ ਵਿੱਚ ਕਾਂਗਰਸ ਤੇ ਡੀ ਐੱਮ ਕੇ ਤੇ ਖੱਬੀਆਂ ਪਾਰਟੀਆਂ ਦਾ ਗੱਠਜੋੜ ਤਾਂ ਪਹਿਲਾਂ ਹੀ ਬਣਿਆ ਹੋਇਆ ਹੈ ਪਰ ਇਸ ਵਾਰ ਤਾਮਿਲਨਾਡੂ ਵਿੱਚ ਕਾਂਗਰਸ ਤੇ ਡੀ.ਐੱਮ.ਕੇ. ਵਿੱਚ ਸੀਟਾਂ ਨੂੰ ਲੈ ਕੇ ਪੇਚ ਫਸਿਆ ਹੋਇਆ ਜਾਪਦਾ ਹੈਪ੍ਰਾਪਤ ਖਬਰਾਂ ਮੁਤਾਬਕ ਇੱਥੇ ਡੀ.ਐੱਮ.ਕੇ. ਇਸ ਵਾਰ ਕਾਂਗਰਸ ਨੂੰ ਜ਼ਿਆਦਾ ਸੀਟਾਂ ਦੇਣ ਦੇ ਰੌਂ ਵਿੱਚ ਨਹੀਂਹਾਲਾਂਕਿ ਇਸ ਤੋਂ ਪਹਿਲਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 41 ਸੀਟਾਂ ’ਤੇ ਚੋਣ ਲੜੀ ਸੀ ਇਸ ਵਾਰ ਡੀ.ਐੱਮ.ਕੇ. ਕਾਂਗਰਸ ਨੂੰ 25 ਤੋਂ ਜ਼ਿਆਦਾ ਸੀਟਾਂ ਨਹੀਂ ਦੇਣਾ ਚਾਹੁੰਦੀ। ਸ਼ਾਇਦ ਇਹੋ ਵਜ੍ਹਾ ਹੈ ਕਿ ਕਾਂਗਰਸ ਡੀ.ਐੱਮ.ਕੇ. ’ਤੇ ਦਬਾਅ ਬਣਾਉਣ ਲਈ ਰਾਹੁਲ ਗਾਂਧੀ ਦੀਆਂ ਜ਼ਿਆਦਾ ਤੋਂ ਜ਼ਿਆਦਾ ਰੈਲੀਆਂ ਤੇ ਸੰਮੇਲਨ ਤਾਮਿਲਨਾਡੂ ਵਿੱਚ ਕਰਵਾ ਰਹੀ ਹੈ

ਆਸਾਮ, ਜਿੱਥੇ ਕਿ ਭਾਜਪਾ 2016 ਵਿੱਚ ਕਾਂਗਰਸ ਨੂੰ ਹਰਾ ਕੇ ਪਹਿਲੀ ਵਾਰ ਸੱਤਾ ਹਥਿਆਉਣ ਵਿੱਚ ਕਾਮਯਾਬ ਹੋਈ ਸੀ, ਉੱਥੇ ਵੀ ਇਸ ਵਾਰ ਖੱਬੀਆਂ ਜਮਹੂਰੀ ਪਾਰਟੀਆਂ ਦਾ ਗੱਠਜੋੜ ਭਾਜਪਾ ਨੂੰ ਭਾਰੀ ਟੱਕਰ ਦੇ ਸਕਦਾ ਹੈਇਸ ਤੋਂ ਪਹਿਲਾਂ ਇੱਥੇ ਗੱਠਜੋੜ ਵਿੱਚ ਕਾਂਗਰਸ ਤੇ ਬਦਰੂਦੀਨ ਅਜਮਲ ਦਾ ਆਲ ਇੰਡੀਆ ਯੂਨਾਈਟਿਡ ਡੈਮੋਕਰੈਟਿਕ ਫਰੰਟ, ਖੱਬੀਆਂ ਪਾਰਟੀਆਂ (ਸੀ ਪੀ ਆਈ, ਸੀ ਪੀ ਆਈ-ਐੱਮ, ਸੀ ਪੀ ਆਈ-ਐੱਮ ਐੱਲ) ਤੇ ਆਂਚਲਿਕ ਗਣ ਮੋਰਚਾ ਸਨ, ਲੇਕਿਨ ਹੁਣ ਇਹ ਅੱਠ ਪਾਰਟੀਆਂ ਦਾ ਗੱਠਜੋੜ ਬਣ ਗਿਆ ਹੈਕਾਂਗਰਸੀ ਸੂਤਰਾਂ ਦੇ ਹਵਾਲੇ ਨਾਲ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਦਾ ਸੰਗਠਨ ਕੇਰਲ ਤੇ ਅਸਾਮ ਵਿੱਚ ਅਜੇ ਵੀ ਮਜ਼ਬੂਤ ਹੈ

ਪ੍ਰੰਤੂ ਕੱਲ੍ਹ ਪਾਰਟੀ ਨੂੰ ਉਸ ਸਮੇਂ ਡਾਢਾ ਨੁਕਸਾਨ ਹੋਇਆ ਜਦੋਂ ਸੀਨੀਅਰ ਕਾਂਗਰਸੀ ਆਗੂ ਪੀ ਸੀ ਚਾਕੋ ਨੇ ਪਾਰਟੀ ਨੂੰ ਝਟਕਾ ਦਿੰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਖਬਰਾਂ ਅਨੁਸਾਰ ਚਾਕੋ ਪਾਰਟੀ ਦੁਆਰਾ ਕੇਰਲਾ ਵਿੱਚ ਕੀਤੀ ਟਿਕਟਾਂ ਦੀ ਵੰਡ ਤੋਂ ਅਸੰਤੁਸ਼ਟ ਸਨ

ਉੱਧਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿੱਚ ਸ਼ਾਮਲ ਬੋਡੋਲੈਂਡ ਪੀਪਲਜ਼ ਫਰੰਟ (ਬੀ ਪੀ ਐੱਫ) ਵੀ ਕਾਂਗਰਸ ਵਾਲੇ ਗਠਜੋੜ ਨਾਲ ਰਲ ਗਿਆ ਹੈਗਠਜੋੜ ਵਿੱਚ ਸ਼ਾਮਲ ਹੋਣ ਦੇ ਸੰਦਰਭ ਵਿੱਚ ਬੀ ਪੀ ਐੱਫ ਦੇ ਪ੍ਰਧਾਨ ਹਗਰਾਮਾ ਮੋਹੀਲਾਰੀ ਦਾ ਕਹਿਣਾ ਹੈ ਕਿ ਅਮਨ, ਏਕਤਾ ਤੇ ਵਿਕਾਸ ਲਈ ਕੰਮ ਕਰਨ ਅਤੇ ਆਸਾਮ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਕੇ ਇੱਕ ਪਾਇਦਾਰ ਸਰਕਾਰ ਮੁਹਈਆ ਕਰਾਉਣ ਲਈ ਉਨ੍ਹਾਂ ਗੱਠਜੋੜ ਦਾ ਹਿੱਸਾ ਬਣਨ ਦਾ ਫੈਸਲਾ ਕੀਤਾ ਹੈਬੀ ਪੀ ਐੱਫ ਨੇ ਦਰਅਸਲ ਭਾਜਪਾ ਦਾ ਸਾਥ ਨਾਗਰਿਕਤਾ ਸੋਧ ਕਾਨੂੰਨ ਦੇ ਕਾਰਨ ਛੱਡਿਆ ਹੈਮਾਹਿਰਾਂ ਦਾ ਕਹਿਣਾ ਹੈ ਕਿ ਬੀ ਪੀ ਐੱਫ ਦੇ ਮਹਾਂ ਗੱਠਜੋੜ ਵਿੱਚ ਸ਼ਾਮਲ ਹੋਣ ਨਾਲ ਨਤੀਜੇ ਕਾਫ਼ੀ ਸਕਾਰਾਤਮਕ ਸਾਹਮਣੇ ਆਉਣ ਦੀ ਸੰਭਾਵਨਾ ਹੈ

ਇਸਦੇ ਨਾਲ ਹੀ ਰਾਸ਼ਟਰੀ ਜਨਤਾ ਦਲ ਨਾਲ ਆ ਗਿਆ ਹੈ

ਉੱਧਰ ਕਾਂਗਰਸੀ ਆਗੂ ਪ੍ਰਦਯੁਤ ਬੋਰਦੋਲੋਈ ਦਾ ਕਹਿਣਾ ਹੈ ਕਿ ਸਾਡੇ ਪੁਰਾਣੇ ਸਾਥੀ ਨਾਲ ਆ ਰਹੇ ਹਨ, ਜਿਸ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਹਵਾ ਕਿਸ ਪਾਸੇ ਵਹਿ ਰਹੀ ਹੈਜਦੋਂ ਕਿ ਭਾਜਪਾ ਇਸ ਵਾਰ ਆਸਾਮ ਗਣ ਪ੍ਰੀਸ਼ਦ ਤੇ ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ ਨਾਲ ਮਿਲ ਕੇ ਚੋਣਾਂ ਦੇ ਮੈਦਾਨ ਵਿੱਚ ਹਨ

ਇਨ੍ਹਾਂ ਚੋਣਾਂ ਵਿੱਚ ਵੇਖਿਆ ਜਾਵੇ ਤਾਂ ਸਭ ਦੀ ਨਜ਼ਰ ਪੱਛਮੀ ਬੰਗਾਲ ਉੱਤੇ ਟਿਕੀ ਹੋਈ ਹੈ ਕਿਉਂਕਿ ਇਸ ਸੂਬੇ ਵਿੱਚ ਜਿੱਥੇ ਭਾਜਪਾ ਪਿਛਲੇ ਕਈ ਮਹੀਨਿਆਂ ਤੋਂ ਤਿਆਰੀ ਵਿੱਚ ਰੁੱਝੀ ਹੋਈ ਹੈ, ਉੱਥੇ ਹੀ ਟੀ ਐੱਮ ਸੀ ਦੀ ਮਮਤਾ ਬੈਨਰਜੀ ਵੀ ਆਪਣੀ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰੀ ਮਿਹਨਤ ਨਾਲ ਲੱਗੀ ਹੋਈ ਹੈਪੱਛਮੀ ਬੰਗਾਲ ਵਿੱਚ 35 ਸਾਲ ਤਕ ਹਕੂਮਤ ਕਰਨ ਵਾਲੀਆਂ ਕਮਿਊਨਿਸਟ ਪਾਰਟੀਆਂ ਸੂਬੇ ਵਿੱਚ ਆਪਣੀ ਸੱਤਾ ਵਾਪਸ ਹਾਸਲ ਕਰਨ ਲਈ ਜੀਅ ਜਾਨ ਨਾਲ ਤਿਆਰੀ ਵਿੱਚ ਜੁਟੀਆਂ ਹੋਈਆਂ ਹਨਇਸੇ ਰਣਨੀਤੀ ਤਹਿਤ ਅਸੰਬਲੀ ਚੋਣਾਂ ਦੇ ਐਲਾਨ ਤੋਂ ਬਾਅਦ ਖੱਬੀਆਂ ਪਾਰਟੀਆਂ, ਕਾਂਗਰਸ ਤੇ ਇੰਡੀਅਨ ਸੈਕੂਲਰ ਫਰੰਟ ਦੇ ਗਠਜੋੜ ਨੇ ਬੀਤੇ ਦਿਨੀਂ ਇੱਥੇ ਬ੍ਰਿਗੇਡ ਮੈਦਾਨ ਵਿੱਚ ਰੈਲੀ ਕਰਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਦਾਅਵਾ ਕੀਤਾ ਕਿ ਰੈਲੀ ਵਿੱਚ 10 ਲੱਖ ਲੋਕ ਸ਼ਾਮਲ ਹੋਏਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ ਚੋਣਾਂ ਵਿੱਚ ਸਾਡੀਆਂ ਵੋਟਾਂ ਵਧਣਗੀਆਂ ਤੇ ਅਸੀਂ ਜਿੱਤਾਂਗੇਯੇਚੁਰੀ ਨੇ ਇਹ ਵੀ ਕਿਹਾ ਕਿ ਜਿਵੇਂ ਸਿੰਘੂ ਬਾਰਡਰ ’ਤੇ ਕਿਸਾਨ ਮੋਦੀ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਡਟੇ ਹੋਏ ਹਨ, ਉਸੇ ਤਰ੍ਹਾਂ ਇੱਥੇ ਅਸੀਂ ਕਰ ਸਕਦੇ ਹਾਂਇਸ ਮੌਕੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਤੇ ਕਾਂਗਰਸ ਆਗੂ ਭੁਪੇਸ਼ ਬਘੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਮਨਾਉਣ ਇੱਥੇ ਆਉਂਦੇ, ਪਰ ਉਨ੍ਹਾਂ ਨੂੰ ਆਪਣਾ ਇਤਿਹਾਸ ਪੜ੍ਹਨਾ ਚਾਹੀਦਾ ਹੈਸਾਵਰਕਰ ਨੂੰ ਮੰਨਣ ਵਾਲੇ ਬੋਸ ਦੇ ਉੱਤਰਾਧਿਕਾਰੀ ਨਹੀਂ ਬਣ ਸਕਦੇ ਲੋਕ ਸਭਾ ਵਿੱਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਲੋਕਾਂ ਨੂੰ ਮਮਤਾ ਸਰਕਾਰ ਹਟਾ ਕੇ ਗਠਜੋੜ ਦੀ ਸਰਕਾਰ ਲਿਆਉਣ ਦਾ ਸੱਦਾ ਦਿੱਤਾ ਉੱਧਰ ਫਰੰਟ ਦੇ ਪ੍ਰਧਾਨ ਪੀਰਜ਼ਾਦਾ ਅੱਬਾਸ ਸਿੱਦੀਕੀ ਨੇ ਕਿਹਾ ਕਿ ਬੰਗਾਲ ਨੂੰ ਬਚਾਉਣ ਲਈ ਖੂਨ ਦੇਣਾ ਪਿਆ ਤਾਂ ਉਹ ਤਿਆਰ ਹਨ

ਉੱਧਰ ਕੱਲ੍ਹ ਕੋਲਕਾਤਾ ਵਿੱਚ ਇੱਕ ਰੈਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਤਾ ਬੈਨਰਜੀ ਤੇ ਦੋਸ਼ ਲਾਉਂਦਿਆਂ ਕਿਹਾ ਕਿ ਦੀਦੀ ਨੇ ਬੰਗਾਲ ਦਾ ਵਿਸ਼ਵਾਸ ਤੋੜਿਆ ਹੈ ਜਿਸਦੇ ਚੱਲਦਿਆਂ ਇੱਥੇ ਪਰਿਵਰਤਨ ਜ਼ਰੂਰੀ ਹੈ ਜਦੋਂ ਕਿ ਇਸਦੇ ਜਵਾਬ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਪਰਿਵਰਤਨ ਦਿੱਲੀ ਵਿੱਚ ਹੋਵੇਗਾ, ਬੰਗਾਲ ਵਿੱਚ ਨਹੀਂ

ਇਸੇ ਦੌਰਾਨ ਕੱਲ੍ਹ ਦੀਦੀ ਨਾਲ ਇੱਕ ਮੰਦਭਾਗੀ ਘਟਨਾ ਵਾਪਰੀ ਜਿਸਦਾ ਜ਼ਿਕਰ ਕਰਦਿਆਂ ਮਮਤਾ ਨੇ ਕਿਹਾ, “ਮੈਂ ਆਪਣੀ ਕਾਰ ਦੇ ਬਾਹਰ ਦਰਵਾਜ਼ਾ ਖੋਲ੍ਹ ਕੇ ਖੜ੍ਹੀ ਸੀ ਤੇ ਮੰਦਰ ਵਿੱਚ ਪ੍ਰਾਰਥਨਾ ਲਈ ਜਾਣ ਲੱਗੀ ਸੀਇਸੇ ਦੌਰਾਨ ਕੁਝ ਲੋਕ ਆਏ ਤੇ ਕਾਰ ਦਾ ਦਰਵਾਜ਼ਾ ਧੱਕ ਦਿੱਤਾਇਸ ਨਾਲ ਲੱਤ ਉੱਤੇ ਸੱਟ ਵੱਜੀ ਹੈ

ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦ ਘਟਨਾ ਵਾਪਰੀ ਤਾਂ ਸਥਾਨਕ ਪੁਲੀਸ ਦਾ ਕੋਈ ਵੀ ਮੁਲਾਜ਼ਮ ਮੌਜੂਦ ਨਹੀਂ ਸੀਨੰਦੀਗ੍ਰਾਮ ਤੋਂ ਟੀਐੱਮਸੀ ਦੀ ਉਮੀਦਵਾਰ ਮਮਤਾ ਨੇ ਇਸ ਨੂੰ ‘ਸਾਜ਼ਿਸ਼’ ਕਰਾਰ ਦਿੱਤਾਮਮਤਾ ਕੋਲ ਜ਼ੈੱਡ-ਪਲੱਸ ਸੁਰੱਖਿਆ ਹੈਮੁੱਖ ਮੰਤਰੀ ਦੋ ਦਿਨਾਂ ਤੋਂ ਇਸ ਇਲਾਕੇ ਵਿੱਚ ਚੋਣ ਪ੍ਰਚਾਰ ਕਰ ਰਹੀ ਸੀ ਤੇ ਉਸ ਨੂੰ ਹੁਣ ਕੋਲਕਾਤਾ ਲਿਜਾਇਆ ਗਿਆ ਹੈਜ਼ਿਕਰਯੋਗ ਹੈ ਕਿ ਸ੍ਰੀ ਵਰਿੰਦਰ ਨੂੰ ਡੀਜੀਪੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਇੱਕ ਦਿਨ ਬਾਅਦ ਮੁੱਖ ਮੰਤਰੀ ’ਤੇ ਹਮਲਾ ਹੋਇਆ ਹੈਭਾਜਪਾ ਵੱਲੋਂ ਸੂਬੇ ਵਿੱਚ ਹਿੰਸਾ ਬਾਰੇ ਚਿੰਤਾ ਜ਼ਾਹਰ ਕਰਨ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਪੀ ਨੀਰਜਨਯਨ ਨੂੰ ਨਵਾਂ ਪੁਲੀਸ ਮੁਖੀ ਲਾਇਆ ਸੀ ਕਮਿਸ਼ਨ ਨੇ ਮੁੱਖ ਮੰਤਰੀ ’ਤੇ ਹੋਏ ਹਮਲੇ ਦੀ ਰਿਪੋਰਟ ਮੰਗ ਲਈ ਹੈ

ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੱਲ੍ਹ ਨੰਦੀਗ੍ਰਾਮ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਆਪਣੀ ਨਾਮਜ਼ਦਗੀ ਪੱਤਰ ਭਰੇਇੱਥੇ ਮਮਤਾ ਦਾ ਸਾਹਮਣਾ ਆਪਣੇ ਸਾਬਕਾ ਸਾਥੀ ਤੇ ਇਸ ਸਮੇਂ ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਨਾਲ ਹੋਣ ਦੀ ਸੰਭਾਵਨਾ ਹੈਇਸ ਦੌਰਾਨ ਦੀਦੀ ਨੇ ਭਰੋਸਾ ਜਿਤਾਇਆ ਕਿ ਉਹ ਇਸ ਸੀਟ ਤੋਂ ਜਿੱਤੇਗੀ ਕਿਉਂਕਿ ਖੇਤੀ ਵਾਲੀ ਜ਼ਮੀਨ ਗ੍ਰਹਿਣ ਕਰਨ ਖ਼ਿਲਾਫ਼ ਅੰਦੋਲਨ ਚਲਾਉਣ ਵਾਲੀ ਇਸ ਧਰਤੀ ਨੇ ਉਸ ਨੂੰ ਕਦੇ ਖਾਲੀ ਹੱਥ ਨਹੀਂ ਮੋੜਿਆਮਮਤਾ ਬੈਨਰਜੀ ਨੇ ਕਿਹਾ ਕਿ ਉਹ ਭਵਾਨੀਪੁਰ ਸੀਟ ਤੋਂ ਵੀ ਅਸਾਨੀ ਨਾਲ ਲੜ ਸਕਦੀ ਸੀ ਪਰ ਉਸ ਨੂੰ ਭਰੋਸਾ ਹੈ ਕਿ ਨੰਦੀਗ੍ਰਾਮ ਤੋਂ ਜਿੱਤ ਮਿਲੇਗੀਜ਼ਿਕਰਯੋਗ ਹੈ ਕਿ ਸਿੰਗੂਰ-ਨੰਦੀਗ੍ਰਾਮ ਖੇਤਰ ਵਿੱਚ ਖੇਤੀਯੋਗ ਜ਼ਮੀਨ ਗ੍ਰਹਿਣ ਕੀਤੇ ਜਾਣ ਖ਼ਿਲਾਫ਼ ਚੱਲੇ ਅੰਦੋਲਨ ਨੇ ਹੀ ਮਮਤਾ ਬੈਨਰਜੀ ਨੂੰ 2011 ਵਿੱਚ ਸੱਤਾ ਵਿੱਚ ਲਿਆਂਦਾ ਸੀ ਉੱਧਰ ਭਾਜਪਾ ਆਗੂ ਸ਼ੁਵੇਂਦੂ ਅਧਿਕਾਰੀ ਨੇ ਮਮਤਾ ਨੂੰ ਨੰਦੀਗ੍ਰਾਮ ਵਿੱਚ ਬਾਹਰੋਂ ਆਈ ਉਮੀਦਵਾਰ ਕਰਾਰ ਦਿੱਤਾ ਹੈਉਨ੍ਹਾਂ ਕਿਹਾ ਕਿ ਚਿੱਟ ਫੰਡ ਕੰਪਨੀਆਂ ਵੱਲੋਂ ਧੋਖੇ ਦਾ ਸ਼ਿਕਾਰ ਬਣਾਏ ਗਏ ਲੋਕਾਂ ਨੂੰ ਪੈਸਾ ਉਦੋਂ ਹੀ ਵਾਪਸ ਮਿਲੇਗਾ ਜਦ ਭਾਜਪਾ ਸੱਤਾ ਵਿੱਚ ਆਵੇਗੀ

ਪਿਛਲੇ ਕਈ ਸਾਲਾਂ ਤੋਂ ਜਿਸ ਤਰ੍ਹਾਂ ਦੇਸ਼ ਵਿੱਚ ਪੈਟਰੋਲ ਡੀਜ਼ਲ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਇਜ਼ਾਫ਼ਾ ਹੋਇਆ ਹੈ ਅਤੇ ਇਸ ਮਹਿੰਗਾਈ ਦੇ ਦੌਰ ਵਿੱਚ ਗਰੀਬੀ ਦੀ ਮਾਰ ਝੇਲ ਰਹੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਹੈ, ਜਿਸ ਪ੍ਰਕਾਰ ਕੁੱਕਿੰਗ ਆਇਲ ਅਤੇ ਗਰੌਸਰੀ ਦੇ ਹੋਰ ਸਾਮਾਨਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਉਸ ਨੇ ਮਾਧਿਅਮ ਵਰਗ ਦੀ ਰਸੋਈ ਦੇ ਬਜਟ ਨੂੰ ਬਿਗਾੜ ਕੇ ਰੱਖ ਦਿੱਤਾ ਹੈ

ਦੂਜੇ ਪਾਸੇ ਪਿਛਲੇ ਕਈ ਮਹੀਨਿਆਂ ਤੋਂ ਜਿਸ ਪ੍ਰਕਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਹਨ ਅਤੇ ਹੁਣ ਮਹਾਂ ਪੰਚਾਇਤਾਂ ਰਾਹੀਂ ਨਵੇਂ ਖੇਤੀ ਕਾਨੂੰਨਾਂ ਖਿਲਾਫ ਅਤੇ ਐੱਮ ਐੱਸ ਪੀ ਆਦਿ ਦੇ ਸੰਦਰਭ ਵਿੱਚ ਕਾਨੂੰਨ ਨੂੰ ਲੈ ਕੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰ ਰਹੇ ਹਨ, ਉਸ ਨਾਲ ਕਿਸਾਨਾਂ ਦਾ ਇਹ ਅੰਦੋਲਨ ਨਿਰਸੰਦੇਹ ਪੂਰੇ ਦੇਸ਼ ਵਿੱਚ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ ਸ਼ਾਇਦ ਇਹੋ ਵਜ੍ਹਾ ਹੈ ਕਿ ਸਰਕਾਰ ਦੀਆਂ ਨੀਤੀਆਂ ਵਿਰੁੱਧ ਲੋਕਾਂ ਵਿੱਚ ਜੋ ਆਕ੍ਰੋਸ਼ ਇਸ ਸਮੇਂ ਵੇਖਣ ਨੂੰ ਮਿਲ ਰਿਹਾ ਹੈ ,ਉਸ ਦੀ ਉਦਾਹਰਣ ਪਿਛਲੇ ਸੱਤ ਸਾਲਾਂ ਦੌਰਾਨ ਨਹੀਂ ਮਿਲਦੀ

ਪਿਛਲੇ ਦਿਨੀਂ ਪੰਜਾਬ ਦੀਆਂ ਮਿਊਂਸੀਪਲ ਚੋਣਾਂ ਤੇ ਹੁਣੇ ਜਿਹੇ ਸੰਪਨ ਹੋਏ ਦਿੱਲੀ ਐੱਮ ਸੀ ਡੀ ਦੇ ਬਾਈ ਇਲੈਕਸ਼ਨਾਂ ਵਿੱਚ ਭਾਜਪਾ ਦਾ ਜਿਸ ਤਰ੍ਹਾਂ ਸੂਪੜਾ ਸਾਫ ਹੋਇਆ ਹੈ, ਉਸ ਤੋਂ ਪਾਰਟੀ ਪ੍ਰਤੀ ਜਨਤਾ ਵਿੱਚ ਪਾਏ ਜਾ ਰਹੇ ਰੋਸੇ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈਜੇ ਡਿਗ ਰਹੀ ਸਾਖ ਨੂੰ ਭਾਜਪਾ ਬਚਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਰਕਾਰ ਦੁਆਰਾ ਬਣਾਈਆਂ ਨੀਤੀਆਂ ’ਤੇ ਮੁੜ ਵਿਚਾਰ ਕਰੇ ਅਤੇ ਚਿੰਤਨ ਕਰਨ ਉਪਰੰਤ ਇਨ੍ਹਾਂ ਵਿਚਲੀਆਂ ਊਣਤਾਈਆਂ ਨੂੰ ਪਹਿਲ ਦੇ ਆਧਾਰ ’ਤੇ ਦੂਰ ਕਰੇ ਅਤੇ ਲੋਕਾਂ ਦੀ ਜ਼ਿੰਦਗੀ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਫੌਰਨ ਦੂਰ ਕਰਨ ਲਈ ਕੋਈ ਠੋਸ ਕਦਮ ਚੁੱਕੇਨਹੀਂ ਤਾਂ ਹਾਕਮ ਜਮਾਤ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਲੋਕਤੰਤਰਿਕ ਪ੍ਰਣਾਲੀ ਵਿੱਚ ਜੇਕਰ ਲੋਕ ਕਿਸੇ ਨੂੰ ਫਰਸ਼ ਤੋਂ ਅਰਸ਼ ’ਤੇ ਲੈ ਜਾ ਸਕਦੇ ਹਨ ਤਾਂ ਉਹੀ ਲੋਕ ਜੇ ਆਪਣੀ ਆਈ ਉੱਤੇ ਆ ਜਾਣ ਤਾਂ ਅਰਸ਼ ਤੋਂ ਫਰਸ਼ ’ਤੇ ਵੀ ਲਿਆ ਸਕਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2640)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author