MohdAbbasDhaliwal7ਸਾਹਿਰ ਨੇ ਫਿਲਮਾਂ ਦੇ ਹਿੱਟ ਗੀਤ ਲਿਖ ਕੇ ਨਾਮਾ ਤੇ ਨਾਮਣਾ ਦੋਨੋਂ ਖੱਟੇ ਆਪਣੇ ਵੇਲੇ ...
(8 ਮਾਰਚ 2021)
(ਸ਼ਬਦ: 1180)


SahirLudhianvi1ਪ੍ਰਗਤੀਵਾਦੀ ਸ਼ਾਇਰ ਤੇ ਹਿੰਦੀ ਫਿਲਮਾਂ ਦੇ ਗੀਤਕਾਰ ਸਾਹਿਰ ਲੁਧਿਆਣਵੀ ਦਾ ਜਨਮ 8 ਮਾਰਚ 1921 ਨੂੰ ਪੰਜਾਬ ਦੇ ਸ਼ਹਿਰ ਲੁਧਿਆਣਾ ਵਿਖੇ ਇੱਕ ਵੱਡੇ ਜਾਗੀਰਦਾਰ ਚੌਧਰੀ ਫਜ਼ਲ ਮੁਹੰਮਦ ਦੀ ਬੀਵੀ ਸਰਦਾਰ ਬੇਗ਼ਮ ਦੀ ਕੁੱਖੋਂ ਹੋਇਆ
 (ਸਾਹਿਰ ਦਾ ਅਸਲ ਨਾਂ ਅਬਦੁਲ ਹੱਈ ਸੀ ਤੇ ਸ਼ਾਇਰੀ ਵਿੱਚ ਤਖਲੱਸ ਦੇ ਰੂਪ ਸਾਹਿਰ ਇਸਤੇਮਾਲ ਕਰਦੇ ਸਨ) ਸਾਹਿਰ ਹੁਰਾਂ ਦੇ ਮਾਤਾ ਪਿਤਾ ਵਿਚਕਾਰ ਰਿਸ਼ਤੇ ਸੁਖਾਵੇਂ ਨਹੀਂ ਸਨ ਜਿਸਦੇ ਨਤੀਜੇ ਵਜੋਂ ਉਹ ਇੱਕ ਦੂਜੇ ਨਾਲੋਂ ਅਲੱਗ ਰਹਿਣ ਲੱਗੇ ਸਨ ਤੇ ਸਾਹਿਰ ਆਪਣੀ ਮਾਤਾ ਨਾਲ ਰਹਿੰਦੇ ਸਨ ਉਨ੍ਹਾਂ ਨੇ ਆਪਣੀ ਮਾਤਾ ਨੂੰ ਦੁੱਖਾਂ ਅਤੇ ਤੰਗੀਆਂ ਤੁਰਸ਼ੀਆਂ ਵਿੱਚ ਜ਼ਿੰਦਗੀ ਬਸਰ ਕਰਦਿਆਂ ਵੇਖਿਆ ਜਿਸਦਾ ਅੱਗੇ ਚੱਲ ਕੇ ਉਨ੍ਹਾਂ ਦੀ ਜ਼ਿੰਦਗੀ ਉੱਤੇ ਡੂੰਘਾ ਅਸਰ ਪਿਆ ਇਸਦੀ ਝਲਕ ਉਨ੍ਹਾਂ ਦੀ ਕਵਿਤਾਵਾਂ ਵਿੱਚ ਥਾਂ ਥਾਂ ਸਹਿਜੇ ਹੀ ਵੇਖੀ ਜਾ ਸਕਦੀ ਹੈ ਇੱਕ ਥਾਂ ਖੁਦ ਆਖਦੇ ਹਨ:

ਦੁਨੀਆਂ ਨੇ ਤਜਰਬਾਤ-ਓ-ਹਵਾਦਿਸ ਕੀ ਸ਼ਕਲ ਮੇਂ
ਜੋ ਕੁਛ ਮੁਝੇ ਦੀਆਂ ਵੋਹ ਲੌਟਾ ਰਹਾ ਹੂੰ ਮੈਂ

ਸਾਹਿਰ ਨੇ ਦਸਵੀਂ ਜਮਾਤ ਦਾ ਇਮਤਿਹਾਨ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਤੋਂ 1937 ਵਿੱਚ ਪਾਸ ਕੀਤਾ ਫਿਰ ਉਹ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ, ਲੁਧਿਆਣਾ ਵਿੱਚ ਦਾਖਲ ਹੋ ਗਿਆ ਕਾਲਜ ਵਿੱਚ ਆਪਣੀ ਸ਼ਾਇਰੀ ਲਈ ਉਹ ਬਹੁਤ ਮਸ਼ਹੂਰ ਸੀ ਪਹਿਲੇ ਸਾਲ ਹੀ ਉਸ ਨੂੰ ਆਪਣੀ ਜਮਾਤਣ ਕੁੜੀ ਨਾਲ ਪ੍ਰਿੰਸੀਪਲ ਦੇ ਲਾਨ ਵਿੱਚ ਬੈਠਣ ਕਰਕੇ ਕਾਲਜ ਵਿੱਚੋਂ ਕੱਢ ਦਿੱਤਾ ਸੀ (ਇੱਥੇ ਜ਼ਿਕਰਯੋਗ ਹੈ ਕਿ ਜਿਸ ਕਾਲਜ ਨੇ ਸਾਹਿਰ ਨੂੰ ਕੱਢਿਆ ਸੀ ਉਸੇ ਕਾਲਜ ਨੇ ਉਨ੍ਹਾਂ ਨੂੰ ਜਦੋਂ ਉਹ ਇੱਕ ਸ਼ਾਇਰ ਵਜੋਂ ਦੁਨੀਆ ਭਰ ਵਿੱਚ ਮਸ਼ਹੂਰ ਹੋ ਗਏ ਤਾਂ ਆਪਣੇ ਡਿਗਰੀ ਵੰਡ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਬੁਲਾਇਆ ਸੀ।)

ਇਸ ਉਪਰੰਤ ਲਾਹੌਰ ਜਾ ਕੇ ਸਾਹਿਰ ਦਿਆਲ ਸਿੰਘ ਕਾਲਜ ਵਿੱਚ ਦਾਖਲ ਹੋ ਗਏ ਪਰ ਉੱਥੋਂ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਇਨਕਲਾਬੀ ਸ਼ਾਇਰੀ ਦੇ ਚੱਲਦਿਆਂ ਕੱਢ ਦਿੱਤਾ ਗਿਆ ਇਸ ਉਪਰੰਤ ਉਹ ਇਸਲਾਮੀਆ ਕਾਲਜ, ਲਾਹੌਰ ਵਿੱਚ ਦਾਖਲ ਹੋ ਗਏ ਇੱਥੇ ਜ਼ਿਕਰਯੋਗ ਹੈ ਕਿ ਸਾਹਿਰ ਇਸਲਾਮਿਕ ਪਾਕਿਸਤਾਨ ਦੀ ਬਜਾਏ ਸੈਕੂਲਰ ਭਾਰਤ ਚਾਹੁੰਦੇ ਸਨ ਉਹ ਪਹਿਲਾਂ ਪਾਕਿਸਤਾਨ ਚਲੇ ਗਏ, ਬਾਅਦ ਵਿੱਚ ਭਾਰਤ ਆ ਗਏ। ਪਰ ਇੱਥੋਂ ਦੇ ਹਾਲਾਤ ਦੇਖ ਕੇ ਫਿਰ ਪਾਕਿਸਤਾਨ ਚਲੇ ਗਏ

1944 ਵਿੱਚ ਸਾਹਿਰ ਦੀ ਕਿਤਾਬ ‘ਤਲਖ਼ੀਆਂ’ ਛਪੀ ਤਾਂ ਉਹ ਰਾਤੋ-ਰਾਤ ਸਟਾਰ ਬਣ ਗਏ ਉਨ੍ਹਾਂ ਸਮਿਆਂ ਵਿੱਚ ਅੰਮ੍ਰਿਤਾ ਪ੍ਰੀਤਮ ਵੀ ਲਾਹੌਰ ਹੀ ਰਹਿੰਦੀ ਸੀ ਉਹ ਸਾਹਿਰ ’ਤੇ ਫਿਦਾ ਸੀ ਆਪਣੇ ਤੇ ਸਾਹਿਰ ਵਿਚਕਾਰ ਇਸ਼ਕ ਦੀ ਕਹਾਣੀ ਦਾ ਜ਼ਿਕਰ ਅੰਮ੍ਰਿਤਾ ਪ੍ਰੀਤਮ ਨੇ ਬੜੀ ਬੇਬਾਕੀ ਨਾਲ ਆਪਣੀ ਸਵੈ-ਜੀਵਨੀ ‘ਰਸੀਦੀ ਟਿਕਟ’ ਵਿੱਚ ਕੀਤਾ ਹੈ ਇਸਦਾ ਜ਼ਿਕਰ ‘ਇੱਕ ਸੀ ਅਨੀਤਾ’ ਵਿੱਚ ਵੀ ਲਿਖਿਆ ਹੈ ‘ਸੁਨੇਹੜੇ’ ਜਿਸ ’ਤੇ ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ, ਦੀਆਂ ਤਕਰੀਬਨ ਸਾਰੀਆਂ ਨਜ਼ਮਾਂ ਸਾਹਿਰ ਨੂੰ ਹੀ ਮੁਖ਼ਾਤਿਬ ਹਨ ਇਸੇ ਤਰ੍ਹਾਂ ਸਾਹਿਰ ਦੇ ਕਾਵਿ ਸੰਗ੍ਰਹਿ ‘ਤਲਖ਼ੀਆਂ’ ਵਿੱਚ ‘ਮਾਦਾਮ’, ‘ਮਤਾਆਏ ਗ਼ੈਰ’, ‘ਏਕ ਤਸਵੀਰ-ਏ-ਰੰਗ’ ਆਦਿ ਨਜ਼ਮਾਂ ਵਿੱਚ ਅੰਮ੍ਰਿਤਾ ਪ੍ਰੀਤਮ ਦੀ ਝਲਕ ਦਿਖਾਈ ਦਿੰਦੀ ਹੈ

ਲਾਹੌਰ ਤੋਂ ਸਾਹਿਰ ਫਿਲਮੀ ਦੁਨੀਆ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਮੁੰਬਈ ਆ ਗਿਆ ਜਿੱਥੇ ਪਹਿਲਾਂ ਉਸ ਦੇ ਪੈਰ ਨਾ ਜੰਮੇ ਕਾਫੀ ਸੰਘਰਸ਼ ਪਿੱਛੋਂ 1950 ਵਿੱਚ ਰੀਲੀਜ਼ ਹੋਈ ਫਿਲਮ ‘ਬਾਜ਼ੀ’ ਦੀ ਕਾਮਯਾਬੀ ਨੇ ਸਾਹਿਰ ਨੂੰ ਫਿਲਮੀ ਨਗ਼ਮਾ ਨਿਗਾਰੀ ਵਿੱਚ ਉਸੇ ਤਰ੍ਹਾਂ ਮਸ਼ਹੂਰ ਕਰ ਦਿੱਤਾ ਜਿਸ ਤਰ੍ਹਾਂ ‘ਤਲਖ਼ੀਆਂ’ ਨੇ ਸਾਹਿਤਕ ਖੇਤਰ ਵਿੱਚ ਕੀਤਾ ਸੀ

ਸਾਹਿਰ ਨੇ ਫਿਲਮਾਂ ਦੇ ਹਿੱਟ ਗੀਤ ਲਿਖ ਕੇ ਨਾਮਾ ਤੇ ਨਾਮਣਾ ਦੋਨੋਂ ਖੱਟੇ ਆਪਣੇ ਵੇਲੇ ਦਾ ਉਹ ਸਭ ਤੋਂ ਵੱਧ ਪੈਸੇ ਕਮਾਉਣ ਵਾਲਾ ਨਗ਼ਮਾ ਨਿਗਾਰ ਸੀ ਫਿਲਮ ਰਾਈਟਰਜ਼ ਐਸੋਸੀਏਸ਼ਨ ਦਾ ਬਿਨਾਂ ਮੁਕਾਬਲਾ ਪ੍ਰਧਾਨ ਵੀ ਬਣਿਆ ਇਸ ਪਦਵੀ ’ਤੇ ਹੁੰਦਿਆਂ ਉਸ ਨੇ ਨਗ਼ਮਾਂ ਨਿਗਾਰਾਂ ਨੂੰ ਫਿਲਮੀ ਦੁਨੀਆ ਅਤੇ ਰੇਡੀਓ ਵਿੱਚ ਬੜੀ ਸਤਿਕਾਰ ਵਾਲੀ ਥਾਂ ਦਿਵਾਈ ਜਿਵੇਂ ਫਿਲਮ ਦੀ ਕਾਸਟ ਦਿਖਾਉਣ ਵੇਲੇ ਨਗ਼ਮਾ ਨਿਗਾਰ ਦਾ ਨਾਂ ਸੰਗੀਤਕਾਰ ਤੋਂ ਪਹਿਲਾਂ ਆਵੇ, ਰੇਡੀਓ ’ਤੇ ਫ਼ਰਮਾਇਸ਼ੀ ਪ੍ਰੋਗਰਾਮ ਵਿੱਚ ਨਗ਼ਮਾ ਨਿਗਾਰ ਦਾ ਨਾਂ ਵੀ ਦੱਸਿਆ ਜਾਵੇ ਇਸੇ ਤਰ੍ਹਾਂ ਗਰਾਮੋਫ਼ੋਨ ਕੰਪਨੀਆਂ ਨੂੰ ਰਿਕਾਰਡਾਂ ’ਤੇ ਨਗ਼ਮਾਂ ਨਿਗਾਰਾਂ ਦਾ ਨਾਂ ਵੀ ਦੇਣ ਲਈ ਮਜਬੂਰ ਕੀਤਾ ਇੱਕ ਸੰਗੀਤ ਡਾਇਰੈਕਟਰ ਨੇ ਮੇਹਣਾ ਮਾਰਿਆ ਕਿ ਸਾਹਿਰ ਦੇ ਗਾਣੇ ਇਸ ਕਰਕੇ ਮਸ਼ਹੂਰ ਹਨ ਕਿਉਂਕਿ ਉਨ੍ਹਾਂ ਨੂੰ ਲਤਾ ਗਾਉਂਦੀ ਹੈ ਸਾਹਿਰ ਬੜਾ ਅਣਖੀ ਸੀ ਉਸ ਨੇ ਸ਼ਰਤ ਰੱਖੀ ਕਿ ਦੋ ਸਾਲ ਉਹ ਸਿਰਫ਼ ਉਸ ਫਿਲਮ ਲਈ ਗਾਣੇ ਲਿਖੇਗਾ, ਜਿਸ ਵਿੱਚ ਲਤਾ ਤੋਂ ਨਾ ਗਵਾਏ ਜਾਣ ਸਾਹਿਰ ਦੀ ਲਤਾ ਬਾਰੇ ਸਭ ਤੋਂ ਮਸ਼ਹੂਰ ਨਜ਼ਮ ਹੈ ‘ਤੇਰੀ ਆਵਾਜ਼’

ਸ਼ਾਇਰੀ ਦਾ ਸ਼ੌਕ ਸਾਹਿਰ ਨੂੰ ਸਕੂਲ ਵਿੱਚ ਹੀ ਸੀ ਕਾਲਜ ਦੇ ਸਾਹਿਤਕ ਮਾਹੌਲ ਵਿੱਚ ਇਸ ਵਿੱਚ ਚੋਖਾ ਨਿਖਾਰ ਆਇਆ ਉਹ ਸਾਹਿਰ ਕਿਵੇਂ ਬਣਿਆ? ਅਲਾਮਾ ਇਕਬਾਲ ਦੇ ਹਜ਼ਰਤ ਦਾਗ਼ ਬਾਰੇ ਲਿਖੇ ਮਰਸੀਏ ਦਾ ਜਦ ਉਸ ਨੇ ਇਹ ਸ਼ਿਅਰ ਪੜ੍ਹਿਆ ‘ਇਸ ਚਮਨ ਮੇਂ ਹੋਂਗੇ ਪੈਦਾ ਬੁਲਬੁਲ-ਏ-ਸ਼ਿਰਾਜ਼ ਭੀ ਸੈਂਕੜੋਂ ਸਾਹਿਰ ਭੀ ਹੋਂਗੇ ਸਾਹਿਬ-ਏ-ਇਜਾਜ਼ ਭੀ’ ਤਾਂ ਉਸ ਨੇ ਆਪਣਾ ਤਖੱਲਸ ‘ਸਾਹਿਰ’ ਰੱਖ ਲਿਆ ਉਨ੍ਹਾਂ ਦਾ ਤਖੱਲਸ ਉਨ੍ਹਾਂ ਦੀ ਸ਼ਖ਼ਸੀਅਤ ’ਤੇ ਪੂਰਾ ਢੁੱਕਦਾ ਸੀ ਸਾਹਿਰ ਹਰ ਮੁਸ਼ਾਇਰੇ ਵਿੱਚ ਖਿੱਚ ਦਾ ਕੇਂਦਰ ਹੋਇਆ ਕਰਦੇ ਸਨ। ਉਨ੍ਹਾਂ ਦੀਆਂ ਰੁਮਾਂਚਕ ਨਜ਼ਮਾਂ ਨੌਜਵਾਨ ਦਿਲਾਂ ਦੀ ਧੜਕਣਾਂ ਦੀ ਤਰਜ਼ਮਾਨੀ ਕਰਦੀਆਂ ਸਨ ਇਹੋ ਵਜ੍ਹਾ ਹੈ ਕਿ ਉਹ ਨੌਜਵਾਨ ਮੁੰਡਿਆਂ-ਕੁੜੀਆਂ ਵਿੱਚ ਬੇਹੱਦ ਹਰਮਨ ਪਿਆਰੇ ਸਨ ਇੱਥੇ ਜ਼ਿਕਰਯੋਗ ਹੈ ਕਿ ਸਾਹਿਰ ਦੇ ਸਾਰੇ ਇਸ਼ਕ ਜਜ਼ਬਾਤੀ ਕਿਸਮ ਦੇ ਰਹੇ ਉਨ੍ਹਾਂ ਨਾ ਇਨ੍ਹਾਂ ਨੂੰ ਸਰੀਰਕ ਸਬੰਧਾਂ ਵਿੱਚ ਅਤੇ ਨਾ ਹੀ ਸ਼ਾਦੀ ਦੇ ਰਿਸ਼ਤੇ ਵਿੱਚ ਬਦਲਿਆ ਬਲਕਿ ਇਨ੍ਹਾਂ ਤੋਂ ਸਿਰਫ਼ ਆਪਣੀ ਸ਼ਾਇਰੀ ਲਈ ਹੀ ਪ੍ਰੇਰਣਾ ਲਈ ਭਾਵੇਂ ਸਾਹਿਰ ਨੇ ਕੁਝ ਗ਼ਜ਼ਲਾਂ ਵੀ ਲਿਖੀਆਂ ਪਰ ਉਸ ਦੀ ਪਛਾਣ ਨਜ਼ਮ ਦੇ ਸ਼ਾਇਰ ਵਜੋਂ ਹੀ ਹੋਈ ਉਸ ਦੀਆਂ ਨਜ਼ਮਾਂ ਦਾ ਪੱਧਰ ਬਹੁਤ ਉੱਚਾ ਹੈ ਬਹੁਤੀਆਂ ਰੁਮਾਂਸ ਦੀ ਚਾਸ਼ਨੀ ਵਿੱਚ ਲਬਰੇਜ਼ ਹਨ ਜਦਕਿ ਕੁਝ ਕੁ ਵਿੱਚ ਇਨਕਲਾਬੀ ਰੰਗ ਦੀ ਝਲਕ ਮਿਲਦੀ ਹੈ ਉਨ੍ਹਾਂ ਦੀ ਨਜ਼ਮ ‘ਪਰਛਾਈਆਂ’ ਅਮਨ ਬਾਰੇ ਹੈ ਉਨ੍ਹਾਂ ਦੀ ਨਜ਼ਮ ‘ਐ ਸ਼ਰੀਫ ਇਨਸਾਨੋਂ’ ਵਿਸ਼ੇਸ਼ ਤੌਰ ’ਤੇ ‘ਤਾਜ ਮਹਿਲ’ ਇੱਕ ਸ਼ਾਹਕਾਰ ਰਚਨਾ ਹੈ ਉਨ੍ਹਾਂ ਦੇ ਇੱਕ ਗੀਤ ਦੀਆਂ ਕੁਝ ਪੰਕਤੀਆਂ ਵੇਖੋ:

ਚਲੋ ਇੱਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋਂ।
ਤੁਮੇਂ ਭੀ ਕੋਈ ਉਲਝਨ ਰੋਕਤੀ ਹੈ ਪੇਸ਼ਕਦਮੀ ਸੇ,
ਮੁਝੇ ਭੀ ਲੋਗ ਕਹਿਤੇ ਹੈਂ ਕਿ ਯਹ ਜਲਵੇ ਪਰਾਏ ਹੈਂ।
ਮੇਰੇ ਹਮਰਾਹ ਭੀ ਰੁਸਵਾਈਆਂ ਹੈਂ ਮੇਰੇ ਮਾਜ਼ੀ ਕੀ,
ਤੁਮਹਾਰੇ ਸਾਥ ਭੀ ਗੁਜ਼ਰੀ ਹੂਈ ਰਾਤੋਂ ਕੇ ਸਾਏ ਹੈਂ

ਜੇਕਰ ਸਾਹਿਰ ਦੇ ਫਿਲਮੀ ਗੀਤਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਗਿਣਤੀ ਸੈਕੜਿਆਂ ਵਿੱਚ ਹੈ ਉਨ੍ਹਾਂ ਫਿਲਮੀ ਗੀਤਾਂ ਨੂੰ ਤੁਕਬੰਦੀ ਤੋਂ ਆਜ਼ਾਦੀ ਦਿਵਾਉਂਦਿਆਂ ਹਕੀਕੀ ਰੂਪ ਸ਼ਾਇਰੀ ਦਾ ਜਾਮਾ ਪਹਿਨਾਇਆ ਆਓ ਹੁਣ ਸਾਹਿਰ ਦੇ ਉਸ ਗੀਤ ਨੂੰ ਵੇਖਦੇ ਹਾਂ ਜਿਸ ਵਿੱਚ ਸਾਹਿਰ ਨੇ ਇਸ ਪੁਰਸ਼ ਪ੍ਰਧਾਨ ਸਮਾਜ ਵਿੱਚ ਇਸਤਰੀ ਦੀ ਜ਼ਿੰਦਗੀ ਦੇ ਦੁਖਾਂਤ ਨੂੰ ਬਹੁਤ ਹੀ ਬੇਬਾਕ ਅੰਦਾਜ਼ ਵਿੱਚ ਪੇਸ਼ ਕੀਤਾ ਹੈ:

ਔਰਤ ਨੇ ਜਨਮ ਦੀਆਂ ਮਰਦੋਂ ਕੋ,
ਮਰਦੋਂ ਨੇ ਉਸੇ ਬਾਜ਼ਾਰ ਦੀਆ

ਜਬ ਜੀ ਚਾਹਾ ਮਸਲਾ, ਖੇਲਾ,
ਜਬ ਜੀ ਚਾਹਾ ਧਿੱਕਾਰ ਦੀਆਂ

ਤੁਲਤੀ ਹੈ ਕਹੀਂ ਦੀਨਾਰੋਂ ਮੇਂ,
ਬਿਕਤੀ ਹੈ ਕਹੀਂ ਬਾਜ਼ਾਰੋਂ ਮੇਂ

ਨੰਗੀ ਨਚਵਾਈ ਜਾਤੀ ਹੈ,
ਅਯਾਸ਼ੋਂ ਕੇ ਦਰਬਾਰੋਂ ਮੇਂ

ਯੇ ਵੋਹ ਬੇਇੱਜ਼ਤ ਚੀਜ਼ ਹੈ ਜੋ,
ਬੰਟ ਜਾਤੀ ਹੈ ਇੱਜ਼ਤਦਾਰੋਂ ਮੇਂ

ਸਾਹਿਰ ਨੇ ਲਾਹੌਰ ਵਿੱਚ ਚਾਰ ਉਰਦੂ ਪੱਤਰਕਾਵਾਂ ਦਾ ਸੰਪਾਦਨ (1948 ਤੱਕ) ਕੀਤਾ ਅਤੇ ਮੁੰਬਈ (1949 ਦੇ ਬਾਅਦ) ਉਨ੍ਹਾਂ ਦੀ ਕਰਮਭੂਮੀ ਰਹੀ

ਸਾਹਿਰ ਨੂੰ 1958 ਫਿਲਮ ਫੇਅਰ ਅਵਾਰਡ ਲਈ ਨੋਮੀਨੇਟਡ ਕੀਤਾ ਗਿਆ ਇਸ ਗੀਤ ਦੇ ਬੋਲ ਸਨ “ਔਰਤ ਨੇ ਜਨਮ ਦੀਆ ਮਰਦੋਂ ਕੋ’ ਫਿਲਮ ‘ਸਾਧਨਾ’ ਜਦੋਂ ਕਿ ਉਨ੍ਹਾਂ ਨੂੰ 1964 ਫਿਲਮ ਫੇਅਰ ਦਾ ਵਧੀਆ ਗੀਤਕਾਰ ਦਾ ਇਨਾਮ “ਜੋ ਵਾਅਦਾ ਕੀਆ’ ਫਿਲਮ ‘ਤਾਜ ਮਹਿਲ’ ਲਈ ਮਿਲਿਆ।

ਸਾਹਿਰ ਨੇ 1977 ਵਿੱਚ ਫਿਲਮ ਫੇਅਰ ਦੇ ਵਧੀਆ ਗੀਤਕਾਰ ਵਜੋਂ ਫਿਲਮ ‘ਕਭੀ ਕਭੀ’ ਲਈ ਲਿਖੇ ਗੀਤ ‘ਕਭੀ ਕਭੀ ਮੇਰੇ ਦਿਲ ਮੇਂ ਖ਼ਿਆਲ ਆਤਾ ਹੈ’ ਲਈ ਇਨਾਮ ਹਾਸਲ ਕੀਤਾ

ਇਸ ਤਰ੍ਹਾਂ ਆਪਣੇ ਫਿਲਮੀ ਕੈਰੀਅਰ ਦੌਰਾਨ ਸਾਹਿਰ ਨੇ ਦੋ ਵਾਰ ਫਿਲਮਫੇਅਰ ਅਵਾਰਡ (1964 ਅਤੇ 1977 ਵਿੱਚ) ਹਾਸਲ ਕੀਤਾ ਜਦੋਂ ਕਿ 1971 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਉਨ੍ਹਾਂ ਦੇ ਮਰਨ ਉਪਰੰਤ ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਪ੍ਰਣਾਬ ਮੁਖਰਜੀ ਨੇ 8 ਮਾਰਚ 2013 ਨੂੰ ਰਾਸ਼ਟਰਪਤੀ ਭਵਨ ਵਿਖੇ ਉਸ ਦੀ ਜਨਮ ਸ਼ਤਾਬਦੀ ’ਤੇ ਯਾਦਗਾਰੀ ਸਟੈਂਪ ਜਾਰੀ ਕੀਤੀ ਸੀ।

ਸਾਹਿਰ ਦੀ ਮਾਂ ਜੋ ਉਨ੍ਹਾਂ ਨਾਲ ਸਾਰੀ ਉਮਰ ਰਹੀ, ਅਖੀਰ 1976 ਵਿੱਚ ਉਹ ਚੱਲ ਵਸੀ ਜਿਸਦੇ ਫਲਸਰੂਪ ਸਾਹਿਰ ਬੇਹੱਦ ਉਦਾਸ ਰਹਿਣ ਲੱਗੇ ਤੇ ਅਖੀਰ 25 ਅਕਤੂਬਰ 1980 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹ ਆਪ ਵੀ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2630)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅੱਬਾਸ ਧਾਲੀਵਾਲ

ਅੱਬਾਸ ਧਾਲੀਵਾਲ

Malerkotla, Sangrur, Punjab.
Phone: (91 - 98552 - 59650)
Email: (abbasdhaliwal72@gmai.com)

More articles from this author