“ਅਸੀਂ ਖੁਦ ਨੂੰ, ਆਪਣੇ ਪਰਿਵਾਰ ਨੂੰ, ਦੇਸ਼ ਨੂੰ ਅਤੇ ਸਮੁੱਚੀ ਦੁਨੀਆਂ ਦੇ ਭਲੇ ਨੂੰ ਮੱਦੇਨਜ਼ਰ ਰੱਖਦੇ ਹੋਏ ...”
(24 ਮਾਰਚ 2020)
ਅੱਜ ਕੋਰੋਨਾ ਵਾਇਰਸ ਦੀ ਦਹਿਸ਼ਤ ਨੇ ਪੂਰੀ ਦੁਨੀਆਂ ਵਿੱਚ ਇੱਕ ਵੱਡੇ ਖੌਫ ਓ ਹਰਾਸ ਦਾ ਭੂਚਾਲ ਲਿਆਂਦਾ ਪਿਆ ਹੈ। ਦਿਨੋਂ-ਦਿਨ ਇਸਦਾ ਵਧ ਰਿਹਾ ਫੈਲਾਅ ਸੰਸਾਰ ਦੇ ਸਾਰੇ ਦੇਸ਼ਾਂ ਨੂੰ ਲਗਾਤਾਰ ਆਪਣੀ ਲਪੇਟ ਵਿੱਚ ਲੈਂਦਾ ਜਾ ਰਿਹਾ ਹੈ ਅਤੇ ਨਾਲ ਹੀ ਸਮੁੱਚੀ ਮਾਨਵਤਾ ਨੂੰ ਗੰਭੀਰ ਚਿੰਤਾਵਾਂ ਦੀ ਦਲਦਲ ਵਿੱਚ ਧਕੇਲਦਾ ਜਾ ਰਿਹਾ ਹੈ।
ਇੱਕ ਰਿਪੋਰਟ ਮੁਤਾਬਕ ਹੁਣ ਤੱਕ ਇਸਦੀ ਲਪੇਟ ਵਿੱਚ ਦੁਨੀਆ ਦੇ ਕਰੀਬ 156 ਦੇਸ਼ ਆ ਚੁੱਕੇ ਹਨ। ਇੰਨਾ ਹੀ ਨਹੀਂ ਸਗੋਂ ਇਨ੍ਹਾਂ ਦੇਸ਼ਾਂ ਵਿੱਚ ਹੁਣ ਤੱਕ ਕਰੀਬ ਚਾਰ ਲੱਖ ਲੋਕ ਇਸ ਵਾਇਰਸ ਤੋਂ ਪ੍ਰਭਾਵਤ ਦੱਸੇ ਜਾ ਰਹੇ ਹਨ ਤੇ ਹਰ ਰੋਜ਼ ਇਨ੍ਹਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਜਦੋਂ ਕਿ ਇਸ ਤੋਂ ਪੀੜਤ ਲਗਭਗ 15 ਹਜ਼ਾਰ ਤੋਂ ਉੱਪਰ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਚੀਨ ਤੋਂ ਬਾਅਦ ਕਰੋਨਾ ਦੀ ਮਾਰ ਸਭ ਤੋਂ ਵੱਧ ਯੂਰਪ ਵਿੱਚ ਇਟਲੀ ਨੂੰ ਝੇਲਣੀ ਪੈ ਰਹੀ ਹੈ। ਜਿੱਥੇ ਰੋਜ਼ਾਨਾ ਸੈਂਕੜੇ ਲੋਕ ਆਪਣੀ ਜਾਨ ਗੁਆ ਰਹੇ ਹਨ। ਇੱਥੋਂ ਤਕ ਕਿ ਲਾਸ਼ਾਂ ਨੂੰ ਕਿਉਂਟਣ ਲਈ ਵੀ ਫੌਜ ਬੁਲਾਉਣੀ ਪੈ ਰਹੀ ਹੈ। ਇਟਲੀ ਦੇ ਪ੍ਰਧਾਨ ਮੰਤਰੀ ਨੇ ਭਰੀਆਂ ਅੱਖਾਂ ਨਾਲ ਇੱਥੋਂ ਤਕ ਕਹਿ ਦਿੱਤਾ ਕਿ ਹੁਣ ਸਾਡੇ ਹੱਥ ਖੜ੍ਹੇ ਹਨ, ਅਸੀਂ ਸਭ ਕੋਸ਼ਿਸ਼ਾਂ ਕੀਤੀਆਂ। ਸਾਨੂੰ ਇਸ ਮੁਸੀਬਤ ਤੋਂ ਰੱਬ ਹੀ ਬਚਾਅ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਇਟਲੀ ਉਹੋ ਮੁਲਕ ਹੈ ਜੋ ਪੂਰੇ ਵਿਸ਼ਵ ਵਿੱਚ ਆਪਣੇ ਨਾਗਰਿਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਮਾਮਲੇ ਵਿੱਚ ਦੂਜੇ ਨੰਬਰ ’ਤੇ ਆਉਂਦਾ ਹੈ ਜਦੋਂ ਕਿ ਭਾਰਤ 102 ਵੇਂ ਸਥਾਨ ’ਤੇ।
ਇਟਲੀ ਦੀ ਹਾਲਤ ਨੂੰ ਦੇਖਦੇ ਹੋਏ ਇੰਗਲੈਂਡ ਵੀ ਖੌਫਜ਼ਦਾ ਨਜ਼ਰ ਆ ਰਿਹਾ ਹੈ। ਇਸਦੇ ਨਾਲ ਹੀ ਦੁਨੀਆ ਦੀ ਸੁਪਰ ਪਾਵਰ ਕਹਾਉਣ ਵਾਲਾ ਅਮਰੀਕਾ ਵੀ ਕਰੋਨਾ-ਵਾਇਰਸ ਦੀ ਡਾਢੀ ਮਾਰ ਹੇਠ ਹੈ, ਜਿੱਥੇ 35 ਹਜ਼ਾਰ ਲੋਕ ਵਾਇਰਸ ਨਾਲ ਬਿਮਾਰ ਹਨ ਜਦੋਂ ਕਿ ਚਾਰ ਸੌ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਕਰੋਨਾ ਵਾਇਰਸ ਦੇ ਪ੍ਰਕੋਪ ਨੇ ਪੂਰੀ ਦੁਨੀਆ ਨੂੰ ਇੱਕ ਪ੍ਰਕਾਰ ਲੋਕਡਾਊਨ ਕਰ ਕੇ ਰੱਖ ਦਿੱਤਾ ਹੈ। ਸਾਡੇ ਦੇਸ਼ ਵਿੱਚ ਜਿੱਥੇ ਸੂਬਾ ਪੰਜਾਬ ਅੰਦਰ ਕਰਫਿਊ ਲਗਾ ਦਿੱਤਾ ਗਿਆ, ਉੱਥੇ ਹੀ ਮਹਾਰਾਸ਼ਟਰ ਵਿੱਚ ਵੀ ਕਰੋਨਾ ਵਾਇਰਸ ਕਾਰਨ ਕਰਫਿਊ ਲੱਗ ਗਿਆ ਹੈ। ਬਾਕੀ ਦੇਸ਼ ਦੇ ਕਰੀਬ ਵੱਡੇ ਹਿੱਸੇ ਵਿੱਚ ਵੀ ਲਾਕਡਾਊਨ ਕੀਤਾ ਗਿਆ ਹੈ। 31 ਮਾਰਚ ਤੱਕ ਰੇਲਵੇ ਸੇਵਾਵਾਂ ਅਤੇ ਬਾਹਰੀ ਤੇ ਘਰੇਲੂ ਹਵਾਈ ਉਡਾਣਾਂ ਵੀ ਫਿਲਹਾਲ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਸਿਰਫ ਕਾਰਗੋ ਜਹਾਜ਼ ਹੀ ਚੱਲਣਗੇ।
ਅਮਰੀਕਾ ਅਤੇ ਚੀਨ, ਜਿਨ੍ਹਾਂ ਦੇ ਵਿਚਕਾਰ ਪਿਛਲੇ ਲੰਮੇ ਸਮੇਂ ਤੋਂ ਪਹਿਲਾਂ ਟਰੇਡ ਵਾਰ ਚੱਲ ਰਿਹਾ ਸੀ, ਹੁਣ ਕਰੋਨਾ ਵਾਇਰਸ ਨੂੰ ਲੈ ਕੇ ਵੀ ਉਹੀਓ ਅਮਰੀਕਾ ਅਤੇ ਚੀਨ ਇੱਕ ਦੂਜੇ ਦੇ ਆਹਮੋ ਸਾਹਮਣੇ ਹਨ। ਜਿੱਥੇ ਅਮਰੀਕਾ ਇਸ ਨੂੰ ਚੀਨ ਦੇ ਵੂਹਾਨ ਤੋਂ ਫੈਲਣ ਵਾਲੀ ਮਹਾਮਾਰੀ ਆਖ ਰਿਹਾ ਹੈ ਅਤੇ ਇਸ ਸੰਬੰਧੀ ਟਰੰਪ ਦਾ ਕਹਿਣਾ ਹੈ ਕਿ ਚੀਨ ਨੇ ਕਰੋਨਾ-ਵਾਇਰਸ ਦੀ ਬੀਮਾਰੀ ਦਾ ਖੁਲਾਸਾ ਦੇਰ ਬਾਅਦ ਕੀਤਾ, ਜਿਸਦੇ ਮਾੜੇ ਨਤੀਜੇ ਅੱਜ ਦੁਨੀਆ ਨੂੰ ਭੁਗਤਣੇ ਪੈ ਰਹੇ ਹਨ। ਦੂਜੇ ਪਾਸੇ ਇੱਕ ਰਿਪੋਰਟ ਅਨੁਸਾਰ ਚੀਨੀ ਸਰਕਾਰ ਨੇ ਅਮਰੀਕਾ ’ਤੇ ਦੋਸ਼ ਲਗਾਇਆ ਹੈ ਕਿ ਅਮਰੀਕੀ ਆਰਮੀ ਕਰੋਨਾ ਵਾਇਰਸ ਨੂੰ ਚੀਨ ਦੇ ਵੂਹਾਨ ਲੈ ਕੇ ਆਈ ਸੀ। ਇਸ ਤੋਂ ਬਾਅਦ ਇਹ ਪੂਰੀ ਦੁਨੀਆ ਵਿੱਚ ਫੈਲ ਗਈ ਹੈ। ਇਸ ਸੰਦਰਭ ਵਿੱਚ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਅਨ ਨੇ ਟਵੀਟ ਕਰਦਿਆਂ ਕਿਹਾ ਕਿ ਵੂਹਾਨ ਵਿੱਚ ਕਰੋਨਾ ਵਾਇਰਸ ਫੈਲਾਉਣ ਦੇ ਲਈ ਅਮਰੀਕੀ ਸੈਨਾ ਜ਼ਿੰਮੇਦਾਰ ਹੋ ਸਕਦੀ ਹੈ, ਅਮਰੀਕਾ ਨੂੰ ਇਸ ਮਾਮਲੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਤੈਅ ਕਰਨੀਆਂ ਹੋਣਗੀਆਂ।
ਇਸਦੇ ਨਾਲ ਹੀ ਉਨ੍ਹਾਂ ਨੇ ਅਮਰੀਕਾ ਦੇ ਸੈਂਟਰ ਫਾਰ ਡਿਸੀਜ਼ ਕੰਟਰੋਲ ਦੇ ਨਿਰਦੇਸ਼ਕ ਰਾਬਰਟ ਰੈੱਡਫੀਲਡ ਦਾ ਇੱਕ ਵੀਡੀਓ ਵੀ ਟਵੀਟ ਕੀਤਾ ਹੈ ਜਿਸ ਵਿੱਚ ਕਥਿਤ ਤੌਰ ਉੱਤੇ ਪ੍ਰਮਾਣ ਰਹੇ ਹਨ ਕਿ ਫਲੂ ਵਿੱਚ ਕੁਝ ਅਮਰੀਕੀ ਮਰੇ ਸਨ ਪ੍ਰੰਤੂ ਮੌਤ ਤੋਂ ਬਾਅਦ ਪਤਾ ਚੱਲਿਆ ਕਿ ਉਹ ਕਰੋਨਾ ਸੰਕ੍ਰਮਿਤ ਸਨ।
ਲਿਜਿਅਨ ਝਾਓ ਨੇ ਇੱਕ ਹੋਰ ਟਵੀਟ ਵਿੱਚ ਕਈ ਸਵਾਲ ਉਠਾਏ ਹਨ ਜਿਵੇਂ ਕਿ ਅਮਰੀਕਾ ਵਿੱਚ ਕਿੰਨੇ ਲੋਕ ਸੰਕ੍ਰਮਿਤ ਹਨ ਕਿਹੜੇ ਕਿਹੜੇ ਹਸਪਤਾਲਾਂ ਵਿੱਚ ਵਿੱਚ ਭਰਤੀ ਹਨ। ਸਭ ਤੋਂ ਪਹਿਲਾਂ ਕਿਹੜਾ ਮਰੀਜ਼ ਹੋਇਆ। ਇਨ੍ਹਾਂ ਸਾਰੇ ਹੀ ਆਂਕੜਿਆਂ ਨੂੰ ਸਰਵਜਨਕ ਕੀਤਾ ਜਾਣਾ ਚਾਹੀਦਾ ਹੈ।
ਹੁਣ ਕਰੋਨਾ ਵਾਇਰਸ ਦੇ ਸਾਈਡ ਇਫੈਕਟ ਵੀ ਦੁਨੀਆ ਦੇ ਕੰਮਾਂ ਕਾਰਾਂ ’ਤੇ ਸਪਸ਼ਟ ਨਜ਼ਰ ਆਉਣ ਲੱਗੇ ਹਨ। ਦੁਨੀਆ ਵੱਡੇ ਵੱਡੇ ਦੇਸ਼ਾਂ ਸ਼ੇਅਰ ਬਜ਼ਾਰ ਨਿੱਤ ਨਵੀਂਆਂ ਗਿਰਾਵਟਾਂ ਨੂੰ ਦਰਜ ਕਰਦੇ ਨਜ਼ਰ ਆ ਰਹੇ ਹਨ। ਭਾਰਤੀ ਅਰਥ-ਵਿਵਸਥਾ ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਮੰਦੀ ਨਾਲ ਜੂਝ ਰਹੀ ਹੈ, ਅਜਿਹੇ ਹਾਲਾਤ ਵਿੱਚ ਹੋਰ ਵਧੇਰੇ ਮੰਦਹਾਲੀ ਦਾ ਸ਼ਿਕਾਰ ਹੋਈ ਨਜ਼ਰ ਆ ਰਹੀ ਹੈ। ਇੱਕ ਰਿਪੋਰਟ ਅਨੁਸਾਰ ਸੰਯੁਕਤ ਰਾਸ਼ਟਰ ਦੀ ਕਾਨਫਰੰਸ ਆਨ ਟਰੇਡਿੰਗ ਡਿਵੈਲਪਮੈਂਟ ਦਾ ਆਖਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਪ੍ਰਭਾਵਤ ਹੋਣ ਵਾਲੀਆਂ ਵਿਸ਼ਵ ਦੀਆਂ 15 ਵੱਡੀਆਂ ਅਰਥ-ਵਿਵਸਥਾਵਾਂ ਵਿੱਚੋਂ ਇੱਕ ਭਾਰਤ ਵੀ ਹੈ। ਕਿਉਂਕਿ ਚੀਨ ਵਿੱਚ ਕਰੋਨਾ ਵਾਇਰਸ ਦੇ ਚੱਲਦਿਆਂ ਉਤਪਾਦਨ ਵਿੱਚ ਭਾਰੀ ਕਮੀ ਆਈ ਹੈ, ਉਸ ਦਾ ਅਸਰ ਭਾਰਤ ਦੇ ਵਪਾਰ ਉੱਤੇ ਵੀ ਪੈ ਰਿਹਾ ਹੈ। ਇੱਕ ਅੰਦਾਜ਼ੇ ਮੁਤਾਬਿਕ ਭਾਰਤ ਦੀ ਅਰਥ-ਵਿਵਸਥਾ ਨੂੰ ਇਸ ਉਕਤ ਬੁਹਰਾਨ ਦੇ ਕਾਰਨ ਕਰੀਬ 34.8 ਕਰੋੜ ਡਾਲਰ ਦਾ ਨੁਕਸਾਨ ਬਰਦਾਸ਼ਤ ਕਰਨਾ ਪੈ ਸਕਦਾ ਹੈ।
ਉੱਧਰ ਯੂਰਪ ਦੇ ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ ਭਾਵ (ਓ ਈ ਸੀ ਡੀ) ਨੇ 2020-21 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ 1.1 ਫ਼ੀਸਦੀ ਘਟਾ ਦਿੱਤਾ ਹੈ। ਓ ਈ ਸੀ ਡੀ ਨੇ ਪਹਿਲਾਂ ਅਨੁਮਾਨ ਸੀ ਕਿ ਭਾਰਤ ਦੀ ਵਿਕਾਸ ਦਰ 6.2 ਫ਼ੀਸਦੀ ਰਹੇਗੀ, ਪਰ ਹੁਣ ਉਸ ਨੇ ਇਸ ਨੂੰ ਘੱਟ ਕਰਕੇ 5.1 ਫ਼ੀਸਦੀ ਕਰ ਦਿੱਤਾ ਹੈ।
ਇਸ ਸਮੇਂ ਕਰੋਨਾ ਵਾਇਰਸ ਦੇ ਡਰ ਦਾ ਮਾਹੌਲ ਲੋਕਾਂ ਦੇ ਮੰਨਾ ’ਤੇ ਇਸ ਕਦਰ ਹਾਵੀ ਹੈ ਕਿ ਉਹ ਆਪਣੇ ਪਾਸ ਦਵਾਈਆਂ, ਮਾਸਕ ਤੇ ਸੈਨੇਟਾਈਜ਼ਰ ਜਮ੍ਹਾਂ ਕਰਨ ਲੱਗ ਪਏ ਹਨ। ਰਿਪੋਰਟਾਂ ਅਨੁਸਾਰ ਮੈਡੀਕਲ ਸਟੋਰਾਂ ਉੱਤੇ ਦਵਾਈਆਂ ਦੀ ਕਮੀ ਹੋ ਰਹੀ ਹੈ। ਵੱਡੇ ਵੱਡੇ ਸ਼ਹਿਰਾਂ ਦੇ ਕੈਮਿਸਟ ਦਵਾਈਆਂ, ਮਾਸਕ ਤੇ ਸੈਨੇਟਾਈਜ਼ਰ ਦੇ ਆਰਡਰ ਦੇ ਰਹੇ ਹਨ, ਪਰ ਦੂਜੇ ਪਾਸੇ ਮਾਲ ਨਹੀਂ ਮਿਲ ਰਿਹਾ।
ਇਹ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਅੱਜ ਮਾਰਕੀਟ ਵਿੱਚ ਮਾਸਕ ਅਸਲ ਕੀਮਤ ਨਾਲੋਂ ਤਿੰਨ ਗੁਣਾ ਵਧੇਰੇ ਕੀਮਤ ਉੱਤੇ ਵਿਕ ਰਹੇ ਹਨ। ਇੱਕ ਹੋਰ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਆਨਲਾਈਨ ਥੋਕ ਕਾਰੋਬਾਰ ਕਰਨ ਵਾਲੀ ਕੰਪਨੀ ਟਰੇਡ ਇੰਡੀਆ ਡਾਟ ਕਾਮ ਮੁਤਾਬਕ ਪਿਛਲੇ ਤਿੰਨ ਮਹੀਨਿਆਂ ਦੌਰਾਨ ਮਾਸਕ ਤੇ ਸੈਨੇਟਾਈਜ਼ਰ ਦੀ ਮੰਗ ਵਿੱਚ 316 ਫ਼ੀਸਦੀ ਦਾ ਵਾਧਾ ਹੋ ਚੁੱਕਾ ਹੈ ਅਤੇ ਲਗਾਤਾਰ ਵਧ ਰਿਹਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਭਾਰਤ ਜੈਨੇਰਿਕ ਦਵਾਈਆਂ ਦਾ ਦੁਨੀਆ ਵਿੱਚ ਸਭ ਤੋਂ ਵੱਡਾ ਸਪਲਾਇਰ ਹੈ। ਚੀਨ ਵਿੱਚ ਉਤਪਾਦਨ ਬੰਦ ਹੋਣ ਕਾਰਨ ਭਾਰਤ ਨੇ ਕੁਝ ਦਵਾਈਆਂ ਦੇ ਨਿਰਯਾਤ ਉੱਤੇ ਪਾਬੰਦੀ ਲੱਗਾ ਦਿੱਤੀ ਹੈ, ਤਾਂ ਜੋ ਘਰੇਲੂ ਮੰਗ ਦੀ ਪੂਰਤੀ ਨੂੰ ਯਕੀਨੀ ਬਣਾਇਆ ਜਾ ਸਕੇ। ਪਰ ਦੇਸ਼ ਦੀ ਆਰਥਿਕਤਾ ਉੱਤੇ ਇਸਦੇ ਪੈ ਰਹੇ ਮਾੜੇ ਪ੍ਰਭਾਵ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਵੈਸੇ ਕਰੋਨਾ ਵਾਇਰਸ ਦਾ ਸਭ ਤੋਂ ਮਾੜਾ ਪ੍ਰਭਾਵ ਸੈਰ-ਸਪਾਟਾ ਉਦਯੋਗ ਉੱਤੇ ਵੇਖਣ ਨੂੰ ਮਿਲ ਰਿਹਾ ਹੈ। ਬੀਮਾਰੀ ਦੀ ਗੰਭੀਰਤਾ ਨੂੰ ਮਹਿਸੂਸ ਕਰਦਿਆਂ ਭਾਰਤ ਨੇ ਇਟਲੀ, ਈਰਾਨ, ਦੱਖਣੀ ਕੋਰੀਆ ਤੇ ਜਪਾਨ ਸਮੇਤ ਕਈ ਦੇਸ਼ਾਂ ਤੋਂ ਆਉਣ ਵਾਲੇ ਨਾਗਰਿਕਾਂ ਦੇ ਦਾਖ਼ਲੇ ਉੱਤੇ ਪਾਬੰਦੀ ਲਾ ਦਿੱਤੀ ਹੈ। ਇਸਦੇ ਇਲਾਵਾ 15 ਅਪ੍ਰੈਲ ਤੱਕ ਵੀ ਵੀਜ਼ਿਆਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹੋ ਵਜ੍ਹਾ ਹੈ ਕਿ ਭਾਰਤ ਆਉਣ ਵਾਲੇ ਟੂਰਿਸਟਾਂ ਵਿੱਚ ਵੱਡੀ ਪੱਧਰ ਉੱਤੇ ਕਮੀ ਆਈ ਹੈ, ਜਿਸਦੇ ਫਲਸਰੂਪ ਦੇਸ਼ ਵਿਚਲੇ ਹੋਟਲਾਂ ਦੇ ਕਮਰਿਆਂ ਦੀ ਬੁਕਿੰਗ ਵਿੱਚ 20 ਤੋਂ 90 ਫੀਸਦੀ ਦੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ।
ਟਰੈਵਲਜ਼ ਐਂਡ ਟੂਰਿਜ਼ਮ ਕੌਂਸਲ ਵੱਲੋਂ ਵਿਸ਼ਵ ਦੇ ਸੈਰ-ਸਪਾਟਾ ਉਦਯੋਗ ਦੇ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਹੋਣ ਬਾਰੇ ਕੀਤੇ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਕੋਵਿਡ 19 ਨਾਲ ਸੈਰ-ਸਪਾਟਾ ਸਨਅਤ ਨੂੰ 22 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਇਸੇ ਤਰ੍ਹਾਂ ਹਵਾਬਾਜ਼ੀ ਉਦਯੋਗ ਨੂੰ ਵੀ 63 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਸੈਰ-ਸਪਾਟਾ ਉਦਯੋਗ ਉੱਤੇ ਕੋਰੋਨਾ ਵਾਇਰਸ ਦਾ ਜੋ ਸਭ ਤੋਂ ਬੁਰਾ ਪ੍ਰਭਾਵ ਪੈ ਰਿਹਾ ਹੈ, ਉਹ ਇਹ ਹੈ ਕਿ ਤੈਅ ਹੋਏ ਪ੍ਰੋਗਰਾਮ ਰੱਦ ਹੋ ਰਹੇ ਹਨ। ਸੀ ਏ ਆਈ ਟੀ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਵੱਖ-ਵੱਖ ਵਪਾਰਕ ਸੰਗਠਨਾਂ ਵੱਲੋਂ ਦੇਸ਼ ਭਰ ਵਿੱਚ ਹੋਣ ਵਾਲੇ ਦਸ ਹਜ਼ਾਰ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਇਸਦੇ ਨਾਲ ਹੀ ਕਰੀਬ ਚਾਰ ਹਜ਼ਾਰ ਉਡਾਣਾਂ ਰੱਦ ਹੋਈਆਂ ਹਨ ਅਤੇ ਟੂਰ ਐਂਡ ਟਰੈਵਲ ਨਾਲ ਜੁੜੇ ਲੋਕਾਂ ਦੀਆਂ ਪੰਜ ਕਰੋੜ ਨੌਕਰੀਆਂ ਨੂੰ ਖਤਰਾ ਪੈਦਾ ਹੋ ਗਿਆ ਹੈ।
ਸੈਰ-ਸਪਾਟਾ, ਹਵਾਬਾਜ਼ੀ ਅਤੇ ਹੋਟਲ ਸਨਅਤ ਤੋਂ ਇਲਾਵਾ ਬਾਕੀ ਸਨਅਤਾਂ ਵਿੱਚ ਵੀ ਕੋਰੋਨਾ ਵਾਇਰਸ ਕਾਰਨ ਮੁਸ਼ਕਲਾਂ ਦੇ ਦੌਰ ਸ਼ੁਰੂ ਹੋ ਗਏ ਹਨ। ਆਟੋਮੋਬਾਇਲ ਸੈਕਟਰ, ਜਿਸ ਵਿੱਚ ਪੌਣੇ ਚਾਰ ਕਰੋੜ ਲੋਕ ਕੰਮ ਕਰਦੇ ਹਨ, ਪਹਿਲਾਂ ਤੋਂ ਹੀ ਮੰਦੀ ਦਾ ਸ਼ਿਕਾਰ ਸੀ। ਹੁਣ ਚੀਨ ਵਿੱਚ ਮੰਦੀ ਕਾਰਨ ਇਸ ਸੈਕਟਰ ਵਿੱਚ ਕਲਪੁਰਜ਼ਿਆਂ ਦੀ ਕਿੱਲਤ ਸ਼ੁਰੂ ਹੋ ਗਈ ਹੈ। ਇਸ ਤੋਂ ਬਿਨਾਂ ਭਵਿੱਖ ਤੋਂ ਚਿੰਤਤ ਕੋਈ ਵੀ ਵਿਅਕਤੀ ਨਵੀਂ ਕਾਰ ਜਾਂ ਹੋਰ ਵਾਹਨ ਖਰੀਦਣ ਬਾਰੇ ਸੋਚਦਾ ਵੀ ਨਹੀਂ।
ਦੇਸ਼ ਦੇ ਵਧੇਰੇ ਸੂਬਿਆਂ ਨੇ ਅਹਿਤਿਆਤੀ ਕਦਮ ਚੁੱਕਦਿਆਂ ਸਕੂਲਾਂ ਅਤੇ ਕਾਲਜਾਂ ਯੂਨੀਵਰਸਿਟੀਆਂ ਵਿੱਚ 31 ਮਾਰਚ ਤੱਕ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਹਨ। ਇਸਦੇ ਇਲਾਵਾ ਜਿੱਮਾਂ, ਰੈਸਟੋਰੈਂਟਾਂ ਅਤੇ ਸਵਿਮਿੰਗ ਪੂਲਾਂ ’ਤੇ ਅਗਲੇ ਹੁਕਮਾਂ ਤੱਕ ਰੋਕਾਂ ਲਗਾ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਸਭ ਤੋਂ ਵੱਧ ਨੁਕਸਾਨ ਜਵਾਹਰਾਤ ਅਤੇ ਜਿਊਲਰੀ ਕਾਰੋਬਾਰ ਦਾ ਕੀਤਾ ਹੈ। ਇੱਕ ਅੰਦਾਜ਼ੇ ਮੁਤਾਬਕ ਇਸ ਸੈਕਟਰ ਵਿੱਚ ਕਰੀਬ ਸਵਾ ਅਰਬ ਡਾਲਰ ਦਾ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਦੇ ਤਰਾਸ਼ੇ ਹੀਰਿਆਂ ਦੇ ਸਭ ਤੋਂ ਵੱਡੇ ਖਰੀਦਦਾਰ ਚੀਨ ਅਤੇ ਹਾਂਗਕਾਂਗ ਹਨ। ਇਤਫਾਕਨ ਉਕਤ ਦੋਵਾਂ ਥਾਵਾਂ ਉੱਤੇ ਹੀ ਕਰੋਨਾ ਵਾਇਰਸ ਨੇ ਆਪਣੇ ਵਧੇਰੇ ਪੈਰ ਪਸਾਰੇ ਹੋਏ ਹਨ। ਇਹੋ ਵਜ੍ਹਾ ਹੈ ਕਿ ਇਸ ਵਕਤ ਇਨ੍ਹਾਂ ਦੇਸ਼ਾਂ ਤੋਂ ਪੁਰਾਣੇ ਭੇਜੇ ਮਾਲ ਦਾ ਭੁਗਤਾਨ ਨਹੀਂ ਹੋ ਰਿਹਾ ਤੇ ਨਾ ਕੋਈ ਨਵਾਂ ਆਰਡਰ ਮਿਲ ਪਾ ਰਿਹਾ ਹੈ।
ਕੁਲ ਮਿਲਾ ਕੇ ਕਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ ਹਾਲ ਦੀ ਘੜੀ ਬੇਹਾਲ ਹੈ ਇਹ ਸਥਿਤੀ ਹਾਲੇ ਕਿੰਨੇ ਕੁ ਦਿਨਾਂ ਜਾਂ ਮਹੀਨਿਆਂ ਤੱਕ ਬਣੀ ਰਹਿ ਸਕਦੀ ਹੈ, ਕੁਝ ਕਹਿਣਾ ਮੁਸ਼ਕਲ ਹੈ।
ਕੁਲ ਮਿਲਾ ਕੇ ਸਾਡਾ ਇੱਕ ਇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਅਸੀਂ ਖੁਦ ਨੂੰ, ਆਪਣੇ ਪਰਿਵਾਰ ਨੂੰ, ਦੇਸ਼ ਨੂੰ ਅਤੇ ਸਮੁੱਚੀ ਦੁਨੀਆਂ ਦੇ ਭਲੇ ਨੂੰ ਮੱਦੇਨਜ਼ਰ ਰੱਖਦੇ ਹੋਏ ਕਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਲਈਏ ਅਤੇ ਸਮੇਂ ਸਮੇਂ ਸਿਰ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਹਦਾਇਤਾਂ ਉੱਤੇ ਅਮਲ ਕਰਨਾ ਯਕੀਨੀ ਬਣਾਈਏ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2017)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)







































































































