UjagarSingh6“ਜਦੋਂ ਥਰਮਸ ਵਿੱਚੋਂ ਠੰਢੇ ਪਾਣੀ ਨਾਲ ਦਵਾਈ ਲਈ ਤਾਂ ਸਰੀਰ ਨੂੰ ਕਾਂਬਾ ਛਿੜ ਗਿਆ ...”
(18 ਅਕਤੂਬਰ 2026)

 

ਦੁਨੀਆ ਰੰਗ ਬਰੰਗੀ ਹੈ। ਹਰ ਦੇਸ਼, ਕੌਮ, ਰਾਜ, ਖਿੱਤੇ ਅਤੇ ਇਲਾਕੇ ਦੇ ਆਪੋ ਆਪਣੇ ਸੱਭਿਆਚਾਰ ਅਨੁਸਾਰ ਵੱਖੋ-ਵੱਖਰੇ ਰੰਗ ਹਨ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਅਮਰੀਕਾ ਵਿੱਚ ਕੁਝ ਵੀ ਮੁਫਤ ਨਹੀਂ ਮਿਲਦਾ, ਪ੍ਰੰਤੂ ਮਿਹਨਤ ਦਾ ਮੁੱਲ ਜ਼ਰੂਰ ਮਿਲਦਾ ਹੈ। ਉਹ ਆਪਣੀ ਮਿਹਨਤ ਦਾ ਪੂਰਾ ਮੁੱਲ ਲੈਂਦੇ ਵੀ ਹਨ, ਮੁਫਤ ਵਿੱਚ ਨਾ ਕੁਝ ਦਿੰਦੇ ਹਨ ਤੇ ਨਾ ਹੀ ਲੈਂਦੇ ਹਨ। ਮੈਂ ਤੇ ਮੇਰੀ ਪਤਨੀ ਅਮਰੀਕਾ ਸਾਡੇ ਲੜਕੇ ਕੋਲ ਜਾਂਦੇ-ਆਉਂਦੇ ਰਹਿੰਦੇ ਹਾਂ। ਇਸ ਸਮੇਂ ਦੌਰਾਨ ਮੇਰੇ ਤਿੰਨ ਵਾਰ ਅਜਿਹੇ ਤਜਰਬੇ ਹੋਏ, ਜਿਹੜੇ ਵਿਲੱਖਣ ਕਿਸਮ ਦੇ ਹਨ। ਲੋਕ ਮੇਰੇ ਇਨ੍ਹਾਂ ਤਜਰਬਿਆਂ ਨੂੰ ਸੁਣਕੇ ਅਚੰਭਤ ਵੀ ਹੁੰਦੇ ਹਨ। 2011 ਦੀ ਗੱਲ ਹੈ ਕਿ ਮੈਂ ਆਪਣੇ ਲੜਕੇ ਕੋਲ ਅਮਰੀਕਾ ਦੇ ਇਲੀਨੌਏ ਰਾਜ ਦੇ ਮੋਲੀਨ ਸ਼ਹਿਰ ਵਿੱਚ ਗਿਆ ਹੋਇਆ ਸੀ। ਸ਼ਾਮ ਨੂੰ ‘ਬਲੈਕ ਹਾਕ ਕਾਲਜ’ ਵਿੱਚ ਸੈਰ ਕਰ ਰਹੇ ਸੀ। ਇੱਕ ਸ਼ਾਮ ਜਦੋਂ ਅਸੀਂ ਸੈਰ ਕਰਕੇ ਵਾਪਸ ਆਉਣ ਲੱਗੇ ਤਾਂ ਇੱਕ ਇਸਤਰੀ ਦੌੜਦੀ ਹੋਈ ਸਾਡੇ ਕੋਲ ਆ ਕੇ ਕਹਿਣ ਲੱਗੀ ਠਹਿਰ ਜਾਓ, ਮੇਰੇ ਪਿਤਾ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਨ। ਉਹ ਬਜ਼ੁਰਗ ਆ ਕੇ ਮਿਲੇ ਤੇ ਪਤਾ ਲੱਗਿਆ ਉਹ ਵੀ ਪਟਿਆਲਾ ਤੋਂ ਹਨ। ਪੰਜਾਬੀ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਮਿਲ ਜਾਣ ਮੋਹ ਦੀਆਂ ਤੰਦਾਂ ਜੋੜ ਲੈਂਦੇ ਹਨ। ਉਨ੍ਹਾਂ ਨੇ ਸਾਨੂੰ ਆਪਣੇ ਘਰ ਆਉਣ ਲਈ ਕਿਹਾ। ਕੁਝ ਦਿਨਾਂ ਬਾਅਦ ਅਸੀਂ ਆਪਣੇ ਲੜਕੇ ਨਾਲ ਉਨ੍ਹਾਂ ਦੇ ਘਰ ਚਲੇ ਗਏ।

ਉਨ੍ਹਾਂ ਦਾ ਲੜਕਾ ਸੰਜੀਵ ਤਿਵਾੜੀ ਦਿਲ ਦੀ ਬਿਮਾਰੀ ਦੇ ਇਲਾਜ ਦਾ ਡਾਕਟਰ ਹੈ। ਮੇਰੀ ਇੱਕ ਆਰਟਿਲਰੀ ਵਿੱਚ ਸਟੈਂਟ ਪਿਆ ਹੋਇਆ ਹੈ। ਮੈਂ ਦਿਲ ਦੀ ਬਿਮਾਰੀ ਤੋਂ ਪੀੜਿਤ ਹਾਂ। ਇੱਕ ਰਾਤ ਮੈਨੂੰ ਸੁੱਤੇ ਪਿਆਂ ਤਰੇਲੀ ਆ ਗਈ। ਘਬਰਾਹਟ ਹੋਣ ਲੱਗੀ ਤੇ ਅਤਿਅੰਤ ਗਰਮੀ ਮਹਿਸੂਸ ਹੋਣ ਲੱਗੀ। ਲੜਕੇ ਨੂੰ ਜਗਾਉਣਾ ਮੈਂ ਠੀਕ ਨਾ ਸਮਝਿਆ। ਅੱਧੇ ਘੰਟੇ ਬਾਅਦ ਨੀਂਦ ਆ ਗਈ। ਸਵੇਰੇ ਮੈਂ ਆਪਣੇ ਬੇਟੇ ਨੂੰ ਰਾਤ ਵਾਲੀ ਗੱਲ ਦੱਸੀ ਤਾਂ ਉਸਨੇ ਕਿਹਾ ਉਸੇ ਵਕਤ ਦੱਸਣਾ ਸੀ ਤਾਂ ਜੋ ਹਸਪਤਾਲ ਚੈੱਕਅਪ ਕਰਵਾ ਲੈਂਦੇ। ਉਹ ਮੈਨੂੰ ‘ਯੂਨਿਟੀ ਪੁਆਇੰਟ ਹੈਲਥ ਟਰਿਨਟੀ ਹਸਪਤਾਲ’ ਲੈ ਗਏ। ਮੇਰਾ ਚੈੱਕਅਪ ਡਾ. ਸੰਜੀਵ ਤਿਵਾੜੀ ਨੇ ਕੀਤਾ। ਜਦੋਂ ਮੇਰਾ ਲੜਕਾ ਕਾਊਂਟਰ ’ਤੇ ਫੀਸ ਦੇਣ ਲਈ ਗਿਆ ਤਾਂ ਉਨ੍ਹਾਂ ਨੇ ਫੀਸ ਲੈਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਡਾਕਟਰ ਨੇ ਉਨ੍ਹਾਂ ਨੂੰ ਫੀਸ ਲੈਣ ਤੋਂ ਰੋਕ ਦਿੱਤਾ ਸੀ।

ਇੱਕ ਐਕਸੀਡੈਂਟ ਵਿੱਚ ਮੇਰੀ ਇੱਕ ਅੱਖ ਦੀ ਰੌਸ਼ਨੀ ਖਤਮ ਹੋ ਗਈ ਸੀ। ਇੰਡੀਆ ਵਿੱਚ ਸ਼ੰਕਰਾ ਨੇਤਰਾਯਾ ਮਦਰਾਸ ਵਿੱਚ ਵੀ ਇਲਾਜ ਕਰਵਾਇਆ, ਪ੍ਰੰਤੂ ਅੱਖ ਦਾ ਰੈਟਿਨਾ ਠੀਕ ਨਾ ਹੋ ਸਕਿਆ। ਲੜਕੇ ਨੂੰ ਕਿਹਾ ਕਿ ਮੇਰੀ ਅੱਖ ਦੀ ਨਿਗਾਹ ਜੇ ਠੀਕ ਹੋ ਸਕਦੀ ਹੋਵੇ ਤਾਂ ਚੈੱਕ ਅੱਪ ਕਰਵਾ ਲਓ। ਮੇਰਾ ਲੜਕਾ ਮੈਨੂੰ ਸ਼ਿਕਾਗੋ ਵਿਖੇ ‘ਰੈਟਿਨਾ ਸਰਵਿਸਜ਼ ਆਫ ਇਲਾਨੌਏ, ਐੱਲ ਐੱਲ ਸੀ’ ਹਸਪਤਾਲ ਵਿੱਚ ਡਾਕਟਰ ਤੋਂ ਸਮਾਂ ਲੈਕੇ ਲੈ ਗਿਆ। ਉੱਥੇ ਮੈਨੂੰ ‘ਫਰੈਂਕ ਲਾ ਫਰਾਂਕੋ’ ਨਾਮ ਦੇ ਡਾਕਟਰ ਨੇ ਚੈੱਕਅਪ ਕੀਤਾ। ਇੱਥੇ ਵੀ ਜਦੋਂ ਅਸੀਂ ਕਾਊਂਟਰ ’ਤੇ ਫੀਸ ਦੇਣ ਗਏ ਤਾਂ ਉਨ੍ਹਾਂ ਇਹ ਕਹਿਕੇ ਫੀਸ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਡਾਕਟਰ ਨੇ ਕਿਹਾ ਹੈ ਕਿ ਫੀਸ ਨਹੀਂ ਲੈਣੀ।

ਇਸ ਵਾਰ 14 ਸਤੰਬਰ 2026 ਨੂੰ ਅਸੀਂ ਲੌਸ ਐਂਜਲਸ ਤੋਂ ਬਰਾਸਤਾ ਨਿਊਆਰਕ ਦਿੱਲੀ ਦੀ ਫਲਾਈਟ ਫੜੀ। ਨਿਊਆਰਕ ਤੋਂ ਜਹਾਜ਼ ਬਦਲਣਾ ਸੀ। ਬੋਰਡਿੰਗ ਤੋਂ ਪਹਿਲਾਂ ਗੇਟ ਦੇ ਸਾਹਮਣੇ ਬੈਠੇ ਸੀ। ਮੈਂ ਆਪਣੀ ਦਵਾਈ ਲੈਣੀ ਸੀ। ਜਦੋਂ ਥਰਮਸ ਵਿੱਚੋਂ ਠੰਢੇ ਪਾਣੀ ਨਾਲ ਦਵਾਈ ਲਈ ਤਾਂ ਸਰੀਰ ਨੂੰ ਕਾਂਬਾ ਛਿੜ ਗਿਆ, ਕਿਉਂਕਿ ਪਾਣੀ ਬਹੁਤ ਠੰਢਾ ਸੀ। ਕਾਂਬਾ ਬੰਦ ਹੋਣ ਵਿੱਚ ਨਾ ਆਵੇ। ਫਿਕਰ ਲੱਗ ਗਿਆ, ਹਸਪਤਾਲ ਨਾ ਜਾਣਾ ਪੈ ਜਾਵੇ। ਮੈਂ ਸੋਚਿਆ ਗਰਮ ਗਰਮ ਕਾਫੀ ਪੀ ਲੈਂਦੇ ਹਾਂ, ਸ਼ਾਇਦ ਕਾਂਬਾ ਹਟ ਜਾਵੇ। ਮੇਰੇ ਕੋਲ ਪੇਮੈਂਟ ਕਰਨ ਲਈ ਕਾਰਡ ਨਹੀਂ ਸੀ। ਮੈਂ ਕਾਫੀ ਲੈਣ ਲਈ 20 ਡਾਲਰ ਦਾ ਨੋਟ ਹੱਥ ਵਿੱਚ ਫੜਕੇ ਕਤਾਰ ਵਿੱਚ ਲੱਗ ਗਿਆ। ਜਦੋਂ ਮੇਰੀ ਵਾਰੀ ਆਈ ਤਾਂ ਮੈਂ ਇੱਕ ਕੱਪ ਕਾਫੀ ਲਈ ਕਿਹਾ ਅਤੇ ਦੱਸਿਆ ਕਿ ਮੇਰੇ ਕੋਲ ਕਾਰਡ ਨਹੀਂ ਹੈ। ਉਸ ਵਿਅਕਤੀ ਨੇ ਕੁਝ ਕਿਹਾ ਪਰ ਮੈਨੂੰ ਉਸਦੀ ਗੱਲ ਦੀ ਸਮਝ ਨਾ ਲੱਗੀ। ਇੱਕ ਭਾਰਤੀ ਲੜਕੀ ਮੇਰੇ ਤੋਂ ਪਹਿਲਾਂ ਆਰਡਰ ਕਰਕੇ ਖੜ੍ਹੀ ਸੀ। ਮੈਂ ਉਸਨੂੰ ਕਿਹਾ ਕਿ ਮੇਰੇ ਕੋਲ ਕਾਰਡ ਨਹੀਂ, ਇਹ ਵਿਅਕਤੀ ਪਤਾ ਨਹੀਂ ਕੀ ਕਹਿੰਦਾ ਹੈ। ਉਸਨੇ ਕਿਹਾ ਕਿ ਕੋਈ ਗੱਲ ਨਹੀਂ, ਮੈਂ ਆਪਣੇ ਕਾਰਡ ਨਾਲ ਪੇਮੈਂਟ ਕਰ ਦਿੰਦੀ ਹਾਂ। ਪ੍ਰੰਤੂ ਉਸ ਕਾਫੀ ਵਾਲੇ ਨੇ ਕਿਹਾ ਕਿ ਮੈਂ ਪੈਸੇ ਨਹੀਂ ਲੈਣੇ, ਮੁਫਤ ਵਿੱਚ ਕਾਫੀ ਦੇਣੀ ਹੈ। ਉੁਹ ਲੜਕੀ ਅਤੇ ਮੈਂ, ਦੋਵੇਂ ਹੈਰਾਨ ਹੋ ਗਏ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer) Patiala, Punjab. India.
WhatsApp: (91 - 94178 - 13072

Email: (ujagarsingh48@yahoo.com)

More articles from this author